ਮੈਕਸੀਕੋ ਤੋਂ ਡਿਪੋਰਟ ਹੋਏ ਨੌਜਵਾਨਾਂ ਦੀ ਹੱਡਬੀਤੀ: ''''ਜੰਗਲ ਵਿੱਚ ਕੰਕਾਲ ਵੇਖਿਆ, ਪੰਜਾਬ ਜਾਂ ਹਰਿਆਣਾ ਦਾ ਲਗਦਾ ਸੀ''''

Wednesday, Jan 29, 2020 - 07:40 AM (IST)

ਮੈਕਸੀਕੋ ਤੋਂ ਡਿਪੋਰਟ ਹੋਏ ਨੌਜਵਾਨਾਂ ਦੀ ਹੱਡਬੀਤੀ: ''''ਜੰਗਲ ਵਿੱਚ ਕੰਕਾਲ ਵੇਖਿਆ, ਪੰਜਾਬ ਜਾਂ ਹਰਿਆਣਾ ਦਾ ਲਗਦਾ ਸੀ''''

ਕੁਝ ਮਹੀਨੇ ਪਹਿਲਾਂ ਮੈਕਸੀਕੋ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਗਏ 311 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਡਿਪੋਰਟ ਹੋ ਕੇ ਆਏ ਨੌਜਵਾਨਾਂ ਵਿੱਚ ਜ਼ਿਆਦਤਰ ਪੰਜਾਬ ਤੇ ਹਰਿਆਣਾ ਦੇ ਰਹਿਣ ਦੇ ਵਾਲੇ ਹਨ। ਇਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨਾਲ ਬੀਬੀਸੀ ਨੇ ਉਸ ਵੇਲੇ ਗੱਲਬਾਤ ਕੀਤੀ ਸੀ।

ਨੌਜਵਾਨਾਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਝੱਲਣੀਆਂ ਪਈਆਂ, ਕਿਉਂ ਅਤੇ ਕਿਵੇਂ ਉਹ ਭਾਰਤ ਤੋਂ ਮੈਕਸੀਕੋ ਤੱਕ ਪਹੁੰਚੇ ਸਨ ਅਤੇ ਵਾਪਿਸ ਭਾਰਤ ਆਉਣ ''ਤੇ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ।

ਨੌਜਵਾਨਾਂ ਦੇ ਕਹਿਣ ''ਤੇ ਉਨ੍ਹਾਂ ਦੀ ਪਛਾਣ ਗੁਪਤ ਰੱਖ ਗਈ ਹੈ।

ਮੈਕਸੀਕੋ ਤੋਂ ਡਿਪੋਰਟ ਹੋ ਕੇ ਆਏ ਇੱਕ ਪੰਜਾਬੀ ਨੌਜਵਾਨ ਨੇ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਕਿਵੇਂ ਉਹ ਭਾਰਤ ਤੋਂ ਮੈਕੀਸਕੋ ਪਹੁੰਚਿਆ। ਇਸ ਨੌਜਵਾਨ ਨਾਲ ਬੀਬੀਸੀ ਨਿਊਜ਼ ਪੰਜਾਬੀ ਦੇ ਸਹਿਯੋਗੀ ਸੁਖਚਰਨਪ੍ਰੀਤ ਨੇ ਗੱਲਬਾਤ ਕੀਤੀ।

https://www.youtube.com/watch?v=fVRVDknKTvY

ਉਹ ਦੱਸਦਾ ਹੈ, "ਇੰਡੀਆ ਤੋਂ ਕੁਇਟੋ (ਇਕੁਆਡੋਰ) ਤੱਕ ਦੀ ਸਾਡੀ ਏਅਰਲਾਈਨ ਦੀ ਟਿਕਟ ਸੀ। ਉਸ ਤੋਂ ਅੱਗੇ ਅਸੀਂ ਬੱਸਾਂ ਅਤੇ ਟੈਕਸੀਆਂ ਰਾਹੀਂ ਮੈਡਲਿਨ ਤੱਕ ਗਏ। ਫ਼ਿਰ ਪਨਾਮਾ ਤੱਕ ਕਿਸ਼ਤੀ ਰਾਹੀਂ ਪਹੁੰਚੇ ਸੀ।''''

"ਇਸ ਤੋਂ ਬਾਅਦ ਗੁਆਟੇਮਾਲਾ, ਸਿਲਵਾਡੋਰ ਆਦਿ ਨੂੰ ਪਾਰ ਕਰਦੇ ਹੋਏ ਤਾਪਾਚੂਲਾ ਕੈਂਪ ਵਿੱਚ ਪਹੁੰਚੇ। ਇਹ ਮੈਕਸੀਕੋ ਦਾ ਇਲਾਕਾ ਹੈ।"

"ਫਿਰ ਅਸੀਂ ਵੈਰਾਕਰੂਜ਼ ਕੈਂਪ ਵਿੱਚ ਆਏ ਤਾਂ ਕਿ ਦੇਸ਼ ਵਿੱਚੋਂ ਬਾਹਰ ਜਾਣ ਲਈ ਰਾਹਦਾਰੀ ਲਈ ਜਾ ਸਕੇ। ਪਰ ਇਸ ਤੋਂ ਪਹਿਲਾਂ ਹੀ ਸਾਨੂੰ ਡਿਪੋਰਟ ਕਰ ਦਿੱਤਾ ਗਿਆ। ਇਸ ਕੈਂਪ ਵਿੱਚ 800 ਦੇ ਕਰੀਬ ਭਾਰਤੀ ਸਨ ਜਿਨ੍ਹਾਂ ਵਿੱਚੋਂ 311 ਨੂੰ ਡਿਪੋਰਟ ਕਰ ਦਿੱਤਾ ਗਿਆ।"

ਇਹ ਵੀ ਪੜ੍ਹੋ:

''''ਸਫ਼ਰ ਦੌਰਾਨ ਮੈਂ ਕਈ ਲਾਸ਼ਾਂ ਜੰਗਲ ਵਿੱਚ ਸੜਦੀਆਂ ਦੇਖੀਆਂ''''

ਉਹ ਦੱਸਦਾ ਹੈ, ''''ਲੱਖਾਂ ਰੁਪਏ ਏਜੰਟਾਂ ਨੂੰ ਦੇਣ ਦੇ ਬਾਵਜੂਦ ਇਹ ਸਫ਼ਰ ਕੋਈ ਸੁਖਾਲਾ ਨਹੀਂ ਸੀ। ਮੈਂ 17 ਲੱਖ ਰੁਪਏ ਏਜੰਟ ਨੂੰ ਅਮਰੀਕਾ ਪਹੁੰਚਣ ਲਈ ਦਿੱਤੇ ਸੀ। ਕਈ 35-35 ਲੱਖ ਦੇ ਕੇ ਵੀ ਆਏ ਹੋਏ ਸਨ।"

"ਜਹਾਜ਼ ਅਤੇ ਬੱਸਾਂ ਦਾ ਸਫ਼ਰ ਤਾਂ ਠੀਕ ਸੀ ਪਰ ਜੰਗਲ ਦਾ ਰਾਹ ਬਹੁਤ ਖ਼ਤਰਨਾਕ ਸੀ। ਜੰਗਲੀ ਜਾਨਵਰਾਂ ਅਤੇ ਸੱਪਾਂ ਦਾ ਖ਼ਤਰਾ ਬਹੁਤ ਸੀ। ਪਹਾੜੀਆਂ ਤੋਂ ਤਿਲਕ ਕੇ ਡਿੱਗਣ ਦਾ ਖ਼ਤਰਾ ਵੀ ਸੀ।''''

''''ਸਾਡੀ ਟੋਲੀ ਵਿੱਚ ਇੱਕ ਬੰਦੇ ਦੀ ਮੇਰੇ ਸਾਹਮਣੇ ਮੌਤ ਹੋ ਗਈ। ਉਸ ਨੂੰ ਖਾਣਾ ਨਹੀਂ ਪਚ ਰਿਹਾ ਸੀ। ਉਸਦੇ ਨਾਲ ਉਸ ਦੇ ਬੱਚੇ ਅਤੇ ਪਤਨੀ ਵੀ ਸੀ।"

"ਉਸ ਦੇ ਪਰਿਵਾਰ ਨੇ ਆਪਣੇ ਧਰਮ ਅਨੁਸਾਰ ਅਰਦਾਸ ਕੀਤੀ, ਉਸ ਦੇ ਕੱਪੜੇ ਬਦਲੇ ਅਤੇ ਉਸ ਨੂੰ ਪਹਾੜ ਤੋਂ ਖੱਡ ਵਿੱਚ ਰੋੜ ਦਿੱਤਾ ਗਿਆ। ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਸੀ। ਡੌਂਕਰ (ਪਾਰ ਕਰਵਾਉਣ ਵਾਲੇ ਏਜੰਟ ਦੇ ਬੰਦੇ) ਲਾਸ਼ਾਂ ਦਾ ਬੋਝ ਨਹੀਂ ਢੋਂਦੇ।''''

ਉਹ ਅੱਗੇ ਕਹਿੰਦਾ ਹੈ, ''''ਤੁਸੀਂ ਬਿਮਾਰ ਹੋ ਗਏ ਜਾਂ ਗੰਭੀਰ ਸੱਟ ਲੱਗ ਗਈ ਤਾਂ ਸਮਝੋ ਮਾਰੇ ਗਏ। ਭੁੱਖ ਅਤੇ ਪਿਆਸ ਨਾਲ ਮਰ ਜਾਣ ਦਾ ਖ਼ਤਰਾ ਵੱਖਰਾ ਹੁੰਦਾ ਹੈ।"

"ਇੱਕ ਅਜਿਹੇ ਟਾਪੂ ਉੱਤੇ ਰਾਤ ਕੱਟੀ ਜਿਸ ਨੂੰ ਮੱਛਰਾਂ ਵਾਲਾ ਟਾਪੂ ਕਹਿੰਦੇ ਹਨ। ਇੱਥੇ ਇੱਕ ਘੰਟਾ ਵੀ ਖੜ੍ਹੇ ਹੋਣਾ ਔਖਾ ਹੈ ਪਰ ਮਜਬੂਰੀ ਵਿੱਚ ਸਭ ਕੁਝ ਕਰਨਾ ਪੈਂਦਾ ਹੈ।"

"ਸਫ਼ਰ ਦੌਰਾਨ ਮੈਂ ਕਈ ਲਾਸ਼ਾਂ ਜੰਗਲ ਵਿੱਚ ਸੜਦੀਆਂ ਦੇਖੀਆਂ, ਸਾਡੇ ਮਗਰਲੀ ਟੋਲੀ ਦੇ ਵੀ ਤਿੰਨ ਮੁੰਡੇ ਮਾਰੇ ਗਏ ਸਨ। ਜਿਸ ਕੈਂਪ ਵਿੱਚੋਂ ਸਾਨੂੰ ਫੜ ਕੇ ਡਿਪੋਰਟ ਕੀਤਾ ਗਿਆ, ਇਸ ਤੋਂ ਅੱਗੇ ਅਸੀਂ ਰਾਹਦਾਰੀ ਲੈ ਕੇ ਸਰਹੱਦ ਪਾਰ ਕਰਨੀ ਸੀ ਪਰ ਸਭ ਵਿੱਚੇ ਹੀ ਰਹਿ ਗਿਆ।''''

''ਇੱਥੇ ਨੌਕਰੀ ਨਹੀਂ ਮਿਲਦੀ, ਨਸ਼ੇ ਜਿੰਨੇ ਮਰਜ਼ੀ ਲੈ ਲਓ''

''''ਸਾਨੂੰ ਇਹ ਕਹਿ ਕੇ ਲੈ ਕੇ ਗਏ ਸਨ ਕਿ ਮੈਕਸੀਕੋ ਦੇ ਕੈਂਪ ਵਿੱਚ ਸ਼ਿਫ਼ਟ ਕੀਤਾ ਜਾਣਾ ਹੈ ਅਤੇ ਉੱਥੋਂ ਦੇਸ਼ ''ਚੋਂ ਬਾਹਰ ਨਿਕਲਣ ਲਈ ਰਾਹਦਾਰੀ ਦਿੱਤੀ ਜਾਵੇਗੀ। ਸਾਡੇ ਨਾਲ ਇੱਕ ਵਿਆਹੁਤਾ ਜੋੜਾ ਸੀ, ਜਿਸ ਵਿੱਚੋਂ ਮੁੰਡੇ ਨੂੰ ਤਾਂ ਸਾਡੇ ਨਾਲ ਭੇਜ ਦਿੱਤਾ ਜਦਕਿ ਉਸਦੀ ਪਤਨੀ ਉੱਥੇ ਕੈਂਪ ਵਿੱਚ ਹੀ ਸੀ।"

ਖ਼ਤਰਾ ਮੁੱਲ ਲੈਣ ਦੀ ਵਜ੍ਹਾ ਭਲਾ ਕੀ?

ਇਸ ਬਾਰੇ ਉਹ ਕਹਿੰਦਾ ਹੈ, ''''ਇੱਥੇ ਨੌਕਰੀ ਤਾਂ ਮਿਲਦੀ ਨਹੀਂ, ਨਸ਼ੇ ਜਿੰਨੇ ਮਰਜ਼ੀ ਲੈ ਲਓ। ਫ਼ੌਜੀ ਬਣਨਾ ਮੇਰਾ ਪਹਿਲਾ ਸੁਪਨਾ ਸੀ। ਮੈਂ ਤਾਂ ਬਚਪਨ ਵਿੱਚ ਖਿਡਾਉਣਾ ਵੀ ਖ਼ਰੀਦਦਾ ਸੀ ਤਾਂ ਉਹ ਬੰਦੂਕ ਹੀ ਹੁੰਦੀ ਸੀ।"

"ਤਿੰਨ ਵਾਰ ਫੌਜ ਦੀ ਭਰਤੀ ਲਈ ਟੈਸਟ ਦਿੱਤਾ, ਪਰ ਚੋਣ ਨਹੀਂ ਹੋਈ। ਪੰਜਾਬ ਸਰਕਾਰ ਦੇ ਰੁਜ਼ਗਾਰ ਕੈਂਪਾਂ ਵਿੱਚ ਵੀ ਗਿਆ। ਪ੍ਰਾਈਵੇਟ ਅਦਾਰਿਆਂ ਵਿੱਚ 5-5 ਹਜ਼ਾਰ ਮਹੀਨੇ ਦੀ ਤਨਖ਼ਾਹ ਉੱਤੇ ਨੌਕਰੀਆਂ ਮਿਲਦੀਆਂ ਸਨ।''''

''''ਬੀਏ ਪਾਸ ਕੀਤੀ ਹੋਈ ਹੈ। ਆਇਲੈਟਸ ਦਾ ਟੈਸਟ ਵੀ ਕਲੀਅਰ ਕੀਤਾ। ਪੜ੍ਹਾਈ ਦੇ ਆਧਾਰ ''ਤੇ ਬਾਹਰ ਜਾਣ ਦੀ ਵੀ ਕੋਸ਼ਿਸ਼ ਕੀਤੀ। ਨਹੀਂ ਕੰਮ ਬਣਿਆ।"

"ਜੇ 100 ਬੰਦਾ ਆਇਲੈਟਸ ਕਲੀਅਰ ਕਰਦਾ ਹੈ ਤਾਂ 10 ਦਾ ਵੀਜ਼ਾ ਲਗਦਾ ਹੈ। ਸਰਕਾਰੀ ਨੌਕਰੀ ਮਿਲਦੀ ਕੋਈ ਨਹੀਂ, ਫਿਰ ਬਾਕੀ ਨੌਜਵਾਨ ਕੀ ਕਰਨ। ਸਾਡਾ ਵੀ ਚੰਗੀ ਜ਼ਿੰਦਗੀ ਜਿਉਣ ਨੂੰ ਦਿਲ ਕਰਦਾ ਹੈ।''''

ਇਹ ਵੀ ਪੜ੍ਹੋ:

ਆਖ਼ਰ ਵਿੱਚ ਭਰੇ ਮੰਨ ਨਾਲ ਉਹ ਕਹਿੰਦਾ ਹੈ, ''''ਜੇ ਇੱਥੇ ਇੰਨੇ ਪੈਸੇ ਲਾ ਕੇ ਕੋਈ ਕਾਰੋਬਾਰ ਕਰਦੇ ਤਾਂ ਚੱਲਣ ਦੀ ਕੋਈ ਉਮੀਦ ਨਹੀਂ ਸੀ, ਪੈਸੇ ਪੂਰੇ ਹੋਣ ਦੀ ਤਾਂ ਗੱਲ ਹੀ ਛੱਡੋ। ਬਾਹਰ ਪਹੁੰਚ ਕੇ ਇਹ ਉਮੀਦ ਤਾਂ ਸੀ ਕਿ ਕੰਮ ਕਰਕੇ ਇਸ ਤੋਂ ਕਿਤੇ ਜ਼ਿਆਦਾ ਕਮਾ ਸਕਦੇ ਹਾਂ।"

ਮੈਕਸੀਕੋ ਤੋਂ ਡਿਪੋਰਟ ਹੋਏ ਪੰਜਾਬ ਦੇ ਇੱਕ ਹੋਰ ਨੌਜਵਾਨ ਨੇ ਬੀਬੀਸੀ ਨੂੰ ਆਪਣੀ ਹੱਡਬੀਤੀ ਸੁਣਾਈ। ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਨੇ ਇਸ ਨੌਜਵਾਨ ਨਾਲ ਗੱਲਬਾਤ ਕੀਤੀ।

https://www.youtube.com/watch?v=vpVqsEvXBOQ

ਮਹੀਨਿਆਂ ਦੀ ਮਿਹਨਤ ਦਾ ਮੁੱਲ ਨਹੀਂ ਮੁੜਿਆ

ਉਹ ਦੱਸਦਾ ਹੈ, "ਲੋਕ ਡੌਂਕੀ ਰੂਟ ਦੀਆਂ ਯੂ-ਟਿਊਬ ''ਤੇ ਵੀਡੀਓਜ਼ ਵੇਖ ਕੇ ਕਹਿੰਦੇ ਸੀ ਕਿ ਅਜਿਹੀ ਕੋਈ ਗੱਲ ਨਹੀਂ। ਪਾਗਲ ਬਣਾਉਂਦੇ ਹਨ ਅਜਿਹਾ ਹੋ ਹੀ ਨਹੀਂ ਸਕਦਾ ਤੇ ਸ਼ਾਇਦ ਮੇਰੀ ਵੀਡੀਓ ਵੇਖ ਕੇ ਵੀ ਇਹੀ ਕਹਿਣਗੇ ਕਿ ਝੂਠ ਹੀ ਬੋਲਦਾ ਹੋਣਾ।"

"ਡੌਂਕੀ ਰੂਟ ਜ਼ਰੀਏ ਕਿਸੇ ਦਾ ਜਾਣ ਦਾ ਜੀਅ ਨਹੀਂ ਕਰਦਾ ਪਰ ਜਦੋਂ ਮਜਬੂਰੀਆਂ ਹੋਣ ਤਾਂ ਇਨਸਾਨ ਨੂੰ ਇਹੋ ਜਿਹਾ ਕਦਮ ਚੁੱਕਣਾ ਪੈ ਜਾਂਦਾ ਹੈ। ਮੈਂ ਤਾਂ 12ਵੀਂ ਕੀਤੀ ਹੈ ਪਰ ਮੈਨੂੰ ਲਗਦਾ ਹੈ ਕਿ ਜ਼ਿਆਦਾ ਪੜ੍ਹਾਈ ਕਰਨ ਵਾਲੇ ਵੀ ਵੇਲੇ ਹੀ ਬੈਠੇ ਹਨ। ਮੇਰੇ ਨਾਲ ਉੱਥੇ ਇੱਕ ਮੁੰਡਾ ਸੀ ਉਸ ਨੇ ਮਾਸਟਰ ਡਿਗਰੀ ਕੀਤੀ ਹੋਈ ਸੀ।"

ਉਹ ਅੱਗੇ ਦੱਸਦਾ ਹੈ, ''''ਮੈਂ ਇੱਥੋਂ ਪਹਿਲਾਂ ਮਲੇਸ਼ੀਆ ਗਿਆ ਸੀ ਤੇ ਫਿਰ ਕੁਇਟੋ। ਕੁਇਟੋ ਤੋਂ ਮੈਂ ਬੱਸਾਂ ਤੇ ਗੱਡੀਆਂ ਰਾਹੀਂ ਕੋਲੰਬੀਆਂ, ਕੋਲੰਬੀਆ ਤੋਂ ਪਨਾਮਾ ਹੁੰਦੇ ਹੋਏ ਮੈਕਸੀਕੋ ਪਹੁੰਚਿਆ। ਜਿਸ ਤੋਂ ਬਾਅਦ ਮੈਂ ਅਮਰੀਕਾ ਜਾਣਾ ਚਾਹੁੰਦਾ ਸੀ। ਇਸ ''ਤੇ ਕੁੱਲ ਸਾਢੇ 18 ਲੱਖ ਰੁਪਏ ਦਾ ਖਰਚਾ ਆਇਆ।''''

ਉਹ ਕਹਿੰਦਾ ਹੈ, "ਬਸ ਹੁਣ ਕਿਸੇ ਨਾਲ ਗੱਲ ਕਰਨ ਨੂੰ ਜੀਅ ਨਹੀਂ ਕਰਦਾ, ਕੁਝ ਸਮਝ ਨਹੀਂ ਆ ਰਿਹਾ। ਓਹੀ ਗੱਲਾਂ ਵਾਰ-ਵਾਰ ਮੇਰੇ ਦਿਮਾਗ ਵਿੱਚ ਆਉਂਦੀਆਂ ਰਹਿੰਦੀਆਂ ਹਨ। 8 ਮਹੀਨੇ ਇੱਥੇ ਮਿਹਨਤ ਕਰਕੇ ਗਿਆ ਸੀ ਉਸ ਚੀਜ਼ ਦਾ ਵੀ ਮੁੱਲ ਨਹੀਂ ਮੁੜਿਆ। ਇਸੇ ਗੱਲ ਦਾ ਦੁਖ਼ ਹੈ।"

ਮੈਕਸੀਕੋ ਤੋਂ ਡਿਪੋਰਟ ਹੋਏ ਹਰਿਆਣਾ ਦੇ ਇਸ ਨੌਜਵਾਨ ਨੂੰ ਡੌਂਕੀ ਰੂਟ ਦੌਰਾਨ ਕਈ ਕਝ ਝੱਲਣਾ ਪਿਆ। ਉਨ੍ਹਾਂ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਨਾਲ ਇਹ ਵੀ ਸਾਂਝਾ ਕੀਤਾ ਕਿ ਵਾਪਿਸ ਆਉਣ ''ਤੇ ਲੋਕ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਹਨ।

ਹਰਿਆਣਾ ਦਾ ਇਹ ਨੌਜਵਾਨ ਕਹਿੰਦਾ ਹੈ, "ਵਾਪਿਸ ਤਾਂ ਆ ਗਏ ਹਾਂ ਪਰ ਘਰੋਂ ਨਿਕਲਣ ਨੂੰ ਜੀਅ ਨਹੀਂ ਕਰਦਾ ਕਿ ਲੋਕ ਹੱਸਣ ਨਾ ਅਮਰੀਕਾ ਗਿਆ ਸੀ ਤੇ ਵਾਪਿਸ ਆ ਗਿਆ। ਮਜਬੂਰੀ ਇਹ ਹੈ ਕਿ ਘਰ ਦੀ ਹਾਲਤ ਠੀਕ ਨਹੀਂ ਇਸ ਕਰਕੇ ਸੋਚਿਆ ਪਰਿਵਾਰ ਲਈ ਕੁਝ ਕਰੀਏ।"

"ਏਜੰਟ ਨੂੰ ਪੈਸੇ ਦਿੱਤੇ ਉਸ ਨੇ ਦਿੱਲੀ ਤੋਂ ਇਕੁਆਡੋਰ ਲਈ ਚੜ੍ਹਾ ਦਿੱਤਾ। ਇਕੁਆਡੋਰ ਤੋਂ ਕੋਲੰਬੀਆ ਕਿਸ਼ਤੀ ਵਿੱਚ ਬਿਠਾਇਆ। ਸਾਡੇ ਉੱਤੇ ਲਿਫਾਫੇ ਸੁੱਟ ਦਿੱਤੇ। ਜੇਕਰ ਅਸੀਂ ਬਾਹਰ ਵੇਖਦੇ ਸੀ ਤਾਂ ਸਾਡੇ ਨਾਲ ਮਾਰ-ਕੁੱਟ ਕੀਤੀ ਜਾਂਦੀ ਸੀ। 6-7 ਘੰਟੇ ਸਾਨੂੰ ਉੱਥੇ ਬਿਠਾਈ ਰੱਖਦੇ ਸਨ।"

"ਉਸ ਤੋਂ ਬਾਅਦ ਸਾਨੂੰ ਇੱਕ ਵੱਡੀ ਕਿਸ਼ਤੀ ਵਿੱਚ ਬਿਠਾਇਆ ਗਿਆ, ਉਸ ਵਿੱਚ 60-65 ਮੁੰਡੇ ਸੀ, ਸਾਡੇ ਨਾਲ ਕੁਝ ਔਰਤਾਂ ਵੀ ਸਨ। ਸਾਨੂੰ ਇਹ ਨਹੀਂ ਪਤਾ ਸੀ ਕਿ ਕਿਸ਼ਤੀ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ, ਚਾਰੇ ਪਾਸੇ ਪਾਣੀ ਸੀ। ਡਰ ਵੀ ਲੱਗ ਰਿਹਾ ਸੀ। ਇਹੀ ਸੋਚਦੇ ਸੀ ਕਿ ਰੱਬਾ ਅੱਜ ਸਾਨੂੰ ਬਚਾ ਲੈ ਅੱਗੇ ਤੋਂ ਅਜਿਹਾ ਕੰਮ ਨਹੀਂ ਕਰਾਂਗੇ।"

ਇਹ ਨੌਜਵਾਨ ਅੱਗੇ ਦੱਸਦਾ ਹੈ, "ਉਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਜੰਗਲ ਵਿੱਚ ਉਤਾਰ ਦਿੱਤਾ। ਉੱਥੇ ਰਸਤੇ ਵਿੱਚ ਵੇਖਿਆ ਜਿਵੇਂ ਕੰਕਾਲ ਹੁੰਦੇ ਹਨ ਉਵੇਂ ਹੀ ਇੱਕ ਮੇਰੇ ਸਾਹਮਣੇ ਬੈਠਾ ਸੀ। ਦਰਖ਼ਤ ਦੇ ਸਹਾਰੇ ਬੈਠਾ ਸੀ। ਹਰਿਆਣਾ ਜਾਂ ਪੰਜਾਬ ਦਾ ਹੀ ਲੱਗ ਰਿਹਾ ਸੀ। ਹੱਥ ਵਿੱਚ ਉਸ ਨੇ ਕੜਾ ਪਹਿਨਿਆ ਹੋਇਆ ਸੀ। ਉਹ ਵੇਖ ਕੇ ਸਾਰੀ ਰਾਤ ਨੀਂਦ ਨਹੀਂ ਆਈ।"

https://www.youtube.com/watch?v=guaXHakt8v4

ਕਈ ਸਰੀਰਕ ਦਿੱਕਤਾਂ ਵੀ ਆਉਂਦੀਆਂ ਹਨ

''''ਅੱਗੇ ਚਲਦੇ ਗਏ, ਕਿਸੇ ਦੇ ਪੈਰ ਗਲੇ ਹੋਏ ਸਨ, ਕਿਸੇ ਦੇ ਹੱਥ-ਪੈਰ ਸੁੱਜੇ ਹੋਏ ਸੀ। ਬਹੁਤ ਮਾੜਾ ਵੇਲਾ ਸੀ, ਜੇ ਸੌਣ ਬਾਰੇ ਸੋਚਦੇ ਵੀ ਸੀ ਤਾਂ ਖ਼ੁਦ ਹੀ ਨੀਂਦ ਨਹੀਂ ਆਉਂਦੀ ਸੀ।''''

ਨੌਜਵਾਨ ਦੱਸਦਾ ਹੈ ਕਿ ਜੇਕਰ ਕਿਸੇ ਨੂੰ ਇਹ ਸਭ ਦੱਸੀਏ ਤਾਂ ਸੋਚਦੇ ਹਨ ਕਿ ਇਹ ਤਾਂ ਐਵੇਂ ਹੀ ਮਜ਼ਾਕ ਬਣਾ ਰਿਹਾ ਹੈ।

''''24-24 ਘੰਟੇ ਇੱਕ ਹੀ ਕਮਰੇ ਵਿੱਚ ਰਖਦੇ ਸੀ। ਖਾਣ-ਪੀਣ ਨੂੰ ਵੀ ਕੁਝ ਨਹੀਂ ਮਿਲਦਾ ਸੀ। ਬਾਥਰੂਮ ਵੀ ਨਹੀਂ ਕਰਨ ਦਿੰਦੇ ਸੀ।''''

''''ਮੇਰੇ ਸਾਹਮਣੇ ਦੀ ਘਟਨਾ ਹੈ ਇੱਕ ਦੱਖਣੀ ਅਫਰੀਕਾ ਦਾ ਮੁੰਡਾ ਆਪਣੇ ਪੂਰੇ ਪਰਿਵਾਰ ਨਾਲ ਸੀ। ਪਹਾੜੀ ਤੇ ਚੜ੍ਹਨ ਵੇਲੇ ਉਸਦਾ ਪੈਰਾ ਖਿਸਕ ਗਿਆ ਤੇ ਉਹ ਹੇਠਾਂ ਡਿੱਗ ਗਿਆ। ਉਸੇ ਸਮੇਂ ਉਸਦੀ ਮੌਤ ਹੋ ਗਈ।''''

''''ਕੋਈ ਉਸ ਨੂੰ ਵੇਖ ਵੀ ਨਹੀਂ ਸਕਿਆ। ਹਰ ਕਿਸੇ ਨੂੰ ਇਹੀ ਸੀ ਕਿ ਸਾਡੀ ਜਾਨ ਬਚ ਜਾਵੇ।''''

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=YF0inyU98e8

https://www.youtube.com/watch?v=pVDNkQ1bgEM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News