ਨਵਜੋਤ ਸਿੱਧੂ ਨੇ ਕੀਤਾ ਧਰਮ ਯੁੱਧ ਮੋਰਚੇ ਦਾ ਐਲਾਨ ਤਾਂ ਅਕਾਲੀਆਂ ਨੇ ਇਹ ਪੁੱਛਿਆ ਸਵਾਲ
Wednesday, Mar 18, 2020 - 06:43 PM (IST)
"ਪਿਛਲੇ 15 ਸਾਲਾਂ ਵਿੱਚ ਤਿੰਨ ਸਰਕਾਰਾਂ ਦੇ ਭਾਗੀਦਾਰ ਰਹੇ, ਜੱਦੋ-ਜਹਿਦ ਕਰਕੇ ਖੂਨ ਪਸੀਨਾ ਵਹਾ ਕੇ ਤਿੰਨ ਸਰਕਾਰਾਂ ਬਣਾਈਆਂ।
ਪਰ ਜਦੋਂ ਵੀ ਸਰਕਾਰ ਬਣਾਈ ਇੱਕ ਦੈਤ ਰੂਪੀ ਸਿਸਟਮ ਸਾਹਮਣੇ ਖੜੋ ਕੇ ਵਾਜਾਂ ਮਾਰਦਾ ਸੀ- ''ਆ- ਆ ਮੇਰੇ ਨਾਲ ਰਲਜਾ ਜਾਂ ਲਾਂਭੇ ਹੋ, ਨਾਲ ਰਲੇਂਗਾ ਤਾਂ ਮੌਜਾਂ ਮਨਾਏਂਗਾ, ਮੇਵੇ ਖਾਏਂਗਾ''।"
ਕੁੱਝ ਮਹੀਨਿਆਂ ਤੋਂ ਪੰਜਾਬ ਦੀ ਸੱਤਾ ਤੋਂ ਗਾਇਬ ਰਹੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ''ਜਿੱਤੇਗਾ ਪੰਜਾਬ'' ਰਾਹੀਂ ਇਹ ਸਭ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਕਿਸੇ ਦੇ ਨਾਲ ਨਹੀਂ ਰਲੇ ਸਗੋਂ ਲੜੇ।
"ਇਸ ਸਿਸਟਮ ਵਿੱਚ ਰਹਿ ਕੇ ਲੜੇ, ਦਰਕਿਨਾਰ ਹੋ ਗਏ ਪਰ ਲੜਾਈ ਅੱਜ ਵੀ ਜਾਰੀ ਹੈ। ਇੱਕ ਇੰਚ ਪਿੱਛੇ ਨਹੀਂ ਹੋਏ। ਮੈਂ 100 ਵਾਰ ਸੋਚਦਾ ਹਾਂ ਫਿਰ ਸਟੈਂਡ ਲੈਂਦਾ ਹਾਂ ਪਰ ਜੋ ਸਟੈਂਡ ਲੈ ਲੈਂਦਾ ਹਾਂ ਉਸ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਿਆ।"
ਉਨ੍ਹਾਂ ਨੇ ਆਪਣੀ ਇਸ ਵੀਡੀਓ ਦਾ ਟਾਈਟਲ ''ਧਰਮ ਯੁੱਧ ਦਾ ਐਲਾਨ'' ਦਿੱਤਾ ਹੈ।
ਧਰਮ ਯੁੱਧ ਦਾ ਐਲਾਨ
"ਮੈਂ ਧਰਮ ਯੁੱਧ ਦਾ ਆਹਵਾਨ ਕਰਦਾ ਹਾਂ, ਧਰਮਾਂ ਚੋਂ ਵੱਡਾ ਧਰਮ ਰਾਸ਼ਟਰ ਧਰਮ। ਮਿੱਟੀ ਦੇ ਰਹਿਣ ਦੇ ਲਈ ਲੜਨਾ, ਉਹ ਭਾਵਨਾ ਜਗਾਉਣਾ ਜੋ ਤੁਹਾਡੇ ਰਾਸ਼ਟਰ ਨੂੰ ਸਮਰਪਿਤ ਹੋ ਜਾਵੇ ਜਿਸ ਨੇ ਭਗਤ ਸਿੰਘ ਬਣਾਇਆ।"
ਪਰ ਨਾਲ ਹੀ ਉਨ੍ਹਾਂ ਨੇ ਵਿਅੰਗ ਕੱਸਿਆ ਕਿ ਧਰਮ ਦਾ ਝੂਠ ਦਾ ਝੰਡਾ ਸਭ ਤੋਂ ਉੱਚਾ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਲੁਕਾਉਣਾ ਤੁਹਾਨੂੰ ਜੇਲ੍ਹ ਪਹੁੰਚਾ ਸਕਦਾ ਹੈ
- ਕੋਰੋਨਾਵਾਇਰਸ: ਕਈ ਦੇਸਾਂ ਨੇ ਓਲੰਪਿਕ ਦੀ ਟ੍ਰੇਨਿੰਗ ਕੀਤੀ ਰੱਦ
- ਕੋਰੋਨਾਵਾਇਰਸ ਪੂਰੇ ਅਮਰੀਕਾ ''ਚ ਫ਼ੈਲਿਆ, ਲੋਕਾਂ ਨੂੰ ਅੰਤਿਮ ਰਸਮਾਂ ਲਾਈਵ ਸਟਰੀਮ ਕਰਨ ਦੇ ਹੁਕਮ
ਸਿਆਸੀ ਪਾਰਟੀਆਂ ਦਾ ਪ੍ਰਤੀਕਰਮ
ਬੀਬੀਸੀ ਪੱਤਰਕਾਰ ਇੰਦਰਜੀਤ ਕੌਰ ਨੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਖੁਦ ਪੰਜਾਬ ਲਈ ਕੀ ਕੰਮ ਕੀਤਾ ਹੈ।
ਉਨ੍ਹਾਂ ਕਿਹਾ, "ਨਵਜੋਤ ਸਿੰਘ ਸਿੱਧੂ ਸੱਤਾ ਵਿੱਚ ਰਹਿੰਦਿਆਂ ਕੋਈ ਅਜਿਹਾ ਕੰਮ ਗਿਣਾ ਦੇਵੇ ਜਿਹੜਾ ਮਾਰਕਾ ਮਾਰਿਆ ਹੋਵੇ ਕਿ ਇਹ ਖਾਸ ਕੰਮ ਪੰਜਾਬ ਦੇ ਲਈ ਦਿੱਲੀ ਵਿੱਚ ਭਾਗੀਦਾਰੀ ਸਰਕਾਰ ਤੋਂ ਲੈ ਕੇ ਆਇਆ ਹਾਂ ਜਾਂ ਪੰਜਾਬ ਵਿੱਚ ਸੱਤਾ ਵਿੱਚ ਰਹਿੰਦਿਆਂ ਕੋਈ ਕੰਮ ਪੰਜਾਬ ਲਈ ਕੀਤਾ ਹੈ।"
"ਵਿਨੋਦ ਖੰਨਾ ਵੀ ਮੁੰਬਈ ਤੋਂ ਆਏ ਸੀ ਪਰ ਕਦੇ ਵੀ ਕਿਸੇ ਸਮਾਜਿਕ ਸਮਾਗਮ ਵਿੱਚ ਨਹੀਂ ਗਏ ਪਰ ਉਨ੍ਹਾਂ ਨੇ ਪੰਜਾਬ ਲਈ ਕੰਮ ਬਹੁਤ ਕੀਤੇ।
ਸਿੱਧੂ ਸਾਹਿਬ ਜੋ ਕਹਿ ਰਹੇ ਹਨ ਕਿ ਪਾਰਟੀਆਂ ਨੇ ਆਵਾਜਾਂ ਮਾਰੀਆਂ ਪਰ ਜਿਹੜੀਆਂ ਪਾਰਟੀਆੰ ਨੇ ਲਿਆ ਕੇ ਇਨ੍ਹਾਂ ਨੂੰ ਇੰਨਾ ਵੱਡਾ ਕੀਤਾ ਕਿ ਧਰਮ ਯੁੱਧ ਐਲਾਨ ਕਰਨ ਦਾ ਜਜ਼ਬਾ ਜਾਂ ਜੁਰੱਤ ਕਰ ਰਹੇ ਹੋ ਉਨ੍ਹਾਂ ਪਾਰਟੀਆਂ ਨੂੰ ਤੁਸੀਂ ਕੀ ਦਿੱਤਾ। ਸਵਾਰਥ ਤਾਂ ਹਮੇਸ਼ਾ ਕੁਰਸੀ ਦਾ ਰੱਖਿਆ।
ਭਾਜਪਾ ਛੱਡ ਕੇ ਇੱਕ ਨੰਬਰ ਦੀ ਕੁਰਸੀ ਲੈਣ ਲਈ ਟਆਪ'' ਦੇ ਘਰ ਵੜੇ, ਉੱਥੇ ਨਹੀਂ ਕੁੱਝ ਮਿਲਿਆ ਤਾਂ ਕਾਂਗਰਸ ਵਿੱਚ ਜਾ ਰਲੇ, ਕਾਂਗਰਸ ਵਿੱਚ ਨਹੀਂ ਮਿਲੀ ਤਾਂ ਨਵਾਂ ਘਰ ਲੱਭ ਰਹੇ।"
ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ, "ਚਾਰ ਪੰਜ ਚੁਨਿੰਦਾ ਪਰਿਵਾਰ ਨੇ ਜੋ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਲਈ ਪਰਖ ਦੀ ਘੜੀ ਹੈ ਕਿ ਉਹ ਕਿਹੜੀ ਪਾਰਟੀ ਵਿੱਚ ਆਉਂਦੇ ਹਨ, ਪੰਜਾਬ ਨੂੰ ਬਚਾਉਣ ਵਾਲੀ ਜਾਂ ਬਰਬਾਦ ਕਰਨ ਵਾਲੀ ਪਾਰਟੀ ਵਿੱਚ ਆਉਂਦੇ ਹਨ। ਉਨ੍ਹਾਂ ਦੇ ਬਿਆਨ ਤੋਂ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰੀ ਪਾਰਟੀ ਹੈ, ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ, ਪੰਜਾਬ ਦੇ ਅਰਥਚਾਰੇ ਨੂੰ ਬਰਬਾਦ ਕੀਤਾ ਹੈ।"
ਨਵਜੋਤ ਸਿੱਧੂ ਨੇ ਵੀਡੀਓ ਵਿੱਚ ਹੋਰ ਕੀ ਕਿਹਾ
ਵੀਡੀਓ ਵਿੱਚ ਨਵਜੋਤ ਸਿੱਧੂ ਨੇ ਅੱਗੇ ਕਿਹਾ, "ਜਦੋਂ ਵੀ ਦਰਬਾਰ ਸਾਹਿਬ ਜਾਂਦਾ ਹਾਂ ਤੇ ਬਾਹਰ ਆਉਂਦਾ ਹਾਂ ਤਾਂ ਦੇਖਦਾ ਹਾਂ ਕਿ ਧਰਮ ਦੀ ਵਿਜੇ ਪਤਾਕਾ ਹੈ। ਫਿਰ ਦੇਖਦਾ ਹਾਂ ਕਿ ਧਰਮ ਦਾ ਝੂਠ ਦਾ ਝੰਡਾ ਸਭ ਤੋਂ ਉੱਚਾ ਹੈ। ਮੇਰਾ ਧਰਮ ਤਾਂ ਇੱਕੋ ਹੀ ਹੈ- ਮੇਰਾ ਰੱਬ ਤੁਸੀਂ ਹੋ, ਪੰਜਾਬ ਦੇ ਭਲੇ ਵਿੱਚ ਮੇਰਾ ਭਲਾ। ਪੰਜਾਬ ਦੇ ਕਲਿਆਣ ਵਿੱਚ ਹੀ ਸਭ ਦਾ ਭਲਾ ਹੈ।"
"ਇਹ ਧਰਮ ਯੁੱਧ ਪੰਜਾਬ ਦੀ ਸਦਗਤੀ ਵੱਲ ਲੈ ਕੇ ਜਾਂਦਾ ਹੈ। ਪਹਿਲਾ ਰਾਹ ਉਹ ਹੈ ਜੋ ਪੰਜਾਬ ਤੇ ਬੋਝ ਪਾਉਂਦੀ ਹੈ, ਬਰਬਾਦੀ ਵੱਲ ਲੈ ਕੇ ਜਾਂਦੀ ਹੈ ਤੇ ਲੱਖਾਂ-ਕਰੋੜਾਂ ਦਾ ਕਰਜ਼ਾ ਪਾਉਂਦੀ। ਦੂਜਾ ਰਾਹ ਉਹ ਹੈ ਜੋ ਪੰਜਾਬ ਨੂੰ ਸੰਪੰਨ ਬਣਾਉਂਦਾ ਹੈ, ਪੰਜਾਬ ਨੂੰ ਆਤਮ-ਨਿਰਭਰ ਬਣਾਉਂਦਾ ਹੈ।"
ਲੋਕਾਂ ਨੂੰ ਇੱਕਜੁੱਟ ਹੋਣ ਲਈ ਕਿਹਾ
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਨਵਜੋਤ ਸਿੱਧੂ ਨੇ ਅਪੀਲ ਕੀਤੀ, "ਪੰਜਾਬ ਦੇ ਉਹ ਲੋਕੋ ਇੱਕ-ਮੁੱਠ ਹੋ ਜਾਓ, ਆਪਣੀ ਮਾਤਰ-ਭੂਮੀ ਲਈ ਇੱਕਮੁੱਠ ਹੋ ਜਾਓ। ਛੋਟੇ-ਛੋਟੇ ਤਿਣਕੇ ਜੇ ਇਕੱਠੇ ਹੋ ਜਾਣ ਤਾਂ ਛੱਪੜ ਬਣਕੇ ਮੂਸਲਾਧਾਰ ਬਾਰਿਸ਼ ਰੋਕ ਦਿੰਦੇ ਹਨ। ਛੋਟੀਆਂ-ਛੋਟੀਆਂ ਘਾਹ ਦੀਆਂ ਪੱਤੀਆਂ ਗੂਥ ਲਓ ਤਾਂ ਰੱਸੀ ਬਣਾ ਕੇ ਮਤਵਾਲਾ ਹਾਥੀ ਬੰਨ੍ਹ ਲਓ, ਇੰਨੀ ਤਾਕਤ ਹੈ। ਇਹ ਉੰਗਲਾ ਜਦੋਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ 100 ਗੁਣਾ ਬੋਝ ਚੁੱਕ ਲੈਂਦੀਆਂ ਹਨ।"
ਨਵਜੋਤ ਸਿੰਘ ਸਿੱਧੂ ਨੇ ਆਪਣੇ ਧਰਮ ਯੁੱਧ ਦਾ ਟੀਚਾ ਵੀ ਦੱਸਿਆ।
ਇਹ ਵੀ ਪੜ੍ਹੋ:
- ਮਾਰਚ ਮਹੀਨੇ ''ਚ ਗੜੇਮਾਰੀ ਦੀ ਵਜ੍ਹਾ, ਤੁਹਾਡੀ ਜੇਬ ''ਤੇ ਅਸਰ ਅਤੇ ਅੱਗੇ ਦੀਆਂ ਮੁਸ਼ਕਲਾਂ ਜਾਣੋ
- ''ਸਿੱਧੂ ਨੇ ਮਨ ਬਣਾ ਲਿਆ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ''
- ਜੇਕਰ ਸਿੱਧੂ ਗਏ ਤਾਂ ਕਿਸ ਨੂੰ ਮਿਲੇਗਾ ਸਕੂਨ?
"ਜਦੋਂ ਵੀ ਕੋਈ ਯੋਧਾ ਸੱਚ ਦੀ ਲੜਾਈ ਲੜਦਾ ਤੇ ਪਹਿਲਾ ਕਦਮ ਇਸ ਯੁੱਧ ਵਿੱਚ ਧਰਦਾ ਹੈ ਫਿਰ ਉਹ ਸਾਰੇ ਰਿਸ਼ਤੇ-ਨਾਤੇ ਪਿਛੇ ਛੱਡ ਕੇ ਆਉਂਦਾ ਹੈ। ਜੀਵਨ ਦਾ ਮੋਹ ਵੀ ਉਸ ਦੇ ਨਾਲ ਨਹੀਂ ਚੱਲਦਾ। ਇੱਕ ਯੋਗੀ ਵਾਂਗ ਸਾਰੇ ਬੰਧਣ ਕੱਟ ਕੇ ਸੱਚ ਦੀ ਰਾਹ ਵੱਲ ਅੱਗੇ ਵੱਧਦਾ ਹੈ।"
"ਲਕਸ਼ ਹੈ ਜਿੱਤੇਗਾ ਪੰਜਾਬ, ਕਰਜ਼ਾ-ਮੁਕਤ ਹੋਵੇਗਾ ਪੰਜਾਬ, ਨੀਤੀ-ਬੱਧ, ਯੋਜਨਾਬੱਧ ਤਰੀਕੇ ਨਾਲ ਉੱਠੇਗਾ ਪੰਜਾਬ। ਉਹ ਰਾਹ ਜੋ ਪੰਜਾਬ ਦੀ ਸੰਪਨਤਾ, ਆਤਮ-ਨਿਰਭਰਤਾ, ਪੰਜਾਬ ਦੀ ਸਦਗਤੀ ਬਣ ਜਾਂਦੀ ਹੈ। ਇਸੇ ਦਾ ਮੈਂ ਆਹਵਾਨ ਕਰਦਾ ਹਾਂ। ਲੜਾਈ ਵਿਚਾਰਧਾਰਾ ਦੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ। ਅਤੀ ਹੋ ਗਈ- ਅਤਿ ਖੁਦਾ ਦਾ ਵੈਰ।"
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Eb-QVDSc7a4
https://www.youtube.com/watch?v=Ci3FiT46KH4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)