ਮਾਫ਼ੀਆ ਡਾਨ ਮੰਨੇ ਜਾਂਦੇ ਕਰੀਮ ਲਾਲਾ ਨੂੰ ਇੰਦਰਾ ਗਾਂਧੀ ਕਿੱਥੇ ਮਿਲੀ ਸੀ

01/18/2020 7:40:15 PM

ਮੌਤ ਤੋਂ 18 ਸਾਲ ਬਾਅਦ,ਅਤੀਤ ਦੇ ਇੱਕ ਡਾਨ ਕਰੀਮ ਲਾਲਾ ਨੂੰ ਮੁੜ ਯਾਦ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਦੀ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਅਣਜਾਣੇ ਵਿੱਚ ਹੀ ਉਹ ਪ੍ਰਸੰਗ ਛੇੜ ਦਿੱਤਾ ਜਿਸ ਬਾਰੇ ਪਹਿਲਾਂ ਗੱਲ ਨਹੀਂ ਹੁੰਦੀ ਸੀ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਇੰਦਰਾ ਗਾਂਧੀ ਮਾਫ਼ੀਆ ਡਾਨ ਕਰੀਮ ਲਾਲਾ ਨੂੰ ਮਿਲਿਆ ਕਰਦੇ ਸਨ। ਇਸ ਦੇ ਨਾਲ ਹੀ ਕਰੀਮ ਲਾਲਾ ਦੇ ਕਾਰਨਾਮੇ ਵੀ ਚਰਚਾ ਵਿੱਚ ਆ ਗਏ ਹਨ।

ਸਾਊਥ ਮੁੰਬਈ ਵਿੱਚ ਕਰੀਮ ਲਾਲਾ ਦੇ ਦਫ਼ਤਰ ਵਿੱਚ ਲਾਈ ਹੋਈ ਇੱਕ ਤਸਵੀਰ ਤੇ ਅਚਾਨਕ ਚਰਚਾ ਹੋਣ ਲੱਗੀ ਹੈ ’ਤੇ ਇਸੇ ਅਧਾਰ ''ਤੇ ਹਰ ਕੋਈ ਇਹ ਦਾਅਵਾ ਕਰ ਰਿਹਾ ਹੈ ਕਿ ਇੰਦਰਾ ਗਾਂਧੀ ਨੇ ਕਰੀਮ ਲਾਲਾ ਨਾਲ ਮੁਲਾਕਾਤ ਕੀਤੀ ਸੀ।

ਦਾਊਦ ਇਬਰਾਹੀਮ ਦੇ ਮੁੰਬਈ ਦਾ ਐੱਲ ਕਪੋਨ ਬਨਾਉਣ ਤੋਂ ਪਹਿਲਾਂ (ਮੰਨਿਆ ਜਾਂਦਾ ਹੈ ਕਿ ਐੱਲ ਕਪੋਨ ਦੁਨੀਆ ਦੇ ਸਭ ਤੋਂ ਖ਼ਤਰਨਾਕ ਮਾਫ਼ੀਆ ਸਰਗਨਾ ਸਨ।) ਕਰੀਮ ਲਾਲਾ ਤੇ ਉਸ ਦੀ ਕਿਸਮ ਦੇ ਲੋਕਾਂ ਨੂੰ ਸਮਾਜਿਕ ਦਾਇਰਿਆਂ ਵਿੱਚ ਗੈਰ-ਲੋੜੀਂਦੇ ਸਮਝਿਆ ਜਾਂਦਾ ਸੀ।

ਇਹ ਵੀ ਪੜ੍ਹੋ:

ਸੋਨੇ ਦੇ ਤਸਕਰ ਹਾਜੀ ਮਸਤਾਨ ਮੰਤਰਾਲਾ ਵਿੱਚ ਜਾ ਕੇ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਮਿਲਿਆ ਕਰਦੇ ਸਨ ਅਤੇ ਹਿੰਦੂ-ਮੁਸਲਿਮ ਤਣਾਅ ਨੂੰ ਘਟਾਉਣ ਲਈ ਹੋਣ ਵਾਲੀਆਂ ਚਰਚਾਵਾਂ ਵਿੱਚ ਵੀ ਸ਼ਾਮਲ ਰਹਿੰਦੇ ਸਨ।

ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਹਾਜੀ ਮਸਤਾਨ ਅਤੇ ਕਰੀਮ ਲਾਲਾ ਦੋਹਾਂ ਨੇ ਆਪਣੇ-ਆਪ ਨੂੰ ਆਪਣੇ ਸੰਗਠਨਾਂ ਲਈ ਸਮਰਪਿਤ ਕਰ ਦਿੱਤਾ ਸੀ।

ਹਾਜੀ ਮਸਤਾਨ ਨੇ ਦਲਿਤ-ਮੁਸਲਿਮ ਸੁਰੱਖਿਆ ਮਹਾਂ ਸੰਘ ਅਤੇ ਕਰੀਮ ਲਾਲਾ ਨੇ ਪਖ਼ਤੂਨ ਜਿਰਗਾ-ਏ-ਹਿੰਦ ਨਾਮ ਦੇ ਸੰਗਠਨ ਬਣਾ ਲਏ ਸਨ। ਕਰੀਮ ਲਾਲਾ ਦਾ ਸੰਗਠਨ ਭਾਰਤ ਵਿੱਚ ਆ ਕੇ ਵਸੇ ਪਖ਼ਤੂਨਾਂ ਲਈ ਕੰਮ ਕਰਦਾ ਸੀ।

ਕਰੀਮ ਲਾਲਾ ਖ਼ੁਦ ਵੀ ਪਠਾਣ ਸੀ ਤੇ ਬਹੁਤ ਥੋੜ੍ਹੀ ਉਮਰ ਵਿੱਚ ਹੀ ਭਾਰਤ ਆ ਗਿਆ ਸੀ। ਭਾਵੇਂ ਉਹ ਫਰੰਟੀਅਰ ਗਾਂਧੀ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਤੋਂ ਪ੍ਰਭਾਵਿਤ ਸੀ ਪਰ ਉਸ ਨੇ ਜੋ ਰਾਹ ਅਪਣਾਇਆ ਉਹ ਫਰੰਟੀਅਰ ਗਾਂਧੀ ਦੇ ਅਦਰਸ਼ਾਂ ਤੇ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ ਸੀ।

ਪੇਸ਼ਾਵਰ ਵਿੱਚ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਅਤੇ ਮਹਾਤਮਾ ਗਾਂਧੀ
Getty Images
ਪੇਸ਼ਾਵਰ ਵਿੱਚ ਖ਼ਾਨ ਅਬਦੁੱਲ ਗਫ਼ਾਰ ਖ਼ਾਨ ਅਤੇ ਮਹਾਤਮਾ ਗਾਂਧੀ

ਸਭ ਤੋਂ ਪਹਿਲਾਂ ਵਿਆਜ਼ ਤੇ ਪੈਸਾ ਦੇਣਾ ਸ਼ੁਰੂ ਕੀਤਾ

ਭਾਰਤ ਆਉਣ ਦੇ ਸ਼ੁਰੂਆਤੀ ਸਾਲਾਂ ਵਿੱਚ ਅਬਦੁੱਲ ਕਰੀਮ ਖ਼ਾਨ ਉਰਫ਼ ਕਰੀਮ ਲਾਲਾ ਨੇ ਜੂਏ ਦੇ ਕਲੱਬ ਖੋਲ੍ਹੇ। ਜੋ ਲੋਕ ਉੱਥੇ ਆ ਕੇ ਪੈਸੇ ਹਾਰਦੇ ਸਨ, ਉਹ ਲੋਕ ਖ਼ਾਨ ਦੇ ਆਦਮੀਆਂ ਤੋਂ ਘਰੇਲੂ ਖ਼ਰਚ ਚਲਾਉਣ ਲਈ ਕਰਜ਼ਾ ਚੁੱਕਿਆ ਕਰਦੇ ਸਨ।

ਇਸ ਪਰੰਪਰਾ ਨੂੰ ਬਦਲਣ ਲਈ ਖ਼ਾਨ ਨੇ ਸੋਚਿਆ ਕਿ ਜੇ ਹਰ ਮਹੀਨੇ ਇਸ ਕਰਜ਼ੇ ਦੀ ਵਸੂਲੀ ਕੀਤੀ ਜਾਵੇ ਤਾਂ ਫਿਰ ਲੋਕ ਉਧਾਰ ਲੈਣਾ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਲਾਲਾ ਨੇ ਦੇਖਿਆ ਕਿ ਹਰ ਮਹੀਨੇ ਦੀ 10 ਤਰੀਕ ਨੂੰ ਉਨ੍ਹਾਂ ਦੇ ਗੱਲੇ ਵਿੱਚੋਂ ਵਿਆਜ਼ ਦੇ ਪੈਸੇ ਛੱਲਾਂ ਮਾਰਨ ਲਗਦੇ ਸਨ।

ਇਸ ਤਰ੍ਹਾਂ ਲਾਲਾ ਨੇ ਵਿਆਜੂ ਪੈਸੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਲਾਲਾ ਨੇ ਆਪਣੇ ਮੁੰਡਿਆਂ ਦੀ ਮਦਦ ਨਾਲ ਉਨ੍ਹਾਂ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਿਸ ਲਈ ਉਹ ਤਿਆਰ ਨਹੀਂ ਹੁੰਦੇ ਸਨ।

50 ਸਾਲ ਦੀ ਉਮਰ ਤੱਕ ਪਹੁੰਚਦਿਆਂ ਲਾਲਾ ਦਾ ਰੁਤਬਾ ਕਾਫ਼ੀ ਵੱਡਾ ਹੋ ਚੁੱਕਿਆ ਸੀ। ਇਸੇ ਦੌਰਾਨ ਮੁਰੀਦ ਨੇ ਲਾਲਾ ਨੂੰ ਤੁਰਨ ਲਈ ਇੱਕ ਸੋਨੇ ਦੀ ਨਕਾਸ਼ੀ ਵਾਲੀ ਛੜੀ ਤੋਹਫ਼ੇ ਵਿੱਚ ਦਿੱਤੀ ਸੀ।

ਜਦੋਂ ਕਦੇ ਲਾਲਾ ਕਿਸੇ ਪਾਰਟੀ ਜਾਂ ਸਮਾਜਿਕ ਸਮਾਗਮਾਂ ਵਿੱਚ ਜਾਂਦੇ ਤੇ ਆਪਣੀ ਛੜੀ ਕਿਸੇ ਥਾਂ ਰੱਖ ਕੇ ਇੱਧਰ-ਉੱਧਰ ਚਲੇ ਜਾਂਦੇ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਸ ਨੂੰ ਹੱਥ ਲਾ ਦੇਵੇ। ਲੋਕ ਉਸ ਥਾਂ ਨੂੰ ਖਾਲੀ ਛੱਡ ਦਿੰਦੇ ਸਨ, ਉਹ ਸਮਝਦੇ ਸਨ ਕਿ ਉਹ ਥਾਂ ਲਾਲਾ ਜੀ ਦੀ ਹੈ।

ਲਾਲਾ ਦੇ ਬੰਦਿਆਂ ਨੂੰ ਖ਼ਿਆਲ ਆਇਆ ਕਿ ਕਿਉਂ ਨਾ ਕਿਰਾਏਦਾਰਾਂ ਤੋਂ ਮਕਾਨ ਖਾਲੀ ਕਰਵਾਉਣ ਵਿੱਚ ਲਾਲਾ ਜੀ ਦੀ ਥਾਵੇਂ ਉਨ੍ਹਾਂ ਦੀ ਛੜੀ ਦੀ ਵਰਤੋਂ ਕੀਤੀ ਜਾਵੇ। ਇਸ ਤਰ੍ਹਾਂ ਉਨ੍ਹਾਂ ਦੇ ਰਸੂਖ਼ ਦੀ ਵੀ ਵਰਤੋਂ ਹੋ ਜਾਵੇਗੀ।

ਹੁਣ ਜਦੋਂ ਕੋਈ ਕਿਰਾਏਦਾਰ ਮਕਾਨ ਖਾਲੀ ਕਰਨ ਤੋਂ ਇਨਕਾਰ ਕਰਦਾ ਤਾਂ ਉਸ ਦੇ ਬੂਹੇ ਦੇ ਬਾਹਰ ਛੜੀ ਰੱਖ ਦਿੱਤੀ ਜਾਂਦੀ। ਇਸ ਤੋਂ ਬਾਅਦ ਕਿਰਾਏਦਾਰ ਲਾਲਾ ਨਾਲ ਪੰਗੇ ਤੋਂ ਬਚਣ ਦਾ ਮਾਰਾ ਤੁਰੰਤ ਮਕਾਨ ਖਾਲੀ ਕਰ ਦਿੰਦਾ। ਇਸ ਛੜੀ ਨੂੰ ਕਿਰਾਏਦਾਰਾਂ ਲਈ ਇੱਕ ਤਰ੍ਹਾਂ ਨਾਲ ਮਕਾਨ ਖਾਲੀ ਕਰਨ ਦਾ ਨੋਟਿਸ ਸਮਝਿਆ ਜਾਣ ਲੱਗਿਆ।

1998 ਦੇ ਬੰਬਈ ਦੀ ਇੱਕ ਤਸਵੀਰ
BBC
1998 ਦੇ ਬੰਬਈ ਦੀ ਇੱਕ ਤਸਵੀਰ

ਗੰਗੂਬਾਈ ਨੇ ਬੰਨ੍ਹੀ ਕਰੀਮ ਲਾਲਾ ਨੂੰ ਰੱਖੜੀ

ਦੱਖਣੀ ਮੁੰਬਈ ਵਿੱਚ ਇਸ ਤਰ੍ਹਾਂ ਦੇ ਬਾਹੂਬਲ ਵਾਲੇ ਤਰੀਕਿਆਂ ਦੇ ਬਾਵਜੂਦ ਲਾਲਾ ਕੀ ਪਛਾਣ ਈਮਾਨਦਾਰੀ ਤੇ ਨਿਆਂ ਲਈ ਹੁੰਦੀ ਸੀ। ਗੰਗੂਬਾਈ ਕੋਠੇਵਾਲੀ ਦੱਖਣੀ ਮੁੰਬਈ ਦੇ ਕਮਾਠੀਪੁਰਾ ਰੈਡ ਲਾਈਟ ਇਲਾਕੇ ਵਿੱਚ ਮਸ਼ਹੂਰ ਸੀ।

ਸ਼ੌਕਤ ਖ਼ਾਨ ਨਾਮ ਦੇ ਇੱਕ ਪਠਾਣ ਨੇ ਜਦੋਂ ਦੋ ਵਾਰ ਉਸ ਦਾ ਬਲਾਤਕਾਰ ਕੀਤਾ ਤਾਂ ਗੰਗੂਬਾਈ ਕਰੀਮ ਲਾਲਾ ਕੋਲ ਪਹੁੰਚੀ।

ਕਰੀਮ ਲਾਲਾ ਨੇ ਇਸ ਮਾਮਲੇ ਵਿੱਚ ਨਾ ਸਿਰਫ਼ ਦਖ਼ਲ ਦਿੱਤਾ ਸਗੋਂ ਉਨ੍ਹਾਂ ਨੇ ਗੰਗੂਬਾਈ ਨੂੰ ਪਠਾਣ ਤੋਂ ਬਚਾਇਆ ਵੀ। ਉਨ੍ਹਾਂ ਨੇ ਆਪਣੇ ਬੰਦਿਆਂ ਤੋਂ ਉਸ ਪਠਾਣ ਦਾ ਕੁਟਾਪਾ ਵੀ ਕਰਾਇਆ।

ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਗੰਗੂਬਾਈ ਨੇ ਆਪਣੀ ਰੱਖਿਆ ਕਰਨ ਵਾਲੇ ਭਰਾ.... ਕਰੀਮ ਲਾਲਾ ਨੂੰ ਰੱਖੜੀ ਬੰਨ੍ਹੀ।

ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਹੁਣ ਇਸੇ ਤੇ ਇੱਕ ਫ਼ਿਲਮ ਬਣਾ ਰਹੇ ਹਨ ਜਿਸ ਵਿੱਚ ਆਲੀਆ ਭੱਟ ਨੇ ਗੰਗੂਬਾਈ ਦੀ ਭੂਮਿਕਾ ਨਿਭਾਈ ਹੈ।

ਸੰਜੇ ਲੀਲਾ ਬੰਸਾਲੀ ਦੀ ਗੰਗੂਬਾਈ ਤੇ ਬਣਾਈ ਨਵੀਂ ਫ਼ਿਲਮ ਦਾ ਪੋਸਟਰ
RainPR
ਸੰਜੇ ਲੀਲਾ ਬੰਸਾਲੀ ਦੀ ਗੰਗੂਬਾਈ ਤੇ ਬਣਾਈ ਨਵੀਂ ਫ਼ਿਲਮ ਵਿੱਚ ਆਲੀਆ ਭੱਟ ਨੇ ਗੰਗੂਬਾਈ ਦੀ ਭੂਮਿਕਾ ਨਿਭਾਈ ਹੈ।

ਇਹ ਗੱਲ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਮੁੰਬਈ ਵਿੱਚ ਮਾਫ਼ੀਆ ਦੇ ਉਭਰਨ ਵਿੱਚ ਕਰੀਮ ਲਾਲਾ ਨੇ ਵੱਡੀ ਭੂਮਿਕਾ ਨਿਭਾਈ ਸੀ।

ਕਰੀਮ ਲਾਲਾ ਨੇ ਹਾਜੀ ਮਸਤਾਨ ਦੇ ਨਾਲ ਨਜ਼ਦੀਕੀ ਵਧਾਈ ਤੇ ਸੋਨੇ ਦੀ ਤਸਕਰੀ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ।

ਕਰੀਮ ਲਾਲਾ ਦੀ ਮਦਦ ਤੋਂ ਬਿਨ੍ਹਾਂ ਹਾਜੀ ਮਸਤਾਨ ਲਈ ਸੋਨੇ ਦੀ ਤਸਕਰੀ ਦੇ ਧੰਦੇ ਦੀ ਟੀਸੀ ''ਤੇ ਪਹੁੰਚਣਾ ਸੰਭਵ ਨਹੀਂ ਸੀ।

ਇਸ ਤੋਂ ਇਲਾਵਾ ਜੇ ਦਾਊਦ ਇਬਰਾਹੀਮ ਦੇ ਪਿਤਾ ਪੁਲਿਸ ਕਾਂਸਟੇਬਲ ਇਬਰਾਈਮ ਕਾਸਕਰ ਦੇ ਨਾਲ ਹਾਜੀ ਮਸਤਾਨ ਤੇ ਕਰੀਮ ਲਾਲਾ ਦੀ ਦੋਸਤੀ ਨਾ ਹੁੰਦੀ ਤਾਂ ਦਾਊਦ ਨੂੰ ਕਦੇ ਇਨ੍ਹਾਂ ਵਰਗਾ ਬਣਨ ਦੀ ਪ੍ਰੇਰਣਾ ਨਾ ਮਿਲਦੀ।

ਪੁਲਿਸ ਕਾਂਸਟੇਬਲ ਇਬਰਾਹੀਮ ਕਾਸਕਰ ਭਾਵੇਂ ਹੀ ਕਰੀਮ ਲਾਲਾ ਜਾਂ ਹਾਜੀ ਮਸਤਾਨ ਤੋਂ ਵਿੱਤੀ ਮਦਦ ਲੈਣ ਤੋਂ ਕਤਰਾਉਂਦੇ ਰਹੇ ਪਰ ਉਨ੍ਹਾਂ ਦੇ ਪੁੱਤਰ ਦਾਊਦ ਨੇ ਇਸ ਤੋਂ ਕਦੇ ਪ੍ਰਹੇਜ਼ ਨਹੀਂ ਕੀਤਾ। ਦਾਊਦ ਨੇ ਇਨ੍ਹਾਂ ਡਾਨਾਂ ਦੀ ਪੈੜ-ਚਾਲ ''ਤੇ ਚਲਦਿਆਂ ਆਪਣੇ ਇਰਾਦੇ ਪੂਰੇ ਕੀਤੇ ਤੇ ਇਨ੍ਹਾਂ ਦੀ ਚਮਕ ਨੂੰ ਕਾਫ਼ੀ ਹੱਦ ਤੱਕ ਮੱਧਮ ਵੀ ਕਰ ਦਿੱਤਾ।

ਐਮਰਜੈਂਸੀ ਤੋਂ ਬਾਅਦ ਹਾਜੀ ਮਸਤਾਨ ਅਤੇ ਕਰੀਮ ਲਾਲਾ, ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਨਾਲ ਇੱਕ ਨਵੇਂ ਦੌਰ ਦੀ ਸ਼ਰੁਆਤ ਹੋਈ।

ਸੱਤ ਫੁੱਟ ਦੇ ਕੀਰਮ ਲਾਲਾ ਨੂੰ ਆਪਣੇ ਕੱਦ, ਟਰੇਡ ਮਾਰਕ ਸਫ਼ਾਰੀ ਸੂਟ ਤੇ ਗੂੜ੍ਹੇ ਕਾਲੇ ਰੰਗ ਦੀਆਂ ਐਨਕਾਂ ਕਾਰਨ ਪਛਾਣਿਆ ਜਾਂਦਾ ਸੀ।

ਹੁਣ ਤੱਕ ਦਾਊਦ ਇਬਰਾਹੀਮ ਦੀ ਪਛਾਣ ਇੱਕ ਖ਼ਤਰਨਾਕ ਗੈਂਗਸਟਰ ਦੀ ਬਣ ਗਈ ਸੀ ਜੋ ਪਠਾਣਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।

ਭਾਵੇਂ ਦਾਊਦ ਨੇ ਕਰੀਮ ਲਾਲਾ ਦੀ ਭਤੀਜੀ ਸਮਦ ਖ਼ਾਨ ਅਤੇ ਦੂਜੇ ਨਜ਼ਦੀਕੀ ਲੋਕਾਂ ਦੀ ਜਾਨ ਲਈ ਪਰ ਕਰੀਮ ਲਾਲਾ ਨੂੰ ਕਦੇ ਨਿਸ਼ਾਨਾ ਨਹੀਂ ਬਣਾਇਆ।

ਇਹ ਵੀ ਪੜ੍ਹੋ:-

ਆਖ਼ਿਰਕਾਰ ਦੋਹਾਂ ਦੀ ਮੱਕੇ ਵਿੱਚ ਮੁਲਾਕਾਤ ਹੋਈ, ਦੋਵਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾਈ ਤੇ ਸਮਝੌਤਾ ਹੋ ਗਿਆ।

ਹਾਜੀ ਮਸਤਾਨ ਤੇ ਕਰੀਮ ਲਾਲਾ ਦੀ ਮੁਸਲਮਾਨ ਬਹੁਤ ਇੱਜਤ ਕਰਦੇ ਸਨ। ਉਹ ਉਨ੍ਹਾਂ ਨੂੰ ਆਪਣੇ ਸਾਰੇ ਪ੍ਰੋਗਰਾਮਾਂ ਵਿੱਚ ਸੱਦਾ ਦਿੰਦੇ ਸਨ।

ਦੋਵੇਂ ਸਮਾਜਿਕ ਮੇਲਜੋਲ ਵਿੱਚ ਕਾਫ਼ੀ ਤੇਜ਼ ਤੇ ਸ਼ਾਇਦ ਅਜਿਹੇ ਹੀ ਕਿਸੇ ਮੌਕੇ ਉਹ ਇੰਦਰਾ ਗਾਧੀ ਨਾਲ ਕੈਮਰੇ ਵਿੱਚ ਕੈਦ ਹੋ ਗਏ।

ਹਾਲਾਂਕਿ, ਸੰਜੋਗ ਵੱਸ, ਕਰੀਮ ਲਾਲਾ ਕਦੇ ਕਾਨੂੰਨ ਤੋਂ ਭੱਜਿਆ ਨਹੀਂ ਤੇ ਨਾ ਹੀ ਉਸ ਦੇ ਨਾਂ ਨਾਲ ਜੁਰਮਾਂ ਦੀ ਕੋਈ ਲੰਬੀ ਸੂਚੀ ਜੁੜੀ ਹੋਈ ਸੀ।

ਹਾਲਾਂਕਿ ਉਸ ਨੂੰ ਇੱਕ ਵਾਰ ਨੱਬੇ ਦੇ ਦਹਾਕੇ ਵਿੱਚ ਧੱਕੇ ਨਾਲ ਮਕਾਨ ਖਾਲੀ ਕਰਵਾਉਣ ਦੇ ਕੇਸ ਵਿੱਚ ਜ਼ਰੂਰ ਗ੍ਰਿਫ਼ਤਾਰ ਕੀਤਾ ਗਿਆ ਸੀ।

(ਲੇਖਕ ਬਾਰੇ- ਸੀਨੀਅਰ ਪੱਤਰਕਾਰ ਵੈਲੀ ਥੇਵਰ ਇੱਕ ਖੋਜੀ ਪੱਤਰਕਾਰ ਹਨ। ਤੀਹ ਸਾਲਾਂ ਤੱਕ ਉਨ੍ਹਾਂ ਨੇ ਮੁੰਬਈ ਦੇ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਲਈ ਕ੍ਰਾਈਮ ਰਿਪੋਰਟਿੰਗ ਕੀਤੀ ਹੈ।)

ਵੀਡੀਓ: ਉਮਰ ਨਾਲ ਕੁਝ ਨਹੀਂ ਹੁੰਦਾ ਸਭ ਦਿਮਾਗ ਦੀ ਖੇਡ

https://www.youtube.com/watch?time_continue=48&v=NEcht3r4s_U

ਵੀਡੀਓ: ਦਵਿੰਦਰ ਸਿੰਘ ਦੀ ਗ੍ਰਫ਼ਤਾਰੀ ਤੋਂ ਬਾਅਦ ਉੱਠੇ ਸਵਾਲ

https://www.youtube.com/watch?v=9ckGBLXMz30

ਵੀਡੀਓ: ਪੇਚੇ ਲਾਉਂਦੀ ਤੇ ਜਿੱਤਦੀ ਬੇਬੇ

https://www.youtube.com/watch?v=WzMJVWgaNJw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News