''''ਆਪ'''' ਦੇ ਪੰਜਾਬ ''''ਚ ਹਾਲਾਤ ਦੇ ਹਵਾਲੇ ਨਾਲ ਸਮਝੋ ਪੰਜਾਬ ਦੇ ਸਿਆਸੀ ਸਮੀਕਰਨ

Wednesday, Feb 12, 2020 - 03:25 PM (IST)

''''ਆਪ'''' ਦੇ ਪੰਜਾਬ ''''ਚ ਹਾਲਾਤ ਦੇ ਹਵਾਲੇ ਨਾਲ ਸਮਝੋ ਪੰਜਾਬ ਦੇ ਸਿਆਸੀ ਸਮੀਕਰਨ
ਅਰਵਿੰਦ ਕੇਜਰੀਵਾਲ
Getty Images
ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਜਿੱਤੀਆਂ 62 ਸੀਟਾਂ

ਦਿੱਲੀ ਵਿਧਾਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰਕੇ ਮੁੜ ਸੱਤਾ ਵਿੱਚ ਵਾਪਸੀ ਕਰ ਲਈ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 62 ਸੀਟਾਂ ਅਤੇ ਭਾਜਪਾ ਨੂੰ 8 ਸੀਟਾਂ ਮਿਲੀਆਂ ਹਨ ਅਤੇ ਕਾਂਗਰਸ ਇਸ ਵਾਰ ਵੀ ਦਿੱਲੀ ਵਿੱਚ ਆਪਣੀ ਖਾਤਾ ਨਹੀਂ ਖੋਲ੍ਹ ਸਕੀ।

ਦੋ ਸਾਲਾਂ ਬਾਅਦ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਜਿਹੇ ''ਚ ਪੰਜਾਬ ਦੀ ਸਿਆਸਤ ਉੱਤੇ ਇਸ ਦਾ ਕੀ ਅਸਰ ਹੋ ਸਕਦਾ ਹੈ।

ਇਸ ਬਾਰੇ ਸਿਆਸੀ ਮਾਹਰਾਂ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਪ੍ਰੋਫ਼ੈਸਰ ਕੰਵਲਪ੍ਰੀਤ ਕੌਰ ਨਾਲ ਬੀਬੀਸੀ ਪੰਜਾਬੀ ਨੇ ਵਿਸ਼ੇਸ਼ ਗੱਲਬਾਤ ਕੀਤੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਰੇ ਨਤੀਜੇ ਆਸ ਮੁਤਾਬਕ ਹੀ ਹਨ ਅਤੇ ਕਾਂਗਰਸ ਦਾ ਨਤੀਜਾ ਵੀ ਉਸ ਦੀ ਆਪਣੀ ਰਣਨੀਤੀ ਤਹਿਤ ਹੀ ਰਿਹਾ, ਪਾਰਟੀ ਨੇ ਆਪਣੇ ਕਮਜ਼ੋਰ ਉਮੀਦਵਾਰ ਖੜ੍ਹੇ ਕਰ ਕੇ ਆਪਣੀ ਵੋਟ ''ਆਪ'' ਵਾਲੇ ਪਾਸੇ ਸ਼ਿਫ਼ਟ ਕਰਵਾਈ ਹੈ ਕਿ ਭਾਜਪਾ ਹਾਰ ਜਾਵੇ।

ਜਗਤਾਰ ਸਿੰਘ ਕਹਿੰਦੇ ਹਨ, "ਇਨ੍ਹਾਂ ਚੋਣਾਂ ਵਿੱਚ ਕਾਂਗਰਸ ਲਈ ਭਾਜਪਾ ਦਾ ਹਾਰਨਾ ਜ਼ਰੂਰੀ ਸੀ ਅਤੇ ''ਆਪ'' ਦੀ ਜਿੱਤ ਤਾਂ ਉਨ੍ਹਾਂ ਦੀ ਨਜ਼ਰ ਵਿੱਚ ਹਿੰਦੁਸਤਾਨ ਦੇ ਲੋਕਾਂ ਦਾ ਭਲੇ ਵਿਚ ਹੀ ਹੈ। ਪਰ ਕਾਂਗਰਸ ਲਈ ਮੁੱਖ ਉਦੇਸ਼ ਭਾਜਪਾ ਦਾ ਹਾਰਨਾ ਸੀ।"

ਪ੍ਰੋਫੈਸਰ ਕੰਵਲਪ੍ਰੀਤ ਕੌਰ ਦਾ ਵੀ ਕਹਿਣਾ ਸੀ ਕਿ ਦਿੱਲੀ ਦੇ ਚੋਣ ਨਤੀਜੇ ਆਸ ਮੁਤਾਬਕ ਹੀ ਹਨ।

ਇਹ ਵੀ ਪੜ੍ਹੋ-

ਉਹ ਵੀ ਕਹਿੰਦੇ ਹਨ, "ਚੋਣਾਂ ਵਿੱਚ ਜਿੰਨੀ ਵੰਡ ਪਾਉਣ ਵਾਲੀ ਸਿਆਸਤ ਹੋ ਰਹੀ ਹੈ, ਜਿਸ ਤਰ੍ਹਾਂ ਧਰਮ ਦੀ ਵਰਤੋਂ ਕੀਤੀ ਗਈ, ਵੰਡੀਆਂ ਪਾਈਆਂ ਗਈਆਂ ਹਨ, ਅਖ਼ੀਰ ਇਸ ਨਾਲ ਹੀ ਇਹੀ ਪਤਾ ਲਗਦਾ ਹੈ ਕਿ ਅਜੋਕੇ ਲੋਕ ਪੜ੍ਹੇ-ਲਿਖੇ ਹਨ ਤੇ ਉਹ ਵਿਕਾਸ ਹੀ ਚਾਹੁੰਦੇ ਹਨ।"

"ਉਨ੍ਹਾਂ ਨੂੰ ਸਕੂਲ ਚਾਹੀਦੇ ਹਨ, ਕਾਲਜ ਚਾਹੀਦੇ ਹਨ, ਤਰੱਕੀ ਚਾਹੀਦੀ ਹੈ, ਮਜ਼ਬੂਤ ਅਰਥਚਾਰਾ ਚਾਹੀਦਾ ਹੈ।"

ਕੰਵਲਜੀਤ ਮੁਤਾਬਕ ਭਾਰਤ ਦੇ ਲੋਕ ਬੜੇ ਸੁਚੇਤ ਹਨ ਅਤੇ ਉਨ੍ਹਾਂ ਨੇ ਪਹਿਲਾਂ ਵੀ ਐਮਰਜੈਂਸੀ ਵੇਲੇ ਦਿਖਾਇਆ ਸੀ ਕਿ ਵੋਟ ਤਾਂ ਉਹ ਵਿਕਾਸ ਨੂੰ ਹੀ ਕਰਨਗੇ।

ਪੰਜਾਬ ''ਤੇ ਅਸਰ

ਜਗਤਾਰ ਸਿੰਘ ਕਹਿੰਦੇ ਹਨ ਕਿ ਪੰਜਾਬ ਬਾਰੇ ਇੱਕ ਗੱਲ ਬੜੇ ਧਿਆਨ ''ਚ ਰੱਖਣੀ ਚਾਹੀਦੀ ਹੈ ਕਿ ਪੰਜਾਬ ਇੱਕੋ-ਇੱਕ ਅਜਿਹਾ ਸੂਬਾ ਹੈ, ਜਿਸ ਦਾ ਸਿਆਸੀ ਰੁਝਾਨ ਸਾਰੇ ਹਿੰਦੁਸਤਾਨ ਨਾਲੋਂ ਵੱਖਰਾ ਹੈ।

ਜਗਤਾਰ ਸਿੰਘ
BBC
ਜਗਤਾਰ ਸਿੰਘ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਸਟੇਜ ਤੋਂ ਬਾਅਦ ਸੰਭਾਲ ਨਹੀਂ ਸਕੀ

ਉਨ੍ਹਾਂ ਮੁਤਾਬਕ, "ਪੰਜਾਬ ਅਜਿਹਾ ਇਕੋ ਹੀ ਸੂਬਾ ਹੈ ਜਿੱਥੇ ਕੌਮੀ ਘੱਟ ਗਿਣਤੀ ਭਾਈਚਾਰਾ ਸਭ ਤੋਂ ਵੱਧ ਗਿਣਤੀ ਵਿੱਚ ਹੈ ਅਤੇ ਇਹੀ ਸਿਆਸੀ ਰੁਝਾਨ ਉਹੀ ਘੱਟ ਗਿਣਤੀ ਭਾਈਚਾਰਾ ਦਰਸਾਉਂਦਾ ਹੈ। ਸਿਰਫ਼ ਘੱਟ ਗਿਣਤੀ ਭਾਈਚਾਰਾ ਹੀ ਨਹੀਂ ਬਲਕਿ ਉਸ ਦੀ ਸੰਸਥਾਵਾਂ ਵੀ ਹਨ ਜਿਵੇਂ ਅਕਾਲ ਤਖ਼ਤ, ਦਰਬਾਰ ਸਾਹਿਬ।"

"ਸਿਆਸੀ ਆਗੂ ਚਾਹੁਣ ਭਾਵੇਂ ਨਾ ਚਾਹੁਣ ਪਰ ਸਾਰੀ ਸਿਆਸਤ ਅਖ਼ੀਰ ਉੱਥੇ ਜਾ ਕੇ ਜੁੜ ਜਾਂਦੀ ਹੈ। ਇਸ ਦੇ ਨਾਲ ਇੱਕ ਹੋਰ ਬੇਹੱਦ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਇੱਕ ਥਾਂ ਖਾਲੀ ਹੈ, ਤੀਜੇ ਬਦਲ ਲਈ ਜ਼ਮੀਨ, ਜਿਥੋਂ ਮਨਪ੍ਰੀਤ ਬਾਦਲ ਦੀ ਪੀਪੀਪੀ ਆਈ ਤੇ ਉਸੇ ਹੀ ਥਾਂ ਵਿਚੋਂ ''ਆਪ'' ਨਿਕਲੀ ਹੈ, ਪਰ ''ਆਪ'' ਆਪਣੇ ਨੂੰ ਇੱਕ ਸਟੇਜ ਤੋਂ ਵੱਧ ਸਾਂਭ ਨਹੀਂ ਸਕੀ।"

ਇਹ ਵੀ ਪੜ੍ਹੋ-

"ਉਹ ਮੁੱਖ ਵਿਰੋਧੀ ਪਾਰਟੀ ਵੀ ਬਣੀ ਪਰ ਫਿਰ ਸੰਭਲ ਨਾ ਸਕੀ, ਇਸ ਵੇਲੇ ''ਆਪ'' ਵਿੱਚ 4 ਗੁੱਟ ਹਨ। ਅਜਿਹੇ ''ਚ ਪੰਜਾਬ ''ਚ ਇਸ ਦੀ ਮੁੜ ਸੁਰਜੀਤੀ ਸੰਭਵ ਨਹੀਂ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਦਿੱਲੀ ਚੋਣ ਨਤੀਜਿਆਂ ਦਾ ਸਿੱਧਾ ਦਾ ਅਸਰ ਪੰਜਾਬ ''ਤੇ ਨਹੀਂ ਪਵੇਗਾ।

ਉੱਥੇ ਹੀ ਪ੍ਰੋਫੈਸਰ ਕੰਵਲਪ੍ਰਤੀ ਕੌਰ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਅਜੇ ਦੋ ਸਾਲ ਪਏ ਹਨ ਅਤੇ ਇਹ ਬੇਹੱਦ ਲੰਬਾ ਸਮਾਂ ਹੈ।

ਉਹ ਵੀ ਜਗਤਾਰ ਸਿੰਘ ਨਾਲ ਸਹਿਮਤੀ ਜਤਾਉਂਦੇ ਹੋਏ ਕਹਿੰਦੇ ਹਨ ਕਿ ਪੰਜਾਬ ਇੱਕ ਗੁੰਝਲਦਾਰ ਸੂਬਾ ਹੈ ਤੇ ਇੱਥੇ ਤੀਜੀ ਧਿਰ ਮੌਜੂਦ ਹੈ ਤਾਂ ਹੀ ਆਮ ਆਦਮੀ ਦਾ ਭਰਵਾਂ ਸੁਆਗਤ ਹੋਇਆ ਸੀ ਪਰ ਇਨ੍ਹਾਂ ਦੀਆਂ ਆਪਸੀ ਵੰਡੀਆਂ ਦਾ ਲਾਹਾ ਦੂਜੀਆਂ ਪਾਰਟੀਆਂ ਚੁੱਕ ਸਕਦੀਆਂ ਹਨ।

ਸੀਏਏ: ਜਾਮੀਆ ਤੇ ਸ਼ਾਹੀਨ ਤੋਂ ਬਾਗ਼ ਤੋਂ ਪਾਸੇ ''ਤੇ ਰਹੇ ਕੇਜਰੀਵਾਲ

ਜਗਤਾਰ ਸਿੰਘ ਕਹਿੰਦੇ ਹਨ ਕਿ ਕੇਜਰੀਵਾਲ ਨੂੰ ਸਿਰਫ਼ ਸੁਧਾਰ ਦੇ ਏਜੰਡੇ ''ਤੇ ਵੋਟਾਂ ਨਹੀਂ ਪਈਆਂ। ਉਸ ਨੇ ਨਰਿੰਦਰ ਮੋਦੀ ਦੇ ਰਾਸ਼ਟਰਵਾਦ ਦੇ ਮੁੱਦੇ ਨੂੰ ਅੰਸ਼ਿਕ ਤੌਰ ''ਤੇ ਕਬੂਲ ਵੀ ਕੀਤਾ ਹੈ।

ਦੋ ਮੁੱਖ ਮੁੱਦੇ ''ਸਾਫ਼ਟ ਹਿੰਦੂ ਐਪਰੋਚ'' ਅਤੇ ਰਾਸ਼ਟਰਵਾਦ ਦਾ ਅੰਸ਼ਿਕ ਹਿੱਸਾ ਮਕਬੂਲ ਕਰਨਾ ਤੇ ਉਸ ਨਾਲ ਸ਼ਾਸਨ ਜੋੜਨ ਕਾਰਨ ਕੇਜਰੀਵਾਲ ਨੂੰ ਪੂਰੀ ਸਫ਼ਲਤਾ ਮਿਲੀ ਹੈ।

ਅਰਵਿੰਦ ਕੇਜਰੀਵਾਲ
Getty Images

ਉਹ ਕਹਿੰਦੇ ਹਨ, "ਧਾਰਾ 370 ਦਾ ਵੀ ਕੇਜਰੀਵਾਲ ਨੇ ਵਿਰੋਧ ਨਹੀਂ ਕੀਤਾ। ਜਿੱਥੇ ਬਾਕੀਆਂ ਸਿਆਸੀ ਦਲਾਂ ਨੇ ਇਸ ਦਾ ਵਿਰੋਧ ਕੀਤਾ, ਉੱਥੇ ''ਆਪ'' ਧਾਰਾ 370 ਪੱਖੀ ਵਿੱਚ ਨਜ਼ਰ ਆਈ। ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਆਪ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ''ਤੇ ਜਾਮੀਆ ਤੇ ਸ਼ਾਹੀਨ ਬਾਗ਼ ਤੋਂ ਵੀ ਪਾਸੇ ਰੱਖਿਆ।"

"ਇਸ ਦੇ ਨਾਲ ਹੀ ਹੋਰ ਜਿਹੜੇ ਕੌਮੀ ਪੱਧਰ ਦੇ ਮੁੱਦੇ ਸਨ, ਉੱਥੇ ਉਨ੍ਹਾਂ ਨੇ ਹਮਾਇਤ ਕੀਤੀ।"

ਕਾਂਗਰਸ ਦੀ ਮੰਦੀ ਹਾਲਤ

ਪ੍ਰੋ ਕੰਵਲਪ੍ਰੀਤ ਕਹਿੰਦੇ ਹਨ, "ਲੋਕ ਕਾਂਗਰਸ ਦੀ ਮੁੜ ਸੁਰਜੀਤੀ ਸਾਰੇ ਚਾਹੁੰਦੇ ਹਨ, ਉਹ ਇੱਕ ਵਿਰੋਧੀ ਪਾਰਟੀ ਹੈ ਪਰ ਪਤਾ ਨਹੀਂ ਉਹ ਆਪਣੇ ਆਪ ਨੂੰ ਮਜ਼ਬੂਤ ਕਿਉਂ ਕਰ ਪਾ ਰਹੀ। ਕਾਂਗਰਸ ਪੂਰੀ ਤਰ੍ਹਾਂ ਨਾਲ ਖਿੰਡ ਗਈ ਹੈ। ਪੰਜਾਬ ''ਚ ਜ਼ਰੂਰ ਕਾਂਗਰਸ ਦੀ ਸਰਕਾਰ ਹੈ ਪਰ ਕੌਮੀ ਪੱਧਰ ''ਤੇ ਬੜੀਆਂ ਕਮੀਆਂ ਹਨ ਤੇ ਵੰਸ਼ਵਾਦ ਕਾਰਨ ਕਿਸੇ ਦੀ ਗੱਲ ਹੀ ਨਹੀਂ ਸੁਣੀ ਜਾਂਦੀ। ਇਨ੍ਹਾਂ ਦੀ ਕੋਈ ਰਣਨੀਤੀ ਨਹੀਂ ਹੈ, ਜਿਸ ਦਾ ਲਾਹਾ ਦੂਜੀਆਂ ਪਾਰਟੀਆਂ ਲੈ ਰਹੀਆਂ ਹਨ।"

"ਹਾਂ, ਇਸ ਜਿੱਤ ਨਾਲ ''ਆਪ'' ਦੇ ਜੋ ਛੋਟੇ-ਛੋਟੇ ਵਰਕਰ ਹਨ ਉਹ ਮੁੜ ਇੱਕਜੁਟ ਹੋ ਸਕਦੇ ਹਨ। ਉਨ੍ਹਾਂ ਵਿੱਚ ਥੋੜ੍ਹਾ ਜੋਸ਼ ਦਾ ਆਵੇਗਾ ਪਰ ਕੀ ਲੀਡਰਸ਼ਿਪ ਉਨ੍ਹਾਂ ਵਰਕਰਾਂ ਦੇ ਸਮਰਥਨ ਨੂੰ ਸੰਭਾਲ ਸਕੇਗੀ ਜਾਂ ਮਜ਼ਬੂਤ ਕਰ ਸਕੇਗੀ।"

https://www.youtube.com/watch?v=xWw19z7Edrs

ਪੰਜਾਬ: ਕਾਂਗਰਸ, ਅਕਾਲੀ ਦਲ ਤੇ ''ਆਪ''

ਜਗਤਾਰ ਸਿੰਘ ਕਹਿੰਦੇ ਹਨ ਕਿ ਇਸ ਵੇਲੇ ਹਾਲਾਤ ਇਹ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਵਾਲ ਖੜ੍ਹੇ ਹਨ ਕਿ ਸਰਕਾਰ ਨਹੀਂ ਚੱਲ ਰਹੀ ਅਤੇ ਇਹੀ ਹਾਲ ਅਕਾਲੀ ਦਲ ਦਾ ਹੈ ਕਿ ਉਹ ਮੁੜ ਸੁਰਜੀਤ ਨਹੀਂ ਹੋ ਰਿਹਾ। ਮੁੱਖ ਵਿਰੋਧੀ ਪਾਰਟੀ ''ਆਪ'' ਸੀ ਉਹ ਖ਼ਤਮ ਹੋ ਗਈ ਹੈ ਤੇ ਥਾਂ ਖਾਲ੍ਹੀ ਪਈ ਹੈ।

ਉਹ ਕਹਿੰਦੇ ਹਨ, "ਅਕਾਲੀ ਦਲ ਦਾ ਅਤੀਤ ਇਸ ਨੂੰ ਅਜੇ ਨਹੀਂ ਛੱਡ ਰਿਹਾ ਅਤੇ ਜਦੋਂ ਤੱਕ ਉਹ ਇਸ ਦਾ ਅਧਿਐਨ ਨਹੀਂ ਕਰਦੇ ਉਸ ਦੀ ਮੁੜ ਸਰਜੀਤੀ ਨਹੀਂ ਹੋ ਸਕਦੀ ਹੈ। ਅਜਿਹੇ ''ਚ ਕੋਈ ਥਾਂ ਖਾਲ੍ਹੀ ਹੋਵੇ ਤਾਂ ਉਹ ਥਾਂ ਕੋਈ ਨਾ ਕੋਈ ਤਾਂ ਜ਼ਰੂਰ ਲਵੇਗਾ।

"ਆਪ ਨੂੰ ਇੱਕ ਨਵੀਂ ਲੀਡਰਸ਼ਿਪ ਲਿਆ ਕੇ ਤੇ ਇੱਕ ਨਵਾਂ ਏਜੰਡਾ ਲਿਆ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਗੱਲ ਬਣੇਗੀ।"

ਕੀ ਕਾਰਨ ਹੈ ਕਿ ਸਿਆਸੀ ਮਾਹਿਰਾਂ ਨੂੰ ਪੰਜਾਬ ਵਿੱਚ ਭਾਜਪਾ ਤਾਕਤਵਰ ਨਜ਼ਰ ਨਹੀਂ ਆਉਂਦੀ?
Getty Images

ਉਨ੍ਹਾਂ ਕਹਿੰਦੇ ਹਨ, "ਪੰਜਾਬ ਵਿੱਚ ਭਾਜਪਾ ਦੀ ਗਣਨਾ ਹੋਰ ਤਰ੍ਹਾਂ ਦੀ ਹੈ, ਉਹ ਨਵੇਂ ਆਗੂ ਅਜਮਾ ਰਹੇ ਹਨ। ਪੰਜਾਬ ਵਿੱਚ ਅਕਾਲੀ ਦਲ ਦੇ ਜਿਹੜੇ ਨਵੇਂ ਆਗੂ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਵੀ ਭਾਜਪਾ ਦੇ ਸਮਰਥਨ ਨਾਲ ਹੀ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।"

ਉਨ੍ਹਾਂ ਮੁਤਾਬਕ, "ਕਸ਼ਮੀਰ ਤੋਂ ਬਾਅਦ ਭਾਜਪਾ ਦੀ ਕੋਸ਼ਿਸ਼ ਸੀ ਕਿ ਪੰਜਾਬ ਵਿੱਚ ਵੀ ਕਿਸੇ ਤਰ੍ਹਾਂ ਨਾਲ ਉਹੀ ਬਹੁਗਿਣਤੀਵਾਦ ਏਜੰਟਾ ਲਾਗੂ ਕੀਤਾ ਜਾਵੇ ਅਤੇ ਉਸ ਨੂੰ ਲਾਗੂ ਕਰਨ ਲਈ ਕੁਝ ਸਿੱਖ ਚਿਹਰੇ ਲਿਆਂਦੇ ਜਾਣ, ਤੇ ਮੈਨੂੰ ਲਗਦਾ ਹੈ ਕਿ ਹੁਣ ਹਾਲਾਤ ਸੰਭਵ ਨਹੀਂ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਦਾ ਇਕੱਠੇ ਚੋਣਾਂ ਲੜਨਾ ਜਾਂ ਨਾ ਲੜਨਾ, ਇਸ ਬਾਰੇ ਸਾਲ ਬਾਅਦ ਹੀ ਸਪੱਸ਼ਟ ਹੋਵੇਗਾ, ਹਾਲੇ ਨਹੀਂ।

ਉੱਥੇ ਹੀ ਪ੍ਰੋ. ਕੰਵਲਪ੍ਰੀਤ ਮੁਤਾਬਕ, "ਅਕਾਲੀ ਦਲ ਤੋਂ ਸ਼ੁਰੂ ਤੋਂ ਜੱਟ ਸਿੱਖ ਅਗਵਾਈ ਵਾਲੀ ਪਾਰਟੀ ਰਹੀ ਹੈ ਅਤੇ 2000-01 ਵਿੱਚ ਇਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਇਨਸਾਨੀਅਤ ਲਿਆ ਕੇ ਇਸ ਦਾ ਵਿਸਥਾਰ ਕੀਤਾ ਸੀ, ਕਿਉਂਕਿ ਪੰਜਾਬ ਵਾਲੇ ਬਾਹਰ ਜਾ ਰਹੇ ਹਨ ਤੇ ਬਾਹਰੋਂ ਬਹੁਤ ਲੋਕ ਇੱਥੇ ਆ ਰਹੇ ਹਨ।"

"ਪਿੰਡ ਛੋਟੇ ਹੋ ਰਹੇ ਹਨ ਅਤੇ ਇਹ ਇੱਕ-ਦੂਜੇ ਦੇ ਵੋਟ ਬੈਂਕ ਨੂੰ ਖਾ ਰਹੇ ਹਨ ਅਤੇ ਮੈਨੂੰ ਲਗਦਾ ਹੈ ਕਿ ਅਖ਼ੀਰ ਇਹ ਇੱਕ-ਦੂਜੇ ਤੋਂ ਵੱਖ ਹੋਣਗੇ ਪਰ ਫਿਲਹਾਲ ਅਜੇ ਹਾਲਾਤ ਅਜਿਹੇ ਨਹੀਂ ਹਨ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=RO6R8Kb9Zyg

https://www.youtube.com/watch?v=P7v2DoukZBw

https://www.youtube.com/watch?v=F5wucWhOk_4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News