ਦਿੱਲੀ ਦੇ ਦੰਗਾਈਆਂ ਵਿਚਾਲੇ ਬਿਤਾਏ ਉਹ 5 ਖੌਫ਼ਨਾਕ ਘੰਟੇ...
Wednesday, Feb 26, 2020 - 11:40 AM (IST)


ਥਾਂ- ਖਜੂਰੀ ਖਾਸ, ਉੱਤਰ-ਪੂਰਬੀ ਦਿੱਲੀ, ਸਮਾਂ- ਦੁਪਹਿਹ 1 ਵਜੇ, ਜਦੋਂ ਮੈਂ ਇੱਥੇ ਪਹੁੰਚਿਆ ਤਾਂ ਨੌਜਵਾਨਾਂ ਦਾ ਇੱਕ ਹਜੂਮ ਪੱਥਰ ਇਕੱਠੇ ਕਰ ਰਿਹਾ ਸੀ।
ਉੱਚੀ-ਉੱਚੀ ਧਾਰਮਿਕ ਜੈਕਾਰਿਆਂ ਦੇ ਨਾਲ ਨਾਲ ਹਿੰਦੂਆਂ ਦੀ ਰੱਖਿਆ ਕਰਨ ਦੇ ਨਾਅਰੇ ਲੱਗ ਰਹੇ ਸਨ। ਮੈਂ ਜਿੱਥੇ ਫਲਾਇਓਵਰ ਉੱਤੇ ਖੜਾ ਸੀ, ਉਸ ਦੇ ਖੱਬੇ ਪਾਸੇ ਘੱਟ ਗਿਣਤੀ ਵਸੋਂ ਵਾਲਾ ਖਜ਼ੂਰੀ ਕੱਚੀ ਵਾਲਾ ਇਲਾਕਾ ਸੀ ਅਤੇ ਸੱਜੇ ਪਾਸੇ ਬਹੁਗਿਣਤੀ ਦੀ ਵਸੋਂ ਵਾਲਾ ਖਜ਼ੂਰੀ ਖਾਸ।
ਮੈਂ ਫਲਾਈਓਵਰ ਦੇ ਉੱਪਰੋ ਨੌਜਵਾਨਾਂ ਦੀਆਂ ਹਰਕਤਾਂ ਦੇਖ ਸਕਦਾ ਸੀ ਤੇ ਉਨ੍ਹਾਂ ਦੇ ਨਾਅਰੇ ਸਾਫ਼ ਸਾਫ਼ ਸੁਣ ਸਕਦਾ ਸੀ।
ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕਿਸ ਲਈ ਤਿਆਰੀ ਕੀਤੀ ਜਾ ਰਹੀ ਹੈ। ਜਿਵੇਂ ਹੀ ਘੜੀ ਉੱਤੇ 2 ਵੱਜੇ, ਪੱਥਰ ਇਕੱਠੇ ਕਰ ਰਹੇ ਟੋਲੇ ਵਿਚੋਂ 200 ਮੀਟਰ ਪਰ੍ਹੇ ਅਬਾਦੀ ਵੱਲ ਇੱਕ ਪੱਥਰ ਸੁੱਟਿਆ ਗਿਆ ਤੇ ਫਿਰ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ।
ਭੀੜ ਲੋਹੇ ਦੀਆਂ ਰਾਡਾਂ ਅਤੇ ਪੱਥਰ ਲੈ ਕੇ ਇੱਕ ਦੂਜੇ ਵੱਲ ਇੰਝ ਭੱਜੀ ਜਿਵੇਂ ਮੁਕਾਬਲਾ ਹੋ ਰਿਹਾ ਹੋਵੇ ਕਿ ਕੌਣ ਕਿੰਨੇ ਬੰਦਿਆਂ ਨੂੰ ਫੱਟੜ ਕਰੇਗਾ।
ਦੋ ਚਾਰ ਪੁਲਿਸ ਵਾਲੇ ਜੋ ਦਿਖ ਰਹੇ ਸਨ ਕੁਝ ਦੇਰ ਲਈ ਉਨ੍ਹਾਂ ਦਾ ਵੀ ਅਤਾ-ਪਤਾ ਨਹੀਂ ਲੱਗਿਆ।
ਖਜੂਰੀ ਕੱਚੀ ਤੋਂ 40-50 ਲੋਕਾਂ ਦੀ ਇੱਕ ਭੀੜ ਪੱਥਰਬਾਜ਼ੀ ਕਰਦੀ ਹੋਈ ਵਸੋਂ ਵਾਲੇ ਇਲਾਕੇ ਤੋਂ ਬਾਹਰ ਆਈ ਅਤੇ ਦੂਜੇ ਪਾਸਿਓਂ ਪਹਿਲਾਂ ਤੋਂ ਹੀ ਤਿਆਰ ਭੀੜ ''ਜਵਾਬ'' ਦੇਣ ਲਈ ਅੱਗੇ ਵਧੀ।
ਇੱਟਾਂ-ਪੱਥਰਾ ਦੇ ਨਾਲ-ਨਾਲ ਇੱਕ ਦੂਜੇ ਲਈ ਭੱਦੀਆਂ ਗਾਲਾਂ ਵੀ ਹਵਾ ਵਿੱਚ ਉੱਛਲ ਰਹੀਆਂ ਸਨ।
ਬੇਰਹਿਮੀ ਨਾਲ ਨੌਜਵਾਨ ਦੀ ਕੁੱਟਮਾਰ
ਅਚਾਨਕ ਖਜੂਰੀ ਕੱਚੀ ਇਲਾਕੇ ਦਾ ਇੱਕ ਪ੍ਰਦਰਸ਼ਨਕਾਰੀ ਨੌਜਵਾਨ ਡਿੱਗ ਪਿਆ।
ਉਸਦੇ ਡਿੱਗਣ ਦੀ ਦੇਰੀ ਹੀ ਸੀ ਕਿ ਦੂਜੇ ਪਾਸਿਓਂ ਪਹੁੰਚੇ ਰਾਡਾਂ ਨਾਲ ਲੈਸ ਨੌਜਵਾਨਾਂ ਨੇ ਬੇਰਹਿਮੀ ਨਾਲ ਉਸ ''ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਸੇ ਦੌਰਾਨ ਕੁਝ ਪੁਲਿਸ ਵਾਲੇ ਪਹੁੰਚੇ ਅਤੇ ਹਮਲਾਵਰ ਮੁੰਡੇ ਉੱਥੋਂ ਭੱਜ ਗਏ। ਸੜਕ ''ਤੇ ਬੁਰੀ ਤਰ੍ਹਾਂ ਜ਼ਖਮੀ ਨੌਜਵਾਨ ਬਿਨਾਂ ਕਿਸੇ ਹਰਕਤ ਦੇ ਪਿਆ ਸੀ।
ਕੁਝ ਪਲਾਂ ਬਾਅਦ ਦੂਜੇ ਪਾਸਿਓਂ (ਖਜੂਰੀ ਕੱਚੀ) ਭੀੜ ਆਈ ਅਤੇ ਉਸ ਨੂੰ ਚੁੱਕ ਕੇ ਲੈ ਗਈ।
ਇਹ ਵੀ ਪੜੋ
- ਦਿੱਲੀ ਦੰਗੇ: ਮੁਸਲਿਮ ਅਤੇ ਹਿੰਦੂ ਆਬਾਦੀ ਵਿਚਾਲੇ ਪੱਥਰਬਾਜ਼ੀ
- ਦਿੱਲੀ ਦਾ ਮਾਹੌਲ: ''ਮੈਨੂੰ ਰਾਡਾਂ ਨਾਲ ਕੁੱਟਿਆ ਤੇ ਅੱਗ ਵਿੱਚ ਸੁੱਟ ਦਿੱਤਾ''
- Delhi Violence: ਜਾਫ਼ਰਾਬਾਦ ਤੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਹਟਾਇਆ ਗਿਆ, ਕਈ ਥਾਵਾਂ ''ਤੇ ਹਜੂਮੀ ਹਿੰਸਾ

ਮੇਰੇ ਤੋਂ ਕੁਝ ਦੂਰੀ ਤੇ ਹੀ ਫਲਾਈਓਵਰ ਉੱਪਰ ਖੜੇ ਕੁਝ ਮੁੰਡੇ ਭੱਦੀ ਸ਼ਬਦਾਵਲੀ ਦਾ ਇਸਤੇਾਲ ਕਰਦਿਆਂ ਕਹਿਣ ਲੱਗੇ ''ਦੇਖਿਆ ਕਿਵੇਂ ਭੰਨਿਆ ਉਸ ਨੂੰ.....।''
ਅਚਾਨਕ ਇੱਕ ਨੌਜਵਾਨ ਹੌਲੀ ਜਿਹੀ ਕਹਿੰਦਾ, ''''ਆਹ ਦੇਖ ਬਈ, ਆਹ ਤਿੰਨੇ ਮੁੰਡੇ ਜੋ ਮੋਟਰਸਾਈਕਲ ''ਤੇ ਬੈਠੇ ਨੇ ਉੱਧਰ ਦੇ ਲੱਗਦੇ ਨੇ।''''
ਉਸ ਦੇ ਸਾਥੀ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ, ''''ਉਏ..ਰੁਕੋ.. ਕਿੱਥੇ ਜਾ ਰਹੇ ਹੋ...ਆਪਣੇ ਨਾਂ ਦੱਸੋ।''''
ਅਚਾਨਕ ਚਾਰ ਪੰਜ ਜਾਣਿਆਂ ਨੇ ਉਹ ਮੋਟਰਸਾਈਕਲ ਘੇਰ ਲਿਆ। ਇੱਕ ਦੇ ਹੱਥ ਵਿੱਚ ਲੋਹੇ ਦਾ ਪਾਈਪ ਸੀ ਜੋ ਉਸ ਨੇ ਉਨ੍ਹਾਂ ''ਤੇ ਤਾਣ ਦਿੱਤੀ।
ਫਲਾਈਓਵਰ ''ਤੇ ਚੜ੍ਹੇ ਨੌਜਵਾਨ ਇਹ ਪੱਕਾ ਕਰਨ ਲਈ ਕਿ ਕਿਤੇ ਕੋਈ ਰਾਹਗੀਰ ਜਾਂ ਪੱਤਰਕਾਰ ਹਿੰਸਕ ਨੌਜਵਾਨਾਂ ਦੀ ਫੋਟੋ ਜਾਂ ਵੀਡੀਓ ਤਾਂ ਨਹੀਂ ਬਣਾ ਰਿਹਾ।
''''ਦਿਖਾਓ ਆਪਣਾ ਆਈ ਕਾਰਡ...ਕੀ ਲੈਣ ਆਏ ਓ ਇੱਧਰ...।'''' ਮੋਟਰਸਾਈਕਲ ਸਵਾਰ ਤਿੰਨੇ ਮੁੰਡਿਆਂ ਨੇ ਕਿਸੇ ਤਰ੍ਹਾਂ ਹੱਥ-ਪੈਰ ਜੋੜ ਕੇ ਉਨ੍ਹਾਂ ਤੋਂ ਖਹਿੜਾ ਛੁਡਾਇਆ।
ਇਸੇ ਦੌਰਾਨ ਕੁਝ ਹੋਰ ਪੁਲਿਸ ਫੋਰਸ ਪਹੁੰਚ ਗਈ। ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਲੱਗੇ। ਤਕਰੀਬਨ 200-300 ਮੀਟਰ ਦੀ ਦੂਰੀ ਤੋਂ ਫਾਇਰ ਕੀਤੇ ਜਾ ਰਹੇ ਅੱਥਰੂ ਗੈਸ ਦੇ ਗੋਲੇ ਕਾਰਨ ਸਾਡੀਆਂ ਅੱਖਾਂ ਵਿੱਚ ਵੀ ਜਲਣ ਹੋਣ ਲੱਗੀ।
ਭੀੜ ਦੀ ਮੈਨੇਜਮੈਂਟ ਕਰਦਾ ਉਹ ਸ਼ਖਸ...
ਮੈਂ ਹੇਠਾਂ ਵੱਲ ਦੇਖਿਆ ਕਿ ਭੀੜ ਤੋਂ ਥੋੜਾ ਹਟ ਕੇ ਫਲਾਈਓਵਰ ਦੇ ਹੇਠਾਂ ਕਾਫ਼ੀ ਦੇਰ ਤੋਂ ਪਜਾਮਾ ਟੀ-ਸ਼ਰਟ ਪਾਈ ਇੱਕ ਸ਼ਖਸ ਖਜੂਰੀ ਖਾਸ ਵਾਲੇ ਪਾਸੇ ਨੌਜਵਾਨਾਂ ਦੀ ਭੀੜ ਦਾ ਕੋਈ ਵੀਡੀਓ ਨਾ ਬਣਾਏ ਇਸ ਗੱਲ ਨੂੰ ਪੱਕਿਆਂ ਕਰ ਰਿਹਾ ਸੀ।
ਗੱਡੀਆਂ, ਸਕੂਟਰਾਂ ਅਤੇ ਮੋਟਰਸਾਈਕਲ ਵਾਲਿਆਂ ਨੂੰ ਜਾਂ ਤਾਂ ਉੱਥੋਂ ਉਲਟੇ ਪੈਰ ਮੋੜ ਦਿੰਦਾ ਸੀ ਜਾਂ ਉਨ੍ਹਾਂ ਨੂੰ ਸੁਰੱਖਿਅਤ ਰਸਤੇ ਬਾਰੇ ਦੱਸ ਕੇ ਭੇਜ ਰਿਹਾ ਸੀ।
ਇੰਝ ਜਾਪ ਰਿਹਾ ਸੀ ਜਿਵੇਂ ਉਸਦੀ ਡਿਊਟੀ ਇਹੀ ਸੀ ਕਿ ਹਥਿਆਰਾਂ ਨਾਲ ਲੈਸ ਭੀੜ ਨੂੰ ਕਿਸੇ ਤਰ੍ਹਾਂ ਦੀ ''ਡਿਸਟਰਬੈਂਸ'' ਨਾ ਹੋਵੇ।

ਉਸ ਸ਼ਖਸ ਦੀ ਨਜ਼ਰ ਅਚਾਨਕ ਮੇਰੇ ''ਤੇ ਪਈ। ਮੇਰੇ ਹੱਥ ਵਿੱਚ ਮੋਬਾਈਲ ਦੇਖ ਕੇ ਹੇਠਾਂ ਤੋਂ ਹੀ ਚੀਕਿਆ, ''''ਓਏ..ਕੈਮਰਾ ਬੰਦ ਕਰ...ਸਮਝਾ ਰਿਹਾ ਤੈਨੂੰ ਕੈਮਰਾ ਬੰਦ ਕਰ...''''
ਇੰਨੇ ਵਿੱਚ ਇੱਕ ਹੋਰ ਨਕਾਬਪੋਸ਼ ਘੱਟ ਉਮਰ ਦਾ ਮੁੰਡਾ ਹੇਠਾਂ ਤੋਂ ਹੀ ਡਾਂਗ ਦਿਖਾ ਕੇ ਕਹਿੰਦਾ ਕਿ ਜੇਕਰ ਉੱਪਰ ਆ ਗਏ ਤਾਂ ਖ਼ੈਰ ਨਹੀਂ...।
ਪੁਲਿਸ ਅਤੇ ਪੈਰਾ ਮਿਲਟਰੀ ਦੇ ਤਕਬੀਨ ਦੋ ਦਰਜਨ ਜਵਾਨਾਂ ਦੇ ਪਹੁੰਚਣ ਤੋਂ ਬਾਅਦ ਦੋਹਾਂ ਧਿਰਾਂ ਦੀ ਭੀੜ ਆਪੋ-ਆਪਣੇ ਮੁਹੱਲਿਆਂ ਅਤੇ ਘਰਾਂ ਵੱਲ ਵਾਪਸ ਜਾਣ ਲੱਗੀ।
ਕੁਝ ਦੇਰ ਸ਼ਾਂਤੀ ਰਹੀ। ਪਰ ਫਿਰ ਨਾਅਰੇਬਾਜ਼ੀ ਅਤੇ ਧਮਕੀਆਂ ਦੀਆਂ ਸੁਰਾਂ ਤੇਜ਼ ਹੋਣ ਲੱਗੀਆਂ।
ਹਾਲਾਤ ਇਹ ਸਨ ਕਿ ਸੁਰੱਖਿਆ ਬਲਾਂ ਵੱਲੋਂ ਭੀੜ ਵਿਚ ਵੜ ਕੇ ਲੋਕਾਂ ਨੂੰ ਖਿੰਡਾਉਣ ਦੀ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਸੀ। ਹਾਂ, ਘਟਨਾ ਵਾਲੀ ਥਾਂ ''ਤੇ ਐਂਬੂਲੈਂਸ ਜ਼ਰੂਰ ਬੁਲਾ ਲਈ ਗਈ ਸੀ।
https://www.youtube.com/watch?v=prUiqLcJsQ4
ਅਸੀ ਚਾਹੁੰਦੇ ਸੀ ਖਜੂਰੀ ਖਾਸ ਦੇ ਬਹੁ ਗਿਣਤੀ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਪਰ ਹਿੰਸਾ ਦੇ ਵਿਚਾਲੇ ਇਹ ਸੰਭਵ ਨਹੀਂ ਜਾਪ ਰਿਹਾ ਸੀ।
ਸਾਡੀ ਟੀਮ ਨੇ ਫੈਸਲਾ ਕੀਤਾ ਕਿ ਇੱਥੋਂ ਲਾਗੇ ਪੈਂਦੇ ਨਿਊ ਮੁਸਤਫ਼ਾਬਾਦ ਇਲਾਕੇ ਵਿੱਚ ਹਾਲਾਤ ਦੇਖਣ ਜਾਇਆ ਜਾਵੇ।
ਇਹ ਹਾਲਾਤ ਮੈਂ ਖਜੂਰੀ ਖਾਸ ਇਲਾਕੇ ਦੇ ਬਿਆਨ ਕੀਤੇ ਜਿੱਥੇ ਕਹਿਣ ਨੂੰ ਤਾਂ ਧਾਰਾ 144 ਲੱਗੀ ਹੋਈ ਸੀ।

ਨਿਊ ਮੁਸਤਫਾਬਾਦ ਇਲਾਕੇ ਦਾ ਹਾਲ
''ਹਿੰਦੁਸਤਾਨ ਕਿਸੇ ਕੇ ਬਾਪ ਕਾ ਥੋੜੇ ਹੈ...'' ਸ਼ਾਇਰ ਰਾਹਤ ਇੰਦੌਰੀ ਦੇ ਸ਼ੇਅਰ ਵਾਲਾ ਇਹ ਬੈਨਰ ਨਿਊ ਮੁਸਤਫਾਬਾਦ ਇਲਾਕੇ ਵਿੱਚ ਲੱਗੇ ਇੱਕ ਖਾਲੀ ਟੈਂਟ ਉੱਪਰ ਲੱਗਿਆ ਹੋਇਆ ਸੀ।
ਸਾਨੂੰ ਦੱਸਿਆ ਗਿਆ ਕਿ ਇਸ ਟੈਂਟ ਵਿੱਚ ਹਿੰਸਾ ਤੋਂ ਪਹਿਲਾਂ ਸਥਾਨਕ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਧਰਨਾ ਦੇ ਰਹੀਆਂ ਸਨ।

ਸੁੰਨਸਾਨ ਰੋਡ, ਸੜੇ ਹੋਏ ਵਾਹਨ ਅਤੇ ਨੁਕਸਾਨੀਆਂ ਦੁਕਾਨਾ ਵੱਲ ਮੇਰੀ ਨਜ਼ਰ ਗਈ ਹੀ ਸੀ ਕਿ ਨਿਊ ਮੁਸਤਫਾਬਾਦ ਦੇ ਅੰਦਰ ਜਾਂਦੀ ਸੜਕ ਤੋਂ ਗੁੱਸੇ ਵਿੱਚ ਭਰੇ ਕੁਝ ਨੌਜਵਾਨ ਆ ਗਏ ਜੋ ਘੱਟ ਗਿਣਤੀ ਭਾਈਚਾਰੇ ਦੇ ਜਾਪਦੇ ਸਨ।
ਸੜਕ ਦੇ ਦੂਜੇ ਪਾਸੇ ਛੱਤਾਂ ਉੱਪਰ ਖੜੇ ਨੌਜਵਾਨਾਂ ਵੱਲ ਅਪਸ਼ਬਦ ਕਹਿੰਦੇ ਹੋਏ ਉਨ੍ਹਾਂ ਨੂੰ ''ਦੇਖ ਲੈਣ'' ਦੀ ਧਮਕੀ ਦੇਣ ਲੱਗੇ।
''ਓਏ ਮੁੰਡਿਓ ਚਲੋ ਇੱਥੋਂ....ਨਾਲੇ ਉੱਧਰ ਉਂਗਲ ਨਹੀਂ ਕਰਨੀ...ਨੁਕਸਾਨ ਘੱਟ ਹੋਇਆ ਹੈ ,ਜੋ ਤੁਸੀਂ ਹੋਰ ਗੱਲ ਵਧਾਉਣੀ ਹੈ…।'' ਇਹ ਗੱਲ ਕੁਝ ਬਜ਼ੁਰਗ ਆਦਮੀਆਂ ਨੇ ਮੁੰਡਿਆਂ ਨੂੰ ਝਿੜਕਦਿਆਂ ਕਹੀ।
ਅਸੀਂ ਆਪਣੀ ਪਛਾਣ ਦੱਸੀ ਅਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਿੱਚੋਂ ਇੱਕ ਸ਼ਖਸ ਇੱਕ ਦੁਕਾਨ ਦੇ ਸ਼ਟਰ ਵਿੱਚ ਹੋਇਆ ਸੁਰਾਖ ਦਿਖਾਉਣ ਲੱਗਾ।

ਉਸਦਾ ਦਾਅਵਾ ਸੀ ਕਿ ਸ਼ਟਰ ਵਿੱਚ ਇਹ ਮੋਰੀ ਸੜਕ ਪਾਰ ਤੋਂ ਚਲਾਈ ਰਾਇਫਲ ਦੀ ਗੋਲੀ ਕਾਰਨ ਹੋਇਆ।
ਉਨ੍ਹਾਂ ਵਿੱਚੋਂ ਕਈ ਲੋਕ ਕਹਿਣ ਲੱਗੇ ''ਤੁਸੀਂ ਇੱਥੋਂ ਚਲੇ ਜਾਓ ਜਾਂ ਤਾਂ ਸਾਡੇ ਨਾਲ ਅੰਦਰ ਮੁਹੱਲਿਆਂ ਵਿੱਚ ਚੱਲੋ ਅਤੇ ਸਾਡੀ ਗੱਲ ਵੀ ਦੁਨੀਆਂ ਸਾਹਮਣੇ ਰੱਖੋ...ਇੱਥੇ ਖੜਨਾ ਖ਼ਤਰੇ ਤੋਂ ਖਾਲੀ ਨਹੀਂ ਹੈ।''
ਕੁਝ ਬੰਦਿਆਂ ਨਾਲ ਅਸੀਂ ਇਲਾਕੇ ਅੰਦਰ ਦਾਖਲ ਹੋਏ। ਹਰ ਗਲੀ ਮੋੜ ''ਤੇ ਝੁੰਡ ਬਣਾ ਕੇ ਲੋਹੇ ਦੀਆਂ ਰਾਡਾਂ, ਡੰਡਿਆਂ ਨਾਲ ਲੈਸ ਨੌਜਵਾਨ ਖੜੇ ਸਨ, ਉਨ੍ਹਾਂ ਵਿਚੋਂ ਕੁਝ ਨਕਾਬਪੋਸ਼ ਵੀ ਸਨ।
ਦੁਕਾਨਾਂ ਬੰਦ ਸਨ। ਘਰਾਂ ਦੇ ਜ਼ਿਆਦਾਤਰ ਦਰਵਾਜ਼ੇ ਬੰਦ ਸਨ। ਬੱਚੇ, ਔਰਤਾਂ ਅਤੇ ਬਜ਼ੁਰਗ ਘਰਾਂ ਅੰਦਰ ਸਨ ਅਤੇ ਨੌਜਵਾਨ ਬਾਹਰ।

ਅਸੀਂ ਪਹੁੰਚੇ ਦਾਨਿਸ਼ ਨਾਂ ਦੇ ਨੌਜਵਾਨ ਦੇ ਘਰ। ਦਾਨਿਸ਼ 24 ਤਰੀਕ ਨੂੰ ਹੋਈ ਹਿੰਸਾ ਵਿੱਚ ਜ਼ਖਮੀ ਹੋਇਆ ਹੈ। ਉਸ ਦੀ ਲੱਤ ''ਤੇ ਗੋਲੀ ਲੱਗੀ ਹੈ। ਇਲਾਜ ਜੀਟੀਬੀ ਹਸਪਤਾਲ ਵਿੱਚ ਜਾਰੀ ਹੈ।
''ਮੀਡੀਆ ਵਾਲੇ ਆਏ ਨੇ, ਬੁਲਾਓ ਦਾਨਿਸ਼ ਦੀ ਮਾਂ ਨੂੰ'' ਕਿਸੇ ਨੇ ਭੀੜ ਵਿੱਚੋਂ ਕਿਹਾ।
ਇਹ ਗੱਲ ਸੁਣਦੇ ਹੀ ਦਾਨਿਸ਼ ਦੀ ਮਾਂ ਇਸ਼ਰਤ ਬਾਹਰ ਆਈ ਅਤੇ ਕਹਿਣ ਲੱਗੀ, ''''ਮੇਰਾ ਮੁੰਡਾ ਹੈ ਉਹ..ਪੰਜ ਭੈਣਾ ਦਾ ਇੱਕੋ ਭਰਾ..ਮੈਂ ਤਾਂ ਮਾਂ ਹਾਂ.. ਕੀ ਕਰਾਂ ਦੱਸੋ।''''
ਦਾਨਿਸ਼ ਦੀ ਮਾਂ ਨੇ ਅੱਗੇ ਦੱਸਿਆ, ''''24 ਤਰੀਕ ਨੂੰ ਪਿਓ-ਪੁੱਤ ਭਜਨਪੁਰਾ ਗਏ ਸਨ ਜਮਾਤ ਵਿੱਚ, ਉਸ ਤੋਂ ਬਾਅਦ ਵਿਛੜ ਗਏ। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਦਾਨਿਸ਼ ਦੇ ਗੋਲੀ ਵੱਜੀ ਹੈ। ਪਹਿਲਾਂ ਤਾਂ ਸਥਾਨਕ ਹਸਪਤਾਲ ਵਿੱਚ ਲੈ ਗਏ ਬਾਅਦ ਵਿੱਚ ਜੀਟੀਬੀ ਲਿਜਾਣਾ ਪਿਆ।''''

ਪੁਲਿਸ ਕੋਲ ਕੋਈ ਸ਼ਿਕਾਇਤ ਕੀਤੀ ਤੁਸੀਂ, ਇਸ ਸਵਾਲ ਦੇ ਜਵਾਬ ਵਿੱਚ ਇਸ਼ਰਤ ਦਾ ਕਹਿਣਾ ਸੀ, ''''ਕੱਲ ਮੈਂ ਵੀ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ ਪੁਲਿਸ ਦੇਖਦੀ ਰਹੀ ਅਤੇ ਸਾਨੂੰ ਲੋਕ ਆ ਕੇ ਕੁੱਟਣ ਲੱਗੇ। ਤੁਸੀਂ ਦੱਸੋਂ ਮੈਂ ਕਿਵੇਂ ਸੁਰੱਖਿਅਤ ਮੰਨ ਲਵਾਂ ਆਪਣੇ ਆਪ ਨੂੰ? ਕੀ ਪੁਲਿਸ ਸਾਡਾ ਸਾਥ ਦੇਵੇਗੀ? ''''
ਜਦੋਂ ਅਸੀਂ ਮੁੜ ਬਾਹਰ ਆਉਣ ਲੱਗੇ ਤਾਂ ਵਾਪਸੀ ਵਿੱਚ ਸਾਨੂੰ ਆਟੋ ਡਰਾਈਵਰ ਗੁਲਸ਼ੇਰ ਮਿਲੇ।

ਗੁਲਸ਼ੇਰ ਦਾ ਕਹਿਣਾ ਸੀ, ''''ਪ੍ਰਸ਼ਾਸਨ ਕਿੱਥੇ ਹੈ। ਇਹ ਸਿਰਫ਼ ਨਾਮ ਦਾ ਹੈ। ਸਰਕਾਰ ਨੇ ਸਾਨੂੰ ਇੱਕ ਦੂਜੇ ਨਾਲ ਲੜਨ-ਭਿੜਨ ਲਈ ਛੱਡ ਦਿੱਤਾ ਹੈ।''''
ਆਪਣੇ ਆਪ ਨੂੰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੱਸਣ ਵਾਲੇ ਇਸਲਾਮੂਦੀਨ ਨੇ ਕਿਹਾ, ''''ਕੁਝ ਬਾਹਰੀ ਲੋਕ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।''''
ਉਨ੍ਹਾਂ ਨੇ ਮੌਜੂਦਾ ਹਾਲਾਤ ਦੀ 1984 ਦੇ ਸਿੱਖ ਕਤਲੇਆਮ ਨਾਲ ਤੁਲਨਾ ਕੀਤੀ ਅਤੇ ਕਹਿਣ ਲੱਗੇ, ''''ਸੰਨ 1984 ਦੇ ਕਤਲੇਆਮ ਵਾਂਗ ਹੀ ਪੁਲਿਸ ਚੁੱਪਚਾਪ ਖੜੀ ਹੈ। ਦੂਜੇ ਪਾਸੇ ਲੋਕ ਹਮਲੇ ਕਰ ਰਹੇ ਹਨ। ਕੀ ਕਰ ਰਹੀ ਹੈ ਪੁਲਿਸ, ਤੁਸੀਂ ਦੱਸੋ?''''

ਵਾਪਸੀ ਵੇਲੇ ਜਿਸ-ਜਿਸ ਨੂੰ ਪਤਾ ਲੱਗ ਰਿਹਾ ਸੀ ਕਿ ਮੀਡੀਆ ਵਾਲੇ ਆਏ ਹਨ ਉਹ ਸਾਡੇ ਪਿੱਛੇ ਪਿੱਛੇ।
ਸਾਡੇ ਨਾਲ ਇੱਕ ਸਥਾਨਕ ਸ਼ਖਸ ਸੀ ਜੋ ਸਾਨੂੰ ਇਲਾਕੇ ਵਿੱਚ ਲੈ ਕੇ ਗਿਆ ਸੀ।
ਸਾਨੂੰ ਨਕਾਬਪੋਸ਼ਾਂ ਨੇ ਘੇਰਿਆ
ਲੋਕਾਂ ਦੀ ਭੀੜ ਨੂੰ ਫਿਲਮਾਉਣ ਲਈ ਮੈਂ ਕੈਮਰਾ ਕੱਢਿਆ ਹੀ ਸੀ ਕਿ ਅਚਾਨਕ ਨਕਾਪੋਸ਼ ਤਿੰਨ-ਚਾਰ ਮੁੰਡਿਆਂ ਨੇ ਘੇਰ ਲਿਆ ਅਤੇ ਪੁੱਛਣ ਲੱਗੇ, ''''ਕਿਸ-ਕਿਸ ਦੇ ਚਿਹਰੇ ਤੂੰ ਰਿਕਾਰਡ ਕੀਤੇ ਨੇ।''''
ਮੈਂ ਕਿਹਾ ਕਿ ਅਸੀਂ ਤਾਂ ਤੁਹਾਡੇ ਲੋਕਾਂ ਨਾਲ ਗੱਲ ਕਰਨ ਆਏ ਹਾਂ, ਮੀਡੀਆ ਤੋਂ ਹਾਂ।
ਆਵਾਜ਼ ਆਈ ''ਸਾਨੂੰ ਨਹੀਂ ਪਤਾ ਮੀਡੀਆ ਸ਼ੀਡੀਆ ਦਾ...ਸਾਰੇ ਇੱਕੋ ਜਿਹੇ ਨੇ।''
ਭੀੜ ਨੇ ਸਾਨੂੰ ਘੇਰ ਲਿਆ ਅਤੇ ਵੀਡੀਓ ਡੀਲੀਟ ਕਰਨ ਲਈ ਕਹਿਣ ਲੱਗੇ।
ਜ਼ਬਰਦਸਤੀ ਵੀਡੀਓ ਡੀਲੀਟ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਗੁੱਸਾ ਵਧਣ ਲੱਗਾ।
ਜੋ ਸ਼ਖਸ ਸਾਡੇ ਨਾਲ ਗਿਆ ਸੀ ਉਸ ਦੀ ਵੀ ਲੋਕ ਨਹੀਂ ਸੁਣ ਰਹੇ ਸਨ। ਹਾਲਾਤ ਕੁੱਟਮਾਰ ਵਾਲੇ ਬਣ ਗਏ। ਮੇਰੇ ਦਿਮਾਗ ਵਿੱਚ ਮੌਬ ਲਿੰਚਿੰਗ ਵਾਲੀਆਂ ਘਟਨਾਵਾਂ ਤੈਰ ਗਈਆਂ।

ਉਸੇ ਵੇਲੇ ਮੁਹੱਲੇ ਦੇ ਕੁਝ ਮੋਹਤਬਰ ਲੋਕ ਸਾਹਮਣੇ ਆਏ ਅਤੇ ਗੁੱਸੇ ਵਿੱਚ ਚੀਕ ਰਹੇ ਨੌਜਵਾਨਾਂ ਨੂੰ ਸ਼ਾਂਤ ਕਰਵਾਉਣ ਲੱਗੇ।
ਅਸੀਂ ਕਿਸੇ ਤਰ੍ਹਾਂ ਉਸ ਭੀੜ ਵਿੱਚੋਂ ਨਿਕਲ ਕੇ ਅੱਗੇ ਵਧੇ ਅਤੇ ਜਿੱਥੋਂ ਨਿਊ ਮੁਸਤਫਾਬਾਦ ਇਲਾਕੇ ਵਿੱਚ ਦਾਖਲ ਹੋਏ ਸੀ, ਉੱਥੇ ਪੱਥਰਬਾਜ਼ੀ ਸ਼ੁਰੂ ਹੋ ਗਈ ਸੀ।
ਅਸਮਾਨ ਵਿੱਚ ਉੱਛਲਦੇ ਪੱਥਰ ਦੋਹਾਂ ਪਾਸਿਓਂ ਦੇਖੇ ਜਾ ਸਕਦੇ ਸੀ।
ਕਿਸੇ ਨੇ ਸਾਨੂੰ ਸਲਾਹ ਦਿੱਤੀ ਕਿ ਅੱਗੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਤੁਸੀਂ ਦੂਜੀ ਗਲੀ ਵਿੱਚੋਂ ਨਿਕਲ ਕੇ ਮੇਨ ਰੋਡ ''ਤੇ ਜਾ ਸਕਦੇ ਹੋ।
ਅਸੀਂ ਕਿਸੇ ਤਰ੍ਹਾਂ ਪੁੱਛਦੇ ਪੁਛਾਉਂਦੇ ਮੇਨ ਰੋਡ ਉੱਤੇ ਪਹੁੰਚੇ। ਪੁਲਿਸ ਨੇ ਉੱਥੇ ਬੈਰੀਕੇਡਿੰਗ ਕਰਕੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ।
ਨੇੜੇ ਪਹੁੰਚੇ ਤਾਂ ਕੁਝ ਲੋਕ ਡਿਊਟੀ ''ਤੇ ਤੈਨਾਤ ਪੁਲਿਸ ਵਾਲਿਆਂ ਨੂੰ ਗਰਮਾ ਗਰਮ ਸਮੋਸੇ ਖੁਆ ਰਹੇ ਸਨ।
ਪੁਲਿਸ ਵਾਲਿਆਂ ਨੂੰ ਆਪਣੀ ਪਛਾਣ ਦੱਸਣ ਮਗਰੋਂ ਬੈਰੀਕੇਡਿੰਗ ਹਟਵਾਈ ਗਈ।
ਡਿਊਟੀ ''ਤੇ ਤੈਨਾਤ ਇੱਕ ਪੁਲਿਸ ਵਾਲੇ ਦੇ ਮੂੰਹ ਵਿੱਚ ਸਮੋਸਾ ਭਰਿਆ ਸੀ...ਅਤੇ ਤੋਤਲੀ ਜ਼ਬਾਨ ਵਿੱਚ ਕਹਿੰਦਾ ਹੋਇਆ ਅੱਗੇ ਵਧ ਗਿਆ ਕਿ ਜਾਓ..ਜਾਓ ਨਿਕਲ ਜਾਓ...
ਇਹ ਵੀ ਵੇਖੋਂ
https://www.youtube.com/watch?v=i3OmFubdI4Y
https://www.youtube.com/watch?v=HmMKBOmLUJ0
https://www.youtube.com/watch?v=01NuCgc-qM8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)