ਟੁੱਟੀ ਸੜਕ ਕਾਰਨ ‘ਹਿੱਲੀ ਰੀੜ ਦੀ ਹੱਡੀ’, ਡੀਸੀ ਨੂੰ ਪਹੁੰਚੀ ਸ਼ਿਕਾਇਤ

01/26/2020 9:10:24 PM

"ਟੁੱਟੀ ਸੜਕ ''ਤੇ ਲਗਾਤਾਰ ਸਫ਼ਰ ਕਰਦਿਆਂ ਬੁੱਢੇਵਾਰੇ ਮੇਰੀ ਰੀੜ੍ਹ ਦੀ ਹੱਡੀ ਹਿੱਲ ਗਈ। ਮੈਂ ਚੰਗੀ ਨੌਕਰੀ ਕਰਦਾ ਹਾਂ, ਤਾਂ ਹੀ ਮੈਂ ਮਹਿੰਗੇ ਭਾਅ ਦਾ ਆਪ੍ਰੇਸ਼ਨ ਕਰਵਾ ਕੇ ਤੁਰਨ-ਫਿਰਨ ਜੋਗਾ ਹੋ ਗਿਆ।"

ਇਹ ਸ਼ਬਦ ਡਾ. ਸੁਧੀਰ ਖਿੱਚੀ ਦੇ ਹਨ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਸੜਕ ਵਰਗੀ ਬੁਨਿਆਦੀ ਸਹੂਲਤ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਝੰਡਾ ਚੁੱਕਿਆ ਹੈ।

ਡਾ. ਸੁਧੀਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ (ਸਰਕਾਰੀ) ਫਰੀਦਕੋਟ ''ਚ ਸਰਜਰੀ ਵਿਭਾਗ ਦੇ ਪ੍ਰੋਫੈਸਰ ਤੇ ਹੈਡ ਆਫ਼ ਦਿ ਡਿਪਾਰਟਮੈਂਟ ਵਜੋਂ ਡਿਊਟੀ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ, "ਮੈਂ ਸੋਚਦਾ ਹਾਂ ਕਿ ਆਪਣੇ ਇਲਾਜ ਲਈ ਦੂਰ-ਦੁਰਾਡੇ ਤੋਂ ਸਾਡੇ ਹਸਪਤਾਲ ''ਚ ਆਉਣ ਵਾਲੇ ਬਿਰਧ ਮਰੀਜ਼ਾਂ ''ਤੇ ਟੁੱਟੀਆਂ ਸੜਕਾਂ ''ਤੇ ਸਫ਼ਰ ਕਰਦਿਆਂ ਕੀ ਬੀਤਦੀ ਹੋਵੇਗੀ। ਇਸੇ ਲਈ ਮੈਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਨਿਆਂ ਦੀ ਉਡੀਕ ਹੈ।"

ਅਸਲ ਵਿੱਚ ਡਾ. ਸੁਧੀਰ ਖਿੱਚੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਜਾਂਦੀ ਖਸਤਾ ਹਾਲ ਸੜਕ ''ਤੇ ਸਫ਼ਰ ਕਰਦਿਆਂ ਪਿਛਲੇ ਸਾਲ ਸਤੰਬਰ ਵਿੱਚ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲ ਗਏ ਹਨ ਅਤੇ ਇੱਕ ਲੱਤ ਵੀ ਖਲ੍ਹੋ ਗਈ ਸੀ।

ਇਹ ਵੀ ਪੜ੍ਹੋ-

ਡਿਪਟੀ ਕਮਿਸ਼ਨਰ ਤੋਂ ਦਖ਼ਲਅੰਦਾਜ਼ੀ ਮੰਗੀ

64 ਸਾਲਾਂ ਦੇ ਇਸ ਡਾਕਟਰ ਨੇ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਦਾ ਮੁੱਖ ਕਾਰਨ ਫਰੀਦਕੋਟ ਦੀ ਟੁੱਟੀ ਸੜਕ ਹੈ।

ਉਨਾਂ ਨੇ ਲੋਕ ਹਿਤ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਤੋਂ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।

ਇਸ ਸ਼ਿਕਾਇਤ ''ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਨੇ ਇਸ ਮਾਮਲੇ ਦੀ ਮੈਜਿਸਟਰੀਅਲ ਪੜਤਾਲ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਕੋਟਕਪੁਰਾ ਦੇ ਸਬ-ਡਿਵੀਜ਼ਨਲ-ਮੈਜਿਸਟਰੇਟ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

https://www.youtube.com/watch?v=EMBS8MShsFA

"ਮੇਰਾ ਵਕਤ ਹਰ ਰੋਜ਼ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ''ਚ ਹੀ ਗੁਜ਼ਰਦਾ ਹੈ। ਪੰਜਾਬ ਦੇ ਪ੍ਰਸਿੱਧ ਹਸਪਤਾਲ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਜਾਂਦੀ ਸੜਕ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਨਾਂ ''ਤੇ ਇੱਕ ਸਾਲ ਪਹਿਲਾਂ ਪੁੱਟ ਦਿੱਤੀ ਗਈ ਸੀ। ਪੁਟਾਈ ਦਾ ਕੰਮ ਹੋਣ ਮਗਰੋਂ ਕੰਮ ਬੰਦ ਹੋ ਗਿਆ ਹੈ।"

"ਆਵਾਜਾਈ ਲਈ ਕੋਈ ਸਰਵਿਸ ਰੋਡ ਵੀ ਨਹੀਂ ਦਿੱਤੀ ਗਈ। ਹਰ ਪਾਸੇ ਟੋਏ ਹੀ ਹਨ। ਮਜਬੂਰੀ ਵੱਸ ਹਰ ਰੋਜ਼ ਬੁੜ੍ਹਕ-ਬੁੜ੍ਹਕ ਕੇ ਲੋਕ ਹਸਪਤਾਲ ਆਉਂਦੇ ਹਨ। ਮੈਂ ਪੜ੍ਹਿਆ-ਲਿਖਿਆ ਹੋਣ ਕਰਕੇ ਇਸ ਮੁੱਦੇ ਨੂੰ ਲੋਕ ਹਿਤ ਲਈ ਚੁੱਕਣ ਦਾ ਫ਼ੈਸਲਾ ਲਿਆ ਹੈ। ਪਤਾ ਨਹੀਂ ਇਸ ਸੜਕ ''ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਕਿੰਨੇ ਲੋਕ ਪੀੜਤ ਹੋਣਗੇ।"

ਡਾ. ਖਿੱਚੀ ਦੱਸਦੇ ਹਨ ਕਿ ਮੈਡੀਕਲ ਸਾਇੰਸ ਮੁਤਾਬਕ ਟੁੱਟੀ ਸੜਕ ''ਤੇ ਜਾਂ ਕਿਸੇ ਹੋਰ ਤਰ੍ਹਾਂ ਦੇ ਝਟਕੇ ਪੈਣ ਕਾਰਨ ਬਜ਼ੁਰਗ ਬੰਦੇ ਦੀਆਂ ਹੱਡੀਆਂ ਹਿੱਲ ਸਕਦੀਆਂ ਹਨ।

ਉਨਾਂ ਦੱਸਿਆ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਤਾਂ ਸਫ਼ਲ ਹੋ ਗਈ ਹੈ ਪਰ ਹਾਲੇ ਵੀ ਉਨਾਂ ਨੂੰ ਅਰਾਮ ਦੀ ਲੋੜ ਹੈ।

''ਸੜਕ ਦੀ ਅਣਹੋਂਦ...ਹਾਦਸਿਆਂ ਦਾ ਸਬੱਬ''

"ਮੈਂ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਲੈਣ ਲਈ ਨਹੀਂ ਲੜ ਰਿਹਾ ਹਾਂ। ਮੈਂ ਇੱਕ ਚੇਤਨ ਆਵਾਜ਼ ਬੁਲੰਦ ਕਰਨ ਦਾ ਹਾਮੀ ਹਾਂ। ਹਾਂ, ਮੇਰੀ ਸੋਚ ਹੈ ਕਿ ਆਮ ਲੋਕਾਂ ਨੂੰ ਆਪਣੇ ਲਈ ਬੁਨਿਆਦੀ ਸਹੂਲਤਾਂ ਲੈਣ ਲਈ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ।"

ਲਾਭ ਸਿੰਘ ਪਿਛਲੇ 10 ਸਾਲਾਂ ਤੋਂ ਫਰੀਦਕੋਟ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਈ ਮਰੀਜ਼ਾਂ ਨੂੰ ਆਪਣੇ ਆਟੋ ਰਿਕਸ਼ਾ ''ਤੇ ਲੈ ਕੇ ਜਾਣ ਦਾ ਕੰਮ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਦੀ ਅਣਹੋਂਦ ਜਿੱਥੇ ਹਾਦਸਿਆਂ ਦਾ ਸਬੱਬ ਬਣ ਰਹੀ ਹੈ, ਉੱਥੇ ਹਰ ਰੋਜ਼ ਹਸਪਤਾਲ ਦੇ ਸਾਹਮਣੇ 20 ਤੋਂ 25 ਵਾਰ ਜਾਮ ਲਗਦਾ ਹੈ।

ਉਹ ਕਹਿੰਦੇ ਹਨ, "ਮਰੀਜ਼ਾਂ ਦਾ ਕੀ ਦੱਸਾਂ। ਇੱਕ ਤਾਂ ਉਹ ਪਹਿਲਾਂ ਹੀ ਬਿਮਾਰੀ ਤੋਂ ਪੀੜਤ ਹੋ ਕੇ ਇਲਾਜ ਲਈ ਹਸਪਤਾਲ ਦਾ ਰੁਖ਼ ਕਰਦੇ ਹਨ। ਸੜਕ ਦੀ ਮਾੜੀ ਹਾਲਤ ਕਾਰਨ ਮੇਰੇ ਆਟੋ ਰਿਕਸ਼ਾ ''ਚ ਬੈਠੇ ਮਰੀਜ਼ ਬੁੜ੍ਹਕ-ਬੁੜ੍ਹਕ ਚੀਕਾਂ ਮਾਰਦੇ ਹਨ ਪਰ ਮੈਂ ਕੀ ਕਰ ਸਕਦਾ ਹਾਂ। ਸਾਡੀ ਤਾਂ ਆਪਣੀ ਮਸ਼ੀਨਰੀ ਖ਼ਰਾਬ ਹੋ ਰਹੀ ਹੈ। ਹੁਣ ਤਾਂ ਸਰਕਾਰੀ ਹੀ ਕੁਝ ਸੋਚੇ।"

ਫਰੀਦਕੋਟ-ਸਾਦਿਕ ਸੜਕ ''ਤੇ ਕਾਰੋਬਾਰ ਕਰਨ ਵਾਲੇ ਵੀ ਆਪਣੀਆਂ ਦੁਕਾਨਾਂ ਨਾ ਚੱਲਣ ਕਾਰਨ ਪਰੇਸ਼ਾਨੀ ਝੱਲਣ ਲਈ ਮਜਬੂਰ ਹਨ। ਕਰਿਆਨੇ ਦੀ ਛੋਟੀ ਦੁਕਾਨ ਕਰਲ ਵਾਲੇ ਗੁਰਬਾਜ਼ ਸਿੰਘ ਆਪਣੀ ਦੁਕਾਨ ਸਾਹਮਣੇ ਪਿਛਲੇ ਇੱਕ ਸਾਲ ਤੋਂ ਲੱਗੇ ਮਿੱਟੀ ਦੇ ਢੇਰ ਤੋਂ ਦੁਖੀ ਹਨ।

"ਕੋਈ ਗਾਹਕ ਨਹੀਂ ਆ ਰਿਹਾ। ਸਾਰਾ ਦਿਨ ਮਿੱਟੀ ਉਡਦੀ ਰਹਿੰਦੀ ਹੈ। ਜਾਮ ਲਗਦਾ ਹੈ, ਗਾਹਕ ਕੋਈ ਹੈ ਨਹੀਂ। ਹੁਣ ਤਾਂ ਗੁਜ਼ਾਰਾ ਤਾਂ ਹੀ ਚੱਲ ਸਕਦਾ ਹੈ ਜੇ ਸਰਕਾਰ ਇਸ ਸੜਕ ਦਾ ਜਲਦੀ ਤੋਂ ਜਲਦੀ ਨਿਰਮਾਣ ਕਰਵਾ ਦੇਵੇ।"

ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਕਹਿੰਦੇ ਹਨ ਕਿ ਇਸ ਸੜਕ ਦੇ ਨਿਰਮਾਣ ''ਚ ਦੇਰੀ ਹੋਈ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ।

ਉਹ ਕਹਿੰਦੇ ਹਨ, "ਜੇਕਰ ਸੀਨੀਅਰ ਸਿਟੀਜਨ ਸੜਕ ਬਾਬਤ ਸ਼ਿਕਾਇਤਾਂ ਲੈ ਕੇ ਪ੍ਰਸਾਸ਼ਨ ਕੋਲ ਆ ਰਹੇ ਹਨ ਤਾਂ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਅਧਾਰ ''ਤੇ ਕਰਨਾ ਬਣਦਾ ਹੈ।"

"ਡਾ.ਸੁਧੀਰ ਖਿੱਚੀ ਦੀ ਸ਼ਿਕਾਇਤ ਨੂੰ ਮੈਂ ਗੰਭੀਰਤਾ ਨਾਲ ਲਿਆ ਹੈ ਤੇ ਇਸ ਸ਼ਿਕਾਇਤ ਦੀ ਜਾਂਚ ਐਸਡੀਐਮ ਕੋਟਕਪੁਰਾ ਮਨਦੀਪ ਕੌਰ ਦੇ ਸਪੁਰਦ ਕੀਤੀ ਗਈ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਸੜਕ ਦੇ ਨਿਰਮਾਣ ''ਚ ਦੇਰੀ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=Kos06saS050

https://www.youtube.com/watch?v=U88C4w5k6go

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News