ਅਯੁੱਧਿਆ ''''ਚ ਮੰਦਰ ਦੇ ਲਈ ਸ੍ਰੀ ਰਾਮ ਜਨਮਭੂਮੀ ਨਿਆਸ ਕੋਲ ਕਿਨ੍ਹੇਂ ਪੈਸੇ ਹਨ?

02/06/2020 8:10:37 PM

ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨੇ ਅਯੁੱਧਿਆ ਵਿੱਚ ਮੰਦਰ ਦੀ ਉਸਾਰੀ ਲਈ ਪੰਦਰਾਂ ਮੈਂਬਰੀ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ।

ਇੱਥੇ ਸਵਾਲ ਉੱਠਦਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਰਾਮ ਜਨਮ ਭੂਮੀ ਨਿਆਸ ਕੋਲ ਕਿੰਨ੍ਹੀਂ ਰਕਮ ਜਮਾ ਹੈ?

ਇਹ ਇੱਕ ਅਜਿਹਾ ਪ੍ਰਸ਼ਨ ਹੈ, ਜਿਸਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਪਰ ਆਸਾਨੀ ਨਾਲ ਇਸ ਦਾ ਜਵਾਬ ਨਹੀਂ ਮਿਲਦਾ।

ਵਿਸ਼ਵ ਹਿੰਦੂ ਪ੍ਰੀਸ਼ਦ, ਜੋ ਕਿ ਰਾਮ ਮੰਦਰ ਅੰਦੋਲਨ ਦੀ ਅਗਵਾਈ ਕਰਦਾ ਰਿਹਾ, ਨੇ ਸਾਲ 1985 ਵਿੱਚ ਅਯੁੱਧਿਆ ''ਚ ਇੱਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦੇ ਉਦੇਸ਼ ਨਾਲ ''ਸ੍ਰੀ ਰਾਮ ਜਨਮ ਭੂਮੀ ਨਿਆਸ'' ਦੀ ਸਥਾਪਨਾ ਕੀਤੀ ਸੀ।

ਸ੍ਰੀ ਰਾਮ ਜਨਮ ਭੂਮੀ ਨਿਆਸ ਹੀ ਮੰਦਰ ਲਈ ਮਿਲਣ ਵਾਲੇ ਦਾਨ ਦਾ ਪ੍ਰਬੰਧਨ ਦੇਖ ਰਿਹਾ ਹੈ।

ਬੀਬੀਸੀ ਹਿੰਦੀ ਨੂੰ ਪਤਾ ਲੱਗਿਆ ਹੈ ਕਿ ਸ੍ਰੀ ਰਾਮ ਜਨਮ ਭੂਮੀ ਨਿਆਸ ਦੇ ਕਾਰਪਸ ਫੰਡ ਵਿੱਚ ਤਕਰੀਬ਼ਨ ਸਾਢੇ ਅੱਠ ਕਰੋੜ ਰੁਪਏ ਅਤੇ ਗੈਰ ਕਾਰਪਸ ਫੰਡ ਵਿੱਚ ਤਕਰੀਬ਼ਨ ਸਾਢੇ ਚਾਰ ਕਰੋੜ ਰੁਪਏ ਹਨ।

ਬੀਬੀਸੀ ਨੂੰ ਮਿਲੀ ਭਰੋਸੇਯੋਗ ਜਾਣਕਾਰੀ ਦੇ ਅਨੁਸਾਰ, ਸ੍ਰੀ ਰਾਮ ਜਨਮ ਭੂਮੀ ਨਿਆਸ ਨੂੰ ਵਿੱਤੀ ਸਾਲ 2018-19 ਵਿੱਚ ਤਕਰੀਬ਼ਨ 45 ਲੱਖ ਰੁਪਏ ਦਾ ਚੰਦਾ ਮਿਲਿਆ ਸੀ, ਜਦੋਂਕਿ ਪਿਛਲੇ ਸਾਲ ਇਸ ਸੰਸਥਾ ਨੂੰ ਕਰੀਬ ਡੇਢ ਕਰੋੜ ਰੁਪਏ ਦਾਨ ਵਜੋਂ ਪ੍ਰਾਪਤ ਹੋਏ ਸਨ।

ਇਹ ਵੀ ਪੜ੍ਹੋ

ਪਰ ਦਿਲਚਸਪ ਗੱਲ ਇਹ ਹੈ ਕਿ ਸਾਲ 1990 ਵਿੱਚ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨੂੰ 1989 ਦੇ ਅੰਦੋਲਨ ਦੌਰਾਨ ਰਾਮ ਮੰਦਰ ਲਈ 8 ਕਰੋੜ 29 ਲੱਖ ਰੁਪਏ ਦਾ ਚੰਦਾ ਮਿਲਿਆ ਸੀ, ਜਿਸ ਵਿੱਚੋਂ 1 ਕਰੋੜ 63 ਲੱਖ ਰੁਪਏ ਖ਼ਰਚ ਹੋਏ ਸਨ। ਇਹ ਖ਼ਬਰ ਸੰਡੇ ਆਬਜ਼ਰਵਰ ਅਖ਼ਬਾਰ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ।

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਹਾਲ ਹੀ ਵਿੱਚ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਉਹ ਰਾਮ ਮੰਦਰ ਦੀ ਉਸਾਰੀ ਲਈ ਕੋਈ ਦਾਨ ਇਕੱਤਰ ਨਹੀਂ ਕਰਦੀ ਅਤੇ ਨਾ ਹੀ ਇਸ ਨੇ ਦਾਨ ਲਈ ਕੋਈ ਅਪੀਲ ਕੀਤੀ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇਸ ਬਿਆਨ ਦਾ ਕੀ ਅਰਥ ਹੈ? ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੀ ਕਾਰਜਸ਼ਾਲਾ ਵਿੱਚ, ਰਾਮ ਮੰਦਰ ਦੀ ਉਸਾਰੀ ਲਈ ਅਜੇ ਵੀ ਦਾਨ ਦਿੱਤੇ ਜਾ ਰਹੇ ਹਨ।

ਜਦੋਂ ਬੀਬੀਸੀ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਵੀਐੱਚਪੀ ਦੇ ਜਨਰਲ ਸੱਕਤਰ ਮਿਲਿੰਦ ਪਰਾਂਡੇ ਨੇ ਇਕ ਈਮੇਲ ਵਿੱਚ ਕਿਹਾ, "ਸ੍ਰੀ ਰਾਮ ਜਨਮ ਭੂਮੀ ਨਿਆਸ ਨੇ 1989-90 ਤੋਂ ਬਾਅਦ ਸ੍ਰੀ ਰਾਮ ਜਨਮ ਭੂਮੀ ਮੰਦਰ ਦੀ ਉਸਾਰੀ ਲਈ ਨਾ ਤਾਂ ਜਨਤਕ ਅਪੀਲ ਕੀਤੀ ਹੈ ਅਤੇ ਨਾ ਹੀ ਇਸ ਲਈ ਫੰਡ ਇਕੱਠਾ ਕੀਤੇ।"

ਉਸਨੇ ਦੱਸਿਆ, "ਸ੍ਰੀ ਰਾਮ ਜਨਮ ਭੂਮੀ ਨਿਆਸ ਦੁਆਰਾ ਇਕੱਤਰ ਕੀਤਾ ਪੈਸਾ ਉਸ ਟਰੱਸਟ ਦੇ ਉਦੇਸ਼ਾਂ ਅਨੁਸਾਰ ਖ਼ਰਚ ਕੀਤਾ ਗਿਆ ਹੈ। ਜਿਸ ਪੈਸੇ ਨੂੰ ਸਮਾਜ ਨੇ ਖ਼ੁਦ ਟਰੱਸਟ ਨੂੰ ਦਿੱਤਾ ਹੈ, ਉਹ ਸਵੀਕਾਰ ਕਰ ਲਿਆ ਗਿਆ ਹੈ।"

ਰਾਮ ਮੰਦਰ
BBC
ਸਾਲ 1990 ਵਿੱਚ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨੂੰ 1989 ਦੇ ਅੰਦੋਲਨ ਦੌਰਾਨ ਰਾਮ ਮੰਦਰ ਲਈ 8 ਕਰੋੜ 29 ਲੱਖ ਰੁਪਏ ਦਾ ਚੰਦਾ ਮਿਲਿਆ ਸੀ, ਜਿਸ ਵਿੱਚੋਂ 1 ਕਰੋੜ 63 ਲੱਖ ਰੁਪਏ ਖ਼ਰਚ ਹੋਏ ਸਨ। ਇਹ ਖ਼ਬਰ ਸੰਡੇ ਆਬਜ਼ਰਵਰ ਅਖ਼ਬਾਰ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ

ਕੀ ਸ੍ਰੀ ਰਾਮ ਜਨਮ ਭੂਮੀ ਨਿਆਸ ਕੋਲ ਰਾਮ ਮੰਦਰ ਲਈ ਇਕੱਠੇ ਕੀਤੇ ਫੰਡਾਂ ਵਿੱਚ ਸਿਰਫ਼ ਸਾਢੇ ਅੱਠ ਕਰੋੜ ਹੀ ਹਨ?

ਇਸ ਪ੍ਰਸ਼ਨ ''ਤੇ, ਵੀਐੱਚਪੀ ਦੇ ਬੁਲਾਰੇ ਵਿਨੋਦ ਬਾਂਸਲ ਨੇ ਕਿਹਾ ਕਿ ਸਿਰਫ਼ ਨਿਆਸ ਦੇ ਟਰੱਸਟੀ ਚੰਪਤਾਰਾਏ ਹੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ।

ਚੰਪਤਾਰਾਈ ਨੇ ਬੀਬੀਸੀ ਨੂੰ ਦੱਸਿਆ ਕਿ "ਨਿਆਸ ਆਪਣੇ ਖਾਤਿਆਂ ਨੂੰ ਜਨਤਕ ਨਹੀਂ ਕਰਦਾ ਹੈ।"

ਵੀਐੱਚਪੀ ਨੇਤਾ ਚੰਪਤਾਰਾਏ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ ਟਰੱਸਟ ਨੇ ਰਾਮ ਮੰਦਰ ਦੀ ਉਸਾਰੀ ''ਤੇ 10 ਤੋਂ 15 ਕਰੋੜ ਰੁਪਏ ਖਰਚ ਕੀਤੇ ਹਨ।

ਰਾਮ ਮੰਦਰ
BBC
ਵੀਐੱਚਪੀ ਨੇਤਾ ਚੰਪਤਾਰਾਏ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ ਟਰੱਸਟ ਨੇ ਰਾਮ ਮੰਦਰ ਦੀ ਉਸਾਰੀ ''ਤੇ 10 ਤੋਂ 15 ਕਰੋੜ ਰੁਪਏ ਖਰਚ ਕੀਤੇ ਹਨ

ਸੰਨ 1989 ਦਾ ਅੰਦੋਲਨ ਅਤੇ ਚੰਦਾ

''ਸਵਾ ਰੁਪੈਇਆ ਦੇ ਦੇ ਰੇ ਭਈਆ ਰਾਮ ਸ਼ਿਲਾ ਕੇ ਨਾਮ ਕਾ, ਰਾਮ ਕੇ ਘਰ ਮੇਂ ਲੱਗ ਜਾਏਗਾ ਪੱਥਰ ਤੇਰੇ ਨਾਮ ਕਾ''

ਅੱਸੀ ਦੇ ਦਹਾਕੇ ਦੇ ਅਖ਼ੀਰ ਵਿੱਚ, ਵੀਐਚਪੀ ਨੇਤਾ ਅਸ਼ੋਕ ਸਿੰਘਲ ਦੀ ਅਗਵਾਈ ਵਾਲੀ ਰਾਮ ਮੰਦਰ ਲਹਿਰ ਆਪਣੇ ਸਿਖਰ ''ਤੇ ਸੀ। ਗੀਤ ਦੇ ਰੂਪ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਮੰਦਰ ਨੂੰ ਦਾਨ ਕਰਨ ਦੀ ਅਪੀਲ ਘਰ-ਘਰ ਪਹੁੰਚਾ ਰਿਹਾ ਸੀ।

ਵੀਐੱਚਪੀ ਨੇ ਹਿੰਦੂਆਂ ਨੂੰ ਕਿਹਾ ਸੀ ਕਿ ਜਦੋਂ ਅਯੁੱਧਿਆ ਵਿੱਚ ਰਾਮ ਮੰਦਰ ਬਣਾਇਆ ਜਾਵੇਗਾ, ਤਦ ਇਹ ਰਾਮ ਪੱਥਰ ਸਥਾਪਤ ਕੀਤੇ ਜਾਣਗੇ ਅਤੇ ਦਾਨ ਦਾ ਇਹ ਪੈਸਾ ਕੰਮ ਆਵੇਗਾ।

ਇਸ ਪ੍ਰਸ਼ਨ ''ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਉਪ ਪ੍ਰਧਾਨ ਅਤੇ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਟਰੱਸਟੀ ਚੰਪਤਰਾਏ ਨੇ ਬੀਬੀਸੀ ਨੂੰ ਕਿਹਾ, "ਕੋਈ ਵੀ ਸੰਸਥਾ ਆਪਣੇ ਖਾਤਿਆਂ ਨੂੰ ਜਨਤਕ ਨਹੀਂ ਕਰਦੀ, ਉਹ ਹਿਸਾਬ ਸਰਕਾਰ ਨੂੰ ਦਿੰਦੀ ਹੈ।"

ਸ਼੍ਰੀ ਰਾਮ ਜਨਮ ਭੂਮੀ ਨਿਆਸ ਨੂੰ ਇਨਕਮ ਟੈਕਸ ਐਕਟ ਦੀ ਧਾਰਾ 12-ਏ ਦੇ ਤਹਿਤ ਆਮਦਨੀ ਟੈਕਸ ਤੋਂ ਛੋਟ ਦਿੰਦਾ ਹੈ। ਦਸਤਾਵੇਜ਼ਾਂ ਅਨੁਸਾਰ ਇਹ ਸੰਸਥਾ ''ਗਰੀਬਾਂ ਦੀ ਭਲਾਈ'' ਦੇ ਉਦੇਸ਼ ਨਾਲ ਰਜਿਸਟਰਡ ਹੈ।

ਟਰੱਸਟ ਦੇ ਇਨਕਮ ਟੈਕਸ ਰਿਟਰਨ ਨੂੰ ਦਿਖਾਉਂਦੇ ਹੋਏ ਚੰਪਤਰਾਏ ਦਾ ਕਹਿਣਾ ਹੈ, "ਸਾਡੇ ਕੋਲ 11 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ, ਜਿਸ ਵਿੱਚ ਅਯੁੱਧਿਆ ਮੰਦਰ ਦੀ ਉਸਾਰੀ ਨਾਲ ਜੁੜੀ ਹਰ ਚੀਜ਼ ਸ਼ਾਮਲ ਹੈ। ਇਸ ਵਿਚ ਪੱਥਰ ਕੱਟਣ ਵਾਲੀਆਂ ਮਸ਼ੀਨਾਂ ਵੀ ਸ਼ਾਮਲ ਹਨ।"

ਚੰਪਤਰਾਏ ਕਹਿੰਦੇ ਹਨ, "ਅਸੀਂ ਸਾਲ 1989 ਵਿੱਚ ਸਾਰੇ ਦੇਸ਼ ਵਿਚੋਂ ਇੱਕ ਵਾਰ ਮੰਦਰ ਲਈ ਪੈਸੇ ਇਕੱਠੇ ਕੀਤੇ ਹਨ। ਅਸੀਂ ਹਰ ਵਿਅਕਤੀ ਤੋਂ ਸਵਾ ਰੁਪਏ, ਪਰਿਵਾਰ ਤੋਂ ਪੰਜ ਰੁਪਏ ਅਤੇ ਵੱਧ ਤੋਂ ਵੱਧ ਦਸ ਰੁਪਏ ਲੈਂਦੇ ਸੀ। ਇਸ ਦੇਸ਼ ਦੇ ਅੰਦਰ ਇੱਕ ਵੀ ਵਿਅਕਤੀ ਨਹੀਂ ਹੈ ਜੋ ਦਾਅਵਾ ਕਰ ਸਕਦਾ ਹੈ ਕਿ ਉਸਨੇ ਟਰੱਸਟ ਨੂੰ ਇੱਕ ਲੱਖ ਜਾਂ ਵਧੇਰੇ ਰੁਪਏ ਦਿੱਤੇ ਹਨ।"

ਚੰਪਤਰਾਏ ਦਾ ਕਹਿਣਾ ਹੈ ਕਿ ਵੀਐੱਚਪੀ ਨੇ 1989 ਤੋਂ ਬਾਅਦ ਕਦੇ ਵੀ ਬਾਜ਼ਾਰ ''ਚ ਜਾ ਕੇ ਰਾਮ ਮੰਦਰ ਦੇ ਨਾਮ ֹ''ਤੇ ਪੈਸੇ ਇਕੱਠੇ ਨਹੀਂ ਕੀਤੇ।

ਉਹ ਕਹਿੰਦੇ ਹਨ, "ਜਿਹੜਾ ਵੀ ਦਾਨ ਕਰਦਾ ਹੈ, ਉਹ ਅਯੁੱਧਿਆ ਵਿੱਚ ਸਾਡੀ ਕਾਰਜਸ਼ਾਲਾ ''ਚ ਆਉਂਦਾ ਹੈ ਅਤੇ ਆਪਣੀ ਮਰਜ਼ੀ ਨਾਲ ਕੁਝ ਵੀ ਦਿੰਦਾ ਹੈ। ਅਸੀਂ ਕਿਸੇ ਤੋਂ ਕਿਸੇ ਵੀ ਰੂਪ ਵਿੱਚ ਦਾਨ ਦੀ ਮੰਗ ਨਹੀਂ ਕਰਦੇ। ਸਾਡੇ ਚੰਦੇ ਵਿੱਚ ਕੋਈ ਡਾਲਰ ਜਾਂ ਯੂਰੋ ਨਹੀਂ ਹੁੰਦਾ, ਅਸੀਂ ਵਿਦੇਸ਼ੀ ਕਰੰਸੀ ਦੇ ਪੈਸੇ ਨਹੀਂ ਲਏ। ਜੋ ਵੀ ਧਨ ਹੈ, ਭਾਰਤੀਆਂ ਨੇ ਦਿੱਤਾ ਹੈ। "

ਰਾਮ ਮੰਦਰ
BBC
ਚੰਪਤਰਾਏ ਦਾ ਕਹਿਣਾ ਹੈ ਕਿ ਵੀਐੱਚਪੀ ਨੇ 1989 ਤੋਂ ਬਾਅਦ ਕਦੇ ਵੀ ਬਾਜ਼ਾਰ ''ਚ ਜਾ ਕੇ ਰਾਮ ਮੰਦਰ ਦੇ ਨਾਮ ֹ''ਤੇ ਪੈਸੇ ਇਕੱਠੇ ਨਹੀਂ ਕੀਤੇ

ਕੀ ਰਾਮ ਮੰਦਰ ਦੇ ਨਾਮ ''ਤੇ ਇਕੱਠੀ ਕੀਤੇ ਪੈਸਿਆਂ ਨੂੰ ਵੀਐੱਚਪੀ ਸਰਕਾਰ ਵੱਲੋਂ ਬਣਨ ਵਾਲੇ ਟਰੱਸਟ ਨੂੰ ਦੇਵੇਗੀ?

ਇਸ ਪ੍ਰਸ਼ਨ ''ਤੇ, ਚੰਪਤਰਾਏ ਕਹਿੰਦੇ ਹਨ, "ਅਸੀਂ ਪੈਸਾ ਕਿਉਂ ਦੇਵਾਂਗੇ? ਅਸੀਂ ਮੰਦਰ ਲਈ ਦੇਵਾਂਗੇ, ਪੱਥਰ ਖਰੀਦਾਂਗੇ, ਪੱਥਰਾਂ ਦੀ ਨਕਾਸ਼ੀ ਕਰਾਂਗੇ ਅਤੇ ਫਿਰ ਮੰਦਰ ਲਈ ਦੇਵਾਂਗੇ।"

ਸੁਪਰੀਮ ਕੋਰਟ ਦੇ ਆਦੇਸ਼ਾਂ ''ਤੇ ਗਠਿਤ ਹੋਣ ਜਾ ਰਹੇ ਨਵੇਂ ਟਰੱਸਟ ਦਾ ਨਾਮ ਬੁੱਧਵਾਰ ਨੂੰ ਐਲਾਨਿਆ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖ਼ੇਤਰ ਨਾਮ ਦੀ ਇਸ ਟਰੱਸਟ ਵਿੱਚ ਕੁਲ 15 ਮੈਂਬਰ ਹੋਣਗੇ ਜਿਸ ''ਚ ਇੱਕ ਦਲਿਤ ਵੀ ਹੋਵੇਗਾ।

ਕੀ ਸ਼੍ਰੀ ਰਾਮ ਜਨਮ ਭੂਮੀ ਨਿਆਸ ਕੋਲ ਜਿਨ੍ਹਾਂ ਪੈਸਾ ਹੈ, ਉਹ ਇਕ ਮੰਦਰ ਬਣਾਉਣ ਲਈ ਕਾਫ਼ੀ ਹੈ?

ਇਸ ਸਵਾਲ ''ਤੇ, ਚੰਪਤਰਾਏ ਦਾ ਕਹਿਣਾ ਹੈ ਕਿ "ਜਨਤਾ ਵਿਸ਼ਾਲ ਮੰਦਰ ਲਈ ਪੈਸਾ ਦੇਵੇਗੀ।"

ਚੰਪਤਾਰਾਏ ਇਹ ਵੀ ਕਹਿੰਦੇ ਹਨ ਕਿ ਉਹ ਚਾਹੁੰਦੇ ਹਨ ਕਿ ਸ਼੍ਰੀ ਰਾਮ ਜਨਮ ਭੂਮੀ ਨਿਆਸ ਨੂੰ ਉਸ ਨਵੇਂ ਟਰੱਸਟ ਵਿੱਚ ਸ਼ਾਮਲ ਕੀਤਾ ਜਾਏ ਜੋ ਬਣਨ ਜਾ ਰਿਹਾ ਹੈ।

ਕਿੰਝ ਦਾ ਹੋਵੇਗਾ ਰਾਮ ਮੰਦਰ?

ਚੰਪਤਰਾਏ ਦਾ ਕਹਿਣਾ ਹੈ ਕਿ ਸ਼੍ਰੀ ਰਾਮ ਜਨਮ ਭੂਮੀ ਨਿਆਸ ਚਾਹੁੰਦਾ ਹੈ ਕਿ ਉਸ ਦੁਆਰਾ ਪੇਸ਼ ਕੀਤੇ ਮੰਦਰ ਦੇ ਨਮੂਨੇ ਦੇ ਅਧਾਰ ''ਤੇ ਇਕ ਵਿਸ਼ਾਲ ਰਾਮ ਮੰਦਰ ਬਣਾਇਆ ਜਾਵੇ।

ਉਹ ਕਹਿੰਦੇ ਹਨ, "ਦੇਸ਼ ਦੇ ਲੱਖਾਂ ਘਰਾਂ ਵਿੱਚ ਇਸ ਨਮੂਨੇ ਦੀਆਂ ਤਸਵੀਰਾਂ ਹਨ। ਇਹ ਇੱਕ ਸਵੀਕਾਰਯੋਗ ਨਮੂਨਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਅਧਾਰ ''ਤੇ ਹੀ ਮੰਦਰ ਬਣੇ। ਅਸੀਂ ਮੰਦਰ ਲਈ ਲੋੜੀਂਦੇ ਕੰਮ ਦਾ 60 ਪ੍ਰਤੀਸ਼ਤ ਪੂਰਾ ਕਰ ਲਿਆ ਹੈ। ਬਾਕੀ ਕੰਮ ਚੱਲ ਰਿਹਾ ਹੈ।"

ਰਾਮ ਮੰਦਰ
BBC
ਸਤੰਬਰ 1990 ਵਿੱਚ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਯੁੱਧਿਆ ''ਚ ਆਪਣੀ ਕਾਰਜਸ਼ਾਲਾ ਦੀ ਸ਼ੁਰੂਆਤ ਕੀਤੀ ਸੀ

ਅਯੁੱਧਿਆ ਵਿੱਚ ਕਾਰਜਸ਼ਾਲਾ

ਸਤੰਬਰ 1990 ਵਿੱਚ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਯੁੱਧਿਆ ''ਚ ਆਪਣੀ ਕਾਰਜਸ਼ਾਲਾ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ, ਮੰਦਰ ਲਈ ਪੱਥਰ ਤਰਾਸ਼ੇ ਜਾਣ ਦਾ ਕੰਮ ਨਿਰੰਤਰ ਜਾਰੀ ਹੈ।

ਇਸ ਕਾਰਜਸ਼ਾਲਾ ਵਿੱਚ ਨਿਆਸ ਵੱਲੋਂ ਪ੍ਰਸਤਾਵਿਤ ਮੰਦਰ ਦਾ ਇੱਕ ਨਮੂਨਾ ਰੱਖਿਆ ਗਿਆ ਹੈ। ਉਸਦੇ ਅੱਗੇ ਇੱਕ ਦਾਨ ਪੇਟੀ ਵੀ ਰੱਖੀ ਗਈ ਹੈ। ਲੋਕ ਆਪਣੀ ਇੱਛਾ ਅਨੁਸਾਰ ਇਸ ਦਾਨ ਪੇਟੀ ਵਿੱਚ ਰਾਮ ਮੰਦਰ ਲਈ ਦਾਨ ਕਰਦੇ ਹਨ।

ਇਸ ਪੇਟੀ ਦੇ ਨੇੜੇ, ਇੱਕ ਲੱਕੜ ਦੀ ਮੇਜ਼ ਅਤੇ ਪਲਾਸਟਿਕ ਦੀ ਕੁਰਸੀ ''ਤੇ ਆਰਐਸਐਸ ਦੇ ਸਵੈ ਸੇਵਕ ਸਵਦੇਸ਼ ਕੁਮਾਰ ਨਿਆਸ ਦੀ ਰਸੀਦ ਬੁੱਕ ਲੈ ਕੇ ਬੈਠਦੇ ਹਨ।

ਉਹ ਪੰਜਾਹ ਰੁਪਏ ਤੋਂ ਵੱਧ ਦੇ ਦਾਨ ਦੀਆਂ ਰਸੀਦਾਂ ਕੱਟ ਕੇ ਦਿੰਦੇ ਹਨ। ਇਹ ਰਸੀਦ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੀ ਹੀ ਹੈ।

ਇਹ ਉਹ ਪੈਸਾ ਹੈ ਜੋ ਅਧਿਕਾਰਤ ਤੌਰ ''ਤੇ ਰਾਮ ਮੰਦਰ ਦੀ ਉਸਾਰੀ ਲਈ ਟਰੱਸਟ ਇਕੱਠਾ ਕਰਦਾ ਹੈ।

ਸਵਦੇਸ਼ ਕੁਮਾਰ ਕਹਿੰਦੇ ਹਨ, "ਸਾਡੇ ਕੋਲ ਲਏ ਗਏ ਹਰ ਪੈਸਿਆਂ ਦਾ ਪੱਕਾ ਲੇਖ਼ਾ-ਜੋਖ਼ਾ ਹੁੰਦਾ ਹੈ।"

ਇਹ ਪੁੱਛਣ ''ਤੇ ਕਿ ਇੱਥੇ ਔਸਤਨ ਕਿੰਨੀ ਰਕਮ ਆਉਂਦੀ ਹੈ, ਸਵਦੇਸ਼ ਕੁਮਾਰ ਕਹਿੰਦੇ ਹਨ, "ਇੱਥੇ, ਇੱਕ ਲੱਖ ਤੋਂ ਲੈ ਕੇ ਪੰਜ ਤੋਂ ਸੱਤ ਲੱਖ ਰੁਪਏ ਪ੍ਰਤੀ ਮਹੀਨਾ ਚੰਦਾ ਆ ਜਾਂਦਾ ਹੈ। ਸਾਰਾ ਪੈਸਾ ਅਤੇ ਹਿਸਾਬ ਦਿੱਲੀ ਚੱਲਿਆ ਜਾਂਦਾ ਹੈ। ਇਹ ਇੱਕ-ਇੱਕ ਪੈਸਾ ਰਾਮ ਦੇ ਨਾਮ ਦਾ ਹੈ ਅਤੇ ਇਹ ਉਸ ਹੀ ਮੰਦਰ ਵਿੱਚ ਲੱਗੇਗਾ। "

ਜਦੋਂ ਅਸੀਂ ਸਵਦੇਸ਼ ਕੁਮਾਰ ਨਾਲ ਗੱਲ ਕਰ ਰਹੇ ਸੀ, ਸ਼ਰਧਾਲੂਆਂ ਦੇ ਸਮੂਹ ਮੰਦਰ ਦਾ ਨਮੂਨਾ ਦੇਖਣ ਲਈ ਆ ਰਹੇ ਸਨ ਅਤੇ ਮੰਦਰ ਨਿਰਮਾਣ ਫੰਡ ਲਈ ਦਾਨ ਵੀ ਦੇ ਰਹੇ ਸਨ। ਸਵਦੇਸ਼ ਕੁਮਾਰ ਮੰਦਰ ਦੇ ਨਮੂਨੇ ਦਾ ਪੋਸਟਰ ਵੀ ਸ਼ਰਧਾਲੂਆਂ ਨੂੰ ਦਾਨ ਦੀ ਪਰਚੀ ਦੇ ਨਾਲ ਦੇ ਰਹੇ ਸਨ। ਬਹੁਤ ਸਾਰੇ ਸ਼ਰਧਾਲੂ ਰਾਮ ਮੰਦਰ ਲਈ ਗੁਪਤ ਦਾਨ ਵੀ ਕਰ ਰਹੇ ਸਨ।

ਹਾਲਾਂਕਿ, ਸਵਦੇਸ਼ ਕੁਮਾਰ ਨੇ ਸਾਨੂੰ ਇਸ ਹਿਸਾਬ ਦਾ ਵਿਸਥਾਰਪੂਰਣ ਵੇਰਵਾ ਨਹੀਂ ਦਿੱਤਾ। ਉਨ੍ਹਾਂ ਕਿਹਾ, "ਇਹ ਖਾਤਾ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤੱਅ ਗੋਪਾਲ ਦਾਸ ਜਾਂ ਵਿਹਿਪ ਆਗੂ ਚੰਪਤਰਾਏ ਨੂੰ ਹੀ ਦੇ ਸਕਦੇ ਹਾਂ।

ਰਾਮ ਮੰਦਰ
BBC
ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਦੇ ਗਵਾਹ ਅਤੇ ਰਾਮ ਮੰਦਰ ਅੰਦੋਲਨ ''ਤੇ ਰਿਪੋਰਟਿੰਗ ਕਰਨ ਵਾਲੇ ਇੱਕ ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਦਾ ਕਹਿਣਾ ਹੈ ਕਿ ਰਾਮ ਮੰਦਰ ਲਈ ਦਾਨ ਦੇਣ ਬਾਰੇ ਪੁੱਛੇ ਜਾਣ ''ਤੇ ਵੀਐੱਚਪੀ ਦੇ ਨੇਤਾਵਾਂ ਨੇ ਕਦੇ ਜਵਾਬ ਨਹੀਂ ਦਿੱਤਾ

''ਚੰਦੇ ਦੇ ਸਵਾਲ ''ਤੇ ਚੁੱਪੀ''

ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਨ੍ਰਿਤੱਅ ਗੋਪਾਲ ਦਾਸ ਕਹਿੰਦੇ ਹਨ, "ਕਿੰਨਾ ਪੈਸਾ ਆਇਆ, ਕਿੰਨਾ ਨਹੀਂ ਆਇਆ, ਸਾਨੂੰ ਨਹੀਂ ਪਤਾ, ਅਸੀਂ ਨਾ ਕੋਈ ਪੈਸਾ ਲੈਣਾ ਹੈ ਤੇ ਨਾ ਹੀ ਦੇਣਾ ਹੈ, ਇਸ ਦਾ ਹਿਸਾਬ ਅਸੀਂ ਨਹੀਂ ਰੱਖਦੇ।"

ਮਹੰਤ ਨ੍ਰਿਤੱਅ ਗੋਪਾਲ ਦਾਸ ਕਹਿੰਦੇ ਹਨ, "ਮੇਰੇ ਕੋਲ ਮੰਦਰ ਦਾ ਇੱਕ ਵੀ ਪੈਸਾ ਨਹੀਂ ਹੈ, ਨਾ ਲੈਣਾ ਹੈ ਅਤੇ ਨਾ ਹੀ ਦੇਣਾ ਹੈ, ਅਸੀਂ ਸਿਰਫ਼ ਮਗਨ ਰਹਿਣਾ ਹੈ। ਮੰਦਰ ਜਨਤਾ ਅਤੇ ਧਰਮਚਾਰਿਆਂ ਦੇ ਸਮਰਥਨ ਨਾਲ ਬਣਾਇਆ ਜਾਵੇਗਾ।"

ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਦੇ ਗਵਾਹ ਅਤੇ ਰਾਮ ਮੰਦਰ ਅੰਦੋਲਨ ''ਤੇ ਰਿਪੋਰਟਿੰਗ ਕਰਨ ਵਾਲੇ ਇੱਕ ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਦਾ ਕਹਿਣਾ ਹੈ ਕਿ ਰਾਮ ਮੰਦਰ ਲਈ ਦਾਨ ਦੇਣ ਬਾਰੇ ਪੁੱਛੇ ਜਾਣ ''ਤੇ ਵੀਐੱਚਪੀ ਦੇ ਨੇਤਾਵਾਂ ਨੇ ਕਦੇ ਜਵਾਬ ਨਹੀਂ ਦਿੱਤਾ।

ਸ਼ਾਰਤ ਪ੍ਰਧਾਨ ਕਹਿੰਦੇ ਹਨ, "ਮੈਂ ਖ਼ੁਦ ਕਈ ਵਾਰ ਰਾਮ ਮੰਦਰ ਵਿੱਚ ਦਾਨ ਦੇਣ ਬਾਰੇ ਸਵਾਲ ਕੀਤਾ ਹੈ ਪਰ ਮੈਨੂੰ ਕਦੇ ਜਵਾਬ ਨਹੀਂ ਮਿਲਿਆ। ਕੁਝ ਵੀਐੱਚਪੀ ਨੇਤਾ ਕਈ ਵਾਰ ਕੁਝ ਅੰਕੜੇ ਦਿੰਦੇ ਹਨ, ਪਰ ਉਨ੍ਹਾਂ ਦਾ ਕੋਈ ਅਧਾਰ ਨਹੀਂ ਹੁੰਦਾ।"

ਸ਼ਰਤ ਪ੍ਰਧਾਨ ਕਹਿੰਦੇ ਹਨ, "ਜਦੋਂ ਅਸ਼ੋਕ ਸਿੰਘਲ ਅਤੇ ਪ੍ਰਵੀਨ ਤੋਗੜੀਆ ਜ਼ਬਰਦਸਤ ਢੰਗ ਨਾਲ ਰਾਮ ਮੰਦਰ ਅੰਦੋਲਨ ਚਲਾ ਰਹੇ ਸਨ, ਉਸ ਦੌਰਾਨ ਜਦੋਂ ਵੀ ਉਨ੍ਹਾਂ ਨੂੰ ਦਾਨ ਬਾਰੇ ਪੁੱਛਿਆ ਜਾਂਦਾ ਸੀ, ਤਾਂ ਉਨ੍ਹਾਂ ਨੇ ਨਾਰਾਜ਼ਗੀ ਹੀ ਜ਼ਾਹਰ ਕੀਤੀ। ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਆਪਣੇ ਖਾਤਿਆਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹਿਦੀ ਹੈ। ਪਾਰਦਰਸ਼ਤਾ ਤਾਂ ਇਸ ''ਚ ਹੀ ਹੈ। "

ਹਾਲ ਹੀ ਦੇ ਸਾਲਾਂ ਵਿੱਚ, ਨਿਰਮੋਹੀ ਅਖਾੜਾ ਅਤੇ ਹਿੰਦੂ ਮਹਾਸਭਾ ਨਾਲ ਜੁੜੇ ਨੇਤਾਵਾਂ ਨੇ ਸ੍ਰੀ ਰਾਮ ਜਨਮ ਭੂਮੀ ਨਿਆਸ ਨੂੰ ਪ੍ਰਾਪਤ ਚੰਦੇ ਬਾਰੇ ਸਵਾਲ ਚੁੱਕੇ ਹਨ ਅਤੇ ਜਾਂਚ ਦੀ ਮੰਗ ਕੀਤੀ ਹੈ।

ਇਸ ਬਾਰੇ ਚੰਪਤਰਾਏ ਕਹਿੰਦੇ ਹਨ, "ਜਿਨ੍ਹਾਂ ਨੂੰ ਸ਼ਿਕਾਇਤ ਹੈ, ਉਨ੍ਹਾਂ ਨੂੰ ਆਮਦਨ ਕਰ ਵਿਭਾਗ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ। ਜਿਹੜੇ ਲੋਕ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਇਹ ਪੈਸਾ ਉਨ੍ਹਾਂ ਦਾ ਨਹੀਂ, ਇਹ ਰਾਮ ਦਾ ਪੈਸਾ ਹੈ।"

ਚੰਪਤਰਾਏ ਦਾ ਕਹਿਣਾ ਹੈ, "ਸ਼ਿਕਾਇਤ ਉਦੋਂ ਹੋਣੀ ਚਾਹੀਦੀ ਸੀ ਜਦੋਂ ਸੋਨੀਆ ਗਾਂਧੀ ਰਾਜ ਕਰ ਰਹੀ ਸੀ ਤਾਂ ਉਹ ਸਾਡੇ ਖ਼ਿਲਾਫ਼ ਜਾਂਚ ਬੈਠਾ ਸਕਦੀ ਸੀ। ਅੱਜ ਅਜਿਹਾ ਕਰਨ ਦਾ ਕੋਈ ਲਾਭ ਨਹੀਂ।"

ਚੰਪਤਰਾਏ ਦਾ ਕਹਿਣਾ ਹੈ ਕਿ ਸ਼੍ਰੀ ਰਾਮ ਜਨਮ ਭੂਮੀ ਨਿਆਸ ਨੂੰ ਮਿਲਣ ਵਾਲੀ ਪਾਈ-ਪਾਈ ਦਾ ਹਿਸਾਬ ਆਮਦਨ ਕਰ ਵਿਭਾਗ ਨੂੰ ਦੇ ਦਿੱਤਾ ਗਿਆ ਹੈ।

ਉਹ ਕਹਿੰਦੇ ਹਨ, "ਨਿਆਸ ਸਾਲ 1985 ਵਿੱਚ ਬਣਾਇਆ ਗਿਆ ਸੀ, 1989 ਤੋਂ ਪੈਸਾ ਇਕੱਠਾ ਕੀਤਾ ਗਿਆ ਸੀ, ਇਸ ਨੂੰ 30 ਸਾਲ ਹੋ ਗਏ ਹਨ। ਇਨ੍ਹਾਂ 30 ਸਾਲਾਂ ਵਿੱਚ ਅਸੀਂ ਸਰਕਾਰ ਨੂੰ 30 ਆਡਿਟ ਰਿਪੋਰਟਾਂ ਭੇਜੀਆਂ ਹਨ। ਜਿਸ ਦੀ ਵੀ ਸਰਕਾਰ ਰਹੀ ਹੈ, ਇੱਕ ਪੈਸੇ ਦਾ ਵੀ ਸਾਨੂੰ ਜੁਰਮਾਨਾ ਨਹੀਂ ਹੋਇਆ। ਨਾ ਹੀ ਅਸੀਂ ਕਦੇ ਆਪਣੇ ਇਨਕਮ ਟੈਕਸ ਰਿਟਰਨ ਭਰਨ ਵਿੱਚ ਦੇਰੀ ਕੀਤੀ। ਜੇਕਰ ਅਸੀਂ ਗ਼ਲਤ ਹੁੰਦੇ ਤਾਂ ਸਾਡੇ ਵਿਰੁੱਧ ਜਾਂਚ ਕੀਤੀ ਜਾਂਦੀ। "

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=Jh-zG3_XXc0

https://www.youtube.com/watch?v=yVsjerUR9-w

https://www.youtube.com/watch?v=O4jRRnEAA0k&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News