ਕੋਰੋਨਾਵਾਇਰਸ ਕਾਰਨ 1 ਮੌਤ ਤੋਂ ਬਾਅਦ ਕੁਅਰੰਟੀਨ ਹੋਏ ਪੰਜਾਬ ਦੇ ਇਸ ਪਿੰਡ ਦਾ ਕੀ ਹੈ ਮਾਹੌਲ

Saturday, Mar 21, 2020 - 07:13 PM (IST)

ਨਵਾਂ ਸ਼ਹਿਰ ਦੇ ਬੰਗਾ ਇਲਾਕੇ ਦੇ ਪਿੰਡ ਵਿੱਚ ਪ੍ਰਸ਼ਾਸਨ ਦੀ ਟੀਮ
BBC

“ਸਾਡੇ ਪਿੰਡ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਨਾ ਤਾਂ ਕੋਈ ਆ ਸਕਦਾ ਹੈ ਅਤੇ ਨਾ ਹੀ ਪਿੰਡ ਤੋ ਕੋਈ ਬਾਹਰ ਜਾ ਸਕਦਾ ਹੈ।”

ਇਹ ਜਾਣਕਾਰੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਕਸਬੇ ਲਾਗੇ ਪੈਂਦੇ ਉਸ ਪਿੰਡ ਦੇ ਸਰਪੰਚ ਨੇ ਦਿੱਤੀ ਹੈ ਜਿਸ ਪਿੰਡ ਦੇ ਇੱਕ ਬਜ਼ੁਰਗ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ।

ਹੁਣ ਉਸੇ ਬਜ਼ੁਰਗ ਦੇ ਪਰਿਵਾਰ ਦੇ 6 ਮੈਂਬਰ ਪੀੜਤ ਮਿਲੇ ਹਨ। ਇਸ ਵਿੱਚ ਉਸ ਵਿਅਕਤੀ ਦੀਆਂ ਦੇ ਦੋ ਬੇਟੇ, ਦੋ ਨੂੰਹਾਂ, ਇੱਕ ਬੇਟੀ ਤੇ ਪੋਤੀ ਸ਼ਾਮਿਲ ਹਨ।

ਮੌਤ ਤੋਂ ਬਾਅਦ ਲਏ ਸੈਂਪਲਾਂ ਤੋਂ ਪਤਾ ਲਗਿਆ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਸੀ।

(ਪਿੰਡ ਦਾ ਨਾਂਅ ਅਤੇ ਮਰਹੂਮ ਦੀ ਪਛਾਣ ਗੁਪਤ ਰੱਖੀ ਗਈ ਹੈ।)

ਮੌਤ ਤੋਂ ਬਾਅਦ ਜ਼ਿਲ੍ਹਾ ਨਵਾਂ ਸ਼ਹਿਰ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।

ਇਸੇ ਪਿੰਡ ਦਾ ਇੱਕ ਹੋਰ ਬਜ਼ੁਰਗ ਨੂੰ ਇਸ ਸਮੇਂ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ


ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 13 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਿਵਿਟ ਪਾਏ ਗਏ ਹਨ
  • ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦੀ ਆਵਾਜਾਈ ਉੱਤੇ ਰੋਕ ਲਾ ਦਿੱਤੀ ਹੈ।
  • ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਦੇਸ਼ ''ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 4 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ ''ਚ ਹਨ।
  • ਵਿਸ਼ਵ ਸਿਹਤ ਸੰਗਠਨ ਦੁਨੀਆਂ ਭਰ ਕੋਰੋਨਾਵਾਇਰਸ ਤੋਂ 2,50,000 ਲੋਕ ਪੀੜ੍ਹਤ ਹਨ ਅਤੇ ਮੌਤਾਂ ਦਾ ਅੰਕੜਾ 10,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪ ਗਿਆ ਹੈ। ਈਰਾਨ, ਸਪੇਨ, ਕੋਰੀਆ ਅਤੇ ਫਰਾਂਸ ''ਚ ਵੀ ਮੌਤਾਂ ਵਧੀਆਂ ਹਨ।
ਕੋਰੋਨਾਵਾਇਰਸ
BBC
ਕੋਰੋਨਾਵਾਇਰਸ
BBC

ਕੌਣ ਸੀ ਮਰਹੂਮ?

ਸਰਪੰਚ ਨੇ ਦੱਸਿਆ ਕਿ ਮਰਹੂਮ ਦੀ ਉਮਰ 70 ਸਾਲ ਦੇ ਕਰੀਬ ਸੀ। ਉਹ ਆਪਣੇ ਦੋ ਹੋਰ ਸਾਥੀਆਂ ਨਾਲ ਜਰਮਨੀ ਤੋਂ ਵਾਇਆ ਇਟਲੀ 7 ਮਾਰਚ ਨੂੰ ਪਿੰਡ ਪਹੁੰਚਿਆ ਸੀ। ਪਿੰਡ ਦੀ ਵਸੋਂ ਕਰੀਬ 2200 ਹੈ।

ਸਰਪੰਚ ਨੇ ਦੱਸਿਆ ਕਿ ਮਰਹੂਮ ਇੱਕ ਕੀਰਤਨੀ ਜੱਥੇ ਦਾ ਮੈਂਬਰ ਸੀ । ਜੋ ਅਕਸਰ ਕੀਰਤਨ ਕਰਨ ਲਈ ਵਿਦੇਸ਼ ਜਾਂਦੇ ਸਨ। ਇਸੇ ਸਬੰਧ ਵਿਚ ਉਹ ਆਪਣੇ ਦੋ ਹੋਰ ਸਾਥੀਆਂ ਨਾਲ 18 ਫਰਵਰੀ ਨੂੰ ਜਰਮਨੀ ਅਤੇ ਇਟਲੀ ਦੇ ਦੌਰੇ ''ਤੇ ਗਏ ਸਨ।

ਸਰਪੰਚ ਨੇ ਦੱਸਿਆ ਕਿ ਇਹ ਸਾਰੇ 6 ਮਾਰਚ ਨੂੰ ਦਿੱਲੀ ਪਹੁੰਚੇ ਅਤੇ ਫਿਰ ਇੱਕ ਨਿੱਜੀ ਕਾਰ ਰਾਹੀਂ ਪਿੰਡ ਪਹੁੰਚੇ ਸਨ।

ਕੀਰਤਨੀ ਜੱਥਾ
Getty Images
ਮਰਹੂਮ ਆਪਣੇ ਕੀਰਤਨੀ ਜੱਥੇ ਨਾਲ ਕੀਰਤਨ ਕਰਨ ਲਈ ਵਿਦੇਸ਼ ਜਾਂਦੇ ਰਹਿੰਦੇ ਸਨ

ਜਾਣਕਾਰੀ ਮੁਤਾਬਕ ਸਾਰਿਆਂ ਦੀ ਦਿੱਲੀ ਜਾਂਚ ਹੋਈ ਸੀ ਪਰ ਪਿੰਡ ਪਹੁੰਚ ਕੇ ਮਰਹੂਮ ਕੁਆਰੰਟੀਨ ਵਿਚ ਰਹਿਣ ਦੀ ਬਜਾਏ ਲੋਕਾਂ ਵਿੱਚ ਵਿਚਰਦੇ ਰਹੇ।

ਬੁੱਧਵਾਰ ਨੂੰ ਸਿਹਤ ਜ਼ਿਆਦਾ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਗਲੇ ਦਿਨ ਵੀਰਵਾਰ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਦਾ ਮਰੀਜ਼ ਸਨ।

ਪਿੰਡ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਮਰਹੂਮ ਨੇ ਆਪਣੀ ਵਿਗੜਦੀ ਸਿਹਤ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਜੇਕਰ ਦੱਸਿਆ ਹੁੰਦਾ ਤਾਂ ਇਲਾਜ ਹੋ ਜਾਣਾ ਸੀ। ਉਨ੍ਹਾਂ ਮੁਤਾਬਕ ਇਸ ਸਮੇਂ ਪਿੰਡ ਵਿਚ ਥੋੜ੍ਹਾ ਸਹਿਮ ਹੈ।

ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਖ਼ਾਸ ਤੌਰ ''ਤੇ ਯੂਰਪ ਵਿੱਚ ਹਨ।

ਪੁਲਿਸ ਦੀ ਟੀਮ
BBC

ਜ਼ਿਲ੍ਹਾ ਪ੍ਰਸ਼ਾਸਨ ਦਾ ਪੱਖ

ਜ਼ਿਲ੍ਹਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਉਸ ਬਜ਼ੁਰਗ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਤਕਲੀਫ਼ ਹੋਣ ਉੱਤੇ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਸੰਪਰਕ ਕਰਨ ਲਈ ਕਿਹਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਛਾਤੀ ਵਿੱਚ ਤਕਲੀਫ਼ ਹੋਈ ਅਤੇ ਤੁਰੰਤ ਹਸਪਤਾਲ ਪਹੁੰਚੇ ਜਿੱਥੇ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਪੂਰਾ ਪ੍ਰਸ਼ਾਸਨ ਹਰਕਤ ਵਿੱਚ ਆਇਆ।

ਉਨ੍ਹਾਂ ਨੇ ਪਿੰਡ ਪਹੁੰਚ ਕੇ ਮਰਹੂਮ ਦੇ ਘਰ ਵਾਲਿਆਂ ਦੀ ਅਤੇ ਜਿੰਨ੍ਹਾਂ ਦੇ ਨਾਲ ਉਸ ਦਾ ਸੰਪਰਕ ਸੀ ਉਨ੍ਹਾਂ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਲਿਸਟ ਤਿਆਰ ਕੀਤੀ ਗਈ ਸੀ ਜਿਨ੍ਹਾਂ ਵਿੱਚ 6 ਜੀਅ ਪੌਜ਼ਿਟੀਵ ਆਏ ਹਨ। ਉਨ੍ਹਾਂ ਮੁਤਾਬਕ ਮਰਹੂਮ ਦਾ ਸੰਪਰਕ 17-18 ਜਣਿਆਂ ਨਾਲ ਰਿਹਾ ਸੀ।

ਨਵਾਂ ਸ਼ਹਿਰ ਦੇ ਬੰਗਾ ਇਲਾਕੇ ਦੇ ਪਿੰਡ ਵਿੱਚ ਪ੍ਰਸ਼ਾਸਨ ਦੀ ਟੀਮ
BBC
ਡਿਪਟੀ ਕਮਿਸ਼ਨਰ ਮੁਤਾਬਕ ਮਰਹੂਮ ਦਾ 17-18 ਜਣਿਆਂ ਨਾਲ ਸੰਪਰਕ ਰਿਹਾ ਸੀ

ਮੌਤ ਤੋਂ ਬਾਅਦ ਪੈਦਾ ਹੋਏ ਸਵਾਲ

ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹੋਈ ਮੌਤ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਵਿਦੇਸ਼ ਤੋਂ ਆਏ ਵਿਅਕਤੀਆਂ ਨੂੰ ਤੁਰੰਤ ਸਿਹਤ ਅਧਿਕਾਰੀਆਂ ਕੋਲ ਪਹੁੰਚ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਹਨ ਤਾਂ ਉਹ ਆਪ ਅੱਗੇ ਆ ਕੇ ਸਿਹਤ ਅਧਿਕਾਰੀਆਂ ਕੋਲ ਪਹੁੰਚ ਕਰਨ ਅਤੇ ਕੁਆਰੰਟਾਈਨ ਵਿੱਚ ਰਹਿਣ।

ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੁਆਰੰਟਾਈਨ ਲਈ ਹੋਟਲ ਵਿਚ ਰਹਿਣਾ ਚਾਹੁੰਦਾ ਹੈ ਤਾਂ ਉਹ ਵੀ ਵਿਵਸਥਾ ਹੈ। ਹਾਲਾਂਕਿ ਹੋਟਲ ਦਾ ਬਿੱਲ ਮਰੀਜ਼ ਨੂੰ ਖ਼ੁਦ ਦੇਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆਏ ਵਿਅਕਤੀ ਦੇ ਗੁਆਂਢੀਆਂ ਨੂੰ ਵੀ ਅਪੀਲ ਕੀਤੀ ਹੈ। ਜੇਕਰ ਕਿਸੇ ਵਿਦੇਸ਼ ਤੋਂ ਆਏ ਵਿਅਕਤੀ ਦਾ ਉਨ੍ਹਾਂ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲਿਸ ਜਾਂ ਸਿਹਤ ਅਧਿਕਾਰੀਆਂ ਨੂੰ ਦੇਣ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਅਜੇ ਸਥਿਤੀ ਕੰਟਰੋਲ ਵਿੱਚ ਹੈ।


ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=J_DB9zuvNc8

https://www.youtube.com/watch?v=ZePULsd4Icc

https://www.youtube.com/watch?v=WpdgZhPtPjY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News