ਕਰਤਾਰਪੁਰ ਲਾਂਘੇ ''''ਤੇ ਪੰਜਾਬ ਦੇ ਡੀਜੀਪੀ ਦੇ ਬਿਆਨ ਮਗਰੋਂ ਭਖ਼ੀ ਸਿਆਸਤ, ਕੌਣ ਕੀ ਕਹਿ ਰਿਹਾ ਹੈ

02/22/2020 4:10:54 PM

ਕਰਤਾਰਪੁਰ
Getty Images

ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦੇਣ ਦੇ ਪਾਕਿਸਤਾਨ ਦੇ ਇਰਾਦੇ ''ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਵਾਲ ਚੁੱਕਣ ਮਗਰੋਂ ਪੰਜਾਬ ਵਿੱਚ ਸਿਆਸਤ ਗਰਮ ਹੋ ਗਈ ਤੇ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਹਨ।

ਸ਼੍ਰੋਮਣੀ ਅਕਾਲੀ ਦਲ, ਐੱਸਜੀਪੀਸੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਬਿਆਨ ਬਾਰੇ ਤਿੱਖੀ ਪ੍ਰਤਿਕਿਰਿਆ ਦਿੱਤੀ। ਕਾਂਗਰਸ ਵੱਲੋਂ ਵੀ ਡੀਜੀਪੀ ਦੇ ਬਚਾਅ ਵਿੱਚ ਬਿਆਨ ਆਇਆ।

ਅੰਗਰੇਜ਼ੀ ਅਖ਼ਬਾਰ ''ਦਿ ਇੰਡਿਅਨ ਐਕਸਪ੍ਰੈਸ'' ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਸ਼ਰਧਾਲੂਆਂ ਲਈ ਬਗੈਰ ਵੀਜ਼ਾ ਲਾਂਘਾ ਖੋਲ੍ਹਣਾ ਸੁਰੱਖਿਆ ਦੇ ਨਜ਼ਰੀਏ ਤੋਂ ਇੱਕ ਵੱਡੀ ਚੁਣੌਤੀ ਹੈ।

ਡੀਜੀਪੀ ਨੇ ਕੀ ਕਿਹਾ?

ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਮੁਤਾਬਕ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇੱਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ ''ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ ਸੀ।

ਡੀਜੀਪੀ ਦੇ ਅਜਿਹਾ ਕਹਿਣ ਦੀ ਕੋਈ ਠੋਸ ਵਜ੍ਹਾ ਰਹੀ ਹੋਵੇਗੀ-ਸ਼ਰਮਾ

ਬੀਬੀਸੀ ਪੰਜਾਬੀ ਨੇ ਡੀਜੀਪੀ ਦਿਨਕਰ ਗੁਪਤਾ ਦੀ ਟਿੱਪਣੀ ''ਤੇ ਪੰਜਾਬ ਦੇ ਸਾਬਕਾ ਡੀਜੀਪੀ ਐੱਸ.ਕੇ. ਸ਼ਰਮਾ ਦੀ ਰਾਇ ਜਾਨਣੀ ਚਾਹੀ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਉਨ੍ਹਾਂ ਕਿਹਾ, ''''ਮੈਨੂੰ ਲਗਦਾ ਹੈ ਕਿ ਡੀਜੀਪੀ ਦੇ ਅਜਿਹਾ ਕਹਿਣ ਦੀ ਕੋਈ ਠੋਸ ਵਜ੍ਹਾ ਰਹੀ ਹੋਵੇਗੀ। ਜਿਹੜੇ ਵੀ ਲੋਕ ਕਰਤਾਰਪੁਰ ਸਾਹਿਬ ਗਏ ਹਨ ਦੂਜੇ ਪਾਸੇ ਦੀਆਂ ਆਈਐੱਸਆਈ ਵਰਗੀਆਂ ਖ਼ੂਫ਼ੀਆ ਏਜੰਸੀਆ ਵੱਲੋਂ ਉਨ੍ਹਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ।"

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ
Getty Images
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ''ਤੇ ਚੁੱਕੇ ਸਵਾਲ

"ਇਹ ਜਾਣਕਾਰੀ ਪੰਜਾਬ ਪੁਲਿਸ ਕੋਲ ਹੋਵੇਗੀ। ਇਸੇ ਕਾਰਨ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਆਪਣੀਆਂ ਕੋਸ਼ਿਸ਼ਾਂ ਵਿੱਚ ਉਹ ਕਿੰਨੇ ਕਾਮਯਾਬ ਰਹੇ ਜਾਂ ਨਹੀਂ ਇਹ ਭਾਵੇਂ ਮੈਨੂੰ ਪਤਾ ਨਹੀਂ ਹੈ। ਪਰ ਡੀਜੀਪੀ ਨੂੰ ਇਸ ਦਾ ਜ਼ਰੂਰ ਪਤਾ ਹੋਵੇਗਾ।''''

ਪਾਕਿਸਤਾਨ ਦਾ ਸਿੱਖਾਂ ਦਾ ਚਹੇਤਾ ਬਣਨ ਦਾ ਜਾਂ ਸਿੱਖ ਮਿਲੀਟੈਂਟਾਂ ਨੂੰ ਭਰਮਾਉਣ ਦਾ ਏਜੰਡਾ ਹੈ। ਡੀਜੀਪੀ ਕੋਲ ਇਸ ਬਾਰੇ ਜਾਣਕਾਰੀ ਹੋਵੇਗੀ। ਡੀਜੀਪੀ ਨੇ ਜੋ ਕਿਹਾ ਮੈਂ ਉਸ ਨਾਲ ਸਹਿਮਤ ਹਾਂ"

ਸ਼੍ਰੋਮਣੀ ਅਕਾਲੀ ਦਲ ਦੀ ਚਿਤਾਵਨੀ

ਸ਼੍ਰੋਮਣੀ ਅਕਾਲੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ। ਅਕਾਲੀ ਆਗੂ ਬਿਕਰਮ ਸਿੰਘ ਮੀਜੀਠੀਆ ਨੇ ਨੇ ਪੰਜਾਬ ਸਰਕਾਰ ਤੋਂ ਇਸ ਬਾਰ ਸਪੱਸ਼ਟੀਕਰਨ ਮੰਗਿਆ।

ਉਨ੍ਹਾਂ ਕਿਹਾ, ''''ਜੇ 24 ਤਰੀਕ ਤੱਕ ਸਰਕਾਰ ਨੇ ਆਪਣਾ ਰਵੱਈਆ ਸਪੱਸ਼ਟ ਨਾ ਕੀਤਾ ਤਾਂ ਵਿਧਾਨ ਸਭਾ ਨਹੀਂ ਚੱਲਣ ਦਿੱਤੀ ਜਾਵੇਗੀ।''''

ਅਕਾਲੀ ਦਲ
Getty Images

ਮੀਜੀਠੀਆ ਨੇ ਅੱਗੇ ਕਿਹਾ, "ਉੱਥੇ ਜਾਣ ਵਾਲੇ ਸ਼ਰਧਾਲੂਆਂ ਦਾ ਮਕਸਦ ਉਸ ਖ਼ੁਸ਼ਬੂ ਉਸ ਹਵਾ ਨੂੰ ਗ੍ਰਹਿਣ ਕਰਨਾ ਜਿੱਥੇ ਗੁਰੂ ਨਾਨਕ ਰਹੇ। ਇਨ੍ਹਾਂ ਨੇ ਕਹਿ ਦਿੱਤਾ ਤੁਸੀਂ ਉੱਥੇ ਜਾ ਕੇ ਰੱਬ-ਰੱਬ ਨਹੀਂ ਕਰੋਂਗੇ। ਤੁਹਾਨੂੰ ਤਾਂ ਉੱਥੋਂ ਫੜ ਕੇ ਲਿਜਾਇਆ ਜਾਵੇਗਾ। ਐਕਸਪਲੋਜ਼ਿਵ ਦੀ ਟਰੇਨਿੰਗ ਦਿੱਤੀ ਜਾਵੇਗੀ। ਤੁਹਾਨੂੰ ਏਕੇ-47 ਚਲਾਉਣ ਦੀ ਟਰੇਨਿੰਗ ਦਿੱਤੀ ਜਾਵੇਗੀ। ਤੁਹਾਨੂੰ ਗਰਨੇਡ ਦੀ ਟਰੇਨਿੰਗ ਦਿੱਤੀ ਜਾਵੇਗੀ।"

ਮਜੀਠੀਆ ਨੇ ਡੀਜੀਪੀ ਅਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਅੱਗੇ ਕਿਹਾ ਕਿ ਜਦੋਂ ਲਾਘਾਂ ਖੁਲ੍ਹਿਆ ਸੀ ਤਾਂ ਉਸ ਵੇਲੇ ਅਸੀਂ ਵੀ ਪਾਕਿਸਤਾਨ ਗਏ ਸੀ ਅਤੇ ਜਥੇਦਾਰ ਨੇ ਅਗਵਾਈ ਕੀਤੀ ਸੀ, ਸਾਡੇ ਵਿੱਚੋਂ ਤਾਂ ਨਹੀਂ ਕੋਈ ਅੱਤਵਾਦੀ ਬਣ ਗਿਆ।

"ਸਾਨੂੰ ਕਿਹੜੇ ਕਿਹੜੇ ਨੂੰ ਕੋਈ ਟਰੇਨਿੰਗ ਮਿਲੀ ਹੈ? 52 ਹਜ਼ਾਰ ਦੀ ਜੇ ਕੋਈ ਸੂਚੀ ਇਨ੍ਹਾਂ ਕੋਲ ਹੈ ਤਾਂ ਜਨਤਕ ਕਰਨ।

ਮਨਜਿੰਦਰ ਸਿੰਘ ਸਿਰਸਾ
BBC

ਕਾਂਗਰਸ ਦੀ ਹਮੇਸ਼ਾ ਤੋਂ ਹੀ ਇਹੀ ਸੋਚ ਰਹੀ ਹੈ- ਸਿਰਸਾ

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਡੀਜੀਪੀ ਦੇ ਬਿਆਨ ਬਾਰੇ ਆਪਣਾ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਇਸ ਬਿਆਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਸਿੱਖਾਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ।

ਸਿਰਸਾ ਨੇ ਕਿਹਾ, "ਪੰਜਾਬ ਦੇ ਡੀਜੀਪੀ ਨੇ ਇਹ ਜੋ ਬਿਆਨ ਦਿੱਤਾ ਹੈ ਕਿ ਕਰਤਾਰਪੁਰ ਜੋ ਸਿੱਖ ਇੱਕ ਦਿਨ ਲਈ ਜਾਵੇਗਾ ਤੇ ਸ਼ਾਮ ਨੂੰ ਆਤੰਕੀ ਬਣ ਕੇ ਆਵੇਗਾ ਤੇ ਆ ਕੇ ਬੰਬ ਧਮਾਕਾ ਕਰ ਦੇਵੇਗਾ। ਮੈਂ ਇਨ੍ਹਾਂ ਸ਼ਬਦਾਂ ਦੀ ਸਖ਼ਤ ਨਿੰਦਾ ਕਰਦਾ ਹਾਂ।"

"ਸਾਨੂੰ ਅਜਿਹੇ ਸ਼ਬਦਾਂ ਤੋਂ ਇਤਰਾਜ਼ ਹੈ। ਕਾਂਗਰਸ ਦੀ ਹਮੇਸ਼ਾ ਤੋਂ ਹੀ ਇਹੀ ਸੋਚ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਇੱਕ ਸਿੱਖ ਹੋਣ ਤੇ ਉਨ੍ਹਾਂ ਦੀ ਸਰਕਾਰ ਅਜਿਹਾ ਬਿਆਨ ਦੇਵੇ। ਸਿੱਖਾਂ ਦੀ ਦੇਸ਼ ਪ੍ਰਸਤੀ ''ਤੇ ਸਵਾਲ ਚੱਕੇ ਜਾਣ। ਸਿੱਖ ਦੇਸ਼ ਦੀ ਇੱਕ ਵਫ਼ਾਦਾਰ ਕੌਮ ਹੈ।"

"ਜੇ ਕੋਈ ਹਿੰਦੂ ਸ਼ਰਧਾਲੂ ਜਾ ਮਾਨਸਰੋਵਰ ਜਾ ਕੇ ਅੱਤਵਾਦੀ ਨਹੀਂ ਬਣਦਾ ਤਾਂ ਇਹ ਕਿਵੇਂ ਕਿਹਾ ਜਾਂਦਾ ਹੈ ਕਿ ਕੋਈ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਵੇਗਾ ਤੇ ਆਤੰਕੀ ਬਣ ਕੇ ਆ ਜਾਵੇਗਾ।"

ਡੀਜੀਪੀ ਦੇ ਬਿਆਨ ਨਾਲ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚੀ- ਲੌਂਗੋਵਾਲ

ਇਸ ਮੁੱਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਖ਼ਤ ਪ੍ਰਤਿਕਿਰਿਆ ਦਿੱਤੀ ਹੈ।

ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ''''ਇਹ ਦੋ ਦੇਸ਼ਾ ਦੀ ਵਿਦੇਸ਼ ਨੀਤੀ ਦੀ ਗੱਲ ਹੈ। ਡੀਜੀਪੀ ਜਾਂ ਪੰਜਾਬ ਸਰਕਾਰ ਦਾ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਬੋਲਣ ਦਾ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਮੰਸ਼ਾ ਮਾੜੀ ਹੈ ਅਤੇ ਇਹ ਚਾਹੁੰਦੇ ਹਨ ਕਿ ਲਾਂਘਾ ਬੰਦ ਹੋਵੇ।

ਉਨ੍ਹਾਂ ਅੱਗੇ ਕਿਹਾ ਕਿ ਡੀਜੀਪੀ ਦੇ ਬਿਆਨ ਨਾਲ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚੀ ਹੈ। ਸ਼ਰਧਾਲੂ ਪੂਰੀ ਵੈਰੀਫਿਕੇਸ਼ਨ ਅਤੇ ਜਾਂਚ ਤੋਂ ਬਾਅਦ ਉੱਥੇ ਜਾਂਦੇ ਹਨ।

ਸਿੱਖ ਕੌਮ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੈ- ਵੇਰਕਾ

ਕਾਂਗਰਸ ਦੇ ਆਗੂ ਰਾਜ ਕੁਮਾਰ ਵੇਰਕਾ ਵੀ ਸਾਹਮਣੇ ਆਏ ਅਤੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਬਾਰੇ ਸਪੱਸ਼ਟੀ ਕਰਨ ਦਿੱਤਾ।

ਉਨ੍ਹਾਂ ਕਿਹਾ, ''''ਸਿੱਖ ਕੌਮ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੈ। ਡੀਜੀਪੀ ਨੇ ਇਹ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ। ਜੋ ਲੋਕ ਮੱਥਾ ਟੇਕਣ ਜਾਂਦੇ ਹਨ ਉਨ੍ਹਾਂ ਨੂੰ ਹਿੰਦੁਸਤਾਨ ਖਿਲਾਫ ਭੜਕਾਇਆ ਜਾਂਦਾ ਹੈ।''''

ਇਹ ਵੀ ਪੜ੍ਹੋ-

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ

https://www.youtube.com/watch?v=WpdgZhPtPjY

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=TDF192VlcLY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News