ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ?

02/18/2020 4:40:52 PM

ਚੀਨ ''ਚ ਇੱਕ ਨਵਜੰਮੇ ਬੱਚੇ ਦੀ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਬਹੁਤ ਤੇਜ਼ੀ ਨਾਲ ਪੂਰੀ ਦੁਨੀਆਂ ਵਿੱਚ ਫੈਲੀ। ਇਸ ਬੱਚੇ ਨੂੰ ਆਪਣੇ ਜਨਮ ਦੇ 30 ਘੰਟਿਆਂ ਬਾਅਦ ਹੀ ਇਹ ਬਿਮਾਰੀ ਹੋ ਗਈ।

ਇਹ ਅਜੇ ਤੱਕ ਦਾ ਦਰਜ ਕੀਤਾ ਗਿਆ ਸਭ ਤੋਂ ਛੋਟੀ ਉਮਰ ਦਾ ਕੋਰੋਨਾਵਾਇਰਸ ਦੇ ਮਰੀਜ਼ ਦਾ ਕੇਸ ਹੈ। ਇਸ ਬਿਮਾਰੀ ਨਾਲ ਅਜੇ ਤੱਕ 900 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ 40,000 ਨਾਲੋਂ ਵਧ ਮਾਮਲੇ 30 ਨਾਲੋਂ ਜ਼ਿਆਦਾ ਦੇਸਾਂ ਵਿੱਚ ਸਾਹਮਣੇ ਆਏ ਹਨ।

ਪਰ, ਇਸ ਬਿਮਾਰੀ ਨਾਲ ਬਹੁਤ ਹੀ ਘੱਟ ਬੱਚੇ ਬਿਮਾਰ ਹੋਏ ਹਨ।

ਕੋਰੋਨਾਵਾਇਰਸ ਦਾ ਹਾਲ ਹੀ ਵਿੱਚ ਹੋਇਆ ਅਧਿਐਨ ਅਮਰੀਕੀ ਮੈਡੀਕਲ ਐਸੋਸੀਏਸ਼ਨ ਦੇ ਇੱਕ ਜਨਰਲ ਵਿੱਚ ਛਪਿਆ। ਇਸ ਅਧਿਐਨ ਵਿੱਚ ਵੁਹਾਨ ਦੇ ਜਿਨਯੀਨਟੈਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਸ ਵਿੱਚ ਪਤਾ ਲਾਇਆ ਗਿਆ ਕਿ ਇਸ ਬਿਮਾਰੀ ਨਾਲ ਪੀੜਤ ਅੱਧੇ ਨਾਲੋਂ ਜ਼ਿਆਦਾ ਮਰੀਜ਼ 40-59 ਉਮਰ ਦੇ ਵਿਚਕਾਰ ਹਨ ਤੇ ਸਿਰਫ਼ 10% ਪੀੜਤਾਂ ਦੀ ਉਮਰ 39 ਨਾਲੋਂ ਘੱਟ ਹੈ।

ਖੋਜਕਾਰਾਂ ਅਨੁਸਾਰ, "ਬੱਚਿਆਂ ਵਿੱਚ ਬਿਮਾਰੀ ਦੇ ਕੇਸ ਬਹੁਤ ਘੱਟ ਹਨ।" ਪਰ ਅਜਿਹਾ ਕਿਉਂ ਹੈ?

ਬੱਚਿਆਂ ''ਚ ਘੱਟ ਗਿਣਤੀ ਕੇਸ

ਇਸ ਨੂੰ ਲੈ ਕੇ ਕਾਫ਼ੀ ਧਾਰਨਾਵਾਂ ਹਨ ਪਰ ਸਿਹਤ ਦੇ ਮਾਹਰਾਂ ਕੋਲ ਇਸ ਦਾ ਕੋਈ ਪੱਕਾ ਜਵਾਬ ਨਹੀਂ ਹੈ ਕਿ ਬੱਚਿਆਂ ਵਿੱਚ ਇਹ ਬਿਮਾਰੀ ਘੱਟ ਕਿਉਂ ਫੈਲੀ।

ਆਇਆਨ ਜੋਨਸ, ਯੂਨੀਵਰਸਿਟੀ ਆਫ਼ ਰਿਡਿੰਗ ਦੇ ਪ੍ਰੋਫੈਸਰ ਨੇ ਬੀਬੀਸੀ ਨੂੰ ਦੱਸਿਆ, "ਇਸ ਗੱਲ ਦੇ ਕੋਈ ਪੁਖਤਾ ਸਬੂਤ ਤਾਂ ਨਹੀਂ ਹਨ, ਪਰ ਜਾਂ ਤਾਂ ਬੱਚੇ ਇਸ ਬਿਮਾਰੀ ਤੋਂ ਬਚੇ ਰਹੇ ਜਾਂ ਫਿਰ ਉਨ੍ਹਾਂ ਨੂੰ ਇਸ ਬਿਮਾਰੀ ਦਾ ਗੰਭੀਰ ਇਨਫੈਕਸ਼ਨ ਨਹੀਂ ਹੋਇਆ।"

ਇਸ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਬੱਚੇ ਬਿਮਾਰੀ ਨਾਲ ਘੱਟ ਮਾਤਰਾ ਵਿੱਚ ਪ੍ਰਭਾਵਿਤ ਹੋ ਰਹੇ ਹਨ, ਜਿਸ ਕਰਕੇ ਬਿਮਾਰੀ ਦੇ ਲੱਛਣਾਂ ਦਾ ਵਿਕਾਸ ਨਹੀਂ ਹੁੰਦਾ। ਇਸਦੇ ਨਤੀਜੇ ਵਜੋਂ ਹੀ ਡਾਕਟਰਾਂ ਕੋਲ ਜਾਣਾ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਰਿਪੋਰਟ ਕੀਤੇ ਕੇਸਾਂ ਵਿੱਚ ਵਾਧਾ ਨਹੀਂ ਹੁੰਦਾ।

ਇਹ ਵੀ ਪੜ੍ਹੋ:

ਯੂਨੀਵਰਸਿਟੀ ਕਾਲਜ ਲੰਡਨ ਵਿਖੇ ਕਲੀਨਿਕਲ ਲੈਕਚਰਾਰ ਵਜੋਂ ਕੰਮ ਕਰ ਰਹੇ ਨੈਥਲੀ ਮੈਕਡਰਮੋਟ ਇਸ ਗੱਲ ਨਾਲ ਸਹਿਮਤ ਹਨ।

ਉਹ ਕਹਿੰਦੇ ਹਨ, "ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਇਮਿਊਨ ਸਿਸਟਮ ਵਾਇਰਸਾਂ ਨਾਲ ਲੜਨ ਲਈ ਕਾਫ਼ੀ ਅਸਰਦਾਇਕ ਹੁੰਦਾ ਹੈ।"

"ਫਿਰ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਨਫੈਕਸ਼ਨ ਹੋ ਜਾਵੇ, ਪਰ ਉਸ ਦੀ ਮਾਤਰਾ ਘੱਟ ਹੁੰਦੀ ਹੈ ਤੇ ਇਸ ਬਿਮਾਰੀ ਦੇ ਲੱਛਣ ਸਾਹਮਣੇ ਨਹੀਂ ਆ ਪਾਉਂਦੇ।"

ਬੱਚਿਆਂ ਵਿੱਚ ਵਾਇਰਸ ਨਾਲ ਘੱਟ ਬਿਮਾਰੀਆਂ ਦਾ ਉਦਾਹਰਣ ਕੋਰੋਨਾਵਾਇਰਸ ਦੇ ਨਾਲ, SARS ਵੀ ਹੈ। SARS 2003 ਵਿੱਚ ਚੀਨ ਵਿੱਚ ਵੀ ਸ਼ੁਰੂ ਹੋਇਆ ਸੀ ਅਤੇ ਇਸ ਕਰਕੇ ਲਗਭਗ 800 ਲੋਕਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਵੀ ਇਸ ਬਿਮਾਰੀ ਦੇ ਕੇਸ ਬੱਚਿਆਂ ਵਿੱਚ ਘੱਟ ਵੇਖਣ ਨੂੰ ਮਿਲੇ ਸਨ।

2007 ਵਿੱਚ ਇੱਕ ਅਮਰੀਕੀ ਜਨਤਕ ਸਿਹਤ ਏਜੰਸੀ ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੇ ਮਾਹਰਾਂ ਨੇ SARS ਦੇ ਬੱਚਿਆਂ ਵਿੱਚ 135 ਮਾਮਲੇ ਦੱਸੇ ਸੀ। ਪਰ ਇਸ ਕਰਕੇ ਕਿਸੇ ਵੀ ਬੱਚੇ ਦੀ ਮੌਤ ਨਹੀਂ ਹੋਈ।

ਕੀ ਨਵੇਂ ਸਾਲ ਦੀ ਛੁੱਟੀਆਂ ਕਰਕੇ ਬੱਚੇ ਕੋਰੋਨਾਵਾਇਰਸ ਤੋਂ ਬਚੇ?

ਮੈਕਡਰਮੋਟ ਅਨੁਸਾਰ ਬੱਚੇ ਵੱਡਿਆਂ ਵਾਂਗ ਵਾਇਰਸ ਦੇ ਸੰਪਰਕ ਵਿੱਚ ਜ਼ਿਆਦਾ ਨਹੀਂ ਆਏ ਕਿਉਂਕਿ ਜਦੋਂ ਇਹ ਬਿਮਾਰੀ ਦੀ ਸ਼ੁਰੂਆਤ ਹੋਈ ਤਾਂ ਚੀਨ ਵਿੱਚ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਸਨ।

ਲਗਭਗ ਸਾਰੇ ਚੀਨੀ ਸੂਬਿਆਂ ਨੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕੁਝ ਸਕੂਲ ਤਾਂ ਪੂਰੇ ਫਰਵਰੀ ਮਹੀਨੇ ਵਿੱਚ ਵੀ ਬੰਦ ਰਹਿਣਗੇ।

"ਇਹ ਬਿਮਾਰੀ ਜ਼ਿਆਦਾਤਰ ਸਿਆਣੇ ਲੋਕਾਂ ਤੋਂ ਹੀ ਫੈਲੀ। ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਉਨ੍ਹਾਂ ਨੂੰ ਬਾਹਰ ਨਹੀਂ ਭੇਜਿਆ ਗਿਆ ਜਾਂ ਮਰੀਜ਼ ਤੋਂ ਦੂਰ ਰੱਖਿਆ ਗਿਆ।"

ਇਹ ਵੀ ਦੇਖੋ:

https://www.facebook.com/BBCnewsPunjabi/videos/129688861677196/

ਪਰ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਹਾਲਾਤ ਬਦਲ ਸਕਦੇ ਹਨ। "ਜੇ ਬਿਮਾਰੀ ਹੋਰ ਫੈਲਦੀ ਹੈ ਤਾਂ ਬੱਚਿਆ ਵਿੱਚ ਵੀ ਇਹ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।"

ਹਾਲਾਂਕਿ, ਬਿਮਾਰੀ ਦੇ ਹੁਣ ਤੱਕ ਤੇਜ਼ੀ ਨਾਲ ਫੈਲਣ ਨਾਲ ਵੀ ਬੱਚਿਆਂ ਦੇ ਮਾਮਲਿਆਂ ਵਿੱਚ ਵਾਧਾ ਨਹੀਂ ਹੋਇਆ ਹੈ।

ਇੱਕ ਵਾਰ ਫਿਰ SARS ਮਹਾਮਾਰੀ ਇੱਕ ਉਦਾਹਰਣ ਪੇਸ਼ ਕਰਦਾ ਹੈ। ਸੀਡੀਸੀ ਖੋਜਕਰਤਾਵਾਂ ਜਿਨ੍ਹਾਂ ਨੇ ਬੱਚਿਆਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕੀਤਾ ਸੀ, ਉਨ੍ਹਾਂ ਅਨੁਸਾਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਸਪਤਾਲ ਦੇ ਇਲਾਜ ਦੀ ਜ਼ਰੂਰਤ ਘੱਟ ਪਈ ਸੀ।

ਕੀ ਵਾਇਰਸ ਸਿਆਣਿਆਂ ਵਿੱਚ ਬੱਚਿਆਂ ਨਾਲੋਂ ਜ਼ਿਆਦਾ ਗੰਭੀਰ ਅਸਰ ਪਾਉਂਦਾ ਹੈ?

ਹਾਲਾਂਕਿ ਬਹੁਤ ਥੋੜੇ ਬੱਚਿਆਂ ਨੂੰ ਇਨਫੈਕਸ਼ਨ ਹੋਈ ਹੈ, ਮੈਡੀਕਲ ਮਾਹਰਾਂ ਅਨੁਸਾਰ ਇਹ ਇਸ ਕਰਕੇ ਨਹੀਂ ਹੈ ਕਿ ਬੱਚਿਆਂ ਨੂੰ ਇਹ ਬਿਮਾਰੀ ਨਹੀਂ ਹੋ ਰਹੀ।

ਇੱਕ ਹੋਰ ਸੰਭਾਵਿਤ ਵਿਆਖਿਆ ਇਹ ਹੈ ਕਿ ਇਸ ਬਿਮਾਰੀ ਦਾ ਪ੍ਰਕੋਪ ਬਾਲਗਾਂ ਵਿੱਚ ਬੱਚਿਆਂ ਦੇ ਮੁਕਾਬਲੇ ਵਧੇਰੇ ਗੰਭੀਰ ਹੈ ਜਿਵੇਂ ਕਿ ਚਿਕਨਪੌਕਸ ਦੇ ਮਾਮਲੇ ਵਿੱਚ ਹੁੰਦਾ ਹੈ।

ਕਾਰਡਿਫ ਯੂਨੀਵਰਸਿਟੀ ਵਿੱਚ ਐਂਡਰਿਊ ਫ੍ਰੀਡਮੈਨ ਇਨਫੈਕਸ਼ੀਅਸ ਬਿਮਾਰੀਆਂ ਦੇ ਮਾਹਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਬੱਚਿਆਂ ਵਿੱਚ ਇਸ ਬਿਮਾਰੀ ਨਾਲ ਲੜਨ ਦੀ ਵੱਧ ਇਮਿਊਨਟੀ ਹੈ।"

ਉਨ੍ਹਾਂ ਨੇ ਕਿਹਾ, "ਇਹ ਵੀ ਹੋ ਸਕਦਾ ਹੈ ਕਿ ਅਧਿਕਾਰੀ ਉਨ੍ਹਾਂ ਬੱਚਿਆਂ ਨੂੰ ਟੈਸਟ ਨਹੀਂ ਕਰ ਰਹੇ ਜੋ ਇਸ ਬਿਮਾਰੀ ਦੇ ਕੋਈ ਲੱਛਣ ਜਾਂ ਫਿਰ ਹਲਕੇ ਲੱਛਣ ਵਿਖਾ ਰਹੇ ਹਨ।"

ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਵਿਖੇ ਸਟੈਟਿਸਟਿਕਲ ਐਪੀਡਿਮੋਲੋਜੀ ਦੇ ਮਾਹਰ ਕ੍ਰਿਸਟਲ ਡੋਨੇਲੀ ਨੇ ਵੀ ਹਾਂਗ ਕਾਂਗ ਵਿੱਚ ਸਾਰਸ ਮਹਾਂਮਾਰੀ ਦੇ ਸਬੂਤ ਦਾ ਹਵਾਲਾ ਦਿੰਦੇ ਹੋਏ ਇਸ ਗੱਲ ਨਾਲ ਸਹਿਮਤੀ ਜਤਾਈ।

ਪਹਿਲਾਂ ਤੋਂ ਮੌਜੂਦ ਹਾਲਾਤ

ਉਹ ਬਾਲਗ ਜੋ ਪਹਿਲਾਂ ਤੋਂ ਹੀ ਕਿਸੇ ਹੋਰ ਬਿਮਾਰੀ ਨਾਲ ਜੂਝ ਰਹੇ ਹੋਣ, ਉਨ੍ਹਾਂ ਨੂੰ ਇਸ ਬਿਮਾਰੀ ਦਾ ਜ਼ਿਆਦਾ ਖ਼ਤਰਾ ਹੈ। ਇਸ ਦਾ ਕਾਰਨ ਹੈ ਉਨ੍ਹਾਂ ਦੇ ਇਮਿਊਨ ਸਿਸਟਮ ''ਤੇ ਪਹਿਲਾਂ ਤੋਂ ਹੀ ਪੁਰਾਣੀਆਂ ਬਿਮਾਰੀਆਂ ਦਾ ਪ੍ਰਭਾਵ।

ਆਇਆਨ ਜੋਨਸ ਨੇ ਦੱਸਿਆ, "ਨਮੂਨੀਆ (ਕੋਰੋਨਾਵਾਇਰਸ ਦੇ ਨਤੀਜੇ ਵਿਚੋਂ ਇੱਕ) ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਵਧ ਪ੍ਰਭਾਵਤ ਕਰਦਾ ਹੈ ਕਿਉਂਕਿ ਉਨ੍ਹਾਂ ਦੀ ਪਹਿਲਾਂ ਹੀ ਸਿਹਤ ਮਾੜੀ ਹੁੰਦੀ ਹੈ।"

"ਇਹ ਫਲੂ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਨਾਲ ਵੀ ਹੁੰਦਾ ਹੈ।"

ਵੁਹਾਨ ਦੇ ਹਸਪਤਾਲ ਦੇ ਅਧਿਐਨ ਵਿੱਚ ਪਤਾ ਲੱਗਾ ਕਿ ਲਗਭਗ ਅੱਧੇ ਮਰੀਜ਼ ਪਹਿਲਾਂ ਹੀ ਕਿਸੇ ਬਿਮਾਰੀ ਦਾ ਸ਼ਿਕਾਰ ਸਨ।

ਇਹ ਵੀ ਪੜ੍ਹੋ:

ਪਰ ਕੀ ਬੱਚੇ ਜ਼ਿਆਦਾ ਵਾਇਰਸ ਨਹੀਂ ਫੈਲਾਉਂਦੇ?

ਆਇਆਨ ਜੋਨਸ ਦੇ ਅਨੁਸਾਰ ਬੱਚਿਆਂ ਵਿੱਚ ਵਾਇਰਲ ਇਨਫੈਕਸ਼ਨਾਂ ਨੂੰ ਫੈਲਣ ਅਤੇ ਫੈਲਾਉਣ ਦਾ ਵਧ ਖ਼ਤਰਾ ਹੁੰਦਾ ਹੈ। ਅਕਸਰ ਉਨ੍ਹਾਂ ਨੂੰ ''ਬਿਮਾਰੀ ਫੈਲਾਉਣ ਵਾਲੇ'' ਦੱਸਿਆ ਜਾਂਦਾ ਹੈ।

ਉਨ੍ਹਾਂ ਅਨੁਸਾਰ, "ਉਹ ਸਾਹ ਵਾਲੀਆਂ ਬਿਮਾਰੀਆਂ ਜਲਦੀ ਤੇ ਜ਼ਿਆਦਾ ਫੈਲਾਉਂਦੇ ਹਨ।"

ਇਸ ਲਈ ਕੋਰੋਨਾਵਾਇਰਸ ਕਰਕੇ ਜ਼ਿਆਦਾ ਬੱਚੇ ਪੀੜਤ ਹੁੰਦੇ। ਪਰ ਫਿਲਹਾਲ ਇੰਝ ਨਹੀਂ ਹੋ ਰਿਹਾ।

ਇਹ ਹੋ ਸਕਦਾ ਹੈ ਕਿ ਬੱਚਿਆਂ ਵਿੱਚ ਵਾਇਰਸਾਂ ਨਾਲ ਲੜਨ ਲਈ ਮਜਬੂਤ ਇਮਿਊਨ ਸਿਸਟਮ ਹੋਵੇ। ਇਹ ਵੀ ਹੋ ਸਕਦਾ ਹੈ ਕਿ ਬਿਮਾਰੀ ਬਾਲਗਾਂ ਵਿੱਚ ਬੱਚਿਆਂ ਨਾਲੋਂ ਜ਼ਿਆਦਾ ਹਮਲਾਵਰ ਹੋਵੇ।

ਇਸ ਕਰਕੇ ਹੀ ਬੱਚਿਆਂ ਨੂੰ ਡਾਕਟਰਾਂ ਕੋਲ ਜ਼ਿਆਦਾ ਨਹੀਂ ਲਿਜਾਇਆ ਜਾਂਦਾ ਅਤੇ ਉਹਨਾਂ ਦਾ ਟੈਸਟ ਅਤੇ ਰਜਿਸਟਰੇਸ਼ਨ ਨਹੀਂ ਕੀਤੀ ਜਾਂਦੀ।

ਮੌਜੂਦਾ ਹਾਲਾਤਾਂ ਨੂੰ ਸਮਝਣ ਲਈ ਵਧੇਰੇ ਕੰਮ ਕਰਨ ਦੀ ਲੋੜ ਹੈ।

ਪਰ ਇਹ ਵੀ ਹੋ ਸਕਦਾ ਹੈ ਕਿ ਬੱਚਿਆਂ ਨੂੰ ਮਾਪਿਆਂ ਵਲੋਂ ਸਕੂਲ ਅਤੇ ਹੋਰ ਥਾਵਾਂ ਤੋਂ ਦੂਰ ਰੱਖਿਆ ਗਿਆ ਜਿਸ ਕਰਕੇ ਉਹ ਬਚੇ ਰਹੇ।

ਇਸ ਸਥਿਤੀ ਵਿੱਚ ਉਸ ਵੇਲੇ ਜ਼ਿਆਦਾ ਜਾਣ ਸਕਾਂਗੇ ਜਦੋਂ ਸਾਰੇ ਚੀਨ ਦੇ ਬੱਚੇ ਸਕੂਲ ਵਾਪਸ ਆ ਜਾਣਗੇ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: CAA: ਸ਼ਾਹੀਨ ਬਾਗ ''ਚ ਉਹ ਕੁੜੀਆਂ ਜਿਨ੍ਹਾਂ ਨੇ ਪ੍ਰਦਰਸ਼ਨ ਲਈ ਨੌਕਰੀ ਛੱਡੀ

https://www.facebook.com/BBCnewsPunjabi/videos/184534939469622/

ਵੀਡਿਓ: ਭਾਰਤ, ਪਾਕਿਸਤਾਨ ਦੇ ਰੁਕੇ ਵਪਾਰ ਨੇ ਅਟਾਰੀ ''ਚ ਕਈਆਂ ਦੇ ਚੁਲ੍ਹਿਆਂ ਪਾਣੀ ਪਾਇਆ

https://www.youtube.com/watch?v=BGn3c6p5CTo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News