ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਐ ਕਿ ਪੰਜਾਬੀ ਦੀ ਬੇਇੱਜ਼ਤੀ ''''ਤੇ ਆਪਣੇ ਅੱਥਰੂ ਜ਼ਾਇਆ ਨਾ ਕਰੋ- ਮੁਹੰਮਦ ਹਨੀਫ਼

02/23/2020 4:40:51 PM

ਸਾਡੇ ਪੰਜਾਬੀ ਭਰਾਵਾਂ ਤੇ ਭੈਣਾਂ ਦੀ ਗ਼ੈਰਤ ਕਦੀ-ਕਦੀ ਜਾਗਦੀ ਏ ਤੇ ਪਿਛਲੇ ਹਫ਼ਤੇ ਕੁਝ ਜ਼ਿਆਦਾ ਹੀ ਜਾਗ ਗਈ।

ਇੱਕ ਵੀਡੀਓ ਚੱਲੀ ਜਿਹਦੇ ਵਿੱਚ ਇੱਕ ਪੜ੍ਹੀ ਲਿਖੀ ਔਰਤ ਪੁਲਿਸੀਆਂ ਨਾਲ ਆਢਾ ਲਾ ਤੇ ਖਲੋਤੀ ਐ। ਆਹੰਦੀ ਐ ਕਿ ਪੁਲਿਸ ਨੇ ਉਸ ਦੀ ਬੇਇੱਜ਼ਤੀ ਕੀਤੀ। ਕੋਲ ਖਲੋਤਾ ਇੱਕ ਰਿਪੋਰਟਰ ਬਗੈਰ ਕੁਝ ਪੁੱਛਿਓਂ-ਦੱਸਿਓਂ ਵੀਡੀਓ ਬਣਾਈ ਜਾ ਰਿਹਾ ਹੈ। ਆਹੰਦਾ ਏ ਬਈ ਤੁਹਾਡੀ ਕੀ ਬੇਇੱਜ਼ਤੀ ਹੋਈ ਹੈ?

ਪੜ੍ਹੀ-ਲਿਖੀ ਔਰਤ ਆਹੰਦੀ ਐ, ਪੁਲਿਸੀਏ ਨੇ ਮੇਰੇ ਨਾਲ ਪੰਜਾਬੀ ਵਿੱਚ ਗੱਲ ਕੀਤੀ ਐ। ਤੇ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਰੌਲਾ ਪਾਉਂਦੀ ਐ ਕਿ ਇਨ੍ਹਾਂ ਦੇ ਘਰ ਮਾਂ-ਭੈਣ ਕੋਈ ਨਈਂ।

ਵੀਡੀਓ ਵੇਹੰਦਿਆਂ ਈ ਪੰਜਾਬੀਆਂ ਨੇ ਰੌਲਾ ਪਾ ਛੱਡਿਆ। ਬਈ ਵੇਖੋ ਇਸ ਜ਼ਨਾਨੀ ਨੇ ਸਾਡੀ ਜ਼ਬਾਨ ਦੀ ਬੇਇੱਜ਼ਤੀ ਕਰ ਛੱਡੀ ਏ। ਕੀ ਹੁਣ ਪੰਜਾਬੀ ਵਿੱਚ ਗੱਲ ਕਰਨਾ ਵੀ ਬਦਤਮੀਜ਼ੀ ਏ?

ਦਿਲ ਕਰਦਾ ਏ ਕਿਤੋਂ ਪੰਜਾਬੀ ਕੌਮ ਲੱਭਾਂ ਤੇ ਸਮਝਾਵਾਂ। ਬਈ ਮੇਰੇ ਵੀਰੋ, ਐਡਾ ਗੁੱਸਾ ਨਾ ਕਰਿਆ ਕਰੋ। ਕਿਉਂਕਿ ਤੁਹਾਨੂੰ ਐਨਾ ਗੁੱਸਾ ਇਸ ਲਈ ਆ ਰਿਆ ਹੈ ਬਈ ਪੁਲਿਸ ਨਾਲ ਆਢਾ ਲਾਉਣ ਵਾਲੀ ਔਰਤ ਦੀ ਜ਼ਬਾਨ ਭਾਵੇਂ ਡਾਢੀ ਹੋਵੇ। ਲੇਕਿਨ ਉਨ੍ਹੇ ਗੱਲ ਸੋਲਾਂ ਆਨੇ ਸੱਚੀ ਕੀਤੀ ਏ।

ਜਿਹੜਾ ਗੁੱਸਾ ਹੁਣ ਤੁਸੀਂ ਕੱਢ ਰਹੇ ਹੋ। ਇਹ ਵੀ ਤੁਸੀਂ ਉਰਦੂ ਤੇ ਅੰਗਰੇਜ਼ੀ ਜ਼ਬਾਨ ਵਿੱਚ ਹੀ ਕੱਢ ਰਹੇ ਹੋ। ਜੇ ਤੁਹਾਡੇ ਘਰ ਸਕੂਲ ਜਾਂਦੇ ਬੱਚੇ ਨੇ ਤੇ ਉਨ੍ਹਾਂ ਨਾਲ ਜ਼ਰਾ ਪੰਜਾਬੀ ਵਿੱਚ ਗੱਲ ਕਰ ਕੇ ਵਿਖਾਓ।

ਪੰਜਾਬੀ
BBC
ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ। ਨਾ ਬੋਲਦੇ ਨੇ ਨਾ ਕਿਸੇ ਨੂੰ ਬੋਲਣ ਦਿੰਦੇ ਨੇ- ਹਨੀਫ਼

ਜਿਹੜਾ ਵੀ ਪੰਜਾਬੀ ਬੱਚਾ ਸਕੂਲ ਜਾਂਦਾ ਹੈ। ਉਹ ਹੋਰ ਕੁਝ ਸਿੱਖੇ ਨਾ ਸਿੱਖੇ। ਇਹ ਜ਼ਰੂਰ ਸਿੱਖ ਲੈਂਦਾ ਹੈ ਕਿ ਪੰਜਾਬੀ ਗਾਲ੍ਹ-ਮੰਦੇ ਦੀ ਜ਼ਬਾਨ ਐ ਤੇ ਪੜ੍ਹੇ ਲਿਖੇ ''ਲੋਗ ਤੋ ਸਿਰਫ਼ ਉਰਦੂ ਮੇਂ ਬਾਤ ਕਰਤੇ ਹੈਂ।''

ਮੇਰੇ ਕੁਝ ਯਾਰ ਨੇ। ਕੁਝ ਬਜ਼ੁਰਗ, ਕੁਝ ਜਵਾਨ। ਜਿਨ੍ਹਾਂ ਨੇ ਸਾਰੀ ਉਮਰ ਪੰਜਾਬੀ ਦੀ ਖ਼ਿਦਮਤ ਵਿੱਚ ਗਾਲ ਛੱਡੀ। ਮੋਟੀਆਂ-ਮੋਟੀਆਂ ਕਿਤਾਬਾਂ ਲਿਖੀਆਂ ਨੇ ਡਿਕਸ਼ਨਰੀਆਂ ਤੱਕ ਬਣਾ ਛੱਡੀਆਂ ਨੇ।

ਲੇਕਿਨ ਆਪਣੀ ਔਲਾਦ ਨਾਲ ਗੱਲ ਕਰਦੇ ਨੇ ਤੇ ਮੂੰਹੋਂ ਬਸ ਉਰਦੂ ਹੀ ਨਿਕਲਦੀ ਹੈ। ਜਿਹੜੇ ਜ਼ਿਆਦਾ ਸਿਆਣੇ ਨੇ ਉਨ੍ਹਾਂ ਨੇ ਉਰਦੂ ਦਾ ਯੱਭ ਮੁਕਾ ਛੱਡਿਆ ਹੈ। ਉਹ ਸਿੱਧਾ ਅੰਗਰੇਜ਼ੀ ਤੋਂ ਸ਼ੁਰੂ ਕਰਦੇ ਹਨ।

ਵੀਡੀਓ: ਬਾਬਾ ਨਜ਼ਮੀ ਦੀ ਪੰਜਾਬੀ ਬਾਰੇ ਫ਼ਿਕਰਮੰਦੀ

https://www.youtube.com/watch?v=waKXoPfpO1A

ਪੰਜਾਬੀ ਦੀ ਬੇਇੱਜ਼ਤੀ, ਪੰਜਾਬੀ ਆਪ ਈ ਕਰਦੇ ਨੇ। ਨਾ ਬੋਲਦੇ ਨੇ ਨਾ ਕਿਸੇ ਨੂੰ ਬੋਲਣ ਦਿੰਦੇ ਨੇ।

ਫਿਰ ਆਹੰਦੇ ਨੇ ਸਾਡੀ ਜ਼ਬਾਨ ਦੀ ਇੱਜ਼ਤ ਈ ਕੋਈ ਨੀ ਕਰਦਾ।

ਪਾਕਿਸਤਾਨ ਦੇ ਜ਼ਿਆਦਾਤਰ ਅਗਵਾਨ ਪੰਜਾਬੀ ਰਹੇ ਨੇ। ਹੁਣ ਵੀ ਨੇ। ਕਦੀ ਉਨ੍ਹਾਂ ਵਿੱਚੋਂ ਕਿਸੇ ਨੂੰ ਪੰਜਾਬੀ ਬੋਲਦੇ ਸੁਣਿਐ?

ਟੀਵੀ ''ਤੇ ਜਾਂ ਕਿਤੇ ਜਲਸੇ ''ਤੇ? ਜਾਂ ਕਿਸੀ ਅਸੈਂਬਲੀ ਦੇ ਅੰਦਰ?

ਅੱਲ੍ਹਾ ਜਨਰਲ ਬਾਜਵਾ ਤੇ ਉਨ੍ਹਾਂ ਦੀ ਐਕਸਟੈਂਸ਼ਨ ਨੂੰ ਭਾਗ ਲਾਵੇ। ਕਦੇ ਉਨ੍ਹਾਂ ਦੇ ਮੂੰਹੋਂ ਇੱਕ ਲਫ਼ਜ਼ ਵੀ ਪੰਜਾਬੀ ਦਾ ਸੁਣਿਆ ਜੇ?

ਹੁਣ ਬਾਜਵਿਆਂ ਤੋਂ ਵੱਡਾ ਪੰਜਾਬੀ ਤੇ ਕੋਈ ਨਹੀਂ ਹੋ ਸਕਦਾ ਨਾ! ਤੇ ਜੇ ਉਹ ਨਹੀਂ ਬੋਲਣਗੇ ਫਿਰ ਕੀ ਸਾਡੇ ਉਰਦੂ ਦੇ ਵੱਡੇ ਸ਼ਾਇਰ ਇਫ਼ਤਿਖ਼ਾਰ ਆਰਿਫ਼ ਸਾਬ੍ਹ ਬੋਲਣਗੇ?

ਵੀਡੀਓ: ਸੁਰਜੀਤ ਪਾਤਰ ਮੁਤਾਬਕ ਮਾਪਿਆਂ ਦੇ ਹਿਰਦੇ ’ਤੇ ਕੀ ਉਕਰਿਆ ਗਿਆ

https://www.youtube.com/watch?v=j6eR0-gVrEI

ਉਹ ਤੇ ਅੱਲ੍ਹਾ ਭਲਾ ਕਰੇ ਹਸਨ ਮੁਸਤਫ਼ਾ ਵਰਗੇ ਦਰਵੇਸ਼ਾਂ ਦਾ। ਜਿਹੜੇ ਜੰਮ-ਪਲ ਤੇ ਸਿੰਧ ਦੀ ਨੇ ਲੇਕਿਨ ਸ਼ਾਇਰੀ ਸੋਹਣੀ ਪੰਜਾਬੀ ਵਿੱਚ ਵੀ ਕਰ ਲੈਂਦੇ ਨੇ।

ਸਾਡਾ ਵਜ਼ੀਰੇ-ਆਜ਼ਮ ਲਾਹੌਰ ਦਾ ਜੰਮ-ਪਲ ਹੈ। ਲੇਕਨ ਇਮਰਾਨ ਖ਼ਾਨ ਨੇ ਬੋਲੀ ਐ ਕਦੀ ਪੰਜਾਬੀ?

ਲੋਗ ਤੇ ਇਹ ਵੀ ਆਹੰਦੇ ਨੇ ਵੀ ਖ਼ਾਨ ਸਾਬ੍ਹ ਨਾ ਉਰਦੂ ਬੋਲਦੇ ਨੇ ਨਾ ਅੰਗਰੇਜ਼ੀ, ਆਪਣੀ ਕੋਈ ਇਮਰਾਨੀ ਜਿਹੀ ਜ਼ੁਬਾਨ ਬੋਲਦੇ ਨੇ। ਜਿਹਦੇ ਵਿੱਚੋਂ ਸਿਰਫ਼ ਮੈਂ-ਮੈਂ-ਮੈਂ ਦੀ ਸਮਝ ਆਉਂਦੀ ਐ।

ਇੱਕ ਤਿੰਨ ਵਾਰੀਆਂ ਲੈਣ ਵਾਲਾ ਵਜ਼ੀਰੇ-ਆਜ਼ਮ ਹੁੰਦਾ ਸੀ। ਨਵਾਜ਼ ਸ਼ਰੀਫ਼। ਜਿਹੜਾ ਪੰਜਾਬ ਦੀ ਪੱਗ ''ਤੇ ਲੱਗੇ ਦਾਗ਼ ਧੋਣ ਤੁਰਿਆ ਸੀ। ਉਹਦੀ ਬੋਲਦੀ ਇੰਝ ਬੰਦ ਕੀਤੀ ਗਈ ਐ ਬਈ ਹੁਣ ਕਿਸੇ ਵੀ ਜ਼ਬਾਨ ਵਿੱਚ ਨਹੀਂ ਬੋਲਦਾ।

ਵੀਡੀਓ: ਪੰਜਾਬੀ ਬੋਲਣ ਬਾਰੇ ਪਾਕਿਸਤਾਨੀ ਮੁਟਿਆਰਾਂ ਤੇ ਗੱਭਰੂਆਂ ਦੀ ਰਾਇ

https://www.youtube.com/watch?v=9Je-1H4O7zM

ਲਾਹੌਰ ਦੇ ਕਿਸੇ ਸਿਆਣੇ ਨੇ ਆਖਿਆ ਸੀ ਕਿ ਸਾਡੀ ਜ਼ਬਾਨ ਦਾ ਅਜੀਬ ਹਿਸਾਬ ਹੈ। ਘਰ ਮਾਂ ਪੰਜਾਬੀ ਬੋਲਦੀ ਹੈ। ਸਕੂਲ ਵਿੱਚ ਮਿਸ ਉਰਦੂ ਸਿਖਾ ਦਿੰਦੀ ਹੈ। ਜੇ ਕਾਲਜ-ਯੂਨੀਵਰਸਿਟੀ ਪਹੁੰਚ ਜਾਓ ਤੇ ਓਥੇ ਸਾਰੀਆਂ ਕਿਤਾਬਾਂ ਅੰਗਰੇਜ਼ੀ ਵਿੱਚ ਨੇ। ਤੇ ਜਦੋਂ ਅਸੀਂ ਮਰ ਜਾਵਾਂਗੇ ਸਾਡਾ ਹਿਸਾਬ ਕਿਤਾਬ ਅਰਬੀ ਜ਼ਬਾਨ ''ਚ ਹੋਣੈ।

ਤੇ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਐ ਕਿ ਪੰਜਾਬੀ ਦੀ ਬੇਇੱਜ਼ਤੀ ''ਤੇ ਆਪਣੇ ਅੱਥਰੂ ਜ਼ਾਇਆ ਨਾ ਕਰੋ। ਮੈਡਮ ਨੂਰ ਜਹਾਂ ਦੇ ਗਾਣੇ ਸੁਣੋ ਤੇ ਆਖ਼ਰ ਦੀਆਂ ਤਿਆਰੀਆਂ ਕਰੋ।

ਅੱਲ੍ਹਾ ਰਹਿਮ ਕਰੇਗਾ। ਰੱਬ ਰਾਖਾ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ

https://www.youtube.com/watch?v=WpdgZhPtPjY

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=TDF192VlcLY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News