ਭਾਰਤ ਦੇ ‘ਲਾਪਤਾ 54’ ਫ਼ੌਜੀਆਂ ਦਾ ਰਹੱਸ

01/27/2020 12:10:27 PM

ਭਾਰਤੀ ਫ਼ੌਜੀਆਂ ਦਾ ਸਮੂਹ
Getty Images
ਭਾਰਤ-ਪਾਕਿਸਤਾਨ ਲੜਾਈ ਦੇ ਦੌਰਾਨ ਪਾਕਿਸਤਾਨ ਫ਼ੌਜ ਦੁਆਰਾ ਕਬਜ਼ੇ ਵਿੱਚ ਲਏ ਗਏ ਭਾਰਤੀ ਫ਼ੌਜੀ

ਉਨ੍ਹਾਂ ਨੂੰ ''ਲਾਪਤਾ 54'' ਕਿਹਾ ਜਾਂਦਾ ਹੈ। ਇਹ ਉਹ ਭਾਰਤੀ ਫ਼ੌਜੀ ਹਨ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈਆਂ ਲੜਾਈਆਂ ਦੀ ਨਫ਼ਰਤ ਵਿੱਚ ਭੁੱਲਾ ਦਿੱਤੇ ਗਏ ਹਨ। ਮੰਨਿਆ ਜਾਂਦਾ ਹੈ ਕਿ ਇਹ ਭਾਰਤੀ ਫ਼ੌਜੀ ਦੁਸ਼ਮਣ ਦੇਸ ਦੇ ਅਸ਼ਾਂਤ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਗੁਆਚ ਗਏ ਹਨ।

ਭਾਰਤ ਅਤੇ ਪਾਕਿਸਤਾਨ ਨੇ ਕਸ਼ਮੀਰ ਦੇ ਵਿਵਾਦਿਤ ਖੇਤਰ ''ਤੇ ਕਬਜ਼ਾ ਕਰਨ ਲਈ ਦੋ ਲੜਾਈਆਂ ਲੜੀਆਂ ਹਨ। ਪਹਿਲੀ ਜੰਗ 1947-48 ਵਿੱਚ ਆਜ਼ਾਦੀ ਤੋਂ ਤੁਰੰਤ ਬਾਅਦ ਹੋਈ ਸੀ। ਜਦਕਿ, 1965 ਵਿੱਚ ਕਸ਼ਮੀਰ ਲਈ ਦੋਵਾਂ ਦੇਸਾਂ ਨੇ ਦੂਜੀ ਲੜਾਈ ਲੜੀ ਸੀ।

ਇਨ੍ਹਾਂ ਯੁੱਧਾਂ ਤੋਂ ਬਾਅਦ, 1971 ਵਿੱਚ 13 ਦਿਨਾਂ ਦੀ ਲੜਾਈ ਵਿੱਚ ਪਾਕਿਸਤਾਨ ਨੂੰ ਭਾਰਤ ਦੇ ਹੱਥੋਂ ਸ਼ਰਮਨਾਕ ਹਾਰ ਮਿਲੀ ਸੀ। ਜਿਸ ਤੋਂ ਬਾਅਦ ਪੂਰਬੀ ਪਾਕਿਸਤਾਨ ''ਬੰਗਲਾਦੇਸ਼'' ਦੇ ਨਾਮ ਨਾਲ ਨਵਾਂ ਦੇਸ ਬਣ ਕੇ ਉੱਭਰਿਆ ਸੀ। ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ ਇੱਕ ਦੂਜੇ ਤੋਂ ਲਗਭਗ 1600 ਕਿਲੋਮੀਟਰ ਜਾਂ 990 ਮੀਲ ਦੂਰ ਸਥਿਤ ਸਨ।

ਭਾਰਤ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਲਾਪਤਾ ਹੋਏ 54 ਫ਼ੌਜੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਹਨ। ਪਰ, ਉਨ੍ਹਾਂ ਦੇ ਲਾਪਤਾ ਹੋਣ ਦੇ ਚਾਰ ਦਹਾਕਿਆਂ ਤੋਂ ਵੱਧ ਦੇ ਬਾਵਜੂਦ, ਨਾ ਤਾਂ ਉਨ੍ਹਾਂ ਦੀ ਸੰਖਿਆ ਬਾਰੇ ਕੁਝ ਪੱਕਾ ਪਤਾ ਹੈ ਅਤੇ ਨਾ ਹੀ ਇਹ ਪਤਾ ਹੈ ਕਿ ਉਹ ਕਿੱਥੇ ਹਨ? ਉਨ੍ਹਾਂ ਨਾਲ ਕੀ ਹੋਇਆ ਹੈ?

ਪਿਛਲੇ ਸਾਲ ਜੁਲਾਈ ਵਿੱਚ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸੰਸਦ ਨੂੰ ਦੱਸਿਆ ਸੀ ਕਿ ਇਸ ਵੇਲੇ 83 ਭਾਰਤੀ ਫ਼ੌਜੀ ਪਾਕਿਸਤਾਨ ਦੇ ਕਬਜ਼ੇ ਵਿੱਚ ਹਨ। ''ਲਾਪਤਾ 54'' ਸਿਪਾਹੀ ਵੀ ਇਨ੍ਹਾਂ ਵਿੱਚ ਸ਼ਾਮਲ ਹਨ।

ਬਾਕੀ ਸ਼ਾਇਦ ਉਹ ਸਿਪਾਹੀ ਹਨ ਜੋ ''ਗਲਤੀ ਨਾਲ ਸਰਹੱਦ ਪਾਰ ਕਰ ਗਏ''। ਜਾਂ ਫਿਰ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿਸਤਾਨ ਨਿਰੰਤਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਭਾਰਤ ਦਾ ਕੋਈ ਜੰਗੀ ਕੈਦੀ ਉਸਦੇ ਕਬਜ਼ੇ ਵਿੱਚ ਹੈ।

ਇਹ ਵੀ ਪੜ੍ਹੋ:

ਲਾਪਤਾ ਫ਼ੌਜੀ
AFP
ਐਲਡੀ ਕੌਰਾ ਆਪਣੇ ਲਾਪਤਾ ਪੁੱਤਰ ਕੈਪਟਨ ਰਵਿੰਦਰ ਕੌਰਾ ਦੀ ਫੋਟੋ ਹੱਥ ਵਿੱਚ ਫੜਿਆ ਹੋਇਆ

ਭਾਰਤ-ਪਾਕਿਸਤਾਨ ਦਾ ਰਿਸ਼ਤਾ

ਚੰਦਰਸੁਤਾ ਡੋਗਰਾ ਇੱਕ ਸੀਨੀਅਰ ਭਾਰਤੀ ਪੱਤਰਕਾਰ ਹਨ। ਉਨ੍ਹਾਂ ਨੇ ਭਾਰਤ ਦੇ ''ਲਾਪਤਾ 54'' ਫੌਜੀਆਂ ਬਾਰੇ ਕਈ ਸਾਲਾਂ ਤੱਕ ਖੋਜ ਕੀਤੀ ਹੈ। ਉਨ੍ਹਾਂ ਨੇ ਫ਼ੌਜ ਦੇ ਸੇਵਾਮੁਕਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਉਹ ਗੁੰਮ ਹੋਏ ਸਿਪਾਹੀਆਂ ਦੇ ਰਿਸ਼ਤੇਦਾਰਾਂ ਅਤੇ ਕਈ ਅਧਿਕਾਰੀਆਂ ਨੂੰ ਵੀ ਮਿਲੇ। ਉਨ੍ਹਾਂ ਨੇ ਇਨ੍ਹਾਂ ਲਾਪਤਾ ਫ਼ੌਜੀਆਂ ਬਾਰੇ ਚਿੱਠੀਆਂ, ਅਖ਼ਬਾਰ ਦੀਆਂ ਖ਼ਬਰਾਂ, ਯਾਦਗਾਰੀ ਚਿੰਨ੍ਹ, ਡਾਇਰੀਆਂ ਅਤੇ ਫੋਟੋਆਂ ਵੀ ਇਕੱਠੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਡੋਗਰਾ ਨੇ ਇਨ੍ਹਾਂ ਸੈਨਿਕਾਂ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਦਸਤਾਵੇਜ਼ ਵੀ ਦੇਖੇ ਹਨ, ਜੋ ਹੁਣ ਗੁਪਤ ਨਹੀਂ ਹਨ।

ਚੰਦਰਸੁਤਾ ਡੋਗਰਾ ਨੇ ਇਨ੍ਹਾਂ ''ਲਾਪਤਾ 54'' ਸਿਪਾਹੀਆਂ ਬਾਰੇ ਇੱਕ ਨਵੀਂ ਕਿਤਾਬ ਲਿਖੀ ਹੈ, ਜਿਸ ਦਾ ਨਾਮ ''ਮਿਸਿੰਗ ਇਨ ਐਕਸ਼ਨ: ਦਿ ਪਰਿਜਨਰਜ਼ ਹੂ ਨੇਵਰ ਕੇਮ ਬੈਕ ( Missing in Action: The Prisoners who never came back)

ਡੋਗਰਾ ਨੇ ਇਹ ਕਿਤਾਬ ਕਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਖੋਜ ਤੋਂ ਬਾਅਦ ਲਿਖੀ ਹੈ। ਇਸ ਦੇ ਜ਼ਰੀਏ, ਉਨ੍ਹਾਂ ਨੇ ਇਨ੍ਹਾਂ ਫ਼ੌਜੀਆਂ ਨਾਲ ਜੁੜੇ ਪ੍ਰਸ਼ਨਾਂ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਉਨ੍ਹਾਂ 54 ਸਿਪਾਹੀਆਂ ਨਾਲ ਕੀ ਹੋਇਆ?

ਚੰਦਰਸੁਤਾ ਡੋਗਰਾ ਦੀ ਖੋਜ ਤੋਂ ਲੱਗਦਾ ਹੈ ਕਿ ਉਨ੍ਹਾਂ ਫ਼ੌਜੀਆਂ ਦੇ ਨਾਲ ਇਨ੍ਹਾਂ ਵਿੱਚੋਂ ਕੁਝ ਵੀ ਹੋਣ ਦੀ ਸੰਭਾਵਨਾ ਹੈ।

ਕੀ ਇਹ ਫ਼ੌਜੀ ਜੰਗ ਲੜਦੇ ਸਮੇਂ ਮਾਰੇ ਗਏ? ਕੀ ਭਾਰਤ ਕੋਲ ਸਬੂਤ ਹਨ ਕਿ ਇਨ੍ਹਾਂ ਫ਼ੌਜੀਆਂ ਨੂੰ ਪਾਕਿਸਤਾਨ ਦੁਆਰਾ ਕੈਦ ਕੀਤਾ ਗਿਆ ਹੈ?

ਕੀ ਉਨ੍ਹਾਂ ਨੂੰ ਪਾਕਿਸਤਾਨ ਨੇ ਜਾਣਬੁੱਝ ਕੇ ਅਣਮਿੱਥੇ ਸਮੇਂ ਲਈ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ, ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੋਹਰੀ ਬਣਾ ਕੇ ਭਾਰਤ ਨਾਲ ਕੋਈ ਸੌਦਾ ਕੀਤਾ ਸਕੇ?

ਕੀ ਇਨ੍ਹਾਂ ''ਲਾਪਤਾ 54'' ਭਾਰਤੀ ਫ਼ੌਜੀਾੰ ਵਿੱਚੋਂ ਕੁਝ ਇੰਟੈਲੀਜੈਂਸ ਏਜੰਟ ਸਨ, ਜਿਵੇਂ ਕਿ ਪਾਕਿਸਤਾਨ ਦੇ ਕਈ ਅਧਿਕਾਰੀ ਮੰਨਦੇ ਹਨ। ਅਤੇ ਉਨ੍ਹਾਂ ਨੂੰ ਜਾਸੂਸੀ ਦੇ ਦੋਸ਼ ਵਿੱਚ ਪਾਕਿਸਤਾਨ ਨੇ ਫੜ ਲਿਆ ਸੀ? ਕੀ ਪਾਕਿਸਤਾਨ ਜੇਨੇਵਾ ਕਨਵੈਨਸ਼ਨ ਦੇ ਵਿਰੁੱਧ ਜਾ ਕੇ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਸਿਪਾਹੀਆਂ ਨਾਲ ਬੇਰਹਿਮੀ ਨਾਲ ਪੇਸ਼ ਆਇਆ? ਜੇਨੇਵਾ ਕਨਵੈਨਸ਼ਨ ਇੱਕ ਅੰਤਰਰਾਸ਼ਟਰੀ ਕਾਨੂੰਨ ਹੈ ਜੋ ਯੁੱਧ ਅਤੇ ਯੁੱਧ ਦੇ ਕੈਦੀਆਂ ਲਈ ਨਿਯਮ ਤੈਅ ਕਰਦਾ ਹੈ।

ਇਹ ਵੀ ਪੜ੍ਹੋ:

ਜੇ ਪਾਕਿਸਤਾਨ ਨੇ ਇਨ੍ਹਾਂ ਸਿਪਾਹੀਆਂ ਉੱਤੇ ਜੇਨੇਵਾ ਸੰਮੇਲਨ ਦੀ ਉਲੰਘਣਾ ਕੀਤੀ ਹੁੰਦੀ ਤਾਂ ਇਨ੍ਹਾਂ ਸਿਪਾਹੀਆਂ ਨੂੰ ਵਾਪਸ ਭਾਰਤ ਨੂੰ ਸੌਂਪਣਾ ਬਹੁਤ ਮੁਸ਼ਕਲ ਅਤੇ ਸ਼ਰਮਨਾਕ ਫੈਸਲਾ ਹੁੰਦਾ। ਕੀ ਇਨ੍ਹਾਂ ਵਿਚੋਂ ਕੁਝ ਲਾਪਤਾ ਹੋਏ ਸਿਪਾਹੀਆਂ ਨੂੰ ਤੁਰੰਤ ਫੜੇ ਜਾਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ? ਅਤੇ ਅਜਿਹਾ ਕੀ ਹੈ ਕਿ ਅਧਿਕਾਰਤ ਦਸਤਾਵੇਜ਼ਾਂ ਵਿੱਚ, ਭਾਰਤ ਇਨ੍ਹਾਂ 54 ਫੌਜੀਆਂ ਦੇ ਲਾਪਤਾ ਹੋਣ ਬਾਰੇ ਵੀ ਦੱਸਦਾ ਹੈ।

ਫਿਰ ਵੀ ਜਦੋਂ 1990 ਦੇ ਸ਼ੁਰੂ ਵਿੱਚ ਇਨ੍ਹਾਂ ਗੁੰਮ ਹੋਏ ਸੈਨਿਕਾਂ ਬਾਰੇ ਹੇਠਲੀ ਅਦਾਲਤ ਵਿੱਚ ਪਟੀਸ਼ਨ ਪਾਈ ਜਾਂਦੀ ਹੈ। ਤਾਂ, ਇਸ ਦੇ ਜਵਾਬ ਵਿੱਚ, ਸਰਕਾਰ ਨੇ ਆਪਣੇ ਅਜੀਬ ਹਲਫੀਆ ਬਿਆਨ ਵਿੱਚ ''ਸਵੀਕਾਰ ਕੀਤਾ'' ਕਿ 54 ਲਾਪਤਾ ਫੌਜੀਆਂ ਵਿੱਚੋਂ ''15 ਦੀ ਮੌਤ ਦੀ ਪੁਸ਼ਟੀ ਹੋਈ ਹੈ'' ਅਤੇ ਜੇ ਇਹ ਤੱਥ ਹੈ, ਤਾਂ ਫਿਰ ਵੀ ਭਾਰਤ ਸਰਕਾਰ ਕਿਉਂ ਦਾਅਵਾ ਕਰਦੀ ਹੈ ਕਿ ਇਹ 54 ਸਿਪਾਹੀ ਉਨ੍ਹਾਂ ਅਨੁਸਾਰ ਲਾਪਤਾ ਹਨ?

ਸੀਨੀਅਰ ਪੱਤਰਕਾਰ ਚੰਦਰ ਸੂਤਾ ਡੋਗਰਾ ਦਾ ਕਹਿਣਾ ਹੈ, "ਇਹ ਸਪੱਸ਼ਟ ਹੈ ਕਿ ਭਾਰਤ ਸਰਕਾਰ ਨੂੰ ਪਤਾ ਹੈ ਕਿ ਇਨ੍ਹਾਂ ਲਾਪਤਾ 54 ਜਵਾਨਾਂ ਵਿੱਚੋਂ ਕੁਝ ਦੀ ਅਸਲ ਵਿੱਚ ਮੌਤ ਹੋ ਗਈ ਹੈ। ਹਾਲਾਂਕਿ, ਸਵਾਲ ਇਹ ਉੱਠਦਾ ਹੈ ਕਿ ਫਿਰ ਇਨ੍ਹਾਂ ਫੌਜੀਆਂ ਦੇ ਨਾਮ ਲਾਪਤਾ ਫ਼ੌਜੀਆਂ ਦੀ ਸੂਚੀ ਵਿੱਚ ਕਿਉਂ ਹਨ? ਇਸਦਾ ਅਰਥ ਇਹ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਵਿੱਚ ਅਸਲੀਅਤ ਨੂੰ ਲਕੋ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਵਿੱਚ, ਸਰਕਾਰ ਨਾ ਸਿਰਫ਼ ਉਨ੍ਹਾਂ ਗੁੰਮ ਹੋਏ ਸਿਪਾਹੀਆਂ ਲਈ, ਬਲਕਿ ਭਾਰਤ ਦੇ ਲੋਕਾਂ ਲਈ ਵੀ ਜ਼ਿੰਮੇਵਾਰ ਹੈ ਕਿ ਉਹ ਇਸ ਮੁੱਦੇ ''ਤੇ ਸਾਰਿਆਂ ਦੇ ਸਾਮ੍ਹਣੇ ਸਹੀ ਤਸਵੀਰ ਰੱਖਣ।

ਇਨ੍ਹਾਂ ਲਾਪਤਾ ਸਿਪਾਹੀਆਂ ਵਿੱਚੋਂ ਇੱਕ ਸਿਪਾਹੀ ਦੇ ਭਰਾ ਨੇ ਮੈਨੂੰ ਦੱਸਿਆ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਸਿਪਾਹੀ ਦੇ ਭਰਾ ਨੇ ਕਿਹਾ, "ਅਸੀਂ ਜੰਗ ਵਿੱਚ ਜਿੱਤ ਦਾ ਜਸ਼ਨ ਮਨਾਉਣ ਦੇ ਚੱਕਰ ਵਿੱਚ ਇਨ੍ਹਾਂ ਸੈਨਿਕਾਂ ਨੂੰ ਭੁੱਲ ਗਏ। ਮੈਂ ਭਾਰਤ ਦੇ ਸਾਰੇ ਸ਼ਾਸਕਾਂ ਅਤੇ ਰੱਖਿਆ ਕਰਨ ਵਾਲਿਆਂ ''ਤੇ ਇਨ੍ਹਾਂ ਸਿਪਾਹੀਆਂ ਤੋਂ ਮੂੰਹ ਮੋੜਨ ਦਾ ਦੋਸ਼ ਲਾਉਂਦਾ ਹਾਂ। ਅਸੀਂ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਕੋਈ ਤੀਜਾ ਦੇਸ ਜਾਂ ਸੰਸਥਾ ਇਸ ਮਾਮਲੇ ਵਿੱਚ ਦਖ਼ਲ ਦੇਵੇ ਅਤੇ ਇਨ੍ਹਾਂ ਸਿਪਾਹੀਆਂ ਦੀ ਸੱਚਾਈ ਦਾ ਪਤਾ ਲਾਵੇ। ਪਰ ਭਾਰਤ ਸਰਕਾਰ ਇਸ ਲਈ ਸਹਿਮਤ ਨਹੀਂ ਹੋਈ।"

ਲਾਪਤਾ ਫ਼ੌਜੀ
AFP
ਲਾਪਤਾ ਫ਼ੌਜੀਆਂ ਦੇ ਰਿਸ਼ਤੇਦਾਰ ਦੋ ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕੁਝ ਹਾਸਿਲ ਨਹੀਂ ਹੋਇਆ

ਫਿਰ ਵੀ, ਇਹ ਪੂਰੀ ਕਹਾਣੀ ਦਾ ਸਿਰਫ਼ ਇਕ ਪਹਿਲੂ ਹੈ।

ਪੱਤਰਕਾਰ ਚੰਦਰ ਸੂਤਾ ਡੋਗਰਾ ਨੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਿਆ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਲਾਪਤਾ ਫ਼ੌਜੀ ਜੰਗ ਖ਼ਤਮ ਹੋਣ ਤੋਂ ਬਾਅਦ ਵੀ ਪਾਕਿਸਤਾਨੀ ਦੀਆਂ ਜੇਲ੍ਹਾਂ ਵਿੱਚ ਕੈਦ ਸਨ।

1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਲਾਪਤਾ ਹੋਏ ਇੱਕ ਵਾਇਰਲੈੱਸ ਆਪਰੇਟਰ ਦੇ ਪਰਿਵਾਰ ਨੂੰ ਭਾਰਤੀ ਫ਼ੌਜ ਨੇ ਅਗਸਤ 1966 ਵਿੱਚ ਉਸ ਸਿਪਾਹੀ ਦੀ ਮੌਤ ਬਾਰੇ ਪੁਸ਼ਟੀ ਦਿੱਤੀ ਸੀ। ਹਾਲਾਂਕਿ, 1974 ਤੋਂ 1980 ਦੇ ਵਿੱਚ ਤਿੰਨ ਸੈਨਿਕ ਜਿਨ੍ਹਾਂ ਨੂੰ ਪਾਕਿਸਤਾਨ ਨੇ ਭਾਰਤ ਨੂੰ ਵਾਪਸ ਕੀਤਾ ਸੀ, ਉਨ੍ਹਾਂ ਨੇ ਗੁੰਮ ਹੋਏ ਫੌਜੀਆਂ ਦੇ ਅਧਿਕਾਰੀਆਂ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਵਾਇਰਲੈੱਸ ਆਪਰੇਟਰ ਅਜੇ ਵੀ ਜਿੰਦਾ ਹੈ। ਫਿਰ ਵੀ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਕੁਝ ਨਹੀਂ ਕੀਤਾ ਗਿਆ।

ਇਹ ਵੀ ਨਹੀਂ ਹੈ ਕਿ ਇਨ੍ਹਾਂ ਕੈਦੀਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਕੁਝ ਨਹੀਂ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵਿੱਚ ਇਨ੍ਹਾਂ ਯੁੱਧ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਕਈ ਵਾਰ ਗੱਲਬਾਤ ਹੋਈ ਹੈ।

ਇਹ ਵੀ ਪੜ੍ਹੋ:

ਬਹੁਤ ਸਾਰੇ ਭਾਰਤੀ ਪ੍ਰਧਾਨ ਮੰਤਰੀਆਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਦੋਵਾਂ ਦੇਸ਼ਾਂ ਦੇ ਸਾਬਕਾ ਸਿਪਾਹੀਆਂ ਨੇ ਵੀ ਜੰਗ ਦੇ ਕੈਦੀਆਂ ਨੂੰ ਵਾਪਸ ਆਪਣੇ ਦੇਸ਼ ਭੇਜਣ ਲਈ ਮੁਹਿੰਮ ਚਲਾਈ ਹੈ। ਅਜਿਹਾ ਵੀ ਨਹੀਂ ਹੈ ਕਿ ਦੋਵਾਂ ਦੇਸ਼ਾਂ ਨੇ ਆਪਣੇ ਯੁੱਧ ਕੈਦੀਆਂ ਦੀ ਅਦਲਾ-ਬਦਲੀ ਨਹੀਂ ਕੀਤੀ ਹੈ। 1971 ਦੀ ਜੰਗ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਦੇ 93,000 ਸਿਪਾਹੀ ਵਾਪਸ ਕੀਤੇ ਸਨ।ਪਾਕਿਸਤਾਨ ਨੇ ਵੀ 600 ਦੇ ਲਗਭਗ ਭਾਰਤੀ ਸਿਪਾਹੀ ਵਾਪਸ ਕੀਤੇ ਸਨ।

ਇਨ੍ਹਾਂ ਲਾਪਤਾ ਸਿਪਾਹੀਆਂ ਦੀ ਭਾਲ ਲਈ ਉਨ੍ਹਾਂ ਦੇ ਰਿਸ਼ਤੇਦਾਰਾ ਦੋ ਵਾਰ ਪਾਕਿਸਤਾਨ ਵੀ ਗਏ ਸਨ। 1983 ਵਿੱਚ, ਛੇ ਲੋਕ ਇਨ੍ਹਾਂ ਲਾਪਤਾ ਫੌਜੀਆਂ ਦੀਆਂ ਫੋਟੋਆਂ ਅਤੇ ਹੋਰ ਜਾਣਕਾਰੀ ਲੈ ਕੇ ਪਾਕਿਸਤਾਨ ਗਏ ਅਤੇ ਉੱਥੇ ਦੀਆਂ ਜੇਲ੍ਹਾਂ ਵਿੱਚ ਆਪਣੇ ਰਿਸ਼ਤੇਦਾਰਾਂ ਦੀ ਭਾਲ ਕੀਤੀ।

ਇਸ ਤੋਂ ਬਾਅਦ 2007 ਵਿੱਚ ਇਸੇ ਉਦੇਸ਼ ਨਾਲ 14 ਲੋਕ ਪਾਕਿਸਤਾਨ ਗਏ ਸਨ। ਪਰ, ਦੋਵੇਂ ਵਾਰ ਇਹ ਲੋਕ ਲਾਪਤਾ ਫੌਜੀਆਂ ਨੂੰ ਲੱਭਣ ਵਿੱਚ ਅਸਫਲ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਕੈਦੀਆਂ ਨੂੰ ਮਿਲਣ ਨਹੀਂ ਦਿੱਤਾ। ਹਾਲਾਂਕਿ ਪਾਕਿਸਤਾਨ ਨੇ ਇਨ੍ਹਾਂ ਸੈਨਿਕਾਂ ਦੇ ਰਿਸ਼ਤੇਦਾਰਾਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 2007 ਵਿੱਚ, ਜਦੋਂ ਸੈਨਿਕਾਂ ਦੇ ਪਰਿਵਾਰ ਵਾਲੇ ਦੂਸਰੀ ਵਾਰ ਪਾਕਿਸਤਾਨ ਗਏ, ਤਾਂ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਗੱਲ ਦੇ ਪੱਕੇ ਸਬੂਤ ਸਨ ਕਿ ''ਇਹ ਸਿਪਾਹੀ ਜ਼ਿੰਦਾ ਹਨ ਅਤੇ ਪਾਕਿਸਤਾਨ ਵਿੱਚ ਹਨ''। ਇਨ੍ਹਾਂ ਦੋਸ਼ਾਂ ਦੇ ਜਵਾਬ ਵਿੱਚ, ਪਾਕਿਸਤਾਨ ਦੇ ਵਜ਼ਾਰਤ-ਏ-ਦਾਖਿਲਾ ਦੇ ਇੱਕ ਬੁਲਾਰੇ ਨੇ ਇਹ ਬਿਆਨ ਦਿੱਤਾ ਸੀ, "ਅਸੀਂ ਵਾਰ ਵਾਰ ਕਹਿ ਚੁੱਕੇ ਹਾਂ ਕਿ ਪਾਕਿਸਤਾਨ ਵਿੱਚ ਭਾਰਤ ਦਾ ਕੋਈ ਵੀ ਯੁੱਧ ਬੰਦੀ ਨਹੀਂ ਹੈ। ਅਸੀਂ ਅਜੇ ਵੀ ਇਸ ਗੱਲ ''ਤੇ ਪੱਕੇ ਹਾਂ।"

ਲਾਪਤਾ ਫ਼ੌਜੀ
Getty Images
ਫੜੇ ਹੋਏ ਪਾਕਿਸਤਾਨੀ ਫ਼ੌਜੀ ਇੱਕ ਜੇਲ੍ਹ ਵਿੱਚ ਤਾਰਾਂ ਦੇ ਪਿੱਛੇ ਬੈਠੇ ਹੋਏ

ਚੰਦਰ ਸੂਤਾ ਡੋਗਰਾ ਕਹਿੰਦੀ ਹਨ ਕਿ ਇਨ੍ਹਾਂ ਸਿਪਾਹੀਆਂ ਦੀ ਹਕੀਕਤ ''ਦੋਵਾਂ ਦਾਅਵਿਆਂ ਦੇ ਵਿਚਾਲੇ ਕੁਝ ਅਜਿਹੀ ਹੈ ਜਿਸ ਤੋਂ ਕੋਈ ਪਰਦਾ ਨਹੀਂ ਚੁੱਕਣਾ ਚਾਹੁੰਦਾ।''

ਇਨ੍ਹਾਂ ਜਵਾਨਾਂ ਬਾਰੇ ਇੱਕ ਗੱਲ ਸਪਸ਼ਟ ਹੈ ਕਿ ਇਨ੍ਹਾਂ ਸਿਪਾਹੀਆਂ ਦੇ ਪਰਿਵਾਰਾਂ ਦਾ ਦੁੱਖ ਖ਼ਤਮ ਨਹੀਂ ਹੋਇਆ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਿਪਾਹੀ ਅਜੇ ਵੀ ਜ਼ਿੰਦਾ ਹਨ।

ਇੰਡੀਅਨ ਏਅਰ ਫੋਰਸ ਦੇ ਪਾਇਲਟ ਐਚਐਸ ਗਿੱਲ ਦੀ ਉਦਾਹਰਣ ਹੀ ਲੈ ਲਓ। ਉਨ੍ਹਾਂ ਦੇ ਜੋਸ਼ ਕਰਕੇ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ''ਤੇਜ਼ ਰਫ਼ਤਾਰ'' ਗਿੱਲ ਕਹਿੰਦੇ ਸਨ। 1971 ਦੀ ਜੰਗ ਦੌਰਾਨ ਗਿੱਲ ਦੇ ਲੜਾਕੂ ਜਹਾਜ਼ ਨੂੰ ਸਿੰਧ ਵਿੱਚ ਗੋਲੀ ਮਾਰ ਕੇ ਸੁੱਟ ਦਿੱਤਾ ਗਿਆ ਸੀ। ਜਦੋਂ ਐਚਐਸ ਗਿੱਲ ਲਾਪਤਾ ਹੋਏ ਤਾਂ ਉਹ 38 ਸਾਲਾਂ ਦੇ ਸੀ।

ਗਿੱਲ ਦੇ ਨਾਮ ਦਾ ਕਈ ਵਾਰ ਭਾਰਤ ਦੇ ਲਾਪਤਾ ਫੌਜੀਆਂ ਦੀ ਸੂਚੀ ਵਿੱਚ ਜ਼ਿਕਰ ਕੀਤਾ ਗਿਆ ਸੀ। ਗਿੱਲ ਦੇ ਪਰਿਵਾਰ ਨੂੰ ਪੂਰਾ ਭਰੋਸਾ ਸੀ ਕਿ ਉਹ ਕਿਸੇ ਸਮੇਂ ਵਾਪਸ ਆ ਜਾਣਗੇ। ਹਾਲਾਂਕਿ, ਗਿੱਲ ਵਾਪਸ ਨਹੀਂ ਆਏ। ਤਿੰਨ ਸਾਲ ਪਹਿਲਾਂ ਗਿੱਲ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ। ਉਹ ਇੱਕ ਸਕੂਲ ਵਿੱਚ ਪ੍ਰਿੰਸੀਪਲ ਸਨ। ਉਨ੍ਹਾਂ ਦੇ ਪੁੱਤਰ ਨੇ ਆਪਣੀ ਉਮਰ ਦੇ ਤੀਜੇ ਦਹਾਕੇ ਵਿੱਚ ਖੁਦਕੁਸ਼ੀ ਕਰ ਲਈ। ਅੱਜ ਐਚਐਸ ਗਿੱਲ ਦੀ ਧੀ ਕਿੱਥੇ ਹੈ, ਉਨ੍ਹਾਂ ਦੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ।

ਐਚਐਸ ਗਿੱਲ ਦੇ ਭਰਾ ਗੁਰਬੀਰ ਸਿੰਘ ਗਿੱਲ ਦਾ ਕਹਿਣਾ ਹੈ, "ਸੱਚਾਈ ਇਹ ਹੈ ਕਿ ਮੈਂ ਅਜੇ ਵੀ ਉਮੀਦ ਨਹੀਂ ਛੱਡੀ। ਮੈਨੂੰ ਪਤਾ ਹੈ ਕਿ ਉਹ ਅਜੇ ਜ਼ਿੰਦਾ ਨਹੀਂ ਹੋਣਗੇ।ਪਰ, ਸਾਨੂੰ ਸੱਚ ਦੱਸਿਆ ਜਾਣਾ ਚਾਹੀਦਾ ਹੈ। ਸੱਚਾਈ ਨੂੰ ਨਾ ਪਤਾ ਹੋਣ ਕਾਰਨ, ਤੁਸੀਂ ਆਸ ਕਰਦੇ ਰਹਿੰਦੇ ਹੋ ਕਿ ਉਹ ਵਾਪਸ ਆ ਜਾਣਗੇ... ਹੈ ਨਾ?"

ਇਹ ਸੱਚ ਹੈ .... ਉਮੀਦਾਂ ਔਖੀਆਂ ਹੀ ਟੁੱਟਦੀਆਂ ਹਨ।

ਇਹ ਵੀ ਦੇਖੋ:

https://youtu.be/xWw19z7Edrs

ਵੀਡਿਓ: ਟੁੱਟੀਆਂ ਸੜਕਾਂ ਨੇ ਡਾਕਟਰ ਦੀ ਰੀੜ੍ਹ ਦੀ ਹੱਡੀ ਹਿਲਾਈ

https://www.youtube.com/watch?v=EMBS8MShsFA

ਵੀਡਿਓ: ਅਸੀਂ ਭਾਰਤ ਦੇ ਲੋਕ

https://www.facebook.com/BBCnewsPunjabi/videos/594621334603414/

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News