Coronavirus: ਕੀ ਬਿਮਾਰੀ ਵਾਕਈ ਚੱਮਗਿੱਦੜ ਦੇ ਸੂਪ ਤੋਂ ਫੈਲੀ ਹੈ

Friday, Jan 31, 2020 - 12:10 PM (IST)

Coronavirus: ਕੀ ਬਿਮਾਰੀ ਵਾਕਈ ਚੱਮਗਿੱਦੜ ਦੇ ਸੂਪ ਤੋਂ ਫੈਲੀ ਹੈ

ਕੋਰੋਨਾਵਾਇਰਸ ਕਾਰਨ ਇਕਲੇ ਚੀਨ ਵਿੱਚ ਹੀ 230 ਜਾਨਾਂ ਚਲੀਆਂ ਗਈਆਂ ਹਨ। ਚੀਨ ਦੇ ਲਗਭਗ ਹਰ ਖੇਤਰ ਵਿੱਚ ਬਿਮਾਰੀ ਫੈਲ ਚੁੱਕੀ ਹੈ।

ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਤੋਂ ਸ਼ੁਰੂ ਹੋਈ ਇਹ ਬਿਮਾਰੀ ਹੁਣ ਭਾਰਤ ਸਮੇਤ 18 ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਭਾਰਤ ਵਿੱਚ ਇਸ ਦਾ ਪਹਿਲਾ ਮਾਮਲਾ ਚੀਨ ਦੀ ਵੁਹਾਨ ਯੂਨੀਵਰਸਿਟੀ ਤੋਂ ਭਾਰਤ ਪਰਤੇ ਕੇਰਲਾ ਸੂਬੇ ਦੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਹਾਲਤ ਦੀ ਨਜ਼ਰਸਾਨੀ ਕਰਨ ਤੋਂ ਬਾਅਦ ਵੀਰਵਾਰ ਨੂੰ ਕੋਰੋਨਾਵਾਇਰਸ ਨੂੰ ਵਿਸ਼ਵੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਸੰਗਠਨ ਮੁਤਾਬਕ 18 ਮੁਲਕਾਂ ਵਿੱਚ 98 ਮਾਮਲੇ ਸਾਹਮਣੇ ਆਏ ਹਨ ਪਰ ਕੋਈ ਮੌਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ

ਜ਼ਿਆਦਾਤਰ ਮਾਮਲੇ ਉਨ੍ਹਾਂ ਲੋਕਾਂ ਵਿੱਚ ਦੇਖਣ ਨੂੰ ਮਿਲੇ ਹਨ ਜੋ ਪਿਛਲੇ ਦਿਨਾਂ ਦੌਰਾਨ ਚੀਨ ਤੋਂ ਆਪਣੇ ਦੇਸ਼ਾਂ ਨੂੰ ਪਰਤੇ ਹਨ।

ਅਜਿਹੇ ਵਿੱਚ ਵਾਇਰਸ ਤੋਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ ਅਫ਼ਵਾਹਾਂ ਅਤੇ ਇਸ ਤੋਂ ਬਚਣ ਦੀਆਂ ਕੱਚ-ਘਰੜ ਸਲਾਹਾਂ। ਬੀਬੀਸੀ ਮੋਨੀਟਰਿੰਗ ਨੇ ਅਜਿਹੀਆਂ ਕੁਝ ਅਫਵਾਹਾਂ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ।

ਕੱਚ-ਘਰੜ ਸਲਾਹਾਂ

ਵਾਇਰਸ ਦੇ ਫੈਲਣ ਦੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਤੇ ਇਸ ਦੇ ਨਾਲ-ਨਾਲ ਸੋਸ਼ਲ-ਮੀਡੀਆ ''ਤੇ ਇਸ ਤੋਂ ਬਚਣ ਲਈ ਭਾਂਤ- ਸੁਭਾਂਤੀਆਂ ਕੱਚ-ਘਰੜ ਸਲਾਹਾਂ ਵੀ ਲਗਤਾਰ ਵਧ ਰਹੀਆਂ ਹਨ।

ਇਨ੍ਹਾਂ ਵਿੱਚੋਂ ਕੁਝ ਸਲਾਹਾਂ ਤਾਂ ਬਿਲਕੁਲ ਹੀ ਕੁਰਾਹੇ ਪਾਉਣ ਵਾਲੀਆਂ ਹਨ।

''ਗੱਲ਼ਾ ਤਰ ਰੱਖਣ, ਮਸਾਲੇਦਾਰ ਖਾਣੇ ਤੋਂ ਪ੍ਰਹੇਜ਼ ਅਤੇ ਵਿਟਾਮਿਨ ਸੀ ਖਾਣ'' ਦੀ ਸਲਾਹ ਤਾਂ ਤੁਹਾਨੂੰ ਵੀ ਮਿਲੀ ਹੋਵੇਗੀ। ਇਹ ਸਲਾਹ ਫੇਸਬੁੱਕ ਤੇ ਹਜ਼ਾਰਾਂ ਵਾਰ ਸਾਂਝੀ ਕੀਤੀ ਗਈ ਹੈ ਤੇ ਵਟਸਐਪ ਦੀ ਤਾਂ ਗਿਣਤੀ ਹੀ ਨਹੀਂ ਹੈ।

ਫਿਲਪੀਨਜ਼ ਵਿੱਚ ਇਹ ਜਾਣਕਾਰੀ ਇਸ ਦਾਅਵੇ ਨਾਲ ਸਾਂਝੀ ਕੀਤੀ ਗਈ ਕਿ ਉੱਥੋਂ ਦੇ ਸਿਹਤ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਨਾ ਤਾਂ ਇਹ ਜਾਣਕਾਰੀ ਕਿਤੇ ਮਹਿਕਮੇ ਦੀ ਵੈਬਸਾਈਟ ਤੇ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਰੋਨਾਵਾਇਰਸ ਬਾਰੇ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਹੀ ਇਸ ਦਾ ਕਿਤੇ ਜ਼ਿਕਰ ਹੈ।

ਵਾਇਰਸ ਵੁਹਾਨ ਦੀ ਮੱਛੀ ਮਾਰਕਿਟ ਤੋਂ ਨਿਕਲਿਆ ਤੇ ਸਾਰੇ ਪਾਸੇ ਫੈਲ ਗਿਆ।
Getty Images
ਵਾਇਰਸ ਵੁਹਾਨ ਦੀ ਮੱਛੀ ਮਾਰਕਿਟ ਤੋਂ ਨਿਕਲਿਆ ਤੇ ਸਾਰੇ ਪਾਸੇ ਫੈਲ ਗਿਆ।

ਖੋਜੀ ਪੱਤਰਕਾਰਾਂ ਨੇ ਪਾਇਆ ਕਿ ਅਜਿਹੀਆਂ ਪੋਸਟਾਂ ਮਾੜੇ-ਮੋਟੇ ਹੇਰ ਫੇਰ ਨਾਲ ਭਾਰਤ, ਪਾਕਿਸਤਾਨ ਤੇ ਕੈਨੇਡਾ ਵਿੱਚ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇੱਕ ਹੋਰ ''ਮਸ਼ਵਰੇ'' ਵਿੱਚ 90 ਦਿਨਾਂ ਤੱਕ ਡੱਬਾਬੰਦ ਖਾਣਾ ਜਿਵੇਂ ਆਈਸ-ਕਰੀਮ ਤੇ ਮਿਲਕਸ਼ੇਕ ਤੋਂ ਪ੍ਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ।

ਸਭ ਤੋਂ ਪਹਿਲਾਂ ਇਹ ਸਲਾਹ ਇੱਕ ਫੇਸਬੁੱਕ ਸਫ਼ੇ ForChange ਨੇ ਸਾਂਝੀ ਕੀਤੀ। ਇਸ ਨਾਲ ਸਾਂਝੀ ਕੀਤੀ ਗਈ ਵੀਡੀਓ ਵਿੱਚ ਕਿਸੇ ਵਿਅਕਤੀ ਦੇ ਬੁੱਲ੍ਹ ਵਿੱਚੋਂ ਕੀੜਾ ਕੱਢੇ ਜਾਣ ਦੀ ਵੀਡੀਓ ਹੈ।

ਦਾਅਵਾ ਕੀਤਾ ਗਿਆ ਕਿ ਇਹ ਪ੍ਰਕਿਰਿਆ ਕਿਸੇ ਤਰੀਕੇ ਫੈਲ ਰਹੇ ਕੋਰੋਨਾਵਾਇਰਸ ਨਾਲ ਜੁੜੀ ਹੋਈ ਹੈ।


ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

https://www.youtube.com/watch?v=xWw19z7Edrs


ਅਲਟਨਿਊਜ਼ ਦੇ ਖੋਜੀਆਂ ਨੇ ਪਾਇਆ ਕਿ ਇਹ ਵੀਡੀਓ ਤਿੰਨ ਮਹੀਨੇ ਪੁਰਾਣੀ ਹੈ ਤੇ ਇਸ ਦਾ ਕੋਰੋਨਾਵਾਇਰਸ ਨਾਲ ਕੋਈ ਤਾਲੁਕ ਨਹੀਂ ਹੈ।

ਫੇਸਬੁੱਕ ਨੇ ਇਸ ਸਫ਼ੇ ਦੀ ਪੋਸਟ ਉੱਪਰ ਗਲਤ ਜਾਣਕਾਰੀ ਦਾ ਠੱਪਾ ਲਾ ਦਿੱਤਾ ਹੈ। ਹਾਲਾਂਕਿ ਅਜਿਹੇ ਕਈ ਦਾਅਵੇ ਫੇਰ-ਬਦਲ ਨਾਲ ਸਾਂਝੇ ਕੀਤੇ ਜਾ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ''ਤੇ ਕੱਚਾ ਤੇ ਅੱਧ-ਪੱਕਿਆ ਮਾਸ ਤੇ ਮਾਸ ਦੇ ਉਤਪਾਦ ਖਾਣ ਤੋਂ ਪ੍ਰਹੇਜ਼ ਕਰਨ ਨੂੰ ਕਿਹਾ ਗਿਆ ਹੈ।

ਚੀਨੀ ਜੋੜਾ
Getty Images

ਹਾਲਾਂਕਿ ਰੋਗਾਣੂ ਦੀ ਹਾਲੇ ਕੋਈ ਸਟੀਕ ਦਵਾਈ ਨਹੀਂ ਹੈ ਪਰ ਸਧਰਾਣ ਲਾਗ ਨੂੰ ਫੈਲਣ ਤੋਂ ਰੋਕਣ ਦੇ ਤਰੀਕੇ ਹੀ ਇਸ ਤੇ ਵੀ ਲਾਗੂ ਹੁੰਦੇ ਹਨ। ਜਿਵੇਂ—

• ਹੱਥਾਂ ਦੀ ਸਫ਼ਾਈ

• ਖੰਘਣ ਤੇ ਛਿੱਕਣ ਸਮੇਂ ਨੱਕ-ਮੂੰਹ ਢੱਕ ਕੇ ਰੱਖਣ

•ਮੀਟ ਤੇ ਆਂਡੇ ਚੰਗੀ ਤਰ੍ਹਾਂ ਪਕਾ ਕੇ ਖਾਓ

•ਖੰਘ, ਬੁਖ਼ਾਰ ਤੇ ਸਾਹ ਦੀ ਸ਼ਿਕਾਇਤ ਵਾਲਿਆਂ ਨਾਲ ਨਜ਼ਦੀਕੀ ਤੋਂ ਬਚੋ

ਚੱਮਗਿੱਦੜ ਦੇ ਸੂਪ ਦੀਆਂ ਵੀਡੀਓ

ਜਦੋਂ ਦਾ ਇਹ ਰੋਗਾਣੂ ਫੈਲਿਆ ਹੈ ਲੋਕ ਇਸ ਦੇ ਮੁਢ ਬਾਰੇ ਕਿਆਸਅਰਾਈਆਂ ਲਗਾਉਣ ਵਿੱਚ ਮਗਨ ਹਨ। ਇਸ ਵਿੱਚ ਉਹ ਵੀਡੀਓ ਵੀ ਸ਼ਾਮਲ ਹਨ ਜੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਚੱਮਗਿੱਦੜਾਂ ਦਾ ਸੂਪ ਪੀ ਰਹੇ ਲੋਕਾਂ ਦੀਆਂ ਕਹਿ ਕੇ ਫੈਲਾਈਆਂ ਜਾ ਰਹੀਆਂ ਹਨ।

ਅਜਿਹੀ ਇੱਕ ਵੀਡੀਓ ਵਿੱਚ ਇੱਕ ਔਰਤ ਨੇ ਭੁੰਨਿਆ ਹੋਇਆ ਚੱਮਗਿੱਦੜ ਫੜਿਆ ਹੋਇਆ ਹੈ ਤੇ ਮੁਸਕਰਾਉਂਦੀ ਹੋਈ ਕਹਿੰਦੀ ਹੈ ਕਿ ਇਸ ਦਾ ਮੀਟ ਖਾਣ ਵਿੱਚ ਮੁਰਗੇ ਵਰਗਾ ਹੈ।

ਅਜਿਹੀਆਂ ਵੀਡੀਓ ਕਾਰਨ ਸੋਸ਼ਲ ਮੀਡੀਆ ਤੇ ਲੋਕ ਬਹੁਤ ਗੁੱਸਾ ਦਿਖਾ ਰਹੇ ਹਨ ਤੇ ਚੀਨ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਦੱਸ ਰਹੇ ਹਨ।

ਅਸਲ ਵਿੱਚ ਇਹ ਵੀਡੀਓ— ਜਿਸ ਦਾ ਲਿੰਕ ਉਪਰ ਦਿੱਤਾ ਗਿਆ ਹੈ— ਇੱਕ ਫੂਡ ਬਲਾਗਰ ਮੈਂਗਿਉਨ ਵੈਂਗ ਦੀ ਪੁਰਾਣੀ ਵੀਡੀਓ ਹੈ। ਇਸ ਵਿੱਚ ਉਹ ਪੱਛਮੀ ਸ਼ਾਂਤ ਮਹਾਂਸਾਗਰ ਦੇ ਪਲਾਓ ਦੀਪ ਸਮੂਹ ਦੇ ਲੋਕਾਂ ਦੇ ਰਹਿਣ-ਸਹਿਣ ਬਾਰੇ ਦੱਸ ਰਹੇ ਸਨ।

ਵੀਡੀਓ ਨੂੰ ਕੋਰੋਨਾਵਾਇਰਸ ਨਾਲ ਜੋੜੇ ਜਾਣ ਮਗਰੋਂ ਮੈਂਗਿਉਨ ਨੇ ਮਾਫ਼ੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਤਾਂ ਸਿਰਫ਼ ਸਥਾਨਕ ਲੋਕਾਂ ਦੀ ਜੀਵਨ-ਸ਼ੈਲੀ ਬਾਹਰੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ।

ਸਚਾਈ: ਕੋਰੋਨਾਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਤੋਂ ਫੈਲਿਆ ਮੰਨਿਆ ਜਾਂਦਾ ਹੈ। ਇਸ ਮੰਡੀ ਵਿੱਚ ਬਹੁਤ ਸਮੁੰਦਰੀ ਜੀਵਾਂ ਦੇ ਮਾਸ ਦਾ ਗੈਰ-ਕਾਨੂੰਨੀ ਵਪਾਰ ਹੁੰਦਾ ਹੈ।

ਵਾਇਰਸ ਦੇ ਫੈਲਣ ਦੇ ਬਾਅਦ ਤੋਂ ਹੀ ਇਹ ਮਾਰਕਿਟ ਬੰਦ ਹੈ। ਚੀਨ ਵਿੱਚ ਹੋਈਆਂ ਤਾਜ਼ਾ ਖੋਜਾਂ ਵਿੱਚ ਚੱਮਗਿੱਦੜਾਂ ਨੂੰ ਵਾਇਰਸ ਦੇ ਸੰਭਾਵੀ ਸਰੋਤ ਦੱਸਿਆ ਗਿਆ ਹੈ। ਹਾਲਾਂਕਿ ਇਨ੍ਹਾਂ ਜਾਨਵਰਾਂ ਦਾ ਸੂਪ ਚੀਨ ਵਿੱਚ ਆਮ ਹੀ ਨਹੀਂ ਪੀਤਾ ਜਾਂਦਾ ਪਰ ਇਸ ਦਿਸ਼ਾ ਵਿੱਚ ਖੋਜ ਜਾਰੀ ਹੈ।

ਵਾਇਰਸ
Getty Images

ਨਵੇਂ ਵਾਇਰਸ ਬਾਰੇ ਹੋਰ ਸਮਝੋ:

''ਇਹ ਬਿਮਾਰੀ ਇੱਕ ਯੋਜਨਾ ਤਹਿਤ ਫੈਲਾਈ ਗਈ''

ਜਿਓਂ ਹੀ ਅਮਰੀਕਾ ਨੇ ਆਪਣੇ ਪਹਿਲੇ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਦੀ ਪੁਸ਼ਟੀ ਕੀਤੀ, ਸੋਸ਼ਲ ਮੀਡੀਆ ਤੇ ਕੁਝ ਦਸਤਾਵੇਜ਼ ਘੁੰਮਣ ਲੱਗੇ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਮਾਹਰਾਂ ਨੂੰ ਪਹਿਲਾਂ ਤੋਂ ਇਸ ਬਾਰੇ ਪਤਾ ਸੀ।

ਯੂਟਿਊਬਰ ਜੌਰਡਨ ਸਾਥਰ ਇਸ ਬਾਰੇ ਅਜਿਹੀ ਧਾਰਣਾ ਪੇਸ਼ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਸਨ।

ਉਨ੍ਹਾਂ ਵੱਲੋਂ ਕੀਤੇ ਗਏ ਇੱਕ ਲੰਬੇ ਟਵੀਟ ਵਿੱਚ ਸਾਲ 2015 ਦੇ ਕੁਝ ਪੇਟੈਂਟ ਦਸਤਾਵੇਜ਼ ਸਾਂਝੇ ਕੀਤੇ ਹਨ। ਇਹ ਦਸਤਾਵੇਜ਼ ਇੰਗਲੈਂਡ ਦੇ ਸਰੀ ਦੇ ਪੀਰਬਰਾਈਟ ਇੰਸਟੀਚਿਊਟ ਵੱਲੋਂ ਫਾਈਲ ਕੀਤੇ ਗਏ ਸਨ। ਇਸ ਵਿੱਚ ਸਾਹ ਦੀਆਂ ਬਿਮਾਰੀਆਂ ਦੀ ਦਵਾਈ ਵਿਕਸਿਤ ਕਰਨ ਲਈ ਕੋਰੋਨਾਵਾਇਰਸ ਦੇ ਇੱਕ ਕਮਜ਼ੋਰ ਰੂਪ ਦੀ ਵਰਤੋਂ ਕਰਨ ਦਾ ਜ਼ਿਕਰ ਸੀ।

ਇਸ ਨੂੰ ਟੀਕਾਰਣ ਵਿਰੋਧੀ ਮੁਹਿੰਮ ਨਾਲ ਜੁੜੇ ਸੋਸ਼ਲ ਮੀਡੀਆ ਸਫ਼ਿਆਂ ਤੇ ਇਸ ਦਸਤਾਵੇਜ਼ ਸਾਂਝੇ ਕੀਤੇ ਜਾਂਦੇ ਰਹੇ ਹਨ।

ਸਾਥਰ ਇਹ ਦਰਸਾਉਣਾ ਚਾਹੁੰਦੇ ਸਨ ਕਿ ਬਿਲ ਤੇ ਮਲਿੰਡਾ ਗੇਟਸ ਦੀ ਫਾਊਂਡੇਸ਼ਨ ਪੀਰਬਰਾਈਟ ਨੂੰ ਅਤੇ ਵੈਕਸੀਨ ਵਿਕਾਸ ਲਈ ਫੰਡ ਦਿੰਦੀ ਹੈ। ਇਸ ਲਈ ਕੁਲ ਮਿਲਾ ਕੇ ਇਹ ਵਾਇਰਸ ਫੰਡ ਖਿੱਚਣ ਲਈ ਫੈਲਾਇਆ ਗਿਆ ਹੈ।

ਜਦਕਿ ਪੀਰਬਰਾਈਟ ਦਾ ਪੇਟੈਂਟ ਨਵੇਂ ਵਾਇਰਸ ਦਾ ਨਹੀਂ ਹੈ। ਜਦ ਕਿ ਇਹ ਪੰਛੀਆਂ ਵਿੱਚ ਬ੍ਰੋਨਕਾਇਟਸ ਇਨਫੈਕਸ਼ਨ ਦੇ ਵਾਇਰਸ ਦਾ ਹੈ। ਕੋਰੋਨਾਵਾਇਰਸ ਦਾ ਇੱਕ ਵੱਡਾ ਪਰਿਵਾਰ ਹੈ ਜੋ ਪੋਲਟਰੀ ਦੇ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ।

ਜਿੱਥੋਂ ਤੱਕ ਬਿਲ ਤੇ ਮਲਿੰਡਾ ਗੇਟਸ ਦੀ ਫਾਊਂਡੇਸ਼ਨ ਵੱਲੋਂ ਪੀਰਬਰਾਈਟ ਇੰਸਟੀਚਿਊਟ ਨੂੰ ਦਿੱਤੇ ਜਾਣ ਵਾਲੇ ਫੰਡਾਂ ਦੀ ਗੱਲ ਹੈ, ਇੰਸਟੀਚਿਊਟ ਦੀ ਬੁਲਾਰੀ ਟੈਰੀਜ਼ਾ ਮਾਉਘਨ ਨੇ ਬਜ਼ਫੀਡ ਨਿਊਜ਼ ਨੂੰ ਦੱਸਿਆ ਹੈ ਕਿ ਬ੍ਰੋਨਕਾਇਟਸ ਨਾਲ ਜੁੜੋ ਉਪਰੋਕਤ ਖੋਜ ਕਾਰਜ ਲਈ ਫਾਊਂਡੇਸ਼ਨ ਪੈਸੇ ਨਹੀਂ ਦਿੰਦੀ।

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

https://www.youtube.com/watch?v=m8Dk9wJxvWA

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

https://www.youtube.com/watch?v=HflP-RuHdso

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

https://www.youtube.com/watch?v=fWTV2okefoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News