ਖੂਨ ਦੇ ਰਿਸ਼ਤਿਆਂ ਤੋਂ ਜ਼ਿਆਦਾ ''''ਗੁਰੂ'''' ਨੂੰ ਕਿਉਂ ਮੰਨਦੇ ਹਨ ਖ਼ੁਸਰੇ
Tuesday, Jan 28, 2020 - 06:55 PM (IST)


ਬਹੁਤ ਪਹਿਲਾਂ ਦੀ ਗੱਲ ਹੈ। ਜਦੋਂ ਉਹ ਰਿਜ਼ਵਾਨ ਨਾਮ ਦਾ ਇੱਕ ਲੜਕਾ ਹੁੰਦੀ ਸੀ। ਉਸ ਦਿਨ ਨੂੰ ਚੇਤੇ ਕਰਦਿਆਂ ਉਹ ਦੱਸਦੀ ਹੈ ਕਿ ਉਸ ਦੀ ਲਿੰਗ, ਜਿਨਸੀ ਪਛਾਣ ਤੈਅ ਕਰਨ ਲਈ ਪੰਚਾਇਤ ਬੁਲਾਈ ਗਈ ਸੀ।
ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਸ਼ਹਿਰ ਨੇੜੇ ਇੱਕ ਪਿੰਡ ਦੀ ਵਸਨੀਕ ਹੈ। ਪਿੰਡ ਦੇ ਪੰਚਾਂ ਦਾ ਕਹਿਣਾ ਸੀ ਕਿ ਪਿੰਡ ਦੇ ਮੁੰਡੇ ਉਸਦੀ ਨਕਲ ਕਰਨਗੇ ਅਤੇ ਇਸ ਨਾਲ ਪਿੰਡ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਇਸ ਤੋਂ ਪਹਿਲਾਂ ਰਿਜ਼ਵਾਨ ਦਾ ਦਾਖ਼ਲਾ ਇੱਕ ਮਦਰੱਸੇ ਵਿੱਚ ਕਰਵਾ ਦਿੱਤਾ ਗਿਆ ਸੀ। ਰਿਜ਼ਵਾਨ ਦੇ ਦਾਦਾ ਉਥੇ ਮੌਲਵੀ ਸਨ।
ਹਾਲਾਂਕਿ, ਪੰਚਾਇਤ ਨੇ ਫ਼ੈਸਲਾ ਕੀਤਾ ਕਿ ਰਿਜ਼ਵਾਨ ਨੂੰ ਕਿਸੇ ਹੋਰ ਪਿੰਡ ਭੇਜਿਆ ਜਾਵੇਗਾ, ਜਿਥੇ ਉਹ ਆਪਣੀ ਭੈਣ ਨਾਲ ਰਹੇਗਾ। ਉਸ ਨੂੰ ਸਕੂਲ ਛੱਡਣਾ ਪਏਗਾ ਅਤੇ ਘਰੇਲੂ ਕੰਮ ਵਿੱਚ ਮਦਦ ਕਰਨੀ ਪਵੇਗੀ।
ਰਿਜ਼ਵਾਨ ਨੇ ਉਦੋਂ ਖ਼ੁਦ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ। ਉਸਨੇ ਮਹਿਸੂਸ ਕੀਤਾ ਕਿ ਹਰ ਕੋਈ ਉਸਨੂੰ ਇਕੱਲਾ ਛੱਡ ਗਿਆ ਹੈ। ਉਸਦੇ ਮਨ ਵਿੱਚ ਇਹ ਵੀ ਪ੍ਰਸ਼ਨ ਸਨ ਕਿ ਆਖ਼ਰਕਾਰ ਉਹ ਹੈ ਕੀ? ਰਿਜ਼ਵਾਨ ਨੂੰ ਆਪਣੀ ਪਛਾਣ ਜ਼ਾਹਰ ਕਰਨ ਲਈ ਸਜ਼ਾ ਦਿੱਤੀ ਗਈ।
ਪਿੰਡ ਦੀ ਪੰਚਾਇਤ ਦੇ ਉਸ ਫ਼ੈਸਲੇ ਨੂੰ ਕਈ ਸਾਲ ਬੀਤ ਚੁੱਕੇ ਹਨ। ਰਿਜ਼ਵਾਨ ਹੁਣ ਰਾਮਕਲੀ ਬਣ ਚੁੱਕੀ ਹੈ ਅਤੇ ਹੁਣ ਉਹ ਬਸੇਰਾ ਸਮਾਜਿਕ ਸੰਸਥਾਨ ਨਾਮ ਦੀ ਇੱਕ ਸਵੈ-ਸੇਵੀ ਸੰਸਥਾ ਦੇ ਕਨਵੀਨਰ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ। ਇਹ ਸੰਗਠਨ ਟ੍ਰਾਂਸਜੈਂਡਰ ਦੇ ਅਧਿਕਾਰਾਂ ਲਈ ਕੰਮ ਕਰਦਾ ਹੈ।
ਸਰਦੀ ਦੀ ਇੱਕ ਠੰਡੀ ਰਾਤ ਨੂੰ, ਰਾਮਕਲੀ ਨੋਇਡਾ ਦੀ ਇੱਕ ਇਮਾਰਤ ਦੀਆਂ ਪੌੜੀਆਂ ਚੜ੍ਹ ਕੇ ਇੱਕ ਛੋਟੇ ਹਨੇਰੇ ਕਮਰੇ ਦਾ ਦਰਵਾਜ਼ਾ ਖੋਲ੍ਹਦੀ ਹੈ। ਜਿਸ ਇਮਾਰਤ ''ਚ ਉਹ ਰਹਿੰਦੀ ਹੈ, ਉਸ ਦੀ ਦੂਸਰੀ ਅਤੇ ਤੀਜੀ ਮੰਜ਼ਿਲ ''ਤੇ ਉਨ੍ਹਾਂ ਦਾ ਪੂਰਾ ਸਮੂਹ ਰਹਿੰਦਾ ਹੈ।
ਇਹ ਵੀ ਪੜ੍ਹੋ
- ਭਾਰਤ ਦੇ ‘ਲਾਪਤਾ 54’ ਫ਼ੌਜੀਆਂ ਦਾ ਰਹੱਸ
- ਮੌਤ ਤੋਂ ਬਾਅਦ ਵੀ ਪੁਰਸ਼ਾਂ ਦੇ ਸ਼ੁਕਰਾਣੂ ਦਾਨ ਹੋ ਸਕਦੇ ਹਨ
- Coronavirus : ਚੀਨ ''ਚ 80 ਜਾਨਾਂ ਲੈਣ ਵਾਲੇ ਵਾਇਰਸ ਦੇ ਭਾਰਤ ਚ ਦਾਖ਼ਲ ਹੋਣ ਦਾ ਖ਼ਦਸ਼ਾ
ਰਾਮਕਾਲੀ ਨੇ ਜਿਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ, ਉੱਥੇ ਉਸ ਦੇ ਸਾਥੀ ਖੁਸਰਿਆਂ ਨੇ ਆਪਣਾ ਸਮਾਨ ਅਤੇ ਬਰਤਨ ਰੱਖੇ ਹੋਏ ਹਨ। ਇਕ ਹੋਰ ਖੁਸਰਾ ਸ਼ੀਸ਼ਾ ਲੈ ਕੇ ਸਾਮ੍ਹਣੇ ਖੜ੍ਹਾ ਹੁੰਦਾ ਹੈ ਅਤੇ ਰਾਮਕਲੀ ਆਪਣਾ ਰੂਪ ਬਦਲਣਾ ਸ਼ੁਰੂ ਕਰ ਦਿੰਦੀ ਹੈ।
ਪਹਿਲਾਂ ਉਹ ਆਪਣੇ ਚਿਹਰੇ ''ਤੇ ਪਾਉਡਰ ਅਤੇ ਲਾਲੀ ਲਗਾਉਂਦੀ ਹੈ, ਫਿਰ ਉਹ ਆਪਣੀਆਂ ਅੱਖਾਂ ''ਤੇ ਕਾਜਲ ਲਗਾਉਂਦੀ ਹੈ। ਪੌੜੀਆਂ ਤੋਂ ਹੇਠਾਂ ਆਉਂਦਿਆਂ ਹੀ ਰਾਮਕਲੀ ਦਾ ਚੇਲਾ ਮੰਨਤ ਚਾਹ ਬਣਾ ਰਿਹਾ ਹੈ।

''ਚੇਲਿਆਂ ਨੂੰ ਬੱਚੇ ਕਿਹਾ ਜਾਂਦਾ ਹੈ''
ਇਹ ਸਾਰੇ ਇੱਕ ਪਰਿਵਾਰ ਵਾਂਗ ਹੀ ਇਕੱਠੇ ਰਹਿੰਦੇ ਹਨ। ਰਾਮਕਲੀ ਖ਼ੁਸਰਿਆਂ ਦੀ ਗੁਰੂ ਹੈ। ਰਾਮਕਲੀ ਦੀ ਨਿਗਰਾਨੀ ਹੇਠਾਂ ਖੁਸਰਿਆਂ ਦਾ ਇੱਕ ਸਮੂਹ ਉਨ੍ਹਾਂ ਦੇ ਨਾਲ ਰਹਿੰਦਾ ਹੈ। ਰਾਮਕਲੀ ਆਪਣੀ ਐਨਜੀਓ ਦੇ ਨਾਲ ਹੀ ਪਾਰਲਰ ਵੀ ਚਲਾਉਂਦੀ ਹੈ।
ਇਸ ਵਿੱਚ, ਉਹ ਆਪਣੇ ਖੁਸਰੇ ਭਾਈਚਾਰੇ ਨੂੰ ਰੋਜ਼ੀ-ਰੋਟੀ ਕਮਾਉਣ ਦੀ ਸਿਖਲਾਈ ਦਿੰਦੀ ਹੈ ਤਾਂ ਕਿ ਉਹ ਵੇਸਵਾਗਮਨੀ ਜਾਂ ਭੀਖ ਮੰਗਣ ਤੋਂ ਇਲਾਵਾ ਹੋਰ ਕੁਝ ਕਰਕੇ ਆਪਣਾ ਖਰਚਾ ਚਲਾ ਸਕਣ।
ਪਹਿਲਾਂ, ਰਾਮਕਲੀ ਦੇ ਸਾਥੀ ਖ਼ੁਸਰਿਆਂ ਕੋਲ ਕਮਾਈ ਦਾ ਕੇਵਲ ਇਹ ਹੀ ਸਾਧਨ ਹੁੰਦਾ ਸੀ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਸੀ।
ਇਸ ਦਾ ਕਾਰਨ ਸੀ ਉਨ੍ਹਾਂ ਦੀ ਖਾਸ ਜਿਨਸੀ ਪਛਾਣ। ਉਨ੍ਹਾਂ ਦੀ ਜਿਨਸੀ ਪਛਾਣ। ਜਿਸ ਕਾਰਨ ਸਮਾਜ ਖੁਸਰਿਆਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ।
ਸਾਲ 2014 ਵਿੱਚ ਕੀਤੀ ਗਈ ਗਿਣਤੀ ਦੇ ਅਨੁਸਾਰ, ਭਾਰਤ ਵਿੱਚ ਤਕਰੀਬ਼ਨ ਪੰਜ ਲੱਖ ਲੋਕ ਅਜਿਹੇ ਹਨ, ਜੋ ਆਪਣੇ ਆਪ ਨੂੰ ਟ੍ਰਾਂਸਜੈਂਡਰ ਜਾਂ ਖੁਸਰਾ ਕਹਿੰਦੇ ਹਨ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਮੱਧਲਿੰਗੀ ਹਨ।
ਖ਼ੁਸਰੇ ਭਾਈਚਾਰੇ ਵਿੱਚ ਗੁਰੂ ਅਤੇ ਚੇਲਿਆਂ ਦਾ ਸੰਬੰਧ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਉਨ੍ਹਾਂ ਦੇ ਸਮਾਜਿਕ ਸੰਗਠਨ ਦਾ ਮੁੱਢਲਾ ਸਿਧਾਂਤ ਹੈ। ਬਹੁਤ ਸਾਰੇ ਤਰੀਕਿਆਂ ਨਾਲ, ਖੁਸਰਿਆਂ ਦੀ ਇਹ ਗੁਰੂ-ਚੇਲਾ ਪਰੰਪਰਾ, ਸੰਯੁਕਤ ਹਿੰਦੂ ਪਰਿਵਾਰਾਂ ਦੀ ਪਰੰਪਰਾ ਨਾਲ ਮੇਲ ਖਾਂਦੀ ਹੈ।
ਖ਼ੁਸਰਿਆਂ ਦੀ ਇਹ ਗੁਰੂ-ਚੇਲਾ ਵਿਵਸਥਾ ਸਮਾਜਕ ਚਲਣ ਨਾਲੋਂ ਵੱਖਰੀ ਹੈ ਜਿਥੇ ਚੇਲਿਆਂ ਅਤੇ ਧੀਆਂ ਨੂੰ ਉਨ੍ਹਾਂ ਦੇ ਬੱਚੇ ਕਿਹਾ ਜਾਂਦਾ ਹੈ।
ਰਾਮਕਲੀ ਕਹਿੰਦੀ ਹੈ ਕਿ ''ਖ਼ੁਸਰੇ ਭਾਈਚਾਰੇ ਵਿਚੋਂ ਗੁਰੂ ਉਹ ਹੈ, ਜੋ ਸਭ ਨੂੰ ਸਵੀਕਾਰਦਾ ਹੈ। ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਸਾਧਨ ਦੱਸਦਾ ਹੈ ਅਤੇ ਉਨ੍ਹਾਂ ਨੂੰ ਰਹਿਣ ਲਈ ਇੱਕ ਛੱਤ ਪ੍ਰਦਾਨ ਕਰਾਉਂਦਾ ਹੈ।''
ਫਿਰ ਉਹ ਆਪਣੇ ਚੇਲਿਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਵੀ ਦੱਸਦੀ ਹੈ।
ਜੇ ਕਰ ਕਿਸੇ ਨੂੰ ਖ਼ੁਸਰੇ ਭਾਈਚਾਰੇ ਦਾ ਮੈਂਬਰ ਬਣਨਾ ਹੈ, ਤਾਂ ਉਸਨੂੰ ਗੁਰੂ ਨੂੰ ਦਕਸ਼ਣਾ ਦੇਣੀ ਪਵੇਗੀ। ਫਿਰ ਉਹ ਆਪਣੇ ਚੇਲੇ ਦਾ ਨਵਾਂ ਨਾਮ ਰੱਖਦੇ ਹਨ ਅਤੇ ਆਪਣੇ ਸਮਾਜ ਵਿੱਚ ਉਸ ਨਵੇਂ ਮੈਂਬਰ ਨੂੰ ਸ਼ਾਮਲ ਕਰਦੇ ਹਨ। ਉਸ ਦੀ ਸਾਰਿਆਂ ਨਾਲ ਜਾਣ-ਪਛਾਣ ਕਰਾਉਂਦੇ ਹਨ।
ਰਾਮਕਲੀ ਕਹਿੰਦੀ ਹੈ ਕਿ ''ਸਾਡੀਆਂ ਮਾਵਾਂ ਨੇ ਤਾਂ ਸਾਨੂੰ ਮਹਿਜ਼ ਜਨਮ ਦਿੱਤਾ ਹੈ ਅਤੇ ਛੱਡ ਕੇ ਚਲੀਆਂ ਗਈਆਂ। ਅਸਲ ''ਚ ਗੁਰੂ ਨੇ ਹੀ ਸਾਨੂੰ ਪਨਾਹ ਦਿੱਤੀ ਹੈ। ਇੰਝ ਸਮਝ ਲਵੋਂ ਕਿ ਗੁਰੂ ਤੋਂ ਬਿਨਾਂ ਜੀਉਣਾ ਬਿਲਕੁਲ ਉਵੇਂ ਹੀ ਹੈ ਜਿਵੇਂ ਤੁਸੀਂ ਬਿਨਾਂ ਛੱਤ ਵਾਲੇ ਘਰ ਵਿੱਚ ਰਹਿੰਦੇ ਹੋ।

''ਕਿੰਨਰ ਹੋਣ ਦਾ ਅਹਿਸਾਸ ਤਾਂ ਪਹਿਲਾਂ ਤੋਂ ਹੀ ਸੀ''
ਜਦੋਂ ਰਾਮਕਾਲੀ ਛੋਟੀ ਜਿਹੀ ਸੀ ਅਤੇ ਰਿਜ਼ਵਾਨ ਵਜੋਂ ਜਾਣੀ ਜਾਂਦੀ ਸੀ, ਤਾਂ ਉਹ ਅਕਸਰ ਆਪਣੀ ਭੈਣ ਦਾ ਦੁੱਪਟਾ ਲੈ ਕੇ ਨੱਚਦੀ ਸੀ। ਉਸ ਸਮੇਂ, ਰਿਜ਼ਵਾਨ ਦੀ ਉਮਰ ਸਿਰਫ ਨੌਂ ਸਾਲ ਸੀ। ਉਹ ਕੁੜੀਆਂ ਨਾਲ ਹੀ ਖੇਡਦਾ ਸੀ ਅਤੇ ਉਨ੍ਹਾਂ ਦੀ ਨਕਲ ਕਰਦਾ ਸੀ। ਉਸਨੂੰ ਅਜੇ ਵੀ ਯਾਦ ਹੈ ਕਿ ਜਦੋਂ ਪਿੰਡ ਦੀ ਪੰਚਾਇਤ ਉਸਦੇ ਨਾਲ ਬੈਠੀ ਸੀ ਤਾਂ ਉਹਨਾਂ ਨੇ ਉਸ ਨੂੰ ਖੁਸਰਾ ਕਹਿ ਕੇ ਬੁਲਾਇਆ ਸੀ।
ਰਾਮਕਲੀ ਉਸ ਦਿਨ ਨੂੰ ਯਾਦ ਕਰਦੀ ਹੈ ਤੇ ਕਹਿੰਦੀ ਹੈ, ''ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰੇ ਖ਼ੁਸਰਾ ਹੋਣ ਦਾ ਅਹਿਸਾਸ ਮੇਰੇ ਤੋਂ ਪਹਿਲਾਂ ਦਾ ਹੀ ਸੀ।''
ਰਿਜ਼ਵਾਨ ਨੂੰ ਆਪਣੀ ਭੈਣ ਨਾਲ ਰਹਿਣ ਲਈ, ਦਸ ਕਿਲੋਮੀਟਰ ਦੂਰ ਦੂਜੇ ਪਿੰਡ ਭੇਜਿਆ ਗਿਆ ਸੀ। ਮੁਸੀਬਤਾਂ ਨੇ ਉਸਨੂੰ ਉਥੇ ਵੀ ਨਹੀਂ ਛੱਡਿਆ। ਜਦੋਂ ਰਿਜ਼ਵਾਨ ਦੀ ਭੈਣ ਦੇ ਇੱਕ ਤੋਂ ਬਾਅਦ ਇੱਕ ਦੋ ਧੀਆਂ ਪੈਦਾ ਹੋਈਆਂ, ਤਾਂ ਭੈਣ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਹੀ ਇਸ ਲਈ ਜ਼ਿੰਮੇਵਾਰ ਠਹਿਰਾਇਆ।
ਰਾਮਕਲੀ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਦੱਸਦੀ ਹੈ, ''ਮੈਂ ਬਹੁਤ ਇਕੱਲਾ ਮਹਿਸੂਸ ਕਰਦੀ ਸੀ। ਅਜਿਹਾ ਲਗਦਾ ਸੀ ਕਿ ਹਰ ਕੋਈ ਮੈਨੂੰ ਛੱਡ ਗਿਆ ਹੈ। ਮੈਂ ਸੋਚਦੀ ਸੀ ਕਿ ਮੈਂ ਦੁਨੀਆ ''ਚ ਆਪਣੀ ਤਰ੍ਹਾਂ ਦੀ ਇਕਲੌਤੀ ਇਨਸਾਨ ਹਾਂ ਜੋ ਇਸ ਤਰ੍ਹਾਂ ਮਹਿਸੂਸ ਕਰਦਾ ਹੈ। ਮੇਰੇ ਮਨ ਵਿੱਚ ਹਮੇਸ਼ਾਂ ਇੱਕ ਹੀ ਸਵਾਲ ਹੁੰਦਾ ਸੀ ਕਿ ਮੈਂ ਇਸ ਤਰ੍ਹਾਂ ਦੀ ਕਿਉਂ ਹਾਂ?
ਹਾਲਾਂਕਿ, ਜਦੋਂ ਰਿਜਵਾਨ ਦੇ ਅੱਬਾ ਫ਼ੌਤ ਹੋ ਗਏ, ਤਾਂ ਉਸਦੇ ਭਰਾਵਾਂ ਨੇ ਰੁਜ਼ਗਾਰ ਲਈ ਦਿੱਲੀ ਵਿੱਚ ਰਹਿਣ ਦਾ ਫੈਸਲਾ ਕੀਤਾ। ਉਸ ਸਮੇਂ ਦੌਰਾਨ ਰਿਜ਼ਵਾਨ ਦੀ ਮਾਂ ਉਸ ਕੋਲ ਗਈ ਅਤੇ ਕਿਹਾ ਕਿ ਉਹ ਉਸ ਨੂੰ ਅਪਣਾਉਣ ਲਈ ਤਿਆਰ ਹੈ।
ਸਤਾਰ੍ਹਾਂ ਸਾਲ ਦੀ ਉਮਰ ਵਿੱਚ, ਰਿਜ਼ਵਾਨ ਦਿੱਲੀ ਦੇ ਇੱਕ ਮੁਹੱਲੇ ਵਿੱਚ ਚਲਾ ਗਿਆ। ਉਦੋਂ ਹੀ ਰਿਜ਼ਵਾਨ ਦੀ ਮੁਲਾਕਾਤ ਇੱਕ ਖ਼ੁਸਰੇ ਨਾਲ ਹੋਈ। ਇਸ ਮੁਲਾਕਾਤ ਤੋਂ ਬਾਅਦ, ਰਿਜ਼ਵਾਨ ਨੂੰ ਅਹਿਸਾਸ ਹੋਇਆ ਕਿ ਉਹ ਜਿਹੜੀ ਦੁਬਿਧਾ ਦਾ ਸਾਹਮਣਾ ਕਰ ਰਿਹਾ ਹੈ, ਉਹ ਉਸਦੀ ਇਕਲੌਤੀ ਚੁਣੌਤੀ ਨਹੀਂ ਹੈ।
ਜਦੋਂ ਰਿਜ਼ਵਾਨ ਬਹੁਤ ਘੱਟ ਉਮਰ ਦਾ ਸੀ, ਤਾਂ ਉਸ ਨੂੰ ਮਰਦ ਹੋਣ ਦਾ ਅਹਿਸਾਸ ਨਹੀਂ ਸੀ ਹੁੰਦਾ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਟ੍ਰਾਂਸਜੈਂਡਰ ਕੀ ਹੈ ਅਤੇ ਖ਼ੁਸਰਾ ਹੋਣ ਦਾ ਮਤਲਬ ਕੀ ਹੈ।
ਹਾਲਾਂਕਿ, ਰਿਜ਼ਵਾਨ ਦੇ ਦਿਲ ਵਿੱਚ ਹਮੇਸ਼ਾਂ ਇਹ ਸਵਾਲ ਹੁੰਦਾ ਸੀ ਕਿ ਆਖ਼ਰ ਉਹ ਆਪਣੀਆਂ ਭੈਣਾਂ ਵਾਂਗ ਕਿਉਂ ਨਹੀਂ ਸੀ? ਉਹ ਕੁੜੀਆਂ ਨਾਲ ਖੇਡਣਾ ਚਾਹੁੰਦਾ ਸੀ। ਉਹ ਆਪਣੇ ਮਿਜ਼ਾਜ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਸੀ। ਉਸਦੇ ਦਿਲ ਵਿੱਚ ਸਵਾਲਾਂ ਦੇ ਤੂਫ਼ਾਨ ਉੱਠਦੇ ਰਹਿੰਦੇ ਸੀ। ਉਸਨੇ ਆਪਣੇ ਜਨਮ ਤੋਂ ਹੀ ਅਜਿਹਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ।

ਖ਼ੁਸਰਾ ਭਾਈਚਾਰੇ ਦੇ ਨਿਯਮ
ਆਪਣੇ ਇਸ ਨਵੇਂ ਦੋਸਤ ਦੀ ਮਦਦ ਨਾਲ ਰਿਜ਼ਵਾਨ ਨੇ ਆਪਣੇ ਆਪ ਨੂੰ ਉਸ ਹੀ ਅੰਦਾਜ਼ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ, ਯਾਨੀ ਇੱਕ ਔਰਤ ਦੀ ਤਰ੍ਹਾਂ, ਜਿਸ ਦੀ ਕਾਮਨਾ ਉਸ ਨੂੰ ਹਮੇਸ਼ਾ ਤੋਂ ਸੀ। ਉਹ ਦੋਵੇਂ ਅਕਸਰ ਇਕੱਠੇ ਬਾਹਰ ਜਾਂਦੇ ਸਨ। ਔਰਤਾਂ ਦੇ ਕੱਪੜੇ ਪਾਉਂਦੇ ਸਨ।
ਫਿਰ ਮੇਕਅਪ ਕਰਨ ਤੋਂ ਬਾਅਦ ਵੇਸਵਾਗਮਨੀ ਲਈ ਜਾਂਦੇ ਸਨ। ਉਨ੍ਹਾਂ ਨੂੰ ਸਿਰਫ਼ ਇਸ ਹੀ ਕੰਮ ਦਾ ਪਤਾ ਸੀ। ਕਿਉਂਕਿ ਜਦੋਂ ਵੀ ਦੋਵਾਂ ਨੇ ਨੌਕਰੀ ਲਈ ਅਰਜ਼ੀ ਦਿੱਤੀ ਤਾਂ ਇਸ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ।
ਭਾਵੇਂ ਇਹ ਕਲਰਕ ਦੀ ਨੌਕਰੀ ਲਈ ਹੋਵੇ ਜਾਂ ਚਪੜਾਸੀ ਲਈ। ਉਨ੍ਹਾਂ ਨੂੰ ਇਸ ਲਈ ਨੌਕਰੀ ਨਹੀਂ ਮਿਲਦੀ ਸੀ ਕਿਉਂਕਿ ਉਹ ਵੱਖਰੇ ਸਨ। ਰਾਮਕਲੀ ਅਤੇ ਉਸਦੇ ਦੋਸਤ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਬਾਕੀ ਲੋਕ ਅਸਹਿਜ ਹੋ ਜਾਂਦੇ ਹਨ।
ਜਦੋਂ ਰਾਮਕਾਲੀ 19 ਸਾਲਾਂ ਦੀ ਸੀ, ਤਾਂ ਉਹ ਆਪਣੇ ਦੋਸਤ ਨਾਲ ਭੱਜ ਕੇ ਕਾਨਪੁਰ ਚਲੀ ਗਈ। ਉਥੇ ਉਸਨੂੰ ਇੱਕ ਗੁਰੂ ਮਿਲੇ, ਜਿਸਨੇ ਉਨ੍ਹਾਂ ਦੋਵਾਂ ਨੂੰ ਆਪਣੀ ਸਰਪ੍ਰਸਤੀ ਹੇਠਾਂ ਲੈ ਲਿਆ। ਗੁਰੂ ਨੇ ਹੀ ਉਸ ਦਾ ਇੱਕ ਨਵਾਂ ਨਾਮ ਰੱਖਿਆ - ਰਾਮਕਲੀ।
ਰਾਮਕਲੀ ਕਾਨਪੁਰ ਵਿੱਚ ਪੰਜ ਸਾਲ ਰਹੀ। ਜਦੋਂ ਉਹ ਕਾਨਪੁਰ ਤੋਂ ਦਿੱਲੀ ਵਾਪਸ ਪਰਤੀ ਤਾਂ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਆਪਣਾ ਲਿੰਗ ਬਦਲਣ ਲਈ ਸਰਜਰੀ ਕਰਾਉਣ ਬਾਰੇ ਸੋਚ ਰਹੀ ਸੀ। ਪਰ, ਰਾਮਕਲੀ ਦੀ ਮਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਖੁਸਰਿਆਂ ਨਾਲ ਨਾ ਜਾਵੇ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸਦਾ ਪੁੱਤਰ ਸੜਕਾਂ ''ਤੇ ਭੀਖ ਮੰਗੇ।
ਰਾਮਕਲੀ ਅਜੇ ਆਪਣੀ ਮਾਂ ਦੇ ਨਾਲ ਰਹਿੰਦੀ ਹੈ। ਫਿਰ ਵੀ ਉਹ ਖ਼ੁਸਰਾ ਸਭਿਆਚਾਰ ਦਾ ਹਿੱਸਾ ਬਣ ਚੁੱਕੀ ਹੈ। ਪਰੰਪਰਾ ਦੇ ਅਨੁਸਾਰ, ਉਹ ਗੁਰੂ-ਚੇਲੇ ਦੇ ਰਿਵਾਜ਼ ਨੂੰ ਸਰਵਉੱਤਮ ਮੰਨਦੀ ਹੈ।
ਰਾਮਕਲੀ ਦੇ ਅਨੁਸਾਰ ਹਰ ਹਾਲ ''ਚ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਹ ਕਹਿੰਦੀ ਹੈ, ''ਜੇ ਅਸੀਂ ਖੁਸਰਾ ਭਾਈਚਾਰੇ ਦਾ ਹਿੱਸਾ ਹਾਂ, ਤਾਂ ਅਸੀਂ ਵਿਆਹ ਨਹੀਂ ਕਰ ਸਕਦੇ। ਨਾ ਹੀ ਸਾਡੇ ਬੁਆਏਫ੍ਰੈਂਡ ਹੋ ਸਕਦੇ ਹਨ। ਖ਼ੁਸਰੇ ਭਾਈਚਾਰੇ ਦੇ ਇਹ ਹੀ ਨਿਯਮ ਹਨ।
ਉਸ ਨੇ ਅੱਗੇ ਦੱਸਿਆ ਜੇ ਤੁਸੀਂ ਆਪਣੇ ਪਰਿਵਾਰ ਨੂੰ ਸੈਟਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹਾ ਕਰ ਸਕਦੇ ਹੋ। ਪਰ, ਅੰਤ ਵਿੱਚ, ਤੁਹਾਨੂੰ ਅਜਿਹੇ ਲੋਕਾਂ ਵਿੱਚ ਹੀ ਰਹਿਣਾ ਪਏਗਾ, ਜੋ ਤੁਹਾਡੇ ਵਰਗੇ ਹਨ।
ਆਪਣੀ ਵਿਸ਼ੇਸ਼ ਪਛਾਣ ਨਾਲ ਇਸ ਸੰਸਾਰ ਵਿੱਚ ਇਕੱਲੇ ਰਹਿਣਾ ਮੁਸ਼ਕਲ ਹੁੰਦਾ ਹੈ। ਜਦੋਂ ਹਰ ਕੋਈ ਸਾਨੂੰ ਛੱਡ ਦਿੰਦਾ ਹੈ, ਉਸ ਵੇਲੇ ਗੁਰੂ ਹੀ ਹੁੰਦੇ ਹਨ ਜੋ ਸਾਡੇ ਹੱਥ ਫੜਦੇ ਹਨ ਅਤੇ ਸਾਡੀ ਸਹਾਇਤਾ ਕਰਦੇ ਹਨ।
ਖੁਸਰਿਆਂ ਵਿਚ ਇਹ ਗੁਰੂ-ਚੇਲਾ ਪਰੰਪਰਾ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਦੀ ਹਿਫ਼ਾਜ਼ਤ ਦਾ ਸਮਾਜਕ ਸੁਰੱਖਿਆ ਘੇਰਾ ਹੈ।

''ਖੂਨ ਦੇ ਰਿਸ਼ਤੇ ਨਾਲੋਂ ਬਹੁਤ ਜ਼ਿਆਦਾ''
ਰਾਮਕਲੀ ਕਹਿੰਦੀ ਹੈ ਕਿ ਸਰਕਾਰ ਨੂੰ ਵੀ ਖ਼ੁਸਰਿਆਂ ਦੀ ਇਸ ਪਰੰਪਰਾ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੀ ਮਦਦ ਨਾਲ ਹੀ ਰਾਮਕਲੀ ਨੂੰ ਆਪਣੀ ਵਿਸ਼ੇਸ਼ ਪਹਿਚਾਣ ਨਾਲ ਜਿਉਣ ਦੀ ਤਾਕਤ ਮਿਲੀ। ਟਰਾਂਸਜੈਂਡਰਾਂ ਬਾਰੇ ਬਿੱਲ ਪਿਛਲੇ ਸਾਲ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਸੀ, ਇਹ ਖ਼ੁਸਰਾ ਭਾਈਚਾਰੇ ਦੇ ਇਸ ਰਵਾਇਤੀ ਢਾਂਚੇ ਨੂੰ ਮਾਨਤਾ ਦੇਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਸੀ।
ਇਸ ''ਚ ਅਜਿਹੇ ਲੋਕਾਂ ਲਈ ਮੁੜ ਵਸੇਬਾ ਕੇਂਦਰ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ, ਜਿਨ੍ਹਾਂ ਨੂੰ ਖ਼ੁਸਰਾ ਹੋਣ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੇ ਇਕੱਲਿਆਂ ਛੱਡ ਦਿੱਤਾ ਸੀ।
ਰਾਮਕਲੀ ਕਹਿੰਦੀ ਹੈ, ''ਸਾਡਾ ਪਰਿਵਾਰ ਖ਼ੂਨ ਦੇ ਰਿਸ਼ਤਿਆਂ ਨਾਲੋਂ ਕਿਧਰੇ ਵੱਡੀ ਚੀਜ਼ ਹੈ।''
ਪਰ, ਟ੍ਰਾਂਸਜੈਂਡਰ ਬਿੱਲ ਦੇ ਅਨੁਸਾਰ, ਜਿਨ੍ਹਾਂ ਲੋਕਾਂ ਦਰਮਿਆਨ ਖ਼ੂਨ ਦੇ ਰਿਸ਼ਤੇ ਨਹੀਂ ਹੁੰਦੇ, ਅਜਿਹਾ ਇਕੱਠੇ ਰਹਿਣ ਵਾਲਿਆਂ ਲੋਕਾਂ ਨੂੰ ਕਾਨੂੰਨ ਮਾਨਤਾ ਨਹੀਂ ਦਿੰਦਾ।
ਅਪ੍ਰੈਲ 2014 ਵਿੱਚ, ਸੁਪਰੀਮ ਕੋਰਟ ਨੇ ਖ਼ੁਸਰਾ ਭਾਈਚਾਰੇ ਨੂੰ ਤੀਜੇ ਲਿੰਗ ਵਜੋਂ ਕਾਨੂੰਨੀ ਮਾਨਤਾ ਦਿੱਤੀ ਸੀ।
ਇਕ ਤਰ੍ਹਾਂ ਨਾਲ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਰਾਹੀਂ ਖੁਸਰਾ ਤਹਿਜ਼ੀਬ ਨੂੰ ਮਾਨਤਾ ਦਿੱਤੀ ਸੀ। ਜਿਹੜੇ ਸਮਾਜ ਦੇ ਹੇਠਲੇ ਤਬ਼ਕੇ ਨਾਲ ਤਾਅਲੁੱਕ ਰੱਖਦੇ ਹਨ। ਅਤੇ ਉਨ੍ਹਾਂ ਦੀ ਪਛਾਣ ਆਦਮੀ ਅਤੇ ਔਰਤ ਦੀ ਸੈਕਸੁਆਲਿਟੀ ਤੋਂ ਵੱਖਰੀ ਹੈ। ਅਤੇ ਇਹ ਖੁਸਰੇ ਭਾਈਚਾਰਾ ਇੱਕ-ਦੂਜੇ ਨਾਲ ਮਿਲ ਕੇ ਰਹਿੰਦੇ ਹਨ। ਇਹ ਸਵੈ-ਨਿਰਭਰ ਹਨ ਅਤੇ ਇਕ ਦੂਜੇ ਦੀ ਸਹਾਇਤਾ ਨਾਲ ਇਸ ਸਮਾਜ ਨੂੰ ਚਲਾਉਂਦੇ ਹਨ।
ਇਹ ਪਰੰਪਰਾ ਇੱਕ ਅਨੁਸ਼ਾਸਤ ਪ੍ਰਣਾਲੀ ਦੇ ਅਧੀਨ ਕੰਮ ਕਰਦੀ ਹੈ, ਜਿਥੇ ਖੁਸਰੇ ਘਰਾਣੇ ਹੁੰਦੇ ਹਨ। ਉਨ੍ਹਾਂ ਦਾ ਰਹਿਣ-ਸਹਿਣ ਇੱਕ ਸੰਸਥਾਗਤ ਢੰਗ ਨਾਲ ਹੁੰਦਾ ਹੈ। ਜਿੱਥੇ ਨਵੇਂ ਮੈਂਬਰ ਨੂੰ ਆਉਣ ਤੋਂ ਬਾਅਦ ਇਸ ਸਮਾਜ ਵਿੱਚ ਰਹਿਣ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਟ੍ਰਾਂਸਜੈਂਡਰ ਬਿਲ ਦਾ ਵਿਰੋਧ
ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਹਰ ਮਨੁੱਖ ਨੂੰ ਆਪਣੀ ਪਸੰਦ ਅਨੁਸਾਰ ਆਪਣੀ ਜਿਨਸੀ ਪਛਾਣ ਦੀ ਚੋਣ ਕਰਨ ਦਾ ਅਧਿਕਾਰ ਹੈ। ਕਿਸੇ ਵੀ ਅਜਿਹੇ ਸਮੂਹ ਦੀ ਮਾਨਤਾ ਕੋਈ ਸਮਾਜਕ ਜਾਂ ਡਾਕਟਰੀ ਮੁੱਦਾ ਨਹੀਂ ਹੈ. ਬਲਕਿ ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ ਇਸ ਤੀਸਰੇ ਲਿੰਗ ਭਾਈਚਾਰੇ ਲਈ ਵੀ ਸਿੱਖਿਆ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਸਨ।
ਖੁਸਰੇ ਭਾਈਚਾਰੇ ਦਾ ਇਹ ਗੁਰੂ-ਚੇਲੇ ਵਾਲਾ ਰਿਵਾਜ਼ ਉਨ੍ਹਾਂ ਨੂੰ ਪਨਾਹ ਦਿੰਦਾ ਹੈ ਜਿਨ੍ਹਾਂ ਨੂੰ ਸਮਾਜ ਚੰਗੀ ਤਰ੍ਹਾਂ ਨਹੀਂ ਵੇਖਦਾ। ਉਹ ਲੋਕ ਜੋ ਔਰਤ ਅਤੇ ਆਦਮੀ ਦੇ ਦੋ ਹਿੱਸਿਆਂ ਵਿੱਚ ਵੰਡੇ ਸਮਾਜਿਕ ਖਾਂਚੇ ਵਿੱਚ ਫਿੱਟ ਨਹੀਂ ਬੈਠਦੇ।
ਇਹੀ ਕਾਰਨ ਹੈ ਕਿ ਖੁਸਰਾ ਭਾਈਚਾਰਾ ਟ੍ਰਾਂਸਜੈਂਡਰ ਬਿਲ ਦਾ ਵਿਰੋਧ ਕਰ ਰਿਹਾ ਹੈ। ਉਸ ਦੀਆਂ ਬਹੁਤ ਸਾਰੀਆਂ ਮੰਗਾਂ ਵਿਚੋਂ ਇੱਕ ਇਹ ਵੀ ਹੈ ਕਿ ਇਸ ਬਿੱਲ ਵਿੱਚ, ਖੁਸਰੇ ਸਭਿਆਚਾਰ ਨੂੰ ਵਿਸਥਾਰ ਨਾਲ ਸਮਝਾਇਆ ਜਾਣਾ ਚਾਹੀਦਾ ਹੈ।
ਰਾਮਕਾਲੀ ਦਾ ਕਹਿਣਾ ਹੈ ਕਿ ਖੁਸਰਿਆਂ ਦੀ ਆਮਦਨੀ ਦੀ ਰਵਾਇਤੀ ਵਿਵਸਥਾ ਭਾਵ ''ਬਸਤੀ ਵਧਾਈ'' ਨੂੰ ਵੀ ਕਾਨੂੰਨੀ ਸੁਰੱਖਿਆ ਮਿਲਣੀ ਚਾਹੀਦੀ ਹੈ।
ਹਾਲਾਂਕਿ, ਭੀਖ ਮੰਗਣ ਦਾ ਜ਼ਿਕਰ ਨਵੇਂ ਬਿੱਲ ਤੋਂ ਹਟਾ ਦਿੱਤਾ ਗਿਆ ਹੈ। ਖ਼ੁਸਰਾ ਸਮਾਜ ਦਾ ਮੰਨਣਾ ਸੀ ਕਿ ਭੀਖ਼ ਮੰਗਣ ਨੂੰ ਜੁਰਮ ਦੱਸਣ ਨਾਲ, ਇਹ ਬਿੱਲ ਖ਼ੁਸਰਿਆਂ ਦੀ ਖ਼ਾਸ ਸਾੰਸਕ੍ਰਿਤਕ ਪੱਛਾਣ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਇਸ ਬਿੱਲ ਵਿੱਚ ਰਿਹਾਇਸ਼ ਦੇ ਅਧਿਕਾਰ ਵਾਲੇ ਹਿੱਸੇ ਵਿੱਚ ਜ਼ਿਕਰ ਹੈ ਕਿ ''ਹਰੇਕ ਟ੍ਰਾਂਸਜੈਂਡਰ ਵਿਅਕਤੀ ਨੂੰ ਆਪਣੇ ਘਰ ਵਿੱਚ ਰਹਿਣ ਅਤੇ ਆਪਣੇ ਆਪ ਨੂੰ ਪਰਿਵਾਰ ਦਾ ਹਿੱਸਾ ਮੰਨਣ ਦਾ ਦਾਅਵਾ ਕਰਨ ਦਾ ਅਧਿਕਾਰ ਹੋਵੇਗਾ।
ਜੇ ਕਿਸੇ ਖ਼ੁਸਰੇ ਦਾ ਪਰਿਵਾਰ ਉਸ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹੈ, ਤਾਂ ਉਸ ਵਿਅਕਤੀ ਨੂੰ ਮੁੜ ਵਸੇਬਾ ਕੇਂਦਰ ਵਿਚ ਰੱਖਿਆ ਜਾ ਸਕਦਾ ਹੈ। ਅਜਿਹਾ ਕਿਸੀ ਸਮਰੱਥ ਅਦਾਲਤ ਦੇ ਆਦੇਸ਼ਾਂ ''ਤੇ ਕੀਤਾ ਜਾ ਸਕਦਾ ਹੈ।

ਕਿੰਨਰ ਸਮਾਜ ''ਚ ਆਇਆ ਕਾਫ਼ੀ ਬਦਲਾਅ
ਰਾਮਕਾਲੀ ਅਤੇ ਉਸ ਵਰਗੇ ਹੋਰਾਂ ਲਈ ਖੁਸਰਾ ਸਭਿਆਚਾਰ ਬਹੁਤ ਮਹੱਤਵਪੂਰਨ ਹੈ। ਉਹ ਉਨ੍ਹਾਂ ਨੂੰ ਖ਼ੁਦਮੁ਼ਖ਼ਤਿਆਰੀ ਦਾ ਅਹਿਸਾਸ ਕਰਾਉਂਦੀ ਹੈ। ਆਪਣੇ ਤਰੀਕੇ ਨਾਲ ਜੀਉਣ ਦਾ ਹੌਂਸਲਾ ਦਿੰਦੀ ਹੈ। ਇਹ ਕਿਸੇ ਵੀ ਇਨਸਾਨ ਦੀ ਜਜ਼ਬਾਤੀ ਅਤੇ ਜ਼ਹਿਨੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ।
ਹਾਲਾਂਕਿ, ਰਾਮਕਲੀ ਇਹ ਮੰਨਦੀ ਹੈ ਕਿ ਖੁਸਰਾ ਪਰਿਵਾਰਾਂ ਦੇ ਢਾਂਚੇ ਵਿੱਚ ਵੀ ਕਾਫ਼ੀ ਕਮੀਆਂ ਹਨ। ਉਨ੍ਹਾਂ ਦੇ ਆਪਣੇ ਭਾਈਚਾਰੇ ਵਿੱਚ ਵੀ ਖੁਸਰਿਆਂ ਦੇ ਸ਼ੋਸ਼ਣ ਦੀਆਂ ਉਦਾਹਰਣਾਂ ਮਿਲਦੀਆਂ ਹਨ।
ਹਾਲਾਂਕਿ, ਆਪਣਾ ਪਰਿਵਾਰ ਨਾ ਹੋਣ ਦੀ ਸੂਰਤ ''ਚ, ਖੁਸਰਿਆਂ ਨੂੰ ਆਪਣੇ ਸਮਾਜ ਵਿੱਚ ਰਹਿਣ ਅਤੇ ਜੀਵਨ ਗੁਜ਼ਾਰਨ ਦਾ ਟਿਕਾਣਾ ਤਾਂ ਮਿਲਦਾ ਹੀ ਹੈ।
ਪਿਛਲੇ ਕੁਝ ਸਾਲਾਂ ਵਿੱਚ, ਵੱਧ ਰਹੀ ਜਾਗਰੂਕਤਾ ਅਤੇ ਨੀਤੀਆਂ ਵਿੱਚ ਤਬਦੀਲੀਆਂ ਦੇ ਕਾਰਨ, ਇਸ ਸਭਿਆਚਾਰ ਵਿੱਚ ਬਹੁਤ ਸਾਰੇ ਬਦਲਾਅ ਆਏ ਹਨ।
ਅੱਜ, ਖੁਸਰਿਆਂ ਦਾ ਰਵਾਇਤੀ ਪਰਿਵਾਰ ਅਤੇ ਗੁਰੂ-ਚੇਲਾ ਵਿਵਸਥਾ ਦੇ ਦਰਮਿਆਨ ਫ਼ਾਸਲੇ ਮਿੱਟ ਰਹੇ ਹਨ। ਰਾਮਕਲੀ ਜਾਂ ਮੰਨਤ ਦੀ ਦੀ ਹੀ ਮਿਸਾਲ ਲੈ ਲਵੋ। ਦੋਵੇਂ ਆਪਣੀ ਅਸਲ ਮਾਂ ਨਾਲ ਰਹਿੰਦੇ ਹਨ। ਫਿਰ ਵੀ, ਜੇ ਉਹ ਗੁਰੂ ਨੂੰ ਆਪਣੀ ਅਸਲ ਮਾਂ ਤੋਂ ਵੱਧ ਨਹੀਂ, ਤਾਂ ਉਹ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ ਤਾਂ ਦਿੰਦੇ ਹੀ ਹਨ। ਪਰ, ਉਨ੍ਹਾਂ ਦੇ ਪਰਿਵਾਰ ਆਮ ਤੌਰ ''ਤੇ ਅੱਜ ਵੀ ਕਿਸੇ ਟ੍ਰਾਂਸਜੈਂਡਰ ਨੂੰ ਨਹੀਂ ਅਪਣਾਉਂਦੇ।
ਉਦਾਹਰਣ ਦੇ ਲਈ, ਮੁੰਬਈ ਦੇ ਕਮਾਠੀਪੁਰਾ ਇਲਾਕੇ ਵਿੱਚ ਇੱਕ ਵੇਸਵਾ ਘਰ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਕਿੰਨਰ ਦਾ ਕਹਿਣਾ ਹੈ ਕਿ ਇੱਥੇ ਰਹਿਣ ਵਾਲੇ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਸਾਰੇ ਸੰਬੰਧ ਖਤਮ ਕਰ ਦਿੱਤੇ।
https://www.youtube.com/watch?v=Rx7ooFxhvEM
ਅੱਜ ਵੀ, ਖੁਸਰੇ ਲੋਕਾਂ ਦੇ ਪਰਿਵਾਰਾਂ ਦੀਆਂ ਆਪਣੀਆਂ ਟ੍ਰਾਂਸਜੈਂਡਰ ਬੱਚਿਆਂ ਨੂੰ ਖੁੱਲ੍ਹ ਕੇ ਸਵੀਕਾਰ ਕਰਨ ਦੀਆਂ ਬਹੁਤ ਹੀ ਘੱਟ ਉਦਾਹਰਣਾਂ ਹਨ।
ਨੇਹਾ (ਨਾਮ ਬਦਲਿਆ ਗਿਆ), ਹੈਦਰਾਬਾਦ ਦੀ ਰਹਿਣ ਵਾਲੀ ਇੱਕ ਕਿੰਨਰ, ਕਹਿੰਦੀ ਹੈ, "ਮੈਂ ਕਈ ਸਾਲਾਂ ਤੋਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਮਿਲੀ। ਮੇਰੀ ਜ਼ਿੰਦਗੀ ਨਰਕ ਵਰਗੀ ਸੀ। ਫੇਰ ਮੈਂ ਆਪਣੇ ਗੁਰੂ ਨੂੰ ਮਿਲੀ ਅਤੇ ਇਹ ਉਨ੍ਹਾਂ ਦੀ ਮਦਦ ਦੀ ਬਦੌਲਤ ਹੀ ਮੈਂ ਅੱਜ ਜ਼ਿੰਦਾ ਹਾਂ।"
ਖੁਸਰਿਆਂ ਦੀ ਤਹਿਜ਼ੀਬ ਵਿੱਚ ਇੱਕ ਚੇਲੇ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਗੁਰੂ ਦੀ ਸੇਵਾ ਸੰਭਾਲ ਕਰੇ। ਟ੍ਰਾਂਸਜੈਂਡਰ ਸਮਾਜਿਕ ਸੁਰੱਖਿਆ ਦਾ ਗੁੰਝਲਦਾਰ ਅਤੇ ਬਹੁ-ਪੱਧਰੀ ਤਾਨਾ-ਬਾਨਾ ਹੈ। ਕੇਵਲ ਤਾਂ ਹੀ ਉਹ ਖੂਨ ਦੇ ਸੰਬੰਧਾਂ ਅਤੇ ਨਜ਼ਦੀਕੀ ਪਰਿਵਾਰਾਂ ਦੀ ਜਗ੍ਹਾਂ ਲੈ ਪਾਉਂਦਾ ਹੈ।
ਖੁਸਰਿਆਂ ਨੂੰ ਆਪਣੇ ਪਰਿਵਾਰਾਂ ਦੇ ਪਰਛਾਵੇਂ ਤੋੰ ਦੂਰ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਦਾ ਕਾਰਨ ਜਾਂ ਤਾਂ ਉਨ੍ਹਾਂ ਨਾਲ ਹੋ ਰਹੀ ਹਿੰਸਾ ਹੁੰਦੀ ਹੈ ਜਾਂ ਉਹ ਆਪਣੀ ਅਸਲ ਸ਼ਖਸੀਅਤ ਦੀ ਭਾਲ ਵਿੱਚ ਘਰ ਛੱਡ ਜਾਂਦੇ ਹਨ।
ਖੁਸਰਿਆਂ ਵਿੱਚ ਗੁਰੂ-ਚੇਲੇ ਦੇ ਇਸ ਸੰਬੰਧ ਕਾਰਨ, ਸਾਰੇ ਬਨਾਵਟੀ ਸੰਬੰਧ ਕਾਇਮ ਰੱਖਣ ਦੇ ਵੀ ਮੌਕੇ ਮਿਲਦੇ ਹਨ। ਜਿਵੇਂ ਗੁਰੂ ਦੀਆਂ ਭੈਣਾਂ ਮਾਸੀਆਂ ਬਣ ਜਾਂਦੀਆਂ ਹਨ ਜਾਂ ਗੁਰੂ ਦੀ ਗੁਰੂ, ਦਾਦੀ ਬਣ ਜਾਂਦੀ ਹੈ। ਗੁਰੂ ਅਤੇ ਚੇਲਾ ਇਕੋ ''ਘਰਾਨਾ'' ਨਾਲ ਸਬੰਧ ਰੱਖਦੇ ਹਨ।
ਟਰਾਂਸਜੈਂਡਰ ਬਿੱਲ ਦੇ ਬਾਰੇ, ਰਾਮਕਲੀ ਕਹਿੰਦੀ ਹੈ, ''ਇਹ ਬਿੱਲ ਮੈਨੂੰ ਭੋਜਨ ਅਤੇ ਪਨਾਹ ਨਹੀਂ ਦੇਵੇਗਾ। ਇਸ ਕਰਕੇ, ਸਮਾਜ ਮੈਨੂੰ ਅਪਣਾਉਣ ਨਹੀਂ ਜਾ ਰਿਹਾ। ਪਰ, ਮੇਰੀ ਗੁਰੂ ਜ਼ਰੂਰ ਮੈਨੂੰ ਆਪਣਾ ਲੈਣਗੇ। ਸਰਕਾਰ ਕੀ ਕਹਿੰਦੀ ਹੈ, ਇਹ ਕੀ ਕਰਦੀ ਹੈ ਇਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਸਾਡਾ ਪਰਿਵਾਰ ਸੁਰੱਖਿਅਤ ਹੈ ਅਤੇ ਇਹ ਰਿਸ਼ਤਾ ਇੰਵੇਂ ਹੀ ਮਜ਼ਬੂਤ ਬਣਿਆ ਰਹੇਗਾ।''

''ਬਨਾਵਟੀ ਪਹਿਚਾਣ ਮੇਰੇ ''ਤੇ ਬੋਝ ਹੈ''
ਇੱਕ ਹੋਰ ਦਿਨ ਦੀ ਗੱਲ ਹੈ। ਰਾਮਕਲੀ ਆਪਣੇ ਭਾਈਚਾਰੇ ਦੇ ਹੋਰਨਾਂ ਮੈਂਬਰਾਂ ਕੋਲ ਹਰੀ ਸਾੜ੍ਹੀ, ਚੂੜੀਆਂ ਅਤੇ ਝੁਮਕੇ ਪਹਿਣ ਕੇ ਜਾਂਦੀ ਹੈ। ਬਸੇਰਾ ਇੱਕ ਸੁਰੱਖਿਅਤ ਜਗ੍ਹਾ ਹੈ, ਜਿਥੇ ਇਹ ਖੁਸਰੇ ਆਪਣੇ ਮਨ ਮੁਤਾਬ਼ਕ ਕੱਪੜੇ ਪਹਿਨਦੇ ਹਨ। ਉਹ ਨੱਚਦੇ ਹਨ ਅਤੇ ਗਾਉਂਦੇ ਹਨ ਅਤੇ ਆਪਣੀ ਅਸਲ ਪਛਾਣ ਦਾ ਜਸ਼ਨ ਮਨਾਉਂਦੇ ਹਨ।
ਇੱਥੇ ਇੱਕ 22 ਸਾਲਾਂ ਦਾ ਨੌਜਵਾਨ ਵੀ ਹੈ ਜੋ ਫੈਸ਼ਨ ਡਿਜ਼ਾਈਨਰ ਬਣਨ ਦੀ ਸਿਖਲਾਈ ਲੈ ਰਿਹਾ ਹੈ।
ਉਹ ਹਰ ਰੋਜ਼ ਇਸ ਸਮਾਜ ਦੇ ਕੇਂਦਰ ਯਾਨਿ ਬਸੇਰਾ ਵਿੱਚ ਆਉਂਦਾ ਹੈ, ਤਾਂ ਜੋ ਉਹ ਇਨ੍ਹਾਂ ਲੋਕਾਂ ਨਾਲ ਰਹਿ ਸਕੇ। ਉਨ੍ਹਾਂ ਦੀ ਮਦਦ ਕਰ ਸਕੇ।
ਉਹ ਨੌਜਵਾਨ ਕਹਿੰਦਾ ਹੈ ਕਿ ਉਹ ਅਜੇ ਤੱਕ ਇਸ ਸਮਾਜ ਦਾ ਹਿੱਸਾ ਨਹੀਂ ਬਣ ਸਕਿਆ। ਇਸਦਾ ਕਾਰਨ ਉਸਦਾ ਪਰਿਵਾਰ ਹੈ, ਜੋ ਬਹੁਤ ਰੂੜੀਵਾਦੀ ਹੈ। ਉਹ ਜਾਣਦੇ ਹਨ ਕਿ ਇਸਦੇ ਅੰਦਰ ਔਰਤਾਂ ਦੇ ਗੁਣ ਹਨ। ਉਹ ਇੱਕ ਔਰਤ ਹੈ। ਲੇਕਿਨ ਪਰਿਵਾਰ ਨੇ ਉਸ ਨੌਜਵਾਨ ਦੀ ਲੜਕੀਆਂ ਵਰਗਾ ਦਿਖਣ ਅਤੇ ਕੱਪੜੇ ਪਹਿਨਣ ਦੀ ਇੱਛਾ ਨੂੰ ਖ਼ਾਰਿਜ ਕਰ ਦਿੱਤਾ ਹੈ।
ਜਲਦੀ ਹੀ ਉਹ ਇਸ ਨੌਜਵਾਨ ਦਾ ਵਿਆਹ ਆਪਣੇ ਰਿਸ਼ਤੇ ਦੀ ਇਕ ਭੈਣ ਨਾਲ ਕਰ ਦੇਣਗੇ। ਇਹ ਨੌਜਵਾਨ ਕਹਿੰਦਾ ਹੈ ਕਿ ਪਹਿਲਾਂ ਉਸਨੂੰ ਇੱਕ ਨੌਜਵਾਨ ਨਾਲ ਪਿਆਰ ਸੀ, ਪਰ, ਹੁਣ ਦੋਵੇਂ ਵੱਖ ਹੋ ਗਏ ਹਨ।
ਉਹ ਕਹਿੰਦਾ ਹੈ, ''ਸ਼ਾਇਦ ਮੇਰੇ ਵਿਆਹ ਤੋਂ ਪਹਿਲਾਂ ਮੈਂ ਉਸ ਕੁੜੀ ਨੂੰ ਆਪਣੇ ਬਾਰੇ ਦੱਸ ਦੇਵਾਂਗਾ। ਇਹ ਜ਼ਿੰਦਗੀ ਅਤੇ ਇਹ ਬਨਾਵਟੀ ਪਛਾਣ ਮੇਰੇ ਲਈ ਇੱਕ ਬੋਝ ਹੈ। ਮੈਂ ਆਪਣੀ ਜ਼ਿੰਦਗੀ ਜਿਉਣ ਲਈ ਸੁਤੰਤਰ ਨਹੀਂ ਹਾਂ।''
ਜਦੋਂ ਰਾਮਕਲੀ ਆਪਣੀਆਂ ਅੱਖਾਂ ''ਤੇ ਮਸਕਾਰਾ ਲਗਾਉਂਦੀ ਹੈ, ਤਾਂ ਉਹ ਨੌਜਵਾਨ ਮੁਸਕਰਾਉਂਦਾ ਹੈ ਅਤੇ ਅੱਖ ਮਾਰ ਕੇ ਰਾਮਕਲੀ ਨੂੰ ਇਸ਼ਾਰੇ ਕਰਦਾ ਹੈ।
ਉਹ ਇਨ੍ਹਾਂ ਖੁਸਰਿਆਂ ਵਿਚਕਾਰ ਇਥੇ ਆ ਕੇ ਬਹੁਤ ਖੁਸ਼ ਹੈ। ਕਿਉਂਕਿ ਉਹ ਸਮਝਦੇ ਹਨ ਕਿ ਇਹ ਕੀ ਹੈ। ਇਹ ਲੋਕ ਉਸ ਨੌਜਵਾਨ ਦਾ ਦੂਸਰਾ ਪਰਿਵਾਰ ਹਨ। ਜਦੋਂ ਉਹ ਇੱਥੋਂ ਬਾਹਰ ਆ ਜਾਂਦਾ ਹੈ ਅਤੇ ਉਸ ਬੇਰਹਿਮ ਸੰਸਾਰ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਸਨੂੰ ਆਦਮੀ ਦੇ ਨਕਲੀ ਭੇਸ ਨਾਲ ਜਿਉਣਾ ਪੈਂਦਾ ਹੈ।
ਇਹ ਵੀ ਪੜ੍ਹੋ
- ਹਾਲੀਵੁੱਡ ਫਿਲਮ ''ਚ ਸਿੱਖ ਦਿਖਾਏ ਜਾਣ ਬਾਰੇ ਟਿੱਪਣੀ ਨੂੰ ਕੈਪਟਨ ਨੇ ''ਬਕਵਾਸ'' ਕਿਉਂ ਕਿਹਾ
- ਚੀਨ 6 ਦਿਨਾਂ ਵਿੱਚ 1,000 ਬੈੱਡ ਦਾ ਹਸਪਤਾਲ ਕਿਵੇਂ ਬਣਾ ਸਕਦਾ ਹੈ
- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
ਇਹ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=U88C4w5k6go
https://www.youtube.com/watch?v=vVv4MjBK17g
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)