ਸਾਈਂ ਬਾਬਾ ਦੇ ਜਨਮ ਬਾਰੇ ਕੀ ਹੈ ਵਿਵਾਦ ਅਤੇ ਕੀ ਕਹਿੰਦੇ ਸਬੂਤ

01/22/2020 4:40:21 PM

ਸਾਈਂ ਬਾਬਾ ਜਿੰਨ੍ਹਾਂ ਨੇ ''ਸਭ ਕਾ ਮਾਲਿਕ ਏਕ'' ਵਿਚਾਰਧਾਰਾ ਦਾ ਪ੍ਰਚਾਰ ਕੀਤਾ ਸੀ, ਉਨ੍ਹਾਂ ਦੇ ਜਨਮ ਅਸਥਾਨ ਬਾਰੇ ਕੁਝ ਵਿਵਾਦਿਤ ਬਿਆਨ ਆਏ ਹਨ । ਇਸ ਸਮੇਂ ਵਿਵਾਦ ਹੈ ਕਿ ਸਾਈਂ ਬਾਬਾ ਦਾ ਜਨਮ ਕਿੱਥੇ ਹੋਇਆ ਸੀ? ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦਰਅਸਲ ਮਹਾਰਾਸ਼ਟਰ ਸਰਕਾਰ ਨੇ ਪਰਭਣੀ ਜ਼ਿਲ੍ਹੇ ਦੇ ਪਾਥਰੀ ਪਿੰਡ ਨੂੰ ਸਾਈਂ ਬਾਬਾ ਦਾ ਜਨਮ ਅਸਥਾਨ ਦੱਸਦਿਆਂ ਉਸ ਦੇ ਵਿਕਾਸ ਲਈ 100 ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ ਹੈ।

ਪਾਥਰੀ ਪਿੰਡ ਨੂੰ ਸਾਈਂ ਬਾਬਾ ਦੇ ਜਨਮ ਅਸਥਾਨ ਵੱਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸ਼ਿਰਡੀ ਨਿਵਾਸੀਆਂ ਖਾਸ ਕਰਕੇ ਸਾਈਂ ਭਗਤਾਂ ਨੇ ਮਹਾਰਾਸ਼ਟਰ ਸਰਕਾਰ ਦੇ ਇਸ ਫ਼ੈਸਲੇ ''ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਐਤਵਾਰ ਨੂੰ ਬੰਦ ਦਾ ਸੱਦਾ ਦਿੱਤਾ।ਦੂਜੇ ਪਾਸੇ ਪਾਥਰੀ ਪਿੰਡ ਵਾਸੀਆਂ ਨੇ ਵੀ ਪ੍ਰਤੀਕ੍ਰਿਆ ਦੇ ਰੂਪ ''ਚ ਬੰਦ ਦਾ ਐਲਾਨ ਕੀਤਾ।

ਪਾਥਰੀ ਵਾਸੀਆਂ ਦਾ ਦਾਅਵਾ ਹੈ ਕਿ ਸਾਈਂ ਬਾਬਾ ਦਾ ਜਨਮ ਇਸੇ ਪਿੰਡ ''ਚ ਹੋਇਆ ਸੀ ਅਤੇ ਉਨ੍ਹਾਂ ਕੋਲ ਆਪਣੇ ਦਾਅਵੇ ਦੀ ਪੁਸ਼ਟੀ ਲਈ 29 ਸਬੂਤ ਵੀ ਹਨ।

ਦੂਜੇ ਪਾਸੇ ਸ਼ਿਰਡੀ ਵਾਸੀਆਂ ਦਾ ਕਹਿਣਾ ਹੈ ਕਿ ਪਾਥਰੀ ਜਿੰਨ੍ਹਾਂ 29 ਸਬੂਤਾਂ ਦਾ ਦਾਅਵਾ ਕਰ ਰਿਹਾ ਹੈ, ਉਹ ਕਿਸੇ ਇਕ ਨੂੰ ਵੀ ਪੇਸ਼ ਕਰਕੇ ਵਿਖਾਉਣ। ਉਨ੍ਹਾਂ ਕਿਹਾ ਕਿ ਅਜਿਹੇ ਕੋਈ ਸਬੂਤ ਮੌਜੂਦ ਨਹੀਂ ਹਨ। ਇਹ ਤਾਂ ਸਿਰਫ ਕਿਆਸਰਾਈਆਂ ਹਨ।

ਊਧਵ ਠਾਕਰੇ ਨੇ ਇਸ ਮਸਲੇ ਦੇ ਹੱਲ ਲਈ 20 ਜਨਵਰੀ ਨੂੰ ਇੱਕ ਬੈਠਕ ਸੱਦੀ, ਜਿਸ ''ਚ ਸਾਈਂ ਸੰਸਥਾਨ ਟਰੱਸਟ ਦੇ ਮੈਂਬਰਾਂ ਅਤੇ ਹੋਰ ਮੋਹਤਬਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁੱਦੇ ਨੂੰ ਸੁਲਝਾਉਣ ਲਈ ਇਸ ਬੈਠਕ ''ਚ ਉੱਚਿਤ ਫ਼ੈਸਲਾ ਲਿਆ ਜਾਵੇਗਾ।

ਪਰ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਵਿਵਾਦ ਕੀ ਹੈ ਅਤੇ ਕਿੱਥੋਂ ਸ਼ੁਰੂ ਹੋਇਆ ਸੀ।

ਸਾਈਂ ਬਾਬਾ ਦਾ ਜਨਮ ਅਸਥਾਨ ਪਾਥਰੀ ਹੈ, ਇਹ ਦਾਅਵਾ ਕਿੱਥੋਂ ਆਇਆ?

ਜੇਕਰ ਤੁਸੀਂ ਔਰੰਗਾਬਾਦ ਤੋਂ ਨੰਦੇੜ ਜਾਣ ਲਈ ਰੇਲ ਸਫ਼ਰ ਦੀ ਚੋਣ ਕਰਦੇ ਹੋ ਤਾਂ ਰਸਤੇ ''ਚ ਮਨਵਤ ਰੋਡ ਨਾਂ ਦਾ ਇਕ ਸਟੇਸ਼ਨ ਪੈਂਦਾ ਹੈ।ਇਸ ਸਟੇਸ਼ਨ ''ਤੇ ਪਿਛਲੇ ਕਈ ਸਾਲਾਂ ਤੋਂ ਇਕ ਬੋਰਡ ਲੱਗਿਆ ਹੋਇਆ ਹੈ, ਜਿਸ ''ਤੇ ਲਿਖਿਆ ਹੈ, ''ਸਾਈਂ ਬਾਬਾ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਇੱਥੇ ਉਤਰੋ''।

ਇਸ ਕਥਨ ਦਾ ਕੋਈ ਸਬੂਤ ਨਹੀਂ ਹੈ ਕਿ ਪਾਥਰੀ ਹੀ ਸਾਈਂ ਬਾਬਾ ਦਾ ਜਨਮ ਅਸਥਾਨ ਹੈ।ਪਾਥਰੀ ਅਤੇ ਇਸ ਦੇ ਆਸ-ਪਾਸ ਦੇ ਖੇਤਰ ''ਚ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪਾਥਰੀ ਹੀ ਸਾਈਂ ਬਾਬਾ ਦਾ ਜਨਮ ਅਸਥਾਨ ਹੈ।

ਫਿਰ ਜਦੋਂ ਇਸ ਦਾਅਵੇ ਦੀ ਪੁਸ਼ਟੀ ਲਈ ਸਬੂਤ ਦੀ ਮੰਗ ਕੀਤੀ ਗਈ ਤਾਂ ''ਸਾਈਂ ਬਾਬਾ ਜਨਮ ਸਥਲ ਮੰਦਰ ਟਰੱਸਟ, ਪਾਥਰੀ ਦੇ ਪ੍ਰਧਾਨ ਅਤੁਲ ਚੌਧਰੀ ਨੇ ਕਿਹਾ, "ਸਾਈਂ ਬਾਬਾ ਦਾ ਜਨਮ 1838 ''ਚ ਪਾਥਰੀ ''ਚ ਹੋਇਆ ਸੀ"।

30 ਸਾਲਾਂ ਦੀ ਖੋਜ ਦਾ ਦਾਅਵਾ

ਸਾਬਕਾ ਮੁੱਖ ਮੰਤਰੀ ਬਾਲਾ ਸਾਹਿਬ ਖੇਰ ਦੇ ਪੁੱਤਰ ਵਿਸ਼ਵਾਸ ਖੇਰ ਨੇ ਦੱਸਿਆ ਕਿ 30 ਸਾਲਾਂ ਦੀ ਖੋਜ ਤੋਂ ਬਾਅਦ ਹੀ ਪਾਥਰੀ ਨੂੰ ਸਾਈਂ ਬਾਬਾ ਦੇ ਜਨਮ ਅਸਥਾਨ ਵੱਜੋਂ ਐਲਾਨਿਆ ਗਿਆ ਹੈ।

ਪਾਥਰੀ ਦੇ ਨੇੜਲੇ ਪਿੰਡ ਸੇਲੂ ਵਿਖੇ ਕੇਸ਼ਵਰਾਜ ਮਹਾਰਾਜ ਉਰਫ਼ ਬਾਬਾ ਸਾਹਿਬ ਮਹਾਰਾਜ ਦਾ ਇੱਕ ਮੰਦਰ ਹੈ।ਸਾਡਾ ਮੰਨਣਾ ਹੈ ਕਿ ਬਾਬਾ ਸਾਹਿਬ ਸਾਈਂ ਬਾਬਾ ਦੇ ਗੁਰੂ ਸਨ।

ਚੌਧਰੀ ਨੇ ਅੱਗੇ ਦੱਸਿਆ ਕਿ "ਗੋਵਿੰਦ ਦਾਭੋਲਕਰ ਵੱਲੋਂ ਲਿਖੀ ਗਈ ਸਾਈਂ ਜੀਵਨੀ ਜਿਸ ਨੂੰ ਕਿ 1974 ''ਚ ਸ਼ਿਰਡੀ ਸਾਈਂ ਸੰਸਥਾਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ, ਉਸ ਦੇ ਅੱਠਵੇਂ ਐਡੀਸ਼ਨ ''ਚ ਜ਼ਿਕਰ ਕੀਤਾ ਗਿਆ ਹੈ ਕਿ ਸਾਈਂ ਬਾਬਾ ਦਾ ਜਨਮ ਪਾਥਰੀ ''ਚ ਹੋਇਆ ਸੀ।ਸਾਈਂ ਬਾਬਾ ਨੇ ਆਪਣੇ ਇੱਕ ਚੇਲੇ ਮਹਲਸਪਤੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਇੱਕ ਫਕੀਰ ਨੂੰ ਦਾਨ ''ਚ ਦੇ ਦਿੱਤਾ ਸੀ"।

ਅਤੁਲ ਚੌਧਰੀ ਨੇ ਦੱਸਿਆ ਕਿ "ਸਾਈਂ ਬਾਬਾ ਦਾ ਅਸਲ ਨਾਂਅ ਹਰੀਭਾਉ ਭੂਸਰੀ ਸੀ।ਉਨ੍ਹਾਂ ਦੇ ਵੱਡੇ ਭਰਾ ਵੀ ਇੱਕ ਫਕੀਰ ਸਨ।ਇਸ ਲਈ ਹੋ ਸਕਦਾ ਹੈ ਕਿ ਸਾਈਂ ਬਾਬਾ ਆਪਣੇ ਭਰਾ ਤੋਂ ਪ੍ਰਭਾਵਿਤ ਹੋਏ ਹੋਣਗੇ।ਪਾਥਰੀ ਪਿੰਡ ''ਚ ਵੱਡੀ ਗਿਣਤੀ ''ਚ ਮੁਸਲਿਮ ਲੋਕ ਰਹਿੰਦੇ ਹਨ।ਇਤਿਹਾਸ ਗਵਾਹ ਹੈ ਕਿ ਇਸ ਪਿੰਡ ''ਚ ਕਈ ਮਹਾਨ ਫਕੀਰ ਹੋਏ ਹਨ"।

"ਜੇਕਰ ਇੰਨ੍ਹਾਂ ਦੀਆਂ ਕਹਾਣੀਆਂ ਜਗ ਜਾਹਿਰ ਹੋ ਜਾਂਦੀਆਂ ਤਾਂ ਪਾਥਰੀ ਵਿਸ਼ਵ ਦੇ ਨਕਸ਼ੇ ''ਤੇ ਮਸ਼ਹੂਰ ਹੋ ਜਾਂਦਾ।ਇੰਨ੍ਹਾਂ ਫਕੀਰਾਂ ''ਚੋਂ ਕੁਝ ਨੇ ਸਾਈਂ ਬਾਬਾ ਨੂੰ ਪ੍ਰਭਾਵਿਤ ਕੀਤਾ, ਜਿਸ ਕਰਕੇ ਉਨ੍ਹਾਂ ਦਾ ਪਹਿਰਾਵਾ ਮੁਸਲਮਾਨ ਫਕੀਰ ਦੀ ਤਰ੍ਹਾਂ ਹੀ ਸੀ"।

ਸ੍ਰੀ ਚੌਧਰੀ ਨੇ ਅੱਗੇ ਦੱਸਿਆ ਕਿ ਸੰਤ ਦਾਸਗਾਨੂ ਵੱਲੋਂ ਲਿਖੀ ਗਈ ਜੀਵਨੀ ''ਚ ਸਾਈਂ ਬਾਬਾ ਅਤੇ ਪਾਥਰੀ ਦੇ ਆਪਸੀ ਸਬੰਧ ਦੀ ਚਰਚਾ ਹੋਈ ਹੈ।

ਇਹ ਵੀ ਪੜ੍ਹੋ-

'' ਅੱਠਵਾਂ ਐਡੀਸ਼ਨ ਕਿੱਥੇ ਹੈ?''

ਪਾਥਰੀ ਵਾਸੀ ਅੱਠਵੇਂ ਐਡੀਸ਼ਨ ਦੇ ਅਧਾਰ ''ਤੇ ਦਾਅਵਾ ਠੋਕ ਰਹੇ ਹਨ ਕਿ ਸਾਈਂ ਬਾਬਾ ਦਾ ਜਨਮ ਅਸਥਾਨ ਪਾਥਰੀ ਹੈ।ਸ਼ਿਰਡੀ ਸੰਸਥਾਨ ਦੇ ਪ੍ਰਧਾਨ ਸੁਰੇਸ਼ ਹਾਵੜੇ ਨੇ ਦੱਸਿਆ ਕਿ ਸ਼ਿਰਡੀ ਸੰਸਥਾਨ ਦੇ ਪੁਰਾਲੇਖ ਵਿਭਾਗ ''ਚ ਇਸ ਅੱਠਵੇਂ ਐਡੀਸ਼ਨ ਦਾ ਕੋਈ ਥਹੁ ਪਤਾ ਨਹੀਂ ਹੈ।

ਹਾਵੜੇ ਨੇ ਆਖਿਆ, "ਪਾਥਰੀ ਨਿਵਾਸੀ ਜਿਸ ਅੱਠਵੇਂ ਸੰਸਕਰਣ ਦੇ ਅਧਾਰ ''ਤੇ ਦਾਅਵਾ ਕਰ ਰਹੇ ਹਨ, ਉਹ ਵਿਸ਼ਵਾਸ ਖੇਰ ਦੇ ਸਮੇਂ ''ਚ ਖਰੀਦਿਆ ਗਿਆ ਸੀ।ਇਸ ਦੇ ਪਹਿਲੇ ਸੰਸਕਰਣਾਂ ''ਚ ਅਜਿਹੀ ਕਿਸੇ ਵੀ ਗੱਲ ਦੀ ਚਰਚਾ ਨਹੀਂ ਕੀਤੀ ਗਈ ਹੈ।ਹੁਣ ਇਸ ਦਾ 36ਵਾਂ ਸੰਸਕਰਣ ਉਪਲੱਬਧ ਹੈ ਪਰ ਉਸ ''ਚ ਵੀ ਇਸ ਤੱਥ ਸਬੰਧੀ ਕੋਈ ਸੰਕੇਤ ਦਰਜ ਨਹੀਂ ਹੈ"।

"ਸਾਡੇ ਕੋਲ ਇਸ ਜੀਵਨੀ ਦਾ ਮੂਲ ਖਰੜਾ ਮੌਜੂਦ ਹੈ, ਉਸ ''ਚ ਵੀ ਲੇਖਕ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ।ਫਿਰ ਸਿਰਫ਼ ਅੱਠਵੇਂ ਐਡੀਸ਼ਨ ''ਚ ਹੀ ਇਸ ਸਬੰਧੀ ਚਰਚਾ ਕਿਵੇਂ ਹੋਈ ਹੈ"।

ਹਾਵੜੇ ਨੇ ਕਿਹਾ, "ਸਿਰਫ਼ ਪਾਥਰੀ ਹੀ ਨਹੀਂ ਬਲਕਿ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਸਥਾਨਾਂ ਨੇ ਵੀ ਸਾਈਂ ਬਾਬਾ ਦੇ ਜਨਮ ਅਸਥਾਨ ਹੋਣ ਦਾ ਦਾਅਵਾ ਪੇਸ਼ ਕੀਤਾ ਹੈ।ਅਸੀਂ ਸਾਈਂ ਭਗਤਾਂ ਦੀ ਸ਼ਰਧਾ ਨੂੰ ਸਮਝਦੇ ਹਾਂ, ਪਰ ਸਾਡਾ ਸਿਰਫ ਇਹੀ ਕਹਿਣਾ ਹੈ ਕਿ ਇੰਨ੍ਹਾਂ ਦਾਅਵਿਆਂ ਦਾ ਕੋਈ ਪੁਖਤਾ ਸਬੂਤ ਮੌਜੂਦ ਨਹੀਂ ਹੈ"।

ਇਹ ਵੀ ਪੜ੍ਹੋ-

''ਸਾਈਂ ਬਾਬਾ ਦੀਆਂ ਜੋ ਜੀਵਨੀਆਂ ਲਿਖੀਆਂ ਗਈਆਂ ਹਨ, ਉਹ ਸਾਰੀਆਂ ਹੀ ਉਨ੍ਹਾਂ ਦੇ ਸ਼ਰਧਾਲੂਆਂ, ਭਗਤਾਂ ਵੱਲੋਂ ਨੇਪਰੇ ਚੜ੍ਹੀਆਂ ਹਨ''

ਸਾਈਂ ਬਾਬਾ ਦੇ ਜੀਵਨ ਸੰਬੰਧੀ ਖੋਜ ਕਰਨ ਵਾਲੇ ਅਤੇ ਮਹੀਨਾਵਾਰੀ ਲੋਕਮੁਦਰਾ ਦੇ ਸੰਪਾਦਕ ਰਾਜਾ ਕੰਡਾਲਕਰ ਨੇ ਕਿਹਾ ਕਿ "ਕੀ ਸਾਈਂ ਬਾਬਾ ਦੇ ਜਨਮ ਅਸਥਾਨ ਦੀ ਪੁਸ਼ਟੀ ਲਈ ਉਨ੍ਹਾਂ ਦੀਆਂ ਜੀਵਨੀਆਂ ਨੂੰ ਭਰੋਸੇਯੋਗ ਸਮਝਿਆ ਜਾ ਸਕਦਾ ਹੈ? ਸਾਈਂ ਬਾਬਾ ਦੀਆਂ ਵਧੇਰੇਤਰ ਜੀਵਨੀਆਂ ਉਨ੍ਹਾਂ ਦੇ ਭਗਤਾਂ ਵੱਲੋਂ ਲਿਖੀਆਂ ਗਈਆਂ ਹਨ"।

"ਇਤਿਹਾਸਕਾਰ ਪੁਖਤਾ ਸਬੂਤਾਂ, ਦਸਤਾਵੇਜ਼ਾਂ ਅਤੇ ਚੀਜ਼ਾਂ ਦੇ ਅਧਾਰ ''ਤੇ ਇਤਿਹਾਸ ਦੀ ਰਚਨਾ ਕਰਦੇ ਹਨ। ਉਹ ਇਤਿਹਾਸ ਅਤੇ ਘਟਨਾਵਾਂ ਦੀ ਜਾਂਚ ਕਰਦੇ ਹਨ। ਪਰ ਸਾਈਂ ਬਾਬਾ ਦੀਆਂ ਜੀਵਨੀਆਂ ''ਚ ਇਹ ਤੱਥ ਮੌਜੂਦ ਨਹੀਂ ਹਨ।ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਲੇਖਕਾਂ ਦਾ ਇਰਾਦਾ ਗਲਤ ਸੀ, ਪਰ ਉਨ੍ਹਾਂ ਵੱਲੋਂ ਆਪਣੀ ਪੁਸਤਕ ''ਚ ਦਿੱਤੇ ਤੱਥਾਂ, ਜਾਣਕਾਰੀ ਦੀ ਮੁੜ ਪੜਚੋਲ ਨਹੀਂ ਕੀਤੀ ਗਈ ਹੈ"।

ਕੰਡਾਲਕਰ ਨੇ ਕਿਹਾ, "ਉਸ ਸਮੇਂ ਦੌਰਾਨ ਅਹਿਮਦਨਗਰ ''ਚ ''ਦੀਨਬੰਦੂ'' ਪ੍ਰਕਾਸ਼ਿਤ ਹੋਇਆ ਸੀ।ਇਸ ਰਸਾਲੇ ਦੇ ਸੰਪਾਦਕ ਮੁਕੰਦਰਾਓ ਪਾਟਿਲ ਸਨ, ਜੋ ਕਿ ਸੱਤਿਆਸ਼ੋਧਕ ਸਮਾਜ ਦੇ ਕਾਰਕੁੰਨ ਸਨ।

ਇਸ ਰਸਾਲੇ ''ਚ ਹੀ ਸਾਈਂ ਬਾਬਾ ਦਾ ਜ਼ਿਕਰ ਹੋਇਆ ਹੈ। ਤਤਕਾਲੀ ਇਕ ਹੋਰ ਕੇਸਰੀ ਨਾਂ ਦੇ ਅਖ਼ਬਾਰ ''ਚ ਸਾਈਂ ਬਾਬਾ ਬਾਰੇ ਕੁਝ ਵੀ ਨਹੀਂ ਪ੍ਰਕਾਸ਼ਿਤ ਹੋਇਆ ਸੀ।

ਪਿੰਡ ਦੇ ਬੁਜ਼ਰਗਾਂ ਦਾ ਕਹਿਣਾ ਹੈ ਕਿ ਲੋਕਮਾਨਿਆ ਤਿਲਕ ਅਤੇ ਹੋਰ ਸੀਨੀਅਰ ਆਗੂ ਸਾਈਂ ਬਾਬਾ ਨੂੰ ਮਿਲਣ ਆਏ ਸਨ, ਪਰ ਇਸ ਬਾਰੇ ਕੋਈ ਲਿਖਤੀ ਸਬੂਤ ਉਪਲੱਬਧ ਨਹੀਂ ਹੈ।

ਸਾਈਂ ਬਾਬਾ ਇਕ ਵਾਰ ਮੈਜਿਸਟ੍ਰੇਟ ਅੱਗੇ ਪੇਸ਼ ਹੋਏ ਸਨ।ਪਰ ਉਨ੍ਹਾਂ ਵੱਲੋਂ ਆਪਣੇ ਜਨਮ ਅਸਥਾਨ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਸੀ।ਉਨ੍ਹਾਂ ਨੇ ਸਿਰਫ਼ ਆਪਣਾ ਨਾਂ ਸਾਈਂ ਬਾਬਾ ਦੱਸਿਆ ਸੀ"।

ਰਾਮਨਾਥ ਕੋਵਿੰਦ ਵੱਲੋਂ ਪਾਥਰੀ ਦਾ ਦੌਰਾ

ਚੌਧਰੀ ਨੇ ਦੱਸਿਆ ਕਿ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2016 ''ਚ ਪਾਥਰੀ ਦਾ ਦੌਰਾ ਕੀਤਾ ਸੀ।ਉਸ ਸਮੇਂ ਉਹ ਬਿਹਾਰ ਰਾਜ ਦੇ ਗਵਰਨਰ ਸਨ।

ਸਾਈਂ ਬਾਬਾ ਦੀ 100ਵੀਂ ਬਰਸੀ ਮੌਕੇ ਸ਼ਿਰਡੀ ਵਿਖੇ ਆਯੋਜਿਤ ਕਰਵਾਏ ਗਏ ਸਮਾਗਮ ''ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਸੀ ਕਿ ''ਸਾਈਂ ਬਾਬਾ ਦੇ ਜਨਮ ਅਸਥਾਨ ਪਾਥਰੀ ਨੂੰ ਵਿਕਸਤ ਕੀਤਾ ਜਾਣਾ ਚਾਹੀਦਾ ਹੈ।'' ਕਈ ਲੋਕ ਉਨ੍ਹਾਂ ਦੇ ਇਸ ਕਥਨ ਨਾਲ ਸਹਿਮਤ ਨਹੀਂ ਸਨ।

ਭਾਜਪਾ ਵਿਧਾਇਕ ਰਾਧਾਕ੍ਰਿਸ਼ਨ ਵਿਖੇ-ਪਾਟਿਲ ਨੇ ਕਿਹਾ , "ਜ਼ਰੂਰ ਕਿਸੇ ਨੇ ਰਾਮਨਾਥ ਕੋਵਿੰਦ ਨੂੰ ਗਲਤ ਜਾਣਕਾਰੀ ਮੁਹੱਈਆ ਕਰਵਾਈ ਹੈ।"

ਇਸ ਮੁੱਦੇ ਦਾ ਹੱਲ ਕੀ ਹੈ?

ਪਾਥਰੀ ਅਤੇ ਸ਼ਿਰਡੀ ਦੋਵਾਂ ਹੀ ਸਥਾਨਾਂ ਦੇ ਵਸਨੀਕ ਇਸ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰਨ ਲਈ ਤਿਆਰ ਹਨ।

ਚੌਧਰੀ ਨੇ ਕਿਹਾ, " ਸਾਡੇ ਕੋਲ 29 ਸਬੂਤ ਹਨ ਅਤੇ ਅਸੀਂ ਇਹ ਸਬੂਤ ਸਰਕਾਰ ਨੂੰ ਸੌਂਪਣ ਲਈ ਵੀ ਤਿਆਰ ਹਾਂ।ਸਾਨੂੰ ਇਸ ਗੱਲ ''ਤੇ ਵੀ ਕੋਈ ਦਿੱਕਤ ਨਹੀਂ ਹੈ ਕਿ ਸਰਕਾਰ ਪਹਿਲਾਂ ਇੰਨ੍ਹਾਂ ਸਬੂਤਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰੇ ਅਤੇ ਫਿਰ ਆਪਣਾ ਫ਼ੈਸਲਾ ਦੇਵੇ।"

ਹਾਵੜੇ ਨੇ ਕਿਹਾ, "ਸਰਕਾਰ ਨੇ ਅਣਜਾਣੇ ''ਚ ਹੀ ਪਾਥਰੀ ਨੂੰ ਸਾਈਂ ਬਾਬਾ ਦੇ ਜਨਮ ਅਸਥਾਨ ਵੱਜੋਂ ਮਾਨਤਾ ਦਿੱਤੀ ਹੈ।ਇਸ ਲਈ ਸਰਕਾਰ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ।ਕੋਈ ਵੀ ਫ਼ੈਸਲਾ ਅਧਿਐਨ ਅਤੇ ਸਬੂਤਾਂ ਦੇ ਅਧਾਰ ''ਤੇ ਲਿਆ ਜਾਣਾ ਚਾਹੀਦਾ ਹੈ।ਇਹ ਮੁੱਦਾ ਸੰਵੇਦਨਾ ਅਤੇ ਵਿਸ਼ਵਾਸ ਨਾਲ ਜੁੜਿਆ ਹੈ , ਇਸ ਲਈ ਬਹੁਤ ਹੀ ਸਾਵਧਾਨੀ ਨਾਲ ਇਸ ਨੂੰ ਸੁਲਝਾਇਆ ਜਾਣਾ ਚਾਹੀਦਾ ਹੈ।"

ਇਹ ਵੀ ਦੇਖੋ:

https://www.facebook.com/BBCnewsPunjabi/videos/173077670728406/

100 ਕਰੋੜ ਰੁ. ਦੇ ਫੰਡ ਸੰਬੰਧੀ ਚਰਚਾ

ਪਾਥਰੀ ਜਨਮ ਅਸਥਾਨ ਕਾਰਜ ਕਮੇਟੀ ਦੇ ਪ੍ਰਧਾਨ ਬਬਜਾਨੀ ਦੁਰਾਨੀ ਨੇ ਕਿਹਾ, "ਪਾਥਰੀ ਦੇ ਵਿਕਾਸ ਲਈ ਸਰਕਾਰ ਵੱਲੋਂ 100 ਕਰੋੜ ਰੁਪਏ ਦੇ ਫੰਡਾਂ ਦਾ ਐਲਾਨ ਕੀਤਾ ਗਿਆ ਹੈ।ਹਰ ਪਾਸੇ ਅਫ਼ਵਾਹ ਹੈ ਕਿ ਇਹ ਫੰਡ ਸਿਰਫ ਮੰਦਰ ਦੇ ਵਿਕਾਸ ਲਈ ਹੀ ਹਨ।"

ਉਨ੍ਹਾਂ ਅੱਗੇ ਕਿਹਾ ਕਿ ਇਹ ਸੱਚ ਹੈ ਕਿ ਸਰਕਾਰ ਵੱਲੋਂ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਪਰ ਇਸ ਦਾ ਆਗਾਜ਼ ਦੇਵੇਂਦਰ ਫੜਨਵੀਸ ਦੇ ਕਾਰਜਕਾਲ ਦੌਰਾਨ ਹੋਇਆ ਸੀ।100 ਕਰੋੜ ਰੁ. ''ਚੋਂ ਅੱਧੀ ਰਕਮ ਇੰਨ੍ਹਾਂ ਲੋਕਾਂ ਦੇ ਮੁੜ ਵਸੇਬੇ ਲਈ ਵਰਤੀ ਜਾਵੇਗੀ।

ਸਾਈਂ ਮੰਦਰ ਦੇ ਵਿਕਾਸ ਦੌਰਾਨ ਇਸ ਦੇ ਨਾਲ ਲੱਗਦੀ ਸੜਕ ਨੂੰ ਚੌੜਾ ਕੀਤਾ ਜਾਵੇਗਾ, ਜਿਸ ਕਰਕੇ ਕਈ ਲੋਕਾਂ ਨੂੰ ਆਪਣੇ ਮੌਜੂਦਾ ਘਰ ਛੱਡਣੇ ਪੈਣਗੇ।

ਅਸੀਂ ਉਨ੍ਹਾਂ ਲੋਕਾਂ ਨੂੰ ਮੁੜ ਵਸਾਉਣ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਇਸ ਲਈ ਪੈਸਿਆ ਦੀ ਜ਼ਰੂਰਤ ਹੋਵੇਗੀ।ਸ਼ਰਧਾਲੂਆਂ ਦੀਆਂ ਬੁਨਿਆਦੀ ਸਹੂਲਤਾਂ ਮਿਸਾਲਨ ਰਹਿਣ ਲਈ ਧਾਮ, ਭੋਜਨ,ਪਖਾਨੇ ਆਦਿ ਲਈ ਵੀ ਪੈਸਿਆਂ ਦੀ ਲੋੜ ਹੋਵੇਗੀ।ਸਿਰਫ ਸ਼ਰਧਾਲੂਆਂ ਲਈ ਨਿਵਾਸ ਸਥਾਨਾਂ ਦੇ ਨਿਰਮਾਣ ''ਚ ਹੀ 10 ਕਰੋੜ ਰੁਪਏ ਦਾ ਖਰਚ ਹੋਵੇਗਾ।

ਜਿਵੇਂ ਕਿ ਪਾਥਰੀ ਨੂੰ ਸੈਂਕੜੇ ਕਰੋੜ ਰੁ. ਦੀ ਗ੍ਰਾਂਟ ਮਿਲਣੀ ਤੈਅ ਹੈ, ਇਸ ਲਈ ਸ਼ਾਇਦ ਸ਼ਿਰਡੀ ਵਾਸੀ ਗੁੱਸੇ ''ਚ ਹਨ।ਕੀ ਇਸੇ ਕਰਕੇ ਹੀ ਸ਼ਿਰਡੀ ''ਚ ਬੰਦ ਦਾ ਐਲਾਨ ਵੀ ਕੀਤਾ ਗਿਆ?

ਇਸ ਸਵਾਲ ਦੇ ਜਵਾਬ ''ਚ ਹਾਵੜੇ ਨੇ ਕਿਹਾ, " ਇਹ ਇੱਕ ਗਲਤਫਹਿਮੀ ਹੈ।ਪਾਥਰੀ ਦੇ ਵਿਕਾਸ ਲਈ 100 ਭਾਵੇਂ 200 ਕਰੋੜ ਰੁਪਏ ਦਿੱਤੇ ਜਾਣ, ਇਸ ''ਤੇ ਸ਼ਿਰਡੀ ਵਾਸੀਆਂ ਨੂੰ ਕੋਈ ਇਤਰਾਜ਼ ਨਹੀਂ ਹੈ।ਪਰ ਸਰਕਾਰ ਉਦੋਂ ਤੱਕ ਪਾਥਰੀ ਸੰਬੰਧੀ ਆਪਣੇ ਫ਼ੈਸਲੇ ''ਤੇ ਰੋਕ ਲਗਾਵੇ ਜਦੋਂ ਤੱਕ ਇਸ ਸਬੰਧੀ ਪੁਖਤਾ ਸਬੂਤ ਹਾਸਲ ਨਹੀਂ ਹੋ ਜਾਂਦੇ ਹਨ।"

ਸ਼ਿਰਡੀ ਸਾਈਂ ਮੰਦਰ
Getty Images
ਸ਼ਿਰਡੀ ਸਾਈਂ ਮੰਦਰ

ਸਾਈਂ ਬਾਬਾ ਨੂੰ ਹਿੰਦੂਤਵ ਵਿਚਾਰਧਾਰਾ ਦਾ ਦੱਸਣਾ

ਕੁਝ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਸਾਈਂ ਬਾਬਾ ਨੂੰ ਹਿੰਦੂ ਧਰਮ ''ਚ ਪੈਦਾ ਹੋਣ ਦਾ ਦਾਅਵਾ ਪੇਸ਼ ਕਰਕੇ ਉਨ੍ਹਾਂ ਨੂੰ ਹਿੰਦੂਤਵ ''ਚ ਸ਼ਾਮਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸ ਸੰਬੰਧੀ ਗੱਲ ਕਰਦਿਆਂ ਚੌਧਰੀ ਨੇ ਕਿਹਾ, "ਸਾਈਂ ਬਾਬਾ ਦਾ ਜਨਮ ਜਿਸ ਵੀ ਧਰਮ ''ਚ ਹੋਇਆ ਹੋਵੇ, ਪਰ ਉਨ੍ਹਾਂ ਦੀ ਸਖਸ਼ੀਅਤ ''ਤੇ ਕਿਸੇ ਇਕ ਧਰਮ ਦੀ ਛਾਪ ਨਹੀਂ ਸੀ।ਸਾਈਂ ਬਾਬਾ ਦੇ ਮੰਦਰ ''ਚ ਹਰ ਜਾਤੀ ਤੇ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ। ਸਾਈਂ ਬਾਬਾ ਹਮੇਸ਼ਾਂ ਕਹਿੰਦੇ ਸਨ, "ਸਭ ਕਾ ਮਾਲਿਕ ਏਕ"।ਇਸ ਲਈ ਅਸੀਂ ਕੁਝ ਵੀ ਅਜਿਹਾ ਨਹੀਂ ਕਰਾਂਗੇ, ਜਿਸ ਨਾਲ ਕਿ ਉਨਾਂ ਦੀਆਂ ਸਿੱਖਿਆਵਾਂ ਦਾ ਵਿਰੋਧ ਹੋਵੇ।"

ਇਸ ਦੌਰਾਨ ਕਾਂਗਰਸ ਆਗੂ ਅਸ਼ੋਕ ਚਵਾਨ ਨੇ ਕਿਹਾ ਕਿ ਸਾਈਂ ਬਾਬਾ ਦੇ ਜਨਮ ਅਸਥਾਨ ਸੰਬੰਧੀ ਚੱਲ ਰਹੇ ਵਿਵਾਦ ਦੇ ਕਾਰਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਹੈ।

ਐਨਸੀਪੀ ਦੇ ਸੀਨੀਅਰ ਆਗੂ ਅਤੇ ਮੰਤਰੀ ਛਗਨ ਭੁਜਬਲ ਨੇ ਕਿਹਾ, "ਇਸ ਸਮੇਂ ਸਾਈਂ ਬਾਬਾ ਦੇ ਜਨਮ ਅਸਥਾਨ ਨੂੰ ਲੈ ਕੇ ਕਿਸੇ ਵੀ ਵਿਵਾਦ ਨੂੰ ਹੁਲਾਰਾ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਸਾਈਂ ਬਾਬਾ ਸਾਰਿਆਂ ਦੇ ਸਾਂਝੇ ਹਨ ਅਤੇ ਹਰ ਜਗ੍ਹਾ ਮੌਜੂਦ ਹਨ।ਇਸ ਲਈ ਇਸ ਵਿਵਾਦ ਨੂੰ ਵਧੇਰੇ ਵਧਾਉਣ ਦੀ ਲੋੜ ਨਹੀਂ ਹੈ।ਮੁੱਖ ਮੰਤਰੀ ਊਧਵ ਠਾਕਰੇ ਜਲਦ ਹੀ ਇਸ ਵਿਵਾਦ ਨੂੰ ਸੁਲਝਾ ਲੈਣਗੇ।ਇਸ ਸਬੰਧੀ ਉਨ੍ਹਾਂ ਨੇ ਸੋਮਵਾਰ ਨੂੰ ਇੱਕ ਬੈਠਕ ਵੀ ਸੱਦੀ।"

20 ਜਨਵਰੀ ਦੀ ਬੈਠਕ ''ਚ ਕੀ ਫ਼ੈਸਲਾ ਲਿਆ ਗਿਆ, ਇਸ ਦੇ ਜਨਤਕ ਹੋਣ ਤੋਂ ਬਾਅਧ ਹੀ ਪਾਰਥੀ-ਸ਼ਿਰਡੀ ਵਿਵਾਦ ਬਾਰੇ ਕੁੱਝ ਜਾਣਿਆ ਜਾ ਸਕੇਗਾ।

ਵੀਡਿਓ: ਵਿਆਹ ਮਗਰੋਂ ਖੇਡਾਂ ਦੀ ਸ਼ੁਰੂਆਤ ਕਰਕੇ, ਓਲੰਪਿਕ ਜਿੱਤਣ ਵਾਲੀ ਭਾਰਤੀ ਸ਼ੂਟਰ

https://www.facebook.com/BBCnewsPunjabi/videos/479845266241055/

ਵੀਡਿਓ: ਸੀਏੇਏ ਉੱਤੇ ਪ੍ਰੇਮ ਸਿੰਘ ਚੰਦੂਮਾਜਰਾ ਇੰਟਰਵਿਊ

https://www.youtube.com/watch?v=qY5RCMcE_cw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News