ਕੀ ਚੰਡੀਗੜ੍ਹ ਉਹੀ ‘ਆਦਰਸ਼ ਸ਼ਹਿਰ’ ਹੈ ਜਿਸ ਦੀ ਦੁਨੀਆਂ ਨੂੰ ਤਾਂਘ ਹੈ — ਵਿਸ਼ਲੇਸ਼ਣ

01/25/2020 10:40:25 PM

ਚੰਡੀਗੜ੍ਹ, ਮਾਲੀ ਹਾਲਤ ਮੁਤਾਬਕ ਭਾਰਤ ਦਾ ਸਭ ਤੋਂ ਖੁਸ਼ਹਾਲ ਸ਼ਹਿਰ ਅਤੇ ਮੁਲਕ ਦੇ ਸਭ ਤੋਂ ਵੱਧ ਹਰਿਆਵਲ ਵਾਲੇ ਸ਼ਹਿਰਾਂ ਵਿੱਚੋਂ ਇੱਕ!

ਇਸ ਦਾ ਜਨਮ ਉਸ ਵੇਲੇ ਇੱਕ ਸੁਫ਼ਨੇ ਵਜੋਂ ਹੋਇਆ ਜਦੋਂ ਭਾਰਤ ਆਪਣੇ ਸਭ ਤੋਂ ਮਾੜੇ ਸਮਿਆਂ ਵਿੱਚੋਂ ਇੱਕ ਵਕਫ਼ਾ ਝੱਲ ਕੇ ਨਿਕਲਿਆ ਸੀ।

ਸਾਲ 1947 ਵਿੱਚ ਭਾਰਤ ਉਂਝ ਤਾਂ ਬ੍ਰਿਟੇਨ ਤੋਂ ਆਜ਼ਾਦ ਹੋਇਆ ਸੀ ਪਰ ਮੁਲਕ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇੱਕ ਕਰੋੜ ਤੇ ਚਾਰ ਲੱਖ ਲੋਕ — ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ — ਆਪਣੀ ਜ਼ਮੀਨ ਤੋਂ ਉਖੜ ਗਏ ਸਨ। ਮੌਤਾਂ ਦੇ ਅੰਕੜੇ ਦਾ ਅੰਦਾਜ਼ਾ 10 ਲੱਖ ਤੱਕ ਹੈ।

ਪੰਜਾਬ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਵਿਚਾਲੇ ਵੰਡਿਆ ਗਿਆ ਤਾਂ ਇਸ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਹਿੱਸੇ ਆਈ।

ਸਾਲ 1949 ਵਿੱਚ ਭਾਰਤ ਨੇ ਚੰਡੀਗੜ੍ਹ ਬਣਾਉਣ ਦਾ ਫੈਸਲਾ ਲਿਆ। ਇਸ ਨੇ ਬਣਨਾ ਸੀ ਭਾਰਤੀ ਪੰਜਾਬ ਦੀ ਰਾਜਧਾਨੀ ਅਤੇ ਸਾਰੀ ਦੁਨੀਆਂ ਲਈ ਇੱਕ ਆਧੁਨਿਕ ਸ਼ਹਿਰ ਦੀ ਮਿਸਾਲ।

ਇਸ ਸ਼ਹਿਰ ਵਿੱਚ ਜਮਹੂਰੀਅਤ, ਅਮਨ ਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਦਾ ਉਦੇਸ਼ ਸੀ।

ਉਸ ਵੇਲੇ ਅਮਰੀਕਾ ਨੂੰ ਦੁਨੀਆਂ ਵਿੱਚ ਜਮਹੂਰੀਅਤ ਜਾਂ ਲੋਕ ਤੰਤਰ ਦੀ ਮਿਸਾਲ ਮੰਨਿਆ ਜਾਂਦਾ ਸੀ। ਭਾਰਤੀ ਆਗੂ ਉੱਥੋਂ ਹੀ ਕਿਸੇ ਨੂੰ ਭਾਲਣ ਲੱਗੇ ਜੋ ਚੰਡੀਗੜ੍ਹ ਬਣਾਏ।

ਇਹ ਵੀ ਪੜ੍ਹੋ-

ਨਿਊ ਯਾਰਕ ਦੇ ਐਲਬਰਟ ਮੇਅਰ ਨਾਂ ਦੇ ਇੱਕ ਮਾਹਿਰ ਨੂੰ ਚੁਣਿਆ ਗਿਆ। ਉਹ ਪਹਿਲਾਂ ਹੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਲਾਹਕਾਰ ਸਨ।

ਐਲਬਰਟ ਮੇਅਰ ਨੇ ਪਹਾੜਾਂ ਨੇੜੇ ਇੱਕ ਸ਼ਹਿਰ ਦੀ ਕਲਪਨਾ ਕੀਤੀ ਕਿ ਆਧੁਨਿਕਤਾ ਦੀ ਮਿਸਾਲ ਅਤੇ ਬਗਾਨਾਂ ਵਾਲੇ ਸ਼ਹਿਰ ਦਾ ਇੱਕ ਰਲੇਵਾਂ ਤਿਆਰ ਕੀਤਾ ਜਾਵੇ।

ਯੋਜਨਾ ਵਿੱਚ ਰੁਕਾਵਟ ਪੈਦਾ ਹੋਈ ਜਦੋਂ ਸਾਲ 1950 ਵਿੱਚ ਮੇਅਰ ਦੇ ਸਾਥੀ ਮੈਥਿਊ ਨੋਵੀਕੀ ਦੀ ਇੱਕ ਹਵਾਈ ਜਹਾਜ਼ ਦੇ ਕ੍ਰੈਸ਼ ਵਿੱਚ ਮੌਤ ਹੋ ਗਈ।

ਰੁਕਾਵਟ ਦਾ ਦੂਜਾ ਕਾਰਨ ਵੀ ਸੀ। ਉਸ ਵੇਲੇ ਅਮਰੀਕੀ ਡਾਲਰ ਭਾਰਤੀ ਰੁਪਏ ਮੁਕਾਬਲੇ ਮਹਿੰਗਾ ਹੋ ਰਿਹਾ ਸੀ।

ਭਾਰਤ ਤੋਂ ਇੱਕ ਵਫ਼ਦ ਪੈਰਿਸ ਵਿੱਚ ਲੀ ਕਾਰਬੂਜ਼ੀਅਰ ਨਾਂ ਦੇ ਇੱਕ ਮਸ਼ਹੂਰ ਆਰਕੀਟੈਕਟ ਨੂੰ ਮਿਲਿਆ। ਸਵਿਟਜ਼ਰਲੈਂਡ ਤੇ ਫਰਾਂਸ ਮੂਲ ਦੇ ਕਾਰਬੂਜ਼ੀਅਰ ਦਾ ਵੀ ਲੰਮੇ ਸਮੇਂ ਤੋਂ ਸੁਪਨਾ ਸੀ ਕਿ ਇੱਕ ''ਆਦਰਸ਼ ਸ਼ਹਿਰ'' ਬਣਾ ਕੇ ਦੁਨੀਆਂ ਨੂੰ ਦਿਖਾਇਆ ਜਾਵੇ।

ਸ਼ੁਰੂਆਤੀ ਝਿਜਕ ਤੋਂ ਬਾਅਦ ਕਾਰਬੂਜ਼ੀਅਰ ਨੇ ਹਾਂ ਕਰ ਦਿੱਤੀ ਕਿ ਉਹ ਸ਼ਹਿਰ ਵੀ ਬਣਾਉਣਗੇ ਅਤੇ ਇਸ ਦੀਆਂ ਮੁੱਖ ਇਮਾਰਤਾਂ ਵੀ ਡਿਜ਼ਾਈਨ ਕਰਨਗੇ।

ਅੱਜ ਸੱਤ ਦਹਾਕਿਆਂ ਬਾਅਦ, ਜਦੋਂ ਕਾਰਬੂਜ਼ੀਅਰ ਦੀ ਮੌਤ ਨੂੰ ਵੀ ਪੰਜ ਦਹਾਕੇ ਹੋ ਗਏ ਹਨ, ਸਵਾਲ ਖੜ੍ਹਾ ਹੈ: ਕੀ ਵਾਕਈ ਇੱਕ ''ਆਦਰਸ਼ ਸ਼ਹਿਰ'' ਬਣਿਆ?

ਉਂਝ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਭਰ ਵਿੱਚ ਆਬਾਦੀ ਸ਼ਹਿਰਾਂ ਵੱਲ ਆ ਰਹੀ ਹੈ ਤਾਂ ਸ਼ਹਿਰਾਂ ਨੂੰ ਕੁਝ ਬਦਲਣ ਦੀ ਲੋੜ ਤਾਂ ਪਵੇਗੀ ਹੀ।

ਇਤਿਹਾਸ ਜ਼ਰਾ ਕੁਝ ਸਬਕ ਦਿੰਦਾ ਹੈ। ਇਹ ਤਾਂ ਨਹੀਂ ਪਤਾ ਕਿ ਦੁਨੀਆਂ ਵਿੱਚ ਪਹਿਲੀ ਵਾਰ ਕਦੋਂ ਸ਼ਹਿਰ ਬਣਾਏ ਗਏ।

ਇਹ ਜ਼ਰੂਰ ਪਤਾ ਹੈ ਕਿ ਕਈ ਵਾਰ ਵੱਡੇ-ਵੱਡੇ ਸ਼ਹਿਰ ਵੱਸੇ ਅਤੇ ਫਿਰ ਜ਼ਮੀਨ ਵਿੱਚ ਮਿਲ ਗਏ।

ਜਦੋਂ ਮਿਸਰ ਦੇ ਫੈਰੋਅ ਐਖਨਤਨ ਨੇ 1346 ਈਸਾ ਪੂਰਵ (BC) ਵਿੱਚ ਨਵੀਂ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਤਾਂ ਲੋਕ ਬਹੁਤੇ ਖੁਸ਼ ਨਹੀਂ ਹੋਏ।

ਅਮਾਰਨਾ ਨਾਮ ਦਾ ਸ਼ਾਹੀ ਵਸਾਇਆ ਗਿਆ ਤਾਂ ਇਸ ਰਾਹੀਂ ਪੁਰਾਣੀਆਂ ਧਾਰਮਿਕ ਮਾਨਤਾਵਾਂ ਨੂੰ ਵੀ ਪਾਸੇ ਕੀਤਾ ਗਿਆ। ਐਖਨਤਨ ਨੇ ਆਪਣਾ ਨਵਾਂ ਧਰਮ ਬਣਾਇਆ ਸੀ।

ਸ਼ਹਿਰ ਕਮਾਲ ਦੀ ਗਤੀ ਨਾਲ ਬਣਾਇਆ ਗਿਆ। ਪੰਜ ਸਾਲ ਮਸਾਂ ਲੱਗੇ।

ਜਦੋਂ ਰਾਜ ਬਦਲਿਆ ਤਾਂ ਪੁਰਾਣੇ ਦੇਵਤਾਵਾਂ ਅਤੇ ਧਰਮਾਂ ਦੀ ਵੀ ਵਾਪਸੀ ਹੋਈ। ਨਵੇਂ ਧਰਮ ਦੇ ਪ੍ਰਤੀਕ ਇਸ ਸ਼ਹਿਰ ਦਾ ਵੀ ਖ਼ਾਤਮਾ ਹੋ ਗਿਆ।

ਉਸ ਤੋਂ ਤਿੰਨ ਹਾਜ਼ਰ ਸਾਲ ਬਾਅਦ ਜਦੋਂ ਅਕਬਰ ਨੇ ਦਿੱਲੀ ਦੀ ਜਗ੍ਹਾ ਫਤਹਿਪੁਰ ਸੀਕਰੀ ਨੂੰ ਰਾਜਧਾਨੀ ਬਣਾਇਆ ਤਾਂ ਇਹ ਸਿਰਫ਼ 15 ਸਾਲ ਹੀ ਰਾਜਧਾਨੀ ਰਹੀ।

ਸਾਲ 1585 ਵਿੱਚ ਅਕਬਰ ਨੇ ਲਾਹੌਰ ਨੂੰ ਚੁਣ ਲਿਆ ਅਤੇ ਫਤਹਿਪੁਰ ਸੀਕਰੀ ਦੀਆਂ ਇਮਾਰਤਾਂ ਹੀ ਰਹਿ ਗਈਆਂ।

ਜਦੋਂ ਵਨੀਸ਼ੀਅਨ ਰਾਜ ਨੇ ਆਦਰਸ਼ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ ਤਾਂ 1593 ਵਿੱਚ ਪਾਮਾਨੋਵਾ ਹੋਂਦ ਵਿੱਚ ਆਇਆ। ਇਟਲੀ ਵਿੱਚ ਅਜੇ ਵੀ ਹੈ।

ਫੌਜੀਆਂ ਨੂੰ ਛੱਡ ਕੇ ਇਸ ਵਿੱਚ ਕੋਈ ਵੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਦੂਰ-ਦਰਾਡੇ ਸੀ।

ਸਾਲ 1611 ਵਿੱਚ ਤਾਂ ਕੈਦੀਆਂ ਨੂੰ ਇਸ ਸ਼ਰਤ ਉੱਤੇ ਛੱਡਿਆ ਗਿਆ ਕਿ ਉਹ ਇਸ ਸ਼ਹਿਰ ਵਿੱਚ ਜਾ ਕੇ ਰਹਿਣ।

ਇਹ ਮਿਸਾਲ ਹੈ ਕਿ ਆਮ ਲੋਕਾਂ ਦੀ ਮਰਜ਼ੀ ਬਗੈਰ ਸ਼ਹਿਰ ਅਸਲ ਵਿੱਚ ਸ਼ਹਿਰ ਨਹੀਂ ਬਣ ਸਕਦੇ।

ਉਂਝ ਯੋਜਨਾਵਾਂ ਬਣ ਕੇ ਅਧੂਰੀਆਂ ਵੀ ਰਹਿੰਦੀਆਂ ਰਹੀਆਂ ਹਨ। 1666 ਦੀ ਅੱਗ ਤੋਂ ਬਾਅਦ ਲੰਡਨ ਨੂੰ ਨਵੇਂ ਸਿਰਿਓਂ ਉਸਾਰਨ ਦਾ ਪਲਾਨ ਸੀ।

ਰੂਸ ਵਿੱਚ ਸੇਂਟ ਪੀਟਰਜ਼ਬਰਗ ਜ਼ਰੂਰ ਬਣਿਆ ਅਤੇ ਰਾਜਧਾਨੀ ਵੀ ਬਣਿਆ।

ਬਾਅਦ ਵਿੱਚ ਮਾਸਕੋ ਨੂੰ ਮੁੜ ਰਾਜਧਾਨੀ ਬਣਾਇਆ ਗਿਆ ਅਤੇ ਸੇਂਟ ਪੀਟਰਜ਼ਬਰਗ ਦਾ ਇਤਿਹਾਸ ਜੰਗਾਂ ਨਾਲ ਅਤੇ ਨਾਮ ਦੇ ਬਦਲਣ ਨਾਲ ਹੀ ਜੁੜਿਆ ਰਹਿ ਗਿਆ।

ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ਚਾਰ ਸਾਲਾਂ ਵਿੱਚ ਬਣੀ (1956-60) ਪਰ ਇਸ ਦੇ ਕਾਮੇ ਵਰਗ ਦੇ ਲੋਕ ਝੋਪਦੀਆਂ ਵਿੱਚ ਹੀ ਰਹਿ ਗਏ।

ਲੂਸੀ ਕੋਸਟਾ
AFP

ਅਜਿਹੇ ਸ਼ਹਿਰਾਂ ਵਿੱਚ ਇਤਿਹਾਸ ਦੀਆਂ ਪਰਤਾਂ, ਸੱਭਿਆਚਾਰ ਦੇ ਸੁਰ ਨਹੀਂ ਹੁੰਦੇ। ਇਸੇ ਲਈ ਲੋਕ ਇਨ੍ਹਾਂ ਵਿੱਚ ਰਹਿ ਕੇ ਬਹੁਤੇ ਖੁਸ਼ ਵੀ ਨਹੀਂ।

ਇਨ੍ਹਾਂ ਮਿਸਾਲਾਂ ਵਿਚਾਲੇ ਚੰਡੀਗੜ੍ਹ ਕੁਝ ਵੱਖਰਾ ਨਜ਼ਰ ਆਉਂਦਾ ਹੈ। ਇੱਥੇ ਹਰਿਆਲੀ ਵੀ ਬਹੁਤ ਹੈ, ਮੁਹੱਲੇ ਵੀ ਤਰਤੀਬ ਨਾਲ ਹੀ ਹਨ ਅਤੇ ਇਮਾਰਤਾਂ ਦੀ ਖੂਬਸੂਰਤੀ ਕਾਇਮ ਹੈ।

ਇਤਿਹਾਸ ਕਹਿੰਦਾ ਹੈ ਕਿ ਬਹੁਤੇ ਆਦਰਸ਼ ਸ਼ਹਿਰ ਤਾਂ ਕਾਗਜ਼ਾਂ ਉੱਤੇ ਹੀ ਰਹਿ ਜਾਂਦੇ ਹਨ ਪਰ ਚੰਡੀਗੜ੍ਹ ਇਸ ਮਾਮਲੇ ਵਿੱਚ ਤਰੱਕੀ ਦੇ ਰਾਹ ਉੱਤੇ ਹੈ।

ਖੈਰ, ਆਖਰੀ ਜਵਾਬ ਦਾ ਭਵਿੱਖ ਹੀ ਦੇਵੇਗਾ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=vVv4MjBK17g

https://www.youtube.com/watch?v=ckIGKaDd0i8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News