ਜਾਮੀਆ ਲਾਇਬ੍ਰੇਰੀ ਵਿੱਚ ਡੰਡੇ ਮਾਰਦੀ ਪੁਲਿਸ ਦੀ ਵੀਡੀਓ ਤੇ ਸਵਾਲਾਂ ਦੇ ਘੇਰੇ ’ਚ ਦਿੱਲੀ ਪੁਲਿਸ

02/16/2020 5:40:46 PM

15 ਦਸੰਬਰ ਨੂੰ ਜਾਮੀਆ ਮਿਲੀਆ ਇਸਲਾਮੀਆ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰੋਸ-ਮੁਜ਼ਾਹਰੇ ਤੋਂ ਬਾਅਦ ਵਿਦਿਆਰਥੀਆਂ ''ਤੇ ਦਿੱਲੀ ਪੁਲਿਸ ਦੀ ਹਿੰਸਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

29 ਸੈਕੰਡ ਦੀ ਇਸ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਇੱਕ ਲਾਇਬ੍ਰੇਰੀ ਵਿੱਚ ਬੈਠੇ ਬੱਚਿਆਂ ਨੂੰ ਡੰਡੇ ਮਾਰ ਰਹੀ ਹੈ ਅਤੇ ਬੱਚੇ ਕੁਰਸੀਆਂ ਹੇਠਾਂ ਲੁਕਦੇ ਤੇ ਪੁਲਿਸ ਸਾਹਮਣੇ ਹੱਥ ਜੋੜਦੇ ਨਜ਼ਰ ਆ ਰਹੇ ਹਨ।

ਜਾਮੀਆ ਦੇ ਵਿਦਿਆਰਥੀਆਂ ਦੇ ਇੱਕ ਸੰਗਠਨ ਕਾਰਡੀਨੇਸ਼ਨ ਕਮੇਟੀ ਨੇ 16 ਫਰਵਰੀ ਨੂੰ ਅੱਧੀ ਰਾਤ 1.37 ਮਿੰਟ ''ਤੇ ਇਹ ਵੀਡੀਓ ਟਵੀਟ ਕੀਤਾ ਸੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ।

ਪਰ ਵੀਡੀਓ ਕਿੱਥੋਂ ਆਇਆ ਅਤੇ ਠੀਕ ਦੋ ਮਹੀਨੇ ਬਾਅਦ ਇਸ ਨੂੰ ਕਿਉਂ ਸ਼ੇਅਰ ਕੀਤਾ ਜਾ ਰਿਹਾ ਹੈ? ਅਜਿਹੇ ਸਵਾਲਾਂ ਦੀ ਪੜਤਾਲ ਬੀਬੀਸੀ ਨੇ ਸ਼ੁਰੂ ਕੀਤੀ।

https://twitter.com/Jamia_JCC/status/1228772837583753216

ਅਸੀਂ ਜਾਮੀਆ ਕਾਰਡੀਨੇਸ਼ਨ ਕਮੇਟੀ ਦੀ ਮੁੱਖ ਮੈਂਬਰ ਸਫ਼ੋਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, "ਇਹ ਵੀਡੀਓ ਸਾਨੂੰ ਲੰਘੀ ਰਾਤ (16 ਫਰਵਰੀ) ਨੂੰ ਮਿਲਿਆ ਅਤੇ ਇਹ ਐੱਮਏ ਐੱਮਫਿਲ ਦੀ ਲਾਇਬ੍ਰੇਰੀ ਹੈ ਸਾਡੇ ਇੱਥੇ, ਇਹ ਪਹਿਲੀ ਮੰਜ਼ਲ ''ਤੇ ਉਸ ਦਾ ਹੀ ਹੈ।"

"ਕਾਲਜ ਪ੍ਰਸ਼ਾਸਨ ਨੇ ਸੀਸੀਟੀਵੀ ਫੁਟੇਜ ਦੀ ਕਾਪੀ ਪੁਲਿਸ ਨੂੰ ਸੌਂਪੀ ਸੀ ਪਰ ਉਸੇ ਵੇਲੇ ਅਸੀਂ ਜਦੋਂ ਜਵਾਬ ਮੰਗਿਆ ਕਿ ਅਸੀਂ ਵੀ ਸ਼ੇਅਰ ਕਰਨਾ ਹੈ ਇਹ ਵੀਡੀਓ ਤਾਂ ਸਾਨੂੰ ਕੋਰਟ ਦਾ ਹਵਾਲਾ ਦੇ ਕੇ ਨਹੀਂ ਦਿੱਤਾ ਗਿਆ। ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਅਹਿਮ ਸਬੂਤ ਹੈ ਕੋਰਟ ਵਿੱਚ ਪੇਸ਼ ਕਰਾਂਗੇ। ਪਰ ਦੋ ਮਹੀਨੇ ਬਾਅਦ ਵੀ ਪੁਲਿਸ ਦੀ ਬੇਰਹਿਮੀ ''ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਮਾਮਲੇ ਨੂੰ ਤਾਂ ਜਿਵੇਂ ਭੁਲਾ ਹੀ ਦਿੱਤਾ ਗਿਆ ਹੈ।"

ਇਹ ਵੀਡੀਓ ਕਿੱਥੋਂ ਮਿਲਿਆ? ਇਸ ਦੇ ਜਵਾਬ ਵਿੱਚ ਸਫ਼ੋਰਾ ਕਹਿੰਦੀ ਹੈ, "ਸਾਡੀ ਯੂਨੀਵਰਸਿਟੀ ਦੀ ਲੋਕਲ ਵੈਬਸਾਈਟ ਚਲਦੀ ਹੈ, ਮਹਿਫ਼ਲ-ਏ-ਜਾਮੀਆ। ਕੱਲ੍ਹ ਅੱਧੀ ਰਾਤੀਂ ਸਾਨੂੰ ਉਥੋਂ ਹੀ ਵੀਡੀਓ ਮਿਲਿਆ।"

ਇਹ ਵੀ ਪੜ੍ਹੋ-

ਇਸ ਤੋਂ ਬਾਅਦ ਅਸੀਂ ਮਹਿਫ਼ਲ-ਏ-ਜਾਮੀਆ ਮਿਲੀਆ ਇਸਲਾਮੀਆ ਦੇ ਮੈਂਬਰ ਮੁਹੰਮਦ ਹਾਰਿਫ਼ ਨਾਲ ਗੱਲ ਕੀਤੀ। ਹਾਰਿਫ਼ ਬੀਐੱਸਸੀ ਫਿਜ਼ਿਕਸ (ਆਨਰਸ) ਦੇ ਵਿਦਿਆਰਥੀ ਹਨ।

ਉਨ੍ਹਾਂ ਨੇ ਦੱਸਿਆ, "ਇਹ ਵੀਡੀਓ 15 ਫਰਵਰੀ ਦੀ ਅੱਧੀ ਰਾਤ ਵਟਸਐਪ ਗਰੁੱਪ ''Student of Bihar'' ''ਤੇ ਮਿਲਿਆ ਪਰ ਜਿਵੇਂ ਹੀ ਇਸ ਵੀਡੀਓ ਨੂੰ ਭੇਜਣ ਵਾਲੇ ਸ਼ਖ਼ਸ ਕੋਲੋਂ ਲੋਕਾਂ ਨੇ ਵੀਡੀਓ ਨਾਲ ਜੁੜੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਨੇ ਡਰ ਦੇ ਮਾਰੇ ਵੀਡੀਓ ਡਿਲੀਟ ਕਰ ਦਿੱਤੀ ਅਤੇ ਗਰੁੱਪ ਵੀ ਛੱਡ ਦਿੱਤਾ। ਮੈਂ ਉਸ ਨਾਲ ਗੱਲ ਕੀਤੀ ਤਾਂ ਉਹ ਕਾਫੀ ਡਰਿਆ ਹੋਇਆ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਉਹ ਫਸ ਨਾ ਜਾਵੇ।"

ਜਾਮੀਆ
BBC

29 ਸੈਕੰਡ ਦਾ ਇਹ ਵੀਡੀਓ ਦੋ ਕਲਿੱਪ ਜੋੜ ਕੇ ਬਣਾਇਆ ਗਿਆ ਹੈ। ਹਾਲਾਂਕਿ ਇਸ ਦੀ ਲੰਬਾਈ ''ਤੇ ਸਵਾਲ ਵੀ ਚੁੱਕੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੂਲ ਵੀਡੀਓ ਕਿਤੇ ਜ਼ਿਆਦਾ ਲੰਬਾ ਹੈ ਅਤੇ ਉਸ ਦੀ ਸਪੀਡ ਵੀ ਥੋੜ੍ਹੀ ਘੱਟ ਸੀ।

ਇਸ ਬਾਰੇ ਮੁਹੰਮਦ ਹਾਰਿਫ਼ ਨੇ ਦੱਸਿਆ, "ਵੀਡੀਓ ਦੀ ਸਪੀਡ 10 ਫਰੇਮ ਪ੍ਰਤੀ ਸਕਿੰਟ ਸੀ ਲੈਕਿਨ ਅਸੀਂ ਇਸ ਵੀਡੀਓ ਦੀ ਸਪੀਡ 20 ਫਰੇਮ ਪ੍ਰਤੀ ਸਕਿੰਟ ਕੀਤੀ ਹੈ ਤਾਂ ਜੋ ਪੁਲਿਸ ਦੀ ਕਾਰਵਾਈ ਨੂੰ ਸਾਫ਼ ਦਿਖਾਇਆ ਜਾ ਸਕੇ।"

ਪਰ ਵੀਡੀਓ ਦੀ ਪ੍ਰਮਾਣਿਕਤਾ ''ਤੇ ਸਵਾਲਾਂ ਦੇ ਜਵਾਬ ਮਿਲਨੇ ਅਜੇ ਵੀ ਬਾਕੀ ਸਨ। ਇਸ ਲਈ ਅਸੀਂ ਜਾਮੀਆ ਜਨਸੰਪਰਕ ਅਧਿਕਾਰੀ ਅਹਿਮਦ ਅਜ਼ੀਮ ਨਾਲ ਗੱਲ ਕੀਤੀ।

ਉਨ੍ਹਾਂ ਨੇ ਦੱਸਿਆ, "ਇਹ ਵੀਡੀਓ ਤਾਂ ਅਸਲੀ ਹੈ ਪਰ ਜਾਮੀਆ ਦੇ ਅਧਿਕਾਰਤ ਹੈਂਡਲ ਤੋਂ ਟਵੀਟ ਨਹੀਂ ਕੀਤਾ ਗਿਆ ਹੈ। ਮੇਰੀ ਸਮਝ ਵਿੱਚ ਇਹ ਅਸਲ ਵੀਡੀਓ ਹੈ ਪਰ ਅਜੇ ਮੈਂ ਇਸ ''ਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ।"

https://www.youtube.com/watch?v=xWw19z7Edrs

ਕੀ ਇਹ ਵੀਡੀਓ ਪ੍ਰਸ਼ਾਸਨ ਨੇ ਪੁਲਿਸ ਨੂੰ ਸੌਂਪਿਆ ਸੀ, ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਅਜੇ ਇਸ ਬਾਰੇ ਕੁਝ ਨਹੀਂ ਕਹਾਂਗਾ। ਵਕਤ ਦਿਓ ਸਾਨੂੰ।"

ਦਿੱਲੀ ਪੁਲਿਸ ਦੀ ਭੂਮਿਕਾ ਐਂਟੀ-ਸੀਏਏ ਰੋਸ-ਮੁਜ਼ਾਹਰਿਆਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਦੇ ਨਾਲ ਹੀ ਵੀਡੀਓ ਦਾ ਕੇਂਦਰ ਵੀ ਉਹੀ ਹੈ।

ਅਜਿਹੇ ਵਿੱਚ ਬੀਬੀਸੀ ਨੇ ਇਸ ਵੀਡੀਓ ਤੇ ਦਿੱਲੀ ਪੁਲਿਸ ਦਾ ਰੁਖ਼ ਜਾਣਨ ਦੇ ਲਈ ਜਨਸੰਪਰਕ ਅਧਿਕਾਰੀ, ਦਿੱਲੀ ਪੁਲਿਸ ਐੱਮਐੱਸ ਰੰਧਾਵਾ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਅਸੀਂ ਵੀਡੀਓ ਦੇਖਿਆ ਹੈ। ਕੁਝ ਕਹਿਣ ਤੋਂ ਪਹਿਲਾਂ ਜਾਂਚ ਕਰਾਂਗਾ। ਪਹਿਲਾਂ ਸਾਨੂੰ ਦੇਖਣ ਦਿਓ।"

ਇਹ ਵੀ ਪੜ੍ਹੋ-

ਇਸ ਵੀਡੀਓ ਦੇ ਹੁਣ ਸਾਹਮਣੇ ਆਉਣ ਦੇ ਕੀ ਮਾਅਨੇ ਹਨ? ਇਸ ''ਤੇ ਸਫ਼ੋਰਾ ਕਹਿੰਦੀ ਹੈ, "ਕੋਈ ਸਾਡੇ ਨਾਲ ਨਹੀਂ ਹੈ। ਦੋ ਮਹੀਨੇ ਹੋ ਗਏ ਸਾਨੂੰ ਨਹੀਂ ਦਿਖਦਾ ਕਿ ਕੋਈ ਖ਼ਾਸ ਐਕਸ਼ਨ ਪੁਲਿਸ ''ਤੇ ਕੀਤਾ ਗਿਆ ਹੋਵੇ।"

"ਅਸੀਂ ਚਾਹੁੰਦੇ ਹਾਂ ਕਿ ਹੁਣ ਦੁਨੀਆਂ ਦੇਖੇ ਕਿ ਸਾਡੇ ਨਾਲ ਕੀ ਹੋਇਆ। ਨਿਆਂ ਪ੍ਰਣਾਲੀ ''ਤੇ ਭਰੋਸਾ ਹੈ, ਸ਼ਾਇਦ ਸਾਡੇ ''ਤੇ ਇਹ ਦਰਿੰਦਗੀ ਦੇਖ ਕੇ ਕੋਈ ਕਦਮ ਚੁੱਕਿਆ ਜਾਵੇ।"

ਉੱਥੇ ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਦਿੱਲੀ ਪੁਲਿਸ ਨੇ ਸਪੈਸ਼ਲ ਕਮਿਸ਼ਨਰ (ਕ੍ਰਾਈਮ) ਪ੍ਰਵੀਰ ਰੰਜਨ ਨੇ ਕਿਹਾ ਹੈ, "ਅਸੀਂ ਵੀਡੀਓ ''ਤੇ ਨੋਟਿਸ ਲਿਆ ਹੈ। ਅਸੀਂ ਇਸ ਦੀ ਜਾਂਚ ਕਰਾਂਗੇ।"

https://twitter.com/ANI/status/1228919153869746177

ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਯੂਨੀਵਰਸਿਟੀ ਇਸ ਵੀਡੀਓ ਨੂੰ ਅਸਲੀ ਮੰਨ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵੀ ਵੀਡੀਓ ਦੀ ਪ੍ਰਮਾਣਿਕਤਾ ''ਤੇ ਸਵਾਲ ਨਹੀਂ ਚੁੱਕਿਆ ਹੈ। ਅਜਿਹੇ ਵਿੱਚ ਇਹ ਵੀਡੀਓ 15 ਦਸੰਬਰ ਦੀ ਸ਼ਾਮ ਕਰੀਬ 6 ਵਜੇ ਦਾ ਹੀ ਹੈ।

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਬੀਤੀ 16 ਦਸੰਬਰ ਨੂੰ ਹੋਈ ਹਿੰਸਾ ''ਤੇ ਦਿੱਲੀ ਪੁਲਿਸ ਕਹਿੰਦੀ ਰਹੀ ਹੈ ਕਿ ਵਿਦਿਆਰਥੀਆਂ ਨੇ ਪੁਲਿਸ ''ਤੇ ਪੱਥਰ ਸੁੱਟੇ ਸਨ, ਜਿਸ ਤੋਂ ਬਾਅਦ ਹਾਲਾਤ ''ਤੇ ਕਾਬੂ ਪਾਉਣ ਲਈ ਪੁਲਿਸ ਨੂੰ ਕਾਰਵਾਈ ਕਰਨੀ ਪਈ।

ਉੱਥੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜਮਾ ਅਖ਼ਤਰ ਨੇ ਕਿਹਾ ਸੀ ਕਿ ਪੁਲਿਸ ਕੈਂਪਸ ਵਿੱਚ ਜਬਰਨ ਵੜੀ ਅਤੇ ਬੇਕਸੂਰ ਬੱਚਿਆ ਦੀ ਕੁੱਟਮਾਰ ਕੀਤੀ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=U3BddjWrST0

https://www.youtube.com/watch?v=7J9dkDOpybI

https://www.youtube.com/watch?v=rTvrr170AJM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News