ਜਾਮੀਆ: ਹਮਲਾਵਾਰ ਨਾਬਾਲਗ, ਤਾਂ ਕੀ ਸਜ਼ਾ ਹੋ ਸਕਦੀ ਹੈ?

Sunday, Feb 02, 2020 - 06:40 AM (IST)

ਜਾਮੀਆ: ਹਮਲਾਵਾਰ ਨਾਬਾਲਗ, ਤਾਂ ਕੀ ਸਜ਼ਾ ਹੋ ਸਕਦੀ ਹੈ?
ਜਾਮੀਆ ਵਿੱਚ ਬੰਦੂਕ ਲਹਿਰਾਉਂਦਾ ਵਿਅਕਤੀ
Reuters
ਦਿੱਲੀ ਵਿੱਚ 30 ਜਨਵਰੀ ਨੂੰ ਬੰਦੂਕ ਲਹਿਰਾਉਣ ਵਾਲੇ ਵਿਅਕਤੀ ਦੇ ਨਾਬਾਲਗ ਹੋਣ ਦੀ ਕਾਫ਼ੀ ਚਰਚਾ ਹੈ।

ਦਿੱਲੀ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਵੱਲ ਬੰਦੂਕ ਤਾਣਨ ਤੇ ਗੋਲੀ ਚਲਾਉਣ ਵਾਲਾ ਨੌਜਵਾਨ ਨਾਬਾਲਗ ਹੈ ਜਾਂ ਨਹੀਂ, ਇਸ ਨੂੰ ਲੈ ਕੇ ਬਹਿਸ ਹੋ ਰਹੀ ਹੈ।

ਨਿਊਜ਼ ਏਜੰਸੀ ਏਐੱਨਆਈ ਨੇ ਵੀਰਵਾਰ ਨੂੰ ਟਵਿੱਟਰ ''ਤੇ ਇਕ ਮਾਰਕਸ-ਸ਼ੀਟ ਸਾਂਝੀ ਕੀਤੀ, ਜਿਸ ''ਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹਨ।

ਇਸ ਮਾਰਕਸ-ਸ਼ੀਟ ਨੂੰ ਇਹ ਕਹਿ ਕੇ ਸ਼ੇਅਰ ਕੀਤਾ ਗਿਆ ਹੈ ਕਿ ਇਹ ਜਾਮੀਆ ਵਿੱਚ ਮੁਜ਼ਾਹਰਾਕਾਰੀਆਂ ''ਤੇ ਬੰਦੂਕ ਤਾਣਨ ਵਾਲੇ ਦੀ ਹੈ।

ਬਹੁਤ ਸਾਰੇ ਲੋਕ ਇਸ ਮਾਰਕਸ-ਸ਼ੀਟ ਨੂੰ ਸੋਸ਼ਲ ਮੀਡੀਆ ''ਤੇ ਜਾਅਲੀ ਦੱਸ ਰਹੇ ਹਨ ਅਤੇ ਇਸ ਵਿੱਚ ਦਿੱਤੀ ਗਈ ਜਾਣਕਾਰੀ ''ਤੇ ਸਵਾਲ ਚੁੱਕ ਰਹੇ ਹਨ। ਲੋਕ ਇਹ ਸਵਾਲ ਵੀ ਚੁੱਕ ਰਹੇ ਹਨ ਕਿ ਜਾਮੀਆ ਵਿੱਚ ਬੰਦੂਕ ਤਾਣਨ ਅਤੇ ਫਾਇਰਿੰਗ ਦੇ ਕੁਝ ਘੰਟਿਆਂ ਬਾਅਦ ਹੀ ਮਾਰਕਸ-ਸ਼ੀਟ ਨੂੰ ਸ਼ੇਅਰ ਕਰਨ ਦਾ ਮਕਸਦ, ਕਿਤੇ ਇਸ ਨੌਜਵਾਨ ਨੂੰ ਨਾਬਾਲਗ ਸਾਬਤ ਕਰਨ ਅਤੇ ਉਸਦੀ ਸਜ਼ਾ ਘਟਾਉਣ ਦਾ ਤਾਂ ਨਹੀਂ।

ਮਾਰਕਸ-ਸ਼ੀਟ ਵਿੱਚ ਸਕੂਲ ਦੇ ਕੋਡ ਤੇ ਬੰਦੂਕ ਤਾਣਨ ਵਾਲੇ ਦੇ ਨਾਬਾਲਗ ਹੋਣ ਵਰਗੀ ਜਾਣਕਾਰੀ ਬਾਰੇ ਸੋਸ਼ਲ ਮੀਡੀਆ ''ਤੇ ਕਈ ਕਿਸਮ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ:

ਸਕੂਲ ਦੀ ਮਾਰਕਸ-ਸ਼ੀਟ

ਬੀਬੀਸੀ ਨਿਊਜ਼ ਨੇ ਬੰਦੂਕ ਤਾਣਨ ਤੇ ਗੋਲੀ ਮਾਰਨ ਵਾਲੇ ਵਿਦਿਆਰਥੀ ਦੇ ਨਾਬਾਲਗ ਹੋਣ ਨੂੰ ਲੈ ਕੇ ਪੜਤਾਲ ਕੀਤੀ। ਉਸ ਦੇ ਮੁਤਾਬਕ ਮਾਰਕਸ-ਸ਼ੀਟ ਦੇ ਅਧਾਰ ''ਤੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਨਾਬਾਲਗ ਹੈ।

ਬੀਬੀਸੀ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਕਿ ਇਹ ਨੌਜਵਾਨ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਇੱਕ ਸਕੂਲ ਦਾ ਵਿਦਿਆਰਥੀ ਹੈ। ਇਥੋਂ ਹੀ ਉਸਨੇ 2018 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।

ਕਿਉਂਕਿ ਇਹ ਵਿਦਿਆਰਥੀ ਨਾਬਾਲਗ ਹੈ, ਇਸ ਲਈ ਇਸ ਨਾਲ ਜੁੜੇ ਕਿਸੇ ਵੀ ਵਿਅਕਤੀ ਜਾਂ ਸਕੂਲ ਦਾ ਨਾਮ, ਪਛਾਣ ਜਨਤਕ ਨਾ ਕਰਨ ਲਈ ਨਹੀਂ ਲਿਖਿਆ ਗਿਆ ਹੈ।

ਸਕੂਲ ਦੇ ਸੰਸਥਾਪਕ ਨੇ ਨਿਊਜ਼ ਏਜੰਸੀ ਏਐੱਨਆਈ ਦੁਆਰਾ ਸਾਂਝੀ ਕੀਤੀ ਗਈ ਮਾਰਕਸ-ਸ਼ੀਟ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਮਾਰਕਸ-ਸ਼ੀਟ ਸਹੀ ਹੈ। ਇਸ ਮਾਰਕਸ-ਸ਼ੀਟ ਉੱਤੇ ਲਿਖੀ ਸਾਰੀ ਜਾਣਕਾਰੀ ਸਹੀ ਹੈ।

ਇਸ ਦੇ ਅਨੁਸਾਰ, ਉਸ ਨੌਜਵਾਨ ਦੀ ਉਮਰ ਅਜੇ 17 ਸਾਲ 9 ਮਹੀਨੇ ਹੈ ਅਤੇ ਉਹ ਨਾਬਾਲਗ ਹੈ।

ਸਕੂਲ ਦੀ ਇੱਕ ਅਧਿਆਪਕਾ ਅਨੁਸਾਰ, ਉਸ ਦਾ ਪਿਛੋਕੜ ਇੱਕ ਆਮ ਪਰਿਵਾਰ ਤੋਂ ਹੈ।ਉਸ ਦੇ ਪਿਤਾ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ ਅਤੇ ਮਾਂ ਨੌਕਰੀ ਕਰਦੀ ਹੈ।

ਅਧਿਆਪਕਾ ਨੇ ਬੀਬੀਸੀ ਨੂੰ ਦੱਸਿਆ ਕਿ ਉਸਦਾ ਇੱਕ ਭਰਾ ਵੀ ਇਸ ਸਕੂਲ ਵਿੱਚ ਪੜ੍ਹਦਾ ਹੈ। ਉਹ ਪੜ੍ਹਾਈ ਵਿੱਚ ਸਧਾਰਨ ਰਿਹਾ ਹੈ ਅਤੇ ਸਕੂਲ ਵਿੱਚ ਕਦੇ ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਨਹੀਂ ਕੀਤੀ।

ਉਨ੍ਹਾਂ ਮੁਤਾਬਕ ਉਹ ਨੌਜਵਾਨ 28 ਜਨਵਰੀ ਨੂੰ ਸਕੂਲ ਆਇਆ ਸੀ। ਪਰ ਉਸਦੀ ਮਾਂ ਨੇ ਦੋਵਾਂ ਭਰਾਵਾਂ ਨੂੰ ਘਰ ਵਾਪਸ ਭੇਜਣ ਲਈ ਫੋਨ ਕੀਤਾ ਸੀ ਕਿਉਂਕਿ ਪਰਿਵਾਰ ਨੇ ਕਿਸੇ ਵਿਆਹ ਵਿੱਚ ਜਾਣਾ ਸੀ। ਜਿਸ ਤੋਂ ਬਾਅਦ ਉਹ ਸਕੂਲ ਤੋਂ ਜਲਦੀ ਨਿਕਲ ਗਿਆ ਸੀ।

ਹਾਲਾਂਕਿ, ਜਦੋਂ ਬੀਬੀਸੀ ਨੇ ਸੀਬੀਐਸਈ ਦੇ ਸੰਪਰਕ ਅਧਿਕਾਰੀ ਨਾਲ ਮਾਰਕਸ-ਸ਼ੀਟ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮਾਰਕਸ-ਸ਼ੀਟ ਸੀਬੀਐਸਈ ਤੋਂ ਜਾਰੀ ਹੋਣ ਦੀ ਪੁਸ਼ਟੀ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਸੀਬੀਐਸਈ ਨੇ ਇਹ ਪਛਾਣ ਕੀਤੀ ਹੈ ਕਿ ਇਹ ਮਾਰਕਸ-ਸ਼ੀਟ ਕਿਸ ਦੀ ਹੈ। ਪਰ ਸੀਬੀਐਸਈ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੀ ਕਿ ਇਹ ਮਾਰਕਸ-ਸ਼ੀਟ ਜਾਮੀਆ ਦੇ ਬਾਹਰ ਬੰਦੂਕ ਤਾਣਨ ਅਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਫੜੇ ਗਈ ਇੱਕ ਨਾਬਾਲਗ ਨੌਜਵਾਨ ਦੀ ਹੈ ਕਿਉਂਕਿ ਇਸ ਨਾਮ ਦੇ ਹੋਰ ਵਿਦਿਆਰਥੀ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਸਕੂਲ ਸੀਬੀਐਸਈ ਨਾਲ ਸੰਬੰਧਤ ਹੈ

ਸਕੂਲ ਸੀਬੀਐਸਈ ਨਾਲ ਜੁੜੇ ਹੋਣ ਬਾਰੇ ਸੋਸ਼ਲ ਮੀਡੀਆ ''ਤੇ ਕਈ ਪ੍ਰਸ਼ਨ ਖੜ੍ਹੇ ਹੋ ਰਹੇ ਹਨ। ਬੀਬੀਸੀ ਦੀ ਪੜਤਾਲ ਤੋਂ ਪਤਾ ਚੱਲਿਆ ਕਿ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨਾਲ ਸੰਬੰਧਤ ਹੈ।

ਸੀਬੀਐਸਈ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਸਕੂਲ ਸੀਬੀਐਸਈ ਨਾਲ ਸੰਬੰਧਤ ਹੈ।

ਸਕੂਲ ਦੇ ਸੰਸਥਾਪਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਕੂਲ ਦੀ ਸ਼ੁਰੂਆਤ 2013 ਵਿੱਚ ਕੀਤੀ ਸੀ ਅਤੇ ਇਹ ਨੌਜਵਾਨ ਸਕੂਲ ਵਿੱਚ ਸਭ ਤੋਂ ਪਹਿਲਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਇੱਕ ਸੀ।

ਨਾਬਾਲਗ ਵਿਅਕਤੀ ਨੂੰ ਲੈ ਜਾ ਰਹੀ ਪੁਲਿਸ
Reuters
ਇਹ ਨੌਜਵਾਨ ਸਕੂਲ ਵਿੱਚ ਸਭ ਤੋਂ ਪਹਿਲਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਇੱਕ ਹੈ

ਸਕੂਲ ਕੋਡ ''ਤੇ ਉੱਠੇ ਪ੍ਰਸ਼ਨ

ਟਵਿੱਟਰ ''ਤੇ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਚੁੱਕਿਆ ਹੈ ਕਿ ਮਾਰਕਸ-ਸ਼ੀਟ ਵਿੱਚ ਦਿਖਾਏ ਗਏ ਸਕੂਲ ਦਾ ਕੋਡ ਸੀਬੀਐਸਈ ਦੀ ਵੈੱਬਸਾਈਟ ''ਤੇ ਦਿਖਾਏ ਗਏ ਕੋਡ ਤੋਂ ਵੱਖਰਾ ਹੈ।

ਬੀਬੀਸੀ ਨੇ ਆਪਣੀ ਜਾਂਚ ਵਿੱਚ ਪਤਾ ਲਾਇਆ ਹੈ ਕਿ ਇਹ ਸੱਚ ਹੈ ਕਿ ਮਾਰਕਸ-ਸ਼ੀਟ ਵਿੱਚ ਦਿੱਤਾ ਗਿਆ ਕੋਡ ਅਤੇ ਸੀਬੀਐਸਈ ਦੀ ਵੈੱਬਸਾਈਟ ਉੱਤੇ ਦਿੱਤਾ ਗਿਆ ਕੋਡ, ਦੋਵੇਂ ਵੱਖਰੇ ਹਨ।

ਬੀਬੀਸੀ ਨੇ ਸਕੂਲ ਦੇ ਸੰਸਥਾਪਕ ਤੋਂ ਪੁੱਛਿਆ ਕਿ ਇੱਕ ਸਕੂਲ ਦੇ ਦੋ ਵੱਖੋ-ਵੱਖਰੇ ਕੋਡ ਕਿਉਂ ਦਿਖਾਏ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਸਕੂਲ ਸੀਬੀਐਸਈ ਦੇ ਦੇਹਰਾਦੂਨ ਜ਼ੋਨ ਵਿੱਚ ਆਉਂਦਾ ਸੀ। ਪਰ ਸਾਲ 2019 ਵਿੱਚ ਇਸ ਨੂੰ ਨੋਇਡਾ ਦੇ ਖੇਤਰੀ ਦਫ਼ਤਰ ਅਧੀਨ ਕਰ ਦਿੱਤਾ ਗਿਆ ਹੈ। ਇਸ ਲਈ ਦੋ ਵੱਖੋ-ਵੱਖਰੇ ਕੋਡ ਸਾਹਮਣੇ ਆ ਰਹੇ ਹਨ।

ਮਾਰਕਸ-ਸ਼ੀਟ ਸਾਲ 2018 ਦੀ ਹੈ, ਇਸ ਲਈ ਇਸ ਵਿੱਚ ਉਹ ਕੋਡ ਹੈ, ਜੋ ਦੇਹਰਾਦੂਨ ਜ਼ੋਨ ਤੋਂ ਦਿੱਤਾ ਗਿਆ ਸੀ ਅਤੇ ਜੋ ਕੋਡ ਇਸ ਸਮੇਂ ਸੀਬੀਐਸਈ ਦੀ ਵੈੱਬਸਾਈਟ ''ਤੇ ਹੈ, ਉਹ ਨੋਇਡਾ ਖੇਤਰੀ ਦਫ਼ਤਰ ਦੁਆਰਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਇਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਾਰੇ ਵੀ ਸੋਸ਼ਲ ਮੀਡੀਆ ''ਤੇ ਚਰਚਾ ਹੋ ਰਹੀ ਹੈ। ਸੀਬੀਐਸਈ ਵੈੱਬਸਾਈਟ ''ਤੇ ਸਕੂਲ ਦੇ ਰਿਪੋਰਟ ਕਾਰਡ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਗਿਣਤੀ ਜ਼ੀਰੋ ਹੈ।

ਸਕੂਲ ਦੇ ਸੰਸਥਾਪਕ ਨੇ ਬੀਬੀਸੀ ਨੂੰ ਦੱਸਿਆ ਕਿ ਸਕੂਲ ਨੂੰ ਸੀਬੀਐਸਈ ਤੋਂ 11ਵੀਂ ਅਤੇ 12ਵੀਂ ਜਮਾਤ ਲਈ ਅਗਸਤ 2019 ਵਿੱਚ ਮਾਨਤਾ ਮਿਲੀ ਹੈ। ਇਸ ਲਈ ਜੋ ਵਿਦਿਆਰਥੀ ਇਸ ਸਮੇਂ 11ਵੀਂ ਜਮਾਤ ਵਿੱਚ ਪੜ੍ਹ ਰਹੇ ਹਨ, ਉਹ 2021 ਵਿੱਚ 12ਵੀਂ ਦੀ ਪ੍ਰੀਖਿਆ ਦੇਣਗੇ।

ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਹ ਨੌਜਵਾਨ ਫਿਲਹਾਲ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਨਹੀਂ ਹੈ ਕਿਉਂਕਿ 12ਵੀਂ ਜਮਾਤ ਵਿੱਚ ਕੋਈ ਵਿਦਿਆਰਥੀ ਨਹੀਂ ਹੈ। ਪਰ ਉਹ ਅਧਿਆਪਕਾਂ ਕੋਲੋਂ ਪੜ੍ਹਨ ਲਈ ਸਕੂਲ ਆਉਂਦਾ ਰਹਿੰਦਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਇਸ ਵੈੱਬਸਾਈਟ ਨੂੰ ਅਪਡੇਟ ਨਹੀਂ ਕੀਤਾ ਹੈ। ਇਸ ਲਈ ਇਹ ਪਰੇਸ਼ਾਨੀ ਪੈਦਾ ਹੋ ਰਹੀ ਹੈ। ਉਹ ਵੈੱਬਸਾਈਟ ਅਪਡੇਟ ਕਰਨਗੇ।

ਇਨ੍ਹਾਂ ਸਾਰੇ ਪ੍ਰਸ਼ਨਾਂ ਨਾਲ ਬੀਬੀਸੀ ਨੇ ਦਿੱਲੀ ਪੁਲਿਸ ਨੂੰ ਵੀ ਸੰਪਰਕ ਕੀਤਾ। ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਮਿਲਿਆ।

30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ''ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਇੱਕ ਮੁਜ਼ਾਹਰਾ ਕੀਤਾ ਗਿਆ। ਪਰ ਮੁਾਜ਼ਹਰਾਕਾਰੀਆਂ ਦੇ ਸਾਹਮਣੇ, ''ਯੇ ਲੋ ਆਜ਼ਾਦੀ'' ਕਹਿੰਦਿਆਂ ਇਸ ਵਿਅਕਤੀ ਨੇ ਬੰਦੂਕ ਲਹਿਰਾਈ ਤੇ ਗੋਲੀ ਵੀ ਚਲਾਈ।

ਇਸ ''ਚ ਜਾਮੀਆ ''ਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਜ਼ਖ਼ਮੀ ਵੀ ਹੋਇਆ, ਜਿਸ ਦਾ ਦਿੱਲੀ ਦੇ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ:

ਨਾਬਾਲਗ ਹੈ ''ਤੇ ਕੀ ਹੋਵੇਗਾ?

ਭਾਰਤ ਵਿੱਚ ਜੁਵੇਨਾਈਲ ਜਸਟਿਸ ਐਕਟ ਦੇ ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਦੋਸ਼ੀ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।

ਪਰ ਜੁਵੇਨਾਈਲ ਜਸਟਿਸ ਐਕਟ ਵਿੱਚ ਸੋਧ ਦੇ ਅਨੁਸਾਰ, ਜੇ 16-18 ਸਾਲ ਦੀ ਉਮਰ ਦੇ ਕਿਸੇ ਨਾਬਾਲਿਗ ''ਤੇ ਗੁੰਡਾਗਰਦੀ ਲਈ ਕੋਈ ਮੁਕੱਦਮਾ ਦਰਜ ਕੀਤਾ ਜਾਵੇ, ਤਾਂ ਉਸ ''ਤੇ ਜੁਵਏਨਾਈਲ ਜਸਟਿਸ ਬੋਰਡ ਦੀ ਸਮਝ ਮੁਤਾਬਕ ਭਾਰਤੀ ਦੰਡਾਵਲੀ ਅਨੁਸਾਰ ਆਮ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਸੀਨੀਅਰ ਵਕੀਲ ਆਭਾ ਸਿੰਘ ਦਾ ਕਹਿਣਾ ਹੈ ਕਿ ਜੇ ਜਾਮੀਆ ਵਿੱਚ ਗੋਲੀ ਮਾਰਨ ਵਾਲਾ ਵਿਅਕਤੀ ਬਾਲਗ ਹੁੰਦਾ ਤਾਂ ਉਸ ਉੱਤੇ ਧਾਰਾ 307 ਦੇ ਅਧੀਨ ਕਤਲ ਦੀ ਕੋਸ਼ਿਸ਼ ਲਈ ਮੁਕੱਦਮਾ ਚਲਾਇਆ ਜਾਣਾ ਸੀ।

ਸਿੰਘ ਮੁਤਾਬਕ, ਜੇ ਅਜਿਹਾ ਹੁੰਦਾ ਤਾਂ ਉਸ ਨੂੰ ਘੱਟੋ-ਘੱਟ ਦਸ ਸਾਲ ਦੀ ਸਜਾ ਹੋ ਸਕਦੀ ਸੀ। ਇਸ ਮਾਮਲੇ ਵਿੱਚ ਉਮਰ ਕੈਦ ਵੀ ਹੋ ਸਕਦੀ ਸੀ। ਪਰ ਜੇ ਉਹ ਨਾਬਾਲਗ ਹੈ ਤਾਂ ਉਸਨੂੰ ਆਬਜ਼ਰਵੇਸ਼ਨ ਹੋਮ ਵਿੱਚ ਰੱਖਿਆ ਜਾਵੇਗਾ।

ਆਭਾ ਸਿੰਘ ਦਾ ਕਹਿਣਾ ਹੈ ਕਿ ਨਾਬਾਲਗ ਹੋਣ ਦੀ ਸੂਰਤ ਵਿੱਚ ਕੇਸ ਜੁਵੇਨਾਈਲ ਜਸਟਿਸ ਬੋਰਡ ਅੱਗੇ ਚੱਲੇਗਾ।

ਹਾਲਾਂਕਿ, ਦਿੱਲੀ ਪੁਲਿਸ ਦੇ ਸੰਯੁਕਤ ਪੁਲਿਸ ਕਮਿਸ਼ਨਰ ਦੇਵੇਸ਼ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਵਿਦਿਆਰਥੀਆਂ ''ਤੇ ਗੋਲੀ ਚਲਾਉਣ ਵਾਲੇ ਵਿਅਕਤੀ ਖਿਲਾਫ਼ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਆਭਾ ਦੱਸਦੇ ਹਨ ਹੈ ਕਿ ਭਾਰਤ ਵਿੱਚ ਕਾਨੂੰਨ ਅਨੁਸਾਰ ਜਦੋਂ ਇਕ ਨਾਬਾਲਿਗ ਕਿਸੇ ਕੇਸ ਵਿੱਚ ਸਪੈਸ਼ਲ ਹੋਮ ਵਿੱਚ ਸਜ਼ਾ ਤੋਂ ਬਾਅਦ ਬਾਹਰ ਆਉਂਦਾ ਹੈ, ਤਾਂ ਉਸਦਾ ਅਪਰਾਧਿਕ ਰਿਕਾਰਡ ਨਸ਼ਟ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕੇ।

ਇਹ ਵੀ ਦੇਖੋ:

https://youtu.be/xWw19z7Edrs

ਵੀਡਿਓ: Organic farming: ''ਕੁਦਰਤੀ ਖੇਤੀ ਵਪਾਰ ਘੱਟ, ਜ਼ਿੰਦਗੀ ਜਿਉਣ ਦੀ ਜਾਚ ਵੱਧ

https://www.youtube.com/watch?v=IQNdjXwYFNQ

ਵੀਡਿਓ: Air India: ਸਰਕਾਰੀ ''ਜਾਇਦਾਦ'' ਵੇਚ ਕੇ ਸਰਕਾਰ ਖੱਟਣਾ ਕੀ ਚਾਹੁੰਦੀ ਹੈ

https://www.youtube.com/watch?v=BSMQA2tuVuw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News