ਨਮਸਤੇ ਟਰੰਪ: ਮਟੇਰਾ ਸਟੇਡੀਅਮ ਦੇ ਵੱਡੇ ਪ੍ਰੋਗਰਾਮ ਦਾ ਖਰਚਾ ਕੌਣ ਕਰ ਰਿਹਾ ਹੈ

02/21/2020 12:55:51 PM

ਨਮਸਤੇ ਟਰੰਪ ਪੋਸਟਰ
Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਜਾਣਗੇ।

ਪਰ ਇਸ ਦੌਰਾਨ ਕੀਤੇ ਜਾਣ ਵਾਲੇ ਪ੍ਰੋਗਰਾਮ ''ਨਮਸਤੇ ਟਰੰਪ'' ਲਈ ਵੱਡੇ ਖਰਚੇ ਦਾ ਭਾਰ ਕੌਣ ਚੁੱਕੇਗਾ, ਇਸ ਦੇ ਪ੍ਰਬੰਧਕ ਕੌਣ ਹਨ ਇਹ ਚਰਚਾ ਜ਼ੋਰਾਂ ''ਤੇ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕੱਲ੍ਹ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਡੌਨਲਡ ਟਰੰਪ ਲਈ ਅਹਿਮਦਾਬਾਦ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮ ਦਾ ਪ੍ਰਬੰਧਕ ਡੌਨਲਡ ਟਰੰਪ ਨਾਗਰਿਕ ਅਭਿਨੰਦਨ ਸਮੀਤੀ ਕਰ ਰਹੀ ਹੈ।

ਹਾਲਾਂਕਿ ਦਿ ਹਿੰਦੂ ਦੀ ਇੱਕ ਰਿਪੋਰਟ ਦੇ ਅਨੁਸਾਰ, ਗੁਜਰਾਤ ਵਿੱਚ ਅਜਿਹੀ ਕਿਸੇ ਕਮੇਟੀ ਦੀ ਜਾਣਕਾਰੀ ਨਹੀਂ ਹੈ।

ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਜਿਵੇਂ ਹਾਉਡੀ ਮੋਦੀ ਵਿੱਚ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਸੱਦਿਆ ਗਿਆ ਸੀ, ਤਾਂ ਕੀ ਟਰੰਪ ਲਈ ਕੀਤੇ ਜਾਣ ਵਾਲੇ ਸਮਾਗਮ ਵਿੱਚ ਵੀ ਅਜਿਹਾ ਹੀ ਹੋਵੇਗਾ?

ਇਸ ਸਵਾਲ ਦੇ ਜਵਾਬ ਵਿੱਚ ਰਵੀਸ਼ ਕੁਮਾਰ ਨੇ ਕਿਹਾ ਕਿ ਪ੍ਰੋਗਰਾਮ ਦਾ ਪ੍ਰਬੰਧ ਡੌਨਲਡ ਟਰੰਪ ਨਾਗਰਿਕ ਅਭਿਨੰਦਨ ਕਮੇਟੀ ਕਰ ਰਹੀ ਹੈ ਅਤੇ ਫੈਸਲਾ ਵੀ ਉਹੀ ਲਏਗੀ ਕਿ ਕਿਸ ਨੂੰ ਬੁਲਾਉਣਾ ਹੈ ਅਤੇ ਕਿਸ ਨੂੰ ਨਹੀਂ। ਇਹ ਸਵਾਲ ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।

https://twitter.com/MEAIndia/status/1230439115788734464

ਪ੍ਰੈਸ ਕਾਨਫਰੰਸ ਵਿੱਚ ਰਵੀਸ਼ ਕੁਮਾਰ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਊਡੀ ਮੋਦੀ ਪ੍ਰੋਗਰਾਮ ਵਿੱਚ ਅਮਰੀਕੀ-ਭਾਰਤੀਆਂ ਨੂੰ ਸੰਬੋਧਿਤ ਕੀਤਾ ਸੀ ਪਰ ਟਰੰਪ ਕਿਸ ਨੂੰ ਸੰਬੋਧਨ ਕਰਨਗੇ? ਕੀ ਇਹ ਕੋਈ ਸਿਆਸੀ ਪ੍ਰਚਾਰ ਨਹੀਂ ਹੈ?

ਹਾਲਾਂਕਿ, ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਕੋਈ ਸਿਆਸੀ ਪ੍ਰਚਾਰ ਨਹੀਂ ਹੈ। ਪਹਿਲਾਂ ਵੀ ਅਜਿਹੇ ਪ੍ਰੋਗਰਾਮ ਹੁੰਦੇ ਰਹੇ ਹਨ।

ਇਹ ਵੀ ਪੜ੍ਹੋ:

ਇਸੇ ਬਾਰੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਹੈ ਕਿ ਡੌਨਲਡ ਟਰੰਪ ਅਭਿਨੰਦਨ ਸਮੀਤੀ ਦੇ ਪ੍ਰਧਾਨ ਕੌਣ ਹਨ?

ਕਦੋਂ ਅਮਰੀਕੀ ਰਾਸ਼ਟਰਪਤੀ ਨੂੰ ਸੱਦਾ ਭੇਜਿਆ ਗਿਆ ਅਤੇ ਕਦੋਂ ਮਨਜ਼ੂਰ ਹੋਇਆ?

ਫਿਰ ਰਾਸ਼ਟਰਪਤੀ ਟਰੰਪ ਕਿਉਂ ਦਾਅਵਾ ਕਰ ਰਹੇ ਹਨ ਕਿ ਤੁਸੀਂ 7 ਮਿਲੀਅਨ ਲੋਕਾਂ ਦੇ ਇਕੱਠ ਦਾ ਦਾਅਵਾ ਕੀਤਾ ਹੈ?

https://twitter.com/rssurjewala/status/1230495689832091648

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਅਮਰੀਕੀ ਰਾਸ਼ਟਰਪਤੀ ਅਹਿਮਦਾਬਾਦ ਵਿੱਚ ਸਿਰਫ਼ ਤਿੰਨ ਘੰਟੇ ਰੁਕਣਗੇ। ਖ਼ਬਰ ਏਜੰਸੀ ਰੌਇਟਰਜ਼ ਦੀ ਰਿਪੋਰਟ ਮੁਤਾਬਕ ਇਸ ਪ੍ਰੋਗਰਾਮ ਉੱਤੇ 85 ਕਰੋੜ ਰੁਪਏ ਖਰਚ ਹੋਣਗੇ।

ਹਾਲਾਂਕਿ, ਅਹਿਮਦਾਬਾਦ ਮਿਉਂਸਪਲ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਪੈਸਾ ਦੁਨੀਆਂ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵੱਲ ਜਾਣ ਵਾਲੀਆਂ ਸੜਕਾਂ ਨੂੰ ਚੌੜਾ ਕਰਨ ਅਤੇ ਸੁੰਦਰੀਕਰਨ ''ਤੇ ਖਰਚ ਕੀਤਾ ਗਿਆ ਹੈ।

ਅਹਿਮਦਾਬਾਦ ਮਿਉਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵਿਜੇ ਨਹਿਰਾ ਇਸ ਸਮਾਗਮ ''ਤੇ ਹੋਏ ਖਰਚਿਆਂ ਨੂੰ ਜਾਇਜ਼ ਠਹਿਰਾਉਂਦੇ ਹਨ।

ਉਹ ਕਹਿੰਦੇ ਹਨ, "ਅਸੀਂ ਅਹਿਮਦਾਬਾਦ ਨਗਰ ਨਿਗਮ ਦੇ ਬਜਟ ਤੋਂ ਖਰਚ ਕਰ ਰਹੇ ਹਾਂ। ਅਸੀਂ ਇਨ੍ਹਾਂ ਸਾਰੇਂ ਕੰਮਾਂ ਨੂੰ ਪੱਕਾ ਕਰ ਰਹੇ ਹਾਂ।"

ਮੋਟੇਰਾ ਸਟੇਡੀਅਮ ਦੇ ਬਾਹਰ ਚੱਲ ਰਹੀ ਉਸਾਰੀ
Getty Images
ਮੋਟੇਰਾ ਸਟੇਡੀਅਮ ਦੇ ਬਾਹਰ ਚੱਲ ਰਹੀ ਉਸਾਰੀ

ਇਸ ਤੋਂ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ ਕਿ 7 ਮਿਲੀਅਨ ਲੋਕ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ।

ਹਾਲਾਂਕਿ, ਨਹਿਰਾ ਦਾ ਕਹਿਣਾ ਹੈ 100,000-200,000 ਲੋਕਾਂ ਦੇ ਇਸ ਦੌਰਾਨ ਹਿੱਸਾ ਲੈਣ ਦੀ ਉਮੀਦ ਹੈ।

ਨਹਿਰਾ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ ਕਿ ਸਟੇਡੀਅਮ ਵੱਲ ਜਾਣ ਵਾਲੀਆਂ 18 ਸੜਕਾਂ ਨੂੰ ਚੌੜਾ ਕਰਨ, ਮੁੜ-ਉਸਾਰੀ ਅਤੇ ਦੁਬਾਰਾ ਕਾਰਪੇਟਿੰਗ ਲਈ ਅਤੇ ਸਟੇਡੀਅਮ ਦੇ ਆਸਪਾਸ ਉਸਾਰੀ ''ਤੇ 300 ਮਿਲੀਅਨ ਰੁਪਏ ਖਰਚ ਕੀਤੇ ਗਏ ਹਨ, ਜਿਸ ਦੀ ਸਮਰੱਥਾ ਇੱਕ ਲੱਖ ਦਸ ਹਜ਼ਾਰ ਦਰਸ਼ਕਾਂ ਦੀ ਹੈ।

ਨਹਿਰਾ ਅਨੁਸਾਰ, ਉਸ ਖ਼ੇਤਰ ਨੂੰ ਸਜਾਉਣ ''ਤੇ ਜਿੱਥੋਂ ਰਾਸ਼ਟਰਪਤੀ ਟਰੰਪ ਲੰਘਣਗੇ, ਉਸ ''ਤੇ 60 ਕਰੋੜ ਰੁਪਏ ਖਰਚ ਹੋਵੇਗਾ।

ਨਹਿਰਾ ਦਾ ਕਹਿਣਾ ਹੈ, "ਇਸ ਤੋਂ ਇਲਾਵਾ ਸੁੰਦਰੀਕਰਨ ਵੀ ਕੀਤਾ ਗਿਆ ਹੈ। ਅਸੀਂ ਇਸ ਸਮਾਗਮ ਨੂੰ ਨਾ ਸਿਰਫ਼ ਅਹਿਮਦਾਬਾਦ, ਸਗੋਂ ਵਿਸ਼ਵ ਲਈ ਯਾਦਗਾਰ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਸਟਾਫ਼ ਓਵਰਟਾਈਮ ਕੰਮ ਕਰ ਰਿਹਾ ਹੈ।"

ਪ੍ਰਧਾਨ ਮੰਤਰੀ ਮੋਦੀ ਦਾ ''ਹਾਉਡੀ, ਮੋਦੀ'' ਪ੍ਰੋਗਰਾਮ ਸਤੰਬਰ 2019 ਵਿੱਚ ਹਿਊਸਟਨ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਸੀ। ਰਾਸ਼ਟਰਪਤੀ ਟਰੰਪ ਨੇ ਉਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਟੈਕਸਾਸ ਇੰਡੋ ਫੋਰਮ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਤਕਰੀਬਨ 50,000 ਲੋਕਾਂ ਨੇ ਹਿੱਸਾ ਲਿਆ।

ਪ੍ਰਬੰਧਕ ਬਾਰੇ ਵੈੱਬਸਾਈਟ ''ਤੇ ਕੋਈ ਜਾਣਕਾਰੀ ਨਹੀਂ

ਗੁਜਰਾਤ ਦੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀ ਕਈ ਮੀਟਿੰਗਾਂ ਕਰ ਰਹੇ ਹਨ। ਉਹ ਇਸ ਸਮਾਗਮ ਦੇ ਮੇਜ਼ਬਾਨ ਜਾਪਦੇ ਹਨ ਪਰ ਆਸ ਪਾਸ ਕੋਈ "ਅਧਿਕਾਰਤ" ਪ੍ਰਬੰਧਕ ਦਿਖਾਈ ਨਹੀਂ ਦਿੰਦਾ।

ਟੈਕਸਾਸ ਇੰਡੀਆ ਫੋਰਮ ਵੱਲੋਂ ''ਹਾਉਡੀ, ਮੋਦੀ'' ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਫੋਰਮ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ''ਤੋਂ ਇਹ ਵੀ ਕਿਹਾ ਕਿ ਉਹ ਇਸ ਸਮਾਗਮ ਦੇ ਪ੍ਰਬੰਧਕ ਹਨ।

ਪਰ ''ਨਮਸਤੇ ਟਰੰਪ'' ਸਮਾਗਮ ਦੀਆਂ ਹੋਰਡਿੰਗਜ਼ ਅਹਿਮਦਾਬਾਦ ਵਿੱਚ ਕਈ ਥਾਈਂ ਦੇਖੀਆਂ ਜਾ ਸਕਦੀਆਂ ਬਨ ਪਰ ਗੁਜਰਾਤ ਸਰਕਾਰ, ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ, ਭਾਰਤੀ ਜਨਤਾ ਪਾਰਟੀ ਜਾਂ ਕੋਈ ਹੋਰ ਸਰਕਾਰੀ ਜਾਂ ਗੈਰ-ਸਰਕਾਰੀ ਸੰਗਠਨ ਦੇ ਲੋਗੋ ਕਿਸੇ ਵੀ ਹੋਰਡਿੰਗ ਵਿੱਚ ਨਜ਼ਰ ਨਹੀਂ ਆ ਰਹੇ ਹਨ।

ਨਮਸਤੇ ਟਰੰਪ
Getty Images

ਜੇ ਗੁਜਰਾਤ ਸਰਕਾਰ ਦੀ ਵੈੱਬਸਾਈਟ https://gujaratindia.gov.in/ ਦੇਖੀਏ ਤਾਂ ਨਮਸਤੇ ਟਰੰਪ ਪ੍ਰੋਗਰਾਮ ਦੀ ਤਸਵੀਰ ਤਾਂ ਹੈ ਪਰ ਉਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ।

ਪ੍ਰੋਗਰਾਮ ਦੀ ਵੈੱਬਸਾਈਟ namastepresidenttrump.in ਗੁਜਰਾਤ ਸਰਕਾਰ ਦੀ ਗੁਜਰਾਤ ਇਨਫਾਰਮੈਟਿਕਸ ਲਿਮਟਿਡ ਦੁਆਰਾ ਬਣਾਈ ਗਈ ਹੈ।

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਟਵਿੱਟਰ ''ਤੇ ਇਸ ਪ੍ਰੋਗਰਾਮ ਦੀ ਵੀਡੀਓ ਪੋਸਟ ਕੀਤੀ। ਉਸ ਵੀਡੀਓ ਵਿੱਚ ਵੀ ਸਮਾਗਮ ਦੇ ਪ੍ਰਬੰਧਕ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਅਹਿਮਦਾਬਾਦ ਦੇ ਕਮਿਸ਼ਨਰ ਨੇਹਰਾ ਨੇ ਇਹ ਤਾਂ ਕਿਹਾ ਕਿ ਨਿਗਮ ਹਵਾਈ ਅੱਡੇ ਤੋਂ ਸਟੇਡੀਅਮ ਦੇ ਰਸਤੇ ''ਤੇ ਕਿੰਨਾ ਖਰਚ ਕਰ ਰਿਹਾ ਹੈ ਪਰ ਨਿਗਮ ਦਾ ਕੋਈ ਲੋਗੋ ਕਿਸੇ ਵੀ ਹੋਰਡਿੰਗ ''ਤੇ ਦਿਖਾਈ ਨਹੀਂ ਦਿੰਦਾ।

ਸੀਨੀਅਰ ਪੱਤਰਕਾਰ ਆਲੋਕ ਮਹਿਤਾ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਅਮਰੀਕਾ ਅਤੇ ਯੂਕੇ ਵਿੱਚ ਅਜਿਹੇ ਪ੍ਰੋਗਰਾਮ ਕੀਤੇ ਸਨ।

ਉਹ ਕਹਿੰਦੇ ਹਨ ਕਿ ਵਿਸ਼ਾਲ ਸਮਾਗਮਾਂ ਦੇ ਪ੍ਰਬੰਧ ਦੀ ਪਰੰਪਰਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਨਰਸਿਮ੍ਹਾ ਰਾਓ ਦੀ ਸਰਕਾਰ ਨੇ ਇਸ ਨੂੰ ਰੋਕ ਦਿੱਤਾ।

ਉਹ ਕਹਿੰਦੇ ਹਨ ਕਿ ਇੱਕ ਅਜਿਹਾ ਹੀ ਪ੍ਰੋਗਰਾਮ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਲਈ ਕੀਤਾ ਸੀ।

ਇਸ ਸਮਾਗਮ ਬਾਰੇ ਗੱਲ ਕਰਦਿਆਂ ਸਾਬਕਾ ਵਿਦੇਸ਼ ਸਕੱਤਰ ਨਵਤੇਜ ਸਰਨਾ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਦਿ ਮੈਡੀਸਨ ਸੁਕੇਅਰ ਵਿਖੇ ਇਸ ਤਰ੍ਹਾਂ ਦਾ ਸਮਾਗਮ ਕਰਵਾਇਆ ਸੀ। ਇਸੇ ਤਰ੍ਹਾਂ ਦਾ ਸਮਾਗਮ ਅਹਿਮਦਾਬਾਦ ਵਿੱਚ ਕੀਤਾ ਜਾ ਰਿਹਾ ਹੈ।"

ਨਵੀਂ ਕਿਸਮ ਦੀ ਕੂਟਨੀਤੀ?

ਕੀ ਅਮਰੀਕੀ ਰਾਸ਼ਟਰਪਤੀ ਦੇ ਸਮਾਗਮ ਲਈ ਇੰਨੀ ਵੱਡੀ ਰਕਮ ਖਰਚ ਕਰਨੀ ਜ਼ਰੂਰੀ ਹੈ? ਇਸ ਸਵਾਲ ਦੇ ਜਵਾਬ ਵਿੱਚ ਸੀਨੀਅਰ ਪੱਤਰਕਾਰ ਰਾਜ ਗੋਸਵਾਮੀ ਨੇ ਬੀਬੀਸੀ ਗੁਜਰਾਤੀ ਦੇ ਜਿਗਰ ਭੱਟ ਨੂੰ ਦੱਸਿਆ ਕਿ, "ਇਹ ਆਮ ਆਦਮੀ ਲਈ ਵੱਡੀ ਰਕਮ ਹੋ ਸਕਦੀ ਹੈ।"

''ਨਮਸਤੇ ਟਰੰਪ'' ਸਮਾਗਮ ਨੂੰ ਵਿਦੇਸ਼ ਨੀਤੀ ਦਾ ਨਵਾਂ ਰੂਪ ਦੱਸਦਿਆਂ ਗੋਸਵਾਮੀ ਕਹਿੰਦੇ ਹਨ, "ਜਦੋਂ ਕਿਸੇ ਵੀ ਦੇਸ ਦੇ ਚੋਟੀ ਦੇ ਆਗੂ ਕਿਸੇ ਹੋਰ ਦੇਸ ਦੇ ਸਰਕਾਰੀ ਦੌਰੇ ''ਤੇ ਹੁੰਦੇ ਹਨ, ਤਾਂ ਉਹ ਸਬੰਧਤ ਦੇਸ ਦੇ ਸਭਿਆਚਾਰ, ਸੈਰ-ਸਪਾਟੇ ਅਤੇ ਇਤਿਹਾਸਕ ਯਾਦਗਾਰਾਂ ''ਤੇ ਜਾਂਦੇ ਹਨ।"

ਗੁਜਰਾਤ
BBC

ਉਹ ਅੱਗੇ ਕਹਿੰਦੇ ਹਨ, "ਇਸ ਤਰ੍ਹਾਂ ਦੇ ਪ੍ਰੋਗਰਾਮ ਦੁਨੀਆਂ ਭਰ ਵਿੱਚ ਹੁੰਦੇ ਰਹਿੰਦੇ ਹਨ। ਹਰੇਦ ਦੇਸ ਅਜਿਹੇ ਕੌਮਾਂਤਰੀ ਪ੍ਰੋਗਰਾਮਾਂ ਉੱਤੇ ਖਰਚ ਕਰਦਾ ਹੈ।"

ਸੀਨੀਅਰ ਪੱਤਰਕਾਰ ਅਲੋਕ ਮਹਿਤਾ ਅਨੁਸਾਰ, ਇਸ ਤਰ੍ਹਾਂ ਦੇ ਸਭਿਆਚਾਰਕ ਸਮਾਗਮ ਦੇਸਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਚੰਗੇ ਹੁੰਦੇ ਹੈ।

ਆਲੋਕ ਕਹਿੰਦੇ ਹਨ, "ਜਦੋਂ ਤੁਸੀਂ ਕਿਸੇ ਹੋਰ ਦੇਸ ਦੇ ਰਾਸ਼ਟਰਪਤੀ ਨੂੰ ਆਪਣੇ ਦੇਸ ਦੀ ਸੰਸਕ੍ਰਿਤੀ ਨਾਲ ਜੋੜਦੇ ਹੋ ਤਾਂ ਇਸ ਤਰ੍ਹਾਂ ਉਨ੍ਹਾਂ ਦਾ ਭਾਰਤ ਲਈ ਪਿਆਰ ਅਤੇ ਸਤਿਕਾਰ ਵੱਧਦਾ ਹੈ। ਇਸ ਨਾਲ ਭਾਰਤੀਆਂ, ਉਨ੍ਹਾਂ ਦੇ ਦੇਸ ਅਤੇ ਦੇਸ ਦੇ ਸਿਆਸੀ ਮਾਮਲਿਆਂ ਨੂੰ ਫਾਇਦਾ ਹੁੰਦਾ ਹੈ।"

ਮਹਿਤਾ ਦਾ ਕਹਿਣਾ ਹੈ ਕਿ ਅਜਿਹੀਆਂ ਮੁਲਾਕਾਤਾਂ ਦਾ ਸਿਆਸੀ ਅਤੇ ਆਰਥਿਕ ਤੌਰ ''ਤੇ ਫਾਇਦਾ ਹੁੰਦਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ''ਹਾਊਡੀ ਮੋਦੀ'' ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਸਮਾਗਮ ਕਰਾਰ ਦਿੱਤਾ ਅਤੇ ਕਿਹਾ ਕਿ ਕੋਈ ਵੀ ਸਮਾਗਮ ਭਾਰਤ ਦੀ ਵਿੱਤੀ ਹਾਲਤ ਨੂੰ ਨਹੀਂ ਲੁਕੋ ਸਕਦਾ।

https://twitter.com/RahulGandhi/status/1174977095866277889

''ਇਕਨੋਮਿਕ ਟਾਈਮਜ਼'' ਵਿੱਚ ਛਪੀ ਇੱਕ ਖ਼ਬਰ ਮੁਤਾਬਕ ਭਾਜਪਾ ਨੇ ਦਾਅਵਾ ਕੀਤਾ ਸੀ ਕਿ ''ਹਾਊਡੀ ਮੋਦੀ'' ਪ੍ਰੋਗਰਾਮ ਅਮਰੀਕਾ ਅਧਾਰਿਤ ਵਲੰਟੀਅਰਜ਼ ਨੇ ਕੀਤਾ ਸੀ ਤੇ ਭਾਰਤ ਸਰਕਾਰ ਜਾਂ ਪਾਰਟੀ ਦੀ ਕੋਈ ਭੂਮੀਕਾ ਨਹੀਂ ਸੀ।

ਸੀਨੀਅਰ ਪੱਤਰਕਾਰ ਰਮੇਸ਼ ਓਝਾ ਨੇ ਬੀਬੀਸੀ ਗੁਜਰਾਤੀ ਦੇ ਜਿਗਰ ਭੱਟ ਨੂੰ ਦੱਸਿਆ ਸੀ ਕਿ ਅਜਿਹੀ ਘਟਨਾ ਪੈਸੇ ਦੀ ਬਰਬਾਦੀ ਹੈ।

ਉਹ ਕਹਿੰਦੇ ਹਨ, "ਨਰਿੰਦਰ ਮੋਦੀ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਇੱਕ ਆਦਤ ਹੈ। ਉਨ੍ਹਾਂ ਨੂੰ ਅਜਿਹੇ ਸਮਾਗਮਾਂ ਦਾ ਸ਼ੌਂਕ ਹੈ।"

ਅਰਥਸ਼ਾਸਤਰੀ ਇੰਦਰਾ ਹਿਰਵੇ ਦਾ ਕਹਿਣਾ ਹੈ, "ਦੇਸ ਦੀ ਆਰਥਿਕ ਹਾਲਤ ਮਾੜੀ ਹੋਣ ''ਤੇ ਅਸੀਂ ਇੰਨੇ ਵੱਡੇ ਖਰਚਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ।"

ਉਹ ਗ਼ਰੀਬੀ ਨੂੰ ਕਵਰ ਕਰਨ ਲਈ ਕਥਿਤ ਤੌਰ ''ਤੇ ਬਣਾਈ ਗਈ ਕੰਧ ਢਾਹੁਣ ਦੀ ਸਲਾਹ ਦਿੰਦੇ ਹਨ।

ਬੀਬੀਸੀ ਦੇ ਗੁਜਰਾਤੀ ਜਿਗਰ ਭੱਟ ਨਾਲ ਗੱਲ ਕਰਦੇ ਹੋਏ ਅਰਥ ਸ਼ਾਸਤਰੀ ਹੇਮੰਤ ਕੁਮਾਰ ਸ਼ਾਹ ਇਸ ਖਰਚੇ ਨੂੰ ਦੋ ਤਰੀਕਿਆਂ ਨਾਲ ਦੇਖਦੇ ਹਨ।

ਉਹ ਕਹਿੰਦੇ ਹਨ, "ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਪੈਸਾ ਅਚੱਲ ਸੰਪਤੀ ਜਿਵੇਂ ਕਿ ਸੜਕਾਂ, ਫੁੱਟਪਾਥਾਂ, ਪੁਲਾਂ ''ਤੇ ਖਰਚ ਕੀਤਾ ਗਿਆ ਹੈ ਕਿਉਂਕਿ ਇਸ ਨੂੰ ਸਥਾਈ ਤੌਰ ''ਤੇ ਵਰਤਿਆ ਜਾ ਸਕਦਾ ਹੈ।"

ਪਰ ਉਹ ਲਾਈਟਿੰਗ ਅਤੇ ਵੱਡੇ ਇਕੱਠ ਲਈ ਆਉਣ ਵਾਲੇ ਖਰਚਿਆਂ ਨੂੰ ਰੋਕਣ ਦੀ ਅਪੀਲ ਕਰਦੇ ਹਨ। ਉਹ ਕਹਿੰਦੇ ਹਨ, "ਲਾਈਟਿੰਗ, ਰੰਗਾਰੰਗ ਪ੍ਰੋਗਰਾਮ ਹਮੇਸ਼ਾ ਲਈ ਲਾਭਦਾਇਕ ਨਹੀਂ ਹੁੰਦੇ। ਇਹ ਨੌਕਰੀਆਂ ਪੈਦਾ ਨਹੀਂ ਕਰਨਗੇ।"

''ਸਰਕਾਰ ਨੂੰ ਖਰਚਿਆਂ ਦਾ ਲੇਖਾ-ਜੋਖਾ ਦੇਣਾ ਚਾਹੀਦਾ ਹੈ''

ਗੁਜਰਾਤ ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਦੋਸ਼ੀ ਦਾ ਕਹਿਣਾ ਹੈ ਕਿ ''ਨਮਸਤੇ ਟਰੰਪ'' ਪ੍ਰੋਗਰਾਮ ''ਤੇ ਕੀਤਾ ਖਰਚ ਪੈਸੇ ਦੀ ਬਰਬਾਦੀ ਹੈ।

ਉਨ੍ਹਾਂ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ, "ਮੈਂ ਡੌਨਲਡ ਟਰੰਪ ਦੇ ਦੌਰੇ ਦਾ ਸਵਾਗਤ ਕਰਦਾ ਹਾਂ ਪਰ ਗੁਜਰਾਤ ਬੇਰੁਜ਼ਗਾਰੀ, ਸਿਹਤ ਸਮੱਸਿਆਵਾਂ, ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਕੁਪੋਸ਼ਣ ਨਾਲ ਵੀ ਜੂਝ ਰਿਹਾ ਹੈ। ਅਜਿਹੇ ਸਮਾਗਮ ਦਾ ਪ੍ਰਬੰਧ ਕਰਨ ਦੀ ਥਾਂ, ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੈਸੇ ਖਰਚਣੇ ਚਾਹੀਦੇ ਹਨ।"

"ਦੋ ਦੇਸਾਂ ਦੇ ਮੁਖੀਆਂ ਦੀ ਮੁਲਾਕਾਤ ਆਪਣੇ ਆਪ ਵਿੱਚ ਹੀ ਇੱਕ ਵੱਡਾ ਸਮਾਗਮ ਹੈ। ਤੁਹਾਨੂੰ ਇਸ ਨੂੰ ਵੱਡਾ ਕਰਨ ਦੀ ਲੋੜ ਨਹੀਂ ਹੈ।"

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਐੱਨਸੀਪੀ ਆਗੂ ਸ਼ੰਕਰ ਸਿੰਘ ਵਘੇਲਾ ਨੇ ਵੀ ਇਸ ਸਮਾਗਮ ਦੀ ਸਖ਼ਤ ਆਲੋਚਨਾ ਕੀਤੀ ਹੈ।

ਗੁਜਰਾਤ
Getty Images

ਸ਼ੰਕਰ ਸਿੰਘ ਵਾਘੇਲਾ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ, "ਮੈਂ ਸੂਬੇ ਅਤੇ ਕੇਂਦਰ ਸਰਕਾਰ ਨੂੰ ਰਾਸ਼ਟਰਪਤੀ ਟਰੰਪ ਦੇ ਦੌਰੇ ''ਤੇ ਆਉਣ ਵਾਲੇ ਖਰਚਿਆਂ ਦੇ ਵੇਰਵੇ ਜਨਤਕ ਕਰਨ ਦੀ ਅਪੀਲ ਕਰਦਾ ਹਾਂ।"

ਸ਼ੰਕਰ ਸਿੰਘ ਨੇ ਪੁੱਛਿਆ, "ਕੀ ਤੁਸੀਂ ਟਰੰਪ ਨੂੰ ਮਾਰਕੀਟਿੰਗ ਲਈ ਬੁਲਾਉਂਦੇ ਹੋ? ਕੀ ਇੱਥੇ ਟਰੰਪ ਨੂੰ ਬੁਲਾਉਣ ਦਾ ਕੋਈ ਕਾਰਨ ਹੈ? ਅਤੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਟਰੰਪ ਦੇ ਪ੍ਰਚਾਰਕ ਵਾਂਗ ਕਿਉਂ ਦਿਖਣਾ ਚਾਹੁੰਦੇ ਹੋ?"

ਉਨ੍ਹਾਂ ਕਿਹਾ, "ਤੁਹਾਨੂੰ ਇਸ ਤਰ੍ਹਾਂ ਦੇ ਸਮਾਗਮ ਲਈ ਟੈਕਸਦਾਤਾ ਦੇ ਪੈਸੇ ਬਰਬਾਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜੇ ਤੁਸੀਂ ਲੋਕਾਂ ਦੇ ਸੱਚੇ ਸੇਵਕ ਹੋ, ਤਾਂ ਖਰਚਿਆਂ ਦਾ ਲੇਖਾ ਦਿਓ।"

ਟਰੰਪ ਲਈ ਕੀਤੇ ਜਾ ਰਹੇ ਵੱਡੇ ਪ੍ਰੋਗਰਾਮ ਬਾਰੇ ਸ਼ੰਕਰ ਸਿੰਘ ਨੇ ਕਿਹਾ, "ਇਹ ਗਾਂਧੀ, ਸਰਦਾਰ ਤੇ ਲਾਲ ਬਹਾਦਰ ਸ਼ਾਸਤਰੀ ਦੀ ਸਾਦਗੀ ਦਾ ਮਜ਼ਾਕ ਹੈ।"

ਟਰੰਪ ਦੇ ਦੌਰੇ ਦੌਰਾਨ, ਨਰਮਦਾ ਜ਼ਿਲ੍ਹੇ ਦੇ ਕਾਵਡੀਆ ਖੇਤਰ ਵਿੱਚ ਸਥਿਤ 14 ਪਿੰਡਾਂ ਦੇ ਕਈ ਲੋਕ ਇਸ ਸਮੇਂ ਧਰਨੇ ''ਤੇ ਬੈਠੇ ਹਨ।

ਕਬਾਇਲੀ ਲੋਕ ਚਾਹੁੰਦੇ ਹਨ ''ਰਾਸ਼ਟਰਪਤੀ ਟਰੰਪ ਦਖਲ ਦੇ ਕੇ ਉਨ੍ਹਾਂ ਦੇ ਮਾਮਲਿਆਂ ਦਾ ਹੱਲ ਕਰਵਾਉਣ''।

ਨਮਸਤੇ ਟਰੰਪ

ਰਾਸ਼ਟਰਪਤੀ ਟਰੰਪ ਅਹਿਮਦਾਬਾਦ ਵਿੱਚ ਸਿਰਫ਼ ਤਿੰਨ ਘੰਟੇ ਰੁਕਣਗੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ।

ਗੁਜਰਾਤ ਦੇ ਸਰਕਾਰੀ ਅਧਿਕਾਰੀ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ ਕਿ ਟਰੰਪ ਅਹਿਮਦਾਬਾਦ ਵਿੱਚ ਤਿੰਨ ਘੰਟੇ ਰੁਕਣਗੇ ਅਤੇ ਰਾਸ਼ਟਰਪਤੀ ਟਰੰਪ ਦੇ ਦੌਰੇ ''ਤੇ 850 ਮਿਲੀਅਨ ਰੁਪਏ ਖਰਚ ਕੀਤੇ ਜਾਣਗੇ।

ਇਸ ਲਈ 1200 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਅੱਧਾ ਪੈਸਾ ਉਨ੍ਹਾਂ ਉੱਤੇ ਖਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਰੰਪ ਦੇ ਦੌਰੇ ਦੌਰਾਨ ਸਜਾਵਟ ਵਿੱਚ ਵਰਤੇ ਗਏ ਫੁੱਲਾਂ ਦੀ ਕੀਮਤ ਲਗਭਗ 35 ਕਰੋੜ ਰੁਪਏ ਹੈ।

ਹਾਲਾਂਕਿ ਇਸ ਬਾਰੇ ਹਾਲੇ ਸਪਸ਼ਟ ਨਹੀਂ ਹੈ ਕਿ ਉਹ ਗਾਂਧੀ ਆਸ਼ਰਮ ਜਾਣਗੇ ਜਾਂ ਨਹੀਂ।

ਸ਼ਿਵ ਸੈਨਾ ਦੇ ਸਾਮਨਾ ਵਿੱਚ ਛਪੇ ਇੱਕ ਲੇਖ ਵਿੱਚ ਗੁਜਰਾਤ ਮਾਡਲ ਦੀ ਕਾਫ਼ੀ ਆਲੋਚਨਾ ਕੀਤੀ ਗਈ ਹੈ।

''ਸਾਮਨਾ'' ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਗਰੀਬੀ ਲੁਕਾਉਣ ਲਈ 1 ਅਰਬ ਰੁਪਏ ਖਰਚ ਕੀਤੇ ਜਾ ਰਹੇ ਹਨ।

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=5aZ-P0V2imE

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News