ਪੁਲਵਾਮਾ ਹਮਲੇ ਤੋਂ ਬਾਅਦ ਇੱਕ ਹੁਕਮ ਨੇ ਵਾਹਗੇ ''''ਤੇ ਸੈਂਕੜੇ ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ

02/18/2020 6:40:47 AM

"ਇਕੱਲੀ ਸਾਡੀ ਯੂਨੀਅਨ ਹੀ ਆਈਸੀਪੀ ''ਤੇ 60 ਕਰੋੜ ਰੁਪਏ ਦਾ ਵਪਾਰ ਕਰਦੀ ਸੀ ਪਰ ਹੁਣ ਤਾਂ ਅਸੀਂ ਆਪਣਾ ਕਰਜ਼ਾ ਵੀ ਨਹੀਂ ਉਤਾਰ ਪਾ ਰਹੇ। ਸਾਡੇ ਵਿੱਚੋਂ ਕਈ ਲੋਕਾਂ ਨੇ ਟਰਾਂਸਪੋਰਟ ਦੇ ਲਈ ਬੈਂਕ ਤੋਂ ਕਰਜ਼ਾ ਲਿਆ ਸੀ।"

ਇਹ ਕਹਿਣਾ ਹੈ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਦਾ, ਜੋ ਕਿ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਬੰਦ ਹੋਣ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਤਾਂ ਚੱਲਦਾ ਹੀ ਰਹਿੰਦਾ ਹੈ ਪਰ ਇਸ ਦਾ ਅਸਰ ਵਪਾਰ ਉੱਤੇ ਨਹੀਂ ਪੈਣਾ ਚਾਹੀਦਾ। ਉਹ ਆਪਸ ਵਿੱਚ ਬੈਠ ਕੇ ਸੁਲਾਹ ਕਰਨ ਉੱਤੇ ਜ਼ੋਰ ਦਿੰਦੇ ਹਨ।

ਉਨ੍ਹਾਂ ਅੱਗੇ ਕਿਹਾ, "ਫ਼ਰਕ ਇਸ ਤਰ੍ਹਾਂ ਪਿਆ ਜਿਵੇਂ ਕਿਤੇ ਬੈਠੇ ਹੁੰਦੇ ਹਾਂ ਅਤੇ ਭੂਚਾਲ ਆ ਜਾਂਦਾ ਹੈ। ਇੱਕ ਹੁਕਮ ਆਇਆ, ਜਿਸ ਨਾਲ ਇੰਨਾ ਵੱਡਾ ਭੂਚਾਲ ਆਇਆ ਕਿ ਕਈ ਡਰਾਈਵਰਾਂ, ਟਰੱਕ ਮਾਲਕਾਂ ਦੇ ਘਰ ਰੋਟੀ ਵੀ ਨਹੀਂ ਪੱਕੀ ਅਤੇ ਇਹ ਸੋਚਣ ਲੱਗੇ ਕਿ ਅਸੀਂ ਹੁਣ ਕਰਾਂਗੇ ਕੀ।"

ਕੁਝ ਅਜਿਹਾ ਹੀ ਅਸਰ ਛੋਟੇ ਵਪਾਰੀਆਂ ਜਾਂ ਮਜ਼ਦੂਰਾਂ ਉੱਤੇ ਵੀ ਪਿਆ ਹੈ।

ਅਟਾਰੀ ਵਿਖੇ ਇੰਟੀਗਰੇਟੇਡ ਚੈੱਕ ਪੋਸਟ (ਆਈਸੀਪੀ) ਨੇੜੇ ਰੇਹੜੀ ਲਾਉਣ ਵਾਲੇ ਰਮੇਸ਼ ਦਾ ਕਹਿਣਾ ਹੈ, "ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਚੱਲਦਾ ਸੀ ਤਾਂ ਮੈਂ ਇੱਕ ਦਿਨ ਵਿੱਚ 2700 ਰੁਪਏ ਕਮਾ ਲੈਂਦਾ ਸੀ। ਪਰ ਹੁਣ ਸਿਰਫ਼ 200 ਰੁਪਏ ਹੀ ਰੋਜ਼ ਦੇ ਕਮਾ ਸਕਦਾ ਹਾਂ। ਸਗੋਂ ਆਈਸੀਪੀ ਦੇ ਨੇੜੇ ਸੜਕ ''ਤੇ ਰੇਹੜੀ ਲਾਉਣਾ ਵੀ ਔਖਾ ਹੋ ਰਿਹਾ ਹੈ।"

ਇਹ ਵੀ ਪੜ੍ਹੋ:

ਵਪਾਰ, ਪਾਕਿਸਤਾਨ , ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ
BBC
ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਇੱਕ ਫੈਸਲੇ ਨਾਲ ਜ਼ਿੰਦਗੀ ਵਿੱਚ ਭੂਚਾਲ ਹੀ ਆ ਗਿਆ

ਜੇ ਇੱਕ ਛੋਟੀ ਜਿਹੀ ਰੇਹੜੀ ਵਾਲੇ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਪੂਰੇ ਵਪਾਰ ਉੱਤੇ ਇਸ ਦਾ ਅਸਰ ਪੈਣਾ ਲਾਜ਼ਮੀ ਹੈ।

ਇਸ ਵਿਚਾਲੇ ਵਪਾਰੀਆਂ ਨੇ ਕੁਝ ਹੋਰ ਕੰਮ ਸ਼ੁਰੂ ਕਰ ਦਿੱਤੇ ਹਨ ਪਰ ਹਜ਼ਾਰਾਂ ਮਜ਼ਦੂਰ, ਢਾਬੇ ਚਲਾਉਣ ਵਾਲੇ ਅਤੇ ਡਰਾਈਵਰਾਂ ਦਾ ਕੰਮ-ਧੰਦਾ ਪੂਰੀ ਤਰ੍ਹਾਂ ਠੱਪ ਹੀ ਹੋ ਗਿਆ।

ਅਟਾਰੀ ਵਿੱਚ ਗੁਰਦੀਪ ਨਾਮ ਦੇ ਕੁਲੀ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਬੰਦ ਹੋਣ ਕਾਰਨ ਕਿਵੇਂ ਉਸ ਦੀ ਜ਼ਿੰਦਗੀ ਹੀ ਬਦਲ ਗਈ। ਕੰਮ ਦੌਰਾਨ ਹੀ ਗੁਰਦੀਪ ਦੇ ਸੱਟ ਲੱਗ ਗਈ ਸੀ। ਫਿਰ ਉਸ ਦੀ ਥਾਂ ਉਸ ਦੇ ਭਰਾ ਸੰਨੀ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ। ਪਰ ਦੋਹਾਂ ਦੇਸਾਂ ਵਿਚਾਲੇ ਵਪਾਰ ਬੰਦ ਹੋਣ ਕਾਰਨ ਉਹ ਛੋਟੇ-ਮੋਟੇ ਕੰਮ ਕਰਕੇ ਹੀ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ।

ਸੰਨੀ ਅਕਸਰ ਰੀ-ਟਰੀਟ ਸੈਰੇਮਨੀ ਦੇਖਣ ਆਏ ਲੋਕਾਂ ਦੇ ਰੰਗ-ਬਰੰਗੇ ਟੈਟੂ ਬਣਾਉਂਦਾ ਹੈ।

ਆਈਸੀਪੀ ਰਾਹੀਂ ਵਪਾਰ ਬੰਦ ਦਾ ਅਸਰ

ਦਰਅਸਲ 14 ਫਰਵਰੀ 2019 ਨੂੰ ਭਾਰਤ ਸਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐੱਫ਼ ਦਾ ਕਾਫ਼ਲੇ ਉੱਤੇ ਕਾਰ ਬੰਬ ਹਮਲਾ ਹੋਇਆ ਸੀ ਅਤੇ 16 ਫਰਵਰੀ 2019 ਤੋਂ ਭਾਰਤ ਅਤੇ ਪਾਕਿਸਤਾਨ ਨੇ ਅਟਾਰੀ ਰਾਹੀਂ ਵਪਾਰ ਬੰਦ ਕਰ ਦਿੱਤਾ ਸੀ।

ਦੋਹਾਂ ਦੇਸਾਂ ਨੇ ਵਪਾਰ ਨੂੰ ਲੈ ਕੇ ਕਈ ਸਖ਼ਤ ਫੈਸਲੇ ਲਏ। ਭਾਰਤ ਨੇ ਪਾਕਿਸਤਾਨ ਤੋਂ ਬਰਾਮਦ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਉੱਤੇ 200 ਫੀਸਦ ਦੀ ਕਸਟਮ ਡਿਊਟੀ ਲਾ ਦਿੱਤੀ।

2018-19 ਵਿੱਚ ਅਟਾਰੀ ਰਾਹੀਂ ਪਾਕਿਸਤਾਨ ਤੋਂ 262 ਕਰੋੜ ਰੁਪਏ ਦਾ ਮਾਲ ਆਇਆ ਸੀ, ਜੋ ਕਿ ਡਿੱਗ ਕੇ 6 ਕਰੋੜ ਰੁਪਏ ਰਹਿ ਗਿਆ ਹੈ।

ਭਾਰਤ ਤੋਂ 2018-19 ਵਿੱਚ 613 ਕਰੋੜ ਦਾ ਮਾਲ ਭੇਜਿਆ ਸੀ ਪਰ ਇਸ ਵਿੱਤੀ ਵਰ੍ਹੇ ਵਿੱਚ ਸਿਰਫ਼ 223 ਕਰੋੜ ਦਾ ਹੀ ਮਾਲ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਐਕਸਪੋਰਟਰ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਰਾਜੀਵ ਉੱਪਲ ਦਾ ਕਹਿਣਾ ਹੈ, "ਹੁਣ ਤੱਕ ਪਾਕਿਸਤਾਨ ਤੋਂ ਮੇਵੇ, ਸੀਮੈਂਟ, ਜਿਪਸਮ, ਗਲਾਸ, ਸੋਡਾ, ਚੂਨਾ ਪੱਥਰ, ਨਮਕ, ਅਲਮੀਨੀਅਮ ਅਤੇ ਹੋਰ ਵੀ ਕਈ ਚੀਜ਼ਾਂ ਆਈਸੀਪੀ ਰਾਹੀਂ ਭਾਰਤ ਵਿੱਚ ਦਰਾਮਦ ਕੀਤੀਆਂ ਜਾਂਦੀਆਂ ਸਨ। ਹੁਣ ਇਸ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕੁਝ ਚੀਜ਼ਾਂ ਸਿਰਫ਼ ਪਾਕਿਸਤਾਨ ਤੋਂ ਹੀ ਭਾਰਤ ਦਰਾਮਦ ਕੀਤੀਆਂ ਜਾਂਦੀਆਂ ਸਨ।"

ਉਨ੍ਹਾਂ ਅੱਗੇ ਕਿਹਾ, "ਵਾਹਘਾ ਸਰਹੱਦ ਦਾ ਸਭ ਤੋਂ ਵੱਧ ਫਾਇਦਾ ਸਾਨੂੰ ਵਪਾਰ ਰਾਹੀਂ ਹੁੰਦਾ ਸੀ। ਜੇ ਅਸੀਂ ਕਿਸੇ ਤੀਜੇ ਦੇਸ ਤੋਂ ਸਮਾਨ ਮੰਗਾਈਏ ਤਾਂ ਉਹ ਬਹੁਤ ਮਹਿੰਗਾ ਪੈਂਦਾ ਹੈ।"

ਭਾਰਤੀ ਕਸਟਮਜ਼ ਦੇ ਅੰਕੜਿਆਂ ਮੁਤਾਬਕ ਸਾਲ 2018-19 ਦੌਰਾਨ 21,20,754 ਮੀਟ੍ਰਿਕ ਟਨ ਸਾਮਾਨ ਲੈ ਕੇ ਕੁੱਲ 41,266 ਟਰੱਕ ਪਾਕਿਸਤਾਨ ਤੋਂ ਆਏ, ਜਿਸ ਦੀ ਕੀਮਤ 262.32 ਕਰੋੜ ਸੀ। 2268 ਭਾਰਤੀ ਟਰੱਕ 34,134 ਮੀਟ੍ਰਿਕ ਟਨ ਸਮਾਨ ਲੈ ਕੇ ਆਈਸੀਪੀ ਰਾਹੀਂ ਪਾਕਿਸਤਾਨ ਗਏ ,ਜਿਸ ਦੀ ਕੀਮਤ 613.29 ਕਰੋੜ ਰੁਪਏ ਸੀ।

ਜਦੋਂਕਿ 2019-20 ਵਿੱਚ 6.13 ਕਰੋੜ ਰੁਪਏ ਦਾ 18,208 ਮੀਟ੍ਰਿਕ ਟਨ ਸਮਾਨ 510 ਟਰੱਕਾਂ ਰਾਹੀਂ ਪਾਕਿਸਤਾਨ ਤੋਂ ਦਰਾਮਦ ਕੀਤਾ ਗਿਆ।

ਆਈਸੀਪੀ ਤੋਂ ਪਾਕਿਸਤਾਨ ਵਿੱਚ 227.77 ਕਰੋੜ ਰੁਪਏ ਦਾ 14,019 ਮੀਟ੍ਰਿਕ ਟਨ ਮਾਲ ਦੇ 837 ਟਰੱਕਾਂ ਰਾਹੀ ਬਰਾਮਦ ਕੀਤਾ ਗਿਆ। ਜ਼ਿਆਦਾਤਰ ਬਰਾਮਦ ਅਤੇ ਦਰਾਮਦ ਸਾਲ 2019-20 ਦੀ ਸ਼ੁਰੂਆਤ ਵਿੱਚ ਹੀ ਹੋਇਆ ਸੀ।

''ਸਿਰਫ਼ ਵਪਾਰ ਬੰਦ ਕਰਨਾ ਹੀ ਹੱਲ ਨਹੀਂ''

ਅਟਾਰੀ ''ਤੇ ਭਾਰਤ-ਪਾਕਿਸਤਾਨ ਰਾਹੀਂ ਵਪਾਰ ਲਈ ਆਈਸੀਪੀ ਬਣਾਈ ਗਈ ਸੀ, ਜਿਸ ਵਿੱਚ 99 ਫੀਸਦ ਦਾ ਘਾਟਾ ਦਰਜ ਕੀਤਾ ਗਿਆ ਹੈ। ਨਤੀਜੇ ਵਜੋਂ ਬਹੁਤ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ''ਤੇ ਵਿੱਤੀ ਘਾਟਾ ਪੈ ਰਿਹਾ ਹੈ।

ਰਾਜਦੀਪ ਉੱਪਲ ਨੇ ਦੱਸਿਆ, "ਆਲ ਇੰਡੀਆ ਟਰੇਡ ਆਰਗਨਾਈਜ਼ੇਸ਼ਨਜ਼ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਦਾ ਸਮਰਥਨ ਕਰਦੀਆਂ ਹਨ। ਪਰ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਉਨ੍ਹਾਂ ਲੋਕਾਂ ਬਾਰੇ ਵੀ ਸੋਚੇ ਜਿਨ੍ਹਾਂ ਦੇ ਕਾਰਨ ਕੰਮ ਠੱਪ ਹੋ ਗਏ ਹਨ ਅਤੇ ਉਨ੍ਹਾਂ ਲਈ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।"

ਇਹ ਵੀ ਪੜ੍ਹੋ:

"ਜੇ ਅਸੀਂ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਚਾਹੁੰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਵਪਾਰ ਬੰਦ ਕਰਕੇ ਹੀ ਦਬਾਅ ਪਏਗਾ। ਡਿਪਲੋਮੈਸੀ ਦਾ ਵੀ ਰਾਹ ਖੋਲ੍ਹਿਆ ਜਾ ਸਕਦਾ ਹੈ।"

ਭਾਰਤੀ ਕਸਟਮ ਅਤੇ ਕੇਂਦਰੀ ਆਬਕਾਰੀ ਵਿਭਾਗ ਦੇ ਸ਼ਾਂਝੇ ਕਮਿਸ਼ਨਰ ਦੀਪਕ ਕੁਮਾਰ ਨੇ ਆਈਸੀਪੀ, ਅਟਾਰੀ ਵਿਖੇ ਬਰਾਮਦ ਅਤੇ ਦਰਾਮਦ ਵਿੱਚ ਗਿਰਾਵਟ ਦੀ ਗੱਲ ਤਾਂ ਮੰਨੀ ਪਰ ਨਾਲ ਹੀ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ।

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

https://www.youtube.com/watch?v=izxc_XMhvl0

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=xJFnyrBH6Aw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News