ਬੀਬੀਸੀ ਫੈਕਟ ਚੈੱਕ ਟੀਮ ਨੇ ਕੇਜਰੀਵਾਲ ਸਰਕਾਰ ਦੇ ਕਈ ਦਾਅਵਿਆਂ ਦੀ ਕੀਤੀ ਪੜਤਾਲ

Tuesday, Feb 11, 2020 - 09:55 AM (IST)

ਬੀਬੀਸੀ ਫੈਕਟ ਚੈੱਕ ਟੀਮ ਨੇ ਕੇਜਰੀਵਾਲ ਸਰਕਾਰ ਦੇ ਕਈ ਦਾਅਵਿਆਂ ਦੀ ਕੀਤੀ ਪੜਤਾਲ
ਫੈਕਟ ਚੈੱਕ
Getty Images
ਦਿੱਲੀ ਵਿਧਾਨਸਭਾ ਚੋਣਾਂ ਲਈ 8 ਫ਼ਰਵਰੀ ਨੂੰ ਮਤਦਾਨ ਹੋਇਆ

ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫ਼ਰਵਰੀ ਨੂੰ ਪਈਆਂ ਵੋਟਾਂ ਦੇ ਅੱਜ ਨਤੀਜੇ ਆ ਰਹੇ ਹਨ।

ਬੀਬੀਸੀ ਫੈਕਟ ਚੈੱਕ ਟੀਮ ਨੇ ਪੋਲਿੰਗ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਸਰਕਾਰੀ ਸਕੂਲਾਂ, ਸਿਹਤ ਸਹੁਲਤਾਂ ਅਤੇ ਪ੍ਰਦੂਸ਼ਣ ਬਾਰੇ ਦਾਅਵਿਆਂ ਦਾ ਪੜਤਾਲ ਕੀਤੀ ਸੀ, ਤਾਂ ਕਈ ਤੱਥ ਸਾਹਮਣੇ ਆਏ।

ਇਹ ਵੀ ਪੜੋ:-

ਫੈਕਟ ਚੈੱਕ
Getty Images
ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦਾ ਵਾਅਦਾ ਕੀਤਾ ਸੀ

ਦਿੱਲੀ ''ਚ ਸਰਕਾਰੀ ਸਕੂਲਾਂ ਬਾਰੇ ਕੇਜਰੀਵਾਲ ਸਰਕਾਰ ਦੇ ਦਾਅਵਿਆਂ ਦੀ ਪੜਤਾਲ- ਬੀਬੀਸੀ ਫੈਕਟ ਚੈੱਕ

ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦਾ ਵਾਅਦਾ ਕੀਤਾ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿੱਚ ਕਿਹਾ ਕਿ ਹਾਲਾਂਕਿ ਹਾਲੇ ਬਹੁਤ ਸਾਰਾ ਕੰਮ ਕਰਨ ਵਾਲਾ ਰਹਿੰਦਾ ਹੈ ਪਰ ਸਰਕਾਰੀ ਸਕੂਲਾਂ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ।

ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਦਿੱਲੀ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਦੇ ਮੁਕਾਬਲੇ ਕਿੱਥੇ ਖੜ੍ਹਦੇ ਹਨ?

ਕਿੰਨੇ ਬੱਚੇ ਪਾਸ ਹੋ ਰਹੇ ਹਨ?

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਦੀ ਪਿਛਲੇ ਸਾਲ ਦੀ ਪਾਸ ਫੀਸਦ 96.2 ਸੀ ਜਦਕਿ ਨਿੱਜੀ ਸਕੂਲਾਂ ਦੀ 93 ਫੀਸਦ ਸੀ।

ਇਹ ਸੱਚ ਹੈ ਕਿ ਸਰਕਾਰੀ ਸਕੂਲਾਂ ਵਿੱਚ ਪਾਸ ਹੋਣ ਦੀ ਦਰ ਪਿਛਲੇ ਸਾਲ ਦੌਰਾਨ ਨਿੱਜੀ ਸਕੂਲਾਂ ਨਾਲੋਂ ਵਧੀਆ ਸੀ। ਹਾਲਾਂਕਿ ਸਰਕਾਰੀ ਸਕੂਲਾਂ ਦੇ ਮਾਮਲੇ ਵਿੱਚ ਇਹ ਅਸਲ ਅੰਕੜਾ 94 ਫੀਸਦ ਸੀ ਜਦਕਿ ਪ੍ਰਾਈਵੇਟ ਸਕੂਲਾਂ ਦੇ ਮਾਮਲੇ ਵਿੱਚ 90.6% ਸੀ।

ਬੱਚਿਆਂ ਵੱਲੋਂ ਸਕੂਲ ਛੱਡਣ ਦੀ ਸਮੱਸਿਆ

ਦਸਵੀਂ ਦੇ ਪੱਧਰ ''ਤੇ ਦਿੱਲੀ ਵਿੱਚ ਨਿੱਜੀ ਸਕੂਲਾਂ ਦਾ ਪ੍ਰਦਰਸ਼ਨ ਸਰਕਾਰੀ ਸਕੂਲਾਂ ਨਾਲੋਂ ਬਿਹਤਰ ਰਿਹਾ।

ਸਾਲ 2018 ਵਿੱਚ ਪ੍ਰਾਈਵੇਟ ਸਕੂਲਾਂ ਦੇ 89% ਬੱਚੇ ਪਾਸ ਹੋਏ ਸਨ ਜਦਕਿ ਸਾਲ 2019 ਵਿੱਚ ਇਹ ਅੰਕੜਾ ਵਧ ਕੇ 94% ਹੋ ਗਿਆ।

ਦਾਖ਼ਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ

ਆਮ ਆਦਮੀ ਪਾਰਟੀ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਦੀ ਦਰ ਵਧੀ ਹੈ।

ਪ੍ਰਜਾ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ ਸਾਲ 2015-16 ਅਤੇ 2018-19 ਦੇ ਵਿਚਾਲੇ ਦਾਖਲਾ ਲੈਣ ਵਾਲੇ ਬੱਚਿਆਂ ਦੀ ਗਿਣਤੀ 0.5 ਫੀਸਦ ਤੱਕ ਵਧੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਡਾਟਾ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਅਤੇ ਸਰਕਾਰੀ ਰਿਪੋਰਟਾਂ ਤੋਂ ਇਕੱਠਾ ਕੀਤਾ ਗਿਆ ਹੈ।

ਕੀ ਸਰਕਾਰੀ ਸਕੂਲਾਂ ''ਤੇ ਖ਼ਰਚ ਵਧਿਆ ਹੈ?

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਲਈ ਰੱਖਿਆ ਜਾਣ ਵਾਲਾ ਪੈਸਾ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ। ਹਾਲਾਂਕਿ ਡਾਟਾ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਹੈ।

ਦਿੱਲੀ ਸਰਕਾਰ ਦੇ ਸਾਲਾਨਾ ਬਜਟ ਦਰਸਾਉਂਦੇ ਹਨ ਕਿ ਸਾਲ 2014-15 ਦੌਰਾਨ ਸਿੱਖਿਆ ਤੇ 65.55 ਅਰਬ ਰੁਪੱਈਆ ਖਰਚਿਆ ਗਿਆ ਜੋ ਕਿ ਸਾਲ 2019-20 ਦੌਰਾਨ ਵਧ ਕੇ ਦੁੱਗਣਾ 151.3 ਅਰਬ ਰੁਪਏ ਹੋ ਗਿਆ।

ਇਹ ਵਾਧਾ 131% ਦਾ ਵਾਧਾ ਦਰਸਾਉਂਦਾ ਹੈ ਜੋ ਕਿ ਦਾਅਵੇ ਮੁਤਾਬਕ ਤਿੰਨ ਗੁਣਾ ਤਾਂ ਨਹੀਂ ਹੈ।

ਫੈਕਟ ਚੈੱਕ
Getty Images
ਸਾਲ 2017 ਵਿੱਚ ਦਿੱਲੀ ਵਿੱਚ ਇੱਕ ਮੈਚ ਦੌਰਾਨ ਸ੍ਰੀ ਲੰਕਾ ਦੇ ਖਿਡਾਰੀਆਂ ਨੂੰ ਮਾਸਕ ਪਾਉਣਾ ਪਿਆ ਸੀ

ਦਿੱਲੀ ''ਚ ਪ੍ਰਦੂਸ਼ਣ ਘੱਟ ਹੋਣ ਦਾ ਕੇਜਰੀਵਾਲ ਦਾ ਦਾਅਵਾ ਕਿੰਨਾ ਸੱਚਾ - ਫੈਕਟ ਚੈੱਕ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਇਹ ਦਾਅਵਾ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ 25 ਫੀਸਦ ਘਟਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਪੂਰੇ ਦੇਸ ਵਿੱਚ ਸਿਰਫ਼ ਦਿੱਲੀ ਹੀ ਅਜਿਹਾ ਸ਼ਹਿਰ ਹੈ, ਜਿੱਥੇ ਪ੍ਰਦੂਸ਼ਣ ਵਧਣ ਦੀ ਥਾਂ ਘਟਿਆ ਹੈ। ਪਰ ਸਾਨੂੰ ਇਸ ਨੂੰ ਘਟਾਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ।"

ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਇਸ ਦੀ ਪੜਤਾਲ ਕੀਤੀ।

ਦਿੱਲੀ ਆਧਾਰਿਤ ਰਿਸਰਚ ਗਰੁੱਪ ਸੈਂਟਰ ਫ਼ਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਦੁਆਰਾ ਅਧਿਐਨ ਕੀਤੇ ਗਏ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਸਾਲ 2016 ਤੋਂ 2018 ਤੱਕ ਸਭ ਤੋਂ ਵੱਧ ਪ੍ਰਦੂਸ਼ਣ (ਪੀਐੱਮ 2.5) ਦਾ ਪੱਧਰ ਸਾਲ 2012-14 ਦੇ ਮੁਕਾਬਲੇ 25% ਘੱਟ ਸੀ।

ਹਾਲਾਂਕਿ ਸੀਐਸਈ ਦੀ ਰਿਪੋਰਟ ਦੱਸਦੀ ਹੈ ਕਿ ਦਿੱਲੀ ਨੂੰ ਅਜੇ ਵੀ ਸਾਫ਼ ਹਵਾ ਦੇ ਟੀਚੇ ਲਈ ਮੌਜੂਦਾ ਪੀਐੱਮ 2.5 ਨੂੰ 65% ਘਟਾਉਣ ਦੀ ਲੋੜ ਹੈ।

2018 ਦੇ ਅਧਿਕਾਰਤ ਪ੍ਰਦੂਸ਼ਣ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਪੀਐਮ 2.5 ਦਾ ਔਸਤ ਅੰਕੜਾ ਪ੍ਰਤੀ ਘਣ ਮੀਟਰ (ਕਿਉਬਿਕ ਮੀਟਰ) 115 ਮਾਈਕਰੋਗ੍ਰਾਮ ਸੀ।

ਕੀ ਦਿੱਲੀ ਦੂਜੇ ਸ਼ਹਿਰਾਂ ਨਾਲੋਂ ਬਿਹਤਰ ਹੈ?

ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਦਿੱਲੀ ਵਿੱਚ ਹਵਾ ਦੇ ਪੱਧਰ ਦੀ ਨਿਗਰਾਨੀ ਦੇਸ ਦੇ ਹੋਰਨਾਂ ਸ਼ਹਿਰਾਂ ਨਾਲੋਂ ਵਧੇਰੇ ਕੀਤੀ ਜਾਂਦੀ ਹੈ।

ਇਸ ਸਾਲ ਇੱਕ ਰਿਪੋਰਟ ਜਿਸ ਵਿਚ ਭਾਰਤ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਤੇ ਡਬਲਯੂਐਚਓ ਦੇ ਸਾਲ 2016 ਤੇ 2018 ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਕਿ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਪੀਐਮ 2.5 ਕਣ ਦੀ ਮਾਤਰਾ ਵਿੱਚ ਗਿਰਾਵਟ ਆਈ ਹੈ - ਨਾ ਕਿ ਸਿਰਫ਼ ਦਿੱਲੀ ਵਿੱਚ।

ਫੈਕਟ ਚੈੱਕ
Getty Images
ਵਾਅਦਾ ਕੀਤਾ ਗਿਆ ਸੀ ਕਿ ਹਰ ਮੁਹੱਲੇ ਵਿੱਚ ਇੱਕ ਛੋਟਾ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ

ਦਿੱਲੀ ਵਿਧਾਨ ਸਭਾ ਚੋਣਾਂ: ਕੇਜਰੀਵਾਲ ਨੇ ਦਿੱਲੀ ਦੀਆਂ ਸਿਹਤ ਸਹੂਲਤਾਂ ਕਿੰਨੀਆਂ ਸੁਧਾਰੀਆਂ - ਫੈਕਟ ਚੈੱਕ

ਸਾਲ 2015 ਵਿੱਚ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ 900 ਨਵੇਂ ਮੁਢਲੇ ਸਹਿਤ ਕੇਂਦਰ ਦੇਣ ਦਾ ਵਾਅਦਾ ਕੀਤਾ ਸੀ।

ਬੀਬੀਸੀ ਫੈਕਟ ਚੈੱਕ ਨੇ ਉਨ੍ਹਾਂ ਦੇ ਵਾਅਦੇ ਦੀ ਸੱਚਾਈ ਜਾਨਣੀ ਚਾਹੀ।

ਨਵੇਂ ਸਿਹਤ ਕੇਂਦਰਾਂ ਦੀ ਲੋੜ ਕਿਉਂ?

ਵਾਅਦਾ ਕੀਤਾ ਗਿਆ ਸੀ ਕਿ ਹਰ ਮੁਹੱਲੇ ਵਿੱਚ ਇੱਕ ਛੋਟਾ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਕਿਹਾ ਗਿਆ ਸੀ ਕਿ ਇਸ ਕਲੀਨਿਕ ਵਿੱਚ ਇੱਕ ਡਾਕਟਰ ਅਤੇ ਇੱਕ ਨਰਸ ਹਮੇਸ਼ਾ ਮੌਜੂਦ ਰਹਿਣਗੇ।

ਇਸ ਕਲੀਨਿਕ ਵਿੱਚ ਮਰੀਜ਼ਾਂ ਦਾ ਰੁਟੀਨ ਚੈੱਕਅੱਪ ਤੋਂ ਇਲਾਵਾ ਲੋੜੀਂਦੇ ਟੈਸਟਾਂ ਤੇ ਮੁਫ਼ਤ ਦਵਾਈਆਂ ਦਾ ਬੰਦੋਬਸਤ ਕੀਤਾ ਜਾਣਾ ਸੀ ਜਿਸ ਨਾਲ ਗ਼ਰੀਬ ਤਬਕੇ ਖ਼ਾਸ ਕਰਕੇ ਘਰੇਲੂ ਔਰਤਾਂ ਦੀਆਂ ਸਿਹਤ ਸੰਬੰਧੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।

ਕਿੰਨੇ ਮੁਹੱਲਾ ਕਲੀਨਿਕ ਬਣਾਏ ਗਏ?

ਆਮ ਆਦਮੀ ਪਾਰਟੀ ਨੇ ਮੰਨਿਆ ਹੈ ਕਿ ਵਾਅਦਾਸ਼ੁਦਾ 900 ਮੁਹੱਲਾ ਕਲੀਨਿਕਾਂ ਵਿੱਚੋਂ ਹਾਲੇ ਤੱਕ ਸਿਰਫ਼ ਇੱਕ ਚੌਥਾਈ ਭਾਵ 250 ਦਾ ਹੀ ਉਦਘਾਟਨ ਕੀਤਾ ਜਾ ਸਕਿਆ ਹੈ। ਇਨ੍ਹਾਂ ਵਿੱਚੋਂ ਵੀ ਬਹੁਤਿਆਂ ਦਾ ਉਦਘਾਟਨ ਪਿਛਲੇ ਚਾਰ ਮਹੀਨਿਆਂ ਦੌਰਾਨ ਹੀ ਕੀਤਾ ਗਿਆ ਹੈ।

ਸਾਨੂੰ ਇਨ੍ਹਾਂ ਕਲੀਨਿਕਾਂ ਦੀ ਦਸ਼ਾ ਬਾਰੇ ਕੋਈ ਸੁਤੰਤਰ ਰਿਪੋਰਟ ਤਾਂ ਨਹੀਂ ਮਿਲ ਸਕੀ। ਹਾਲਾਂਕਿ ਟਾਈਮਜ਼ ਆਫ਼ ਇੰਡੀਆ ਜਿਹੜੇ ਕਲੀਨਿਕਾਂ ਵਿੱਚ ਗਿਆ ਸੀ ਅਖ਼ਬਾਰ ਨੇ ਉਨ੍ਹਾਂ ਦੀ ਦਸ਼ਾ ਤਰਸਯੋਗ ਹੀ ਲਿਖੀ ਸੀ।

ਬਜਟ ਦੇ ਅੰਕੜਿਆਂ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਸਿਹਤ ਖੇਤਰ ਲਈ ਇਸ ਵਾਰ ਦੇ ਬਜਟ ਵਿੱਚ ਪਿਛਲੇ ਬਜਟ ਨਾਲੋਂ ਘੱਟ ਪੈਸਾ ਰੱਖਿਆ ਗਿਆ ਹੈ।

ਪਿਛਲੇ ਸਾਲ ਸਿਹਤ ਖੇਤਰ ਲਈ 74.85 ਬਿਲੀਅਨ ਰੁਪਏ ਰੱਖੇ ਗਏ ਜਿਸ ਵਿੱਚੋਂ 7 ਫ਼ੀਸਦੀ ਪੈਸਾ ਇਨ੍ਹਾਂ ਕਲੀਨਿਕਾਂ ਲਈ ਰੱਖਿਆ ਗਿਆ। ਜੋ ਕਿ ਉਸ ਤੋਂ ਪਿਛਲੇ ਸਾਲ ਨਾਲੋਂ ਘੱਟ ਹੈ।

ਹੋਰ ਕੀ ਵਾਅਦੇ ਕੀਤੇ ਗਏ ਸਨ?

ਮੁਢਲੇ ਸਿਹਤ ਸੰਭਾਲ ਕੇਂਦਰਾਂ ਤੋਂ ਇਲਾਵਾ 125 ਪੌਲੀ ਕਲੀਨਿਕਾਂ ਦਾ ਵੀ ਵਾਅਦਾ ਕੀਤਾ ਗਿਆ ਸੀ।

ਜਦਕਿ ਪਾਰਟੀ ਦੇ ਆਪਣੇ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਅਜਿਹੇ 25 ਪੌਲੀ ਕਲੀਨਿਕ ਹੀ ਖੋਲ੍ਹੇ ਜਾ ਸਕੇ ਹਨ।

ਸਿਹਤ ਖੇਤਰ ਨਾਲ ਜੁੜਿਆ ਤੀਜਾ ਵਾਅਦਾ ਸਰਕਾਰੀ ਹਸਪਤਾਲਾਂ ਵਿੱਚ 30000 ਨਵੇਂ ਬਿਸਤਰਿਆਂ ਦਾ ਵਾਧਾ ਕਰਨਾ ਵੀ ਸੀ।

ਇਹ ਵਾਅਦਾ ਵੀ ਪੂਰਾ ਨਹੀਂ ਹੋਇਆ ਹੈ। ਸਰਕਾਰ ਦੇ ਆਪਣੇ ਅੰਕੜੇ ਮੁਤਾਬਕ ਮਈ 2019 ਤੱਕ ਸਿਰਫ਼ 3,000 ਨਵੇਂ ਬਿਸਤਰੇ ਜੋੜੇ ਜਾ ਸਕੇ।

ਸਰਕਾਰ ਨੇ ਸਿਹਤ ਖੇਤਰ ਲਈ ਇੱਕ ਹੋਰ ਸਕੀਮ ਸ਼ੁਰੂ ਕੀਤੀ ਹੈ ਕਿ ਜੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਤੁਹਾਨੂੰ ਇੱਕ ਮਹੀਨੇ ਤੋਂ ਲੰਬੀ ਉਡੀਕ ਕਰਨੀ ਪੈਂਦੀ ਹੈ ਤਾਂ ਨਿੱਜੀ ਹਸਪਤਾਲ ਵਿੱਚ ਤੁਸੀਂ ਮੁਫ਼ਤ ਇਲਾਜ ਕਰਵਾ ਸਕਦੇ ਹੋ।

ਘੱਟ ਆਮਦਨੀ ਵਾਲਿਆਂ ਨੂੰ ਇਲਾਜ ਲਈ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦੀ ਸਕੀਮ ਵੀ ਚਲਾਈ ਜਾ ਰਹੀ ਹੈ।

ਦਿੱਲੀ ਦਾ ਸਿਹਤ ਸਹੂਲਤਾਂ ''ਤੇ ਵਧਦਾ ਖ਼ਰਚਾ

ਖ਼ਰਚੇ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2015 ਤੋਂ ਬਾਅਦ ਪਿਛਲੇ ਪੰਜ ਸਾਲਾਂ ਦੌਰਾਨ ਸਿਹਤ ਖੇਤਰ ਤੇ ਖਰਚੇ ਜਾਣ ਵਾਲੀ ਰਾਸ਼ੀ ਵਿੱਚ ਵਾਧਾ ਹੋਇਆ ਹੈ।

''ਆਪ'' ਨੇ ਵੀ ਕਿਹਾ ਹੈ ਕਿ ਉਹ ਦਿੱਲੀ ਦੇ ਬਜਟ ਦਾ ਮਹਿਜ਼ 12 ਤੋਂ 13 ਫੀਸਦੀ ਹਿੱਸਾ ਖ਼ਰਚ ਰਹੇ ਹਨ। ਇਹ ਦਾਅਵਾ ਭਾਰਤੀ ਰਿਜ਼ਰਵ ਬੈਂਕ ਦੇ ਡਾਟਾ ਮੁਤਾਬਕ ਵੀ ਸਹੀ ਸਾਬਤ ਹੁੰਦਾ ਹੈ।

ਇਹ ਦਰਸਾਉਂਦਾ ਹੈ ਦਿੱਲੀ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਪੈਸਾ ਸਿਹਤ ਖੇਤਰ ਵਿੱਚ ਖ਼ਰਚ ਕਰਦੀ ਹੈ। ਦੇਖਿਆ ਜਾਵੇ ਤਾਂ ਦਿੱਲੀ ਹੋਰ ਸੂਬਿਆਂ ਦੇ ਮੁਕਾਬਲੇ ਸਾਲ 2002 ਤੋਂ ਹੀ ਜ਼ਿਆਦਾ ਖ਼ਰਚ ਕਰ ਰਹੀ ਹੈ।

ਫੈਕਟ ਚੈੱਕ
Getty Images
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ ''ਤੇ ਇੱਕ ਕਥਿਤ ਪੋਰਨ ਵੀਡੀਓ ਲਾਈਕ ਕਰਨ ਦੇ ਲਈ ਟਰੋਲ ਕੀਤਾ ਗਿਆ

ਕੀ ''ਆਪ'' ਆਗੂ ਅਰਵਿੰਦ ਕੇਜਰੀਵਾਲ ਸੱਚਮੁਚ ਪੋਰਨ ਵੀਡੀਓ ਦੇਖ ਰਹੇ ਸਨ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ ''ਤੇ ਇੱਕ ਕਥਿਤ ਵੀਡੀਓ ਲਾਈਕ ਕਰਨ ਦੇ ਲਈ ਟਰੋਲ ਕੀਤਾ ਗਿਆ।

ਉਨ੍ਹਾਂ ਦੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਟਵੀਟ ਕੀਤਾ, "ਦਿੱਲੀ ਦੇ ਸੀਐਮ ਕੇਜਰੀਵਾਲ ਜੀ ਟਵਿੱਟਰ ''ਤੇ ਪੋਰਨ ਵੀਡੀਓ ਦੇਖਦੇ ਹੋਏ ਫੜ੍ਹੇ ਗਏ। ਕੱਲ੍ਹ ਰਾਤ ਟਵਿੱਟਰ ''ਤੇ ਪੋਰਨ ਵੀਡੀਓ ਲਾਈਕ ਕਰ ਰਹੇ ਸੀ।"

ਕਪਿਲ ਮਿਸ਼ਰਾ ਨੇ ਕੇਜਰੀਵਾਲ ''ਤੇ ਵਿਅੰਗ ਕਰਦੇ ਹੋਏ ਕਿਹਾ ਕਿ ''ਲਿਆਉਣਾ ਸੀ ਪੂਰਨ ਸਵਰਾਜ, ਲੈ ਕੇ ਬੈਠੇ ਹਨ ਪੋਰਨ ਸਵਰਾਜ''।

ਮਿਸ਼ਰਾ ਨੇ ਸਬੂਤ ਦੇ ਤੌਰ ''ਤੇ ਜੋ ਵੀਡੀਓ ਸ਼ੇਅਰ ਕੀਤਾ ਹੈ ਉਸ ਨੂੰ 60 ਹਜ਼ਾਰ ਤੋਂ ਵੱਧ ਵਾਰੀ ਦੇਖਿਆ ਗਿਆ ਹੈ ਅਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ।

ਕਪਿਲ ਮਿਸ਼ਰਾ ਤੋਂ ਇਲਾਵਾ ਭਾਜਪਾ (ਦਿੱਲੀ) ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ, ਆਈਟੀ ਸੈੱਲ ਦੇ ਮੁਖੀ ਪੁਨੀਤ ਅਗਰਵਾਲ ਅਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਨ੍ਹਾਂ ਆਗੂਆਂ ਦੇ ਜ਼ਰੀਏ ਸੈਂਕੜੇ ਲੋਕਾਂ ਵਿਚਾਲੇ ਇਹ ਵੀਡੀਓ ਪਹੁੰਚ ਚੁੱਕਿਆ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਪੋਰਨ ਵੀਡੀਓ ਦੇਖ ਰਹੇ ਸੀ।

ਪਰ ਪੜਤਾਲ ਦੌਰਾਨ ਬੀਬੀਸੀ ਦੇ ਸਾਹਮਣੇ ਆਇਆ ਕਿ ਵੀਡੀਓ ਇੱਕ ਨਗਨ ਆਦਮੀ ਦਾ ਜ਼ਰੂਰ ਹੈ ਪਰ ਇਸ ਦੇ ''ਪੋਰਨ ਵੀਡੀਓ'' ਹੋਣ ਦਾ ਦਾਅਵਾ ਗਲਤ ਹੈ।

ਇਹ ਵੀ ਪੜੋ

ਇਹ ਵੀ ਦੇਖੋ

https://www.youtube.com/watch?v=wyN4PTWo3pA&t=42s

https://www.youtube.com/watch?v=Wm_HT5Tnhoc&t=5s

https://www.youtube.com/watch?v=gj5UOrzuiCY&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News