ਮੁਸਲਮਾਨ ਇੰਝ ਕਰ ਰਹੇ ‘ਬਚਾਅ ਦੀ ਤਿਆਰੀ’, ਖ਼ੌਫ਼ ਨੇ ਖੜ੍ਹਾਇਆ ਕਤਾਰਾਂ ’ਚ

01/25/2020 7:40:22 PM

ਰੇਹਾਨਬੀ
BBC
ਅਸੀਂ ਰੇਹਨਾਬੀ ਮੁਨਸਬ ਖ਼ਾਨ ਨੇ ਆਪਣੇ ਤੇ ਸਹੁਰੇ ਦੇ ਜਨਮ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ

ਜਨਵਰੀ ਦੀ ਠੰਢ ਦੀ ਇੱਕ ਸਵੇਰ ਦੇ 10 ਵੱਜੇ ਹਨ।

ਨਾਸਿਕ ਜ਼ਿਲ੍ਹੇ ਵਿਚ ਅਸੀਂ ਮਾਲੇਗਾਓਂ ਕੋਰਪੋਰੇਸ਼ਨ ਦੀ ਬਾਹਰਲੀ ਗਲੀ ''ਚ ਖੜ੍ਹੇ ਹਾਂ ਜੋ ਕਿ ਇੱਕ ਪੁਰਾਣੇ ਕਿਲ੍ਹੇ ਦੇ ਨੇੜੇ ਹੈ।

ਰੋਜ਼ਾਨਾ ਦੀ ਹਫ਼ੜਾ-ਦਫ਼ੜੀ ਅਜੇ ਸ਼ੁਰੂ ਨਹੀਂ ਹੋਈ ਹੈ ਪਰ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਕਰਨ ਵਾਲੀ ਖਿੜਕੀ ਦੇ ਬਾਹਰ ਇੱਕ ਲੰਬੀ ਲਾਈਨ ਹੈ।

ਦਰਵਾਜ਼ੇ ਦੇ ਨਾਲ ਵਾਲੀ ਗਲੀ ’ਚ ਭੀੜ ਹੈ। ਲੋਕ ਏਜੰਟਾਂ ਦੇ ਮੇਜ਼ ਦੁਆਲੇ ਇਕੱਠੇ ਹੋਏ ਹਨ ਜੋ ਫਾਰਮ ਭਰਨ ਵਿੱਚ ਮਦਦ ਕਰਦੇ ਹਨ। ਭੀੜ ਪਰੇਸ਼ਾਨ ਲਗਦੀ ਹੈ।

ਇਹ ਸਾਫ਼ ਹੈ ਕਿ ਲਗਭਗ ਸਾਰੇ ਬਿਨੇਕਾਰ ਮੁਸਲਮਾਨ ਹਨ। ਮਾਲੇਗਾਓਂ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ। ਸ਼ਹਿਰ ਵਿੱਚ ਤਕਰੀਬਨ 80% ਆਬਾਦੀ ਮੁਸਲਮਾਨ ਹੈ।

ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਲਾਈਨ ਵਿੱਚ ਸਾਰੇ ਮੁਸਲਮਾਨ ਹਨ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਇਸ ਦਫ਼ਤਰ ਦੇ ਬਾਹਰ ਲਗਾਤਾਰ ਭੀੜ ਹੈ।

ਸਤੰਬਰ ਤੋਂ ਲੈ ਕੇ ਮਾਲੇਗਾਓਂ ਕਾਰਪੋਰੇਸ਼ਨ ਨੂੰ ਜਨਮ ਸਰਟੀਫਿਕੇਟ ਲਈ 50 ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਕਾਰਨ? ਸੀਏਏ ਅਤੇ ਐਨਆਰਸੀ ਬਾਰੇ ਹੋ ਰਹੀ ਚਰਚਾ ਕਾਰਨ ਮੁਸਲਿਮ ਭਾਈਚਾਰਾ ਚਿੰਤਤ ਹੈ।

ਇਹ ਵੀ ਪੜ੍ਹੋ:

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ 11 ਦਸੰਬਰ ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਸੀ। ਇਹ ਐਕਟ ਪੂਰੇ ਦੇਸ ਵਿੱਚ 20 ਦਸੰਬਰ ਨੂੰ ਲਾਗੂ ਹੋਇਆ ਸੀ। ਪਰ ਇਸ ਬਾਰੇ ਚਰਚਾ ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ।

ਮਾਲੇਗਾਓਂ ਵਿੱਚ ਮੁਸਲਮਾਨ ਕਿਉਂ ਲੱਗੇ ਲਾਈਨਾਂ ਵਿੱਚ

ਵਿਰੋਧੀ ਪਾਰਟੀਆਂ ਨੇ ਇਸ ਕਾਨੂੰਨ ਦੇ ਮੁਸਲਿਮ ਵਿਰੋਧੀ ਹੋਣ ਦੀ ਅਲੋਚਨਾ ਕੀਤੀ ਸੀ ਅਤੇ ਭਾਜਪਾ ਸਰਕਾਰ ਨੇ ਇਸ ਆਲੋਚਨਾ ਦੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ। ਆਸਾਮ ਵਿੱਚ ਵਾਪਰੀਆਂ ਘਟਨਾਵਾਂ ਦੇ ਕਾਰਨ ਐਨਆਰਸੀ ਤੇ ਦੇਸ ਭਰ ਵਿੱਚ ਚਰਚਾ ਦਾ ਰਾਹ ਬਣਾਇਆ। ਅਜਿਹੇ ਵਿੱਚ ਸਤੰਬਰ ਮਹੀਨੇ ਤੋਂ ਮਾਲਗਾਓਂ ਕਾਰਪੋਰੇਸ਼ਨ ਜਨਮ ਸਰਟੀਫਿਕੇਟ ਲਈ ਲੰਬੀਆਂ ਕਤਾਰਾਂ ਦੇਖਦੀ ਆ ਰਹੀ ਹੈ।

ਮਾਲੇਗਾਓਂ
BBC

ਮਾਲੇਗਾਓਂ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ ਕਹਿਣਾ ਹੈ, "ਤਕਰੀਬਨ ਪਿਛਲੇ ਚਾਰ ਮਹੀਨਿਆਂ ਤੋਂ ਤਕਰਬੀਨ ਸਤੰਬਰ ਤੋਂ ਲੈ ਕੇ ਕਾਰਪੋਰੇਸ਼ਨ ਵਿੱਚ ਲਾਈਨਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਦੌਰਾਨ ਸਾਨੂੰ 50 ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਆਮ ਤੌਰ ''ਤੇ ਅਜਿਹੀ ਸਥਿਤੀ ਨਹੀਂ ਹੁੰਦੀ ਪਰ ਅਸੀਂ ਪਿਛਲੇ ਚਾਰ ਮਹੀਨਿਆਂ ਤੋਂ ਇਹ ਦੇਖ ਰਹੇ ਹਾਂ। ਸਪੱਸ਼ਟ ਤੌਰ ''ਤੇ ਕਾਰਨ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਮਾਹੌਲ ਦਾ ਹੈ।"

ਇੱਥੋਂ ਦੇ ਮੁਸਲਮਾਨ ਭਾਈਚਾਰੇ ਨੂੰ ਡਰ ਹੈ ਕਿ ਉਨ੍ਹਾਂ ਨੂੰ ਆਪਣੇ ਕਾਗਜ਼ਾਤ- ਜਨਮ ਸਰਟੀਫਿਕੇਟ, ਜਨਮ ਸਥਾਨ, ਨਿਵਾਸ ਸਰਟੀਫਿਕੇਟ ਤਿਆਰ ਰੱਖਣੇ ਪੈਣਗੇ। ਉਹ ਆਪਣੇ ਖੁਦ ਦੇ ਸਰਟੀਫਿਕੇਟ ਅਤੇ ਪੁਰਾਣੀ ਪੀੜ੍ਹੀ ਦੇ ਪਰਿਵਾਰਕ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਇਕੱਠੇ ਕਰ ਰਹੇ ਹਨ। ਜਿਵੇਂ ਸਕੂਲ ਛੱਡਣ ਦੇ ਸਰਟੀਫਿਕੇਟ ਵਿੱਚ ਜਨਮ ਸਥਾਨ ਨੋਟ ਕੀਤਾ ਜਾਂਦਾ ਹੈ, ਉਹ ਉਸ ਸਰਟੀਫਿਕੇਟ ਦੀ ਵੀ ਭਾਲ ਕਰ ਰਹੇ ਹਨ।

ਉਹ ਜਨਮ ਸਰਟੀਫਿਕੇਟ ਵੀ ਹਾਲਿਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਉਹ ਇਹ ਪਤਾ ਲਗਾਉਣ ਲਈ ਨਿਗਮ ਵਿੱਚ ਬਿਨੈ-ਪੱਤਰ ਦਾਇਰ ਕਰਦੇ ਹਨ ਕਿ ਉਨ੍ਹਾਂ ਦਾ ਜਨਮ ਰਜਿਸਟਰਡ ਹੈ ਜਾਂ ਨਹੀਂ। ਜੇ ਕੋਈ ਰਜਿਸਟਰੇਸ਼ਨ ਨਹੀਂ ਹੈ ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਹਲਫ਼ਨਾਮਾ ਦਾਖਲ ਕਰਨਾ ਪਏਗਾ। ਉਨ੍ਹਾਂ ਨੂੰ ਅਖ਼ਬਾਰਾਂ ਵਿੱਚ ਛਪਵਾ ਕੇ ਪੁੱਛਣਾ ਪੈਂਦਾ ਹੈ ਕਿ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈ। ਇਸ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਜਨਮ ਸਰਟੀਫਿਕੇਟ ਲਈ ਦੁਬਾਰਾ ਅਰਜ਼ੀ ਦੇਣੀ ਪਏਗੀ। ਕਈਆਂ ਨੇ ਇਸ ਪ੍ਰਕਿਰਿਆ ਨਾਲ ਸ਼ੁਰੂਆਤ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਇਹ ਸਰਟੀਫ਼ਿਕੇਟ ਵੀ ਦਿਖਾਉਣੇ ਪੈਣਗੇ।

ਖ਼ਬਰਾਂ ਸੁਣ ਕੇ ਘਬਰਾਏ ਲੋਕ

ਅਸੀਂ ਰੇਹਨਾਬੀ ਮੁਨਸਬ ਖ਼ਾਨ ਨੂੰ ਮਿਲਦੇ ਹਾਂ ਜੋ ਲਾਈਨ ਵਿਚ ਖੜ੍ਹੀ ਹੈ। ਉਹ ਮਾਲੇਗਾਓਂ ਦੀ ਗਾਂਧੀਨਗਰ ਕਲੋਨੀ ਵਿੱਚ ਰਹਿੰਦੀ ਹੈ ਅਤੇ ਇੱਕ ਮਜ਼ਦੂਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਨੇ ਆਪਣੇ ਅਤੇ ਸਹੁਰੇ ਦੇ ਜਨਮ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ। ਜੇ ਉਸ ਨੂੰ ਇੰਨੇ ਸਾਲਾਂ ਤੋਂ ਇਸਦੀ ਲੋੜ ਨਹੀਂ ਸੀ ਤਾਂ ਉਹ ਹੁਣ ਇਸ ਸਰਟੀਫ਼ਿਕੇਟ ਲਈ ਅਰਜ਼ੀ ਕਿਉਂ ਦੇ ਰਹੀ ਹੈ?

ਮੁਸਲਮਾਨ
BBC

ਇਸ ਬਾਰੇ ਉਨ੍ਹਾਂ ਨੇ ਕਿਹਾ, "ਅਸੀਂ ਇਹ ਐਨਆਰਸੀ ਲਈ ਕਰ ਰਹੇ ਹਾਂ। ਲੋਕ ਇਹ ਕਹਿ ਰਹੇ ਹਨ। ਅਸੀਂ ਸੁਣਦੇ ਹਾਂ ਕਿ ਲੋਕ ਕੀ ਕਹਿ ਰਹੇ ਹਨ ਅਤੇ ਅਸੀਂ ਉਹ ਕਰ ਰਹੇ ਹਾਂ ਜੋ ਹੋਰ ਲੋਕ ਕੀ ਕਰ ਰਹੇ ਹਨ। ਜੇ ਐਨਆਰਸੀ ਨਾ ਆਉਂਦਾ ਤਾਂ ਅਸੀਂ ਇੱਥੇ ਨਾ ਆਉਂਦੇ, ਅਸੀਂ ਅਦਾਲਤਾਂ ਵਿੱਚ ਨਾ ਜਾਂਦੇ।"

ਅਸੀਂ ਉਸ ਨੂੰ ਪੁੱਛਿਆ "ਪਰ ਸਰਕਾਰ ਕਹਿ ਰਹੀ ਹੈ ਕਿ ਐਨਆਰਸੀ ਬਾਰੇ ਕੋਈ ਗੱਲ ਹੀ ਨਹੀਂ ਹੋਈ ਅਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਫਿਰ ਤੁਸੀਂ ਇਹ ਕਾਗਜ਼ਾਤ ਲੈਣ ਲਈ ਕਿਉਂ ਜੱਦੋਜਹਿਦ ਕਰ ਰਹੇ ਹੋ?"

ਰੇਹਾਨਬੀ ਪਲਟਕੇ ਜਵਾਬ ਦਿੰਦੀ ਹੈ, "ਜੇ ਸਰਕਾਰ ਇਹ ਕਹਿ ਰਹੀ ਹੈ ਤਾਂ ਲੋਕ ਡਰ ਕਿਉਂ ਮਹਿਸੂਸ ਕਰ ਰਹੇ ਹਨ? ਅਤੇ ਜੇ ਕੱਲ੍ਹ ਨੂੰ ਐਨਆਰਸੀ ਸ਼ੁਰੂ ਜਾਂਦੀ ਹੈ ਤਾਂ? ਉਹ ਸ਼ਾਇਦ ਅੱਜ ਕਹਿ ਸਕਦੇ ਹਨ ਕਿ ਅਜਿਹਾ ਨਹੀਂ ਹੋਵੇਗਾ ਪਰ ਜੇ ਉਹ ਕੱਲ੍ਹ ਨੂੰ ਅਜਿਹਾ ਕਰਦੇ ਹਨ ਤਾਂ? ਫਿਰ ਤੁਸੀਂ ਕੀ ਕਹੋਗੇ?"

ਅਨਵਰ ਹੁਸੈਨ ਪਿਛਲੇ 15 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਅਤੇ ਸਰਟੀਫਿਕੇਟ ਲਈ ਅਰਜ਼ੀਆਂ ਭਰ ਰਹੇ ਹਨ।

ਮਾਲੇਗਾਓਂ
BBC

ਉਨ੍ਹਾਂ ਕਿਹਾ, "ਲੋਕ ਐਨਆਰਸੀ ਤੋਂ ਡਰ ਰਹੇ ਹਨ। ਲੋਕ ਟੀਵੀ ਅਤੇ ਵਟਸਐਪ ਨੂੰ ਵੇਖਦੇ ਹਨ ਅਤੇ ਉਹ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੀਆਂ ਗੱਲਾਂ ਵਿਚਾਲੇ ਫ਼ਰਕ ਨੂੰ ਦੇਖ ਰਹੇ ਹਨ। ਖ਼ਬਰਾਂ ਦੇਖ ਕੇ ਲੋਕ ਦਹਿਸ਼ਤ ਮਹਿਸੂਸ ਕਰ ਰਹੇ ਹਨ ਅਤੇ ਉਹ ਇੱਥੇ ਆਉਂਦੇ ਹਨ। ਇੰਨੇ ਸਾਲਾਂ ਵਿੱਚ ਮੈਂ ਕਦੇ ਇੰਨੀ ਭੀੜ ਨਹੀਂ ਦੇਖੀ। ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਲੋਕ ਇੱਥੇ ਵੱਡੀ ਗਿਣਤੀ ਵਿੱਚ ਆ ਰਹੇ ਹਨ।"

ਬਹੁਤ ਸਾਰੇ ਲੋਕ ਟੀਵੀ ''ਤੇ ਖ਼ਬਰਾਂ ਦੇਖ ਕੇ, ਅਖ਼ਬਾਰਾਂ ਵਿੱਚ ਪੜ੍ਹਕੇ ਅਤੇ ਵਟਸਐਪ ਦੇ ਮੈਸੇਜੇਸ ਵਿੱਚ ਦੇਖਦੇ ਰਹੇ ਹਨ। ਉਨ੍ਹਾਂ ਨੇ ਮੁੱਦੇ ਬਾਰੇ ਦਲੀਲਾਂ ਅਤੇ ਵਿਰੋਧੀ ਵਿਚਾਰ ਸੁਣੇ ਹਨ। ਇਸ ਕਾਰਨ ਉਲਝਣ ਵੱਧ ਗਈ ਹੈ। ਭਵਿੱਖ ਬਾਰੇ ਬਹੁਤ ਸਾਰੇ ਸਵਾਲ ਹਨ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਨਾਲ ਡਰ ਹੋਰ ਵਧ ਗਿਆ ਹੈ।

commissioner
BBC
ਮਾਲੇਗਾਓਂ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ ਕਹਿਣਾ ਹੈ ਕਿ ਸਤੰਬਰ ਤੋਂ ਲੈ ਕੇ ਕਾਰਪੋਰੇਸ਼ਨ ਵਿੱਚ ਉਨ੍ਹਾਂ ਨੂੰ 50 ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ।

ਸੀਏਏ ਅਤੇ ਐਨਆਰਸੀ ਕਾਰਨ ਦੇਸ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ। ਕੁਝ ਖ਼ੇਤਰਾਂ ਤੋਂ ਗੰਭੀਰ ਪ੍ਰਤੀਕਰਮ ਆਏ ਹਨ। ਕੇਂਦਰ ਸਰਕਾਰ ਲਗਾਤਾਰ ਸਪਸ਼ਟ ਕਰਦੀ ਰਹੀ ਹੈ ਕਿ ਸੀਏਏ ਦਾ ਭਾਰਤ ਦੇ ਮੌਜੂਦਾ ਨਾਗਰਿਕਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਉਨ੍ਹਾਂ ਲੋਕਾਂ ਨਾਲ ਸਬੰਧਤ ਹੈ ਜੋ ਨਵੇਂ ਸਿਰੇ ਤੋਂ ਨਾਗਰਿਕਤਾ ਲਈ ਅਰਜ਼ੀ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਜਨਤਕ ਰੈਲੀ ਵਿੱਚ ਕਿਹਾ ਹੈ ਕਿ ਕੈਬਨਿਟ ਨੇ ਐਨਆਰਸੀ ਬਾਰੇ ਕੋਈ ਵੀ ਚਰਚਾ ਨਹੀਂ ਕੀਤੀ ਹੈ।

ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਇੱਕ ਬਹਿਸ ਵਿੱਚ ਜ਼ਿਕਰ ਕੀਤਾ ਸੀ ਕਿ ਐਨਆਰਸੀ ਸਾਰੇ ਦੇਸ ਵਿੱਚ ਲਾਗੂ ਕੀਤੀ ਜਾਏਗੀ। ਇਸ ਲਈ ਇਸ ਮੁੱਦੇ ''ਤੇ ਭੰਬਲਭੂਸਾ ਪਿਆ ਹੈ ਅਤੇ ਲੋਕ ਭਵਿੱਖ ਬਾਰੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦੇ ਮਨਾਂ ਵਿੱਚ ਇਹ ਭੁਲੇਖੇ ਦੂਰ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ।

muslim
BBC

ਕੁਝ ਨਾਮ ਸਹੀ ਕਰਨ ਲਈ ਅਰਜ਼ੀ ਦੇ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਦਸਤਾਵੇਜ਼ਾਂ ਵਿੱਚ ਨਾਮਾਂ ਵਿੱਚ ਫ਼ਰਕ ਜਾਂ ਗਲਤੀ ਕਾਰਨ ਲੋਕਾਂ ਨੂੰ ਐਨਆਰਸੀ ਤੋਂ ਬਾਹਰ ਰੱਖਿਆ ਗਿਆ ਹੈ, ਤਾਂ ਇਹੋ ਜਿਹਾ ਹੋਰ ਕਿਤੇ ਵੀ ਹੋ ਸਕਦਾ ਹੈ। ਸ਼ਕੀਲ ਅਹਿਮਦ ਜਾਨੀ ਬੇਗ ਸਾਬਕਾ ਕਾਰਪੋਰੇਟਰ ਹਨ।

ਸ਼ਕੀਲ ਅਹਿਮਦ ਕਹਿੰਦੇ ਹਨ, "ਅਸੀਂ ਇੱਥੇ ਕਈ ਪੀੜ੍ਹੀਆਂ ਤੋਂ ਰਹਿ ਰਹੇ ਹਾਂ। ਪਰ ਅਸਾਮ ਦੀ ਖ਼ਬਰ ਆਉਣ ਤੋਂ ਬਾਅਦ ਲੋਕ ਬੇਚੈਨ ਹੋ ਗਏ। ਅਸੀਂ ਖ਼ਬਰਾਂ ਵਿੱਚ ਵੇਖਿਆ ਹੈ ਕਿ ਜੇ ਨਾਮ ਵਿੱਚ ਕੋਈ ਮਾਮੂਲੀ ਗਲਤੀ ਵੀ ਹੈ ਤਾਂ ਸਬੰਧਤ ਵਿਅਕਤੀ ਨੂੰ ਐਨਆਰਸੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਲਈ ਲੋਕ ਸਾਵਧਾਨ ਰਹਿਣਾ ਚਾਹੁੰਦੇ ਹਨ ਤਾਂ ਜੋ ਅਜਿਹਾ ਉਨ੍ਹਾਂ ਨਾਲ ਨਾ ਵਾਪਰੇ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਾਰੇ ਕਾਗਜ਼ਾਤ ਚੈੱਕ ਕੀਤੇ ਜਾਣ ਅਤੇ ਜੇ ਉਨ੍ਹਾਂ ਦੇ ਨਾਮ ਵਿੱਚ ਕੋਈ ਗਲਤੀ ਹੈ ਤਾਂ ਗਲਤੀਆਂ ਨੂੰ ਠੀਕ ਕੀਤਾ ਜਾਵੇ।"

ਮਾਲੇਗਾਓਂ ਕੱਪੜਾ ਸਨਅਤ ਲਈ ਮਸ਼ਹੂਰ

ਮਾਲੇਗਾਓਂ ਕੱਪੜਾ ਸਨਅਤ ਦਾ ਇੱਕ ਕੇਂਦਰ ਰਿਹਾ ਹੈ। ਇਸ ਸ਼ਹਿਰ ਵਿੱਚ ਹੈਂਡਲੂਮ ਅਤੇ ਕੱਪੜੇ ਦੀਆਂ ਮਸ਼ੀਨਾਂ ਵੱਡੀ ਗਿਣਤੀ ਵਿੱਚ ਹਨ। ਬਹੁਤ ਸਾਰੇ ਮੁਸਲਮਾਨ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਇਹ ਕਾਰੋਬਾਰ ਕਰ ਰਹੇ ਹਨ। ਕਾਫ਼ੀ ਮਜ਼ਦੂਰ ਅਤੇ ਕਾਰੀਗਰ ਉੱਤਰ ਤੋਂ ਆਏ ਹਨ ਅਤੇ ਇੱਥੇ ਵਸ ਗਏ ਹਨ। ਉਹ ਵੀ ਇਸ ਸਮੱਸਿਆ ਤੋਂ ਚਿੰਤਤ ਹਨ।

ਮਾਲੇਗਾਓਂ
BBC

ਉਨ੍ਹਾਂ ਵਿੱਚੋਂ ਬਹੁਤ ਸਾਰੇ ਅੱਗੇ ਆ ਕੇ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ। ਮਾਲੇਗਾਓਂ ਵਿੱਚ ਸੀਏਏ ਵਿਰੁੱਧ ਵੱਡੀਆਂ ਰੈਲੀਆਂ ਵੀ ਕੀਤੀਆਂ ਗਈਆਂ। ਇੱਕ ਰੈਲੀ ਵਿੱਚ ਸਿਰਫ਼ ਔਰਤਾਂ ਸ਼ਾਮਲ ਸਨ। ਕਈਆਂ ਨੇ ਇਹ ਵੀ ਦਾਅਵਾ ਕੀਤਾ ਕਿ ਬਹੁਤ ਸਾਰੇ ਲੋਕਾਂ ਦੇ 1969 ਵਿੱਚ ਮਾਲੇਗਾਓਂ ਵਿੱਚ ਆਏ ਵੱਡੇ ਹੜ੍ਹ ਪੁਰਖਿਆਂ ਦੇ ਸਰਟੀਫਿਕੇਟ ਗੁੰਮ ਗਏ ਹਨ।

ਇਹ ਵੀ ਪੜ੍ਹੋ:

ਮਾਲੇਗਾਓਂ ਸਿਆਸਤ ਅਤੇ ਸਮਾਜਿਕ ਤੌਰ ''ਤੇ ਹਮੇਸ਼ਾਂ ਇੱਕ ਸੰਵੇਦਨਸ਼ੀਲ ਖੇਤਰ ਰਿਹਾ ਹੈ। ਇਹ ਹਮੇਸ਼ਾ ਦੰਗਿਆਂ ਅਤੇ ਬੰਬ ਧਮਾਕਿਆਂ ਦੀ ਖ਼ਬਰਾਂ ਕਾਰਨ ਸੁਰਖੀਆਂ ਵਿੱਚ ਰਿਹਾ ਹੈ। ਪਰ ਹਾਲ ਹੀ ਦੀਆਂ ਲਾਈਨਾਂ ਜੋ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ, ਉਹ ਭਵਿੱਖ ਬਾਰੇ ਅਨਿਸ਼ਚਿਤਤਾ ਅਤੇ ਸਹੀ ਜਾਣਕਾਰੀ ਨਾ ਹੋਣ ਕਾਰਨ ਪਏ ਭੰਬਲਭੂਸੇ ਕਾਰਨ ਹਨ। ਜਦੋਂ ਤੱਕ ਅਨਿਸ਼ਚਤਤਾ ਘੱਟ ਨਹੀਂ ਜਾਂਦੀ ਲਾਈਨਾਂ ਨਹੀਂ ਮਿਟਦੀਆਂ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=OA78FC23QS4

https://www.youtube.com/watch?v=l1ahBWa_YUA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News