ਪੰਜਾਬ ਦੀ ਆਬਕਾਰੀ ਨੀਤੀ: ਹੁਣ ਸ਼ਰਾਬ ਦੀ ਹੋ ਸਕਦੀ ਹੈ ‘ਹੋਮ-ਡਲਿਵਰੀ’ - 5 ਅਹਿਮ ਖ਼ਬਰਾਂ

Saturday, Feb 01, 2020 - 07:55 AM (IST)

ਪੰਜਾਬ ਦੀ ਆਬਕਾਰੀ ਨੀਤੀ: ਹੁਣ ਸ਼ਰਾਬ ਦੀ ਹੋ ਸਕਦੀ ਹੈ ‘ਹੋਮ-ਡਲਿਵਰੀ’ - 5 ਅਹਿਮ ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ
Getty Images

ਸ਼ੁਕਰਵਾਰ ਨੂੰ ਪੰਜਾਬ ਸਰਕਾਰ ਨੇ ਸਾਲ 2020-21 ਲਈ ਆਪਣੀ ਨਵੀਂ ਆਬਕਾਰੀ ਨੀਤੀ ਦਾ ਐਲਾਨ ਕੀਤਾ। ਇਸ ਰਾਹੀਂ ਸੂਬੇ ਵਿੱਚ ਈ-ਕਾਮਰਸ ਸਾਈਟਾਂ ਰਾਹੀਂ ਸ਼ਰਾਬ ਦੀ ਵਿਕਰੀ ਲਈ ਗੁੰਜਾਇਸ਼ ਰੱਖੀ ਗਈ ਹੈ।

ਤਜਰਬੇ ਦੇ ਅਧਾਰ ''ਤੇ ਸਰਕਾਰ ਵੱਲੋਂ ਮੋਹਾਲੀ ਸ਼ਹਿਰ ਵਿੱਚ ਹੋਮ ਡਿਲਿਵਰੀ ਲਈ ਇੱਕ ਆਨਲਾਈਨ ਪਲੇਟਫਾਰਮ ਸ਼ੁਰੂ ਕੀਤਾ ਜਾ ਸਕਦਾ ਹੈ।

ਹਾਲਾਂਕਿ ਇਹ ਕੰਮ ਠੇਕੇਦਾਰਾਂ ਦੀ ਸਲਾਹ ਨਾਲ ਹੀ ਕੀਤਾ ਜਾਵੇਗਾ ਤੇ ਜੇਕਰ ਇੱਕ ਵੀ ਲਾਇਸੰਸਧਾਰਕ ਨੇ ਇਤਰਾਜ਼ ਕਰ ਦਿੱਤਾ ਤਾਂ ਇਹ ਤਜਰਬਾ ਨਹੀਂ ਕੀਤਾ ਜਾਵੇਗਾ।

ਸਰਾਕਾਰ ਨੇ ਇਸ ਵਾਰ ਸਾਲ 2019-20 ਦੌਰਾਨ 5676 ਕਰੋੜ ਦੇ ਅਨੁਮਾਨਿਤ ਮਾਲੀਏ ਦੀ ਉਗਰਾਹੀ ਦੇ ਮੁਕਾਬਲੇ 6250 ਕਰੋੜ ਰੁਪਏ ਦੇ ਮਾਲੀਏ ਦੀ ਉਗਰਾਹੀ ਦਾ ਟੀਚਾ ਮਿੱਥਿਆ ਹੈ।

ਨਵੀਂ ਨੀਤੀ ਤਹਿਤ ਮੈਰਿਜ ਪੈਲੇਸਾਂ ਦੇ ਵਿਹੜੇ ਵਿੱਚ ਸ਼ਰਾਬ ਦੀ ਅਣਅਧਿਕਾਰਤ ਖਪਤ ਲਈ ਪੈਲੇਸ ਵਾਲੇ ਹੀ ਜ਼ਿੰਮੇਵਾਰ ਹੋਣਗੇ।

ਪਹਿਲੇ ਜੁਰਮ ''ਤੇ 25,000 ਰੁਪਏ, ਦੂਸਰੇ ''ਤੇ 50,000 ਰੁਪਏ ਅਤੇ ਤੀਜੇ ਜੁਰਮ ''ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।

ਪ੍ਰਚੂਨ ਵਿੱਚ ਆਬਕਾਰੀ ਡਿਊਟੀ ਵਿੱਚ ਮਾਮੂਲੀ ਵਾਧਾ ਕੀਤਾ ਜਾਵੇਗਾ ਜੋ ਪੰਜਾਬ ਵਿੱਚ ਬਣੀ ਸ਼ਰਾਬ ਲਈ 5 ਰੁਪਏ, ਦੇਸ਼ ਵਿੱਚ ਹੀ ਬਣੀ ਵਿਦੇਸ਼ੀ ਸ਼ਰਾਬ ਲਈ 4 ਰੁਪਏ ਅਤੇ ਬੀਅਰ ਲਈ 2 ਰੁਪਏ ਹੈ।

ਥੋਕ ਪੜਾਅ ''ਤੇ ਪੰਜਾਬ ਵਿੱਚ ਬਣੀ ਸ਼ਰਾਬ ''ਤੇ ਆਬਕਾਰੀ ਡਿਊਟੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਦੇਸ਼ ਵਿੱਚ ਹੀ ਬਣੀ ਵਿਦੇਸ਼ੀ ਸ਼ਰਾਬ ਦੇ ਮਾਮਲੇ ਵਿੱਚ ਲਗਭਗ 5 ਫੀਸਦੀ ਵਾਧਾ ਹੈ ਅਤੇ ਬੀਅਰ ਦੇ ਮਾਮਲੇ ਵਿੱਚ ਸਟਰੌਂਗ ਬੀਅਰ ਲਈ 62 ਰੁਪਏ ਪ੍ਰਤੀ ਬੋਤਲ ਤੋਂ ਵਧਾ ਕੇ 68 ਰੁਪਏ ਕੀਤੀ ਗਈ ਹੈ।

ਇਹ ਵੀ ਪੜ੍ਹੋ

ਆਬਕਾਰੀ ਕਰ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਜ਼ਾਰ ਦੀਆਂ ਬਦਲਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਨਵੀਂ ਨੀਤੀ ਨੂੰ ਕਾਰੋਬਾਰੀ ਪੱਖੀ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕਰ ਵਧਣ ਨਾਲ ਸੂਬੇ ਵਿੱਚ ਸ਼ਰਾਬ ਮਹਿੰਗੀ ਹੋ ਜਾਵੇਗੀ।

ਅੰਮ੍ਰਿਤਸਰ ''ਚ ਕਰੋੜਾਂ ਦੀ ਡਰੱਗਸ ਬਰਾਮਦਗੀ ਦਾ ਭੰਡਾਫੋੜ

ਅੰਮ੍ਰਿਤਸਰ ਵਿੱਚ ਪੁਲਿਸ ਨੇ ਹੈਰੋਇਨ ਦੀ ਇੱਕ ਵੱਡੀ ਖੇਪ ਫੜੀ ਹੈ ਅਤੇ 6 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਵਿੱਚ ਇੱਕ ਅਫਗਾਨਿਸਤਾਨ ਦਾ ਨਾਗਰਿਕ ਵੀ ਕਾਬੂ ਕੀਤਾ ਗਿਆ ਹੈ।

ਸਪੈਸ਼ਲ ਟਾਸਕ ਫੋਰਸ ਨੇ ਕੁੱਲ 194 ਕਿੱਲੋ ਹੈਰੋਇਨ ਤੇ ਹੋਰ ਨਸ਼ੇ ਦੀ ਸਮੱਗਰੀ ਬਰਾਮਦ ਕੀਤੀ ਹੈ।

ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਘਰ ਦੀ ਵੀ ਨਿਸ਼ਾਨਦੇਹੀ ਹੋਈ ਹੈ ਜਿੱਥੇ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਇੱਕ ਲੈਬ ਵਜੋਂ ਵਰਤੋਂ ਕੀਤੀ ਜਾਂਦੀ ਸੀ। ਪੜ੍ਹੋ ਪੂਰੀ ਖ਼ਬਰ।

ਇੱਕ ਰੁਪਏ ਦੇ ਸਿੱਕੇ
Getty Images
ਮਾਹਰ ਇਸ ਗੱਲ ''ਤੇ ਇਕਮਤ ਹਨ ਕਿ ਸਰਕਾਰੀ ਨਿਵੇਸ਼ ਮੰਦੀ ਤੋਂ ਬਾਹਰ ਨਿਕਲਣ ਦਾ ਇੱਕ ਤਰੀਕਾ ਹੈ।

ਕੀ ਬਜਟ 2020 ''ਚ ਇਨਕਮ ਟੈਕਸ ''ਚ ਰਾਹਤ ਮਿਲੇਗੀ?

ਭਾਰਤ ਇੱਕ ਦਹਾਕੇ ਵਿੱਚ ਸਭ ਤੋਂ ਖਰਾਬ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਇਸ ਸਾਲ ਦੇ ਕੇਂਦਰੀ ਬਜਟ ''ਤੇ ਬਹੁਤ ਕੁਝ ਨਿਰਭਰ ਕਰਦਾ ਹੈ।

ਅੰਕੜੇ ਬਹੁਤ ਕੁਝ ਦੱਸ ਰਹੇ ਹਨ, ਅਰਥਵਿਵਸਥਾ 5% ਦੀ ਦਰ ਨਾਲ ਵਧ ਰਹੀ ਹੈ, 11 ਸਾਲ ਵਿੱਚ ਸਭ ਤੋਂ ਘੱਟ, ਨਿੱਜੀ ਖਪਤ ਪਿਛਲੇ 7 ਸਾਲ ਦੇ ਹੇਠਲੇ ਪੱਧਰ ''ਤੇ ਹੈ।

ਇਸਤੋਂ ਇਲਾਵਾ ਆਮ ਲੋਕਾਂ ਲਈ ਵਸਤੂਆਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਹਨ। ਮਹਿੰਗਾਈ ਕੇਂਦਰੀ ਬੈਂਕ ਦੇ ਟੀਚੇ ਤੋਂ ਵਧ ਕੇ 7.35 ਫੀਸਦ ਹੋ ਗਈ ਹੈ।

ਅਜਿਹੇ ਵਿੱਚ ਸਰਕਾਰ ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਦੇ ਮਕਸਦ ਨਾਲ ਆਮਦਨ ਕਰ ਵਿੱਚ ਢਿੱਲ ਦੇ ਸਕਦੀ ਹੈ। ਪੜ੍ਹੋ ਪੂਰੀ ਖ਼ਬਰ।

ਇਸ ਤੋਂ ਇਲਾਵਾ ਪੜ੍ਹੋ ਨਿਰਮਲਾ ਸੀਤਾਰਮਣ ਦੇ ਪਿਛਲੀਆਂ ਸਕੀਮਾਂ ਦਾ ਕੀ ਬਣਿਆ।

ਨਾਵਲਕਾਰ ਦਲੀਪ ਕੌਰ ਟਿਵਾਣਾ
Getty Images
ਸਾਲ 1969 ਵਿੱਚ ਦਲੀਪ ਕੌਰ ਟਿਵਾਣਾ ਨੂੰ ''ਏਹੁ ਹਮਾਰਾ ਜੀਵਣਾ'' ਲਈ ਸਾਹਿਤ ਅਦਾਕਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

ਦਲੀਪ ਕੌਰ ਟਿਵਾਣਾ ਦਾ ਚਲਾਣਾ

ਪਦਮਸ਼੍ਰੀ ਸਨਮਾਨ ਵਾਪਸ ਕਰਨ ਵਾਲੀ ਪੰਜਾਬੀ ਦੀ ਮਸ਼ਹੂਰ ਨਾਵਲਕਾਰ ਦਲੀਪ ਕੌਰ ਟਿਵਾਣਾ ਦਾ ਦੇਹਾਂਤ ਹੋ ਗਿਆ ਹੈ।

ਦਲੀਪ ਕੌਰ ਟਿਵਾਣਾ ਦੀ ਸਿਹਤ ਕਈ ਦਿਨਾਂ ਤੋਂ ਨਾਸਾਜ਼ ਸੀ ਤੇ ਉਹ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ।

ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ ''ਛੋਟੀ ਜਿਹੀ ਘਟਨਾ'' ਦੱਸਿਆ ਸੀ। ਪੜ੍ਹੋ ਪੂਰੀ ਖ਼ਬਰ।

ਜੈਫ ਸਿਡਲ ਆਪਣੀ ਪਤਨੀ ਤੇ ਧੀ ਨਾਲ
BBC
ਜੈਫ ਸਿਡਲ ਇੱਕ ਬ੍ਰਿਟਿਸ਼ ਸਾਫਟਵੇਅਰ ਡਿਵੈਲਪਰ ਹਨ ਅਤੇ ਉਨ੍ਹਾਂ ਦੀ ਪਤਨੀ ਇੱਕ ਚੀਨੀ ਨਾਗਰਿਕ ਹੈ

ਕੋਰੋਨਾਵਾਇਰਸ ਨੇ ਇੰਝ ਵਿਛੋੜੇ ਪਰਿਵਾਰ

ਚੀਨ ਵਿੱਚ ਕੋਰੋਨਾਵਾਇਰਸ ਪਰਿਵਾਰਾਂ ਨੂੰ ਵੀ ਇੱਕ-ਦੂਜੇ ਤੋਂ ਵੱਖ ਰਹਿਣ ਲਈ ਮਜਬੂਰ ਕਰ ਰਿਹਾ ਹੈ।

ਵਾਇਰਸ ਚੀਨੀ ਨਵੇਂ ਸਾਲ ਦੇ ਦਿਨਾਂ ਵਿੱਚ ਫੈਲਿਆ। ਅਹਿਤਿਆਤੀ ਕਦਮ ਲੈਂਦਿਆਂ ਆਵਾਜਾਈ ਰੋਕ ਦਿੱਤੀ ਗਈ ਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਹੁਕਮ ਜਾਰੀ ਕੀਤੇ ਗਏ।

ਇਸ ਨਾਲ ਹੋਇਆ ਇਹ ਕਿ ਜੋ ਜਿੱਥੇ ਸੀ, ਉੱਥੇ ਹੀ ਫ਼ਸ ਗਿਆ। ਅਜਿਹੇ ਵਿੱਚ ਕਈ ਲੋਕ ਅਜਿਹੇ ਸਨ ਜੋ ਦੂਸਰੇ ਮੁਲਕਾਂ ਤੋਂ ਚੀਨ ਆਪਣੇ ਘਰੀਂ ਆਏ ਹੋਏ ਸਨ, ਉਹ ਵੀ ਬੰਦ ਹੋ ਗਏ।

ਪੜ੍ਹੋ ਅਜਿਹੇ ਹੀ ਇੱਕ ਪਰਿਵਾਰ ਦੀ ਕਹਾਣੀ। ਜਿਸ ਵਿੱਚ ਪਤਨੀ ਚੀਨ ਵਿੱਚ ਆਪਣੇ ਪੇਕੇ ਨਵੇਂ ਸਾਲ ਲਈ ਗਈ ਸੀ ਪਰ ਉਥੇ ਫਸ ਗਈ।

ਇਸ ਦੌਰਾਨ ਵਾਇਰਸ ਤੋਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ ਅਫ਼ਵਾਹਾਂ ਅਤੇ ਇਸ ਤੋਂ ਬਚਣ ਦੀਆਂ ਕੱਚ-ਘਰੜ ਸਲਾਹਾਂ। ਬੀਬੀਸੀ ਮੋਨੀਟਰਿੰਗ ਨੇ ਅਜਿਹੀਆਂ ਕੁਝ ਅਫਵਾਹਾਂ ਦੀ ਜਾਂਚ ਕੀਤੀ। ਪੜ੍ਹੋ ਪੂਰੀ ਜਾਣਕਾਰੀ।

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

https://www.youtube.com/watch?v=m8Dk9wJxvWA

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

https://www.youtube.com/watch?v=HflP-RuHdso

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

https://www.youtube.com/watch?v=fWTV2okefoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News