ਕੋਰੋਨਾਵਾਇਰਸ : ਪੰਜਾਬ ਤੇ ਹਰਿਆਣਾ ਲਈ ਨਵੀਂ ‘ਬਿਪਤਾ’ ਬਣੇ ਤਬਲੀਗੀ ਸਮਾਜ ਦੇ ਲੋਕ

04/02/2020 10:14:18 PM

ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਦੇ ਇੱਕ ਬਜ਼ੁਰਗ ਦੇ ਸੂਬੇ ਵਿਚ ਕੋਰੋਨਵਾਇਰਸ ਦਾ ''''ਸੁਪਰ ਸਪਰੈਡਰ'''' ਬਣਨ ਤੋਂ ਬਾਅਦ ਹੁਣ ਦਿੱਲੀ ਤੋਂ ਆਏ ਤਬਲੀਗੀ ਮਕਰਜ਼ ਦੇ ਪੈਰੋਕਾਰ ਵੱਡੀ ਫ਼ਿਕਰ ਦਾ ਬਣ ਗਏ ਹਨ।

ਪਹਿਲਾਂ ਪੰਜਾਬ ਵਿਚ 9 ਅਤੇ ਹਰਿਆਣਾ ਵਿਚ 22 ਤਬਲੀਗੀ ਜਮਾਤ ਦੇ ਲੋਕਾਂ ਦੇ ਆਉਣ ਦੀਆਂ ਅਧਿਕਾਰਤ ਰਿਪੋਰਟਾਂ ਆਈਆਂ ਸਨ, ਜਿੰਨ੍ਹਾਂ ਨੂੰ ਬਾਅਦ ਵਿਚ ਪੰਜਾਬ ਦੇ ਸਿਹਤ ਵਿਭਾਗ ਦੇ ਕੋਰੋਨਾ ਕੰਟਰੋਲ ਕੇਂਦਰ ਦੇ ਇੰਚਾਰਜ ਡਾਕਟਰ ਰਾਜੇਸ਼ ਭਾਸਕਰ ਨੇ ਰੱਦ ਕੀਤਾ ਸੀ।

ਪਰ ਹੁਣ ਹਰਿਆਣਾ ਵਿਚ 1277 ਅਤੇ ਪੰਜਾਬ ਵਿਚ 200 ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜੋ ਕੋਰੋਨਾ ਵਾਇਰਸ ਦੇ ਫ਼ੈਲਾਅ ਦੇ ਪੀਰੀਅਡ ਦੌਰਾਨ ਵਾਇਆ ਤਬਲੀਗੀ ਮਰਕਜ਼ ਦੋਵਾਂ ਸੂਬਿਆਂ ਵਿਚ ਪਹੁੰਚੇ ਹਨ।

https://www.youtube.com/watch?v=mjsyHxCNtJc

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਜਨਵਰੀ ਤੋਂ ਬਾਅਦ ਤਬਲੀਗੀ ਮਰਕਜ਼ ਜਾ ਕੇ ਆਏ 200 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

ਡੀਜੀਪੀ ਮੁਤਾਬਕ ਪੰਜਾਬ ਵਿਚ ਜਮਾਤ ਦੇ ਪੈਰੋਕਾਰਾਂ ਨਾਲ 12 ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ। ਸ਼ੱਕੀ ਮਰੀਜ਼ਾਂ ਨੂੰ ਟਰੈਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ।

ਇਹ ਵੀ ਪੜ੍ਹੋ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਇਕੱਠ ਉੱਤੇ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਤਬਲੀਗੀ ਮਰਕਜ਼ ਦੇ ਪੈਰੋਕਾਰ ਜਾਂ ਉਸ ਦੇ ਸੰਪਰਕ ਵਿਚ ਆਏ ਹਰ ਵਿਅਕਤੀ ਨੂੰ 21 ਦਿਨਾਂ ਲਈ ਕੁਆਰੰਟਾਇਨ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ, ''''ਮੈਂ ਇਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿ 14 ਅਪ੍ਰੈਲ ਤੋਂ ਬਾਅਦ ਕਰਫਿਊ ਖ਼ਤਮ ਹੋਵੇਗਾ ਜਾ ਨਹੀਂ, ਹਾਂ ਕਿਸਾਨਾਂ ਨੂੰ ਰਾਹਤ ਜਰੂ਼ਰ ਦੇਣੀ ਪੈਣੀ ਹੈ।''''

bbc
BBC


ਭਾਰਤ ਦੇ ਜੁਆਇੰਟ ਸਿਹਤ ਸਕੱਤਰ ਪੂਨਿਆ ਸੇਲਿਆ ਸ੍ਰੀਵਾਸਤਵ ਨੇ ਪੂਰੇ ਦੇਸ ਵਿਚ 9000 ਦੇ ਕਰੀਬ ਤਬਲੀਗੀ ਪੈਰੋਕਾਰਾਂ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕੁਆਰੰਟਾਇਨ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ 1306 ਵਿਦੇਸ਼ੀ ਨਾਗਰਿਕ ਦੱਸੇ ਗਏ ਹਨ।

ਪੰਜਾਬ ਤੇ ਹਰਿਆਣਾ ''ਚ ਜੰਗੀ ਪੱਧਰ ''ਤੇ ਛਾਪੇਮਾਰੀ

ਮੰਗਲਵਾਲ 2 ਅਪ੍ਰੈਲ ਸ਼ਾਮ ਤੱਕ ਹਰਿਆਣਾ ਵਿੱਚ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋ ਕੇ ਪਰਤੇ 1277 ਲੋਕਾਂ ਦੀ ਸ਼ਨਾਖ਼ਤ ਹੋਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਸੀ। ਇਸ ਵਿੱਚ 107 ਵਿਦੇਸ਼ੀ ਨਾਗਰਿਕ ਹਨ।

ਪੰਜਾਬ ਦੇ ਡੀਜੀਪੀ ਨੇ ਵੀ 200 ਅਜਿਹੇ ਲੋਕਾਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ ਜੋ ਤਬਲੀਗੀ ਮਕਰਜ਼ ਵਿਚ ਸ਼ਾਮਲ ਹੋ ਕੇ ਪਰਤੇ ਹਨ।


ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਦੂਜੇ ਦੇਸ਼ਾਂ ਤੋਂ ਵਾਪਸ ਆਏ ਲੋਕਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਵਿਚੋਂ 5 ਕਰੋਨਾ ਪੌਜਿਟਿਵ ਪਾਏ ਗਏ ਹਨ।

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਕਿੱਥੋਂ ਆਏ ਇੰਨੇ ਕੋਰੋਨਾ ਸ਼ੱਕੀ ਬੰਦੇ

ਹਰਿਆਣਾ ਦੇ ਗ੍ਰਹਿ ਸਕੱਤਰ ਵਿਜੇ ਵਰਧਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਹਰਿਆਣਾ ਜਾਂ ਪੰਜਾਬ ਵਿਚ ਇਹ ਇੰਨੇ ਲੋਕ ਕਿੱਥੋਂ ਆਏ ਹਨ।

ਇਸ ਸਵਾਲ ਦੇ ਜਵਾਬ ਵਿਚ ਵਰਧਨ ਨੇ ਕਿਹਾ, ''''ਦਿੱਲੀ ਵਿਚਲੀ ਤਬਲੀਗੀ ਮਰਕਜ਼ ਦੇ ਪੂਰੇ ਦੇਸ਼ ਵਿਚ ਪੈਰੋਕਾਰ ਹਨ,ਇੱਥੇ ਦੇਸ ਵਿਦੇਸ਼ ਤੋਂ ਲੋਕ ਆਉਂਦੇ ਹਨ, ਅਤੇ ਫਿਰ ਪੂਰੇ ਦੇਸ ਵਿਚ ਘੁੰਮ ਕੇ ਪ੍ਰਚਾਰ ਕਰਦੇ ਹਨ ਇਸ ਲਈ ਇਹ ਗਿਣਤੀ ਕਾਫ਼ੀ ਜ਼ਿਆਦਾ ਹੈ।''''

''''ਇਹ ਪ੍ਰਚਾਰਕ ਜਦੋਂ ਦੂਜੇ ਸੂਬਿਆਂ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਤਾਂ ਵਾਇਰਸ ਦੀ ਲਾਗ ਅੱਗੇ ਵਧਣ ਦਾ ਖ਼ਤਰਾ ਵਧ ਜਾਂਦਾ ਹੈ, ਇਹ ਜਿਹੜੇ ਲੋਕ ਹਨ ਉਹ ਕਈ ਸੂਬਿਆਂ ਅਤੇ ਮੁਲਕਾਂ ਨਾਲ ਸਬੰਧਤ ਹਨ, ਇਨ੍ਹਾਂ ਦੀ ਸ਼ਨਾਖ਼ਤ ਕਰਕੇ ਕੁਆਰੰਟਾਇਨ ਕੀਤਾ ਗਿਆ ਹੈ।''''


ਵਰਧਨ ਨੇ ਕਿਹਾ, ''''ਇਹ ਲੋਕ ਨਿਜ਼ਾਮੁੱਦੀਨ ਵਿਚਲੀ ਤਬਲੀਗੀ ਮਰਕਜ਼ ਵਿਚ ਧਰਮ ਸਿੱਖਿਆ ਹਾਸਲ ਕਰਦੇ ਹਨ, ਫਿਰ ਇਨ੍ਹਾਂ ਨੂੰ ਵੱਖ-ਵੱਖ ਸੂਬਿਆਂ ਵਿੱਚ 30 ਤੋਂ 40 ਦਿਨ ਰਹਿ ਕੇ ਪ੍ਰਚਾਰ ਕਰਨ ਲਈ ਭੇਜਿਆ ਜਾਂਦਾ ਹੈ।''''

''''ਗੱਲ ਇੰਨੀ ਹੈ ਕਿ ਇਹ ਤਬਲੀਗੀ ਮਰਕਜ਼ ਤੋਂ ਆਏ ਹਨ, ਇਹ ਸ਼ੱਕੀ ਮਰੀਜ਼ ਹੋ ਸਕਦੇ ਹਨ ਅਤੇ ਇਹ ਅੱਗੇ ਲਾਗ ਨਾ ਲਾਉਣ ਇਸ ਲਈ ਇਨ੍ਹਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।''''

ਪੰਜਾਬ ਵਿਚ ਦੁਬਿਆ ਕਿਸ ਗੱਲ ਦੀ

ਪੰਜਾਬ ਪੁਲਿਸ ਦੇ ਏਡੀਜੀ, ਸੂਹੀਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ 13 ਮਾਰਚ ਨੂੰ ਦਿੱਲੀ ਵਿਚ 3 ਦਿਨ ਦੇ ਸਮਾਗਮ ਵਿਚ ਸ਼ਾਮਲ ਹੋਕੇ ਪੰਜਾਬ ਆਉਣ ਵਾਲੇ ਕੁਝ ਨਾਵਾਂ ਸਬੰਧੀ ਜਾਣਕਾਰੀ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨਾਲ ਸਾਂਝੀ ਕੀਤੀ ਹੈ।

ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਜਿਹੜੇ ਤਬਲੀਗੀਆਂ ਦੇ ਪੰਜਾਬ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਵਿਚ ਬੂਟਾ ਖ਼ਾਨ ਦਾ ਨਾਂ ਸ਼ਾਮਲ ਹੈ।

ਬੀਬੀਸੀ ਪੰਜਾਬੀ ਨੇ ਤਬਲੀਗ ਵੱਲੋਂ ਜਾਰੀ ਕੀਤੀ ਫੋਨਜ਼ ਦੀ ਸੂਚੀ ਵਿਚ ਦਿੱਤੇ ਫੋਨਾਂ ਵਿਚੋਂ ਗੱਲਬਾਤ ਕੀਤੀ ਤਾਂ ਜਿਸ ਬੂਟਾ ਖ਼ਾਨ ਦੇ ਸੰਗਰੂਰ ਆਉਣ ਬਾਰੇ ਦਾਅਵਾ ਕੀਤਾ ਗਿਆ ਹੈ, ਉਸਦੇ ਪੁੱਤਰ ਬੱਗਾ ਖ਼ਾਨ ਨਾਲ ਸਾਡੀ ਗੱਲਬਾਤ ਹੋਈ।

ਬੱਗਾ ਖ਼ਾਨ ਨੇ ਦੱਸਿਆ, ''''ਮੇਰੇ ਪਿਤਾ ਬਜ਼ੁਰਗ ਹਨ ਅਤੇ ਉਹ ਮੋਬਾਇਲ ਫੋ਼ਨ ਦੀ ਵਰਤੋਂ ਨਹੀਂ ਕਰਦੇ ਹਨ। ਉਨ੍ਹਾਂ ਦੇ ਸਾਰੇ ਰਿਕਾਰਡਜ਼ ਵਿਚ ਮੇਰਾ ਫੋਨ ਨੰਬਰ ਦਿੱਤਾ ਗਿਆ ਹੈ। ਇਸ ਸਮੇਂ ਮੇਰੇ ਪਿਤਾ ਬੂਟਾ ਖ਼ਾਨ ਬਦਰਪੁਰ ਦੇ ਕੁਆਰੰਟੀਨ ਕੇਂਦਰ ਵਿੱਚ ਹਨ।''''

ਬੱਗਾ ਖ਼ਾਨ ਦੇ ਦਾਅਵੇ ਦੀ ਪੁਸ਼ਟੀ ਬਰਕਤ ਅਲੀ ਨੇ ਵੀ ਫੋਨ ਉੱਤੇ ਕੀਤੀ, ਕਿ ਬੱਗਾ ਖ਼ਾਨ ਉਸ ਦੇ ਨਾਲ ਹੀ ਬਦਰਪੁਰ ਵਿਚ ਕੁਆਰੰਟੀਨ ਕੀਤਾ ਗਿਆ ਹੈ।

ਲੁਧਿਆਣਾ ਦੇ ਸ਼ਾਹੀ ਇਮਾਮ ਦੇ ਪ੍ਰੈੱਸ ਸਕੱਤਰ ਮੁਹੰਮਦ ਮਸਤਕੀਮ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਰੇ ਪਰਿਵਾਰਾਂ ਨਾਲ ਸੰਪਰਕ ਕੀਤਾ ਹੈ।

ਮਸਤਕੀਮ ਨੇ ਕਿਹਾ, ''''ਬੂਟਾ ਖਾਨ ਵਰਗੀ ਹੀ ਦੁਬਿਆ ਮੁਹੰਮਦ ਅਕਰਮ ਬਾਰੇ ਵੀ ਸੀ। ਉਸ ਦੇ ਨਾਂ ਨਾਲ ਉਸਦੇ ਪਿਤਾ ਹਾਜ਼ੀ ਉਸਮਾਨ ਦਾ ਫੋਨ ਸੀ, ਇਸ ਲਈ ਉਸ ਬਾਰੇ ਵੀ ਦੁਬਿਧਾ ਸੀ।

ਬੀਬੀਸੀ ਪੰਜਾਬੀ ਨੇ ਹਾਜ਼ੀ ਮਸਤਾਨ ਨਾਲ ਵੀ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਸਨੇ ਅਕਰਮ ਦੇ ਨਰੇਲਾ ਵਿਚ ਕੁਆਰੰਟੀਨ ਹੋਣ ਦੀ ਗੱਲ ਦੱਸੀ।


ਮਸਤਕੀਨ ਨੇ ਕਿਹਾ ਕਿ ਜਦੋਂ ਤੋਂ ਦੇਸਾਂ ਵਿਦੇਸ਼ਾਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਸਮੇਂ ਦੌਰਾਨ ਜਿੰਨੇ ਵੀ ਲੋਕ ਤਬਲੀਗੀ ਮਰਕਜ਼ ਜਾ ਕੇ ਆਏ ਹਨ, ਹੁਣ ਸਾਰਿਆਂ ਦੀ ਹੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਕੁਝ ਵੀ ਗ਼ਲਤ ਨਹੀਂ ਹੈ।''''

ਇਹ ਦੁਬਿਧਾ ਇਸ ਗੱਲੋਂ ਹੋਈ ਕਿ ਜਿੰਨ੍ਹਾਂ ਦੇ ਫੋਨ ਲਿਸਟ ਵਿਚ ਸਨ, ਉਹ ਪੰਜਾਬ ਵਿਚ ਸਨ। ਪਰ ਅਸਲ ਬੰਦੇ ਦਿੱਲੀ ਵਿਚ ਕੁਆਰੰਟਾਇਨ ਹਨ।


ਅਫ਼ਵਾਹਾ ਜ਼ਿਆਦਾ ਫੈਲਾਈਆ ਜਾ ਰਹੀਆਂ

''''ਅਸੀਂ ਸਾਰੇ ਠੀਕ ਹਾਂ, ਕਿਸੇ ਦਾ ਕੋਈ ਕੋਰੋਨਾ ਟੈਸਟ ਪਾਜੇਟਿਵ ਨਹੀਂ ਆਇਆ ਹੈ, ਐਵੇਂ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।''''

ਇਹ ਸ਼ਬਦ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਰਹਿਣ ਵਾਲੇ ਬਰਕਤ ਅਲ਼ੀ ਦੇ ਹਨ।

ਬਰਕਤ ਅਲ਼ੀ ਉਨ੍ਹਾਂ 9 ਪੰਜਾਬੀਆਂ ਵਿਚੋਂ ਇੱਕ ਹੈ, ਜਿੰਨ੍ਹਾਂ ਬਾਰੇ ਦਿੱਲੀ ਤੋਂ ਕੋਰੋਨਾਵਾਇਰਸ ਦੀ ਲਾਗ ਲੁਆ ਕੇ ਪੰਜਾਬ ਵਿਚ ਆਉਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ।

ਬਰਕਤ ਅਲ਼ੀ ਨੇ ਦੱਸਿਆ, ''''ਮੈਂ ਦਿੱਲੀ ਦੇ ਨਿਜ਼ਾਮੂਦੀਨ ਦੀ ਤਬਲੀਗੀ ਮਰਕਜ਼ ਵਿਚ ਸ਼ਾਮਲ ਹੋਣ 5 ਮਾਰਚ ਨੂੰ ਦਿੱਲੀ ਗਿਆ ਸੀ ਅਤੇ ਇਸ ਵੇਲੇ ਮੈਂ ਬਦਰਪੁਰ ਵਿਚਲੇ ਸਰਕਾਰੀ ਸਕੂਲ ਵਿਚ ਬਣਾਏ ਗਏ ਕੁਆਰੰਟੀਨ ਕੇਂਦਰ ਵਿਚ ਰਹਿ ਰਿਹਾ ਹੈ।

ਪੰਜਾਬ ਦੇ ਬਰਨਾਲਾ ਵਿਚ ਏਸੀ-ਫਰਿਜਾਂ ਦੇ ਮਕੈਨਿਕ ਦਾ ਕੰਮ ਕਰਨ ਵਾਲੇ ਬਕਤਰ ਅਲੀ ਮੁਤਾਬਕ ਉਸ ਨਾਲ ਪੰਜਾਬ ਤੋਂ ਹੀ ਆਏ ਬੂਟਾ ਖ਼ਾਨ ਅਤੇ ਮਹੰਮਦ ਰਫ਼ੀਕ ਵੀ ਨੂੰ ਰੱਖਿਆ ਗਿਆ ਹੈ।

ਬਰਕਤ ਨੇ ਦੱਸਿਆ, ''''ਤਬਲੀਗੀ ਮਰਕਜ਼ ਕੋਈ ਅਜਿਹੀ ਥਾਂ ਨਹੀਂ ਹੈ, ਜਿੱਥੇ ਕੋਈ ਗਿਆ ਤੇ ਮੱਥਾ ਟੇਕ ਕੇ ਵਾਪਸ ਆ ਗਿਆ, ਅਸਲ ਵਿਚ ਇੱਥੇ ਲੋਕੀਂ ਦੋ-ਦੋ ਚਾਰ-ਚਾਰ ਮਹੀਨੇ ਰਹਿ ਕੇ ਧਾਰਮਿਕ ਮਰਿਯਾਦਾ ਤੇ ਸੰਥਿਆ ਲੈਂਦੇ ਹਨ।''''

ਇੱਥੇ ਲੋਕੀ ਦੂਰੋਂ-ਦੂਰੋਂ, ਦੇਸ-ਵਿਦੇਸ਼ ਤੋਂ ਆਏ ਹੋਏ ਸਨ ਅਤੇ ਇਸ ਆਮ ਕਰਕੇ 3-4 ਹਜ਼ਾਰ ਲੋਕੀਂ ਰੁਟੀਨ ਵਿਚ ਰਹਿੰਦੇ ਹਨ। ਉਹ ਕਾਫ਼ੀ ਸਮਾਂ ਪਹਿਲਾਂ ਤੋਂ ਇੱਥੇ ਆਏ ਹੋਏ ਸਨ। ਇਸ ਲਈ ਇਸ ਦੀ ਤੁਲਨਾ ਕਿਸੇ ਆਮ ਸਮਾਗਮ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਹੈ।


ਪੁਲਿਸ ਥਾਣੇ ਨਾਲ ਲੱਗਦੀ ਹੈ ਮਰਕਜ਼ ਦੀ ਕੰਧ

ਉਨ੍ਹਾਂ ਸਵਾਲ ਕੀਤਾ ਕਿ ਜਿਸ ਮਰਕਜ਼ ਦੀ ਕੰਧ ਨਿਜ਼ਾਮੂਦੀਨ ਥਾਣੇ ਨਾਲ ਲੱਗਦੀ ਹੈ, ਉਸ ਥਾਣੇ ਨੂੰ ਇਹ ਪਤਾ ਨਹੀਂ ਸੀ ਕਿ ਇੱਥੇ 6 ਮੰਜ਼ਿਲਾ ਇਮਾਰਤ ਵਿਚ ਕਿੰਨੇ ਲੋਕ ਰਹਿੰਦੇ ਹਨ ਅਤੇ ਕੀ ਅਧਿਐਨ ਕਰਦੇ ਹਨ।

ਬਰਕਤ ਨੇ ਕਿਹਾ ਕਿ ਜਦੋਂ ਮੈਂ 5 ਮਾਰਚ ਨੂੰ ਦਿੱਲੀ ਗਿਆ ਸੀ ਉਦੋਂ ਆਵਾਜਾਈ ਆਮ ਸੀ ਅਤੇ ਲੋਕ ਸਾਰੇ ਕੰਮਕਾਜ ਕਰ ਰਹੇ ਸਨ, ਪਰ ਜਦੋਂ ਅਚਾਨਕ ਪਾਬੰਦੀਆਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਤਬਲੀਗੀ ਮਰਕਜ਼ ਦੇ ਪ੍ਰਬੰਧਕਾਂ ਨੇ ਪ੍ਰਸ਼ਾਸ਼ਨ ਨੂੰ ਲੋਕਾਂ ਦੀ ਮੌਜੂਦਗੀ ਬਾਰੇ ਦੱਸਿਆ ਗਿਆ ਸੀ।

ਪ੍ਰਸ਼ਾਸ਼ਨ ਨੇ ਕਿਹਾ ਕਿ ਜਿੱਥੇ ਹੋ ਉੱਥੇ ਹੀ ਰਹਿਣਾ ਹੈ, ਪਰ ਅਚਾਨਕ ਰਾਤੀ ਅੱਠ ਵਜੇ ਲਾਕਡਾਊਨ ਹੋ ਗਿਆ ਅਤੇ ਬੱਸਾਂ ਅਤੇ ਟਰੇਨਾਂ ਬੰਦ ਹੋਣ ਕਾਰਨ ਉੱਥੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ।

ਬਰਕਤ ਦਾ ਇਲਜ਼ਾਮ ਹੈ ਕਿ ਬਿਨਾਂ ਹਾਲਾਤ ਨੂੰ ਸਮਝੇ ਕੁਝ ਖ਼ਾਸ ਤਰ੍ਹਾਂ ਦੇ ਸੰਗਠਨਾਂ ਵਲੋਂ ਮੀਡੀਆ ਵਿਚ ਅਫ਼ਵਾਹਾਂ ਫ਼ੈਲੀਆਂ ਗਈਆਂ ਅਤੇ ਤਬਲੀਗੀ ਮਰਕਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

bbc
BBC

ਰਫ਼ੀਕ ਬਾਰੇ ਵੀ ਹੈ ਗ਼ਲਤ ਅਫ਼ਵਾਹ

"ਜਿਸ ਮੁਹੰਮਦ ਰਫ਼ੀਕ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਦੀਆਂ ਅਫ਼ਵਾਹਾ ਮੀਡੀਆ ''ਤੇ ਸੋਸ਼ਲ ਮੀਡੀਆ ਉੱਤੇ ਫ਼ੈਲ ਰਹੀਆਂ ਹਨ, ਉਹ ਮੇਰੇ ਨਾਲ ਹੈ ਅਤੇ ਅਸੀਂ ਸਾਰੇ ਤੰਦਰੁਸਤ ਹਾਂ, ਸਾਨੂੰ ਪ੍ਰਸ਼ਾਸ਼ਨ ਨੇ ਕੇਵਲ 14 ਦਿਨ ਇਕੱਲੇ ਰਹਿਣ ਲਈ ਕਿਹਾ ਹੈ।"

ਬਰਕਤ ਵਰਗੀ ਹੀ ਕਹਾਣੀ ਮੁਹੰਮਦ ਅਕਰਮ ਦੇ ਪਿਤਾ ਹਾਜ਼ੀ ਉਸਮਾਨ ਨੇ ਦੱਸੀ, ਉਸਮਾਨ ਨੇ ਕਿਹਾ ਕਿ ਜਦੋਂ ਅਕਰਮ ਨੇ 5 ਮਾਰਚ ਨੂੰ ਜਾਣਾ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਹਾਲਾਤ ਖ਼ਰਾਬ ਲੱਗ ਰਹੇ ਹਨ, ਉਹ ਨਾ ਜਾਵੇ।

ਪਰ ਤੁਹਾਨੂੰ ਪਤਾ ਈ ਐਂ ਮੁੰਡੇ ਸੁਣਦੇ ਕਿੱਥੇ ਐ, ਮੈਂ ਤਾਂ ਉਸ ਨਾਲ ਇੰਨਾ ਨਰਾਜ਼ ਹਾਂ ਕਿ ਮੈਂ ਉਸ ਨਾਲ ਗੱਲ ਵੀ ਨਹੀਂ ਕੀਤੀ।

ਕੱਲ ਰਾਤ ਉਸ ਨੇ ਆਪਣੀ ਅੰਮੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਨਰੇਲਾ ਦੇ ਕਾਲਜ ਵਿਚ ਇੱਕ ਵੱਖਰੇ ਕੇਂਦਰ ਵਿਚ ਰਹਿ ਰਿਹਾ ਹੈ। ਉਹ ਬਿਲਕੁੱਲ ਠੀਕ ਹੈ।


ਉਸਮਾਨ ਨੇ ਦੱਸਿਆ, ''''ਸਾਨੂੰ ਪੁਲਿਸ ਤੇ ਸਿਹਤ ਮਹਿਕਮੇ ਦੇ ਅਫ਼ਸਰਾਂ ਦੇ ਫੋਨ ਆ ਰਹੇ ਹਨ, ਉਹ ਇਹ ਕਹਿ ਰਹੇ ਸਨ ਕਿ ਜਦੋਂ ਅਕਰਮ ਵਾਪਸ ਆਇਆ ਤਾਂ ਸਾਨੂੰ ਇਤਲਾਹ ਦੇ ਦੇਣਾ ਬੱਸ।''''

21 ਮਾਰਚ ਨੂੰ ਦਿੱਲੀ ਪਹੁੰਚਿਆ ਤੇ ਬਾਹਰ ਨਾ ਸਕਿਆ

ਹਰਿਆਣਾ ਦੇ ਜਿੰਨ੍ਹਾਂ 22 ਬੰਦਿਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਮੁਹੰਮਦ ਫਰਿਆਦ ਨਾਲ ਬੀਬੀਸੀ ਦੀ ਫੋਨ ਉੱਤੇ ਗੱਲ ਹੋਈ।

ਫਰਿਆਦ ਨੇ ਦੱਸਿਆ, "ਮੈਂ ਤਬਲੀਗੀ ਮਰਕਜ਼ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪਹਿਲਾਂ ਕੰਬੋਡੀਆ ਗਿਆ ਅਤੇ ਉੱਥੇ ਦੋ ਮਹੀਨੇ ਰਹਿਣ ਤੋਂ ਬਾਅਦ 21 ਦਿਨ ਥਾਈਲੈਂਡ ਰਿਹਾ।"

ਫਰਿਆਦ ਨੇ ਦੱਸਿਆ ਕਿ ਉਹ 18 ਮਾਰਚ ਨੂੰ ਕੋਲਕਾਤਾ ਪਹੁੰਚਿਆ ਸੀ ਅਤੇ ਫੇਰ ਰੇਲ ਗੱਡੀ ਰਾਹੀ 21 ਮਾਰਚ ਨੂੰ ਦਿੱਲੀ ਪਹੁੰਚਿਆ। ਉਸੇ ਰਾਤ ਪਾਬੰਦੀਆਂ ਲੱਗ ਗਈਆਂ।

ਅਗਲੇ ਦਿਨ ਜਨਤਾ ਕਰਫਿਊ ਸੀ, ਪਿੰਡ ਜਾਣ ਲਈ ਨਾ ਟਰੇਨ ਮਿਲ ਰਹੀ ਸੀ ਨਾ ਹੀ ਕੋਈ ਗੱਡੀ।

ਅਨਿਲ ਵਿਜ
Getty Images
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ

ਪ੍ਰਸ਼ਾਸਨ ਤੋਂ ਪਿੰਡ ਜਾਣ ਦੀ ਆਗਿਆ ਮੰਗੀ ਗਈ ਤਾਂ ਕਿਹਾ ਗਿਆ ਕਿ ਜਿੱਥੇ ਹੋ ਉੱਥੇ ਹੀ ਰੁਕੇ ਰਹੋ। ਜਿਹੜਾ ਪ੍ਰਸ਼ਾਸ਼ਨ ਇਹ ਕਹਿ ਕੇ ਕੇਸ ਦਰਜ ਕਰ ਰਿਹਾ ਹੈ ਕਿ ਉਲੰਘਣਾ ਕੀਤੀ, ਉਹ ਇਸ ਗੱਲ ਦਾ ਜਵਾਬ ਦੇਵੇ ਕਿ ਕੀ ਨਿਜ਼ਾਮੁੱਦੀਨ ਥਾਣੇ ਵਾਲਿਆਂ ਨੂੰ ਮਰਕਜ਼ ਵਿਚ ਰਹਿ ਰਹੇ ਲੋਕਾਂ ਬਾਰੇ ਜਾਣਕਾਰੀ ਨਹੀਂ ਸੀ।

ਫਰਿਆਦ ਨੇ ਦੱਸਿਆ, "ਜਦੋਂ ਦਿੱਲੀ ਅਸੀਂ ਫਸੇ ਹੋਏ ਸਾਂ, ਜੇ ਅਸੀਂ ਸੱਚਮੁੱਚ ਹੀ ਮਰੀਜ਼ ਹਾਂ ਤਾਂ ਕੀ ਸਾਡੇ ਪਿੰਡ ਜਾਣ ਨਾਲ ਇਹ ਪਿੰਡ ਵਾਲਿਆਂ ਵਿਚ ਇਹ ਨਹੀਂ ਫ਼ੈਲਣਾ ਸੀ।"


ਫਰਿਆਦ ਦਾ ਕਹਿਣਾ ਸੀ, ''''ਹਰਿਆਣਾ ਦੇ ਕੁੱਲ 22 ਬੰਦੇ ਮਰਕਜ਼ ਵਿਚ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚੋਂ ਕਰਨਾਲ ਜ਼ਿਲ੍ਹੇ ਦੇ 8 ਬੰਦੇ ਹਨ। ਸੱਤ ਜਣੇ ਮੇਰੇ ਨਾਲ ਹੀ ਆਏ ਸਨ ਅਤੇ ਇੱਕ ਜਣਾ ਸਾਨੂੰ ਇੱਥੇ ਹੀ ਮਿਲਿਆ ਹੈ।''''

ਫਰਿਆਦ ਦੇ ਦਾਅਵੇ ਮੁਤਾਬਕ ਉਹ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਕੁਆਰੰਟਾਇਨ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਟੈਸਟ ਦੀ ਅਜੇ ਤੱਕ ਰਿਪੋਰਟ ਨਹੀਂ ਆਈ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।

ਕੀ ਹੈ ਤਬਲੀਗੀ ਮਰਕਜ਼

ਬਰਕਤ ਖ਼ਾਨ ਨੇ ਦੱਸਿਆ ਕਿ ਤਬਲੀਗੀ ਦਾ ਅਰਥ ਹੁੰਦਾ ਹੈ , ਅੱਲ੍ਹਾ ਤੇ ਕੁਰਾਨ ਅਤੇ ਪੈਗੰਬਰ ਦਾ ਸੁਨੇਹਾ ਦੂਜਿਆਂ ਤੱਕ ਪਹੁੰਚਾਉਣਾ ਅਤੇ ਮਰਕਜ਼ ਦਾ ਅਰਥ ਹੁੰਦਾ ਹੈ ਕੇਂਦਰ। ਜਮਾਤ ਦਾ ਭਾਵ ਗਰੁੱਪ ਤੋਂ ਹੈ।

ਲੁਧਿਆਣਾ ਦੇ ਸ਼ਾਹੀ ਇਮਾਮ ਦੇ ਪ੍ਰੈਸ ਸਕੱਤਰ ਮੁਹੰਮਦ ਮਸਤਕੀਮ ਮੁਤਾਬਕ ਤਬਲੀਗੀ ਮਰਕਜ਼ ਨਿਰੋਲ ਰੂਹਾਨੀ ਸੰਸਥਾ ਹੈ। ਇਸ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਲੈਣ ਦੇਣ ਨਹੀਂ ਰੱਖਦੀ।

ਇਸ ਦਾ ਮਕਸਦ ਨਿਰੋਲ ਕੁਰਾਨ ਅਤੇ ਅੱਲ੍ਹਾ ਦੇ ਸ਼ੰਦੇਸ਼ ਨੂੰ ਦੂਜਿਆਂ ਤੱਕ ਪਹੁੰਚਾਉਣਾ ਹੈ।

ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਮਸਤਕੀਮ ਮੁਤਾਬਕ ਕਰੀਬ ਸੌ ਸਾਲ ਪਹਿਲਾਂ ਮੌਲਾਨਾ ਇਲਿਆਸ ਨੇ ਇਸ ਜਮਾਤ ਦਾ ਮੁੱਢ ਬੰਨ੍ਹਿਆ ਸੀ। ਇਸ ਦਾ ਮਕਸਦ ਅਨਪੜ੍ਹ ਮੁਸਲਮਾਨਾਂ ਨੂੰ ਸਿੱਖਿਅਤ ਕਰਨਾ ਅਤੇ ਕੁਰਾਨ ਮੁਤਾਬਕ ਸਹੀ ਅਰਥ ਸਮਝਾਉਣਾ ਹੈ।

ਮਸਤਕੀਮ ਮੁਤਾਬਕ ਕਰੀਬ ਇੱਕ ਸਦੀ ਤੋਂ ਤਬਲੀਗ਼ੀ ਮਰਕਜ਼ ਲੋਕਾਂ ਨੂੰ ਨਮਾਜ਼ ਪੜ੍ਹਨ, ਰੋਜ਼ੇ ਰੱਖਣ, ਬੁਰਾਈਆਂ ਤੋਂ ਬਚਣ ਅਤੇ ਸੱਚ ਦੇ ਰਾਹ ਉੱਤੇ ਤੁਰਨ ਦੀ ਜਾਂਚ ਸਿਖਾ ਰਹੀ ਹੈ।

ਇੱਥੋਂ ਅਧਿਐਨ ਕਰਨ ਵਾਲੇ ਲੋਕ ਦੇਸ ਵਿਦੇਸ਼ ਵਿਚ ਘੁੰਮ ਕੇ ਇਸਲਾਮ ਦਾ ਸੁਨੇਹਾ ਦਿੰਦੇ ਹਨ।


ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=Q9boDOTvizM

https://www.youtube.com/watch?v=xyD8rNrJPDk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News