ਮਲੇਸ਼ੀਆ ''''ਚ ਰਹਿੰਦੀ ਪੰਜਾਬਣ ਦੀ ਕਹਾਣੀ ਜਿਸਨੇ ''''ਮੁਲਜ਼ਮਾਂ ਨੂੰ ਵੀਡੀਓ ਕਾਲ ਕਰਕੇ ਕੀਤੀ ਖੁਦਕੁਸ਼ੀ''''

Friday, Jan 24, 2020 - 04:40 PM (IST)

ਮਲੇਸ਼ੀਆ ''''ਚ ਰਹਿੰਦੀ ਪੰਜਾਬਣ ਦੀ ਕਹਾਣੀ ਜਿਸਨੇ ''''ਮੁਲਜ਼ਮਾਂ ਨੂੰ ਵੀਡੀਓ ਕਾਲ ਕਰਕੇ ਕੀਤੀ ਖੁਦਕੁਸ਼ੀ''''

ਬਰਨਾਲਾ ਪੁਲਿਸ ਨੇ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਵੱਲੋਂ ਮਲੇਸ਼ੀਆ ਵਿੱਚ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਲਜ਼ਾਮ ਹੈ ਕਿ ਮੁਲਜ਼ਮ ਕੁੜੀ ਨੂੰ ਵਿਆਹ ਕਰਾਉਣ ਦਾ ਦਬਾਅ ਪਾਉਂਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਇਨ੍ਹਾਂ ਧਮਕੀਆਂ ਤੋਂ ਤੰਗ ਆਕੇ ਕੁੜੀ ਨੇ ਇਹ ਕਦਮ ਚੁੱਕ ਲਿਆ।

ਪੁਲਿਸ ਮੁਤਾਬਕ ਖ਼ੁਦਕੁਸ਼ੀ ਤੋਂ ਪਹਿਲਾਂ ਲੜਕੀ ਨੇ ਦੋਹਾਂ ਨਾਮਜ਼ਦ ਮੁਲਜ਼ਮਾਂ ਨੂੰ ਵੀਡੀਓ ਕਾਲ ਕੀਤੀ ਅਤੇ ਵੀਡੀਓ ਕਾਲ ਦੌਰਾਨ ਹੀ ਫਾਹਾ ਲੈ ਲਿਆ।

''ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ''

ਮ੍ਰਿਤਕ ਮਨੂੰ ਰਾਣੀ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ, ''''ਮੈਂ ਆਪਣੀ ਬੇਟੀ ਨੂੰ ਇਨ੍ਹਾਂ ਮੁਲਜ਼ਮਾਂ ਤੋਂ ਪ੍ਰੇਸ਼ਾਨੀ ਕਾਰਨ ਹੀ ਕਰਜ਼ਾ ਚੁੱਕ ਕੇ ਮਲੇਸ਼ੀਆ ਭੇਜਿਆ ਸੀ। ਇਨ੍ਹਾਂ ਮੁਲਜ਼ਮਾਂ ਨੇ ਉੱਥੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ।''''

ਕੁਲਵਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਬਾਰੇ ਪੁਲਿਸ ਕੋਲ ਵੀ ਪਹੁੰਚ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

ਮਰਹੂਮ ਮਨੂੰ ਰਾਣੀ ਦੇ ਪਿਤਾ ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ, "ਮੇਰੀ ਬੇਟੀ ਜੁਲਾਈ 2019 ਵਿੱਚ ਮਲੇਸ਼ੀਆ ਵਿੱਚ ਸਲੂਨ ਦਾ ਕੋਰਸ ਕਰਨ ਗਈ ਸੀ। ਬੀਤੀ 16 ਜਨਵਰੀ ਨੂੰ ਮੇਰੀ ਘਰਵਾਲੀ ਦੇ ਫ਼ੋਨ ਉੱਤੇ ਸੂਚਨਾ ਦਿੱਤੀ ਗਈ ਕਿ ਲੜਕੀ ਦੀ ਮੌਤ ਹੋ ਗਈ ਹੈ।"

"ਉਹ ਸਵੇਰ ਦਾ ਟਾਈਮ ਸੀ। ਸਾਨੂੰ ਤਾਂ ਕੁੱਝ ਸੁੱਝ ਨਹੀਂ ਸੀ ਰਿਹਾ। ਮੇਰੀ ਬੇਟੀ ਜਦੋਂ ਸਾਡੇ ਕੋਲ ਸੀ ਤਾਂ ਉਸ ਨੂੰ ਇਹ ਦੋਨੇਂ ਮੁੰਡੇ ਤੰਗ ਕਰਦੇ ਸਨ। ਮੇਰੀ ਬੇਟੀ ਆਪਣੀ ਮਾਂ ਨੂੰ ਦੱਸਦੀ ਰਹੀ।"

"ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਰਜ਼ਾ ਚੁੱਕ ਕੇ ਉਹਨੂੰ ਮਲੇਸ਼ੀਆ ਕੋਰਸ ਕਰਨ ਭੇਜ ਦਿੱਤਾ ਪਰ ਇਹ ਦੋਵੇਂ ਉੱਥੇ ਵੀ ਉਸ ਨੂੰ ਪਰੇਸ਼ਾਨ ਕਰਦੇ ਰਹੇ।"

"ਉਸਦੀਆਂ ਫ਼ੋਟੋਆਂ ਸੋਸ਼ਲ ਮੀਡੀਆ ਤੋਂ ਚੁੱਕ ਕੇ ਉਸ ਉੱਤੇ ਅਸ਼ਲੀਲ ਗੱਲਾਂ ਲਿਖ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੰਦੇ ਸਨ। ਉਸ ਤੋਂ ਡਰਾ ਧਮਕਾ ਕੇ ਪੈਸੇ ਵੀ ਮੰਗਵਾਉਂਦੇ ਸਨ।"

"ਅਸੀਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਆਖ਼ਰ ਮੇਰੀ ਬੇਟੀ 21 ਜਨਵਰੀ ਨੂੰ ਲਾਸ਼ ਬਣਕੇ ਘਰ ਆ ਗਈ।"

''ਜੋ ਪੁੱਠਾ ਸਿੱਧਾ ਬੋਲਦੇ ਸੀ, ਮੇਰੀ ਕੁੜੀ ਸਾਨੂੰ ਭੇਜ ਦਿੰਦੀ ਸੀ''

ਮਰਹੂਮ ਮਨੂੰ ਦੀ ਮਾਂ ਰਮਨਜੀਤ ਕੌਰ ਮੁਤਾਬਕ ਉਨ੍ਹਾਂ ਦੀ ਬੇਟੀ ਉਨ੍ਹਾਂ ਨੂੰ ਲਗਤਾਰ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸਦੀ ਰਹਿੰਦੀ ਸੀ। ਮੁਲਜ਼ਮ ਮਨੂੰ ਦੀਆਂ ਤਸਵੀਰਾਂ ਅਸ਼ਲੀਲ ਗੱਲਾਂ ਲਿਖ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਸਨ। ਜਿਸ ਤੋਂ ਉਹ ਬਹੁਤ ਦੁਖੀ ਰਹਿੰਦੀ ਸੀ।

ਮਰਹੂਮ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ, "ਮੈਨੂੰ 16 ਜਨਵਰੀ ਨੂੰ ਸਵੇਰੇ ਅੱਠ ਵਜੇ ਫੋਨ ਆਇਆ ਕਿ ਆਹ ਘਟਨਾ ਹੋ ਗਈ। ਜਿਹੜੇ ਏਜੰਟ ਨੇ ਮੇਰੀ ਕੁੜੀ ਨੂੰ ਭੇਜਿਆ ਸੀ ਉਸੇ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ।"

"ਉਹ ਮੇਰੀ ਕੁੜੀ ਨੂੰ ਇੱਥੇ ਵੀ ਬਹੁਤ ਤੰਗ ਕਰਦੇ ਸੀ। ਅਸੀਂ ਪੁਲਿਸ ਕੋਲ ਗਏ ਪਰ ਸਾਡਾ ਕੋਈ ਸਮਝੌਤਾ ਨਹੀਂ ਹੋਇਆ। ਇਸੇ ਕਰਕੇ ਅਸੀਂ ਕੁੜੀ ਮਲੇਸ਼ੀਆ ਭੇਜੀ ਸੀ।"

"ਉੱਥੇ ਵੀ ਇਹ ਕੁੜੀ ਨੂੰ ਪਰੇਸ਼ਾਨ ਕਰਦੇ ਸੀ। ਉਹਦੀਆਂ ਫ਼ੋਟੋਆਂ ਤੇ ਗ਼ਲਤ ਗੱਲਾਂ ਲਿਖ ਕੇ ਪਾ ਦਿੰਦੇ ਸੀ, ਉਸ ਤੋਂ ਪੈਸੇ ਵੀ ਮੰਗਵਾਉਂਦੇ ਸੀ।"

ਇਸ ਬਾਰੇ ਮਨੂੰ ਵੱਲੋਂ ਭੇਜੇ ਸਕਰੀਨਸ਼ਾਟ ਵੀ ਰਮਨਜੀਤ ਕੌਰ ਨੇ ਦਿਖਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਲਜ਼ਮਾਂ ਵੱਲੋਂ ਮੰਨੂ ਦੀ ਤਸਵੀਰ ਨਾਲ ਅਸ਼ਲੀਲ ਟਿੱਪਣੀ ਵਾਲੀਆਂ ਪੋਸਟਾਂ ਦੇ ਸਕਰੀਨ ਸ਼ਾਟ ਵੀ ਦਿਖਾਏ

"ਉਸ ਨੂੰ ਜੋ ਪੁੱਠਾ ਸਿੱਧਾ ਬੋਲਦੇ ਸੀ, ਮੇਰੀ ਕੁੜੀ ਸਾਨੂੰ ਭੇਜ ਦਿੰਦੀ ਸੀ। ਮੇਰੀ ਬੱਚੀ ਨੇ ਇਨ੍ਹਾਂ ਕਰਕੇ ਖ਼ੁਦਕੁਸ਼ੀ ਕੀਤੀ ਹੈ। ਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ ਤਾਂ ਹੀ ਸਾਡੇ ਕਲੇਜੇ ਠੰਢ ਪਵੇਗੀ।"

ਪੁਲਿਸ ਵੱਲੋਂ ਰਿਪੋਰਟ ਦਰਜ

ਬਰਨਾਲਾ ਪੁਲਿਸ ਵੱਲੋਂ ਸਿਟੀ-2 ਵਿੱਚ ਕੁੜੀ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ਉੱਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 306, 384 ,506,120-ਬੀ ਅਤੇ ਆਈ.ਟੀ. ਐਕਟ 2000 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਬਰਨਾਲਾ ਪੁਲਿਸ ਦੇ ਅਧਿਕਾਰੀ ਗੁਰਦੀਪ ਸਿੰਘ (ਐੱਸਪੀਐੱਚ) ਨੇ ਮੀਡੀਆ ਨੂੰ ਦੱਸਿਆ, "ਲੜਕੀ ਦੀ ਮਾਤਾ ਨੇ ਸਾਡੇ ਕੋਲ ਬਿਆਨ ਦਰਜ ਕਰਵਾਏ ਹਨ। ਉਕਤ ਦੋਵੇਂ ਵਿਅਕਤੀ ਉਸ ਦੀ ਲੜਕੀ ਮਨੂੰ ਰਾਣੀ ਨੂੰ ਵਿਆਹ ਕਰਵਾਉਣ ਲਈ ਦਬਾਅ ਬਣਾਉਂਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ ਜਿਸ ਕਰਕੇ ਉਨ੍ਹਾਂ ਦੀ ਲੜਕੀ ਪਰੇਸ਼ਾਨ ਰਹਿੰਦੀ ਸੀ। ਲੜਕੀ ਦੀ ਮਾਂ ਦੇ ਬਿਆਨਾਂ ਦੇ ਅਧਾਰ ''ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।"

ਪੁਲਿਸ ਮੁਤਾਬਿਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਹਾਲੇ ਸੰਭਵ ਨਹੀਂ ਹੋ ਸਕੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:

ਵੀਡੀਓ: ਲੜਾਈ ਚ ਨੁਕਸਾਨ ਕੱਲੇ ਪਾਕਿਸਤਾਨ ਦਾ ਨਹੀਂ

https://www.youtube.com/watch?v=9QecxEL_P3c

ਵੀਡੀਓ: ਹਥੌੜੇ ਨਾਲ ਰੋਟੀ ਕਿਸ ਗੱਲੋਂ ਤੋੜਦੇ ਸਨ ਇਹ ਪ੍ਰਵਾਸੀ ਮੁੰਡੇ

https://www.youtube.com/watch?v=6Om3b2aq5zQ

ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ

https://www.youtube.com/watch?v=ZMyiOsUY6Yo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News