ਕੋਰੋਨਾਵਾਇਰਸ: ਲਾਗ ਦੇ ਸ਼ੀਸ਼ੇ ''''ਚ ਦਿਖਾਈ ਦਿੰਦੀ ਜਾਤੀ ਵਿਵਸਥਾ ਦਾ ਡੂੰਘਾ ਅਕਸ - ਬਲਾਗ

03/31/2020 7:44:11 AM

ਕੋਰੋਨਾਵਾਇਰਸ
Getty Images

ਜੋ ਲੋਕ ਆਪਣੇ ਪੂਰੇ ਜੀਵਨ ਦਾ ਸਾਰਾ ਹਾਸਿਲ ਕੀਤਾ ਸਮਾਨ ਸਿਰ ''ਤੇ ਲੱਦ ਕੇ ਸੈਂਕੜੇ ਕਿਲੋਮੀਟਰ ਪੈਦਲ ਤੁਰ ਹਏ ਹਨ, ਉਨ੍ਹਾਂ ਬਾਰੇ ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੂੰ ਨਾ ਤਾਂ ਸਰਕਾਰ ਤੋਂ ਕੋਈ ਉਮੀਦ ਹੈ, ਨਾ ਹੀ ਸਮਾਜ ਤੋਂ।

ਉਹ ਸਿਰਫ਼ ਆਪਣੇ ਹੌਸਲੇ ਦੇ ਭਰੋਸੇ ਹੁਣ ਤੱਕ ਜਿਉਂਦੇ ਰਹੇ ਹਨ ਅਤੇ ਸਿਰਫ਼ ਉਸ ਹੌਸਲੇ ਨੂੰ ਹੀ ਜਾਣਦੇ ਤੇ ਮੰਨਦੇ ਹਨ।

ਦਾਰਸ਼ਨਿਕ ਕਹਿ ਰਹੇ ਹਨ ਕਿ ਕੋਰੋਨਾ ਦੇ ਗੁਜ਼ਰ ਜਾਣ ਤੋਂ ਬਾਅਦ ਦੁਨੀਆਂ ਹਮੇਸ਼ਾ ਲਈ ਬਦਲ ਜਾਵੇਗੀ।

9/11 ਦੇ ਬਾਅਦ ਦੁਨੀਆਂ ਕਿੰਨੀ ਬਦਲ ਗਈ, ਇਹ ਸਾਡੇ ਵਿੱਚੋਂ ਬਹੁਤ ਲੋਕਾਂ ਨੇ ਦੇਖਿਆ ਹੈ। ਕੋਰੋਨਾ ਦਾ ਅਸਰ ਕਿਤੇ ਜ਼ਿਆਦਾ ਡੂੰਘਾ ਹੈ, ਇਸ ਲਈ ਪੂਰੀ ਦੁਨੀਆਂ ਵਿੱਚ ਬਦਲਾਅ ਹੋਣਗੇ, ਹਰ ਤਰ੍ਹਾਂ ਦੇ ਬਦਲਾਅ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ
BBC

ਭਾਰਤ ਵਿੱਚ ਹੋ ਸਕਣ ਵਾਲੀਆਂ ਤਬਦੀਲੀਆਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਅਸੀਂ ਦੋ ਤਸਵੀਰਾਂ ਨੂੰ ਆਪਣੇ ਦਿਮਾਗ਼ ਵਿੱਚ ਬੈਠਾ ਲਈਏ।

ਇੱਕ ਤਸਵੀਰ ਦਿੱਲੀ ਦੇ ਆਨੰਦ ਵਿਹਾਰ ਬੱਸ ਅੱਡੇ ''ਤੇ ਉਮੜੇ ਮਜ਼ਦੂਰਾਂ ਦੇ ਹਜ਼ੂਮ ਦੀ ਅਤੇ ਦੂਜੀ ਆਪਣੇ ਡਰਾਇੰਗ ਰੂਮ ਵਿੱਚ ਤਸੱਲੀ ਨਾਲ ਦੂਰਦਰਸ਼ਨ ''ਤੇ ਰਮਾਇਣ ਦੇਖਦੇ ਲੋਕਾਂ ਦੀ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਲ ਹਨ।

ਜਿਸ ਪੈਦਲ ਯਾਤਰਾ ''ਤੇ ''ਗਰੀਬ ਭਾਰਤ'' ਤੁਰ ਪਿਆ ਹੈ, ਉਹ ਸਰਕਾਰ ਤੋਂ ਜ਼ਿਆਦਾ, ਸਾਡੇ ਸਮਾਜ ਲਈ ਸਵਾਲ ਹੈ।

ਪੂਰੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ, ਵਿਗਿਆਨ ਦੀਆਂ ਕੀ ਸੀਮਾਵਾਂ ਹਨ, ਚੀਨ ਦੀ ਕੀ ਭੂਮਿਕਾ ਹੈ, ਇਹ ਸਭ ਥੋੜ੍ਹੀ ਦੇਰ ਲਈ ਪਰ੍ਹੇ ਰੱਖ ਦਿਓ।

ਪਰ ਹਾਸ਼ੀਏ ''ਤੇ ਹਨ...

ਕੀ ਤੁਹਾਨੂੰ ਮਹਾਰਾਸ਼ਟਰ ਦੇ ਕਿਸਾਨਾਂ ਦੀਆਂ ਲਹੂ-ਲੁਹਾਣ ਤਲੀਆਂ ਯਾਦ ਹਨ?

ਕੀ ਤੁਹਾਨੂੰ ਪਿਛਲੇ ਇੱਕ-ਦੋ ਸਾਲ ਵਿੱਚ ਸੀਵਰ ਦੀ ਸਫ਼ਾਈ ਕਰਦੇ ਹੋਏ ਮਰਨ ਵਾਲੇ ਲੋਕਾਂ ਦੀਆਂ ਖ਼ਬਰਾਂ ਯਾਦ ਹਨ?

ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜੋ ਸਾਈਕਲ ''ਤੇ ਆਪਣੀ ਪਤਨੀ ਦੀ ਲਾਸ਼ ਲੈ ਕੇ ਜਾ ਰਿਹਾ ਸੀ?

ਬਤੌਰ ਸਮਾਜ ਅਸੀਂ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਦੇਖਦੇ ਹਾਂ, ਥੋੜ੍ਹੀ ਦੇਰ ਲਈ ਸਾਨੂੰ ਬੁਰਾ ਲੱਗਦਾ ਹੈ, ਅਸੀਂ ਭਾਵੁਕ ਹੋ ਕੇ ਥੋੜ੍ਹੇ ਦਾਨ-ਪਾਤਰ ਲਈ ਵੀ ਤਿਆਰ ਹੋ ਜਾਂਦੇ ਹਾਂ।

https://www.youtube.com/watch?v=rofDmAw4bZ8

ਪਰ ਸਾਡੀ ਸਮੂਹਕ ਚੇਤਨਾ ਵਿੱਚ ਮਹਾਰਾਸ਼ਟਰ ਦੇ ਕਿਸਾਨ, ਸੀਵਰ ਸਾਫ਼ ਕਰਨ ਵਾਲੇ ਜਾਂ ਸਾਈਕਲ ''ਤੇ ਲਾਸ਼ ਢੋਣ ਵਾਲੇ ''ਦੂਜੇ ਲੋਕ'' ਹਨ, ਉਹ ਸਾਡੇ ਵਿੱਚੋਂ ਨਹੀਂ ਹਨ, ਉਹ ਬਰਾਬਰ ਦੇ ਨਾਗਰਿਕ ਨਹੀਂ ਹਨ।

ਸਾਡੀ ਪਰਿਭਾਸ਼ਾ ਹੈ...ਫਲੈਟਾਂ ਵਿੱਚ ਰਹਿਣ ਵਾਲੇ, ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਾਉਣ ਵਾਲੇ, ਰਾਸ਼ਟਰ ਨਾਲ ਪ੍ਰੇਮ ਦੀਆਂ ਗੱਲਾਂ ਕਰਨ ਵਾਲੇ, ਪਾਕਿਸਤਾਨ ਦੀ ਬੈਂਡ ਵਜਾਉਣ ਵਾਲੇ, ਜਲਦੀ ਹੀ ਵਰਲਡ ਕਲਾਸ ਦੇਸ਼ ਬਣ ਜਾਣ ਦਾ ਸੁਪਨਾ ਦੇਖਣ ਵਾਲੇ, ਅਤੀਤ ''ਤੇ ਮਾਣ ਕਰਨ ਦੀ ਕੋਸ਼ਿਸ਼ ਕਰਦੇ ਅਤੇ ਆਪਣੇ ਉੱਜਵਲ ਭਵਿੱਖ ਨੂੰ ਲੈ ਕੇ ਨਿਸ਼ਚਿੰਤ ਲੋਕ।

ਇਨ੍ਹਾਂ ਲੋਕਾਂ ਦੀ ਦੇਸ਼ ਦੀ ਕਲਪਨਾ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ, ਜੋ ਆਬਾਦੀ ਵਿੱਚ ਜ਼ਿਆਦਾ ਹਨ, ਪਰ ਹਾਸ਼ੀਏ ''ਤੇ ਹਨ।

ਲੋਕਾਂ ਦੀ ਯਾਦ ਸ਼ਕਤੀ ਤੋਂ...

ਰੋਜ਼ੀ ਰੋਟੀ ਦੀ ਮੁਸੀਬਤ ਵਿੱਚ ਉਲਝੇ, ਦਿਨ ਵਿੱਚ ਕਮਾਉਣ ਅਤੇ ਰਾਤ ਨੂੰ ਖਾਣ ਵਾਲੇ ਲੋਕ, ਪੁਲਾਂ ਹੇਠ, ਝੁੱਗੀਆਂ ਵਿੱਚ ਰਹਿਣ ਵਾਲੇ, ਅਨਪੜ੍ਹ ਲੋਕ, ਇਹ ਸਭ ਦੂਜੇ ਹਨ, ਹੋਰ ਹਨ, ਅਦਰਜ਼ ਹਨ।

ਆਨੰਦ ਵਿਹਾਰ ਵਿੱਚ ਪਰਵਾਸੀ ਮਜ਼ਦੂਰਾਂ ਦਾ ਹਜ਼ੂਮ
Getty Images
ਆਨੰਦ ਵਿਹਾਰ ਵਿੱਚ ਪਰਵਾਸੀ ਮਜ਼ਦੂਰਾਂ ਦਾ ਹਜ਼ੂਮ

ਇਹ ਲੋਕ ਵੀ ''ਇੱਕ ਭਾਰਤ, ਸ਼੍ਰੇਸ਼ਠ ਭਾਰਤ'' ਦੇ ਸਫ਼ਰ ਵਿੱਚ ਸ਼ਾਮਲ ਹਨ, ਤੁਹਾਡਾ ਬੋਝ ਢੋਂਦੇ ਹਨ, ਤੁਹਾਡੇ ਲਈ ਸਫ਼ਾਈ ਕਰਦੇ ਹਨ, ਤੁਹਾਡੇ ਲਈ ਸਬਜ਼ੀਆਂ ਲਿਆਉਂਦੇ ਹਨ, ਪਰ ਉਹ ''ਅਸੀਂ'' ਨਹੀਂ ਹਾਂ।

ਟੀਵੀ ''ਤੇ ਰਮਾਇਣ ਦੇਖ ਰਹੇ ਲੋਕਾਂ ਦੀ ਯਾਦ ਸ਼ਕਤੀ ਤੋਂ ਆਨੰਦ ਵਿਹਾਰ ਦਾ ਮੰਜ਼ਰ ਕੁਝ ਸਮੇਂ ਬਾਅਦ ਵਿਸਰ ਜਾਵੇਗਾ ਤਾਂ ਕੋਈ ਹੈਰਤ ਦੀ ਗੱਲ ਨਹੀਂ ਹੋਵੇਗੀ।

ਜਿਸ ਦਿਨ ਮਹਾਰਾਸ਼ਟਰ ਦੇ ਕਿਸਾਨ ਆਪਣੀਆਂ ਖੂਨ ਨਾਲ ਭਰੀਆਂ ਤਲੀਆਂ ਦਿਖਾ ਰਹੇ ਸਨ, ਉਸ ਦਿਨ ਟੀਵੀ ਚੈਨਲ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਦਾ ਝਗੜਾ ਦਿਖਾ ਰਹੇ ਸਨ।

ਟੀਵੀ ਦਾ ਨਿਊਜ਼ ਚੈਨਲ ਚਲਾਉਣ ਵਾਲਿਆਂ ਦੀ ਸਮਝ ਬਿਲਕੁਲ ਸਾਫ਼ ਹੈ, ਉਹ ''ਸਾਡੇ'' ਲਈ ਹੈ, ''ਦੂਜਿਆਂ'' ਲਈ ਨਹੀਂ।

ਸੋਸ਼ਲ ਮੀਡੀਆ ''ਤੇ ਹੰਗਾਮਾ ਮਚਣ ਤੋਂ ਬਾਅਦ, ਟੀਵੀ ਚੈਨਲਾਂ ਨੇ ਪੈਦਲ ਜਾਂਦੇ ਲੋਕਾਂ ਦੀ ਖ਼ਬਰ ''ਤੇ ਧਿਆਨ ਦਿੱਤਾ।

ਕੋਰੋਨਾਵਾਇਰਸ
BBC

ਇਨ੍ਹਾਂ ਖ਼ਬਰਾਂ ਵਿੱਚ ਦੋ-ਤਿੰਨ ਚਿੰਤਾਵਾਂ ਸਨ...ਅਰੇ, ਇਸ ਤਰ੍ਹਾਂ ਤਾਂ ਲੌਕਡਾਊਨ ਫੇਲ੍ਹ ਹੋ ਜਾਵੇਗਾ, ਵਾਇਰਸ ਫੈਲ ਜਾਵੇਗਾ, ਇਹ ਕਿਵੇਂ ਗ਼ੈਰ-ਜ਼ਿੰਮੇਵਾਰ ਲੋਕ ਹਨ, ਇਨ੍ਹਾਂ ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਸਰਕਾਰ ਅਤੇ ਸਮਾਜ

ਅਸੀਂ ਭਾਰਤ ਦੇ ਲੋਕ ਗੱਲਾਂ ਚਾਹੇ ਜਿੰਨੀਆਂ ਵੀ ਕਰ ਲਈਏ, ਜਿਸ ਤਰ੍ਹਾਂ ਦੀਆਂ ਵੀ ਕਰ ਲਈਏ, ਦਰਅਸਲ, ਅਸੀਂ ਫਿਤਰਤ ਤੋਂ ਗ਼ੈਰ-ਬਰਾਬਰੀ ਵਿੱਚ ਡੂੰਘਾ ਯਕੀਨ ਰੱਖਣ ਵਾਲੇ ਲੋਕ ਹਾਂ।

ਗਰੀਬਾਂ, ਦਲਿਤਾਂ, ਵੰਚਿਤਾਂ ਅਤੇ ਸ਼ੋਸ਼ਿਤਾਂ ਪ੍ਰਤੀ ਜੋ ਸਾਡਾ ਰਵੱਈਆਂ ਹੈ, ਉਸ ਦਾ ਪਰਛਾਵਾਂ ਸਰਕਾਰ ਦੇ ਰਵੱਈਏ ਵਿੱਚ ਦਿਖਦਾ ਹੈ, ਸਰਕਾਰ ਚਾਹੇ ਕੋਈ ਵੀ ਹੋਵੇ, ਉਹ ਜਾਣਦੀ ਹੈ ਕਿ ਕਿਸ ਗੱਲ ''ਤੇ ਵੋਟਾਂ ਕੱਟਣਗੀਆਂ, ਅਤੇ ਕਿਸ ਗੱਲ ਨਾਲ ਵੋਟਾਂ ਮਿਲਣਗੀਆਂ।

ਕੋਰੋਨਾਵਾਇਰਸ
Getty Images
ਲੌਕਡਾਊਨ ਕਰਕੇ ਘਰਾਂ ਨੂੰ ਪਰਤਦੇ ਪਰਵਾਸੀ ਮਜ਼ਦੂਰ

ਵਿਦੇਸ਼ਾਂ ਵਿੱਚ ਫਸੇ ਸਮਰੱਥ ਲੋਕਾਂ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਉੜਾਏ ਜਾਂਦੇ ਹਨ, ਪੈਦਲ ਚੱਲਦੇ ਹੋਏ ਲੋਕਾਂ ਦਾ ਹਾਲ ਤਿੰਨ ਦਿਨ ਤੱਕ ਸੋਸ਼ਲ ਮੀਡੀਆ ''ਤੇ ਦਿਖਾਉਣ ਦੇ ਬਾਅਦ ਬਹੁਤ ਅਹਿਸਾਨ ਦੀ ਮੁਦਰਾ ਵਿੱਚ ਕੁਝ ਬੱਸਾਂ ਭੇਜ ਦਿੱਤੀਆਂ ਜਾਂਦੀਆਂ ਹਨ।

ਬਾਅਦ ਵਿੱਚ ਲੋਕ ਇਹ ਵੀ ਕਹਿੰਦੇ ਹਨ ਕਿ ਬੱਸਾਂ ਭੇਜਣਾ ਗਲਤੀ ਸੀ ਕਿਉਂਕਿ ਲੋਕ ਮੁਫ਼ਤ ਯਾਤਰਾ ਦੇ ਲਾਭ ਵਿੱਚ ਟੁੱਟ ਪਏ ਜਿਸ ਨਾਲ ਵਾਇਰਸ ਫੈਲਣ ਦਾ ਖਤਰਾ ਵਧ ਗਿਆ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪਹਿਲੇ ਮੁੱਖ ਮੰਤਰੀਆਂ ਵਿੱਚੋਂ ਸਨ ਜਿਨ੍ਹਾਂ ਨੇ ਦਿਹਾੜੀ ਮਜ਼ਦੂਰਾਂ ਲਈ ਆਰਥਿਕ ਰਾਹਤ ਦਾ ਐਲਾਨ ਕੀਤਾ ਸੀ।

ਪਰ ਇਹ ਉਹੀ ਯੂਪੀ ਹੈ ਜਿੱਥੇ ਪੀਲੀਭੀਤ ਦੇ ਐੱਸਪੀ ਅਤੇ ਡੀਐੱਮ ਘੰਟੀਆਂ ਵਜਾਉਂਦੇ ਹੋਏ ਸ਼ਾਮ ਪੰਜ ਵਜੇ ਦਾ ਪਵਿੱਤਰ ਜਲੂਸ ਕੱਢਦੇ ਹਨ, ਜਿਸ ਵਿੱਚ ਬਹੁਤ ਸਾਰੇ ਲੋਕ ਪੀਐੱਮ ਦੀ ਅਪੀਲ ਦਾ ਗ਼ਲਤ ਮਤਲਬ ਕੱਢ ਕੇ ਸੜਕਾਂ ''ਤੇ ਉਤਰ ਆਉਂਦੇ ਹਨ।

ਕੋਰੋਨਾਵਾਇਰਸ
BBC

ਆਦਰਸ਼ ਭਾਰਤੀ ਨਾਗਰਿਕ

ਇਹ ਉਹੀ ਰਾਜ ਹੈ ਜਿੱਥੇ ਸੀਨੀਅਰ ਪੁਲਿਸ ਅਧਿਕਾਰੀ ਕਾਂਵੜੀਆਂ ਦੇ ਪੈਰ ਦਬਾਉਂਦੇ ਹੋਏ ਮਾਣ ਨਾਲ ਫੋਟੋ ਖਿਚਵਾਉਂਦੇ ਹਨ ਕਿਉਂਕਿ ਇਸ ਨਾਲ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਹ ਉਹੀ ਰਾਜ ਹੈ ਜਿੱਥੇ ਹੈਲੀਕਾਪਟਰ ਕਾਵੜੀਆਂ ''ਤੇ ਫੁੱਲਾਂ ਦੀ ਵਰਖਾ ਕਰਦੇ ਹਨ ਅਤੇ ਅਯੁੱਧਿਆ ਦੇ ਘਾਟਾਂ ''ਤੇ ਸੈਂਕੜੇ ਲੀਟਰ ਤੇਲ ਨਾਲ ਲੱਖਾਂ ਦੀਵੇ ਜਲਾਏ ਜਾਂਦੇ ਹਨ।

ਔਰਤ
Getty Images
ਕਈ ਪੜ੍ਹੇ-ਲਿਖੇ ਲੋਕ ਇਸ ਤਕਲੀਫ਼ਦੇਹ ਸਫ਼ਰ ਨੂੰ ''ਕੋਰੋਨਾ ਪਿਕਨਿਕ'' ਦੱਸ ਰਹੇ ਹਨ

ਕੀ ਸਰਕਾਰ ਨੂੰ ਪਤਾ ਨਹੀਂ ਸੀ ਕਿ ਜਦੋਂ ਦਿਹਾੜੀ ਬੰਦ ਹੋ ਜਾਵੇਗੀ ਤਾਂ ਗਰੀਬ ਮਜ਼ਦੂਰ ਆਪਣੇ ਪਿੰਡ ਵੱਲ ਜਾਣ ਲਈ ਮਜਬੂਰ ਹੋਵੇਗਾ।

ਕਈ ਪੜ੍ਹੇ-ਲਿਖੇ ਲੋਕ ਇਸ ਤਕਲੀਫ਼ਦੇਹ ਸਫ਼ਰ ਨੂੰ ''ਕੋਰੋਨਾ ਪਿਕਨਿਕ'' ਦੱਸ ਰਹੇ ਹਨ।

ਇਹ ਉਹੀ ਲੋਕ ਹਨ ਜੋ ਮੰਨਦੇ ਹਨ ਕਿ ਸਭ ਨੂੰ ਉਨ੍ਹਾਂ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ, ਉਨ੍ਹਾਂ ਨੇ ਆਦਰਸ਼ ਭਾਰਤੀ ਨਾਗਰਿਕ ਦੀ ਤਸਵੀਰ ਬਣਾ ਲਈ ਹੈ, ਇਹੀ ਉਨ੍ਹਾਂ ਦਾ ''ਅਸੀਂ'' ਹੈ...ਸ਼ਹਿਰੀ, ਸਾਫ਼-ਸੁਥਰਾ, ਸੰਭਾਵਿਤ : ਧਾਰਮਿਕ, ਦੇਸ਼ ਭਗਤ ਅਤੇ ਸੰਸਕਾਰੀ ਆਦਿ...।

''ਦੂਜੇ'' ਲੋਕ ''ਸਾਨੂੰ'' ਚੁਭਦੇ ਹਨ, ਇੰਡੀਆ ਦੀ ਇਮੇਜ਼ ਖਰਾਬ ਕਰਦੇ ਹਨ, ਅਨਪੜ੍ਹ-ਜ਼ਾਹਿਲ ਹਨ, ਇਨ੍ਹਾਂ ਦਾ ਕੁਝ ਨਹੀਂ ਹੋ ਸਕਦਾ, ਜਿਵੇਂ ਉਹ ਆਪਣੀ ਪਸੰਦ ਨਾਲ ਅਜਿਹੇ ਹਨ।

ਜੇਕਰ ਮਹਾਂਮਾਰੀ ਫੈਲੀ ਤਾਂ ਲੋਕ ਬਹੁਤ ਆਸਾਨੀ ਨਾਲ ਗਰੀਬਾਂ ਨੂੰ ਦੋਸ਼ੀ ਠਹਿਰਾਉਣਗੇ ਕਿ ''ਬੇਵਕੂਫ ਲੋਕਾਂ ਦੀ ਵਜ੍ਹਾ ਨਾਲ'' ਵਾਇਰਸ ਫੈਲ ਗਿਆ।

ਨਹੀਂ ਤਾਂ ਅਸੀਂ ਤਾਂ ਆਪਣੇ ਅਪਾਰਟਮੈਂਟ ਵਿੱਚ ਬੈਠ ਕੇ ਰਮਾਇਣ ਦੇਖ ਰਹੇ ਸੀ ਅਤੇ ਮਾਤਾ ਰਾਣੀ ਲਈ ਘਿਉ ਦੇ ਦੀਵੇ ਬਾਲ ਰਹੇ ਸੀ।

ਕੋਰੋਨਾਵਾਇਰਸ
BBC

ਉਹ ਇਹ ਨਹੀਂ ਪੁੱਛਣਗੇ ਕਿ ''ਵਾਇਰਸ ਫੈਲਾਉਣ ਵਾਲੇ ਲੋਕਾਂ'' ਨੂੰ 21 ਦਿਨਾਂ ਤੱਕ ਜਿਉਂਦਾ ਰੱਖਣ ਦੇ ਕੀ ਇੰਤਜ਼ਾਮ ਕੀਤੇ ਗਏ, ਅਤੇ ਉਨ੍ਹਾਂ ਨੂੰ ਕਦੋਂ ਅਤੇ ਕਿਸ ਨੇ ਇਨ੍ਹਾਂ ਇੰਤਜ਼ਾਮਾਂ ਬਾਰੇ ਦੱਸਿਆ?

ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਡੀਕਲ ਸਰਵਿਸ ਵਿੱਚ ਲੱਗੇ ਲੋਕਾਂ ਦਾ ਸ਼ੁਕਰੀਆ ਕਰਨ ਲਈ ਸ਼ਾਮ ਪੰਜ ਵਜੇ ਥਾਲੀ ਅਤੇ ਤਾਲੀ ਵਜਾਉਣ ਦੀ ਅਪੀਲ ਕੀਤੀ।

ਉਸ ਵਿੱਚ ਇੱਕ ਗੱਲ ਸਾਫ਼ ਸੀ ਕਿ ਉਨ੍ਹਾਂ ਦੇ ਦਿਮਾਗ਼ ਵਿੱਚ ਜੋ ਇੰਡੀਆ ਹੈ, ਉਸ ਵਿੱਚ ਸਭ ਲੋਕ ਬਾਲਕਨੀ ਅਤੇ ਛੱਤਾਂ ਵਾਲੇ ਘਰਾਂ ਵਿੱਚ ਰਹਿੰਦੇ ਹਨ।

ਕੀ ਸਭ ਬਰਾਬਰ ਦੇ ਨਾਗਰਿਕ ਹਨ?

ਗ਼ੈਰ-ਬਰਾਬਰੀ ਨੂੰ ਅਸੀਂ ਭਾਰਤੀ ਈਸ਼ਵਰ ਦਾ ਵਿਧਾਨ ਮੰਨਦੇ ਹਾਂ, ਅਸੀਂ ਗਰੀਬਾਂ ਦੀ ਥੋੜ੍ਹੀ ਬਹੁਤ ਮਦਦ ਸ਼ਾਇਦ ਕਰ ਵੀ ਦਈਏ, ਪਰ ਅਸੀਂ ਦਿਲ ਤੋਂ ਹਰ ਇਨਸਾਨ ਨੂੰ ਇੱਕ ਬਰਾਬਰ ਨਹੀਂ ਮੰਨਦੇ, ਇਹੀ ਸਾਡਾ ਸਮਾਜ ਹੈ, ਇਹੀ ਸਾਡਾ ਸੱਚ ਹੈ।

ਇਸ ਦੀਆਂ ਜੜ੍ਹਾਂ ਜਾਤੀ ਵਿਵਸਥਾ ਵਿੱਚ ਹਨ ਜੋ ਲੋਕਾਂ ਦੇ ਵਰਗੀਕਰਨ ਦੇ ਬੁਨਿਆਦੀ ਸਿਧਾਂਤ ''ਤੇ ਚੱਲਦਾ ਹੈ ਅਤੇ ਸਾਡੀ ਸਾਮੰਤਵਾਦੀ ਮਾਨਸਿਕਤਾ ਵੀ ਇਸ ਲਈ ਜ਼ਿੰਮੇਵਾਰ ਹੈ।

https://www.youtube.com/watch?v=Yl-szFd6Sfg

ਮਜਬੂਰ ਮਿਹਨਤੀ ਲੋਕਾਂ ਦੇ ਸੈਲਾਬ ਵਿੱਚ ਹਰ ਜਾਤ ਦੇ ਲੋਕ ਹੋਣਗੇ, ਇੱਥੇ ਜਾਤੀਗਤ ਭੇਦਭਾਵ ਦੀ ਗੱਲ ਨਹੀਂ ਕੀਤੀ ਜਾ ਰਹੀ।

ਹਾਲਾਂਕਿ ਜ਼ਿਆਦਾਤਰ ਮਜ਼ਦੂਰ ਪਿੱਛੜੀਆਂ ਜਾਤਾਂ ਦੇ ਹੀ ਹੋਣਗੇ। ਇੱਥੇ ਹਰ ਤਰ੍ਹਾਂ ਦੇ ਭੇਦਭਾਵ ਦੀ ਗੱਲ ਕੀਤੀ ਜਾ ਰਹੀ ਹੈ ਜੋ ਸਾਡੇ ਸਮਾਜ ਵਿੱਚ ਸਹਿਜ ਸਵੀਕਾਰ ਕਰ ਲਈ ਜਾਂਦੀ ਹੈ।

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹੀ ਕਹਿੰਦੇ-ਮੰਨਦੇ ਦੇਖੇ ਜਾਂਦੇ ਹਨ ਕਿ ਪੰਜ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਇਹ ਭੇਦਭਾਵ ਨੂੰ ਸੁਭਾਵਿਕ ਬਣਾਉਂਦਾ ਹੈ, ਉਸ ਵਿੱਚ ਬਦਲਾਅ ਦੀ ਗੱਲ ਘੱਟ ਹੀ ਲੋਕ ਸੋਚਦੇ ਹਨ ਅਤੇ ਇਸ ਵਿਵਸਥਾ ਵਿੱਚ ਜੋ ਮਜ਼ੇ ਵਿੱਚ ਹਨ, ਉਹ ਭਲਾ ਕਿਉਂ ਬਦਲਾਅ ਚਾਹੁਣਗੇ!

ਕੋਰੋਨਾਵਾਇਰਸ
BBC

ਸਮਾਜਿਕ ਵਿਵਹਾਰ

ਤਿਰੂਪਤੀ ਤੋਂ ਲੈ ਕੇ ਵੈਸ਼ਣੋ ਦੇਵੀ ਤੱਕ ਲੋਕ ਮੰਦਿਰਾਂ ਵਿੱਚ ਹਜ਼ਾਰਾਂ-ਲੱਖਾਂ ਰੁਪਏ ਦਾਨ ਕਰਦੇ ਹਨ।

ਵਿਸ਼ਾਲ ਮੂਰਤੀਆਂ ਲਗਾਉਣ, ਵਿਸ਼ਾਲ ਮੰਦਿਰ ਬਣਾਉਣ ਦੇ ਨਾਂ ''ਤੇ ਜਿੰਨਾ ਵੀ ਚਾਹੀਦਾ ਹੈ, ਪੈਸਾ ਆ ਜਾਂਦਾ ਹੈ, ਪਰ ਗਰੀਬਾਂ ਲਈ ਸਾਡੀ ਮੁੱਠੀ ਜ਼ਰਾ ਘੱਟ ਹੀ ਖੁੱਲ੍ਹਦੀ ਹੈ।

ਇਹ ਮੁਸ਼ਕਿਲ ਸਮਾਂ ਹੈ, ਅਜਿਹੀਆਂ ਗੱਲਾਂ ਚੁਭ ਸਕਦੀਆਂ ਹਨ, ਪਰ ਕਹਿਣਾ ਹੋਵੇਗਾ ਕਿ ਭਾਰਤ ਦੀ ਤਮਾਮ ਸਮਾਜਿਕ-ਸੰਸਕ੍ਰਿਤਕ ਸੁੰਦਰਤਾ ਵਿੱਚ ਵਿਰਾਟ ਹਿੰਦੂ ਸੰਸਕ੍ਰਿਤੀ ਦੀ ਖੂਬਸੂਰਤੀ ਭਰੀ ਪਈ ਹੈ, ਪਰ ਨਾਲ ਹੀ ਭਾਰਤ ਦੀ ਸਮਾਜਿਕ ਕਰੂਪਤਾ ਵਿੱਚ ਵੀ ਉਸ ਦੀ ਇੱਕ ਡੂੰਘੀ ਭੂਮਿਕਾ ਹੈ।

https://www.youtube.com/watch?v=9GTNq-0kCmQ

ਇਹ ਸਮਾਂ ਕੋਸਣ ਦਾ ਨਹੀਂ, ਸੋਚਣ ਦਾ ਹੈ, ਬਹੁਤ ਗਹਿਰਾਈ ਨਾਲ ਬਹੁਸੰਖਿਅਕ ਸਮਾਜ ਨੂੰ ਆਪਣੇ ਸਮਾਜਿਕ ਵਿਵਹਾਰ ''ਤੇ ਗੌਰ ਕਰਨੀ ਚਾਹੀਦੀ ਹੈ, ਹਰ ਆਲੋਚਨਾ ''ਤੇ ਬਿਫਰ ਜਾਣਾ ਜਾਂ ਮਹਾਨਤਾ ਦੀਆਂ ਕਹਾਣੀਆਂ ਵਿੱਚ ਫਸੇ ਰਹਿਣ ਦੀ ਜਗ੍ਹਾ।

ਸਿੱਖ ਧਰਮ ਵਿੱਚ ਗੁਰੂ ਨਾਨਕ ਦੇ ਸੱਚੇ ਸੌਦੇ ਦੇ ਸਮੇਂ ਤੋਂ ਹੀ ਸੇਵਾ ਦੀ ਭਾਵਨਾ ਦੂਜਿਆਂ ਤੋਂ ਜ਼ਿਆਦਾ ਦਿਖਾਈ ਦਿੰਦੀ ਹੈ।

ਖ਼ੈਰਾਤ ਅਤੇ ਜ਼ਕਾਤ ਮੁਸਲਮਾਨ ਕਰਦੇ ਹਨ, ਹਿੰਦੂ ਵੀ ਦਾਨ ਕਰਦੇ ਹਨ, ਪਰ ਦਾਨ ਦਾ ਸੁਪਾਤਰ ਹਰ ਕੋਈ ਨਹੀਂ ਹੁੰਦਾ ਹੈ, ਬਾਕੀ ਮੰਦਿਰ ਦੇ ਬਾਹਰ ਬੈਠੇ ਭਿਖਾਰੀ ਨੂੰ ਰੁਪਏ, ਦੋ ਰੁਪਏ ਦੇ ਕੇ ਅਸੀਂ ਚੰਗਾ ਮਹਿਸੂਸ ਕਰ ਲੈਂਦੇ ਹਾਂ।

ਕੀ ਅਸੀਂ ਇਸ ਚਰਚਾ ਲਈ ਤਿਆਰ ਹਾਂ?

ਕੋਰੋਨਾਵਾਇਰਸ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਸਰਕਾਰ-ਸਮਾਜ ਦੇ ਫੈਸਲਿਆਂ-ਪ੍ਰਤੀਕਿਰਿਆਵਾਂ ਵਿੱਚ ਵਰਣ ਵਿਵਸਥਾ ਦੀ ਇੱਕ ਗਹਿਰੀ ਛਾਪ ਹੈ।

ਕੀ ਬਤੌਰ ਸਮਾਜ ਅਸੀਂ ਬਦਲਣ ਲਈ ਤਿਆਰ ਹਾਂ, ਜਿਵੇਂ ਹਰ ਇੱਕ ਵੋਟ ਦੀ ਕੀਮਤ ਇੱਕ ਬਰਾਬਰ ਹੈ, ਉਂਜ ਹੀ ਹਰ ਨਾਗਰਿਕ ਦੀ ਗਰਿਮਾ ਵੀ ਇੱਕ ਬਰਾਬਰ ਹੋ ਸਕਦੀ ਹੈ? ਕੀ ਅਸੀਂ ਇਸ ਚਰਚਾ ਲਈ ਤਿਆਰ ਹਾਂ?

ਕੀ ਕੋਰੋਨਾ ਦੇ ਬਾਅਦ ਜੇਕਰ ਅਸੀਂ ਰਾਜਨੀਤਕ ਨੀਚਤਾ ਨੂੰ ਠੁਕਰਾ ਦੇਵਾਂਗੇ, ਦੇਸ਼ ਦੇ ਸਾਰੇ ਨਾਗਰਿਕਾਂ ਲਈ ਚੰਗੀ ਅਤੇ ਸਸਤੀ ਜਨਤਕ ਆਵਾਜਾਈ-ਸਕੂਲਾਂ-ਹਸਪਤਾਲਾਂ-ਯੂਨੀਵਰਸਿਟੀਆਂ ਦੀ ਮੰਗ ਕਰਨ ਲੱਗਾਂਗੇ, ਬਾਕੀ ਹਰ ਸਰਕਾਰੀ ਖਰਚੇ ਨੂੰ ਗ਼ੈਰ-ਜ਼ਰੂਰੀ ਦੀ ਸ਼੍ਰੇਣੀ ਵਿੱਚ ਰੱਖਣ ''ਤੇ ਜ਼ੋਰ ਦੇਵਾਂਗੇ।

ਉੱਚੀਆਂ ਤੋਂ ਉੱਚੀਆਂ ਮੂਰਤੀਆਂ ਲਗਾਉਣ ਦੀ ਜਦੋਂ ਗੱਲ ਹੋਵੇਗੀ ਤਾਂ ਕੀ ਤੁਹਾਨੂੰ ਯਾਦ ਰਹੇਗਾ ਕਿ ਦੇਸ਼ ਵਿੱਚ ਪ੍ਰਤੀ ਹਜ਼ਾਰ ਵਿਅਕਤੀ ਕਿੰਨੇ ਡਾਕਟਰ ਹਨ।

ਮਜ਼ਦੂਰ
Getty Images

ਪ੍ਰਤੀ ਹਜ਼ਾਰ ਵਿਅਕਤੀ ਕਿੰਨੇ ਬਿਸਤਰੇ ਹਸਪਤਾਲਾਂ ਵਿੱਚ ਹਨ, ਕਿੰਨੇ ਲੋਕ ਕੁਪੋਸ਼ਿਤ ਹਨ,ਕਿੰਨੇ ਲੋਕਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਹੈ।

ਸਾਡੇ ਰਿਸਰਚ ਇੰਸਟੀਚਿਊਟਾਂ ਵਿੱਚ ਕੀ ਕੰਮ ਹੋ ਰਿਹਾ ਹੈ, ਅਸੀਂ ਆਪਣੀ ਮਨੁੱਖੀ ਪੂੰਜੀ ਅਤੇ ਨੌਜਵਾਨਾਂ ਲਈ ਕੀ ਮੌਕੇ ਪੈਦਾ ਕਰ ਰਹੇ ਹਾਂ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਸ ਤਰ੍ਹਾਂ ਦਾ ਦੇਸ਼ ਛੱਡ ਕੇ ਜਾਵਾਂਗੇ? ... ਆਦਿ।

ਕੋਰੋਨਾਵਾਇਰਸ ਜਦੋਂ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ, ਭਾਰਤ ਵਿੱਚ ਵੀ ਫੈਲ ਰਿਹਾ ਹੈ, ਉਦੋਂ ਅਸੀਂ ਟਰੰਪ ਦੇ ਸਵਾਗਤ ਵਿੱਚ ਮਗਨ ਸੀ, ਅਸੀਂ ਮੱਧ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਦਾ ਜ਼ਸਨ ਦੇਖ ਰਹੇ ਸੀ ਅਤੇ ਇਹ ਗੱਲਾਂ ਸਾਨੂੰ ਸੱਚ ਨਹੀਂ ਲੱਗ ਰਹੀਆਂ ਸਨ।

ਜਦੋਂ ਸਾਡਾ ਦੇਸ਼ ਆਪਣੇ ਨਾਗਰਿਕਾਂ ਦੀ ਸਿਹਤ-ਸਿੱਖਿਆ ਅਤੇ ਸੁਵਿਧਾ ਦੇ ਇਲਾਵਾ ਕਿਸੇ ਵੀ ਦੂਜੇ ਤਾਮਝਾਮ ਨੂੰ ਰਾਸ਼ਟਰੀ ਸਰੋਤਾਂ ਦੀ ਬਰਬਾਦੀ ਮੰਨਣ ਲੱਗੇਗਾ ਤਾਂ ਯਕੀਨ ਮੰਨੋ ਇਹ ਕੋਰੋਨਾਵਾਇਰਸ ਦੀ ਬਹੁਤ ਵੱਡੀ ਕੀਮਤ ਨਹੀਂ ਹੋਵੇਗੀ।

ਕੀ ਅਸੀਂ ਸਭ ਅਜਿਹਾ ਕਰਾਂਗੇ?

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ-

https://www.youtube.com/watch?v=Sya9BEj5yUI

https://www.youtube.com/watch?v=zdz1hr-g8Mk

https://www.youtube.com/watch?v=rofDmAw4bZ8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News