ਡੇਟਿੰਗ ਐਪਸ ਕਿਵੇਂ ਤੁਹਾਡੇ ਰਿਸ਼ਤਿਆਂ ’ਤੇ ਅਸਰ ਪਾ ਰਹੀਆਂ ਹਨ

01/29/2020 10:10:28 AM

ਮੈਚ...ਚੈਟ...ਡੇਟ...ਮਤਲਬ ਪਹਿਲਾਂ ਇੱਕ-ਦੂਜੇ ਨੂੰ ਪਸੰਦ ਕਰੋ, ਫਿਰ ਗੱਲ ਕਰੋ ਤੇ ਫਿਰ ਮੁਲਾਕਾਤ।

ਉਹ ਵੀ ਫੋਨ ''ਤੇ ਉਂਗਲੀਆਂ ਚਲਾਉਂਦੇ ਹੋਏ, ਕੁਝ ਪਲਾਂ ਵਿੱਚ ਹੀ।

ਉਹ ਜ਼ਮਾਨੇ ਚਲੇ ਗਏ ਜਦੋਂ ਇਹ ਸਭ ਕੁਝ ਕਰਨ ਲਈ ਮਹੀਨਿਆਂ ਤੇ ਸਾਲਾਂ ਲਈ ਇੰਤਜ਼ਾਰ ਕਰਨਾ ਪੈਂਦਾ ਸੀ। ਕਿਸੇ ਨਾਲ ਗੱਲ ਕਰਨ ਤੇ ਡੇਟ ''ਤੇ ਜਾਣ ਲਈ ਹਿੰਮਤ ਕਰਨੀ ਪੈਂਦੀ ਸੀ।

ਹੁਣ ਤਕਨੀਕ ਨੇ ਦੁਨੀਆਂ ਨੂੰ ਇੰਨਾ ਤੇਜ਼ ਕਰ ਦਿੱਤਾ ਹੈ ਕਿ ਕਿਸੇ ਖਾਸ ਨੂੰ ਲੱਭਣ ਵਿੱਚ ਵੀ ਕੁਝ ਪਲ ਹੀ ਲੱਗਦੇ ਹਨ। ਸਾਰਾ ਕੁਝ ਤੁਹਾਡੀ ਇੱਕ ਉਂਗਲੀ ''ਤੇ ਨਿਰਭਰ ਕਰਦਾ ਹੈ।

ਇਹ ਸਭ ਕੁਝ ਹੋ ਰਿਹਾ ਹੈ ਨਵੇਂ ਜ਼ਮਾਨੇ ਦੀਆਂ ਡੇਟਿੰਗ ਐਪਸ ''ਤੇ।

ਡੇਟਿੰਗ ਐਪਸ

ਦੇਖਣ ਵਿੱਚ ਤਾਂ ਇਹ ਸਧਾਰਣ ਜਿਹੇ ਐਪਸ ਹਨ ਜੋ ਇੰਟਰਨੈਟ ਦੀ ਮਦਦ ਨਾਲ ਤੁਹਾਡੇ ਮੋਬਾਈਲ ਵਿੱਚ ਚੱਲ ਰਹੇ ਹਨ।

ਪਰ ਇਨ੍ਹਾਂ ਨਾਲ ਜੀਵਨ ਉੱਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ, ਕਿਉਂਕਿ ਉਹ ਇੱਕ ਵਿਅਕਤੀ ਨੂੰ ਆਪਣੀ ਪਸੰਦ ਦੇ ਦੂਜੇ ਵਿਅਕਤੀ ਨਾਲ ਜੋੜਨ ਲਈ ਕੰਮ ਕਰਦੇ ਹਨ।

ਲੋਕ ਇੱਕ ਦੂਜੇ ਨਾਲ ਫਲਰਟ ਕਰਦੇ ਹਨ, ਗੱਲਾਂ ਕਰਦੇ ਹਨ ਅਤੇ ਪਿਆਰ ਕਰਨ ਲੱਗ ਪੈਂਦੇ ਹਨ ਅਤੇ ਕੁਝ ਵਿਆਹ ਵੀ ਕਰ ਲੈਂਦੇ ਹਨ।

ਇਹ ਐਪਸ ਸਥਾਨ ਅਧਾਰਤ ਵੀ ਹੁੰਦੇ ਹਨ, ਮਤਲਬ ਉਹ ਤੁਹਾਡੇ ਆਸ-ਪਾਸ ਹੀ ਤੁਹਾਡੇ ਲਈ ਕੋਈ ਸਾਥੀ ਲੱਭਦੇ ਹਨ।

ਟਿੰਡਰ ਭਾਰਤ ਵਿੱਚ ਕਾਫ਼ੀ ਪ੍ਰਸਿੱਧ ਡੇਟਿੰਗ ਐਪ ਹੈ। ਇਸ ਤੋਂ ਇਲਾਵਾ ਬਮਬਲ, ਹੈਪਨ, ਟਰੂਲੀ-ਮੈਡਲੀ, ਓਕੇ ਕਿਊਪਿਡ, ਗ੍ਰਾਇੰਡਰ ਵਰਗੇ ਕਈ ਐਪਸ ਲੋਕ ਅਜ਼ਮਾ ਰਹੇ ਹਨ।

ਵੈਸੇ ਤਾਂ ਜ਼ਿਆਦਾਤਰ ਐਪਸ ਮੁਫ਼ਤ ਵਿੱਚ ਵਰਤੇ ਜਾ ਸਕਦੇ ਹਨ, ਪਰ ਇਹ ਪੈਸੇ ਦੇ ਕੇ ਜੋੜੀ ਬਣਾਉਣ ਦੀ ਸੰਭਾਵਨਾ ਨੂੰ ਵਧਾਉਣ ਦਾ ਦਾਅਵਾ ਵੀ ਕਰਦੇ ਹਨ।

ਇਹ ਐਪਸ ਤੁਹਾਡੇ ਲਈ ਸਾਥੀ ਲੱਭਣ ਵਾਸਤੇ ਤੁਹਾਡੇ ਟਿਕਾਣੇ ਅਤੇ ਉਮਰ ਨੂੰ ਧਿਆਨ ਵਿੱਚ ਰੱਖਦੇ ਹਨ। ਨਾਲ ਹੀ ਇਹ ਤੁਹਾਨੂੰ ਤੁਹਾਡੇ ਜਿਨਸੀ ਰੁਝਾਨ ਦੇ ਅਨੁਸਾਰ ਲੋਕਾਂ ਨਾਲ ਜਾਣ-ਪਛਾਣ ਕਰਾਉਂਦੇ ਹਨ।

ਇਹ ਵੀ ਪੜ੍ਹੋ:

ਲੋਕ ਕਿਵੇਂ ਮਿਲ ਰਹੇ ਹਨ?

24 ਸਾਲਾ ਮੀਨਾਕਸ਼ੀ ਵੱਖ-ਵੱਖ ਸਮੇਂ ''ਤੇ ਕੰਮ ਕਰਦੀ ਹੈ। ਉਸ ਨੂੰ ਕੰਮ ਲਈ ਬਹੁਤ ਯਾਤਰਾ ਵੀ ਕਰਨੀ ਪੈਂਦੀ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਬਾਹਰ ਜਾ ਕੇ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ।

ਉਨ੍ਹਾਂ ਨੇ ਟਿੰਡਰ ਡਾਊਨਲੋਡ ਕੀਤਾ, ਜਿੱਥੇ ਉਨ੍ਹਾਂ ਨੇ ਬਹੁਤ ਸਾਰੇ ਮੁੰਡਿਆਂ ਦੀ ਪ੍ਰੋਫਾਇਲ ਵੇਖੀ।

ਟਿੰਡਰ ਵਿੱਚ ਇੱਕ ਸਵਾਈਪ ਟੂਲ ਹੈ ਭਾਵ ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਤਾਂ ਸੱਜੇ ਪਾਸੇ ਫੋਟੇ ਖਿੱਚ ਦਵੋ। ਜੇ ਕੋਈ ਪਸੰਦ ਨਾ ਆਵੇ ਤਾਂ ਖੱਬੇ ਪਾਸੇ ਫੋਟੋ ਸਵਾਈਪ ਕਰ ਦਵੋ।

ਜੇ ਦੋ ਲੋਕ ਇੱਕ-ਦੂਜੇ ਨੂੰ ਸੱਜੇ ਪਾਸੇ ਸਵਾਈਪ ਕਰਦੇ ਹਨ, ਮਤਲਬ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਤਾਂ ਇਹ ਇੱਕ ''ਮੈਚ'' ਹੋ ਜਾਂਦਾ ਹੈ।

ਟਿੰਡਰ ਦੇ ਅਨੁਸਾਰ, ਉਨ੍ਹਾਂ ਦੇ ਜ਼ਿਆਦਾਤਰ ਉਪਭੋਗਤਾ 18 ਤੋਂ 30 ਸਾਲ ਦੇ ਵਿਚਕਾਰ ਹਨ।

ਟਿੰਡਰ ਦੀ ਵੈਬਸਾਇਟ ਦਾ ਦਾਅਵਾ ਹੈ ਕਿ ਦੁਨੀਆਂ ਭਰ ਵਿੱਚ ਹਰ ਹਫ਼ਤੇ ਇਸ ਰਾਹੀਂ 10 ਲੱਖ ਡੇਟਸ ਹੁੰਦੀਆਂ ਹਨ।

ਇਸ ਦੀ 190 ਤੋਂ ਵੱਧ ਦੇਸਾਂ ਵਿੱਚ ਵਰਤੋਂ ਹੋ ਰਹੀ ਹੈ।

ਭਾਰਤ ਵਿੱਚ ਟਿੰਡਰ ਦੇ ਜਨਰਲ ਮੈਨੇਜਰ ਤਾਰੂ ਕਪੂਰ ਨੇ ਬੀਬੀਸੀ ਨੂੰ ਦੱਸਿਆ ਕਿ ਪੜ੍ਹਾਈ ਅਤੇ ਕੰਮ ਵਿੱਚ ਰੁਝੇਵਿਆਂ ਕਾਰਨ ਲੋਕਾਂ ਦਾ ਆਪਸੀ ਸੰਪਰਕ ਘੱਟ ਗਿਆ ਹੈ। ਉਨ੍ਹਾਂ ਦੇ ਥੋੜੇ ਦੋਸਤ ਹੀ ਹੁੰਦੇ ਹਨ।

ਕਪੂਰ ਅਨੁਸਾਰ, "ਡੇਟਿੰਗ ਐਪ ਦੇ ਰੁਝਾਨ ਇਸ ਲਈ ਵਧ ਰਹੇ ਹਨ ਕਿਉਂਕਿ ਲੋਕ ਨਵੇਂ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ। ਆਪਣੀ ਪਸੰਦ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਵਿਚਾਰ ਅਤੇ ਪਸੰਦ ਮੇਲ ਖਾਣ।

ਮੀਨਾਕਸ਼ੀ ਨੇ ਕਈ ਹੋਰ ਡੇਟਿੰਗ ਐਪਸ ਦੀ ਵਰਤੋਂ ਵੀ ਕੀਤੀ। ਉਹ ਕਹਿੰਦੇ ਹਨ ਕਿ ਇਨ੍ਹਾਂ ਡੇਟਿੰਗ ਐਪਸ ਦੇ ਜ਼ਰੀਏ, ਉਹ ਕੁਝ ਅਜਿਹੇ ਲੋਕਾਂ ਨੂੰ ਮਿਲੇ, ਜਿਨ੍ਹਾਂ ਨੂੰ ਉਹ ਕਦੇ ਨਹੀਂ ਮਿਲ ਸਕਦੇ ਸੀ, ਉਨ੍ਹਾਂ ਨਾਲ ਕਦੇ ਰਸਤੇ ਨਹੀਂ ਟਕਰਾਉਂਦੇ।

ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਡੇਟਿੰਗ ਐਪਸ ਨੇ ਉਨ੍ਹਾਂ ਲਈ ਦਾਇਰਾ ਵਧਾ ਦਿੱਤਾ ਹੈ।

ਤਾਰੂ ਕਪੂਰ ਦਾ ਕਹਿਣਾ ਹੈ ਕਿ ਜਿੱਥੇ ਲੋਕ ਪਹਿਲਾਂ ਪੈਦਾ ਹੋਏ ਸਨ, ਸਕੂਲ ਗਏ ਸਨ, ਉੱਥੇ ਹੀ ਸਾਰੀ ਉਮਰ ਰਹਿੰਦੇ ਹਨ।

ਪਰ ਹੁਣ ਨਵੀਂ ਪੀੜ੍ਹੀ ਪੜ੍ਹਾਈ ਅਤੇ ਨੌਕਰੀਆਂ ਲਈ ਵੱਖ-ਵੱਖ ਸ਼ਹਿਰਾਂ ਵਿੱਚ ਜਾਂਦੀ ਹੈ। ਉੱਥੇ ਉਹ ਨਵੇਂ ਦੋਸਤ ਬਣਾਉਣਾ ਚਾਹੁੰਦਾ ਹਨ।

ਅੱਜ ਹਰ ਕਿਸੇ ਕੋਲ ਸਮਾਰਟਫੋਨ ਹੈ। ਲੋਕ ਆਪਣੇ ਨਿੱਜੀ ਉਪਕਰਣਾ ਰਾਹੀਂ ਸਾਰਾ ਕੰਮ ਕਰਨ ਲੱਗ ਪਏ ਹਨ। ਅੱਜ ਦਾ ਨੌਜਵਾਨ ਆਪਣੀ ਜ਼ਿੰਦਗੀ ਉੱਤੇ ਨਿਯੰਤਰਣ ਵੀ ਚਾਹੁੰਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਵੀ ਲੈਂਦਾ ਹੈ।

ਉਹ ਇਹ ਵੀ ਕਹਿੰਦੇ ਹਨ ਕਿ ਜਿਵੇਂ ਔਰਤਾਂ ਸਿੱਖਿਆ ਕਰਕੇ ਸਵੈ-ਨਿਰਭਰ ਹੋ ਰਹੀਆਂ ਹਨ, ਉਹ ਆਪਣੇ ਕਰੀਅਰ, ਪਰਿਵਾਰ, ਤੇ ਵਿਆਹ ਦੇ ਫੈਸਲੇ ਆਪ ਲੈਣਾ ਚਾਹੁੰਦੀਆਂ ਹਨ।

ਇਹ ਵੀ ਪੜ੍ਹੋ:

ਦੂਜੇ ਪਾਸੇ ਰਿਸ਼ਤਿਆਂ ਦੀ ਮਾਹਿਰ ਨਿਸ਼ਾ ਖੰਨਾ ਦਾ ਕਹਿਣਾ ਹੈ ਕਿ ਜਦੋਂ ਤੱਕ ਨੌਜਵਾਨ ਆਪਣਾ ਕਰੀਅਰ ਬਣਾਉਂਦੇ ਹਨ, ਉਹ 30-35 ਸਾਲ ਦੇ ਹੋ ਜਾਂਦੇ ਹਨ।

ਉਦੋਂ ਤੱਕ, ਉਹ ਵਿਆਹ ਨਹੀਂ ਕਰਦੇ ਨਾ ਹੀ ਕਿਸੇ ਨੂੰ ਵਿਆਹ ਕਰਨ ਦਾ ਵਾਅਦਾ ਕਰਦੇ ਹਨ। ਪਰ ਉਹ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਨਾਲ ਹੋਵੇ, ਜਿਸ ਨਾਲ ਉਹ ਘੁੰਮ ਸਕਣ।

ਉਹ ਕਹਿੰਦੇ ਹਨ ਕਿ ਡੇਟਿੰਗ ਐਪਸ ''ਤੇ ਬਹੁਤ ਸਾਰੇ ਲੋਕ ਅਜਿਹੇ ਰਿਸ਼ਤੇ ਲੱਭਦੇ ਹਨ ਜੋ ਲੰਮੇ ਸਮੇਂ ਤੱਕ ਨਾ ਚੱਲਣ। ਟਿੰਡਰ ਅਤੇ ਬਮਬਲ ''ਤੇ, ਲੋਕ ਸਰੀਰਿਕ ਸੰਬੰਧ ਬਣਾਉਣ ਲਈ ਜਾਂਦੇ ਹਨ। ਤੇ ਅਜਿਹੇ ਛੋਟੇ ਸਮੇਂ ਲਈ ਰਿਸ਼ਤਾ ਬਣਾਉਣ ਜਾਂਦੇ ਹਨ ਜਿਸ ਵਿੱਚ ਭਾਵਨਾਵਾਂ ਨਾ ਜੁੜੀਆਂ ਹੋਣ।

26 ਸਾਲਾ ਰਵੀ ਵੀ ਡੇਟਿੰਗ ਐਪ ''ਤੇ ਹਨ। ਉਨ੍ਹਾਂ ਦੇ ਅਨੁਸਾਰ, ਉਹ ਸਿਰਫ਼ ਹੁੱਕਅਪ (ਭਾਵ ਬਿਨਾਂ ਭਾਵਨਾਵਾਂ ਦਾ ਰਿਸ਼ਤਾ ਬਣਾਉਣ ਲਈ) ਡੇਟਿੰਗ ਐਪਸ ''ਤੇ ਜਾਂਦੇ ਹਨ। ਉਹ ਸੈਕਸ ਲਈ ਸਾਥੀ ਦੀ ਭਾਲ ਕਰਦੇ ਹਨ। ਉਨ੍ਹਾਂ ਨੇ ਕੁਝ ਕੁੜੀਆਂ ਨਾਲ ਸਿਰਫ਼ ਵਨ ਨਾਇਟ ਸਟੈਂਡ ਵੀ ਕੀਤਾ ਹੈ।

ਸ਼ਿਵਾਨੀ ਦਾ ਕਹਿਣਾ ਹੈ ਕਿ ਉਹ ਜਿਹੜੇ ਮੁੰਡਿਆਂ ਨੂੰ ਡੇਟਿੰਗ ਐਪਸ ''ਤੇ ਮਿਲੀ, ਉਨ੍ਹਾਂ ਨਾਲ ਖੁੱਲ੍ਹ ਕੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰ ਸਕੀ।

ਉਹ ਕਹਿੰਦੇ ਹਨ ਕਿ ਸ਼ਾਇਦ ਬਾਹਰੀ ਦੁਨੀਆਂ ਵਿੱਚ ਇਸ ਬਾਰੇ ਗੱਲ ਕਰਨ ''ਤੇ ਉਨ੍ਹਾਂ ਲਈ ਕੋਈ ਧਾਰਨਾ ਬਣਾਵੇ। ਪਰ ਡੇਟਿੰਗ ਐਪਸ ''ਤੇ ਲੋਕ ਇੱਕ ਦੂਜੇ ਨਾਲ ਆਪਣੀਆਂ ਸਰੀਰਿਕ ਇੱਛਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।

ਰਿਸ਼ਤਿਆਂ ਦੀ ਮਾਹਿਰ ਨਿਸ਼ਾ ਖੰਨਾ ਕਹਿੰਦੀ ਹੈ, "ਪਹਿਲਾਂ ਔਰਤਾਂ ਰਿਸ਼ਤਿਆਂ ਵਿੱਚ ਵਧੇਰੇ ਸਮਝੌਤਾ ਕਰਦੀਆਂ ਸਨ। ਉਹ ਬਹੁਤ ਕੁਝ ਸਹਿੰਦੀਆਂ ਸਨ। ਪਰ ਹੁਣ ਸਮਾਂ ਬਦਲ ਗਿਆ ਹੈ।"

"ਹੁਣ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੂਕ ਹਨ। ਪਹਿਲਾਂ ਜ਼ਿਆਦਾ ਔਰਤਾਂ ਡੇਟਿੰਗ ਐਪ ਦੀ ਵਰਤੋਂ ਨਹੀਂ ਕਰਦੀਆਂ ਸੀ। ਮਰਦ ਜ਼ਿਆਦਾ ਵਰਤੋਂ ਕਰਦੇ ਸਨ।"

"ਪਰ ਹੁਣ ਔਰਤਾਂ ਆਪਣੀਆਂ ਸੈਕਸ ਸੰਬੰਧੀ ਇੱਛਾਵਾਂ ਦੀ ਗੱਲ ਕਰ ਰਹੀਆਂ ਹਨ, ਆਪਣੀ ਪਸੰਦ-ਨਾ ਪੰਸਦ ਬਾਰੇ ਗੱਲ ਕਰ ਰਹੇ ਹਨ। ਕੁਝ ਔਰਤਾਂ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ।"

ਔਰਤਾਂ ਦੀਆਂ ਡੇਟਿੰਗ ਐਪ

ਹਾਲਾਂਕਿ ਇਨ੍ਹਾਂ ਐਪਸ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਉਪਭੋਗਤਾ ਮਰਦ ਹਨ, ''ਵੂ'' ਨਾਮ ਦੀ ਇੱਕ ਡੇਟਿੰਗ ਐਪ ਨੇ ਸਾਲ 2018 ਵਿੱਚ ਇੱਕ ਅਧਿਐਨ ਕੀਤਾ ਸੀ।

ਇਸ ਅਧਿਐਨ ਵਿੱਚ ਪਤਾ ਲੱਗਾ ਸੀ ਕਿ ਡੇਟਿੰਗ ਐਪਸ ''ਤੇ ਔਰਤਾਂ ਤੇ ਮਰਦਾਂ ਦੀ ਗਿਣਤੀ ਵਿੱਚ ਬਹੁਤ ਫ਼ਰਕ ਹੈ।

ਭਾਰਤ ਵਿੱਚ ਡੇਟਿੰਗ ਐਪਸ ਦੀ ਵਰਤੋਂ ਕਰਨ ਵਾਲੇ ਕੁੱਲ ਲੋਕਾਂ ਵਿੱਚੋਂ ਸਿਰਫ 26% ਔਰਤਾਂ ਹਨ। ਭਾਵ ਭਾਰਤ ਵਿੱਚ ਇੱਥੇ ਹਰ ਔਰਤ ਲਈ ਤਿੰਨ ਮਰਦ ਹਨ।

ਪਰ ਡੇਟਿੰਗ ਕੰਪਨੀਆਂ ਦਾ ਮੰਨਣਾ ਹੈ ਕਿ ਡੇਟਿੰਗ ਐਪਸ ਔਰਤਾਂ ਦੇ ਕਾਰਨ ਚੱਲ ਰਹੀਆਂ ਹਨ। ਇਸ ਲਈ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਔਰਤਾਂ ਇਨ੍ਹਾਂ ਦੀ ਵਰਤੋਂ ਕਰਨ।

ਤਰੂ ਕਪੂਰ ਦਾ ਕਹਿਣਾ ਹੈ ਕਿ ਇੰਟਰਨੈਟ ਉਪਭੋਗਤਾਵਾਂ ਵਿੱਚ 70% ਮਰਦ ਅਤੇ ਸਿਰਫ਼ 30% ਔਰਤਾਂ ਹਨ।

ਉਹ ਕਹਿੰਦੇ ਹਨ ਕਿ ਅੱਜ ਦੀ ਪੀੜ੍ਹੀ ਵਿੱਚ ਵਿਆਹ ਦੀ ਉਮਰ ਵਧ ਗਈ ਹੈ, ਪਰ ਕੁੜੀਆਂ ਮੁੰਡਿਆਂ ਨਾਲੋਂ ਜਲਦੀ ਵਿਆਹ ਕਰਵਾਉਂਦੀਆਂ ਹਨ। ਇਸ ਦਾ ਮਤਲਬ ਹੈ ਕਿ ਕੁਆਰੇ ਮੁੰਡੇ ਜ਼ਿਆਦਾ ਹਨ ਤੇ ਕੁੜੀਆਂ ਘੱਟ।

ਉਹ ਕਹਿੰਦੇ ਹੈ, "ਅਸੀਂ ਕੁੜੀਆਂ ਨੂੰ ਡੇਟਿੰਗ ਐਪਸ ''ਤੇ ਲਿਆਉਣ ਅਤੇ ਉਨ੍ਹਾਂ ਨੂੰ ਇੱਥੇ ਚੰਗਾ ਮਹਿਸੂਸ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।"

ਕੁੜੀਆਂ ਲਈ ਡੇਟਿੰਗ ਐਪਸ ਨੂੰ ਵਧੇਰੇ ਆਰਾਮਦਾਇਕ ਬਣਾਉਣ ਲਈ, ਵਿਟਨੀ ਵੋਲਫ ਹਰਡ ਨੇ 2014 ਵਿੱਚ ਬਮਬਲ ਐਪ ਸ਼ੁਰੂ ਕੀਤੀ ਸੀ। ਵੋਲਫ ਨੇ ਬੰਬਲ ਨੂੰ ''ਔਰਤਾਂ ਦੀ ਡੇਟਿੰਗ ਐਪ'' ਵਜੋਂ ਪੇਸ਼ ਕੀਤਾ।

ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ਹੁਣ ਇਸ ਦੀ ਵਰਤੋਂ ਕਰ ਰਹੇ ਹਨ। ਇਸ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਜੇ ਇੱਕ ਮਰਦ ਅਤੇ ਔਰਤ ਇੱਕ-ਦੂਜੇ ਨੂੰ ਪਸੰਦ ਕਰਦੇ ਹਨ, ਤਾਂ ਸਿਰਫ਼ ਔਰਤ ਹੀ ਪਹਿਲਾਂ ਸੰਦੇਸ਼ ਭੇਜ ਸਕਦੀ ਹੈ। ਭਾਵ, ਔਰਤ ਨੂੰ ਹੀ ਗੱਲਬਾਤ ਸ਼ੁਰੂ ਕਰਨ ਦਾ ਅਧਿਕਾਰ ਹੈ।

ਇਹ ਵੀ ਦੇਖੋ:

https://www.youtube.com/watch?v=ckIGKaDd0i8

ਬਮਬਲ ਬਾਰੇ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਇੱਥੇ ਤਿੰਨ ਕਿਸਮਾਂ ਦੇ ਵਿਕਲਪ ਹਨ। ਡੇਟ, ਬੀਐਫਐਫ ਤੇ ਬਿਜ਼।

ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ, ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਭਾਲ ਕਰ ਰਹੇ ਹੋ।

ਕਿਸੇ ਨੂੰ ਡੇਟ ਕਰਨਾ ਚਾਹੁੰਦੇ ਹੋ? ਇੱਕ ਚੰਗਾ ਦੋਸਤ ਚਾਹੁੰਦੇ ਹੋ? ਜਾਂ ਕਰੀਅਰ ਦੀਆਂ ਸੰਭਾਵਨਾਵਾਂ ਲਈ ਨੈਟਵਰਕ ਵਧਾਉਣਾ ਚਾਹੁੰਦੇ ਹੋ?

ਇਸਦੇ ਅਨੁਸਾਰ ਤੁਸੀਂ ਤਿੰਨ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰ ਸਕਦੇ ਹੋ।

ਓਕੇ ਕਿਊਪਿਡ ਨਾਂ ਦੀ ਡੇਟਿੰਗ ਐਪ ਵਿੱਚ ਔਰਤਾਂ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ। ਜਿਵੇਂ ਕਿ ਔਰਤਾਂ ਨੂੰ ਐਪ ਦੀ ਵਰਤੋਂ ਕਰਨ ਸਮੇਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ।

ਜਿਵੇਂ ਕਿ ਉਹ ਵਿਆਹ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੀ ਹੈ ਅਤੇ ਉਹ ਇਸ ਬਾਰੇ ਆਪਣੇ ਸਾਥੀ ਤੋਂ ਕਿਸ ਤਰ੍ਹਾਂ ਦੇ ਜਵਾਬ ਦੀ ਉਮੀਦ ਕਰਦੀ ਹੈ ਅਤੇ ਉਹ #MeToo ਅੰਦੋਲਨ ਨੂੰ ਕਿਵੇਂ ਦੇਖਦੀ ਹੈ?

ਐਪ ਦਾ ਦਾਅਵਾ ਹੈ ਕਿ ਉਹ ਔਰਤਾਂ ਲਈ ਸੰਭਾਵਿਤ ਮੈਚਾਂ ਨੂੰ ਦਿੱਤੇ ਜਵਾਬਾਂ ਅਨੁਸਾਰ ਫਿਲਟਰ ਕਰਕੇ ਪੇਸ਼ ਕਰਦੇ ਹਨ।

ਟਰੂਲੀ ਮੈਡਲੀ ਡੇਟਿੰਗ ਐਪ ਦਾ ਦਾਅਵਾ ਹੈ ਕਿ ਇਹ ਗੰਭੀਰ ਰਿਸ਼ਤੇ ਦੇ ਚਾਹਵਾਨ ਲੋਕਾਂ ਨੂੰ ਹੀ ਮਿਲਵਾਉਂਦੇ ਹਨ।

ਟਰੂਲੀ ਮੈਡਲੀ ਦੇ ਸੀਈਓ ਸਨੇਹਿਲ ਖਨੌਰ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਜ਼ਿਆਦਾਤਰ ਉਪਭੋਗਤਾ 25 ਸਾਲ ਤੋਂ ਉਪਰ ਹਨ। ਕੁਲ 50 ਲੱਖ ਲੋਕ ਸਾਡੀ ਐਪ ਦੀ ਵਰਤੋਂ ਕਰ ਰਹੇ ਹਨ।"

"ਨੌਜਵਾਨ ਹੁਣ ਪਰਿਵਾਰ ਦੀ ਪਸੰਦ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ। ਉਹ ਰਵਾਇਤੀ ਵਿਆਹ ਕਰਨ ਵਾਲੀਆਂ ਸਾਇਟਾਂ ''ਤੇ ਵੀ ਨਹੀਂ ਜਾਣਾ ਚਾਹੁੰਦੇ। ਤੁਸੀਂ ਹੁੱਕਅਪ ਡੇਟਿੰਗ ਐਪ ''ਤੇ ਪਿਆਰ ਨਹੀਂ ਲੱਭ ਸਕਦੇ।"

ਪ੍ਰਿਆ ਡੇਟਿੰਗ ਐਪ ਦੇ ਜ਼ਰੀਏ ਆਪਣੇ ਪਤੀ ਨੂੰ ਮਿਲੀ ਸੀ। ਦੋਹਾਂ ਦੇ ਵਿਆਹ ਨੂੰ ਦੋ ਸਾਲ ਹੋਏ ਹਨ ਅਤੇ ਦੋਵੇਂ ਬਹੁਤ ਖੁਸ਼ ਹਨ। ਦੋਵੇਂ ਛੋਟੇ ਕਸਬੇ ਤੋਂ ਹਨ। ਪ੍ਰਿਆ ਦਾ ਪਤੀ ਲਖਨਉ ਦਾ ਰਹਿਣ ਵਾਲਾ ਹੈ ਅਤੇ ਪ੍ਰਿਆ ਵਾਰਾਣਸੀ ਦੀ ਰਹਿਣ ਵਾਲੀ ਹੈ।

ਸਨੇਹਿਲ ਖਨੌਰ ਦਾ ਕਹਿਣਾ ਹੈ ਕਿ ਛੋਟੇ ਕਸਬਿਆਂ ਵਿੱਚ ਵੀ ਡੇਟਿੰਗ ਐਪਸ ਦੀ ਵਰਤੋਂ ਵਧ ਰਹੀ ਹੈ।

ਤਰੂ ਕਪੂਰ ਵੀ ਕਹਿੰਦੇ ਹਨ ਕਿ ਛੋਟੇ ਸ਼ਹਿਰਾਂ ਵਿੱਚ ਟਿੰਡਰ ਦੀ ਵਰਤੋਂ ਕਰਨ ਦਾ ਦਰ ਵੱਡੇ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਹੈ।

ਸੰਭਾਵਨਾ ਵਧਾਉਣ ਲਈ ਪੈਸੇ ਖ਼ਰਚ ਕਰ ਰਹੇ ਲੋਕ

ਆਨਲਾਈਨ ਮਾਰਕਿਟ ਰਿਸਰਚਰ ਸਟੇਟਿਸਟਾ ਦੇ ਮੁਤਾਬਕ ਭਾਰਤ ਵਿੱਚ ਦੋ ਕਰੋੜ ਪੱਚੀ ਲੱਖ ਲੋਕ ਆਨਲਾਈਨ ਡੇਟਿੰਗ ਐਪ ਦੀ ਵਰਤੋਂ ਕਰਦੇ ਹਨ। ਇਹ ਅਨੁਮਾਨ ਹੈ ਕਿ 2024 ਤੱਕ, ਇਹ ਲੋਕ 2 ਕਰੋੜ 68 ਲੱਖ ਹੋ ਦਾਣਗੇ।

ਇਨ੍ਹਾਂ ਵਿੱਚੋਂ ਬਹੁਤ ਸਾਰੇ ਚੰਗੇ ਮੈਚ ਮਿਲਣ ਦੀ ਸੰਭਾਵਨਾ ਨੂੰ ਵਧਾਉਣ ਲਈ ਡੇਟਿੰਗ ਐਪਸ ''ਤੇ ਪੈਸੇ ਵੀ ਖਰਚ ਕਰਦੇ ਹਨ। ਇਹ ਕੰਪਨੀਆਂ ਵੀ ਵਧੀਆ ਮੁਨਾਫ਼ਾ ਕਮਾ ਰਹੀਆਂ ਹਨ।

ਟਿੰਡਰ ਦੇ ਤਰੂ ਕਪੂਰ ਦਾ ਕਹਿਣਾ ਹੈ ਕਿ ਭਾਰਤ ਏਸ਼ੀਆ ਵਿੱਚ ਟਿੰਡਰ ਦਾ ਸਭ ਤੋਂ ਵੱਡਾ ਗਾਹਕ ਹੈ। ਉਹ ਕਹਿੰਦੇ ਹਨ ਕਿ ਅੱਜ ਭਾਰਤ ਵਿੱਚ 18 ਤੋਂ 30 ਸਾਲਾਂ ਦੀ ਉਮਰ ਵਿਚਕਾਰ 10 ਕਰੋੜ ਲੋਕ ਹਨ ਜੋ ਸਿੰਗਲ ਹਨ ਅਤੇ ਉਨ੍ਹਾਂ ਕੋਲ ਸਮਾਰਟ ਫੋਨ ਵੀ ਹਨ।

ਸਨੇਹਿਲ ਦੇ ਅਨੁਸਾਰ, ਡੇਟਿੰਗ ਐਪਸ ਦੀ ਵਰਤੋਂ ਉੱਥੇ ਵਧ ਰਹੀ ਹੈ ਜਿੱਥੇ ਇੰਟਰਨੈਟ ਪਹੁੰਚ ਰਿਹਾ ਹੈ। ਡੇਟਿੰਗ ਐਪਸ ਦੀ ਜ਼ਿਆਦਾਤਰ ਕਮਾਈ ਵੱਡੇ ਸ਼ਹਿਰਾਂ ਵਿੱਚ, ਜਿਵੇਂ ਕਿ ਦਿੱਲੀ, ਮੁੰਬਈ, ਬੰਗਲੌਰ ਤੋਂ ਹੁੰਦੀ ਹੈ। ਪਰ ਹੁਣ ਡੇਟਿੰਗ ਐਪਸ ਦੀ ਵਰਤੋਂ ਇੰਦੌਰ, ਲਖਨਉ ਵਰਗੇ ਸ਼ਹਿਰਾਂ ਵਿੱਚ ਵੀ ਵੱਧ ਰਹੀ ਹੈ।

ਸਮਲਿੰਗੀ ਲੋਕਾਂ ਲਈ ਡੇਟਿੰਗ ਐਪਸ ਕਿਵੇਂ ਜ਼ਿਆਦਾ ਮਦਦਗਾਰ

ਇਨਾਇਆ ਬਾਇਸੈਕਸ਼ੁਅਲ ਹੈ, ਭਾਵ ਉਹ ਮੁੰਡੇ ਅਤੇ ਕੁੜੀਆਂ ਦੋਵਾਂ ਵੱਲ ਮਾਨਸਿਕ ਜਾਂ ਸਰੀਰਕ ਤੌਰ ''ਤੇ ਆਕਰਸ਼ਤ ਹੁੰਦੇ ਹਨ।

ਉਹ ਕਹਿੰਦੇ ਹਨ, "ਜਦੋਂ ਮੈਂ ਟਿੰਡਰ ''ਤੇ ਆਪਣਾ ਪ੍ਰੋਫਾਈਲ ਬਣਾ ਰਹੀ ਸੀ, ਤਾਂ ਉਸ ਵਿੱਚ ਇੱਕ ਵਿਕਲਪ ਸੀ ਕਿ ਕੀ ਤੁਸੀਂ ਮਰਦਾਂ ਵਿੱਚ ਦਿਲਚਸਪੀ ਰੱਖਦੇ ਹੋ, ਔਰਤਾਂ ਵਿੱਚ ਜਾਂ ਫਿਰ ਦੋਵਾਂ ਵਿੱਚ? ਮੈਂ ਦੋਵਾਂ ਵਾਲਾ ਵਿਕਲਪ ਚੁਣਿਆ।

ਤੁਸੀਂ ਟਿੰਡਰ ਵਿੱਚ ਆਪਣੇ ਸੈਕਸੁਅਲ ਖਿੱਚ ਬਾਰੇ ਵੀ ਦੱਸ ਸਕਦੇ ਹੋ। ਇਸ ਦੇ ਲਈ ਬਹੁਤ ਸਾਰੇ ਵਿਕਲਪ ਹਨ, ਜਿਵੇਂ ਕਿ ਸਟ੍ਰੇਟ, ਗੇ, ਲੈਸਬੀਅਨ, ਅਲਿੰਗੀ, ਬਾਇਸੈੱਕਸੁਅਲ, ਡੈਮੀਸੈਕਸੂਅਲ, ਪੈਨਸੈਕਸੂਅਲ, ਆਦਿ।

ਇਨਾਇਆ ਨੂੰ ਵੀ ਇੱਕ ਕੁੜੀ ਪਸੰਦ ਆਈ ਹੈ। ਦੋਵੇਂ ਇੱਕ-ਦੂਜੇ ਨਾਲ ਗੱਲ ਕਰ ਰਹੇ ਹਨ ਅਤੇ ਬਾਹਰ ਮਿਲਣ ਬਾਰੇ ਸੋਚ ਰਹੇ ਹਨ।

ਸਮਲਿੰਗੀ ਲੋਕਾਂ ਲਈ ਵਿਸ਼ੇਸ਼ ਤੌਰ ''ਤੇ ਕਈ ਵੱਖ-ਵੱਖ ਡੇਟਿੰਗ ਐਪਸ ਵੀ ਹਨ। ਗਰਾਇੰਡਰ ਇਨ੍ਹਾਂ ਵਿੱਚੋਂ ਇੱਕ ਹੈ। ਇਸ ਐਪ ਦਾ ਦਾਅਵਾ ਹੈ ਕਿ ਲੋਕ ਇਸ ਰਾਹੀਂ 192 ਦੇਸਾਂ ਵਿੱਚ ਜੁੜ ਰਹੇ ਹਨ।

ਇਹ ਵੀ ਪੜ੍ਹੋ:

''ਬਲੂਡ ਇੰਡੀਆ'' ਨਾਂ ਦੀ ਇੱਕ ਗੇ ਡੇਟਿੰਗ ਐਪ ਹੈ। ਉਸਦਾ ਦਾਅਵਾ ਹੈ ਕਿ ਇਸਦੇ 20 ਤੋਂ 30 ਪ੍ਰਤੀਸ਼ਤ ਉਪਭੋਗਤਾ ਛੋਟੇ ਕਸਬਿਆਂ ਵਿੱਚ ਰਹਿੰਦੇ ਹਨ।

ਦਿੱਲੀ ਵਿੱਚ ਰਹਿਣ ਵਾਲਾ ਗੌਰਵ ਉਤਰਾਖੰਡ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਉਂਦੇ ਹਨ। ਉਹ ਦਿੱਲੀ ਵਿੱਚ ਡਾਂਸ ਦਾ ਅਧਿਆਪਕ ਹੈ। ਉਹ ਆਪਣੇ ਆਪ ਨੂੰ ਗੇ ਮੇਲ ਮੰਨਦਾ ਹੈ।

ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸਿਆ ਹੈ। ਉਹ ਤਿੰਨ ਸਾਲ ਪਹਿਲਾਂ ਦਿੱਲੀ ਆਇਆ ਸੀ ਅਤੇ ਉਦੋਂ ਤੋਂ ਹੀ ਗੇ ਡੇਟਿੰਗ ਐਪ ਗਰਾਇੰਡਰ ਦੀ ਵਰਤੋਂ ਕਰ ਰਿਹਾ ਹੈ।

ਟਰੂਲੀ ਮੈਡਲੀ ਦੇ ਸੀਈਓ ਸਨੇਹਿਲ ਖਨੌਰ ਦਾ ਕਹਿਣਾ ਹੈ ਕਿ ਐਲਜੀਬੀਟੀ ਭਾਈਚਾਰੇ ਲਈ ਬਾਹਰੀ ਦੁਨੀਆਂ ਵਿੱਚ ਆਪਣੇ ਦੋਸਤ ਲੱਭਣੇ ਵਧੇਰੇ ਮੁਸ਼ਕਲ ਹਨ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ''ਡੈਲਟਾ'' ਐਪ ਨਾ ਸਿਰਫ਼ ਡੇਟਿੰਗ ਪ੍ਰਦਾਨ ਕਰਦਾ ਹੈ, ਬਲਕਿ ਨੈਟਵਰਕਿੰਗ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਵਰਚੂਅਲ ਡੇਟਿੰਗ ਦਾ ਖ਼ਤਰਾ

ਕੁਝ ਲੋਕ ਡੇਟਿੰਗ ਐਪਸ ''ਤੇ ਝੂਠੀ ਪ੍ਰੋਫਾਈਲ ਬਣਾਉਂਦੇ ਹਨ। ਉਹ ਆਪਣੀ ਉਮਰ, ਅਸਲ ਤਸਵੀਰ, ਪਛਾਣ ਬਾਰੇ ਝੂਠ ਬੋਲਦੇ ਹਨ।

ਫਰਵਰੀ 2018 ਵਿੱਚ, ਇੱਕ ਕੇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਕੇਸ ਵਿੱਚ ਪ੍ਰਿਆ ਸੇਠ ਨਾਮ ਦੀ ਕੁੜੀ ਅਤੇ ਦੁਸ਼ਯੰਤ ਸ਼ਰਮਾ ਨਾਮ ਦੇ ਮੁੰਡੇ ਦੀ ਡੇਟ ਇੱਕ ਅਪਰਾਧ ਵਿੱਚ ਬਦਲ ਗਈ।

ਸ਼ਰਮਾ ਦੀ ਮੌਤ ਹੋ ਗਈ ਅਤੇ ਸੇਠ ਨੂੰ ਜੇਲ੍ਹ ਜਾਣਾ ਪਿਆ। ਦੋਵੇਂ ਇੱਕ ਦੂਜੇ ਨੂੰ ਝੂਠ ਬੋਲ ਰਹੇ ਸਨ।

ਮੁੰਡੇ ਨੇ ਦਿਖਾਇਆ ਕਿ ਉਹ ਇੱਕ ਕਰੋੜਪਤੀ ਸੀ। ਉਸੇ ਸਮੇਂ ਕੁੜੀ ਨੇ ਡੇਟ ਦੇ ਬਹਾਨੇ ਨਾਲ ਉਸ ਮੁੰਡੇ ਨੂੰ ਆਪਣੇ ਫਲੈਟ ''ਤੇ ਬੁਲਾਇਆ ਅਤੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਨੇ ਉਸ ਨੂੰ ਅਗਵਾ ਕਰ ਲਿਆ।"

"ਰਿਹਾਈ ਦੀ ਕੀਮਤ ਵਿੱਚ ਭਾਰੀ ਰਕਮ ਦੀ ਮੰਗ ਕੀਤੀ ਗਈ, ਪਰ ਕਿਉਂਕਿ ਮੁੰਡੇ ਨੇ ਆਪਣੇ ਬਾਰੇ ਝੂਠ ਬੋਲਿਆ ਸੀ, ਤਾਂ ਉਸ ਦੇ ਪਰਿਵਾਰ ਵਾਲੇ ਪੈਸੇ ਨਹੀਂ ਦੇ ਸਕੇ। ਪ੍ਰਿਆ ਸੇਠ ਨੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਦੁਸ਼ਯੰਤ ਸ਼ਰਮਾ ਨੂੰ ਮਾਰ ਦਿੱਤਾ।

ਤਰੂ ਕਪੂਰ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ।

ਉਹ ਕਹਿੰਦੇ ਹਨ, "ਸਾਡੀ ਇੱਕ ਟੀਮ ਦਿਨ ਦੇ 24 ਘੰਟੇ ਸਰਗਰਮ ਰਹਿੰਦੀ ਹੈ। ਜੇਕਰ ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਹੈ, ਚਾਹੇ ਉਹ ਕੋਈ ਤਸਵੀਰ ਹੋਵੇ ਜਾਂ ਗੱਲਬਾਤ।"

"ਜੇ ਕੋਈ ਤੁਹਾਨੂੰ ਆਫਲਾਈਨ ਜਾਂ ਆਨਲਾਈਨ ਕੁਝ ਕਹੇ, ਤਾਂ ਤੁਸੀਂ ਤੁਰੰਤ ਸਾਡੀ ਟੀਮ ਨੂੰ ਈਮੇਲ, ਵੈਬਸਾਈਟ ਜਾਂ ਐਪ ਰਾਹੀਂ ਜਾਣਕਾਰੀ ਦੇ ਸਕਦੇ ਹੋ। ਫਿਰ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ।"

ਟਿੰਡਰ ਦਾ ਕੋਈ ਕਸਟਮਰ ਕੇਅਰ ਨੰਬਰ ਨਹੀਂ ਹੈ।

ਪਰ ਬਹੁਤ ਸਾਰੇ ਲੋਕ ਇਨ੍ਹਾਂ ਡੇਟਿੰਗ ਐਪਸ ਨਾਲ ਚੰਗੇ ਲੋਕਾਂ ਨੂੰ ਵੀ ਮਿਲ ਚੁੱਕੇ ਹਨ। ਪਰ ਹਰ ਕਿਸੇ ਨੂੰ ਛੋਟੇ ਸਮੇਂ ਦੇ ਲਈ ਬਣਾਏ ਸੰਬੰਧਾਂ ਬਾਰੇ ਸੁਚੇਤ ਹੋਣਾ ਚਾਹੀਦਾ ਹੈ।

ਰਿਸ਼ਤਿਆਂ ਦੇ ਮਾਹਿਰ ਨਿਸ਼ਾ ਖੰਨਾ ਦਾ ਕਹਿਣਾ ਹੈ ਕਿ ਘੱਟ ਸਮੇਂ ਦੇ ਰਿਸ਼ਤੇ ਮਨ ਨੂੰ ਵੀ ਪ੍ਰਭਾਵਤ ਕਰਦੇ ਹਨ।

ਖਾਸਕਰ ਓਦੋਂ ਜਦੋਂ ਛੇ ਵਿੱਚੋਂ ਇੱਕ ਵਿਅਕਤੀ ਕਥਿਤ ਤੌਰ ''ਤੇ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਸਮੱਸਿਆਵਾਂ ਨਾਲ ਜੂਝਦਾ ਹੈ।

ਨਿਸ਼ਾ ਦੱਸਦੇ ਹਨ ਕਿ ਉਨ੍ਹਾਂ ਕੋਲ ਬਹੁਤ ਵਾਰ ਇਸ ਤਰ੍ਹਾਂ ਦੇ ਕੇਸ ਆਉਂਦੇ ਹਨ ਜਦੋਂ ਲੋਕ ਦੱਸਦੇ ਹਨ ਕਿ ਉਹ ਭਾਵਨਾਤਮਕ ਤੌਰ ''ਤੇ ਸਾਹਮਣੇ ਵਾਲੇ ਨਾਲ ਜੁੜ ਗਏ ਪਰ ਸਾਹਮਣੇ ਵਾਲਾ ਨਹੀਂ ਜੁੜ ਪਾਇਆ। ਇਸ ਕਰਕੇ ਉਹ ਪਰੇਸ਼ਾਨ ਹੁੰਦੇ ਹਨ।

(ਇਸ ਕਹਾਣੀ ਵਿੱਚ ਐਪ ਵਰਤਣ ਵਾਲਿਆਂ ਦੇ ਨਾਂ ਬਦਲ ਦਿੱਤੇ ਗਏ ਹਨ)

ਇਹ ਵੀ ਦੇਖੋ:

https://youtu.be/xWw19z7Edrs

ਵੀਡਿਓ: ਹੈੱਪੀ PhD ਦੇ ਪਿਤਾ: ''ਜੇ ਕਤਲ ਹੋ ਗਿਆ ਹੈ ਤਾਂ ਘੱਟੋਘੱਟ ਲਾਸ਼ ਮੰਗਵਾ ਦਿਓ''

https://www.youtube.com/watch?v=Dc1XAzYGBEQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News