ਕੋਰੋਨਾਵਾਇਰਸ: ''''ਸਾਡੇ ਕੁਆਰੰਟੀਨ ਹੋਣ ਤੋਂ ਬਾਅਦ ਗੁਆਂਢੀਆਂ ਦਾ ਰਵੱਈਆ ਹੀ ਬਦਲ ਗਿਆ''''

Saturday, Mar 28, 2020 - 07:59 AM (IST)

ਕੋਰੋਨਾਵਾਇਰਸ: ''''ਸਾਡੇ ਕੁਆਰੰਟੀਨ ਹੋਣ ਤੋਂ ਬਾਅਦ ਗੁਆਂਢੀਆਂ ਦਾ ਰਵੱਈਆ ਹੀ ਬਦਲ ਗਿਆ''''
ਕੋਰੋਨਾਵਾਇਰਸ ਕਰਕੇ ਕੁਆਰੰਟੀਨ ਹੋਏ ਪਰਿਵਾਰ ਨੂੰ ਝੇਲਣਾ ਪਿਆ ਸਮਾਜਿਕ ਪਰੇਸ਼ਾਨੀ
Getty Images
ਕੋਰੋਨਾਵਾਇਰਸ ਕਰਕੇ ਕੁਆਰੰਟੀਨ ਹੋਏ ਪਰਿਵਾਰ ਨੂੰ ਝੇਲਣਾ ਪਈ ਸਮਾਜਿਕ ਪਰੇਸ਼ਾਨੀ

“ਹੋਮ ਕੁਆਰੰਟੀਨ ਹੋਣ ਤੋਂ ਬਾਅਦ ਅਚਾਨਕ ਸਾਡੇ ਘਰ ਵੱਲ ਆਂਢ-ਗੁਆਂਢ ਦੀਆਂ ਨਿਗਾਹਾਂ ਬਦਲ ਗਈਆਂ।“ ਇਹ ਸ਼ਬਦ ਜੀਰਕਪੁਰ ਦੇ ਇੱਕ ਸ਼ਖਸ ਦੇ ਹਨ ਜਿਨ੍ਹਾਂ ਦੇ ਬੇਟੇ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਘਰ ਅੰਦਰ ਕੁਆਰੰਟੀਨ ਕੀਤਾ ਗਿਆ ਹੈ।

ਇਸ ਸ਼ਖਸ ਨੇ ਕਿਹਾ, “ਇਹ ਸਮਾਂ ਲੰਘ ਜਾਣ ਬਾਅਦ ਵੀ ਅਸੀਂ ਇੱਥੇ ਹੀ ਰਹਿਣਾ ਹੈ, ਇਸ ਲਈ ਬਿਨ੍ਹਾਂ ਨਾਮ ਲਿਖੇ ਇਹ ਖ਼ਬਰ ਛਾਪਿਓ।”

ਹਰ ਦੇਸ ਆਪੋ-ਆਪਣੇ ਤਰੀਕੇ ਨਾਲ ਕੋਰੋਨਾਵਾਇਰਸ ਨਾਲ ਲੜ ਰਿਹਾ ਹੈ। ਪੂਰਾ ਭਾਰਤ ਇਸ ਵੇਲੇ ਲੌਕਡਾਊਨ ਹੈ। ਪੰਜਾਬ ਅੰਦਰ ਕਰਫਿਊ ਲੱਗਿਆ ਹੋਇਆ ਹੈ। ਜ਼ਿਆਦਾਤਰ ਲੋਕ ਆਪੋ-ਆਪਣੇ ਘਰਾਂ ਵਿੱਚ ਬੰਦ ਹਨ। ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਸਾਵਧਾਨੀ ਵਜੋਂ ਉਨ੍ਹਾਂ ਦੇ ਘਰਾਂ ਵਿੱਚ ਕੁਆਰੰਟੀਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਪਹਿਲਾਂ ਹੋ ਰਹੀ ਅਣਗਹਿਲੀ ਰੋਕਣ ਲਈ ਹੁਣ ਪ੍ਰਸ਼ਾਸਨ ਅਜਿਹੇ ਘਰਾਂ ਬਾਹਰ ਹੋਮ ਕੁਆਰੰਟਾਈਨ ਦਾ ਸਮਾਂ ਦੱਸਦਿਆਂ ਪੋਸਟਰ ਵੀ ਲਗਾ ਰਿਹਾ ਹੈ ਅਤੇ ਬਾਹਵਾਂ ‘ਤੇ ਸਟੈਂਪਿੰਗ ਵੀ ਕੀਤੀ ਜਾ ਰਹੀ ਹੈ।

ਕੋਰੋਨਾਵਾਇਰਸ ਕਾਰਨ ਲੋਕਾਂ ਦੇ ਮਨਾਂ ਅੰਦਰ ਸਹਿਮ ਇਸ ਕਦਰ ਹੈ ਕਿ ਵਿਦੇਸ਼ੋਂ ਆਉਣ ਵਾਲਿਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਪਹਿਲਾਂ ਨਾਲੋਂ ਬਦਲਿਆ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਸੀ।

ਅਜਿਹਾ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਕਿਉਂਕਿ ਇਸ ਵਾਇਰਸ ਨਾਲ ਪੀੜਤ ਹੋਣ ਦੀ ਸੰਭਾਵਨਾ ਬਾਹਰੋਂ ਆਇਆਂ ਲੋਕਾਂ ਵਿੱਚ, ਬਿਨ੍ਹਾਂ ਟਰੈਵਲ ਹਿਸਟਰੀ ਵਾਲਿਆਂ ਨਾਲੋਂ ਜ਼ਿਆਦਾ ਮੰਨੀ ਜਾ ਰਹੀ ਹੈ।

''ਕੁਆਰੰਟੀਨ ਹੋਣ ਕਰਕੇ ਇਸ ਤਰ੍ਹਾਂ ਦਾ ਵਤੀਰਾ ਨਾ ਹੋਵੇ ਜਿਸ ਨਾਲ ਅਛੂਤ ਹੋਣ ਦਾ ਅਹਿਸਾਸ ਹੋਵੇ''
getty images
''ਕੁਆਰੰਟੀਨ ਹੋਣ ਕਰਕੇ ਇਸ ਤਰ੍ਹਾਂ ਦਾ ਵਤੀਰਾ ਨਾ ਹੋਵੇ ਜਿਸ ਨਾਲ ਅਛੂਤ ਹੋਣ ਦਾ ਅਹਿਸਾਸ ਹੋਵੇ''

ਜ਼ੀਰਕਪੁਰ ਦੇ ਇਸ ਪਰਿਵਾਰ ਦਾ ਬੇਟਾ ਵਿਦੇਸ਼ੋਂ ਪਹਿਲਾਂ ਦਿੱਲੀ ਪਹੁੰਚਿਆ, ਫਿਰ 23 ਮਾਰਚ ਦੀ ਸਵੇਰ ਤੋਂ ਪਹਿਲਾਂ ਆਪਣੇ ਘਰ ਪਹੁੰਚ ਗਿਆ।

ਇਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਖੁਦ ਹੀ ਫੋਨ ਕਰਕੇ ਸਬੰਧਤ ਥਾਣੇ ਅਤੇ ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ।

ਅੱਗੇ ਦੱਸਿਆ, “ਕੁਝ ਸਮੇਂ ਬਾਅਦ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਆ ਗਈ। ਦਰਵਾਜਾ ਖੋਲ੍ਹਦਿਆਂ ਹੀ ਉਹਨਾਂ ਨੇ ਸਾਨੂੰ ਦੂਰ ਰਹਿਣ ਨੂੰ ਕਿਹਾ। ਉਹ ਸਾਰੇ ਪਰਿਵਾਰ ਦੀਆਂ ਬਾਹਵਾਂ ਉੱਤੇ ਸਟੈਂਪਿੰਗ ਕਰਕੇ ਅਤੇ ਦਰਵਾਜ਼ੇ ਬਾਹਰ ਪੋਸਟਰ ਚਿਪਕਾ ਕੇ ਚਲੇ ਗਏ।“

ਬੀਬੀਸੀ ਨਾਲ ਫੋਨ ''ਤੇ ਹੋ ਰਹੀ ਗੱਲਬਾਤ ਦੌਰਾਨ ਉਹ ਬੋਲੇ, “ਬਸ ਪਲਾਂ ਵਿੱਚ ਹੀ ਸਭ ਬਦਲ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਵੀ ਜਨਤਾ ਕਰਫਿਊ ਕਾਰਨ ਕੋਈ ਘਰੋਂ ਬਾਹਰ ਨਹੀਂ ਸੀ ਗਿਆ, ਰਾਸ਼ਨ ਵਗੈਰਾ ਸਾਡੇ ਕੋਲ ਹੈ ਹਾਲੇ ਪਰ ਘਰ ਵਿੱਚ ਬੱਚਿਆਂ ਲਈ ਦੁੱਧ, ਸਬਜ਼ੀਆਂ ਤੇ ਫਲ ਵਗੈਰਾ ਨਹੀਂ।"

"ਪਰ ਇਸ ਤੋਂ ਵੀ ਜ਼ਿਆਦਾ ਦੁਖੀ ਕਰਨ ਵਾਲੀ ਗੱਲ ਸਾਡੇ ਗੁਆਂਢੀਆਂ ਦਾ ਬਦਲਿਆ ਹੋਇਆ ਰਵੱਈਆ ਹੈ। ਕਿਸੇ ਵੀ ਚੀਜ਼ ਦੀ ਜ਼ਰੂਰਤ ਬਾਰੇ ਸਾਨੂੰ ਕਿਸੇ ਨੇ ਨਹੀਂ ਪੁੱਛਿਆ।"

"ਅਗਲੇ ਦਿਨ ਸਵੇਰ ਵੇਲੇ ਫਲ ਵਾਲੇ ਦੇ ਗਲੀ ਵਿੱਚ ਆਉਣ ਬਾਰੇ ਪਤਾ ਲੱਗਿਆ ਤਾਂ ਮੈਂ ਘਰ ਦੇ ਦਰਵਾਜ਼ੇ ਤੋਂ ਹੀ ਆਪਣੇ ਇੱਕ ਗੁਆਂਢੀ ਨੂੰ ਕਿਹਾ ਕਿ ਕੁਝ ਫਲ ਲੈ ਕੇ ਦਰਵਾਜ਼ੇ ''ਤੇ ਰੱਖ ਦਿਓ, ਅਸੀਂ ਚੁੱਕ ਲਵਾਂਗੇ ਅਤੇ ਬਾਅਦ ਵਿੱਚ ਪੈਸੇ ਦੇ ਦੇਆਂਗੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।"

"ਫਿਰ ਰੇਹੜੀ ਵਾਲਾ ਖੁਦ ਹੀ ਦਰਵਾਜੇ ਤੇ ਕੁਝ ਫਲ ਰੱਖ ਗਿਆ ਅਤੇ ਪੈਸੇ ਚੁੱਕ ਕੇ ਲੈ ਗਿਆ। ਅੰਦਰ ਜਾ ਕੇ ਦੇਖਿਆ ਤਾਂ ਜ਼ਿਆਦਾਤਰ ਫਲ ਖਰਾਬ ਸੀ।” ਟੁੱਟੇ ਦਿਲ ਭਰੀ ਅਵਾਜ਼ ਨਾਲ ਇਸ ਸ਼ਖਸ ਨੇ ਦੱਸਿਆ ਕਿ ਸਾਨੂੰ ਦੇਖਦਿਆਂ ਹੀ ਸਭ ਲੁਕ ਜਾਂਦੇ ਨੇ।

"ਰੇਹੜੀ ਵਾਲਾ ਖੁਦ ਹੀ ਦਰਵਾਜੇ ਤੇ ਕੁਝ ਫਲ ਰੱਖ ਗਿਆ ਅਤੇ ਪੈਸੇ ਲੈ ਗਿਆ। ਅੰਦਰ ਜਾ ਕੇ ਦੇਖਿਆ ਤਾਂ ਜਿਆਦਾਤਰ ਫਲ ਖਰਾਬ ਸੀ।”
getty images
"ਰੇਹੜੀ ਵਾਲਾ ਖੁਦ ਹੀ ਦਰਵਾਜੇ ਤੇ ਕੁਝ ਫਲ ਰੱਖ ਗਿਆ ਅਤੇ ਪੈਸੇ ਲੈ ਗਿਆ। ਅੰਦਰ ਜਾ ਕੇ ਦੇਖਿਆ ਤਾਂ ਜਿਆਦਾਤਰ ਫਲ ਖਰਾਬ ਸੀ।”

ਗੱਲਬਾਤ ਦੌਰਾਨ ਇਸ ਸ਼ਖਸ ਨੇ ਦੱਸਿਆ ਕਿ ਇਨ੍ਹਾਂ ਦਾ ਬੇਟਾ ਦਫ਼ਤਰ ਦੇ ਕੰਮ ਲਈ ਛੇ ਮਹੀਨੇ ਵਿਦੇਸ਼ ਗਿਆ ਸੀ ਜਿੱਥੋਂ ਹੁਣ ਪਰਤਿਆ ਹੈ।

ਉਨ੍ਹਾਂ ਕਿਹਾ ਕਿ ਬੇਟੇ ਦੇ ਪਰਤਣ ਤੋਂ ਪਹਿਲਾਂ ਹੀ, ਉਸ ਦੀ ਗਰਭਵਤੀ ਪਤਨੀ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਘਰ ਛੱਡ ਆਏ ਸੀ ਤਾਂ ਕਿ ਬੇਟੇ ਦੇ ਕੁਆਰੰਟੀਨ ਹੋਣ ਕਾਰਨ ਉਸ ਦੀ ਗਰਭਵਤੀ ਪਤਨੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।

ਉਨ੍ਹਾਂ ਕਿਹਾ, “ਆਲੇ-ਦੁਆਲੇ ਇਸ ਤਰ੍ਹਾਂ ਦਾ ਰਵਈਆ ਦੇਖ ਕੇ ਫਿਕਰ ਸਤਾਉਣ ਲੱਗੀ ਸੀ ਕਿ ਕਿਸੇ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਆ ਗਈ ਤਾਂ ਕੀ ਕਰਾਂਗੇ ਕਿਉਂਕਿ ਆਂਢ-ਗੁਆਂਢ ਵਿੱਚੋਂ ਤਾਂ ਕਿਸੇ ਨੇ ਮਦਦ ਨਹੀਂ ਕਰਨੀ ਇਹ ਸਾਨੂੰ ਅਹਿਸਾਸ ਹੋ ਚੁੱਕਾ ਸੀ।"

"ਦੂਜੇ ਬੇਟੇ ਦੇ ਦੋ ਛੋਟੇ ਬੱਚੇ ਨੇ ਘਰ ਵਿੱਚ ਜਿਨ੍ਹਾਂ ਲਈ ਦੁੱਧ ਵਗੈਰਾ ਵੀ ਚਾਹੀਦਾ ਹੈ ਜੋ ਕਿ ਜਮ੍ਹਾ ਕਰਕੇ ਨਹੀਂ ਰੱਖਿਆ ਜਾ ਸਕਦਾ। ਫਿਰ ਉਸੇ ਦਿਨ ਦੁਪਹਿਰ ਪ੍ਰਸ਼ਾਸ਼ਨ ਦੀ ਇੱਕ ਹੋਰ ਟੀਮ ਆਈ।“

ਇਸ ਟੀਮ ਵਿੱਚੋਂ ਇੱਕ ਮੈਂਬਰ ਦਾ ਵਾਰ-ਵਾਰ ਨਾਮ ਲੈਂਦਿਆਂ ਇਸ ਸ਼ਖਸ ਨੇ ਧੰਨਵਾਦ ਜ਼ਾਹਿਰ ਕੀਤਾ ਅਤੇ ਕਿਹਾ, “ਉਨ੍ਹਾਂ ਨੇ ਸਾਡੇ ਨਾਲ ਬਹੁਤ ਪਿਆਰ ਅਤੇ ਸਨਮਾਨ ਨਾਲ ਗੱਲ ਕੀਤੀ। ਆਪਣਾ ਫੋਨ ਨੰਬਰ ਵੀ ਦੇ ਕੇ ਗਏ ਤੇ ਕਿਸੇ ਵੀ ਲੋੜ ਬਾਰੇ ਉਨ੍ਹਾਂ ਨੂੰ ਦੱਸਣ ਨੂੰ ਕਿਹਾ।"

"ਜਦੋਂ ਅਸੀਂ ਸਾਰੀ ਕਹਾਣੀ ਦੱਸੀ ਤਾਂ ਸਾਡੇ ਲਈ ਖੁਦ ਹੀ ਦੁੱਧ ਤੇ ਫਲ ਵੀ ਖਰੀਦ ਕੇ ਦੇ ਕੇ ਗਏ। ਉਨ੍ਹਾਂ ਦੇ ਆਉਣ ਤੋਂ ਬਾਅਦ ਸਾਨੂੰ ਬਹੁਤ ਹੌਂਸਲਾ ਹੈ, ਹੁਣ ਡਰ ਨਹੀਂ ਲੱਗ ਰਿਹਾ।"

"ਅਸੀਂ ਸਮਝਦੇ ਹਾਂ ਕਿ ਹਾਲਾਤ ਆਮ ਵਾਂਗ ਨਹੀਂ, ਹਰ ਕਿਸੇ ਨੂੰ ਸਮਝਣਾ ਪਵੇਗਾ ਪਰ ਘੱਟੋ-ਘੱਟ ਇਸ ਤਰ੍ਹਾਂ ਦਾ ਵਤੀਰਾ ਨਾ ਹੋਵੇ ਜਿਸ ਨਾਲ ਕਿਸੇ ਨੂੰ ਅਛੂਤ ਹੋਣ ਦਾ ਅਹਿਸਾਸ ਹੋਵੇ।”

ਵਿਦੇਸ਼ੋਂ ਪਰਤੇ ਉਨ੍ਹਾਂ ਦੇ ਬੇਟੇ ਦੀ ਸਿਹਤ ਬਾਰੇ ਪੁੱਛਣ ''ਤੇ ਉਨ੍ਹਾਂ ਦੱਸਿਆ, “ਉਹ ਪੂਰੀ ਤਰ੍ਹਾਂ ਸਿਹਤਯਾਬ ਹੈ, ਫਿਲਹਾਲ ਖਾਸੀਂ, ਜੁਕਾਮ ਜਾਂ ਬੁਖਾਰ ਜਿਹਾ ਕੋਈ ਲੱਛਣ ਨਹੀਂ ਪਰ ਫਿਰ ਵੀ ਉਹ ਸਾਵਧਾਨੀ ਵਜੋਂ ਵੱਖਰਾ ਹੀ ਅਰਾਮ ਕਰ ਰਿਹਾ ਹੈ।“

ਇਹ ਵੀ ਦੇਖੋ:

https://www.youtube.com/watch?v=xWw19z7Edrs

https://www.youtube.com/watch?v=iU2nsa9-21g&t=12s

https://www.youtube.com/watch?v=Ws89fap1oCI&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News