CAA ਪ੍ਰਦਰਸ਼ਨ: ਗੋਲੀਆਂ ਚੱਲੀਆਂ, ਮੌਤਾਂ ਹੋਈਆਂ ਤਾਂ ਫਿਰ ਲਾਸ਼ਾਂ ''''ਚੋਂ ਗੋਲੀਆਂ ਮਿਲੀਆਂ ਕਿਉਂ ਨਹੀਂ

Friday, Jan 17, 2020 - 07:40 AM (IST)

CAA ਪ੍ਰਦਰਸ਼ਨ: ਗੋਲੀਆਂ ਚੱਲੀਆਂ, ਮੌਤਾਂ ਹੋਈਆਂ ਤਾਂ ਫਿਰ ਲਾਸ਼ਾਂ ''''ਚੋਂ ਗੋਲੀਆਂ ਮਿਲੀਆਂ ਕਿਉਂ ਨਹੀਂ

ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ 19 ਤੇ 20 ਦਸੰਬਰ 2019 ਨੂੰ ਹੋਏ ਮੁਜ਼ਾਹਰਿਆਂ ਦੇ ਦੌਰਾਨ ਭੜਕੀ ਹਿੰਸਾ ਵਿੱਚ ਯੂਪੀ ਵਿੱਚ ਸਭ ਤੋਂ ਵੱਧ 7 ਜਾਨਾਂ ਫਿਰੋਜ਼ਾਬਾਦ ਵਿੱਚ ਗਈਆਂ।

ਮਰਨ ਵਾਲਿਆਂ ਦੇ ਸਬੰਧੀਆਂ ਦਾ ਕਹਿਣਾ ਹੈ ਕਿ ਮੌਤ ਗੋਲੀ ਨਾਲ ਹੋਈ ਪਰ ਪੁਲਿਸ ਹਾਲੇ ਤੱਕ ਗੋਲੀ ਚੱਲਣ ਦੀ ਗੱਲ ਤੋਂ ਮੁੱਕਰ ਰਹੀ ਹੈ।

ਫਟੱੜਾਂ ਦਾ ਇਲਾਜ ਕਰਨ ਵਾਲੇ ਕੁਝ ਡਾਕਟਰ ਵੀ ਗੋਲੀ ਲੱਗਣ ਦੀ ਪੁਸ਼ਟੀ ਕਰਦੇ ਹਨ ਪਰ ਦਿਲਚਸਪ ਗੱਲ ਇਹ ਵੀ ਹੈ ਕਿ ਕਿਸੇ ਵੀ ਲਾਸ਼ ''ਚੋਂ ਗੋਲੀ ਨਹੀਂ ਮਿਲੀ ਤੇ ਨਾ ਹੀ ਸੰਬੰਧੀਆਂ ਨੂੰ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਗਈ ਹੈ।

ਫਿਰੋਜ਼ਾਬਾਦ ਦੇ ਰਸੂਲਪੁਰ ਇਲਾਕੇ ਦੇ ਰਹਿਣ ਵਾਲੇ ਅਯੂਬ ਯਾਮੀ ਬੇਲਦਾਰ ਹਨ। ਉਨ੍ਹਾਂ ਦਾ 24 ਸਾਲਾ ਪੁੱਤਰ ਨਬੀਜਾਨ ਵੀ ਬੇਲਦਾਰ ਸੀ।

20 ਦਸੰਬਰ ਨੂੰ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਨਬੀ ਘਰ ਵਾਪਸ ਆ ਰਹੇ ਸਨ। ਲਗਭਗ ਸਾਢੇ ਚਾਰ ਵਜੇ ਨੈਨੀ ਗਲਾਸ ਕਾਰਖਾਨੇ ਕੋਲ ਹੰਗਾਮਾ ਹੋਇਆ। ਅਯੂਬ ਯਾਮੀ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਛਾਤੀ ਵਿੱਚ ਗੋਲੀ ਲੱਗੀ ''ਤੇ ਉਹ ਉੱਥੇ ਹੀ ਮਾਰਿਆ ਗਿਆ।

ਅਯੂਬ ਦੱਸਦੇ ਹਨ, "ਘੰਟੇ ਬਾਅਦ ਸਾਨੂੰ ਪਤਾ ਚੱਲਿਆ। ਉਸ ਦੇ ਕੁਝ ਸਾਥੀ ਉਸ ਨੂੰ ਲੈ ਕੇ ਹਸਪਤਾਲ ਗਏ ਪਰ ਉਹ ਮਰ ਚੁੱਕਿਆ ਸੀ। ਤੁਰੰਤ ਹਸਪਤਾਲ ਲੈ ਜਾਂਦੇ ਤਾਂ ਸ਼ਾਇਦ ਬਚ ਜਾਂਦਾ।"

"ਅਗਲੇ ਦਿਨ ਸਵੇਰੇ ਪੋਸਟਮਾਰਟਮ ਹੋਇਆ। ਰਾਤ ਢਾਈ ਵਜੇ ਸਾਨੂੰ ਲਾਸ਼ ਦਿੱਤੀ ਗਈ ਅਤੇ ਸਾਨੂੰ ਤੁਰੰਤ ਦਫ਼ਨਾਉਣ ਲਈ ਕਿਹਾ ਗਿਆ। ਅਸੀਂ ਕਹਿੰਦੇ ਰਹੇ ਕਿ ਸਾਡੇ ਰਾਤ ਨੂੰ ਨਹੀਂ ਦਫ਼ਨਾਉਂਦੇ ਤਾਂ ਪੁਲਿਸ ਵਾਲੇ ਕਹਿੰਦੇ ਅਸੀਂ ਮੌਲਵੀ ਸੱਦ ਦਿਆਂਗੇ, ਤੁਸੀਂ ਦਫ਼ਨ ਕਰੋ, ਮਾਹੌਲ ਠੀਕ ਨਹੀਂ ਹੈ।"

ਇਹ ਵੀ ਪੜ੍ਹੋ:-

''ਮੇਰਾ ਬੇਟਾ ਇੱਕ ਵਾਰ ਵੀ ਬੋਲ ਨਹੀਂ ਸਕਿਆ''

ਅਯੂਬ ਦੱਸਦੇ ਹਨ ਕਿ ਮਜਬੂਰਨ ਉਨ੍ਹਾਂ ਨੂੰ ਰਾਤ ਨੂੰ ਹੀ 10-12 ਜਣਿਆਂ ਦੀ ਮੌਜੂਦਗੀ ਵਿੱਚ ਬੇਟੇ ਦੀ ਲਾਸ਼ ਦਫ਼ਨ ਕਰਨੀ ਪਈ ਤੇ ਉਸਦੇ ਪੋਸਟਮਾਰਟਮ ਦੀ ਰਿਪੋਰਟ ਲਈ ਤਾਂ ਉਹ ਅੱਜ ਤੱਕ ਭਟਕ ਰਹੇ ਹਨ।

ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਉਸ ਵਿੱਚ ਵੀ ਉਹੀ ਲਿਖਵਾਉਣਾ ਪਿਆ ਜੋ ਪੁਲਿਸ ਨੇ ਕਿਹਾ। ਉਨ੍ਹਾਂ ਦੀ ਐੱਫਆਈਆਰ ਤੱਕ ਨਹੀਂ ਲਿਖੀ ਗਈ।

ਰਸੂਲਪੁਰ ਦੇ ਕੋਲ ਹੀ ਰਾਮਗੜ੍ਹ ਇਲਾਕੇ ਵਿੱਚ ਰਹਿਣ ਵਾਲੇ 18 ਸਾਲਾ ਮੁਕੀਮ ਚੂੜੀਆਂ ਬਣਾਉਣ ਦਾ ਕੰਮ ਕਰਦੇ ਸਨ। ਮੁਕੀਮ ਵੀ ਆਪਣੇ ਸਾਥੀ ਕਾਰੀਗਰਾਂ ਨਾਲ ਉੱਥੋਂ ਖਾਣਾ ਖਾਣ ਆ ਰਹੇ ਸਨ ਜਦੋਂ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਕਾਰ ਚੱਲ ਰਹੇ ਸੰਘਰਸ਼ ਵਿੱਚ ਫ਼ਸ ਗਏ।

ਉਨ੍ਹਾਂ ਦੀ ਮਾਂ ਸ਼ਮਸੁਨ ਨੇ ਦੱਸਿਆ, "ਆਗਰਾ ਦੇ ਹਸਪਤਾਲ ਵਿੱਚ ਮੁਕੀਮ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਗੋਲੀ ਮਾਰੀ ਹੈ। ਤਿੰਨ ਦਿਨ ਤੱਕ ਮੇਰਾ ਬੇਟਾ ਭਰਤੀ ਰਿਹਾ। ਸਾਨੂੰ ਉਸ ਕੋਲ ਜਾਣ ਹੀ ਨਹੀਂ ਦਿੱਤਾ ਗਿਆ।"

"ਹਸਪਤਾਲ ਵਿੱਚ ਉਸ ਦਾ ਕੀ ਇਲਾਜ ਹੋਇਆ, ਉਸ ਦੇ ਕਿੰਨੀ ਸੱਟ ਲੱਗੀ ਸੀ, ਸਾਨੂੰ ਕੁਝ ਨਹੀਂ ਦੱਸਿਆ ਗਿਆ। ਜਦੋਂ ਦਿੱਲੀ ਲਿਜਾ ਰਹੇ ਸਨ ਤਾਂ ਵੀ ਮੈਨੂੰ ਨਾਲ ਨਹੀਂ ਜਾਣ ਦਿੱਤਾ ਗਿਆ। ਮੈਂ ਅਗਲੇ ਦਿਨ ਖ਼ੁਦ ਦਿੱਲੀ ਪਹੁੰਚੀ ਪਰ ਦਿੱਲੀ ਵਿੱਚ ਮੇਰਾ ਪੁੱਤ ਇੱਕ ਵਾਰ ਵੀ ਬੋਲ ਨਹੀਂ ਸਕਿਆ। 26 ਤਰੀਕ ਨੂੰ ਉਸ ਦੀ ਮੌਤ ਹੋ ਗਈ।"

45 ਸਾਲਾ ਸ਼ਫ਼ੀਕ ਵੀ ਚੂੜੀਆਂ ਦੇ ਕਾਰਖਾਨੇ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੇ ਭਾਈ ਮੁਹੰਮਦ ਸਈਦ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੂੰ ਗੋਲੀ ਲੱਗੀ ਤਾਂ ਉਸ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ ਸੀ।

ਹੁਣ ਤੱਕ ਨਹੀਂ ਮਿਲੀ ਪੋਸਟਮਾਰਟਮ ਰਿਪੋਰਟ

ਆਪਣੀ ਕਬਾੜ ਦੀ ਦੁਕਾਨ ''ਤੇ ਬੈਠੇ ਸਈਦ ਨੇ ਦੱਸਿਆ, "ਸ਼ਫ਼ੀਕ ਇੱਥੇ ਹੀ ਆਉਂਦ ਸੀ, ਅਕਸਰ ਖਾਣਾ ਖਾਣ ਲਈ। ਉਹ ਇੱਥੇ ਹੀ ਆ ਰਿਹਾ ਸੀ। ਰਾਹ ਵਿੱਚ ਉਸ ਨੂੰ ਸਿਰ ਵਿੱਚ ਗੋਲੀ ਲੱਗੀ ਤੇ ਉਹ ਘੰਟਿਆਂ ਤੱਕ ਉੱਥੇ ਹੀ ਪਿਆ ਰਿਹਾ। ਜਦੋਂ ਉਹ ਮਿਲਿਆ ਤਾਂ ਉਸ ਨੂੰ ਹਸਪਤਾਲ ਵਿੱਚ ਲੈ ਕੇ ਗਏ।"

"ਫਿਰੋਜ਼ਾਬਾਦ ਵਿੱਚ ਨਾ ਤਾਂ ਸਰਕਾਰੀ ਹਸਪਤਾਲ ਤੇ ਨਾ ਹੀ ਕਿਸੇ ਨਿੱਜੀ ਹਸਪਤਾਲ ਵਾਲੇ ਨੇ ਉਸ ਨੂੰ ਭਰਤੀ ਕੀਤਾ। ਫਿਰ ਉਸ ਨੂੰ ਆਗਰਾ ਮੈਡੀਕਲ ਕਾਲਜ ਲੈ ਗਏ ਜਿੱਥੋਂ ਡਾਕਟਰਾਂ ਨੇ ਉਸ ਨੂੰ ਸਫ਼ਦਰਜੰਗ ਭੇਜ ਦਿੱਤਾ। ਉੱਥੇ ਡਾਕਟਰਾਂ ਨੇ ਕਿਹਾ ਕਿ ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਡਾਕਟਰਾਂ ਨੇ ਕਿਹਾ ਕਿ ਕਾਗ਼ਜ਼ ਤਾਂ ਪੁਲਿਸ ਨੂੰ ਹੀ ਦੇਣਗੇ।"

ਮੁਹੰਮਦ ਸਈਦ ਦਾ ਕਹਿਣਾ ਹੈ ਕਿ ਪੋਸਮਾਰਟਮ ਰਿਪੋਰਟ ਲਈ ਡਾਕਟਰਾਂ ਨੇ 20 ਦਿਨਾਂ ਬਾਅਦ ਆਉਣ ਨੂੰ ਕਿਹਾ ਪਰ ਰਿਪੋਰਟ ਉਨ੍ਹਾਂ ਨੂੰ ਹਾਲੇ ਤੱਕ ਨਹੀਂ ਮਿਲੀ ਹੈ।

ਫਿਰੋਜ਼ਾਬਾਦ ਵਿੱਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕੁੱਲ ਛੇ ਜਣਿਆਂ ਦੀਆਂ ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਤਿੰਨ ਦਾ ਪੋਸਟਮਾਰਟਮ ਫਿਰੋਜ਼ਾਬਾਦ ਦੇ ਐੱਸਐੱਨ ਹਸਪਤਾਲ ਵਿੱਚ ਕੀਤਾ ਗਿਆ ਤੇ ਬਾਕੀ ਤਿੰਨ ਜਣਿਆਂ ਦਾ ਦਿੱਲੀ ਦੇ ਸਫ਼ਦਰਜੰਗ ਵਿੱਚ ਕੀਤਾ ਗਿਆ।

ਇੱਕ ਜਣੇ ਦੀ ਮੌਤ ਦੋ ਦਿਨ ਪਹਿਲਾਂ ਹੋਈ। ਉਸ ਦਾ ਅਪੋਲੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

ਲਗਭਗ ਸਾਰੇ ਮਰਨ ਵਾਲਿਆਂ ਦੇ ਸੰਬੰਧੀਆਂ ਦਾ ਕਹਿਣਾ ਹੈ ਕਿ ਮੌਤਾਂ ਗੋਲੀ ਲੱਗਣ ਨਾਲ ਹੋਈਆਂ ਹਨ। ਜਦਕਿ ਫਿਰੋਜ਼ਾਬਾਦ ਪੁਲਿਸ ਹਾਲੇ ਵੀ ਆਪਣੇ ਇਸ ਬਿਆਨ ''ਤੇ ਖੜ੍ਹੀ ਹੈ ਕਿ ਉਸ ਨੇ ਗੋਲੀ ਨਹੀਂ ਚਲਾਈ।

ਫਿਰੋਜ਼ਾਬਾਦ ਦੇ ਸੀਨੀਅਰ ਪੁਲਿਸ ਕਪਤਾਨ ਸਚਿੰਦਰ ਪਟੇਲ ਨੇ ਬੀਬੀਸੀ ਨੂੰ ਦੱਸਿਆ, "ਮੁਜ਼ਾਹਰਾਕਾਰੀਆਂ ਦੇ ਬਹੁਤ ਹਿੰਸਕ ਵਿਹਾਰ ਦੇ ਬਾਵਜੂਦ ਪੁਲਿਸ ਨੇ ਸਿਰਫ਼ ਲਾਠੀਚਾਰਜ ਅਤੇ ਰਬੜ ਦੀਆਂ ਗੋਲੀਆਂ ਨਾਲ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।"

"ਫਿਰੋਜ਼ਾਬਾਦ ਵਿੱਚ ਜਿਹੜੀਆਂ ਤਿੰਨ ਲਾਸ਼ਾਂ ਦਾ ਪੋਸਟਮਾਰਟਮ ਹੋਇਆ, ਉਨ੍ਹਾਂ ਦੀ ਰਿਪੋਰਟ ਦੇ ਮੁਤਾਬਕ ਗੋਲੀ ਲੱਗੀ ਹੈ ਪਰ ਸਰੀਰ ਦੇ ਬਾਹਰੋਂ ਲੰਘ ਗਈ। ਸਾਰੇ ਮਾਲਿਆਂ ਵਿੱਚ ਅਸੀਂ ਅਗਿਆਤ ਲੋਕਾਂ ਖ਼ਿਲਾਫ਼ ਰਿਪੋਰਟ ਦਰਜ ਕੀਤੀ ਹੈ। ਪੂਰੇ ਮਾਮਲੇ ਦੀ ਜਾਂਚ ਐੱਸਆਈਟੀ ਕਰ ਰਹੀ ਹੈ। ਜੋ ਵੀ ਸਚਾਈ ਹੋਵੇਗੀ, ਸਾਹਮਣੇ ਆ ਜਾਵੇਗੀ।"

ਐੱਨਐੱਸ ਹਸਪਤਾਲ ਦੇ ਐੱਸਐੱਮਓ ਡਾਕਟਰ ਆਰ ਕੇ ਪਾਂਡੇ ਵੀ ਗੋਲੀ ਲੱਗਣ ਦੀ ਗੱਲ ਮੰਨਦੇ ਹਨ ਪਰ ਗੋਲੀ ਮਿਲਣ ਦੀ ਨਹੀਂ।

''ਡਾਕਟਰਾਂ ਨੇ ਕਿਹਾ ਉੱਪਰੋਂ ਹੁਕਮ ਹਨ''

ਮਰਹੂਮ ਨਬੀਜਾਨ ਦੇ ਪਿਤਾ ਅਯੂਬ ਖ਼ਾਨ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਕਿ ਉਨ੍ਹਾਂ ਦੇ ਪੁੱਤਰ ਦੀ ਛਾਤੀ ਵਿੱਚ ਲੱਗੀ ਗੋਲੀ ਬਾਹਰ ਕਿਵੇਂ ਹੋ ਗਈ।

ਮਰਨ ਵਾਲਿਆਂ ਦੇ ਸੰਬੰਧੀਆਂ ਦਾ ਇਲਜ਼ਾਮ ਹੈ ਕਿ ਫਿਰੋਜ਼ਾਬਾਦ ਦੇ ਕਿਸੇ ਵੀ ਹਸਪਤਾਲ ਵਿੱਚ ਮੁਢਲੀ ਸਹਾਇਤਾ ਨਹੀਂ ਦਿੱਤੀ ਗਈ ਤੇ ਸਿੱਧੇ ਆਗਰਾ ਦੇ ਐੱਸਐੱਨ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਇਸੇ ਦੌਰਾਨ ਫਟੱੜਾਂ ਦੀ ਹਾਲਤ ਵਿਗੜ ਗਈ।

ਸੰਬੰਧੀਆਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਡਾਕਟਰ ਤੇ ਪ੍ਰਬੰਧਕ ਇਹ ਕਹਿ ਰਹੇ ਸਨ ਕਿ ਇਸ ਲਈ ਸਾਨੂੰ ''ਉੱਪਰੋਂ ਹੁਕਮ'' ਹੈ।

ਆਗਰਾ ਮੈਡੀਕਲ ਕਾਲਜ ਦੇ ਇੱਕ ਡਾਕਟਰ ਨੇ ਨਾਮ ਨਾ ਛਾਪਣ ਦੀ ਸ਼ਰਤ ''ਤੇ ਬੀਬੀਸੀ ਨੂੰ ਦੱਸਿਆ ਕਿ ਕਿਸੇ ਵੀ ਸਰੀਰ ਵਿੱਚ ਗੋਲੀ ਨਾ ਮਿਲਣਾ ਹੈਰਾਨੀਜਨਕ ਹੈ ਅਤੇ ਅਜਿਹਾ ਕੁਦਰਤੀ ਨਹੀਂ ਹੋ ਗਿਆ।

ਉਹ ਕਹਿੰਦੇ ਹਨ, "ਗੋਲੀ ਨਾਲ ਸੱਟ ਲੱਗਣ ਦੀ ਗੱਲ ਛੁਪਾਈ ਨਹੀਂ ਜਾ ਸਕਦੀ ਪਰ ਗੋਲੀ ਦਾ ਨਾ ਮਿਲਣਾ ਕਈ ਤੱਥਾਂ ''ਤੇ ਪਰਦਾ ਪਾ ਸਕਦਾ ਹੈ। ਜੇ ਗੋਲੀ ਨਹੀਂ ਮਿਲਦੀ ਤਾਂ ਵੀ ਨਹੀਂ ਪਤਾ ਚੱਲੇਗਾ ਕਿ ਗੋਲੀ ਚੱਲੀ ਕਿੱਥੋਂ ਹੈ ਤੇ ਚਲਾਈ ਕਿਸ ਨੇ ਹੈ।"

20 ਦਸੰਬਰ ਨੂੰ ਫਿਰੋਜ਼ਾਬਾਦ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਹ ਰਸੂਲਪੁਰ, ਰਾਮਗੜ੍ਹ ਅਤੇ ਕਸ਼ਮੀਰੀ ਗੇਟ ਇਲਾਕਿਆਂ ਵਿੱਚ ਰਹਿੰਦੇ ਹਨ। ਜ਼ਿਆਦਾਤਰ ਲੋਕ ਬਹੁਤ ਜ਼ਿਆਦਾ ਗ਼ਰੀਬ ਹਨ ਤੇ ਚੂੜੀਆਂ ਦੇ ਕਾਰਖਾਨੇ ਵਿੱਚ ਕੰਮ ਕਰਦੇ ਹਨ।

''ਅਸੀਂ ਪੁਲਿਸ ਨੂੰ ਗੋਲੀ ਚਲਾਉਂਦੇ ਦੇਖਿਆ''

ਪ੍ਰਦਰਸ਼ਨ ਦੌਰਾਨ ਜੋ ਹਿੰਸਾ ਹੋਈ ਸੀ ਉਸ ਦਾ ਕੇਂਦਰ ਵੀ ਇਨ੍ਹਾਂ ਹੀ ਇਲਾਕਿਆਂ ਕੋਲ ਯਾਨਿ ਕਿ ਨੈਨੀ ਗਲਾਸ ਫ਼ੈਕਟਰੀ ਚੌਰਾਹੇ ਕੋਲ ਸੀ।

ਅਯੂਬ ਦੀ ਗੁਆਂਢਣ ਸ਼ਬਨਮ ਦੱਸਦੀ ਹੈ ਕਿ ਪੁਲਿਸ ਨੇ ਰਾਤ ਵਿੱਚ ਆ ਕੇ ਲੋਕਾਂ ਨੂੰ ਚੁੱਪਚਾਪ ਘਰਾਂ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਸੀ ਅਤੇ ਧਮਕਾਇਆ ਸੀ।

ਕਸ਼ਮੀਰੀ ਗੇਟ ਨਿਵਾਸੀ ਰਾਸ਼ੀਦ ਦੇ ਪਿਤਾ ਕੁੱਲੂ ਦੱਸਦੇ ਹਨ ਕਿ ਉਨ੍ਹਾਂ ਦਾ ਪੁੱਤ ਅਪਾਹਜ ਸੀ ਪਰ ਚੂੜੀਆਂ ਬਣਾ ਕੇ 150-200 ਰੁਪਏ ਹਰ ਦਿਨ ਕਮਾ ਲੈਂਦਾ ਸੀ।

ਕੁੱਲੂ ਕਹਿੰਦੇ ਹਨ, "ਉਸ ਦਿਨ ਰਾਸ਼ਿਦ ਆਪਣੀ ਮਜ਼ਦੂਰੀ ਲੈਣ ਲਈ ਗਿਆ ਸੀ। ਉਸ ਦਾ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਨੂੰ ਗੋਲੀ ਮਾਰ ਦਿੱਤੀ ਗਈ ਜਦੋਂਕਿ ਪੁਲਿਸ ਕਹਿ ਰਹੀ ਹੈ ਕਿ ਪੱਥਰ ਲੱਗਣ ਨਾਲ ਮੌਤ ਹੋਈ। ਸਾਨੂੰ ਪੋਸਟਮਾਰਟਮ ਰਿਪੋਰਟ ਵੀ ਨਹੀਂ ਮਿਲੀ ਹੈ। ਪੁਲਿਸ ਨੇ ਰਾਤੋਂ-ਰਾਤ ਲਾਸ਼ ਦਫ਼ਨਾਉਣ ਦੇ ਲਈ ਮਜਬੂਰ ਕਰ ਦਿੱਤਾ।"

ਜਿਨ੍ਹਾਂ ਲੋਕਾਂ ਦਾ ਪੋਸਟਮਾਰਟਮ ਫ਼ਿਰੋਜ਼ਬਾਦ ਵਿੱਚ ਹੋਇਆ ਅਤੇ ਜਿਨ੍ਹਾਂ ਦਾ ਦਿੱਲੀ ਦੇ ਹਸਪਤਾਲਾਂ ਵਿੱਚ ਕਿਸੇ ਦੇ ਵੀ ਪਰਿਵਾਰ ਨੂੰ ਪੋਸਟਮਾਰਟ ਰਿਪੋਰਟ ਨਹੀਂ ਦਿੱਤੀ ਜਾ ਰਹੀ।

ਇੱਥੋਂ ਤੱਕ ਕਿ ਸਾਰੀਆਂ ਕੋਸ਼ਿਸ਼ਾਂ ਬਾਵਜੂਦ ਕਿਸੇ ਪੱਤਰਕਾਰ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਪੋਸਟਮਾਰਟਮ ਰਿਪੋਰਟ ਲੈਣ ਲਈ ਕਿਸੇ ਨੇ ਰੋਕਿਆ ਨਹੀਂ ਹੈ।

ਦੂਜੇ ਪਾਸੇ ਪੋਸਟਮਾਰਟਮ ਰਿਪੋਰਟ ਪਾਉਣ ਦਾ ਹਰ ਰਾਹ ਮ੍ਰਿਤਕਾਂ ਦੇ ਪਰਿਵਾਰ ਅਪਣਾ ਚੁੱਕੇ ਹਨ ਪਰ ਰਿਪੋਰਟ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ:-

ਰਸੂਲਪੁਰ ਇਲਾਕੇ ਦੇ ਰਹਿਣ ਵਾਲੇ ਸਾਦਿਕ ਦਾ ਇਲਜ਼ਾਮ ਹੈ ਕਿ ਪੋਸਟਮਾਰਟਮ ਰਿਪੋਰਟ ਵਿੱਚ ਦੇਰੀ ਜਾਣਬੁਝ ਕੇ ਕੀਤੀ ਜਾ ਰਹੀ ਹੈ ਤਾਂ ਕਿ ਪੁਲਿਸ ਉਸ ਨੂੰ ਆਪਣੇ ਮਨ-ਮੁਤਾਬਕ ਬਣਵਾ ਸਕੇ।

ਉਨ੍ਹਾਂ ਨੇ ਕਿਹਾ, "ਅਸੀਂ ਲੋਕਾਂ ਨੇ ਸਾਫ਼ ਤੌਰ ''ਤੇ ਪੁਲਿਸ ਨੂੰ ਗੋਲੀਆਂ ਚਲਾਉਂਦੇ ਦੇਖਿਆ ਹੈ। ਨਾ ਸਿਰਫ਼ ਵਰਦੀ ਵਿੱਚ ਸਗੋਂ ਪੁਲਿਸ ਵਾਲਿਆਂ ਦੇ ਕੋਲ ਕਈ ਲੋਕ ਸਾਦੇ ਕਪੜਿਆਂ ਵਿੱਚ ਵੀ ਆਏ ਸਨ ਜੋ ਕਿ ਗੋਲੀਆਂ ਚਲਾ ਰਹੇ ਸਨ।"

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=_AKZy9Vd09Y

https://www.youtube.com/watch?v=USjN-cdEsV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News