ਪੰਜਾਬੀਆਂ ਦਾ ਪਰਵਾਸ: ਪੰਜਾਬੀ ਔਰਤਾਂ ਦੇ ਸਾਊਦੀ ਅਰਬ ਵਿੱਚ ਫਸਣ ਤੇ ਉੱਥੋਂ ਨਿਕਲਣ ਦੀ ਕਹਾਣੀ

Friday, Jan 24, 2020 - 07:40 AM (IST)

ਪੰਜਾਬੀਆਂ ਦਾ ਪਰਵਾਸ: ਪੰਜਾਬੀ ਔਰਤਾਂ ਦੇ ਸਾਊਦੀ ਅਰਬ ਵਿੱਚ ਫਸਣ ਤੇ ਉੱਥੋਂ ਨਿਕਲਣ ਦੀ ਕਹਾਣੀ

''''ਮੇਰੀ ਪਤਨੀ ਸਾਊਦੀ ਅਰਬ ਵਿੱਚ ਫਸੀ ਹੋਈ ਹੈ, ਉਹ ਉੱਥੇ ਬਹੁਤ ਤੰਗ ਪਰੇਸ਼ਾਨ ਹੈ। ਜਿਸ ਏਜੰਟ ਰਾਹੀਂ ਉਹ ਸਾਊਦੀ ਅਰਬ ਗਈ ਸੀ ਉਸਨੇ ਉੱਥੇ ਉਸਨੂੰ 18000 ਰਿਆਲ ''ਚ ਵੇਚ ਦਿੱਤਾ ਹੈ।''''

ਇਹ ਸ਼ਬਦ ਜਲੰਧਰ ਦੇ ਰਹਿਣ ਵਾਲੇ ਮਲਕੀਤ ਰਾਮ ਦੇ ਹਨ ਜਿਨ੍ਹਾਂ ਦੀ ਪਤਨੀ ਪਰਮਜੀਤ ਕੌਰ ਕਰੀਬ ਢਾਈ ਸਾਲ ਤੋਂ ਸਾਊਦੀ ਅਰਬ ਵਿੱਚ ਫਸੀ ਹੋਈ ਹੈ।

ਦੋ ਸਾਲ ਪਹਿਲਾਂ ਜਦੋਂ ਉਨ੍ਹਾਂ ਦੇ ਸਾਊਦੀ ''ਚ ਫਸਣ ਦੀ ਖ਼ਬਰ ਆਈ ਸੀ ਤਾਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਵੀ ਲਾਈ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਮਦਦ ਨਹੀਂ ਮਿਲੀ।

ਉਸ ਦੌਰਾਨ ਬੀਬੀਸੀ ਨੇ ਮਲਕੀਤ ਰਾਮ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਨੇ ਦੱਸਿਆ ਸੀ, "ਜਿਸ ਪਰਿਵਾਰ ਕੋਲ ਉਸ ਨੂੰ ਵੇਚਿਆ ਹੈ, ਉਹਨਾਂ ਵੱਲੋਂ ਉਸ ਨੂੰ ਬੰਦੀ ਬਣਾਇਆ ਗਿਆ ਹੈ। ਉਸ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਹੈ।''''

''''ਮੇਰੀ ਪਤਨੀ ਨਾਲ ਮਾਰ-ਕੁੱਟ ਕੀਤੀ ਜਾਂਦੀ ਹੈ। ਉਸਦੇ ਹੱਥ ਵੀ ਖ਼ਰਾਬ ਹੋ ਗਏ ਹਨ। ਜਦੋਂ ਉਹ ਘਰ ਮਾਲਕਾਂ ਨੂੰ ਭਾਰਤ ਵਾਪਸ ਜਾਣ ਲਈ ਕਹਿੰਦੀ ਹੈ, ਤਾਂ ਉਹ ਉਸ ਤੋਂ 3 ਲੱਖ ਰੁਪਏ ਦੀ ਮੰਗ ਕਰਦੇ ਹਨ।''''

ਪਰਮਜੀਤ ਕੌਰ ਘਰ ਦੀ ਗ਼ਰੀਬੀ ਦੂਰ ਕਰਨ ਲਈ 13 ਜੁਲਾਈ 2017 ਨੂੰ ਟਰੈਵਲ ਏਜੰਟ ਦੇ ਭਰੋਸੇ ਸਾਊਦੀ ਅਰਬ ਗਈ ਸੀ। ਜਿਹੜੀ ਕਿ ਅਜੇ ਤੱਕ ਉੱਥੇ ਫਸੀ ਹੋਈ ਹੈ।

ਇਹ ਵੀ ਪੜ੍ਹੋ:

ਪਰਮਜੀਤ ਕੌਰ ਇਕੱਲੀ ਅਜਿਹੀ ਔਰਤ ਨਹੀਂ ਹੈ। ਪੰਜਾਬ ਦੀਆਂ ਕਈ ਹੋਰ ਔਰਤਾਂ ਵੀ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਸਾਊਦੀ ਅਰਬ ਗਈਆਂ ਸਨ।

ਪਰ ਉਸ ਵੇਲੇ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮਦਦ ਨਾਲ ਉਹ ਭਾਰਤ ਵਾਪਿਸ ਪਰਤ ਆਈਆਂ ਪਰ ਸ਼ਾਇਦ ਪਰਮਜੀਤ ਦੀ ਕਿਸਮਤ ਹੋਰਨਾਂ ਔਰਤਾਂ ਵਾਂਗ ਨਹੀਂ ਸੀ ਜਿਨ੍ਹਾਂ ਤੱਕ ਸੁਸ਼ਮਾ ਸਵਰਾਜ ਦੀ ਮਦਦ ਪਹੁੰਚ ਸਕੀ।

(ਬੀਬੀਸੀ ਨੇ 2017 ਵਿੱਚ ਇਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਸੀ ਜਦੋਂ ਉਹ ਸਾਊਦੀ ਤੋਂ ਭਾਰਤ ਪਰਤੀਆਂ ਸਨ)

ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕਵਿੰਦਰ ਕੌਰ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਇਕਵਿੰਦਰ ਦੱਸਦੀ ਹੈ ਕਿਵੇਂ ਉਨ੍ਹਾਂ ਦੀ ਸਹੇਲੀ ਨੇ ਹੀ ਉਨ੍ਹਾਂ ਨਾਲ ਧੋਖਾਧੜੀ ਕੀਤੀ।

ਹੁਸ਼ਿਆਰਪੁਰ ਦੇ ਪਿੰਡ ਭੁੰਗਰਨੀ ਦੀ ਰਹਿਣ ਵਾਲੀ 30 ਸਾਲਾ ਇਕਵਿੰਦਰ ਕੌਰ ਉਰਫ਼ ਸਪਨਾ ਕਹਿੰਦੀ ਹੈ, "ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇੱਕ ਦਿਨ ਮੇਰੀ ਹੀ ਸਹੇਲੀ ਮੇਰੇ ਸੁਪਨਿਆਂ ਨੂੰ ਚੂਰ-ਚੂਰ ਕਰ ਦੇਵੇਗੀ।"

ਪਿੰਡ ਦੀ ਸਹੇਲੀ ''ਤੇ ਹੀ ਵੇਚਣ ਦਾ ਇਲਜ਼ਾਮ

ਪਿੰਡ ਵਿੱਚ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਨ ਵਾਲੀ ਇਕਵਿੰਦਰ ਕੌਰ ਦੀ ਮੁਲਾਕਾਤ ਇੱਕ ਕੁੜੀ ਨਾਲ ਹੋ ਗਈ ਜਿਸ ਨੇ ਉਸ ਨੂੰ ਅਜਿਹੇ ਸੁਪਨੇ ਦਿਖਾਏ ਕਿ ਉਹ ਸਾਊਦੀ ਅਰਬ ਵਿੱਚ ਕਥਿਤ ਤੌਰ ''ਤੇ ਗੁਲਾਮ ਹੋ ਗਈ।

ਕੋਰੀ ਅਨਪੜ੍ਹ ਇਕਵਿੰਦਰ ਕੌਰ ਦਾ ਪਾਸਪੋਰਟ ਵੀ ਪਿੰਡ ਦੀ ਹੀ ਉਸ ਦੀ ਸਹੇਲੀ ਨੇ ਹੀ ਬਣਾ ਕੇ ਦਿੱਤਾ ਤੇ ਨਾਲ ਹੀ ਉਸ ਨੂੰ ਸਾਊਦੀ ਅਰਬ ਵਾਇਆ ਦੁਬਈ ਜਾਣ ਦੀ ਟਿਕਟ ਅਤੇ ਵੀਜ਼ੇ ਦਾ ਪ੍ਰਬੰਧ ਕਰਕੇ ਦਿੱਤਾ ਸੀ।

ਤਿੰਨ ਬੱਚਿਆਂ ਦੀ ਮਾਂ ਇਕਵਿੰਦਰ ਕੌਰ ਦਾ ਪਤੀ ਰਣਜੀਤ ਸਿੰਘ ਇੱਕ ਫੈਕਟਰੀ ਵਿੱਚ ਸਫ਼ਾਈ ਕਰਮੀ ਹੈ।

ਉਸ ਨੂੰ ਇੱਕ ਅੱਖ ਤੋਂ ਦਿਨ ਵੇਲੇ ਦਿਖਾਈ ਨਹੀਂ ਦਿੰਦਾ ਤੇ ਰਾਤ ਸਮੇਂ ਉਸ ਦੀ ਦੂਜੀ ਅੱਖ ਤੋਂ ਦਿਖਣਾ ਬੰਦ ਹੋ ਜਾਂਦਾ ਹੈ।

ਸਾਊਦੀ ਅਰਬ ਗਈ ਇਕਵਿੰਦਰ ਕੌਰ 4 ਅਕਤੂਬਰ, 2017 ਨੂੰ ਵਾਪਸ ਆਪਣੇ ਬੱਚਿਆਂ ਕੋਲ ਕਥਿਤ ਗੁਲਾਮੀ ਭੁਗਤ ਕੇ ਵਾਪਸ ਆ ਗਈ ਹੈ।

ਇਕਵਿੰਦਰ ਕੌਰ ਨੇ ਦੱਸਿਆ ਕਿ ਉਸ ਕੋਲੋਂ 40 ਹਜ਼ਾਰ ਰੁਪਏ ਸਾਊਦੀ ਅਰਬ ਭੇਜਣ ਲਈ ਮੰਗੇ ਗਏ ਸਨ ।

ਉਸਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਸਾਊਦੀ ਅਰਬ ਦਾ ਇੱਕ ਹਜ਼ਾਰ ਰਿਆਲ ਉਸ ਦੀ ਤਨਖ਼ਾਹ ਹੋਵੇਗੀ ਤੇ ਉੱਥੇ ਉਹ ਇੱਕ ਘਰ ਵਿੱਚ ਸਾਫ਼ ਸਫ਼ਾਈ ਦਾ ਕੰਮ ਹੀ ਕਰੇਗੀ।

ਇੱਕ ਕਮਰੇ ਦਾ ਘਰ

ਇਕਵਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਦੁਬਈ ਦਾ ਵੀਜ਼ਾ ਲੱਗ ਗਿਆ ਸੀ ਤਾਂ ਉਸ ਦਾ ਇੱਕ ਵਾਰੀ ਮਨ ਡੋਲ ਗਿਆ ਸੀ ਕਿ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਏਗੀ, ਪਰ ਗਰੀਬੀ ਨੇ ਉਸ ਦੀ ਪੇਸ਼ ਨਹੀਂ ਜਾਣ ਦਿੱਤੀ।

ਪਿੰਡ ਭੁੰਗਰਨੀ ਦੀਆਂ ਭੀੜੀਆਂ ਗਲੀਆਂ ''ਚ ਇਕਵਿੰਦਰ ਕੌਰ ਦੇ ਘਰ ਵਿੱਚ ਇੱਕ ਹੀ ਕਮਰਾ ਹੈ ਜਿਸ ਵਿਚ ਲਾਏ ਡਬਲ ਬੈੱਡ ਦੇ ਦੁਆਲੇ ਘੁੰਮਣਾ ਵੀ ਔਖਾ ਹੁੰਦਾ ਹੈ।

ਇਕਵਿੰਦਰ ਕੋਲੋਂ ਇਕਰਾਰਨਾਮੇ ''ਤੇ ਵੀ ਹਸਤਾਖਰ ਕਰਾ ਲਏ ਗਏ ਸੀ। ਸਾਊਦੀ ਅਰਬ ਜਾਣ ਲਈ ਇਕਵਿੰਦਰ ਕੋਲ ਦਿੱਲੀ ਜਾਣ ਤੱਕ ਦੇ ਵੀ ਪੈਸੇ ਨਹੀਂ ਸਨ। ਉਸ ਨੇ ਪਿੰਡ ''ਤੋਂ ਹੀ 7 ਹਜ਼ਾਰ ਰੁਪਏ ਵਿਆਜ ''ਤੇ ਫੜੇ ਸਨ।

ਹਵਾਈ ਅੱਡੇ ''ਚ ਪੈਰ ਰੱਖਦਿਆਂ ਹੀ ਇਕਵਿੰਦਰ ਨੂੰ ਲੱਗਿਆ ਸੀ ਕਿ ਉਸ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਹਨ ਤੇ ਹੁਣ ਉਸ ਦੀ ਗਰੀਬੀ ਖ਼ਤਮ ਹੋ ਜਾਵੇਗੀ।

ਪਹਿਲੀ ਵਾਰੀ ਜਹਾਜ਼ ਵਿੱਚ ਬੈਠੀ ਇਕਵਿੰਦਰ ਕੌਰ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਦੇ ਸੁਪਨੇ ਲੈਣ ਲੱਗੀ।

ਇਹ ਵੀ ਪੜ੍ਹੋ:

ਇੱਕੋ ਸ਼ਾਮ ਦੁਬਈ ਤੋਂ ਸਊਦੀ ਅਰਬ

ਦੁਬਈ ਪਹੁੰਚ ਕੇ ਉਸ ਨੂੰ ਏਅਰਪੋਰਟ ਦੇ ਬਾਹਰ ਇੱਕ ਬੁਰਕੇ ਵਾਲੀ ਔਰਤ ਮਿਲੀ, ਜੋ ਉਸ ਨੂੰ ਆਪਣੇ ਨਾਲ ਲੈ ਗਈ।

ਉਸੇ ਸ਼ਾਮ ਇਕਵਿੰਦਰ ਨੂੰ ਸਾਊਦੀ ਅਰਬ ਜਾਣ ਵਾਲੇ ਜਹਾਜ਼ ਵਿੱਚ ਚੜ੍ਹਾ ਦਿੱਤਾ ਗਿਆ ਸੀ।

ਸਾਊਦੀ ਅਰਬ ਵਿੱਚ ਇੱਕ ਪਰਿਵਾਰ ਕੋਲ ਉਸ ਨੂੰ 15 ਦਿਨਾਂ ਤੱਕ ਸਹੀ ਸਲਾਮਤ ਰੱਖਿਆ ਗਿਆ, ਪਰ 15 ਦਿਨਾਂ ਬਾਅਦ ਉਸ ਦਾ ਫੋਨ ਬੰਦ ਕਰ ਦਿੱਤਾ ਗਿਆ।

ਇਕਵਿੰਦਰ ਨੇ ਦੱਸਿਆ, "ਮੈਂ ਤਿੰਨ ਮੰਜ਼ਿਲਾ ਘਰ ਵਿੱਚ ਰਹਿ ਰਹੀ ਸੀ। ਉਸ ਵਿਅਕਤੀ ਦੀਆਂ ਪੰਜ-ਛੇ ਔਰਤਾਂ ਸਨ ਤੇ ਸੱਤ-ਅੱਠ ਬੱਚੇ ਸਨ। ਮੇਰੇ ਤੋਂ ਝਾੜੂ ਪੋਚੇ ਤੋਂ ਇਲਾਵਾ ਕੱਪੜੇ ਧੋਣ, ਖਾਣਾ ਬਣਾਉਣ ਤੇ ਹੋਰ ਘਰ ਦੇ ਸਾਰੇ ਕੰਮ ਲਏ ਜਾਣ ਲੱਗੇ। ਇਥੋਂ ਤੱਕ ਕਿ ਬੈਠ ਕੇ ਅਰਾਮ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਤੇ ਖਾਣ ਲਈ ਵੀ ਬਹੁਤ ਘੱਟ ਦਿੱਤਾ ਜਾਂਦਾ ਸੀ।"

ਘਰ ''ਚ ਲੱਗੇ ਸੀ ਕੈਮਰੇ

ਇਕਵਿੰਦਰ ਨੇ ਦੱਸਿਆ ਕਿ ਘਰ ਦੇ ਹਰ ਕੋਨੇ ਵਿੱਚ ਕੈਮਰਾ ਲੱਗਾ ਹੋਇਆ ਸੀ। ਸਿਰਫ਼ ਉਸ ਦੇ ਕਮਰੇ ਵਿੱਚ ਕੈਮਰਾ ਨਹੀਂ ਸੀ।

ਇੱਕ ਦਿਨ ਪਰਿਵਾਰ ਨੇ ਉਸ ਅੱਗੇ ਮਾਸ ਦੇ ਵੱਡੇ-ਵੱਡੇ ਟੁਕੜੇ ਲਿਆ ਕੇ ਰੱਖ ਦਿੱਤੇ ਅਤੇ ਕਿਹਾ ਇਸ ਨੂੰ ਕੱਟ ਕੇ ਸਬਜ਼ੀ ਬਣਾਈ ਜਾਵੇ।

ਇਹ ਕੰਮ ਉਸ ਲਈ ਸਭ ਤੋਂ ਔਖਾ ਸੀ। ਜਦੋਂ ਉਸ ਨੂੰ ਆਪਣੇ ਬੱਚਿਆਂ ਤੇ ਘਰ ਦੀ ਗਰੀਬੀ ਦਾ ਖਿਆਲ ਆਇਆ ਤਾਂ ਉਸ ਨੇ ਇਹ ਕੰਮ ਵੀ ਕੀਤਾ।

ਧਮਕੀਆਂ ਮਿਲੀਆਂ

ਪਿੰਡ ਦੀ ਜਿਹੜੀ ਕੁੜੀ ਉਸ ਨੂੰ ਸਾਊਦੀ ਅਰਬ ਲੈ ਕੇ ਗਈ ਸੀ ਉਹ ਭਾਰਤ ਪਰਤ ਆਈ ਤੇ ਉਸ ਨੂੰ ਫੋਨ ''ਤੇ ਇਹ ਕਿਹਾ ਕਿ ਹੁਣ ਤੈਨੂੰ ਸਾਰੀ ਉਮਰ ਇੱਥੇ ਹੀ ਕੱਟਣੀ ਪੈਣੀ ਹੈ।

ਇਕਵਿੰਦਰ ਨੂੰ ਸਾਊਦੀ ਅਰਬ ਪਹੁੰਚਾਉਣ ਵਾਲੀ ਕੁੜੀ ਉਸ ਨੂੰ ਧਮਕੀਆਂ ਵੀ ਦਿੰਦੀ ਸੀ ਤੇ ਥਾਣੇ ਫੜਾਉਣ ਦਾ ਡਰਾਵਾ ਵੀ ਦਿੰਦੀ ਸੀ।

ਦੋ ਮਹੀਨੇ ਉਸ ਨੂੰ ਸਦੀਆਂ ਵਾਂਗ ਲੱਗ ਰਹੇ ਸਨ। ਇੱਕ-ਇੱਕ ਦਿਨ ਉਸ ਨੂੰ ਕੱਟਣਾ ਔਖਾ ਹੋਇਆ ਪਿਆ ਸੀ।

Ticket UAE
BBC

ਇਸ ਦੌਰਾਨ ਉਸ ਦੀ ਮੁਲਾਕਾਤ ਇੱਕ ਹੋਰ ਪੰਜਾਬਣ ਕੁੜੀ ਨਾਲ ਹੋ ਗਈ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਵੀਡੀਓ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਵੱਟਸਐਪ ਕਰ ਦੇਵੇ।

ਉਸਨੇ ਆਪਣੇ ਮੋਬਾਈਲ ਤੋਂ ਆਪਣੀ ਦੁੱਖਭਰੀ ਕਹਾਣੀ ਨੂੰ ਛੋਟੇ-ਛੋਟੇ ਟੁਕੜਿਆਂ ''ਚ ਬਣਾ ਕੇ ਵੱਟਸਐਪ ਕੀਤੀ ਤਾਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ।

ਇਕਵਿੰਦਰ ਕੌਰ ਲਾਸ਼ ਬਣ ਕੇ ਬਕਸੇ ਵਿੱਚ ਬੰਦ ਹੋ ਕੇ ਭਾਰਤ ਨਹੀਂ ਸੀ ਆਉਣਾ ਚਾਹੁੰਦੀ। ਉਸ ਨੇ ਹਿੰਮਤ ਨਹੀਂ ਛੱਡੀ। ਕਿਸੇ ਨਾ ਕਿਸੇ ਢੰਗ ਨਾਲ ਬਾਹਰ ਸੰਪਰਕ ਕਰਨ ਵਿੱਚ ਲੱਗੀ ਰਹੀ।

ਸਿੱਖ ਸੰਸਥਾ ਦਮਦਮੀ ਟਕਸਾਲ ਦੇ ਭਾਈ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਸਾਧਿਆ ਏਜੰਟ ਨੂੰ ਡੇਢ ਲੱਖ ਦੀ ਰਾਸ਼ੀ ਦੇ ਕੇ ਇਕਵਿੰਦਰ ਨੂੰ ਵਾਪਸ ਲਿਆਂਦਾ।

ਭਾਈ ਸੰਦੀਪ ਸਿੰਘ ਮੁਤਾਬਕ ਉਨ੍ਹਾਂ ਇਕਵਿੰਦਰ ਕੌਰ ਅਤੇ ਏਜੰਟ ਵਿਚਾਲੇ ਕੜੀ ਬਣੀ ਕੁੜੀ ਰਾਹੀ ਇਹ ਪੈਸੇ ਦਿੱਲੀ ਵਿੱਚ ਦਿੱਤੇ , ਜੋ ਉਸ ਨੇ ਮੁੰਬਈ ਜਾ ਕੇ ਕਿਸੇ ਨੂੰ ਦਿੱਤੇ ਤੇ ਅਗਲੇ ਦਿਨ ਪੀੜਤ ਔਰਤ ਦੀ ਵਾਪਸੀ ਹੋ ਗਈ।

ਜਲੰਧਰ ਦੀ ਸੁਖਵੰਤ ਕੌਰ ਦੀ ਕਹਾਣੀ

ਜਲੰਧਰ ਦੇ ਕਸਬੇ ਨੂਰਮਹਿਲ ਦੇ ਪਿੰਡ ਅਜਤਾਣੀ ਦੀ ਸੁਖਵੰਤ ਕੌਰ ਵੀ ਸਾਊਦੀ ਅਰਬ ''ਚ ਪੰਜ ਮਹੀਨੇ ਕਥਿਤ ਗੁਲਾਮੀ ਵਾਲੀ ਜ਼ਿੰਦਗੀ ਭੋਗਣ ਤੋਂ ਬਾਅਦ 31 ਮਈ 2017 ਨੂੰ ਆਪਣੇ ਘਰ ਵਾਪਸ ਆ ਗਈ ਸੀ।

ਉਸ ਨੂੰ ਛੁਡਵਾਉਣ ਲਈ ਉਸ ਵੇਲੇ ਦੀ ਕੇਂਦਰੀ ਵਿਦੇਸ਼ ਮੰਤਰੀ ਮਰਹੂਮ ਸੁਸ਼ਮਾ ਸਵਰਾਜ ਨੇ ਸੰਜੀਦਗੀ ਨਾਲ ਯਤਨ ਕੀਤੇ ਸਨ।

ਸੁਖਵੰਤ ਕੌਰ ਨੂੰ ਮੁੰਬਈ ਏਅਰਪੋਰਟ ''ਤੇ ਲਿਆਂਦਾ ਗਿਆ ਸੀ, ਪਰ ਪਰਿਵਾਰ ਕੋਲ ਉਸ ਨੂੰ ਮੁੰਬਈ ਤੋਂ ਲਿਆਉਣ ਲਈ ਵੀ ਪੈਸੇ ਨਹੀਂ ਸਨ।

ਸੁਸ਼ਮਾ ਸਵਰਾਜ ਨੇ ਸੁਖਵੰਤ ਕੌਰ ਨੂੰ ਅੰਮ੍ਰਿਤਸਰ ਦੀ ਉਡਾਣ ਕਰਵਾ ਦਿੱਤੀ ਸੀ ਤੇ ਨਾਲ ਹੀ ਉਸ ਨੂੰ ਘਰ ਛੱਡਣ ਦਾ ਇੰਤਜ਼ਾਮ ਕਰ ਦਿੱਤਾ ਸੀ।

ਸੁਖਵੰਤ ਕੌਰ ਨੇ ਵੇਚੇ ਜਾਣ ਦਾ ਲਾਇਆ ਸੀ ਇਲਜ਼ਾਮ

ਟਰੈਵਲ ਏਜੰਟਾਂ ਨੇ ਸੁਖਵੰਤ ਕੌਰ ਨੂੰ ਸਾਢੇ ਤਿੰਨ ਲੱਖ ਰੁਪਏ ''ਚ ਸਾਊਦੀ ਅਰਬ ਦੇ ਇੱਕ ਪਰਿਵਾਰ ਨੂੰ ਕਥਿਤ ਤੌਰ ''ਤੇ ਵੇਚ ਦਿੱਤਾ ਸੀ। ਦੁੱਖ ਭਰੇ ਕੱਟੇ ਪੰਜ ਮਹੀਨਿਆਂ ਦੀ ਦਾਸਤਾਂ ਸੁਣਾਉਂਦਿਆਂ ਸੁਖਵੰਤ ਕੌਰ ਵਾਰ-ਵਾਰ ਰੋਣ ਲੱਗ ਪੈਂਦੀ ਸੀ।

ਉਸ ਨੇ ਦੱਸਿਆ ਕਿਵੇਂ ਉਸ ਨੂੰ ਲੋਹੇ ਦੀਆਂ ਛੜਾਂ ਨਾਲ ਕੁੱਟਿਆ ਮਾਰਿਆ ਜਾਂਦਾ ਸੀ, ਜਦੋਂ ਉਹ ਆਪਣਾ ਮਿਹਨਤਾਨਾ ਮੰਗਦੀ ਸੀ। ਉਸ ਨੇ ਆਪਣੀ ਵਡੇਰੀ ਉਮਰ ਦਾ ਵੀ ਵਾਸਤਾ ਪਾਇਆ, ਪਰ ਰਹਿਮ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ:

ਕਰਜ਼ੇ ਦੀ ਪੰਡ ਨੇ ਮਜਬੂਰ ਕੀਤਾ

ਸੁਖਵੰਤ ਕੌਰ ਵਿਦੇਸ਼ ਗਈ ਸੀ ਤਾਕਿ ਉਹ ਜ਼ਿਆਦਾ ਪੈਸਾ ਕਮਾ ਕੇ ਕਰਜ਼ਾ ਲਾਹ ਸਕੇ। ਉਸ ਨੇ ਆਪਣੇ ਪੁੱਤਰ ਨੂੰ ਦੋ ਲੱਖ ਰੁਪਏ ਕਰਜ਼ਾ ਚੁੱਕ ਕੇ ਕੁਵੈਤ ਭੇਜਿਆ ਸੀ, ਪਰ ਉਸ ਨੇ ਉਧਰੋਂ ਕੋਈ ਪੈਸੇ ਨਹੀਂ ਭੇਜੇ। ਕਰਜ਼ੇ ਦਾ ਬੋਝ ਵਧਣ ਲੱਗ ਪਿਆ।

ਲਾਂਬੜੇ ਦੀ ਰਹਿਣ ਵਾਲੀ ਪੂਜਾ ਨਾਂ ਦੀ ਟਰੈਵਲ ਏਜੰਟ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਕਿ ਉਹ ਸਾਊਦੀ ਅਰਬ ''ਚ ਇੱਕ ਘਰ ਵਿੱਚ ਕੰਮ ਦਿਵਾ ਦੇਵੇਗੀ। ਜਿੱਥੇ ਉਸ ਨੂੰ 22 ਹਜ਼ਾਰ ਰੁਪਿਆ ਮਹੀਨਾ ਮਿਲਣਗੇ।

ਜਦੋਂ ਸੁਖਵੰਤ ਕੌਰ ਨੇ ਪੂਜਾ ਨੂੰ ਇਹ ਕਿਹਾ ਕਿ ਉਹ ਕੁਲਵੰਤ ਸਿੰਘ ਨੂੰ ਬਾਹਰ ਭੇਜ ਦੇਣ ਤਾਂ ਉਨ੍ਹਾਂ ਕਿਹਾ ਕਿ ਉਸ ਦੀ ਉਮਰ ਜ਼ਿਆਦਾ ਹੈ, ਇਸ ਲਈ ਉਹ ਨਹੀਂ ਜਾ ਸਕਦੇ।

ਸੁਖਵੰਤ ਕੌਰ ਨੇ ਦੱਸਿਆ ਉਹ 20 ਜਨਵਰੀ 2017 ਨੂੰ ਦਿੱਲੀ ਤੋਂ ਦੁਬਈ ਗਈ, ਜਿੱਥੇ ਉਸ ਨੂੰ ਦੋ ਔਰਤਾਂ ਅਤੇ 15 ਮਰਦਾਂ ਵਿਚਕਾਰ ਇੱਕ ਕਮਰੇ ''ਚ ਰਹਿਣਾ ਪਿਆ।

ਉਦੋਂ ਹੀ ਉਸ ਦੇ ਮਨ ਵਿੱਚ ਇਹ ਗੱਲ ਖਟਕ ਗਈ ਸੀ ਕਿ ਉਸ ਨਾਲ ਕੁਝ ਬੁਰਾ ਹੋਣ ਵਾਲਾ ਹੈ। ਦੁਬਈ ਤੋਂ 24 ਜਨਵਰੀ ਨੂੰ ਸਾਊਦੀ ਅਰਬ ਲਈ ਉਡਾਨ ਭਰੀ।

ਉੱਥੇ ਇੱਕ ਪਰਿਵਾਰ ਦੀਆਂ ਤਿੰਨ ਔਰਤਾਂ ਮਦਰੀਆ, ਫਾਜ਼ੀਆ ਅਤੇ ਮੀਰਾ ਨੇ ਦੱਸਿਆ ਕਿ ਉਸ ਨੂੰ ਸਾਢੇ ਤਿੰਨ ਲੱਖ ਰੁਪਏ ਵਿੱਚ ਦਿੱਲੀ ਦੇ ਰਹਿਣ ਵਾਲੇ ਇੱਕ ਟ੍ਰੈਵਲ ਏਜੰਟ ਸ਼ਕੀਰ ਖਾਨ ਕੋਲੋਂ ਕਥਿਤ ਤੌਰ ''ਤੇ ਖਰੀਦਿਆ ਗਿਆ ਹੈ।

ਸੁਖਵੰਤ ਕੌਰ ਦੀਆਂ ਅੱਖਾਂ ਵਿੱਚ ਉਦੋਂ ਹੀ ਹੰਝੂ ਆ ਗਏ ਜਦੋਂ ਪਤਾ ਲੱਗਿਆ ਕਿ ਉਹ ਔਰਤਾਂ ਇੱਕ ਸਕੂਲ ਵਿੱਚ ਕੰਮ ਕਰਦੀਆਂ ਸਨ ਤੇ ਦੁਪਹਿਰ ਨੂੰ 11 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਉਸ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ।

ਜਦੋਂ ਉਹ ਤਨਖ਼ਾਹ ਮੰਗਦੀ ਸੀ ਤਾਂ ਉਸ ਨੂੰ ਬੁਰੀ ਤਰ੍ਹਾਂ ਲੋਹੇ ਦੀਆਂ ਛੜਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ।

ਨਰਸ ਨੇ ਕੀਤੀ ਮਦਦ

ਸੁਖਵੰਤ ਕੌਰ ਨੇ ਦੱਸਿਆ ਕਿ ਜਦੋਂ ਉਸ ਦੀ ਸਿਹਤ ਖਰਾਬ ਹੋ ਗਈ ਤਾਂ ਉਸ ਨੂੰ ਹੈਲਸਿਟੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।

ਉੱਥੇ ਉਸ ਦਾ ਕੇਰਲ ਦੀ ਰਹਿਣ ਵਾਲੀ ਇੱਕ ਨਰਸ ਨਾਲ ਸੰਪਰਕ ਹੋ ਗਿਆ, ਜਿਸ ਨੇ ਉਸ ਦੇ ਪਰਿਵਾਰ ਨਾਲ ਗੱਲ ਕਰਵਾ ਦਿੱਤੀ।

ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਸ ਨਾਲ ਉੱਥੇ ਕਿੰਨਾ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਇਸ ਨਰਕ ਵਿੱਚੋਂ ਕਿਸੇ ਤਰ੍ਹਾਂ ਕੱਢ ਲੈਣ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=W4IZPFwuYuk

https://www.youtube.com/watch?v=nT0-fue1_0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News