ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਨੇ ਸਿੱਖ ਕੌਮ ਨੂੰ ‘ਮੁੜ ਸ਼ੱਕ ਦੇ ਘੇਰੇ ’ਚ ਲਿਆਂਦਾ’ - ਨਜ਼ਰੀਆ

02/23/2020 11:40:53 AM

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ
Getty Images
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ''ਤੇ ਚੁੱਕੇ ਸਵਾਲ

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਨਕਰ ਗੁਪਤਾ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਭਵਿੱਖ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਨੂੰ ‘ਫ਼ੌਰੀ-ਅੱਤਵਾਦ’ ਦੀ ਨਰਸਰੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਪਤਾ ਨੇ ਇੱਕ ਵਾਰ ਫਿਰ ਸਮੁੱਚੀ ਸਿੱਖ ਕੌਮ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ ਹੈ।

ਕੌਮਾਂਤਰੀ ਸੰਬੰਧਾਂ ਵਿੱਚ ਆਪਣੇ ਕਿਸਮ ਦੇ ਇੱਕ ਵੱਖਰੇ ਪ੍ਰਯੋਗ ਵਜੋਂ ਵੇਖੇ ਜਾ ਰਹੇ 4 ਕਿਲੋਮੀਟਰ ਦੇ ਕਰਤਾਰਪੁਰ ਲਾਂਘੇ ਨੂੰ, ਭਾਰਤ ਵਾਲੇ ਪਾਸਿਓਂ ਵੀਜ਼ਾ ਮੁਕਤ ਰੱਖਿਆ ਗਿਆ ਹੈ।

ਇਹ ਲਾਂਘਾ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਨੂੰ ਭਾਰਤ ਨਾਲ ਜੋੜਦਾ ਹੈ। ਇੱਥੇ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਬਿਤਾਇਆ ਸੀ।

ਰਾਵੀ ਨਦੀ ਦੇ ਪਾਰ ਬਣਿਆ ਇਹ ਗੁਰਦੁਆਰਾ ਸਾਫ਼ ਦਿਨਾਂ ਵਿੱਚ, ਭਾਰਤ ਵਾਲੇ ਪਾਸਿਓਂ ਸਰਹੱਦ ਦੇ ਨੇੜੇ ਲਗਦੇ ਕਸਬੇ, ਡੇਰਾ ਬਾਬਾ ਨਾਨਕ ਤੋਂ ਦਿਖਾਈ ਦਿੰਦਾ ਹੈ। ਪੂਰੀ ਦੁਨੀਆਂ ਦੇ ਸਿੱਖ ਕਈ ਦਹਾਕਿਆਂ ਤੋਂ ਕਰਤਾਪੁਰ ਸਾਹਿਬ ਦੇ ਸਿੱਧੇ ਦਰਸ਼ਨਾਂ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਸਨ।

ਇਸ ਲਾਂਘੇ ਦਾ ਉਦਘਾਟਨ 9 ਨਵੰਬਰ 2019 ਨੂੰ ਭਾਰਤ ਵਾਲੇ ਪਾਸਿਓਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਦੂਜੇ ਪਾਸੇ ਉਨ੍ਹਾਂ ਦੇ ਹਮਰੁਤਬਾ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਇਸ ਦਾ ਉਦਘਾਟਨ ਕੀਤਾ ਸੀ। ਲਾਂਘੇ ਦੇ ਉਸ ਪਾਰ ਜਾਣ ਲਈ ਲੋੜੀਂਦਾ ਦਸਤਾਵੇਜ਼ ਪਾਸਪੋਰਟ ਹੀ ਹੈ ਪਰ ਉਸ ''ਤੇ ਮੋਹਰ ਨਹੀਂ ਲਗਾਈ ਜਾਂਦੀ ਹੈ।

ਇਹ ਵੀ ਪੜ੍ਹੋ:

ਕਰਤਾਪੁਰ ਸਾਹਿਬ ਗੁਰਦੁਆਰਾ
BBC
ਕਰਤਾਪੁਰ ਸਾਹਿਬ ਗੁਰਦੁਆਰਾ

ਚੰਡੀਗੜ੍ਹ ਦੇ ਇੱਕ ਅਖ਼ਬਾਰ ਨਾਲ ਇੱਕ ਇੰਟਰਵਿਊ ਵਿੱਚ ਡੀਜੀਪੀ ਗੁਪਤਾ ਨੇ ਕਰਤਾਰਪੁਰ ਲਾਂਘੇ ਬਾਰੇ ਭਾਰਤ ਦੀ ਚਿੰਤਾ ਨੂੰ ਦਰਸਾਉਂਦਿਆਂ ਕਿਹਾ ਕਿ ਸੁਰੱਖਿਆ ਨਾਲ ਜੁੜੀਆਂ ਫ਼ਿਕਰਾਂ ਹੋਣ ਦੇ ਬਾਵਜੂਦ ਲਾਂਘੇ ਨੂੰ ਬਣਾਉਣ ਦਾ ਫੈਸਲਾ ਲਿਆ ਗਿਆ ਸੀ।

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਬਿਆਨ ਉਸ ਵੇਲੇ ਆਇਆ ਜਦੋਂ ਕਰਤਾਰਪੁਰ ਲਾਂਘੇ ਦਾ ਮੁੱਦਾ ਨਵੀਂ ਦਿੱਲੀ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਵਿਚਾਰਿਆ ਗਿਆ ਜਿੱਥੇ ਗੁਪਤਾ ਮੌਜੂਦ ਸਨ।

ਅਸਲ ਵਿੱਚ ਇੱਥੇ ਮੁੱਦਾ ਲਾਂਘੇ ਨਾਲ ਜੁੜੀ ਧਾਰਨਾ ਦਾ ਨਹੀਂ ਬਲਕਿ ਮੌਜੂਦਾ ਸੋਚ ਦਾ ਹੈ ਜੋ ਲਾਂਘੇ ਦੇ ਭਵਿੱਖ ਬਾਰੇ ਸਵਾਲ ਖੜ੍ਹੇ ਕਰ ਰਹੀ ਹੈ।

ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਮੁਤਾਬਕ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇੱਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ ਵਿੱਚ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"

ਇਸ ਦਾ ਅਰਥ ਹੈ ਕਿ ਪਾਕਿਸਤਾਨ ਫੌਰੀ ਤੌਰ ’ਤੇ ਸਿੱਖ ਅੱਤਵਾਦੀ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਲਾਂਘੇ ਦੀ ਕਿਸੇ ਵੀ ਸਮੇਂ ਬੰਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਵੀਡੀਓ: ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਅਪਲਾਈ ਇੰਝ ਕਰੋ

https://youtu.be/A-OWbIBwe2A

ਜ਼ਿਕਰਯੋਗ ਹੈ ਕਿ ਲਾਂਘਾ ਖੋਲ੍ਹਣ ਦਾ ਸੰਕੇਤ ਸਭ ਤੋਂ ਪਹਿਲਾਂ ਪਾਕਿਸਤਾਨ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਰਾਹੀਂ ਦਿੱਤਾ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੂੰ-ਚੁੱਕ ਸਮਾਗਮ ਮੌਕੇ, ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸਿੱਧੂ ਨੂੰ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦੀ ਮੁੱਖ ਸਿੱਖ ਮੰਗ ਨੂੰ ਮੰਨਣ ਦੇ ਫੈਸਲੇ ਬਾਰੇ ਦੱਸਿਆ ਸੀ।


ਸੀਨੀਅਰ ਪੱਤਰਕਾਰ ਜਗਤਾਰ ਸਿੰਘ ਬੀਤੇ 40 ਸਾਲਾਂ ਤੋਂ ਪੰਜਾਬ ਵਿੱਚ ਪੱਤਰਕਾਰੀ ਕਰ ਰਹੇ ਹਨ ਅਤੇ ਪੰਜਾਬ ਬਾਰੇ ਲਿਖ ਰਹੇ ਹਨ। ਉਨ੍ਹਾਂ ਨੇ ‘ਖਾਲਿਸਤਾਨ: ਅ ਨਾਨ-ਮੂਵਮੈਂਟ’ ਕਿਤਾਬ ਲਿਖੀ ਹੈ।


ਪਾਕਿਸਤਾਨ ਵਿਰੋਧੀ ਵਿਚਾਰਧਾਰਾ ਸੱਤਾਧਾਰੀ ਭਾਜਪਾ ਦੀ ਰਾਜਨੀਤੀ ਦਾ ਹਿੱਸਾ ਰਹੀ ਹੈ। ਇੱਥੋਂ ਤੱਕ ਕਿ ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ਇਸੇ ਵਿਚਾਰਧਾਰਾ ਦੇ ਆਧਾਰ ’ਤੇ ਲੜੀਆਂ ਸਨ।

ਦਿਨਕਰ ਗੁਪਤਾ ਦੀ ਇੰਟਰਵਿਊ ਦੇ ਕਈ ਸੰਦਰਭ ਹਨ। ਮੌਜੂਦਾ ਵੇਲੇ ਦੋਵਾਂ ਗੁਆਂਢੀ ਮੁਲਕਾਂ ਦੇ ਸੰਬੰਧ ਸਭ ਤੋਂ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ।

ਇਹ ਵੀ ਪੜ੍ਹੋ:

ਕੀ ਲਾਂਘਾ ਹੋ ਸਕਦਾ ਹੈ ਪੰਜਾਬ ਲਈ ਖ਼ਤਰਾ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਲਾਂਘੇ ਨੂੰ ਪਾਕਿਸਤਾਨ ਦੀ ਸੋਚੀ ਸਮਝੀ ਨੀਤੀ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਮੁਤਾਬਕ ਲਾਂਘੇ ਜ਼ਰੀਏ ਪਾਕਿਸਤਾਨ ਪੰਜਾਬ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਪੰਜਾਬ ਪਹਿਲਾਂ ਹੀ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਲਈ ਖਾਲਿਸਤਾਨ ਦੇ ਮੁੱਦੇ ਕਰਕੇ ਅੱਤਵਾਦ ਵਿੱਚ ਘਿਰਿਆ ਰਹਿ ਚੁੱਕਿਆ ਹੈ।

ਇੱਕ ਅਣਅਧਿਕਾਰਤ ਅੰਦਾਜ਼ੇ ਅਨੁਸਾਰ, 1980 ਵਿੱਚ ਇਸ ਸਰਹੱਦੀ ਸੂਬੇ ਵਿੱਚ ਅੱਤਵਾਦ ਦੀ ਸ਼ੁਰੂਆਤ ਹੋਣ ਮਗਰੋਂ ਲਗਭਗ 50,000 ਲੋਕ ਮਾਰੇ ਜਾ ਚੁੱਕੇ ਹਨ। ਪੰਜਾਬ ਵਿੱਚ ਅੱਤਵਾਦੀਆਂ ਨੂੰ ਹਥਿਆਰਾਂ ਦੀ ਮੁੱਖ ਸਪਲਾਈ ਪਾਕਿਸਤਾਨ ਤੋਂ ਕੀਤੀ ਜਾਂਦੀ ਸੀ।

ਵੀਡੀਓ: ਕਰਤਾਰਪੁਰ ਜਾਣ ਦੇ ਹਰ ਪੜਾਅ ਦੀ ਜਾਣਕਾਰੀ, ਸਰਹੱਦ ਦੇ ਦੋਵਾਂ ਪਾਸਿਆਂ ਤੋਂ

https://youtu.be/ng4CqXYuwmY

ਸਿੱਖ ਤੇ ਮੁਸਲਮਾਨ ਭਾਈਚਾਰੇ ਦਾ ਆਪਸੀ ਰਿਸ਼ਤਾ

ਭਾਵੇਂ ਦੇਰ ਨਾਲ ਹੀ ਸਹੀ ਪਰ ਸਿੱਖ ਹੁਣ ਮੁਸਲਮਾਨਾਂ ਦੇ ਨਜ਼ਦੀਕ ਆ ਰਹੇ ਹਨ। ਇਹ ਨਜ਼ਦੀਕੀਆਂ ਉਦੋਂ ਨਜ਼ਰ ਆਈਆਂ, ਜਦੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਿੱਖਾਂ ਨੇ ਕਸ਼ਮੀਰੀਆਂ ਦੀ ਮਦਦ ਕੀਤੀ। ਉਸ ਵੇਲੇ ਪੂਰੇ ਭਾਰਤ ਵਿੱਚ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਸੀਏਏ ਵਿਰੁੱਧ ਸ਼ਾਹੀਨ ਬਾਗ ਵਿੱਚ ਹੋ ਰਹੇ ਵਿਰੋਧ ਮੁਜ਼ਾਹਰੇ ਦਾ ਪੰਜਾਬ ਅਧਾਰਿਤ ਸੰਗਠਨਾਂ ਵੱਲੋਂ ਸਰਗਰਮੀ ਨਾਲ ਸਮਰਥਨ ਕੀਤਾ ਜਾ ਰਿਹਾ ਹੈ। ਇਹ ਹਾਲਾਤ ਭਾਜਪਾ ਲਈ ਢੁੱਕਵੇਂ ਨਹੀਂ ਬੈਠ ਰਹੇ ਹਨ।

ਪਾਕਿਸਤਾਨ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਕਈ ਅਸਥਾਨ ਹਨ ਅਤੇ ਉੱਥੇ ਹੀ ਇਸ ਧਰਮ ਦਾ ਜਨਮ ਹੋਇਆ ਸੀ।

ਮਹੱਤਵਪੂਰਣ ਗੱਲ ਇਹ ਹੈ ਕਿ ਪੁਲਿਸ ਮੁਖੀ ਦੀ ਟਿੱਪਣੀ ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਦੌਰੇ ਵੇਲੇ ਹੀ ਸਾਹਮਣੇ ਆਈ ਹੈ। ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸੰਬੋਧਨ ਕਰਦਿਆਂ ਜਥੇਦਾਰ ਨੇ ਕਰਤਾਰਪੁਰ ਸਾਹਿਬ ਆਉਣ ਲਈ ਪਾਸਪੋਰਟ ਦੀ ਸ਼ਰਤ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਇਹ ਸ਼ਰਧਾਲੂਆਂ ਲਈ ਪ੍ਰਮੁੱਖ ਔਕੜ ਹੈ। ਕਈ ਸਿੱਖ ਸੰਸਥਾਵਾਂ ਖੁੱਲ੍ਹੇ ਦਰਸ਼ਨਾਂ ਲਈ ਪਾਸਪੋਰਟ ਮੁਕਤ ਐਂਟਰੀ ਦੀ ਮੰਗ ਕਰ ਰਹੀਆਂ ਹਨ। ਪਾਕਿਸਤਾਨ ਦੇ ਸਿੱਖ ਵੀ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਅਜਿਹੀਆਂ ਸਹੂਲਤਾਂ ਦੀ ਮੰਗ ਕਰ ਰਹੇ ਹਨ।

ਹਾਲਾਂਕਿ ਕਰਤਾਰਪੁਰ ਲਾਂਘਾ ਇੱਕ ਵੱਡਾ ਵਿਸ਼ਾ ਹੈ ਜਿਸ ਨੂੰ ਦੋਵੇਂ ਦੇਸਾਂ ਦੀਆਂ ਸਰਕਾਰਾਂ ਵੱਖੋ-ਵੱਖਰੇ ਤਰੀਕੇ ਨਾਲ ਵੇਖਦੀਆਂ ਹਨ।

ਕਰਤਾਰਪੁਰ ਸਾਹਿਬ ਲਾਂਘਾ, ਹਾਲਾਂਕਿ, ਦੋਵੇਂ ਸਰਕਾਰਾਂ ਦੀ ਲੰਮੀ ਪ੍ਰਕਿਰਿਆ ਦਾ ਹਿੱਸਾ ਹੈ। ਭਾਰਤ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕਾਂ ਲਈ, ਇਹ ਸਿੱਖਾਂ ਨੂੰ ਖੁਸ਼ ਕਰਨ ਲਈ ਪਾਕਿਸਤਾਨ ਦੀ ਯੋਜਨਾ ਦਾ ਹਿੱਸਾ ਹੈ।

ਪਾਕਿਸਤਾਨ ਸਿੱਖਾਂ ਨੂੰ ਆਕਰਸ਼ਿਤ ਕਰਨ ਲਈ ਕਰਤਾਰਪੁਰ ਸਾਹਿਬ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਗੁਰਦੁਆਰਾ ਕੰਪਲੈਕਸ ਵਜੋਂ ਵਿਕਸਤ ਕਰ ਰਿਹਾ ਹੈ।

ਲਾਂਘੇ ਵਿੱਚ ਦਾਖਲ ਹੋਣ ਵੇਲੇ ਤੇ ਵਾਪਸੀ ਵੇਲੇ ਸ਼ਰਧਾਲੂਆਂ ਨੂੰ ਭਾਰਤੀ ਏਜੰਸੀਆਂ ਵੱਲੋਂ ਦੋ ਵੱਖੋ-ਵੱਖਰੀਆਂ ਥਾਂਵਾਂ ''ਤੇ ਚੈੱਕ ਕੀਤਾ ਜਾਂਦਾ ਹੈ। ਹਾਲਾਂਕਿ, ਪਾਕਿਸਤਾਨ ਵਾਲੇ ਪਾਸੇ ਅਜਿਹਾ ਕੁਝ ਨਹੀਂ ਹੈ। ਉੱਥੇ ਸ਼ਰਧਾਲੂਆਂ ਦਾ ਹੱਸ ਕੇ ਸਵਾਗਤ ਕੀਤਾ ਜਾਂਦਾ ਹੈ।

ਸੁਰੱਖਿਆ ਦੇ ਸੰਦਰਭ ਵਿੱਚ ਇੱਕ ਹੋਰ ਪਹਿਲੂ ਇਸ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ ਨੇ ਇਸ ਲਾਂਘੇ ਦਾ ਨਿਰਮਾਣ ਕਰਕੇ ਸਰਹੱਦ ਦਾ ਇਕ ਹਿੱਸਾ ਸੁਰੱਖਿਅਤ ਕਰ ਲਿਆ ਹੈ।

ਕਰਤਾਰਪੁਰ ਸਾਹਿਬ ਖੇਤਰ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦੌਰਾਨ ਕਾਫੀ ਸਰਗਰਮ ਰਿਹਾ ਹੈ। ਪਾਕਿਸਤਾਨ ਨੇ ਇੱਕ ਅਣਪਛਾਤੇ ਸ਼ੈੱਲ ਪ੍ਰਦਰਸ਼ਤ ਕੀਤਾ ਹੋਇਆ ਹੈ ਜੋ ਉਸ ਦੇ ਮੁਤਾਬਿਕ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ''ਤੇ ਡਿੱਗਿਆ ਸੀ। ਇਹ ਗੁਰਦੁਆਰੇ ਦੇ ਨਾਲ ਬਣੇ ਖੂਹ ਦੇ ਅੱਗੇ ਪ੍ਰਦਰਸ਼ਿਤ ਕੀਤਾ ਗਿਆ ਹੈ।

ਇੱਥੇ ਵਿਅੰਗਾਤਮਕ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਘੇ ਦਾ ਸਿਹਰਾ ਆਪਣੇ ਸਿਰ ''ਤੇ ਬੰਨ੍ਹ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, "ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਸੱਤ ਦਹਾਕੇ ਲੱਗ ਗਏ।" ਲਾਂਘੇ ਦੇ ਉਦਘਾਟਨ ਸਮੇਂ ਉਨ੍ਹਾਂ ਨੇ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਸੀ।

ਵੀਡੀਓ: ਲਾਂਘੇ ਤੋਂ ਪਹਿਲਾਂ ਦੂਰਬੀਨ ਰਾਹੀਂ ਕਿਵੇਂ ਹੁੰਦੇ ਸੀ ਕਰਤਾਰਪੁਰ ਦੇ ਦਰਸ਼ਨ

https://youtu.be/p6nAbqNE57M

ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਹਾਲ ਹੀ ਵਿੱਚ ਕਰਤਾਰਪੁਰ ਸਾਹਿਬ ਦੇ ਦੌਰੇ ਦੌਰਾਨ ਇਸ ਲਾਂਘੇ ਨੂੰ "ਸ਼ਾਂਤੀ ਦਾ ਲਾਂਘਾ" ਕਰਾਰ ਦਿੱਤਾ।

ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਰੈਂਕ ਦੇ ਇੱਕ ਪੁਲਿਸ ਅਧਿਕਾਰੀ ਨੇ ਪਾਕਿਸਤਾਨ ਦੀ ‘ਥੋੜ੍ਹੇ ਸਮੇਂ ਵਿੱਚ ਅੱਤਵਾਦੀ’ ਬਣਾਉਣ ਦੀ ਸਮਰੱਥਾ ਬਾਰੇ ਗੱਲ ਕੀਤੀ ਹੈ।

ਇਸ ਦੇ ਨਾਲ ਹੀ ਇਹ ਬਿਆਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਹਰ ਸਿੱਖ ਨੂੰ ਸ਼ੱਕ ਦੇ ਘੇਰੇ ਵਿੱਚ ਵੀ ਖੜ੍ਹਾ ਕਰ ਦਿੰਦਾ ਹੈ।

ਇਸ ਬਿਆਨ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਟਕਸਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਗੁਪਤਾ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗੁਪਤਾ ਵਿਰੁੱਧ "ਸਿੱਖ ਕੌਮ ਵਿਰੁੱਧ ਨਫ਼ਰਤ ਭਰਿਆ ਭਾਸ਼ਣ" ਦੇਣ ਲਈ ਧਾਰਾ 153 (ਏ) ਆਈਪੀਸੀ ਤਹਿਤ ਕਾਰਵਾਈ ਦੀ ਮੰਗ ਵੀ ਕੀਤੀ ਹੈ।

ਦਿਨਕਰ ਗੁਪਤਾ ਦੇ ਇੰਟਰਵਿਊ ਭਾਰਤ ਵਿੱਚ ਪ੍ਰਚਲਿਤ ਘੱਟ ਗਿਣਤੀ ਵਿਰੋਧੀ ਭਾਵਨਾ ਵਿੱਚ ਵਾਧਾ ਕਰਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ:ਪੰਜਾਬੀ ਸੱਚਿਆ ਤੇ ਉੱਚਿਆ ਲੋਕਾਂ ਦਾ ਜ਼ੁਬਾਨ ਹੈ

https://www.youtube.com/watch?v=KqUoFMkD5EA

ਵੀਡਿਓ: ਪੰਜਾਬੀ ਤੇ CAA ''ਤੇ ਸੁਰਜੀਤ ਪਾਤਰ

https://youtu.be/j6eR0-gVrEI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News