ਭਾਰਤੀ ਵਪਾਰੀ Amazon ਦੇ ਮਾਲਕ Jeff Bezos ਦਾ ਵਿਰੋਧ ਕਿਉਂ ਕਰ ਰਹੇ ਹਨ

Thursday, Jan 16, 2020 - 07:10 AM (IST)

ਭਾਰਤੀ ਵਪਾਰੀ Amazon ਦੇ ਮਾਲਕ Jeff Bezos ਦਾ ਵਿਰੋਧ ਕਿਉਂ ਕਰ ਰਹੇ ਹਨ
Members of the Confederation of All India Traders (CAIT)
Reuters
ਵਪਾਰੀਆਂ ਦਾ ਕਹਿਣਾ ਹੈ ਕਿ ਐਮਾਜ਼ੌਨ ਕਾਰਨ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਹੋ ਰਿਹਾ ਹੈ

ਪਿਛਲੀ ਵਾਰ ਐਮਾਜ਼ੌਨ ਦੇ ਮਾਲਕ ਜੈਫ਼ ਬੇਜ਼ੋਸ ਭਾਰਤ ਵਿਚ ਸਨ ਤਾਂ ਉਨ੍ਹਾਂ ਨੇ ਇੱਕ ਲੰਬਾ ਭਾਰਤੀ ਕੋਟ ਪਾਇਆ ਸੀ। ਉਹ ਇੱਕ ਸੋਹਣੇ ਸਜਾਏ ਟਰੱਕ ਵਿੱਚ ਚੜ੍ਹੇ, ਤਸਵੀਰਾਂ ਲਈ ਖੜ੍ਹੇ ਹੋਏ ਅਤੇ ਕੁਝ ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ।

ਉਨ੍ਹਾਂ ਨੇ ਦਰਜਨਾਂ ਮੀਡੀਆ ਇੰਟਰਵਿਊਜ਼ ਵੀ ਦਿੱਤੇ।

ਉਨ੍ਹਾਂ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ, "ਤੁਸੀਂ ਹਰ ਸਮੇਂ ਸੁਣਦੇ ਹੋਵੋਗੇ ਕਿ ਭਾਰਤ ਵਿਚ ਕਾਰੋਬਾਰ ਕਰਨ ਵਿਚ ਬਹੁਤ ਸਾਰੀਆਂ ਰੁਕਾਵਟਾਂ ਹਨ ਪਰ ਇਹ ਸਾਡਾ ਤਜ਼ਰਬਾ ਨਹੀਂ ਹੈ।"

ਪੰਜ ਸਾਲਾਂ ਬਾਅਦ ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਭਾਰਤ ਦੇ ਦੋ ਰੋਜ਼ਾ ਦੌਰੇ ''ਤੇ ਆਏ ਹਨ ਪਰ ਸਵਾਗਤ ਘੱਟ ਹੀ ਕੀਤਾ ਜਾ ਰਿਹਾ ਹੈ।

ਛੋਟੇ ਕਾਰੋਬਾਰੀਆਂ ਦੀ ਇੱਕ ਯੂਨੀਅਨ ਜੋ ਲੱਖਾਂ ਕਾਰੋਬਾਰਾਂ ਦੀ ਅਗਵਾਈ ਦਾ ਦਾਅਵਾ ਕਰਦੀ ਹੈ, ਉਸ ਨੇ ਜੈਫ਼ ਬੇਜ਼ੋਸ ਦੇ ਵਿਰੁੱਧ 300 ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਛੇ ਸਾਲ ਪੁਰਾਣੀ ਆਨਲਾਈਨ ਰਿਟੇਲ ਕੰਪਨੀ ਕਾਰਨ ਉਨ੍ਹਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ।

ਕਾਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਦੇ ਪ੍ਰਵੀਨ ਖੰਡੇਲਵਾਲ, ਜੋ ਕਿ ਵਿਰੋਧ ਪ੍ਰਦਰਸ਼ਨਾਂ ਦਾ ਪ੍ਰਬੰਧ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਐਮਾਜ਼ੌਨ ਦੀ "ਮਾੜੀ ਖੇਡ ਅਤੇ ਮਾੜੇ ਡਿਜ਼ਾਈਨ" ਕਾਰਨ ਪਹਿਲਾਂ ਹੀ ਭਾਰਤ ਦੇ ਹਜ਼ਾਰਾਂ ਛੋਟੇ ਵਪਾਰੀਆਂ ਦਾ ਕਾਰੋਬਾਰ ਤਬਾਹ ਹੋ ਚੁੱਕਾ ਹੈ।

ਇਹ ਵੀ ਪੜ੍ਹੋ

Jeff Bezos, founder of Amazon, attends a company event in New Delhi, India, January 15, 2020
Reuters
ਜੈਫ਼ ਬੇਜ਼ੋਸ ਤੀਜੀ ਵਾਰ ਭਾਰਤ ਦੌਰੇ ਉੱਤੇ ਹਨ

ਆਉਣ ਤੋਂ ਪਹਿਲਾਂ ਹੀ ਜਾਂਚ ਸ਼ੁਰੂ

ਬੇਜ਼ੋਸ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਭਾਰਤ ਦੇ ਐਂਟੀ-ਟਰੱਸਟ ਰੈਗੂਲੇਟਰ ਨੇ ਐਮਾਜ਼ੌਨ ਅਤੇ ਇਸ ਦੇ ਭਾਰਤੀ ਪ੍ਰਤੀਯੋਗੀ ਫਲਿੱਪਕਾਰਟ (ਜੋ ਕਿ ਜ਼ਿਆਦਾਤਰ ਵਾਲਮਾਰਟ ਦੀ ਮਲਕੀਅਤ ਹੈ) ਦੇ ਕਾਰੋਬਾਰ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ।

ਰੈਗੂਲੇਟਰ ਦਾ ਕਹਿਣਾ ਹੈ ਕਿ ਉਹ ਕੀਮਤਾਂ, ਮੋਬਾਈਲ ਫੋਨਾਂ ਦੀ ਵਿਸ਼ੇਸ਼ ਲਾਂਚਿੰਗ, ਵੱਡੀ ਛੋਟ ਅਤੇ ਆਨਲਾਈਨ ਦਿੱਗਜ਼ਾਂ ਦੁਆਰਾ ਕੁਝ ਖਾਸ ਚੁਣੇ ਹੋਏ ਦੁਕਾਨਦਾਰਾਂ ਦਾ ਹੀ ਸਮਾਨ ਵੇਚਣ ਨੂੰ ਤਰਜੀਹ ਦੇਣ ਦੇ ਇਲਜ਼ਾਮਾਂ ਦੀ ਘੋਖ ਕਰ ਰਹੇ ਹਨ।

ਐਮਾਜ਼ੌਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਉਨ੍ਹਾਂ ''ਤੇ ਲੱਗੇ ਇਲਜ਼ਾਮਾਂ ਦੀ ਜਾਂਚ ਵਿਚ ਸਹਿਯੋਗ ਦੇਵੇਗੀ, ਇਲਜ਼ਾਮਾਂ ਦਾ ਹੱਲ ਕਰੇਗੀ। ਕਪਨੀ ਨੇ ਅੱਗੇ ਕਿਹਾ "ਸਾਨੂੰ ਆਪਣੀ ਕਾਰਗੁਜ਼ਾਰੀ ''ਤੇ (ਸਥਾਨਕ ਨਿਯਮਾਂ ਨਾਲ) ਭਰੋਸਾ ਹੈ।"

ਐਮਾਜ਼ੌਨ ਦਾ ਦਾਅਵਾ ਹੈ ਕਿ ਭਾਰਤ ਵਿਚ ਤੇਜ਼ੀ ਨਾਲ ਵੱਧ ਰਹੀ ਮਾਰਕੀਟ ਵਿਚ ਖ਼ੁਦਰਾ ਕਾਰੋਬਾਰੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਨ੍ਹਾਂ ਨੇ ਬਹੁਤ ਕੁਝ ਕੀਤਾ ਹੈ।

ਦੇਸ ''ਚ 60,000 ਤੋਂ ਵੱਧ ਮੁਲਾਜ਼ਮਾਂ ਅਤੇ 5 ਬਿਲੀਅਨ ਡਾਲਰ ਦੇ ਨਿਵੇਸ਼ ਦੇ ਨਾਲ ਸੀਟਲ-ਆਧਾਰਤ ਵੱਡੀ ਕੰਪਨੀ ਦਾ ਦਾਅਵਾ ਹੈ ਕਿ ਉਹ ਪੰਜ ਲੱਖ ਖ਼ੁਦਰਾ ਵਪਾਰੀਆਂ ਨਾਲ ਕੰਮ ਕਰਦੀ ਹੈ। (ਭਾਰਤੀ ਕਾਨੂੰਨ ਦੇ ਤਹਿਤ ਸਾਈਟ ਸਿਰਫ਼ ਸੁਤੰਤਰ ਵਿਕਰੇਤਾਵਾਂ ਤੋਂ ਤੀਜੀ ਧਿਰ ਦੀਆਂ ਚੀਜ਼ਾਂ ਵੇਚ ਸਕਦੀ ਹੈ।) ਕੰਪਨੀ ਦਾ ਦਾਅਵਾ ਹੈ ਕਿ ਅੱਧੇ ਤੋਂ ਵੱਧ ਦੁਕਾਨਦਾਰ ਛੋਟੇ ਸ਼ਹਿਰਾਂ ਦੇ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਇਸ ਸਾਈਟ ''ਤੇ ਤਿਉਹਾਰਾਂ ਦੌਰਾਨ ਲਗਦੀ ਸੇਲ ਦੇ ਸੀਜ਼ਨ ਵਿਚ ਅਮੀਰ ਹੋ ਗਏ ਹਨ।

ਐਮਾਜ਼ੌਨ ਛੋਟੇ ਵਿਕਰੀ ਸਟੋਰਾਂ ਨਾਲ ਵੀ ਪਾਰਟਨਰਸ਼ਿਪ ਕਰਦਾ ਹੈ ਤਾਂ ਕਿ ਗਾਹਕ ਸਾਈਟ ਤੋਂ ਸਮਾਨ ਖਰੀਦਣ।

ਕੰਪਨੀ ਦਾ ਦਾਅਵਾ ਹੈ ਕਿ ਲਗਭਗ 50,000 ਭਾਰਤੀ ਵਿਕਰੇਤਾਵਾਂ ਨੇ ਭਾਰਤ ਤੋਂ ਬਾਹਰ ਦੇਸਾਂ ਵਿਚ ਇੱਕ ਬਿਲੀਅਨ ਡਾਲਰ ਦਾ ਸਮਾਨ ਭੇਜਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਪ੍ਰੋਗਰਾਮ ਤਹਿਤ ਉਹ ਅਜਿਹਾ ਕਰ ਸਕੇ ਜਿਸ ਨਾਲ ਉਹ ਵਿਸ਼ਵ ਭਰ ਵਿੱਚ ਆਪਣੇ ਉਤਪਾਦਾਂ ਦੀ ਸੂਚੀ ਬਣਾਉਂਦੇ ਅਤੇ ਵੇਚਦੇ ਹਨ।

ਐਮਾਜ਼ੌਨ ਦਾ ਕਿੰਨਾ ਵਪਾਰ ਵਧਿਆ

ਮੰਗਲਵਾਰ ਨੂੰ ਬੇਜ਼ੋਸ ਨੇ ਐਲਾਨ ਕੀਤਾ ਕਿ ਐਮਾਜ਼ੌਨ ਦਾ ਟੀਚਾ ਹੈ ਕਿ 2025 ਤੱਕ ਭਾਰਤ ਤੋਂ 10 ਬਿਲੀਅਨ ਡਾਲਰ ਦਾ ਸਾਮਾਨ ਬਰਾਮਦ ਕੀਤਾ ਜਾਵੇ। ਉਨ੍ਹਾਂ ਨੇ ਇੱਥੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਡਿਜੀਟਲਾਈਜ਼ ਕਰਨ ਵਿੱਚ ਇੱਕ ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਵੀ ਕੀਤਾ। ਬੇਜ਼ੋਸ ਛੋਟੇ ਅਤੇ ਮੱਧਮ ਕਾਰੋਬਾਰੀਆਂ ਲਈ ਦਿੱਲੀ ਵਿੱਚ ਇੱਕ ਕੰਪਨੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ ਜੋ ਉਨ੍ਹਾਂ ਦੀ ਕੰਪਨੀ ਵਿਚ ਭਾਈਵਾਲੀ ਰੱਖਦੇ ਹਨ।

ਪਰ ਸ਼ਾਇਦ ਇਹ ਕੋਸ਼ਿਸ਼ਾਂ ਪ੍ਰਦਰਸ਼ਕਾਰੀਆਂ ਨੂੰ ਪ੍ਰਭਾਵਤ ਨਹੀਂ ਕਰ ਪਾ ਰਹੀਆਂ।

ਖੰਡੇਲਵਾਲ ਮੁਤਾਬਕ, "ਬੇਜ਼ੋਸ ਛੋਟੇ ਦੁਕਾਨਦਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਹਨ।"

Jeff Bezos, founder of Amazon, attends a company event in New Delhi, India, January 15, 2020
Reuters
ਬੇਜ਼ੋਸ ਨੇ ਦਿੱਲੀ ਵਿਚ ਕੰਪਨੀ ਦੇ ਇੱਕ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ

ਐਮਾਜ਼ੌਨ ਅਤੇ ਫਲਿੱਪਕਾਰਟ ਭਾਰਤ ਦੇ 39 ਬਿਲੀਅਨ ਡਾਲਰ ਦੇ ਆਨਲਾਈਨ ਖ਼ੁਦਰਾ ਬਾਜ਼ਾਰ ''ਤੇ ਹਾਵੀ ਹਨ।

ਮੋਬਾਈਲ ਫੋਨ ਦੇ ਗਾਹਕਾਂ ਦੀ ਗਿਣਤੀ ਵਿੱਚ ਵਾਧੇ ਕਾਰਨ (ਅਰਬ ਤੋਂ ਵੀ ਜ਼ਿਆਦਾ) ਅਤੇ ਸਸਤੇ ਡਾਟਾ ਕਾਰਨ ਇਹ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਾਮਰਸ ਮਾਰਕੀਟ ਹੈ।

ਉਮੀਦ ਕੀਤੀ ਜਾਂਦੀ ਹੈ ਕਿ ਇਹ ਮਾਰਕੀਟ 2020 ਵਿਚ 120 ਬਿਲੀਅਨ ਹੋ ਜਾਏਗੀ। ਭਾਰਤ ਵਿਚ ਹੁਣ ਅਜਿਹੇ 4,700 ਤੋਂ ਵੱਧ ਸਟਾਰਟ-ਅਪ ਹਨ।

ਪਰ ਭਾਰਤ ਅਜਿਹਾ ਦੇਸ ਹੈ ਜਿੱਥੇ ਗੁਆਂਢ ''ਚ ਹੀ ਦੁਕਾਨਾਂ ਚੱਲਦੀਆਂ ਹਨ।

ਇਹ ਨਿਫ਼ਟੀ ਸਟੋਰ ਜਿਨ੍ਹਾਂ ਨੂੰ ਕਿਰਾਨੇ ਦੀਆਂ ਦੁਕਾਨਾਂ ਕਿਹਾ ਜਾਂਦਾ ਹੈ ਹਾਲੇ ਵੀ ਜਾਰੀ ਹਨ। ਇੱਕ ਕਨਸਲਟਿੰਗ ਕੰਪਨੀ ਪ੍ਰਾਈਸਵਾਟਰਹਾਊਸ ਕੂਪਰ ਅਨੁਸਾਰ ਭਾਰਤ ਵਿੱਚ ਇਸ ਤਰ੍ਹਾਂ ਦੇ ਇੱਕ ਕਰੋੜ 20 ਲੱਖ ਸਟੋਰ ਹਨ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਤਕਨੀਕ ਨੂੰ ਅਪਣਾ ਰਹੇ ਹਨ। ਉਹ ਗਾਹਕਾਂ ਨੂੰ ਬਿਹਤਰ ਸਹੂਲਤ ਦੇਣ ਲਈ ਡੈਬਿਟ ਜਾਂ ਕ੍ਰੈਡਿਟ ਕਾਰਡਾਂ ਅਤੇ ਵਾਲੇਟ ਵਰਗੇ ਭੁਗਤਾਨ ਦੇ ਬਦਲ ਨੂੰ ਸਵੀਕਾਰ ਰਹੇ ਹਨ।

ਤਕਨੀਕ ਦਾ ਅਸਰ

ਇੰਡੀਅਨ ਸਕੂਲ ਆਫ਼ ਬਿਜ਼ਨੈਸ ਦੀ ਰਿਸਰਚ ਨੇ ਕਰਿਆਨੇ ਦੀਆਂ ਦੁਕਾਨਾਂ ਅਤੇ ਸੰਗਠਿਤ ਪ੍ਰਚੂਨ ਦੀਆਂ ਦੁਕਾਨਾਂ ਵਿਚ ਤਿੰਨ ਸਾਲਾਂ ਦੀ ਵਿਕਰੀ ਲਈ ਲੈਣ-ਦੇਣ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਇਹ ਸਾਹਮਣੇ ਆਇਆ ਕਿ ਮੌਮ ਐਂਡ ਪੌਪ ਸਟੋਰਜ਼ (ਛੋਟੇ, ਪਰਿਵਾਰ ਵਲੋਂ ਚਲਾਏ ਜਾਂਦੇ) ਵਿਚ ਆਧੁਨਿਕ ਵਪਾਰ ਦੀਆਂ ਦੁਕਾਨਾਂ ਨਾਲੋਂ ਕਮਾਈ ਕਰਨ ਦੀ ਉੱਚ ਯੋਗਤਾ ਹੈ।

ਐਮਾਜ਼ੌਨ ਲਈ ਦੁਨੀਆਂ ਭਰ ਦੇ ਰੈਗੂਲੇਟਰਾਂ ਦਾ ਸਾਹਮਣਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਈਯੂ ਦੇ ਐਂਟੀ-ਟਰੱਸਟ ਰੈਗੂਲੇਟਰਾਂ ਨੇ ਜਾਂਚ ਸ਼ੁਰੂ ਕੀਤੀ ਸੀ। ਇਲਜ਼ਾਮ ਸੀ ਕਿ ਐਮਾਜ਼ੌਨ ਸੁਤੰਤਰ ਰਿਟੇਲਰਾਂ ਤੋਂ "ਸੰਵੇਦਨਸ਼ੀਲ ਡਾਟਾ" ਲੈ ਕੇ ਉਸ ਦੀ ਦੁਰਵਰਤੋਂ ਕਰਦਾ ਹੈ। ਅਮਰੀਕਾ ਅਤੇ ਯੂਰਪ ਵਿੱਚ ਤੀਜੀ ਧਿਰ ਦਾ ਸਮਾਨ ਵੇਚਣ ਵਾਲਿਆਂ ਦੇ ਨਾਲ ਰਿਟੇਲਰਾਂ ਦੇ ਰਿਸ਼ਤਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਭਾਰਤ ਇੱਕ ਅਜਿਹਾ ਦੇਸ ਹੈ ਜਿੱਥੇ ਪਸਾਰ ਸੰਭਵ ਹੈ ਪਰ ਨਾਲ ਹੀ ਇਸ ਦਾ ਬਜ਼ਾਰ ਵੱਖਰਾ ਵੀ ਹੈ। ਇੱਕ ਪਾਸੇ ਭਾਰਤ ਦੇ ਛੋਟੇ ਵਪਾਰੀ ਅਕਸਰ ਬਦਲਾਅ ਕਰਨ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦਾ ਸਮਰਥਨ ਵੀ ਮਿਲਦਾ ਹੈ।

ਐਮਾਜ਼ਨ ਦਾ ਦਾਅਵਾ ਹੈ ਕਿ ਤਿਉਹਾਰਾਂ ਦੌਰਾਨ ਕਈ ਵਿਕਰੇਤਾ ਅਮੀਰ ਹੋਏ ਹਨ
Reuters
ਐਮਾਜ਼ੌਨ ਦਾ ਦਾਅਵਾ ਹੈ ਕਿ ਤਿਉਹਾਰਾਂ ਦੌਰਾਨ ਕਈ ਵਿਕਰੇਤਾ ਅਮੀਰ ਹੋਏ ਹਨ

ਦੂਜੇ ਪਾਸੇ ਛੋਟੇ ਕਾਰੋਬਾਰਾਂ ਦੇ ਭਵਿੱਖ ਬਾਰੇ ਡਰ ਸੱਚੇ ਹਨ ਜੋ ਕਿ ਆਨਲਾਈਨ ਦਿੱਗਜ ਕੰਪਨੀਆਂ ਦੀ ਮਾਰ ਝੱਲ ਰਹੇ ਹਨ। ਈ-ਕਾਮਰਸ ਕੰਪਨੀਆਂ ਵਲੋਂ ਤੇਜ਼ੀ ਨਾਲ ਅਤੇ ਘੱਟ ਕੀਮਤਾਂ ਤੇ ਸਮਾਨ ਘਰ ਪਹੁੰਚਾਉਣ ਕਾਰਨ ਗਾਹਕ ਜ਼ਿਆਦਾਤਰ ਖੁਸ਼ ਹਨ। ਸਰਕਾਰ ਨੂੰ ਆਰਥਿਕਤਾ ਦੀ ਰਫ਼ਤਾਰ ਨੂੰ ਵਧਾਉਣ ਲਈ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ ਹੈ। ਰੈਗੂਲੇਟਰ ਅਤੇ ਬੇਜ਼ੋਸ ਇਸ ਨਾਲ ਕਿਵੇਂ ਨਜਿੱਠਦੇ ਹਨ ਇਹ ਵੇਖਣਾ ਦਿਲਚਸਪ ਹੋਵੇਗਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=_AKZy9Vd09Y

https://www.youtube.com/watch?v=USjN-cdEsV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News