Delhi Violence: ''''1984 ਮੈਂ ਅੱਖਾਂ ਨਾਲ ਦੇਖਿਆ ਸੀ, ਮੁੜ ਉਹੀ ਮੰਜ਼ਰ ਸੀ ਤੇ ਉਹੀ ਮਾਹੌਲ'''' - ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਰਹਿੰਦੇ ਪੰਜਾਬੀਆਂ ਦਾ ਹਾਲ

02/27/2020 8:25:55 AM

ਦਿੱਲੀ ਹਿੰਸਾ
Getty Images
ਦਿੱਲੀ ਦੰਗਿਆਂ ਨੇ ਇੱਕ ਵਾਰ ਮੁੜ ਘੱਟ ਗਿਣਤੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

"1984 ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਉਹ ਯਾਦਾਂ ਅੱਜ ਫਿਰ ਤਾਜ਼ਾ ਹੋ ਗਈਆਂ ਹਨ, ਉਹੀ ਮੰਜ਼ਰ, ਉਹੀ ਮਾਹੌਲ।"

ਇਹ ਕਹਿਣਾ ਹੈ ਮਹਿੰਦਰ ਸਿੰਘ ਦਾ ਜੋ ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਵਿੱਚ ਰਹਿੰਦੇ ਹਨ। ਉੱਤਰ-ਪੂਰਬੀ ਦਿੱਲੀ ਵਿੱਚ ਸਿੱਖਾਂ ਤੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਤਾਂ ਨਹੀਂ ਹੈ ਪਰ ਫਿਰ ਵੀ ਕੁਝ ਗਿਣਤੀ ਵਿੱਚ ਉਨ੍ਹਾਂ ਦੀ ਮੌਜੂਦਗੀ ਹੈ।

ਦਿੱਲੀ ਵਿੱਚ ਬੀਤੇ ਤਿੰਨ ਦਿਨਾਂ ਦਾ ਤਣਾਅਪੂਰਨ ਮਾਹੌਲ ਮਹਿੰਦਰ ਸਿੰਘ ਲਈ ਕਾਫੀ ਮੁਸ਼ਕਿਲਾਂ ਭਰਿਆ ਰਿਹਾ।

ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਬੀਤੇ ਤਿੰਨ ਦਿਨਾਂ ਤੋਂ ਵੱਡੇ ਪੱਧਰ ''ਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਾਫ਼ੀ ਵੱਡਾ ਮਾਲੀ ਨੁਕਸਾਨ ਵੀ ਹੋਇਆ ਹੈ।

ਇਹ ਵੀ ਪੜ੍ਹੋ:

ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਗੋਕੁਲਪੁਰੀ, ਭਜਨਪੁਰਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਗਜ਼ਨੀ ਤੇ ਪੱਥਰਾਅ ਦੀਆਂ ਕਈ ਘਟਨਾਵਾਂ ਹੋਈਆਂ ਹਨ।

ਮਹਿੰਦਰ ਸਿੰਘ ਇਲੈਕਟ੍ਰੋਨਿਕਸ ਅਪਲਾਈਂਸਿਸ ਤੇ ਮੋਬਾਈਲ ਦੀ ਦੁਕਾਨ ਦੇ ਮਾਲਿਕ ਹਨ। ਸਿੱਖ ਭਾਈਚਾਰੇ ਵਿੱਚ ਵੀ ਮਹਿੰਦਰ ਕਾਫੀ ਐਕਟਿਵ ਹਨ। ਉਹ ਨਾਰਥ-ਈਸਟ ਦਿੱਲੀ ਦੇ 40 ਗੁਰਦੁਆਰਿਆਂ ਦੀ ਜਥੇਬੰਦੀ ਦੇ ਮੈਂਬਰ ਵੀ ਹਨ।

ਪਰਿਵਾਰ ਨੂੰ ਇਲਾਕੇ ਤੋਂ ਦੂਰ ਭੇਜਿਆ

ਮਹਿੰਦਰ ਸਿੰਘ ਨੇ ਦੱਸਿਆ, "ਸਾਡੇ ਇਲਾਕੇ ਵਿੱਚ ਹਾਲਾਤ ਕਾਫੀ ਤਣਾਅਪੂਰਨ ਹਨ। ਬੀਤੇ ਤਿੰਨ ਦਿਨਾਂ ਤੋਂ ਬਾਜ਼ਾਰ ਬੰਦ ਹਨ। ਸਾਡੇ ਇਲਾਕੇ ਵਿੱਚ ਜਾਨੀ ਨੁਕਸਾਨ ਦੀ ਖ਼ਬਰ ਤਾਂ ਨਹੀਂ ਹੈ ਪਰ ਮਾਲੀ ਨੁਕਸਾਨ ਕਾਫ਼ੀ ਹੋਇਆ ਹੈ।

ਜਦੋਂ ਮਹਿੰਦਰ ਤੋਂ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਸਾਮਾਨ ਦੀ ਰਾਖੀ ਲਈ ਕੀ ਕੀਤਾ, ਤਾਂ ਉਨ੍ਹਾਂ ਨੇ ਕਿਹਾ, "ਸਾਡੀ ਦੁਕਾਨ ਵਿੱਚ ਕਾਫੀ ਸਾਮਾਨ ਭਰਿਆ ਹੋਇਆ ਹੈ ਇਸ ਲਈ ਸਾਨੂੰ ਉਸ ਦੀ ਰਾਖੀ ਲਈ ਨਿਗਰਾਨੀ ਰੱਖਣੀ ਪੈ ਰਹੀ ਹੈ। ਪਰ ਅਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂਵਾਂ ''ਤੇ ਪਹੁੰਚਾ ਦਿੱਤਾ ਹੈ। ਦੁਕਾਨ ਤੋਂ ਕੁਝ ਛੋਟਾ-ਮੋਟਾ ਸਾਮਾਨ ਅਸੀਂ ਹਟਾ ਰਹੇ ਹਾਂ।"

ਦਿੱਲੀ ਦੀ ਹਿੰਸਾ ਦੀ ਤਸਵੀਰ
EPA
ਦਿੱਲੀ ਵਿੱਚ ਹਿੰਸਾ ਦੌਰਾਨ ਵੱਡੇ ਮਾਲੀ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ

"ਸਾਡੇ ਗੁਆਂਢ ਵਿੱਚ ਕੁਝ ਮੁਸਲਮਾਨ ਭਰਾ ਰਹਿ ਰਹੇ ਸਨ। ਉਨ੍ਹਾਂ ਦੇ ਮਕਾਨ ਸਾੜ ਦਿੱਤੇ ਗਏ ਹਨ। ਇੱਕ ਮਕਾਨ ਵਿੱਚ ਤਾਂ 10-12 ਗੈਸ ਦੇ ਸਿਲੰਡਰ ਸਨ ਪਰ ਰੱਬ ਦਾ ਸ਼ੁੱਕਰ ਕਿ ਉਨ੍ਹਾਂ ਵਿੱਚ ਧਮਾਕਾ ਨਹੀਂ ਹੋਇਆ, ਨਹੀਂ ਤਾਂ ਆਲੇ-ਦੁਆਲੇ ਦੇ ਮਕਾਨਾਂ ਤੇ ਮਾਰਕਿਟ ਨੂੰ ਕਾਫੀ ਨੁਕਸਾਨ ਪਹੁੰਚਣਾ ਸੀ।"

ਜਦੋਂ ਮਹਿੰਦਰ ਸਿੰਘ ਤੋਂ ਇਸ ਤਣਾਅ ਦੇ ਸ਼ੁਰੂ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਜਿਸ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਆਏ ਸੀ ਬੱਸ ਉਸੇ ਦਿਨ ਤੋਂ ਹੀ ਇੱਥੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ।"

"ਸਾਨੂੰ ਉਮੀਦ ਸੀ ਕਿ ਟਰੰਪ ਦੇ ਜਾਣ ਮਗਰੋਂ ਸਾਡੇ ਇਲਾਕੇ ਵਿੱਚ ਕੋਈ ਫੋਰਸ ਤਾਇਨਾਤ ਕੀਤੀ ਜਾਵੇਗੀ। ਅਸੀਂ ਥਾਣੇ ਵਿੱਚ ਐੱਸਐੱਚਓ ਨੂੰ ਮਿਲ ਕੇ ਫੋਰਸ ਲਈ ਗੁਹਾਰ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਸਾਡੇ ਕੋਲ ਘੱਟ ਫੋਰਸ ਹੈ।"

"ਜਦੋਂ ਪ੍ਰਸ਼ਾਸਨ ਦੀ ਕਾਲ ਪਹੁੰਚਦੀ ਹੈ ਤਾਂ ਥੋੜ੍ਹੀ ਦੇਰ ਲਈ ਸੀਆਰਪੀਐੱਫ ਦੀ ਬਟਾਲਈਨ ਸਾਡੇ ਇਲਾਕੇ ਵਿੱਚ ਆਉਂਦੀ ਸੀ। ਉਨ੍ਹਾਂ ਦੀ ਮੌਜੂਦਗੀ ਵਿੱਚ ਦੰਗਾਈ ਲੋਕ ਭੱਜ ਜਾਂਦੇ ਸਨ। ਬਟਲਾਈਨ ਨੂੰ ਜਦੋਂ ਦੂਜੇ ਪਾਸਿਓਂ ਕਾਲ ਆਉਂਦੀ ਸੀ ਤਾਂ ਉਹ ਉੱਥੇ ਚੱਲੀ ਜਾਂਦੀ ਸੀ ਤੇ ਦੰਗਾਈ ਫਿਰ ਆ ਜਾਂਦੇ ਸਨ।"

ਇਹ ਵੀ ਪੜ੍ਹੋ:

ਜਦੋਂ ਮਹਿੰਦਰ ਸਿੰਘ ਤੋਂ ਅਸੀਂ ਦੰਗਾਈ ਲੋਕਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ।

ਫਿਰ ਉਨ੍ਹਾਂ ਨੇ ਦੱਸਿਆ, "ਉਹ ਹੱਥਾਂ ਵਿੱਚ ਹਥਿਆਰ ਲਏ, ਧਾਰਮਿਕ ਨਾਅਰੇ ਲਗਾਉਂਦੇ ਹੋਏ ਸਾਰੀ ਰਾਤ ਸੜਕਾਂ ''ਤੇ ਘੁੰਮ ਕੇ ਮਾਹੌਲ ਖਰਾਬ ਕਰ ਰਹੇ ਸਨ। ਉਨ੍ਹਾਂ ਦੇ ਸਾਡੇ ਗੁਆਂਢੀਆਂ ਦੀਆਂ ਦੁਕਾਨਾਂ ਦੇ ਸ਼ਟਰ ਸਾਡੇ ਸਾਹਮਣੇ ਤੋੜੇ ਤੇ ਲੁੱਟਪਾਟ ਕੀਤੀ ਅਤੇ ਫ਼ਿਰ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਸੀ।"

ਫਾਇਰ ਬ੍ਰਿਗੇਡ
Getty Images
ਭੀੜ ਨੇ ਹਿੰਸਾ ਦੌਰਾਨ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ

"ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਾਮਾਨ ਕੱਢਣ ਤੋਂ ਬਾਅਦ ਦੁਕਾਨ ਨੂੰ ਅੱਗ ਨਾ ਲਗਾਓ ਕਿਉਂਕਿ ਉਸ ਨਾਲ ਕਈ ਦੁਕਾਨਾਂ ਨੂੰ ਖ਼ਤਰਾ ਹੈ ਪਰ ਉਨ੍ਹਾਂ ਨਾਲ ਅਸੀਂ ਉਲਝਣਾ ਠੀਕ ਨਹੀਂ ਸਮਝਿਆ।"

1984 ਵੇਲੇ ਦੇ ਸਿੱਖ ਕਤਲੇਆਮ ਨੂੰ ਯਾਦ ਕਰਦਿਆਂ ਮਹਿੰਦਰ ਸਿੰਘ ਨੇ ਕਿਹਾ, "1984 ਵੇਲੇ ਸਿੱਖ ਭਾਈਚਾਰਾ ਖਿੰਡਿਆ ਹੋਇਆ ਸੀ ਤੇ ਇਸ ਵੇਲੇ ਮੁਸਲਮਾਨ ਭਾਈਚਾਰਾ ਇੱਕ ਹੈ ਜਿਸ ਕਰਕੇ ਉਹ ਆਪਣਾ ਕਾਫੀ ਹੱਦ ਤੱਕ ਬਚਾਅ ਕਰਨ ਵਿੱਚ ਕਾਮਯਾਬ ਹੋਏ ਹਨ।"

''ਦੁੱਧ-ਦਹੀ ਮਿਲਣਾ ਮੁਸ਼ਕਿਲ ਹੋਇਆ''

ਗਗਨਦੀਪ ਸਿੰਘ ਮੌਜਪੁਰ ਤੋਂ ਕੁਝ ਦੂਰੀ ''ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ ਕਾਫੀ ਤਣਾਅਪੂਰਨ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਦੱਸਿਆ, "ਸਾਡੇ ਇਲਾਕੇ ਵਿੱਚ ਕਾਫੀ ਹਿੰਸਾ ਹੋਈ ਸੀ। ਪੁਲਿਸ ਦੇ ਸਾਹਮਣੇ ਹੀ ਲੋਕ ਸੜਕ ''ਤੇ ਰੱਖੇ ਗਮਲਿਆਂ ਨੂੰ ਤੋੜ ਕੇ ਪੱਥਰ ਇਕੱਠੇ ਕਰ ਰਹੇ ਸਨ। ਅੱਗਜ਼ਨੀ ਦੀਆਂ ਘਟਨਾਵਾਂ ਵੀ ਹੋਈਆਂ ਸਨ।"

ਦਿੱਲੀ ਹਿੰਸਾ
Getty Images

"ਤਿੰਨ ਦਿਨਾਂ ਤੋਂ ਸਾਰੀਆਂ ਦੁਕਾਨਾਂ ਬੰਦ ਹਨ। ਦੁੱਧ ਦਾ ਇੱਕ ਪੈਕਟ ਵੀ ਨਹੀਂ ਮਿਲ ਰਿਹਾ ਹੈ। ਸਾਨੂੰ ਦੋ ਕਿਲੋਮੀਟਰ ਜਾ ਕੇ ਦੁੱਧ ਤੇ ਹੋਰ ਜ਼ਰੂਰੀ ਸਮਾਨ ਲਿਆਉਣਾ ਪੈ ਰਿਹਾ ਹੈ।"

ਪੁਲਿਸ ਦੀ ਤਾਇਨਾਤੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਮੰਗਲਵਾਰ ਸ਼ਾਮ ਤੋਂ ਬਾਅਦ ਲਗ ਰਿਹਾ ਹੈ ਕਿ ਪੁਲਿਸ ਨੇ ਕੋਈ ਕੰਟਰੋਲ ਕੀਤਾ ਹੈ। ਉਸ ਤੋਂ ਪਹਿਲਾਂ ਤਾਂ ਜਿੱਥੇ 50 ਬੰਦੇ ਦੰਗਾ ਕਰ ਰਹੇ ਹੁੰਦੇ ਸੀ ਤਾਂ ਉੱਥੇ 2 ਜਾਂ 3 ਪੁਲਿਸ ਵਾਲੇ ਖੜ੍ਹੇ ਹੁੰਦੇ ਸੀ"

ਗਗਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਾਲੇ ਬੀਤੇ ਦੋ ਦਿਨਾਂ ਤੋਂ ਸਵੇਰੇ ਪੰਜ ਵਜੇ ਤੱਕ ਇਲਾਕੇ ਵਿੱਚ ਪਹਿਰਾ ਵੀ ਲਗਾਉਂਦੇ ਸਨ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ।

''ਸਭ ਡਰੇ ਹੋਏ ਹਨ, ਕੀ ਅੱਗੇ ਕੀ ਹੋਣਾ''

ਗੁਰਿੰਦਰਪਾਲ ਸਿੰਘ ਸੀਲਮਪੁਰ ਵਿੱਚ ਰਹਿੰਦੇ ਹਨ ਤੇ ਇੱਕ ਬੀਮਾ ਕੰਪਨੀ ਵਿੱਚ ਕੰਮ ਕਰਦੇ ਹਨ।

ਸੋਮਵਾਰ ਤੇ ਮੰਗਲਵਾਰ ਦੇ ਮਾਹੌਲ ਬਾਰੇ ਦੱਸਦਿਆਂ ਉਨ੍ਹਾਂ ਕਿਹਾ, "ਬੀਤੇ ਦੋ ਦਿਨਾਂ ਤੋਂ ਡਰ ਦੇ ਕਾਰਨ ਸਾਡੇ ਪਰਿਵਾਰ ਦੇ ਸਾਰੇ ਲੋਕ ਘਰ ਵਿੱਚ ਹੀ ਰਹੇ ਸਨ। ਮੈਂ ਵੀ ਤਿੰਨ ਦਿਨਾਂ ਤੋਂ ਦਫ਼ਤਰ ਨਹੀਂ ਗਿਆ। ਮੇਰੇ ਤਿੰਨੋ ਪੁੱਤਰ ਵੀ ਘਰ ਦੇ ਅੰਦਰ ਹੀ ਰਹੇ ਸਨ। ਬੀਤੇ ਦੋ ਦਿਨਾਂ ਵਿੱਚ ਸਾਡੀ ਘਰ ਦੇ ਨਾਲ ਲਗਦੀ ਮੇਨ ਸੜਕ ''ਤੇ ਕਾਫੀ ਪੱਥਰਾਅ ਹੋਇਆ ਸੀ।"

"ਸਾਨੂੰ ਆਪਣੇ ਸਾਰੇ ਕੰਮਾਂ ਲਈ ਜਾਫ਼ਰਾਬਾਦ ਦੇ ਰੋਡ ''ਚੋਂ ਲੰਘਣਾ ਹੁੰਦਾ ਹੈ ਪਰ ਮੌਜੂਦਾ ਮਾਹੌਲ ਵਿੱਚ ਅਸੀਂ ਉਸ ਰੋਡ ''ਤੇ ਨਹੀਂ ਜਾ ਰਹੇ ਹਾਂ।"

ਦਿੱਲੀ ਹਿੰਸਾ
BBC
ਕਈ ਵਾਰ ਹਿੰਸਾ ਕਰਨ ਵਾਲਿਆਂ ਅੱਗੇ ਪੁਲਿਸ ਦੀ ਗਿਣਤੀ ਕਾਫੀ ਥੋੜ੍ਹੀ ਨਜ਼ਰ ਆਈ

ਜਦੋਂ ਗੁਰਿੰਦਰਪਾਲ ਨੂੰ ਆਲੇ-ਦੁਆਲੇ ਰਹਿੰਦੇ ਮੁਸਲਮਾਨ ਭਾਈਚਰੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਸਾਰੇ ਡਰੇ ਹੋਏ ਹਨ ਕਿ ਇੱਥੇ ਕੀ ਹੋਣਾ ਹੈ ਜਾਂ ਕੀ ਨਹੀਂ ਹੋਣਾ ਹੈ। ਸਾਡੀ ਗਲੀ ਵਿੱਚ ਰਹਿਣ ਵਾਲਾ ਕੋਈ ਵਿਅਕਤੀ ਲੜਨ ਵਾਲਾ ਨਹੀਂ ਹੈ। ਸਾਡੇ ਮੁਹੱਲੇ ਵਿੱਚ ਕੋਈ ਬਾਹਰ ਵਾਲਾ ਸ਼ਖਸ ਨਹੀਂ ਆ ਸਕਦਾ ਹੈ। ਅਸੀਂ ਗਲੀ ਵਿੱਚ ਪਹਿਰਾ ਦਿੰਦੇ ਹਾਂ।"

ਗੁਰਿੰਦਰਪਾਲ ਸਿੰਘ ਆਪਣੇ ਇਲਾਕੇ ਵਿੱਚ ਸਥਿਤ ਗੁਰਦੁਆਰੇ ਦੇ ਜਨਰਲ ਸਕੱਤਰ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦੋ ਦਿਨਾਂ ਵਿੱਚ ਕਾਫੀ ਘੱਟ ਲੋਕ ਗੁਰਦੁਆਰੇ ਪਹੁੰਚ ਰਹੇ ਹਨ।

ਬਾਕੀ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਇਲਾਕੇ ਵਿੱਚ ਰਹਿੰਦੇ ਹੋਰ ਲੋਕਾਂ ਨੇ ਖਾਣ-ਪੀਣ ਦਾ ਸਾਮਾਨ ਘਰਾਂ ਵਿੱਚ ਸਟੋਰ ਕਰ ਲਿਆ ਸੀ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=i3OmFubdI4Y

https://www.youtube.com/watch?v=HmMKBOmLUJ0

https://www.youtube.com/watch?v=01NuCgc-qM8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News