ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਰੱਜ ਕੇ ਕੀਤੀ

01/23/2020 8:25:21 AM

ਪੰਜਾਬੀਆਂ ਦਾ ਪਰਵਾਸ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਹੈ। ਪੰਜਾਬੀ ਦੀ ਕਹਾਵਤ ਹੈ ਕਿ ਆਲੂ ਤੇ ਪੰਜਾਬੀ ਦੁਨੀਆਂ ਦੇ ਹਰ ਮੁਲਕ ਵਿੱਚ ਮਿਲ ਜਾਂਦੇ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਵਿਦੇਸ਼ੀ ਧਰਤੀ ਉੱਤੇ ਜਾ ਕੇ ਪੰਜਾਬੀਆਂ ਨੇ ਆਪਣੀ ਖਾਸ ਥਾਂ ਬਣਾਈ ਤੇ ਨਾਮਣਾ ਖੱਟਿਆ ਹੈ।

ਪਰ ਪਰਵਾਸ ਲਈ ਤੈਅ ਕਾਨੂੰਨੀ ਤਰੀਕਿਆਂ ਦੀ ਜਿਸ ਤਰੀਕੇ ਨਾਲ ਦੁਰਵਰਤੋਂ ਹੋਈ ਹੈ ਉਸ ਦੀ ਵੀ ਮਿਸਾਲ ਸ਼ਾਇਦ ਹੀ ਕਿੱਧਰੇ ਮਿਲਦੀ ਹੋਵੇ।

ਇੱਥੇ ਅਸੀਂ ਪਰਵਾਸ ਨਾਲ ਸਬੰਧਤ 4 ਅਜਿਹੇ ਕਾਨੂੰਨੀ ਨਿਯਮਾਂ ਦੀ ਚਰਚਾ ਕਰ ਰਹੇ ਹਾਂ ਜਿੰਨ੍ਹਾਂ ਨੂੰ ਲਰਤ ਕੇ ਅਕਸਰ ਵਿਦੇਸ਼ੀ ਧਰਤੀ ''ਤੇ ਪੈਰ ਪਾਉਣ ਦੀ ਕੋਸ਼ਿਸ਼ ਹੁੰਦੀ ਹੈ।

ਇਹ ਵੀ ਪੜ੍ਹੋ:

1. ਸਟੱਡੀ ਵੀਜ਼ਾ- ''ਡੀਸੀ ਬਣਨ ਨਾਲੋਂ IELTS ਪਾਸ ਕਰਨਾ ਅਹਿਮ''

''''ਪਹਿਲੀ ਵਾਰ ਮੇਰੀ ਕੁੜੀ ਦਾ ਸਟੱਡੀ ਵੀਜ਼ਾ ਰੱਦ ਹੋ ਗਿਆ ਸੀ ਹੁਣ ਮੈਂ ਦੂਜੀ ਵਾਰ ਕੋਸ਼ਿਸ਼ ਕਰ ਰਿਹਾ ਹਾਂ। ਪਹਿਲੀ ਵਾਰ ਏਜੰਟ ਨੇ 14 ਲੱਖ ਰੁਪਏ ਦਾ ਬਜਟ ਦੱਸਿਆ ਸੀ ਹੁਣ ਦੂਜੀ ਵਾਰ ਅਪਲਾਈ ਕਰਨ ਵੇਲੇ ਦੂਜੇ ਨੇ ਕਿਹਾ ਹੈ ਜਿੱਥੇ ਮੈਂ ਦਾਖਲਾ ਕਰਵਾ ਰਿਹਾ ਹਾਂ ਉਹ ਨਿੱਜੀ ਕਾਲਜ ਹੈ , ਇਸ ਲਈ 16 ਲੱਖ ਰੁਪਏ ਲੱਗਣਗੇ।''''

ਇਹ ਸ਼ਬਦ ਜਲੰਧਰ ਦੇ ਇੱਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਕਹੇ।

ਇਸ ਵਿਅਕਤੀ ਦੇ ਸ਼ਬਦ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ਦੀ ਪੁਸ਼ਟੀ ਹੈ ਜਦੋਂ ਉਹ ਕਹਿੰਦੇ ਹਨ ਕਿ ਇੱਕ ਬੱਚੇ ਦੇ ਸਟੂਡੈਂਟ ਵੀਜ਼ੇ ਉੱਤੇ ਵਿਦੇਸ਼ ਜਾਣ ਨਾਲ ਪੰਜਾਬ ਦਾ 14 ਲੱਖ ਰੁਪਿਆ ਬਾਹਰ ਚਲਾ ਜਾਂਦਾ ਹੈ।

ਨਵਨੀਤ ਸਿੰਘ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਐਜ਼ੂਕੇਸ਼ਨ ਦਿਵਾਉਣ ਵਾਲੀ ਇੱਕ ਫਰਮ ਚਲਾਉਂਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਨਵਨੀਤ ਨੇ ਕਿਹਾ ਕਿ ਉਂਝ ਤਾਂ ਪੰਜਾਬੀਆਂ ਨੇ ਵਿਦੇਸ਼ ਜਾਣ ਵਾਲੇ ਹਰ ਤਰੀਕੇ ਦਾ ਦੋਹਨ ਕੀਤਾ ਪਰ ਇਨ੍ਹੀਂ ਦਿਨੀ ਵਿਦਿਆਰਥੀ ਵੀਜ਼ਾ ਮੁੱਖ ਰਾਹ ਹੈ।

ਨਵਨੀਤ ਕਹਿੰਦੇ ਹਨ ਕਿ ਸਾਲ 2018-19 ਦੌਰਾਨ 1.5 ਲੱਖ ਪੰਜਾਬੀ ਨੌਜਵਾਨ ਸਟੂਡੈਂਟ ਵੀਜ਼ਾ ਲੈ ਕੇ ਅਮਰੀਕਾ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ ਗਏ ਹਨ।

ਐਨੀ ਗਿਣਤੀ ਲਗਭਗ ਹਰ ਸਾਲ ਜਾਂਦੀ ਹੈ। ਇਹ ਕਾਨੂੰਨੀ ਤੇ ਗੈਰ ਕਾਨੂੰਨੀ ਹੱਥ ਕੰਡਿਆਂ ਨਾਲ ਇੱਕ ਗੋਰਖ ਧੰਦਾ ਬਣ ਗਿਆ ਹੈ।

ਨਵਨੀਤ ਕਹਿੰਦੇ ਹਨ, ''''ਵਿਦੇਸ਼ਾਂ ਵਿੱਚ ਗਲੋਬਲ ਪੱਧਰ ਦੀ ਉਚੇਰੀ ਪੜ੍ਹਾਈ ਲਈ ਜਿਸ ਸਟੂਡੈਂਟ ਵੀਜ਼ੇ ਨੂੰ ਕਦੇ ਮਾਣ ਸਮਝਿਆ ਜਾਂਦਾ ਸੀ ਉਹ ਕਾਨੂੰਨੀ ਤਰੀਕੇ ਨੂੰ ਵਰਤ ਕੇ ਸਥਾਈ ਪਰਵਾਸ ਦਾ ਜ਼ਰੀਆ ਬਣਾ ਲਿਆ ਗਿਆ ਹੈ।''''

ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਬਿਆਨ ਮੁਤਾਬਕ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦੁਆ ਕੇ ਵੀਜ਼ਾ ਲੁਆਉਣ ਦੇ ਨਾਲ ਕਾਲਜਾਂ ਨੂੰ ਦਿੱਤੀ ਜਾਂਦੀ ਰਕਮ ਦਾ 30 ਫ਼ੀਸਦ ਕਮਿਸ਼ਨ ਮਿਲਦਾ ਹੈ।

ਪੰਜਾਬ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 1200 ਰਜਿਸਟਡ ਏਜੰਟ ਹਨ, ਜਦਕਿ ਗੈਰ ਸਰਕਾਰੀ ਅੰਕੜੇ ਹਜ਼ਾਰਾਂ ਵਿੱਚ ਮੰਨਦੇ ਹਨ।

ਇੰਡੀਆ ਟੂਡੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ ਹੀ 6 ਹਜ਼ਾਰ ਤੋਂ ਵੱਧ ਟਰੈਵਲ ਏਜੰਟ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ਼ 517 ਹੀ ਰਜਿਸਟਰਡ ਹਨ।

ਨਵਨੀਤ ਕਹਿੰਦੇ ਹਨ ਕਿ ਸਰਕਾਰ ਅੰਕੜਿਆਂ ਤੱਕ ਹੀ ਸੀਮਤ ਹੈ, ਕੁਆਲਟੀ ਉੱਤੇ ਕੋਈ ਕੰਟਰੋਲ ਨਹੀਂ ਹੈ। ਇਸ ਲਈ ਨਕਲੀ ਕਾਗਜ਼ਾਂ ਨਾਲ, ਨਕਲੀ ਆਮਦਨਾਂ ਦਿਖਾ ਕੇ, ਜ਼ਮੀਨਾਂ ਗਹਿਣੇ ਧਰ ਕੇ ਜਾਂ ਵੇਚ ਕੇ ਹਰ ਕੋਈ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਚਾਹੁੰਦਾ ਹੈ।

ਉਹ ਜਾਂਦੇ ਪੜ੍ਹਾਈ ਦੇ ਨਾਂ ਉੱਤੇ ਹਨ, ਪਰ ਉਨ੍ਹਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਵਿਦੇਸ਼ੀ ਨਾਗਰਿਕਤਾ ਹਾਸਲ ਕਰਨਾ ਹੁੰਦਾ ਹੈ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸੰਸਦ ਵਿੱਚ ਪੰਜਾਬੀ ਨੌਜਵਾਨਾਂ ਦੇ ਪਰਵਾਸ ਦਾ ਮੁੱਦਾ ਚੁੱਕਦਿਆਂ ਕਹਿੰਦੇ ਹਨ, ''''ਪਹਿਲਾਂ ਲੋਕ ਬੱਚੇ ਦੇ ਡਾਕਟਰ, ਇੰਜੀਨਿਅਰ, ਆਈਏਐਸ ਜਾਂ ਹੋਰ ਅਫ਼ਸਰ ਬਣਾਉਣ ਦਾ ਸੁਪਨਾ ਦੇਖਦੇ ਸੀ, ਹੁਣ ਆਈਲੈਟਸ ਕਰਵਾ ਦੇ ਬਾਹਰ ਭੇਜਣ ਦਾ, ਪੰਜਾਬ ''ਚ ਆਇਲੈਟਸ ਡਿਗਰੀ ਬਣ ਗਿਆ ਹੈ, ਪੁੱਤਾਂ ਧੀਆਂ ਨੂੰ ਲੋਕੀਂ ਡੀਸੀ ਬਣਾਉਣ ਦੀ ਥਾਂ ਆਇਲੈਟਸ ਕਰਵਾਉਣ ਨੂੰ ਪਹਿਲ ਦਿੰਦੇ ਹਨ।''''

2. ਸਪਾਉਸ ਵੀਜ਼ਾ- ਜੁਗਾੜ ਵਿਆਹ ਤੇ ਕਿਰਾਏ ਦੀ ਬਰਾਤ

"ਕਿਸੇ ਆਈਲੈਟਸ ਪਾਸ ਕੁੜੀ ਦੀ ਦੱਸ ਪਾਉਣਾ ਜੀ।"

"ਕੁੜੀ ਕੈਨੇਡਾ ਵਿੱਚ ਪੱਕੀ ਹੋਈ ਤਾਂ ਆਪਾਂ ਵਿਆਹ ਅਤੇ ਆਉਣ-ਜਾਣ ਦਾ ਖ਼ਰਚਾ ਕਰ ਦਿਆਂਗੇ।"

"ਰਿਸ਼ਤਾ ਤਾਂ ਹੈਗਾ, ਕੁੜੀ ਪੱਕੀ ਐ ਪਰ ਜੇ ਆਪਣੀ ਕੋਈ ਰਿਸ਼ਤੇਦਾਰ ਕੁੜੀ ਪੱਕੀ ਐ ਤਾਂ ਵੱਟੇ ਦਾ ਸਾਕ ਹੋ ਸਕਦੈ। ਕੁੜੀ ਦਾ ਭਾਈ ਕੈਨੇਡਾ ਵਿੱਚ ਕੱਢਣੈ।"

ਪੰਜਾਬੀ ਕੁੜੀ
BBC

ਇਹ ਸ਼ਬਦ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਖ਼ਮਾਣੋ ਵਿੱਚ ਇੱਕ ਮੁੰਡੇ ਦੇ ਚਾਚੇ ਨੇ ਇੱਕ ਵਿਚੋਲੇ ਨੂੰ ਕਹੇ।

ਹਰ ਸਰਕਾਰ ਨੇ ਆਪਣੇ ਮੁਲਕ ਵਿੱਚ ਰਹਿ ਰਹੇ ਪਰਵਾਸੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਜੋੜਨ ਲਈ ਵਿਸ਼ੇਸ਼ ਵੀਜ਼ਾ ਨਿਯਮ ਤੈਅ ਕੀਤੇ ਹੋਏ ਹਨ।

ਜਿਸ ਤਹਿਤ ਕੋਈ ਵੀ ਵਿਦੇਸ਼ ਰਹਿੰਦਾ ਨਾਗਰਿਕ ਆਪਣੀ ਪਤਨੀ/ ਪਤੀ, ਨਾਬਾਲਗ ਬੱਚਿਆਂ ਜਾਂ ਬਜ਼ੁਰਗ ਆਸ਼ਿਰਤਾਂ ਨੂੰ ਪੱਕੇ ਤੌਰ ਉੱਤੇ ਆਪਣੇ ਕੋਲ ਬੁਲਾ ਸਕਦਾ ਹੈ।

https://www.youtube.com/watch?v=guaXHakt8v4

ਕੈਲੇਫੋਰਨੀਆਂ ਵੱਸਦੇ ਪੱਤਰਕਾਰ ਸਤਨਾਮ ਸਿੰਘ ਕਹਿੰਦੇ ਹਨ ਕਿ ਜਿੰਨ੍ਹੀਆਂ ਧੱਜੀਆਂ ਵਿਆਹ ਨਿਯਮਾਂ ਦੀਆਂ ਪੰਜਾਬੀਆਂ ਨੇ ਉਡਾਈਆਂ ਹਨ, ਉਹ ਦੁਨੀਆਂ ਵਿੱਚ ਸ਼ਾਇਦ ਹੀ ਕਿਸੇ ਨੇ ਉਡਾਈਆਂ ਹੋਣ।

ਉਹ ਕਹਿੰਦੇ ਹਨ, ''''ਅਸੀਂ ਤਾਂ ਕਈ ਖ਼ਬਰਾ ਸੁਣ ਕੇ ਹੀ ਹੈਰਾਨ ਹੋ ਜਾਂਦੇ ਹਨ, ਜਦੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਮਾਂ-ਬਾਪ ਤੋਂ ਲੈ ਕੇ ਬਰਾਤ ਵੀ ਕਿਰਾਏ ਤੇ ਮਿਲ ਜਾਂਦੀ ਹੈ, ਲੋਕ ਤਾਂ ਵਿਦੇਸ਼ ਜਾਣ ਲਈ ਭੈਣਾਂ ਤੱਕ ਨਾਲ ਵਿਆਹ ਕਰਵਾ ਲੈਂਦੇ ਹਨ, ਕੰਟਰੈਕਟ ਮੈਰਿਜ ਤੇ ਵੱਟੇ ਦੇ ਵਿਆਹਾਂ ਦੀ ਵਿਦੇਸ਼ੀ ਕਾਨੂੰਨ ਘਾੜਿਆਂ ਨੂੰ ਵੀ ਬਾਅਦ ਵਿਚ ਹੀ ਭਿਣਕ ਪੈਂਦੀ ਹੈ।''''

''''ਪਹਿਲਾਂ ਵਿਦੇਸ਼ ਤੋਂ ਆਏ ਪੱਕੇ ਮੁੰਡੇ ਜਾਂ ਕੁੜੀ ਨੂੰ ਲੱਖਾਂ ਰੁਪਏ ਦੇਣ ਅਤੇ ਵਿਆਹ ਉੱਤੇ ਪੱਲਿਓਂ ਖਰਚ ਕਰਕੇ ਬਾਕੀ ਟੱਬਰ ਜਹਾਜ਼ ਚੜ੍ਹਨ ਦਾ ''ਜੁਗਾੜ'' ਕਰਦਾ ਸੀ ਪਰ ਵਿਦੇਸ਼ਾਂ ਵਿੱਚ ਇਮੀਗਰੇਸ਼ਨ ਨਿਯਮਾਂ ਦੇ ਬਦਲਣ ਨਾਲ ਪੰਜਾਬੀਆਂ ਨੇ ਵੀ ''ਨਿਯਮ'' ਬਦਲ ਲਏ ਹਨ''''।

ਪੰਜਾਬੀ ਕੁੜੀ
BBC

ਹੁਣ ਆਈਲੈਟਸ ਵਿੱਚ ਲਏ ਚੰਗੇ ਬੈਂਡ ਵਿਦੇਸ਼ੀ ਧਰਤੀ ਉੱਤੇ ਉਤਰਨ ਦਾ ਸਾਧਨ ਬਣ ਗਏ ਹਨ। ਇਸ ਤਰ੍ਹਾਂ ਦੇ ਜੁਗਾੜ ਵਿਆਹ ਵਿਦੇਸ਼ਾਂ ਵਿੱਚ ਸਪਾਊਸ ਵੀਜ਼ੇ ਜਾਂ ਪਰਿਵਾਰਕ ਵੀਜ਼ੇ ਦੀ ਦੁਰਵਰਤੋਂ ਦੀ ਸਟੀਕ ਮਿਸਾਲ ਹੈ।

ਇਹ ਜੁਗਾੜੂ ਵਿਆਹ ਵਿਚੋਲਿਆਂ ਰਾਹੀ ਨਹੀਂ ਸਗੋਂ ਪੰਜਾਬੀ ਅਖ਼ਬਾਰਾਂ ਵਿੱਚ ਵਿਆਹਾਂ ਸਬੰਧੀ ਇਸ਼ਤਿਹਾਰਾ ਰਾਹੀ ਵੀ ਹੁੰਦੇ ਹਨ।

ਇੱਕ ਪਾਸੇ ਅਜਿਹੇ ਵਿਆਹ ਹਨ, ਦੂਜੇ ਪਾਸੇ ਪੰਜਾਬ ਵਿੱਚ 25 ਹਜ਼ਾਰ ਕੁੜੀਆਂ ਐਨਆਰਆਈ ਲਾੜਿਆਂ ਦੀਆਂ ਸਤਾਈਆਂ ਨਰਕ ਵਾਲੀ ਜ਼ਿੰਦਗੀ ਭੋਗ ਰਹੀਆਂ ਹਨ।

ਇਹ ਵੀ ਪੜ੍ਹੋ:

3. ਸੈਰ-ਸਪਾਟਾ: ਘੁੰਮਣ ਗਏ ਕਬੂਤਰ ਉੱਡ ਗਏ

ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪਟਿਆਲਾ ਦੀ ਅਦਾਲਤ ਨੇ ਕਬੂਤਰਬਾਜ਼ੀ ਦੇ ਇਲਜ਼ਾਮਾਂ ਵਿੱਚ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਭਾਵੇਂ ਕਿ ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਕਾਰਨ ਉਹ ਗ੍ਰਿਫ਼ਤਾਰੀ ਤੋਂ ਬਚ ਗਏ ਅਤੇ ਉਨ੍ਹਾਂ ਨੇ ਇਸ ਫ਼ੈਸਲੇ ਉੱਚ ਅਦਾਲਤ ਵਿਚ ਨੂੰ ਚੁਣੌਤੀ ਦਿੱਤੀ।

ਉਨ੍ਹਾਂ ਉੱਤੇ 2003 ਵਿਚ ਪੈਸੇ ਲੈਕੇ ਕੁਝ ਲੋਕਾਂ ਨੂੰ ਵਿਦੇਸ਼ ਲੈ ਜਾਣ ਤੇ ਉੱਥੇ ਹੀ ਛੱਡ ਆਉਣ ਦੇ ਇਲਜ਼ਾਮ ਲੱਗੇ ਸਨ।

ਦਲੇਰ ਵਾਂਗ ਹੀ ਅਰਸ਼ਦੀਪ ਚੋਟੀਆ ਨਾਂ ਦੇ ਇੱਕ ਹੋਰ ਗਾਇਕ ਨੂੰ ਮਾਨਸਾ ਦੀ ਅਦਾਲਤ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਪੰਜਾਬੀ ਗਾਇਕਾਂ ਦੀ ਗੀਤਾਂ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਚਰਚਾ ਹੁੰਦੀ ਹੈ ਉਹ ਕਬੂਤਰਬਾਜ਼ੀ ਦੇ ਇਲਜ਼ਾਮਾਂ ਕਰਕੇ ਹੁੰਦੀ ਰਹੀ ਹੈ।

https://www.youtube.com/watch?v=pVDNkQ1bgEM

ਪਾਲੀਵੁੱਡ ਜਾਂ ਪੰਜਾਬੀ ਸੰਗੀਤ ਜਗਤ ਵਿਚ ਸਮੇਂ ਸਮੇਂ ਉੱਤੇ ਕਈ ਵੱਡੇ ਨਾਂ ਸਾਹਮਣੇ ਆਉਂਦੇ ਰਹੇ ਹਨ, ਜਿਨ੍ਹਾਂ ਉੱਤੇ ਕਬੂਤਰਬਾਜ਼ੀ ਦੇ ਇਲਜ਼ਾਮ ਲੱਗਦੇ ਰਹੇ ਹਨ।

ਸਿਰਫ਼ ਗਾਇਕ ਹੀ ਨਹੀਂ ਗੁਰਬਾਣੀ ਕੀਰਤਨ ਕਰਨ ਜਥਿਆਂ ਨਾਲ ਵੀ ਲੋਕਾਂ ਦੇ ਬਾਹਰ ਜਾਣ ਦਾ ਰਾਹ ਬਣਨ ਦੀ ਚਰਚਾ ਕਿਸੇ ਤੋਂ ਬੁੱਝੀ ਨਹੀਂ ਹੈ।

ਗਾਇਕਾਂ ਤੋਂ ਇਲਾਵਾ ਕਬੱਡੀ ਦੇ ਟੂਰਨਾਮੈਂਟਾਂ, ਸੱਭਿਆਚਾਰਕ ਮੇਲਿਆਂ ਅਤੇ ਪੰਜਾਬੀ ਕਾਨਫਰੰਸਾਂ ਦੇ ਕੁਝ ਪ੍ਰਬੰਧਕਾਂ ਉੱਤੇ ਪੈਸੇ ਲੈ ਕੇ ਵੀਜ਼ੇ ਲਗਵਾਉਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ।

ਵਿਜਿਟਰ ਵੀਜ਼ੇ ਲੁਆ ਕੇ ਵਿਦੇਸ਼ ਪਹੁੰਚਣਾ ਅਤੇ ਫਿਰ ਲੋਪ ਜਾਣਾ ਅਨੇਕਾਂ ਵਾਰ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਰਿਹਾ ਹੈ।

ਵਿਜਿਟਰ ਵੀਜ਼ੇ ਉੱਤੇ ਵਿਦੇਸ਼ੀ ਧਰਤੀ ਉੱਤੇ ਜਾ ਕੇ ਕਬੂਤਰ ਵਾਂਗ ਉਡ ਜਾਣਾ ਹਮੇਸ਼ਾਂ ਪੰਜਾਬੀਆਂ ਨੂੰ ਦੁਨੀਆਂ ਭਰ ਵਿਚ ਬਦਨਾਮ ਕਰਨ ਵਾਲਾ ਵਰਤਾਰਾ ਹੈ।

ਇਹ ਵੀ ਪੜ੍ਹੋ:

4. ਸਿਆਸੀ ਸ਼ਰਨ - ਡੌਂਕੀ ਰੂਟ ਦੇ ਸਿਆਸੀ ਕਾਰਕੁਨ

11 ਜਨਵਰੀ 2019 ਨੂੰ ਫੋਟੋ ਏਜੰਸੀ ਗੈਟੀ ਨੇ ਬੂਟਾ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਤਸਵੀਰ ਜਾਰੀ ਕੀਤੀ। ਬੂਟਾ ਸਿੰਘ ਅਮਰੀਕਾ ਦੇ ਸਿਆਟਲ ਵਿਚ ਇੱਕ ਦਫ਼ਤਰ ਵਿਚ ਖੜ੍ਹਾ ਦਿਖਾਈ ਦੇ ਰਿਹਾ ਹੈ।

''ਇੰਡੀਆ ਅਬਰੋਡ'' ਨਾਂ ਦੇ ਵੈੱਬ ਪੋਰਟਲ ਵਿਚ ਛਪੀ ਇਸ ਤਸਵੀਰ ਦੀ ਕੈਪਸ਼ਨ ਮੁਤਾਬਕ ਬੂਟਾ ਸਿੰਘ ਸਿਆਸੀ ਸ਼ਰਨ ਲਈ ਲਾਈ ਆਪਣੀ ਅਰਜ਼ੀ ਦੀ ਸੁਣਵਾਈ ਲਈ ਵਾਰੀ ਦੀ ਉਡੀਕ ਕਰ ਰਿਹਾ ਹੈ।

https://www.youtube.com/watch?v=fVRVDknKTvY

ਨਿਊਯਾਰਕ ਟਾਇਮਜ਼ ਦੀ ਸਾਊਥ ਏਸ਼ੀਆਂ ਬਾਰੇ ਸਾਬਕਾ ਚੀਫ਼ ਰਿਪੋਰਟ ਬਾਰਬਰਾ ਕੋਰਸਟੇ ਦੀ ਰਿਪੋਰਟ ਨਾਲ ਲਾਈ ਗਈ ਇਸ ਫੋਟੋ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ 34 ਸਾਲਾ ਬੂਟਾ ਸਿੰਘ ਨੂੰ ਆਪਣੀ ਮਾਤ-ਭੂਮੀ ਪੰਜਾਬ ਧਾਰਮਿਕ ਤੇ ਸਿਆਸੀ ਤਸ਼ੱਦਦ ਕਾਰਨ ਛੱਡਣਾ ਪਿਆ ਹੈ।

ਰਿਪੋਰਟ ਮੁਤਾਬਕ ਉਹ ਅਮਰੀਕਾ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ। ਬਾਰਬਰਾ ਆਪਣੀ ਰਿਪੋਰਟ ਵਿਚ ਲਿਖਦੀ ਹੈ ਕਿ ਹੁਣ ਅਮਰੀਕਾ ਵਿਚ ਸਿਆਸੀ ਸ਼ਰਨ ਮੰਗਣ ਵਾਲੇ ਸਿੱਖਾਂ ਨੂੰ ਹਿਰਾਸਤ ਵਿਚ ਲੈਣ ਤੇ ਮੁਲਕ ਵਾਪਸ ਭੇਜਣ ਦੇ ਮਾਮਲੇ ਵਧ ਰਹੇ ਹਨ।

ਭਾਵੇਂ ਕਿ ਬਾਰਬਰਾ ਇਸ ਕੇਸ ਨੂੰ ਟਰੰਪ ਪ੍ਰਸਾਸ਼ਨ ਦੀਆਂ ਨੀਤੀਆਂ ਦੇ ਵਿਸ਼ਲੇਸ਼ਣ ਲਈ ਕਰ ਰਹੀ ਹੈ ਪਰ ਸਿਆਸੀ ਸ਼ਰਨ ਲਈ ਤੈਅ ਨਿਯਮਾਂ ਦੀ ਜਿਸ ਤਰੀਕੇ ਨਾਲ ਦੁਰਵਰਤੋਂ ਪੰਜਾਬੀਆਂ ਨੇ ਕੀਤੀ ਹੈ, ਉਹ ਕਿਸੇ ਤੋਂ ਗੁੱਝੀ ਨਹੀਂ ਹੈ।

https://www.youtube.com/watch?v=YF0inyU98e8

ਪੱਤਰਕਾਰ ਸਤਨਾਮ ਸਿੰਘ ਕਹਿੰਦੇ ਹਨ, ''''ਇੱਕ ਸਮਾਂ ਸੀ ਜਦੋਂ 1980ਵਿਆਂ ਦੌਰਾਨ ਪੰਜਾਬ ਵਿਚ ਹਿੰਸਕ ਦੌਰ ਚੱਲ ਰਿਹਾ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਮਜ਼ਬੂਰੀ ਵਸ ਪੰਜਾਬ ਛੱਡਣਾ ਪਿਆ, ਪਰ ਪੰਜਾਬ ਤੋਂ ਜਿਹੜੇ ਕੇਸ ਹੁਣ ਸਾਹਮਣੇ ਸਿਆਸੀ ਸ਼ਰਨ ਲਈ ਸਾਹਮਣੇ ਆ ਰਹੇ ਹਨ ਉਹ ਕਾਫ਼ੀ ਹੈਰਾਨੀਜਨਕ ਹਨ।''''

ਸਤਨਾਮ ਸਿੰਘ ਕਹਿੰਦੇ ਹਨ ਕਿ ਉਹ ਅਮਰੀਕਾ ਵਿਚ ਕਈ ਲੋਕਾਂ ਨੂੰ ਨਿੱਜੀ ਤੌਰ ਉੱਤੇ ਜਾਣਦੇ ਹਨ ਜਿਹੜੇ ਪੰਜਾਬ ਵਿਚ ਖਾਲਿਸਤਾਨ ਲਹਿਰ ਦੌਰਾਨ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣੇ ਅਤੇ ਉਨ੍ਹਾਂ ਕਾਨੂੰਨੀ ਤਰੀਕੇ ਨਾਲ ਸਿਆਸੀ ਸ਼ਰਨ ਲਈ।

https://www.youtube.com/watch?v=vpVqsEvXBOQ

ਪਰ ਹੁਣ ਅਮਰੀਕਾ, ਕੈਨੇਡਾ ਤੇ ਯੂਰਪੀ ਮੁਲਕਾਂ ਵਿਚ ਜਿਵੇਂ ਗੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਕੇ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਸਿਆਸੀ ਸ਼ਰਨ ਦੇ ਕੇਸ ਪਾਏ ਜਾ ਰਹੇ ਹਨ, ਉਹ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ ਹਨ।

ਸਤਨਾਮ ਸਿੰਘ ਕਹਿੰਦੇ ਹਨ, ''''ਮੈਂ ਸਮਝ ਨਹੀਂ ਪਾ ਰਿਹਾ ਕਿ ਡੌਂਕੀ ਰੂਟ ਰਾਹੀ ਆਉਣ ਵਾਲੇ ਇਹ ਕਿਹੜੇ ਸਿਆਸੀ ਕਾਰਕੁੰਨ ਹਨ ਤੇ ਕਿਸ ਅੰਦੋਲਨ ਕਾਰਨ ਇਨ੍ਹਾਂ ਉੱਤੇ ਪੰਜਾਬ ਵਿਚ ਤਸ਼ੱਦਦ ਹੋ ਰਿਹਾ ਹੈ। ਅਜਿਹੇ ਲੋਕ ਸਿਆਸੀ ਤੇ ਸੱਤਾ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਲੋਕਾਂ ਦਾ ਵੀ ਰਾਹ ਬੰਦ ਕਰ ਰਹੇ ਹਨ।''''

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=rtmfa9ptr_Q

https://www.youtube.com/watch?v=fazWdOUEIx4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News