ਨਿਰਭਿਆ ਕੇਸ ਦੇ ਦੋਸ਼ੀਆਂ ਦੀ ਫ਼ਾਂਸੀ ਨਾਲ ਔਰਤਾਂ ਨੂੰ ਕੀ ਹਾਸਿਲ ਹੋਇਆ

Friday, Mar 20, 2020 - 08:43 AM (IST)

ਨਿਰਭਿਆ ਕੇਸ:
BBC
ਨਿਰਭਿਆ ਦੀ ਮਾਂ ਨੇ ਕਿਹਾ 7 ਸਾਲ ਦੇ ਸੰਘਰਸ਼ ਤੋਂ ਬਾਅਦ ਹੋਈ ਨਿਆਂ ਦੀ ਜਿੱਤ

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 7 ਸਾਲ ਪਹਿਲਾਂ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਲੜਕੀ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਦੇ ਚਾਰ ਮੁਜਰਮਾਂ ਨੂੰ ਫਾਂਸੀ ਦੇ ਦਿੱਤੀ ਗਈ ਹੈ।

2012 ਦੇ ਇਸ ਘਿਨੌਣੇ ਬਲਾਤਕਾਰ ਅਤੇ ਕਤਲ ਕੇਸ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇਣੀ, 7 ਸਾਲ ਪੁਰਾਣੇ ਇਸ ਮਾਮਲੇ ਦਾ ਆਖ਼ਰੀ ਕਦਮ ਸੀ।

ਗੈਂਗਰੈਪ ਦੀ ਇਸ ਘਟਨਾ ਨੇ ਪੂਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਿਨੌਣੇ ਅਪਰਾਧ ਖਿਲਾਫ਼ ਆਵਾਜ਼ ਉਠਾਉਣ ਲਈ ਹਜ਼ਾਰਾਂ ਲੋਕ ਸੜਕਾਂ ''ਤੇ ਉਤਰ ਆਏ ਸਨ। ਇਹ ਮਾਮਲਾ ਕਈ ਹਫ਼ਤਿਆਂ ਤੱਕ ਪੂਰੀ ਦੁਨੀਆਂ ਦੇ ਮੀਡੀਆ ਵਿੱਚ ਸੁਰਖੀਆਂ ਬਣਿਆ ਰਿਹਾ ਸੀ।

ਗੈਂਗਰੇਪ ਦੀ ਇਸ ਘਟਨਾ ਦੇ ਬਾਅਦ ਸਰਕਾਰ ਨੂੰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੋਰ ਸਖ਼ਤ ਕਾਨੂੰਨ ਬਣਾਉਣੇ ਪਏ ਸਨ ਜਿਸ ਵਿੱਚ ਦੁਰਲੱਭ ਮਾਮਲਿਆਂ ਵਿੱਚ ਫਾਂਸੀ ਦੀ ਸਜ਼ਾ ਦੇਣ ਦੀ ਵੀ ਤਜਵੀਜ਼ ਸੀ।

ਇਹ ਵੀ ਪੜ੍ਹੋ-

ਮਾਣਯੋਗ ਜੱਜਾਂ ਨੇ ਇਸ ਗੈਂਗਰੇਪ ਨੂੰ ''ਰੇਅਰੈਸਟ ਆਫ ਦਿ ਰੇਅਰ'' ਯਾਨਿ ਬੇਹੱਦ ਦੁਰਲੱਭ ਅਪਰਾਧ ਮੰਨਿਆ ਸੀ ਅਤੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਜਿਨ੍ਹਾਂ ਨੂੰ 20 ਮਾਰਚ ਨੂੰ ਸੂਲੀ ''ਤੇ ਚੜ੍ਹਾ ਦਿੱਤਾ ਗਿਆ ਹੈ।

ਇਸ ਗੈਂਗਰੇਪ ਖ਼ਿਲਾਫ਼ ਲੋਕਾਂ ਦੇ ਭਿਆਨਕ ਗੁੱਸੇ ਅਤੇ ਸਰਕਾਰ ਦੇ ਤੁਰੰਤ ਨਿਆਂ ਕਰਨ ਦੇ ਵਾਅਦੇ ਦੇ ਬਾਵਜੂਦ ਇਹ ਮਾਮਲਾ 7 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਕਾਨੂੰਨੀ ਗੇੜਾਂ ਵਿੱਚ ਭਟਕਦਾ ਰਿਹਾ।

ਨਿਰਭਿਆ ਦੀ ਮਾਂ
Getty Images
ਫਾਂਸੀ ਦੀ ਤਰੀਕ ਹੋਣ ਤੋਂ ਬਾਅਦ ਨਿਰਭਿਆ ਦੇ ਮਾਤਾ-ਪਿਤਾ ਨੇ ਅਦਾਲਤ ਤੋਂ ਬਾਹਰ ਨਿਆਂ ਦੀ ਜਿੱਤ ਦੱਸੀ

ਪੀੜਤਾ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਫਾਂਸੀ ਦੇਣ ''ਤੇ ਸੰਤੁਸ਼ਟੀ ਪ੍ਰਗਟਾਈ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਜੋ ਦੋਸ਼ੀਆਂ ਨੂੰ ਫ਼ਾਂਸੀ ਦੇਣ ਦੀ ਮੰਗ ਕਰਨ ਵਾਲਿਆਂ ਦਾ ਚਿਹਰਾ ਬਣ ਗਈ ਸੀ, ਉਨ੍ਹਾਂ ਨੂੰ ਹੁਣ ਜਾ ਕੇ ਕੁਝ ਤਸੱਲੀ ਹੋਈ ਹੈ ਕਿ ਸੱਤ ਸਾਲਾਂ ਦਾ ਉਨ੍ਹਾਂ ਦਾ ਸੰਘਰਸ਼ ਸਫ਼ਲ ਹੋਇਆ ਹੈ।

ਕੀ ਹੁਣ ਔਰਤਾਂ ਸੁਰੱਖਿਅਤ ਮਹਿਸੂਸ ਕਰਨੀਆਂ

ਆਸ਼ਾ ਦੇਵੀ ਨੂੰ ਲੱਗਦਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੇਣ ਨਾਲ ਉਨ੍ਹਾਂ ਦੀ ਬੇਟੀ ਨਾਲ ਇਨਸਾਫ਼ ਹੋਇਆ ਹੈ।

ਪਰ ਸਵਾਲ ਇਹ ਹੈ ਕਿ ਕੀ ਨਿਰਭਿਆ ਗੈਂਗਰੇਪ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਨਾਲ ਦੇਸ਼ ਦੀਆਂ ਔਰਤਾਂ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋਈਆਂ ਹਨ?

ਇਸ ਸਵਾਲ ਦਾ ਛੋਟਾ ਜਿਹਾ ਜਵਾਬ ਤਾਂ ਇਹ ਹੈ ਕਿ ''ਨਹੀਂ''।

ਅਜਿਹਾ ਇਸ ਲਈ ਹੈ ਕਿ ਦਸਬੰਰ 2012 ਦੇ ਗੈਂਗਰੇਪ ਕੇਸ ਦੇ ਬਾਅਦ ਔਰਤਾਂ ਵਿਰੁੱਧ ਅਪਰਾਧਾਂ ਦੀ ਪੜਤਾਲ ਵਿੱਚ ਤੇਜ਼ੀ ਦੇ ਬਾਵਜੂਦ ਅਜਿਹੀਆਂ ਹਿੰਸਕ ਘਟਨਾਵਾਂ ਉਸੇ ਤਰ੍ਹਾਂ ਹੀ ਜਾਰੀ ਹਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁਰਖ਼ੀਆਂ ਬਣ ਰਹੀਆਂ ਹਨ।

https://www.youtube.com/watch?v=xWw19z7Edrs

ਸਰਕਾਰ ਦੇ ਆਪਣੇ ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਹਰ ਸਾਲ ਬਲਾਤਕਾਰ ਦੇ ਹਜ਼ਾਰਾਂ ਮਾਮਲੇ ਦਰਜ ਹੁੰਦੇ ਹਨ ਅਤੇ ਸਾਲ ਦਰ ਸਾਲ ਇਨ੍ਹਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਨੇ ਹਾਲ ਹੀ ਵਿੱਚ ਜੋ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਅਨੁਸਾਰ ਪੁਲਿਸ ਨੇ ਸਾਲ 2018 ਵਿੱਚ ਬਲਾਤਕਾਰ ਦੇ 33 ਹਜ਼ਾਰ 977 ਕੇਸ ਦਰਜ ਕੀਤੇ ਹਨ।

ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਰੋਜ਼ਾਨਾ ਰੇਪ ਦੇ 93 ਮਾਮਲੇ ਦਰਜ ਕੀਤੇ ਗਏ ਹਨ।

ਇਹ ਅੰਕੜੇ ਤੁਹਾਡੇ ਸਾਹਮਣੇ ਕਹਾਣੀ ਦਾ ਸਿਰਫ਼ ਇੱਕ ਪਹਿਲੂ ਰੱਖਦੇ ਹਨ। ਔਰਤਾਂ ਦੀ ਸੁਰੱਖਿਆ ਲਈ ਅਭਿਆਨ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਔਰਤਾਂ ਨਾਲ ਬਲਾਤਕਾਰ ਅਤੇ ਜਿਨਸੀ ਹਿੰਸਾ ਦੇ ਹਜ਼ਾਰਾਂ ਮਾਮਲੇ ਤਾਂ ਪੁਲਿਸ ਤੱਕ ਪਹੁੰਚਦੇ ਹੀ ਨਹੀਂ ਹਨ।

ਮੈਂ ਨਿੱਜੀ ਤੌਰ ''ਤੇ ਅਜਿਹੀਆਂ ਔਰਤਾਂ ਨੂੰ ਜਾਣਦੀ ਹਾਂ ਜੋ ਜਿਨਸੀ ਹਿੰਸਾ ਦੀਆਂ ਸ਼ਿਕਾਰ ਹੋਈਆਂ ਹਨ, ਪਰ ਉਹ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀਆਂ ਹਨ।

ਇਸ ਦੀ ਵਜ੍ਹਾ ਇਹ ਹੈ ਕਿ ਜਿਨਸੀ ਅਪਰਾਧਾਂ ਨਾਲ ਇੱਕ ਸਮਾਜਿਕ ਕਲੰਕ ਵਾਲੀ ਸੋਚ ਜੁੜੀ ਹੋਈ ਹੈ ਜੋ ਇਨ੍ਹਾਂ ਔਰਤਾਂ ਨੂੰ ਆਪਣੇ ਉੱਪਰ ਹੋਏ ਜ਼ੁਲਮ ਦੀ ਸ਼ਿਕਾਇਤ ਕਰਨ ਤੋਂ ਰੋਕਦੀ ਹੈ ਜਾਂ ਫਿਰ ਇਨ੍ਹਾਂ ਔਰਤਾਂ ਨੂੰ ਇਹ ਡਰ ਹੁੰਦਾ ਹੈ ਕਿ ਉਨ੍ਹਾਂ ਦੀ ਗੱਲ ''ਤੇ ਭਰੋਸਾ ਨਹੀਂ ਕੀਤਾ ਜਾਵੇਗਾ।

ਇਸ ਦੇ ਬਾਵਜੂਦ ਰੋਜ਼ਾਨਾ ਅਖ਼ਬਾਰਾਂ ਵਿੱਚ ਔਰਤਾਂ ਨਾਲ ਭਿਆਨਕ ਜਿਨਸੀ ਅਪਰਾਧਾਂ ਦੀਆਂ ਘਟਨਾਵਾਂ ਭਰੀਆਂ ਰਹਿੰਦੀਆਂ ਹਨ ਅਤੇ ਅਜਿਹਾ ਲੱਗਦਾ ਹੈ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ।

ਅਜਿਹੀ ਜਿਨਸੀ ਹਿੰਸਾ ਦੀ ਸ਼ਿਕਾਰ ਕੋਈ ਅੱਠ ਮਹੀਨੇ ਦੀ ਬੱਚੀ ਵੀ ਹੋ ਸਕਦੀ ਹੈ ਜਾਂ ਫਿਰ ਸੱਤਰ ਸਾਲ ਦੀ ਬਜ਼ੁਰਗ ਔਰਤ।

ਔਰਤਾਂ ਨਾਲ ਜਿਨਸੀ ਅਪਰਾਧ ਕਰਨ ਵਾਲੇ ਹਰ ਥਾਂ ਮੌਜੂਦ

ਬਲਾਤਕਾਰ ਅਤੇ ਦੂਜੇ ਜਿਨਸੀ ਅਪਰਾਧਾਂ ਦੀ ਸ਼ਿਕਾਰ ਕੋਈ ਅਮੀਰ ਔਰਤ ਵੀ ਹੋ ਸਕਦੀ ਹੈ। ਮੱਧ ਵਰਗ ਦੀ ਔਰਤ ਵੀ ਹੋ ਸਕਦੀ ਹੈ ਜਾਂ ਫਿਰ ਗਰੀਬ ਤਬਕੇ ਨਾਲ ਸਬੰਧ ਰੱਖਣ ਵਾਲੀ ਵੀ ਹੋ ਸਕਦੀ ਹੈ।

ਔਰਤਾਂ ਨਾਲ ਜਿਨਸੀ ਅਪਰਾਧ ਵਿੱਚ ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦਾ ਵੀ ਕੋਈ ਅੰਤਰ ਨਹੀਂ ਹੈ। ਅਜਿਹੀ ਘਟਨਾ ਕਿਧਰੇ ਵੀ ਹੋ ਸਕਦੀ ਹੈ।

ਇੱਥੋਂ ਤੱਕ ਕਿ ਕੋਈ ਔਰਤ ਆਪਣੇ ਘਰ ਦੇ ਅੰਦਰ ਵੀ ਬਲਾਤਕਾਰ ਦੀ ਸ਼ਿਕਾਰ ਹੋ ਸਕਦੀ ਹੈ ਅਤੇ ਉਹ ਆਪਣੇ ਮੁਹੱਲੇ ਵਿੱਚ ਵੀ ਜਿਨਸੀ ਹਿੰਸਾ ਦਾ ਨਿਸ਼ਾਨਾ ਬਣ ਸਕਦੀ ਹੈ।

ਇਨ੍ਹਾਂ ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਕਿਸੇ ਜਾਤ, ਧਰਮ ਜਾਂ ਸਮੁਦਾਏ ਵਿਸ਼ੇਸ਼ ਨਾਲ ਸਬੰਧ ਰੱਖਣ ਵਾਲੇ ਨਹੀਂ ਹੁੰਦੇ, ਉਹ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਆਉਂਦੇ ਹਨ। ਉਨ੍ਹਾਂ ਦੀ ਆਰਥਿਕ ਹੈਸੀਅਤ ਕੁਝ ਵੀ ਹੋ ਸਕਦੀ ਹੈ।

ਨਿਰਭਿਆ ਕੇਸ
iStock
ਨਿਰਭਿਆ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਸੀ

ਔਰਤਾਂ ਨਾਲ ਜਿਨਸੀ ਅਪਰਾਧ ਕਰਨ ਵਾਲੇ ਹਰ ਥਾਂ ਮੌਜੂਦ ਹਨ। ਘਰਾਂ ਵਿੱਚ ਲੁਕੇ ਹੋਏ ਹਨ, ਖੇਡ ਦੇ ਮੈਦਾਨਾਂ ਵਿੱਚ ਘੁੰਮ ਰਹੇ ਹਨ, ਸਕੂਲਾਂ ਵਿੱਚ ਹਨ ਅਤੇ ਸੜਕਾਂ ਤੇ ਗਲੀਆਂ ਵਿੱਚ ਟਹਿਲ ਰਹੇ ਹਨ।

ਉਹ ਬਸ ਇੱਕ ਮੌਕੇ ਦੀ ਤਲਾਸ਼ ਵਿੱਚ ਹਨ ਕਿ ਕੋਈ ਔਰਤ ਆਪਣੀ ਸੁਰੱਖਿਆ ਵਿੱਚ ਜ਼ਰਾ ਜਿੰਨੀ ਵੀ ਕੁਤਾਹੀ ਕਰੇ ਅਤੇ ਉਹ ਉਸ ''ਤੇ ਹਮਲਾ ਕਰ ਦੇਣ।

ਪਿਛਲੇ ਸਾਲ ਨਵੰਬਰ ਮਹੀਨੇ ਦੀ ਘਟਨਾ ਹੈ। ਹੈਦਰਾਬਾਦ ਵਿੱਚ 27 ਸਾਲ ਦੀ ਇੱਕ ਵੈਟਰਨਰੀ (ਪਸ਼ੂਆਂ ਦੀ) ਡਾਕਟਰ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਦੀ ਲਾਸ਼ ਵੀ ਸਾੜ ਦਿੱਤੀ ਗਈ ਸੀ।

ਇਸ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਇੱਕ ਔਰਤ ਨੂੰ ਉਸ ਵੇਲੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕੋਰਟ ਵਿੱਚ ਗਵਾਹੀ ਦੇਣ ਜਾ ਰਹੀ ਸੀ।

ਉਹ 90 ਫੀਸਦ ਤੱਕ ਸੜ੍ਹ ਗਈ ਸੀ ਅਤੇ ਤਿੰਨ ਦਿਨ ਬਾਅਦ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ।

ਉਨਾਓ ਦੀ ਹੀ ਰਹਿਣ ਵਾਲੀ ਇੱਕ ਹੋਰ ਔਰਤ ਜੁਲਾਈ 2019 ਵਿੱਚ ਇੱਕ ਭਿਆਨਕ ਸੜਕ ਦੁਰਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ।

ਇਹ ਵੀ ਪੜ੍ਹੋ-

ਇਸ ਲੜਕੀ ਨੇ ਉਨਾਓ ਦੇ ਇੱਕ ਦਬੰਗ ਵਿਧਾਇਕ ਖ਼ਿਲਾਫ਼ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ। ਇਸ ਲੜਕੀ ਦਾ ਇਲਜ਼ਾਮ ਸੀ ਕਿ ਪੁਲਿਸ ਨੇ ਕੇਸ ਦਰਜ ਕਰਨ ਤੋਂ ਪਹਿਲਾਂ, ਕਈ ਮਹੀਨਿਆਂ ਤੱਕ ਉਸ ਦੀਆਂ ਸ਼ਿਕਾਇਤਾਂ ਦੀ ਅਣਦੇਖੀ ਕੀਤੀ ਸੀ।

ਇਸ ਪੀੜਤ ਲੜਕੀ ਦਾ ਇਲਜ਼ਾਮ ਸੀ ਕਿ ਪੁਲਿਸ ਨੇ ਦਬੰਗ ਵਿਧਾਇਕ ਨਾਲ ਮਿਲ ਕੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਪੁਲਿਸ ਹਿਰਾਸਤ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਸ ਦਬੰਗ ਵਿਧਾਇਕ ਨੂੰ ਉਦੋਂ ਜਾ ਕੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਪੀੜਤਾ ਨੇ ਖ਼ੁਦ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਇਹ ਘਟਨਾ ਰਾਸ਼ਟਰੀ ਮੀਡੀਆ ਵਿੱਚ ਸੁਰਖ਼ੀਆਂ ਬਟੋਰਨ ਲੱਗੀ।

ਨਿਰਭਿਆ ਕੇਸ
AFP
ਨਿਰਭਿਆ ਮਾਮਲੇ ਨੂੰ ਲੈ ਕੇ ਕਰੀਬ ਪੂਰੇ ਦੇਸ ਵਿੱਚ ਲੋਕ ਸੜਕਾਂ ਉੱਤੇ ਉਤਰ ਆਏ ਸਨ

ਦਸੰਬਰ ਮਹੀਨੇ ਵਿੱਚ ਇੱਕ ਅਦਾਲਤ ਨੇ ਇਸ ਦਬੰਗ ਵਿਧਾਇਕ ਨੂੰ ਦੋਸ਼ੀ ਠਹਿਰਾਉਂਦੇ ਹੋਏ, ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਮਾਮਲੇ ਜਿਨਸੀ ਅਪਰਾਧਾਂ ਦੇ ਘਿਨੌਣੇਪਣ ਅਤੇ ਇਸ ਨੂੰ ਅੰਜਾਮ ਦੇਣ ਵਾਲੇ ਮਰਦਾਂ ਦਾ ਖ਼ੁਦ ਨੂੰ ਅਜਿਹਾ ਕਰਨ ਦਾ ਹੱਕਦਾਰ ਮੰਨਣ ਵਰਗਾ ਵਿਵਹਾਰ ਦਿਖਾਉਂਦੇ ਹਨ। ਇਹ ਔਰਤਾਂ ਵਿੱਚ ਸੁਰੱਖਿਆ ਦੀ ਭਾਵਨਾ ਤਾਂ ਕਦੇ ਨਹੀਂ ਜਗਾਉਂਦੇ।

ਕੁਝ ਲੋਕ ਕਹਿੰਦੇ ਹਨ ਕਿ ਜੁਰਮ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਜੇਕਰ ਜਲਦੀ ਤੋਂ ਜਲਦੀ ਇਨਸਾਫ ਮਿਲੇ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤਾਂ ਇਸ ਨਾਲ ਜੁਰਮ ਕਰਨ ਵਾਲਿਆਂ ਦੇ ਦਿਲ ਵਿੱਚ ਕਾਨੂੰਨ ਦਾ ਡਰ ਪੈਦਾ ਹੋਵੇਗਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਰੋਕੀਆਂ ਜਾ ਸਕਣਗੀਆਂ।

ਪਰ ਮਾਹਿਰ ਇਹ ਮੰਨਦੇ ਹਨ ਕਿ ਇਸ ਸਮੱਸਿਆ ਦਾ ਸਥਾਈ ਹੱਲ ਸਿਰਫ਼ ਸਮਾਜ ਦੀ ਪਿੱਤਰਸੱਤਾ ਸੋਚ ਦਾ ਖ਼ਾਤਮਾ ਕਰਕੇ ਕੱਢਿਆ ਜਾ ਸਕਦਾ ਹੈ। ਉਸ ਸੋਚ ਦਾ ਅੰਤ ਹੋਣਾ ਜ਼ਰੂਰੀ ਹੈ ਜੋ ਔਰਤਾਂ ਨੂੰ ਮਰਦਾਂ ਦੀ ਜਾਗੀਰ ਸਮਝਦੀ ਹੈ।

''ਮੁੰਡੇ ਤਾਂ ਮੁੰਡੇ ਹੀ ਰਹਿਣਗੇ''

ਇਹ ਜਾਣਕਾਰ ਕਹਿੰਦੇ ਹਨ ਕਿ ਪਰਿਵਾਰ ਦੇ ਅੰਦਰ ਅਤੇ ਸਮਾਜ ਵਿੱਚ ਵਿਆਪਕ ਰੂਪ ਨਾਲ ਔਰਤਾਂ ਦੇ ਯੋਗਦਾਨ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੂੰ ਔਰਤਾਂ ਲਈ ਸੁਰੱਖਿਅਤ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਨਾ ਚਾਹੀਦਾ ਹੈ।

ਮਾਪਿਆਂ, ਅਧਿਆਪਕਾਂ ਅਤੇ ਬਜ਼ੁਰਗਾਂ ਨੂੰ ਔਰਤਾਂ ਨਾਲ ਬਦਸਲੂਕੀ ਦੀ ਹਰ ਘਟਨਾ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦਾ ਹੈ, ਫਿਰ ਚਾਹੇ ਉਹ ਕਿੰਨੀ ਹੀ ਛੋਟੀ ਕਿਉਂ ਨਾ ਹੋਵੇ। ਉਨ੍ਹਾਂ ਨੂੰ ''ਮੁੰਡੇ ਤਾਂ ਮੁੰਡੇ ਹੀ ਰਹਿਣਗੇ'' ਵਰਗੇ ਬਿਆਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਨਿਰਭਿਆ ਕੇਸ
BBC
ਸਾਵ ਇਹ ਉੱਠਦਾ ਹੈ ਕਿ ਮੁਜਰਮਾਂ ਨੂੰ ਫਾਂਸੀ ਤੋਂ ਬਾਅਦ ਔਰਤਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ

ਇਸ ਸਾਲ ਦੀ ਸ਼ੁਰੂਆਤ ਵਿੱਚ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਸਕੂਲਾਂ ਵਿੱਚ ਲਿੰਗਕ ਸਮਾਨਤਾ ਦਾ ਸਬਕ ਸਿਖਾਉਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ ਮੁੰਡਿਆਂ ਨੂੰ ਔਰਤਾਂ ਦਾ ਸਨਮਾਨ ਕਰਨਾ ਸਿਖਾਇਆ ਜਾ ਰਿਹਾ ਹੈ।

ਸਰਕਾਰ ਦੇ ਯੋਜਨਾਕਾਰਾਂ ਦਾ ਕਹਿਣਾ ਹੈ ਕਿ ਇਸ ਅਭਿਆਨ ਦਾ ਮਕਸਦ ਮੁੰਡਿਆਂ ਵਿੱਚ ਬਚਪਨ ਤੋਂ ਹੀ ਉਨ੍ਹਾਂ ਦੇ ਸ਼ਖ਼ਸੀ ਨਿਰਮਾਣ ਦੇ ਦੌਰ ਤੋਂ ਹੀ ਬਿਹਤਰ ਮਰਦ ਬਣਾਉਣ ਦੇ ਮਿਸ਼ਨ ਦੀ ਇਹ ਸ਼ੁਰੂਆਤ ਹੈ।

ਇਸ ਅਭਿਆਨ ਨਾਲ ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਨਾਲ ਨਿਪਟਣ ਵਿੱਚ ਨਿਸ਼ਚਤ ਤੌਰ ''ਤੇ ਮਦਦ ਮਿਲੇਗੀ।

ਪਰ ਅਜਿਹੇ ਸਾਰੇ ਵਿਚਾਰਾਂ ਦੀ ਸਭ ਤੋਂ ਪ੍ਰਮੁੱਖ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ ਇੱਧਰ-ਉੱਧਰ, ਕਿਧਰੇ ਥੋੜ੍ਹਾ ਤਾਂ ਕਿਧਰੇ ਜ਼ਿਆਦਾ ਲਾਗੂ ਕੀਤਾ ਜਾਂਦਾ ਹੈ ਅਤੇ ਅਜਿਹੇ ਅਭਿਆਨਾਂ ਨੇ ਨਤੀਜੇ ਸਾਹਮਣੇ ਆਉਣ ਵਿੱਚ ਸਮਾਂ ਵੀ ਬਹੁਤ ਲੱਗ ਜਾਂਦਾ ਹੈ।

ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਆਖ਼ਰ ਭਾਰਤ ਦੀਆਂ ਕੁੜੀਆਂ ਤੇ ਔਰਤਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕੇਗੀ?

ਕੀ ਉਸ ਲਈ ਸਾਨੂੰ ਉਹੀ ਕਰਨਾ ਹੋਵੇਗਾ ਜੋ ਅਸੀਂ ਹਮੇਸ਼ਾ ਕਰਦੇ ਹਾਂ ਜਿਵੇਂ ਕਿ ਆਪਣੀ ਆਜ਼ਾਦੀ ''ਤੇ ਅਨੇਕ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ।

ਔਰਤਾਂ ਦੀ ਸੁਰੱਖਿਆ

ਦਿੱਲੀ ਗੈਂਗ ਰੇਪ ਦੀ ਪੀੜਤਾ ਦਾ ਨਾਂ ਕਾਨੂੰਨੀ ਤੌਰ ''ਤੇ ਜਨਤਕ ਨਹੀਂ ਕੀਤਾ ਜਾ ਸਕਦਾ ਸੀ, ਇਸ ਲਈ ਮੀਡੀਆ ਨੇ ਉਸ ਦਾ ਨਾਂ ਨਿਰਭਿਆ ਰੱਖ ਦਿੱਤਾ, ਪਰ ਜਿਵੇਂ ਕਿ ਤੁਹਾਨੂੰ ਜ਼ਿਆਦਾਤਰ ਔਰਤਾਂ ਦੱਸਣਗੀਆਂ, ਉਹ ਹੁਣ ਵੀ ਨਿਰਭੈ ਨਹੀਂ ਮਹਿਸੂਸ ਕਰਦੀਆਂ ਹਨ।

ਨਿਰਭਿਆ ਕਾਂਡ
BBC
ਨਿਰਭਿਆ ਕੇਸ ਦੇ ਚਾਰੇ ਦੋਸ਼ੀਆਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਹੈ

ਅਸੀਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਗੱਲ ਦਾ ਖ਼ਿਆਲ ਰੱਖਦੀਆਂ ਹਾਂ ਕਿ ਅਸੀਂ ਕਿਸ ਤਰ੍ਹਾਂ ਦੇ ਕੱਪੜੇ ਪਹਿਨੀਏ, ਅਸੀਂ ਦੇਰ ਤੱਕ ਘਰੋਂ ਬਾਹਰ ਨਹੀਂ ਰਹਿੰਦੀਆਂ, ਅਸੀਂ ਲਗਾਤਾਰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸੁਚੇਤ ਨਜ਼ਰਾਂ ਨਾਲ ਦੇਖਦੀਆਂ ਰਹਿੰਦੀਆਂ ਹਾਂ। ਅਸੀਂ ਆਪਣੀਆਂ ਗੱਡੀਆਂ ਲੌਕ ਕਰਕੇ ਅਤੇ ਖਿੜਕੀਆਂ ਬੰਦ ਕਰਕੇ ਚੱਲਦੀਆਂ ਹਾਂ।

ਕਈ ਵਾਰ ਤਾਂ ਇਹ ਸੁਰੱਖਿਆ ਭਾਰੀ ਕੀਮਤ ''ਤੇ ਹਾਸਲ ਹੁੰਦੀ ਹੈ।

ਜਿਵੇਂ ਕਿ ਦੋ ਕੁ ਸਾਲ ਪਹਿਲਾਂ ਜਦੋਂ ਮੈਂ ਰਾਤ ਨੂੰ ਦਫ਼ਤਰ ਤੋਂ ਘਰ ਜਾ ਰਹੀ ਸੀ ਤਾਂ ਮੇਰੀ ਕਾਰ ਦਾ ਟਾਇਰ ਪੈਂਚਰ ਹੋ ਗਿਆ।

ਫਿਰ ਵੀ ਮੈਂ ਉਦੋਂ ਤੱਕ ਨਹੀਂ ਰੁਕੀ ਜਦੋਂ ਤੱਕ ਉਸ ਪੈਟਰੋਲ ਪੰਪ ਤੱਕ ਨਹੀਂ ਪਹੁੰਚ ਗਈ ਜਿੱਥੋਂ ਮੈਂ ਨਿਯਮਤ ਰੂਪ ਨਾਲ ਤੇਲ ਭਰਾਉਂਦੀ ਸੀ, ਜਿੱਥੋਂ ਦੇ ਮਕੈਨਿਕ ਨੂੰ ਮੈਂ ਜਾਣਦੀ ਸੀ।

ਪਰ ਉਦੋਂ ਤੱਕ ਮੇਰੀ ਗੱਡੀ ਦੇ ਟਾਇਰ ਦੇ ਚੀਥੜੇ ਉੱਡ ਗਏ ਸਨ। ਅਗਲੇ ਦਿਨ ਮੈਨੂੰ ਨਵਾਂ ਟਾਇਰ ਖਰੀਦਣਾ ਪਿਆ ਸੀ। ਫਿਰ ਵੀ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਮੇਰੀ ਸੁਰੱਖਿਆ ਦੀ ਬਹੁਤ ਘੱਟ ਕੀਮਤ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=bXOMMA1STxI

https://www.youtube.com/watch?v=7_cJZsyDqv4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News