ਇੱਕ ਸਕਾਰਾਤਮਕ ਸੋਚ ਨੇ ਇੰਝ ਬਦਲੀ ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ

01/19/2020 7:40:18 AM

"ਅਸੀਂ ਕੁੱਝ ਸਾਲ ਪਹਿਲਾਂ ਪਿੰਡ ਵਿੱਚ ਟੂਰਨਾਮੈਂਟ ਕਰਵਾਇਆ ਸੀ। ਲੱਖਾਂ ਰੁਪਏ ਖ਼ਰਚ ਕੀਤੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਕੇ ਨਸ਼ਿਆਂ ਦੀ ਦਲਦਲ ''ਚੋਂ ਕੱਢਿਆ ਜਾ ਸਕੇ ਪਰ ਸਾਡੀਆਂ ਅੱਖਾਂ ਵਿੱਚ ਉਸ ਵੇਲੇ ਹੰਝੂ ਆ ਗਏ ਜਦੋਂ ਟੂਰਨਾਮੈਂਟ ਦੀ ਸਮਾਪਤੀ ''ਤੇ ਸਫ਼ਾਈ ਕਰਦਿਆਂ ਸਟੇਡੀਅਮ ਤੇ ਆਸ-ਪਾਸ ਦੇ ਖੇਤਾਂ ''ਚੋਂ ਸਰਿੰਜਾਂ ਤੇ ਨਸ਼ੀਲੇ ਟੀਕਿਆਂ ਦੇ ਰੈਪਰ ਮਿਲੇ। ਬੱਸ ਫਿਰ ਤਾਂ ਦਿਲ ਹੀ ਟੁੱਟ ਗਿਆ।"

ਇਹ ਸ਼ਬਦ ਜ਼ਿਲਾ ਮੋਗਾ ਦੇ ਪਿੰਡ ਲੰਗੇਆਣਾ ਖੁਰਦ ਦੇ ਵਸਨੀਕ ਗੁਰਤੇਜ ਸਿੰਘ ਬਰਾੜ ਨੇ ਕਹੇ। ਗੁਰਤੇਜ ਨੇ ਹੁਣ ਸਹੁੰ ਖਾ ਲਈ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਟੂਰਨਾਮੈਂਟ ਨਹੀਂ ਕਰਵਾਉਣਗੇ।

ਗੁਰਤੇਜ ਸਿੰਘ ਬਰਾੜ ਕਹਿੰਦੇ ਹਨ, "ਇਸ ਮਗਰੋਂ ਪਿੰਡ ਵਾਸੀਆਂ ਨੇ ਤਹੱਈਆ ਕੀਤਾ ਕਿ ਉਹ ਟੂਰਨਾਮੈਂਟ ''ਤੇ ਪੈਸੇ ਬਰਬਾਦ ਕਰਨ ਦੀ ਥਾਂ ਪਿੰਡ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰ ਕੇ ਬੱਚਿਆਂ ਨੂੰ ਮਿਆਰੀ ਵਿੱਦਿਆ ਦੇਣ ਵੱਲ ਕਦਮ ਪੁੱਟਣਗੇ।"

ਬੱਸ, ਇਸ ਪ੍ਰਣ ਨੇ ਹੀ ਪਿੰਡ ਦੇ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲ ਦਿੱਤੀ। ਪਿੰਡ ਲੰਙੇਆਣਾ ਖੁਰਦ ਦੇ ਨੌਜਵਾਨਾਂ ਨੇ ਇਸ ਲਈ ਸਭ ਤੋਂ ਪਹਿਲਾ ਕੈਨੇਡਾ, ਅਮਰੀਕਾ ਤੇ ਇੰਗਲੈਂਡ ਰਹਿੰਦੇ ਪਰਵਾਸੀ ਪੰਜਾਬੀਆਂ ਨਾਲ ਰਾਬਤਾ ਕੀਤਾ ਤੇ ਉਨਾਂ ਨੂੰ ਟੂਰਨਾਮੈਂਟ ਦੀ ਥਾਂ ਗਰੀਬ ਘਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਦਾ ਪ੍ਰਬੰਧ ਕਰਨ ਲਈ ਪ੍ਰੇਰਿਆ।

ਇਸ ਪਿੰਡ ਦੇ ਲੋਕਾਂ ਦੀ ਸਿਦਕ-ਦਿਲੀ ਦਾ ਨਤੀਜਾ ਇਹ ਨਿਕਲਿਆ ਕਿ ਉਨਾਂ ਤੋਂ ਸੇਧ ਲੈ ਕੇ ਮਾਲਵਾ ਖਿੱਤੇ ਨਾਲ ਸਬੰਧਤ ਪਰਵਾਸੀ ਭਾਰਤੀਆਂ ਨੇ ਆਪਣੇ ਦਾਨ ਦੀ ਦਿਸ਼ਾ ਬਦਲ ਲਈ ਹੈ।

ਪਿੰਡ ਲੰਗੇਆਣਾ ਖੁਰਦ ਦੇ ਵਸਨੀਕਾਂ ਨੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਆਪਣੀਆਂ ਜੇਬਾਂ ''ਚੋਂ ਪੈਸੇ ਖਰਚ ਕਰਕੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਵਿੱਦਿਅਕ ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ। ਹੁਣ ਤਾਂ ਸਕੂਲੀ ਖਿਡਾਰੀਆਂ ਲਈ 25 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਲੋਕਾਂ ਦੇ ਉੱਦਮ ਦਾ ਨਤੀਜਾ ਸਾਹਮਣੇ ਆਉਣ ਲੱਗਾ ਹੈ। ਜਿਹੜੇ ਮਾਪੇ ਪਹਿਲਾਂ ਮਹਿੰਗੀਆਂ ਫੀਸਾਂ ਭਰ ਕੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ''ਚ ਭੇਜਣ ਨੂੰ ਤਰਜ਼ੀਹ ਦੇ ਰਹੇ ਸਨ, ਉਨ੍ਹਾਂ ਨੇ ਮੁੜ ਸਰਕਾਰੀ ਸਕੂਲਾਂ ਵੱਲ ਮੁਹਾਣ ਕਰ ਲਿਆ ਹੈ।

ਸਰਕਾਰੀ ਹਾਈ ਸਕੂਲ ਲੰਗੇਆਣਾ ਖੁਰਦ ਦੀ ਅਧਿਆਪਕਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਗਈ ਸੀ ਤੇ ਲੋਕਾਂ ਨੂੰ ਸਰਕਾਰੀ ਸਕੂਲ ''ਚ ਬੱਚੇ ਭੇਜਣ ਲਈ ਪ੍ਰੇਰਿਤ ਕਰਨ ਲਈ ਮੁਹਿੰਮ ਚਲਾਈ ਗਈ ਸੀ।

ਉਨ੍ਹਾਂ ਨੇ ਦੱਸਿਆ, "ਸਕੂਲ ਵਿੱਚ ਸਾਇੰਸ ਲੈਬ, ਕੰਪਿਊਟਰ ਲੈਬ ਤੋਂ ਇਲਾਵਾ ਲਾਇਬਰੇਰੀ ਤੱਕ, ਹਰ ਸਹੂਲਤ ਮੌਜੂਦ ਹੈ। ਪਿੰਡ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਬੱਚੇ ਵੀ ਹੁਣ ਇਸ ਸਕੂਲ ''ਚ ਦਾਖ਼ਲਾ ਲੈ ਰਹੇ ਹਨ ਤੇ ਇਸ ਵੇਲੇ 450 ਦੇ ਕਰੀਬ ਬੱਚੇ ਇੱਥੇ ਪੜ੍ਹ ਰਹੇ ਹਨ।"

"ਦਿਲਚਸਪ ਪਹਿਲੂ ਇਹ ਵੀ ਹੈ ਕਿ ਲੰਗੇਆਣਾਂ ਖੁਰਦ ''ਚ ਸਰਕਾਰੀ ਪੱਧਰ ''ਤੇ ਹਾਈ ਸਕੂਲ ਚੱਲ ਰਿਹਾ ਹੈ ਪਰ ਗਰਾਮ ਪੰਚਾਇਤ ਤੇ ਆਮ ਲੋਕ ਆਪਣੀਆਂ ਜੇਬਾਂ ''ਚੋਂ ਪੈਸੇ ਖ਼ਰਚ ਕਰਕੇ ਇੱਥੇ 10+1 ਤੇ 10+2 ਦੀਆਂ ਜਮਾਤਾਂ ਵਿੱਚ ਚਲਾ ਰਹੇ ਹਨ।"

"ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪੰਚਾਇਤ ਨੇ ਆਪਣੇ ਪੱਧਰ ''ਤੇ ਅਧਿਆਪਕ ਰੱਖੇ ਹੋਏ ਹਨ ਜਿਨਾਂ ਦੀ ਤਨਖ਼ਾਹ ਲੋਕ ਹੀ ਭਰਦੇ ਹਨ। ਸਕੂਲ ਦਾ ਨਤੀਜਾ ਵੀ ਹਰ ਸਾਲ ਚੰਗਾ ਆ ਰਿਹਾ ਹੈ। ਵਰਦੀਆਂ ਤੇ ਕਿਤਾਬਾਂ-ਕਾਪੀਆਂ ਵੀ ਪਰਵਾਸੀ ਪੰਜਾਬੀਆਂ ਵੱਲੋਂ ਹੀ ਆਉਂਦੀਆਂ ਹਨ।"

ਪਿੰਡ ਲੰਗੇਆਣਾ ਖੁਰਦ ਦੇ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ''ਤੇ ਪਰਵਾਸੀ ਪੰਜਾਬੀ ਤੇ ਆਮ ਲੋਕ 80 ਲੱਖ ਰੁਪਏ ਖ਼ਰਚ ਕਰ ਚੁੱਕੇ ਹਨ।

ਹੋਰ ਕਈ ਪਿੰਡ ਵੀ ਬਣ ਰਹੇ ਮਿਸਾਲ

ਮੋਗਾ-ਬਰਨਾਲਾ ਨੈਸ਼ਨਲ ਹਾਈਵੇ ''ਤੇ ਸਥਿਤ ਪਿੰਡ ਬਿਲਾਸਪੁਰ ਦੇ ਲੋਕਾਂ ਨੇ ਵੀ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ''ਚ ਵੱਡੇ ਨਿੱਜੀ ਸਕੂਲਾਂ ਤੋਂ ਵੱਧ ਆਧੁਨਿਕ ਸਹੂਲਤਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਹਨ।

ਇਸੇ ਤਰ੍ਹਾਂ ਪਿੰਡ ਛੋਟਾ ਘਰ, ਥਰਾਜ, ਜ਼ਿਲਾ ਫ਼ਰੀਦਕੋਟ ਦੇ ਕਸਬਾ ਕੋਟਕਪੁਰਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡ ਗੁਰੂ ਕੀ ਢਾਬ ਦੇ ਸਕੂਲਾਂ ਦੀ ਕਾਇਆ-ਕਲਪ ਵੀ ਆਮ ਲੋਕਾਂ ਤੇ ਪਰਵਾਸੀ ਪੰਜਾਬੀਆਂ ਨੇ ਕੀਤੀ ਹੈ।

ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਨੇ ਦੱਸਿਆ, "ਅਸੀਂ ਟੂਰਨਾਮੈਂਟ ਵਰਗੀ ਫਜ਼ੂਲ ਖਰਚੀ ਦਾ ਤਿਆਗ ਕਰਕੇ ਸਿੱਖਿਆ ਨੂੰ ਤਰਜ਼ੀਹ ਦਿੱਤੀ ਹੈ। ਸਾਰੇ ਪਿੰਡ ਦਾ ਪ੍ਰਣ ਹੈ ਕਿ ਪਿੰਡ ਦੇ ਹਰ ਬੱਚੇ ਨੂੰ ਹਰ ਹਾਲਤ ਵਿਚ ਸਿੱਖਿਆ ਦੇਣੀ ਹੈ ਭਾਵੇਂ ਸਾਨੂੰ ਆਪਣੇ ਪੱਲਿਓਂ ਜਿੰਨੇ ਮਰਜ਼ੀ ਪੈਸੇ ਖ਼ਰਚ ਕਰਨੇ ਪੈ ਜਾਣ।"

ਪਿੰਡ ਬਿਲਾਸਪੁਰ ਦੇ ਮੈਂਬਰ ਪੰਚਾਇਤ ਭੁਪਿੰਦਰ ਸਿੰਘ ਦੱਸਦੇ ਹਨ ਕਿ ਪਿੰਡ ਦੇ ਪਰਵਾਸੀ ਪੰਜਾਬੀਆਂ ਨੇ ਪਿਛਲੇ ਕਈ ਸਾਲਾਂ ਤੋਂ ਟੂਰਨਾਮੈਂਟਾਂ ਲਈ ਪੈਸੇ ਦੇਣੇ ਬੰਦ ਕੀਤੇ ਹੋਏ ਹਨ।

"ਮਹਿੰਗੇ ਭਾਅ ਦੇ ਟੂਰਨਾਮੈਂਟਾਂ ਦਾ ਕੋਈ ਲਾਭ ਨਹੀਂ ਹੈ। ਉਹੀ ਪੈਸਾ ਅਸੀਂ ਹੁਣ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ''ਤੇ ਖ਼ਰਚ ਕਰ ਰਹੇ ਹਾਂ। ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਮੁਫ਼ਤ ਵਰਦੀਆਂ, ਕਿਤਾਬਾਂ ਦੀ ਸਹੂਲਤ ਹੈ। ਹੋਰ ਤਾਂ ਹੋਰ, ਲੋਕਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਕੂਲ ਲਿਆਉਣ ਤੇ ਘਰ ਛੱਡਣ ਲਈ ਅਸੀਂ ਵੈਨ ਦਾ ਪ੍ਰਬੰਧ ਵੀ ਕੀਤਾ ਹੈ।"

ਪਿੰਡ ਬਿਲਾਸਪੁਰ ਦੇ ਪ੍ਰਾਇਮਰੀ ਸਕੂਲ ਦੇ ਬੱਚੇ ਪੰਜਾਬੀ ਦੀ ਮੁਹਾਰਤ ਰੱਖਣ ਦੇ ਨਾਲ-ਨਾਲ ਅੰਗਰੇਜ਼ੀ ''ਤੇ ਵੀ ਚੰਗੀ ਪਕੜ ਰਖਦੇ ਹਨ। ਸਕੁਲ ''ਚ ਬਣੇ ''ਮੈਥ ਪਾਰਕ'' ''ਚ ਬੱਚਿਆਂ ਨੂੰ ਬ੍ਰਹਿਮੰਡ ਦਾ ਗਿਆਨ ਸੌਖੀ ਵਿਧੀ ਰਾਹੀਂ ਦਿੱਤਾ ਜਾਂਦਾ ਹੈ।

ਸਕੂਲ ਅਧਿਆਪਕਾ ਮੰਜੂ ਸ਼ਰਮਾ ਦਾ ਕਹਿਣਾ ਹੈ ਕਿ ਸਕੂਲ ਦੀਆਂ ਕੰਧਾਂ ''ਤੇ ਕੀਤੀ ਗਈ ਚਿੱਤਰਕਲਾ ਦਾ ਮਕਸਦ ਬੱਚਿਆਂ ਨੂੰ ਪੰਜਾਬੀ ਦੇ ਅਮੀਰ ਵਿਰਸੇ ਨਾਲ ਜੋੜਨਾ ਹੈ ਤੇ ਬੱਚਿਆਂ ਨੂੰ ਰਿਵਾਇਤੀ ਸਿੱਖਿਆ ਦੇ ਨਾਲ-ਨਾਲ ਸਮੇਂ ਦੇ ਹਾਣੀ ਬਨਾਉਣਾ ਹੈ।

ਮੰਜੂ ਨੇ ਦੱਸਿਆ,"ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਣਾ ਜ਼ਰੂਰੀ ਹੈ। ਕਿਤਾਬਾਂ ਦੀ ਪੜ੍ਹਾਈ ਤੋਂ ਇਲਾਵਾ ਹਕੀਕੀ ਤੌਰ ''ਤੇ ਸਾਇੰਸ ਤੇ ਮੈਥ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਸਾਡੇ ਸਕੂਲ ਦੇ ਬੱਚੇ ਹਰ ਸਵਾਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਤੇ ਮੁਕਾਬਲਿਆਂ ''ਚ ਪਹਿਲੇ ਸਥਾਨ ਹਾਸਲ ਕਰ ਰਹੇ ਹਨ।"

ਸਵੈ-ਸੇਵੀ ਭਾਵਨਾ ਨਾਲ ਸਕੂਲਾਂ ਦੇ ਨਵੀਨੀਕਰਣ ਤੇ ਸੁੰਦਰੀਕਰਨ ਕਰਨ ਲਈ ਤੱਤਪਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ''ਮਿਡ-ਡੇਅ-ਮੀਲ'' ਲਈ ਵੀ ਸਰਕਾਰੀ ਹੱਥਾਂ ਵੱਲ ਦੇਖਣ ਦੀ ਬਜਾਏ ਆਪਣੇ ਬੱਚਿਆਂ ਲਈ ਥੁੜ ਪੈਣ ''ਤੇ ਖ਼ੁਦ ਇਸ ਦਾ ਇੰਤਜ਼ਾਮ ਕਰ ਦਿੰਦੇ ਹਨ।

ਪਿੰਡ ਛੋਟਾ ਘਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਸ ਇਲਾਕੇ ਦਾ ਅਜਿਹਾ ਪਹਿਲਾ ਪਿੰਡ ਹੈ, ਜਿੱਥੇ ਪ੍ਰਾਇਮਰੀ ਦੇ ਬੱਚਿਆਂ ਲਈ ਪਰਵਾਸੀ ਪੰਜਾਬੀਆਂ ਨੇ ਕੰਪਿਊਟਰ ਲੈਬ ਬਣਾ ਕੇ ਦਿੱਤੀ ਹੈ।

ਪਿੰਡ ਬਿਲਾਸਪੁਰ ''ਚ ਸਮਾਜ ਸੇਵੀਆਂ ਨੇ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ''ਚ ਬੱਚਿਆਂ ਲਈ ਪੀਣ ਵਾਲੇ ਸ਼ੁੱਧ ਪਾਣੀ ਲਈ ਬਾਕਾਇਦਾ ਤੌਰ ''ਤੇ ਮਹਿੰਗੇ ਫਿਲਟਰ ਲਗਵਾਏ ਹਨ।

ਇਹ ਵੀ ਪੜ੍ਹੋ:

ਵੀਡੀਓ: ਭਾਰਤੀ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਤਸਵੀਰ ਕਦੋਂ ਛਪਣੀ ਸ਼ੁਰੂ ਹੋਈ

https://www.youtube.com/watch?v=WdjfVXuVDSE

ਵੀਡੀਓ: ਦਵਿੰਦਰ ਸਿੰਘ ਦੀ ਗ੍ਰਫ਼ਤਾਰੀ ਤੋਂ ਬਾਅਦ ਉੱਠੇ ਸਵਾਲ

https://www.youtube.com/watch?v=9ckGBLXMz30

ਵੀਡੀਓ: ਡਰੈਗਨ ਫਰੂਟ ਦੀ ਉਨੱਤ ਖੇਤੀ ਕਰਦੇ ਬਰਨਾਲੇ ਦੇ ਕਿਸਾਨ

https://www.youtube.com/watch?v=ef8QeGmCmoQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News