ਸ਼ਾਹੀਨ ਬਾਗ: ਆਓ ਚੱਲੀਏ ਉੱਥੇ, ਜਿੱਥੇ ਔਰਤਾਂ ਨੂੰ ਲੱਗੇ ਖੰਭ – CAA ਤੇ NRC ਖ਼ਿਲਾਫ਼ ਆਵਾਜ਼ ਦਾ ਕੇਂਦਰ ਬਣਿਆ ਇੱਕ ਤੰਗ ਜਿਹਾ ਮੁਹੱਲਾ
Wednesday, Jan 15, 2020 - 11:10 AM (IST)


"ਸ਼ਾਹੀਨ ਇੱਕ ਚਿੜੀ ਹੁੰਦੀ ਹੈ, ਜੋ ਉਚਾਈ ''ਤੇ ਉੱਡਦੀ ਹੈ ਅਤੇ ਉੱਡਦਿਆਂ ਹੋਇਆਂ ਹੀ ਖਾਂਦੀ ਹੈ।"
ਸਲੇਟੀ ਰੰਗ ਦਾ ਹਿਜਾਬ ਪਹਿਨੀ ਇੱਕ ਔਰਤ ਨੇ ਇਹ ਦੱਸਿਆ। ਕੋਲ ਖੜ੍ਹੇ ਇਕ ਨੌਜਵਾਨ ਨੇ ਕਿਹਾ, "ਇਸ ਸਥਾਨ ਦਾ ਨਾਮ ਸ਼ਾਹੀਨ ਇੱਕ ਡਾਕਟਰ ਨੇ ਆਪਣੀ ਬੇਟੀ ਦੇ ਨਾਮ ਤੇ ਰੱਖਿਆ ਸੀ।"
75-ਸਾਲਾ ਨੂਰ-ਉਨ-ਨਿਸਾਂ ਨੇ ਆਖਿਆ, "ਇਹ ਸਾਡਾ ਉਡਣ ਦਾ ਵੇਲਾ ਹੈ'' ਅਤੇ ਅਸੀਂ ''ਸ਼ਾਹੀਨ'' ਹਾਂ।"
ਸ਼ਾਹੀਨ ਚਿੱਟੇ ਬਾਜ਼ ਦਾ ਫ਼ਾਰਸੀ ਨਾਮ ਹੈ। ਇੱਕ ਹੋਰ ਮਤਲਬ ‘ਦ੍ਰਿੜ ਨਿਸ਼ਚੈ’ ਵੀ ਹੁੰਦਾ ਹੈ।
ਇਹ ਸਭ ਸ਼ਾਹੀਨ ਬਾਗ਼ ਦੇ ਸ਼ਬਦੀ ਅਰਥਾਂ ਦੀ ਵਿਆਖਿਆ ਕਰ ਰਹੇ ਸਨ, ਇਹ ਉਹ ਥਾਂ ਹੈ ਜਿੱਥੇ ਕਈ ਦਿਨਾਂ ਤੋਂ ਔਰਤਾਂ ਮੋਦੀ ਸਰਕਾਰ ਦੇ ਨਵੇਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ।
ਦਿੱਲੀ ਦੇ ਨਕਸ਼ੇ ''ਤੇ ਇੱਕ ਬਿੰਦੀ ਜਿੰਨਾ ਹੈ। ਯਮੁਨਾ ਦੇ ਕੰਢੇ ਇਹ ਇਲਾਕਾ ਦਿੱਲੀ ਅਤੇ ਨੋਇਡਾ ਵਿਚਾਲੇ ਟੇਡਾ-ਮੇਢਾ ਹੈ। ਪਰ ਨਕਸ਼ਾ ਸਭ ਕੁਝ ਨਹੀਂ ਦੱਸਦਾ, ਦੱਸ ਹੀ ਨਹੀਂ ਸਕਦਾ।
ਇਹ ਵੀ ਪੜ੍ਹੋ
- ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕਣ ਵਾਲੀਆਂ ਔਰਤਾਂ ਨੂੰ ਕੀ ਝੱਲਣਾ ਪੈਂਦਾ ਹੈ
- ਸੀਰੀਆ ਦੀ ‘ਸ਼ਾਂਤੀਦੂਤ’ ਅਖਵਾਉਣ ਵਾਲੀ ਨੇਤਾ ਨੂੰ ਕਿੰਨੇ ਮਾਰਿਆ
- ਨਿਰਭਿਆ ਗੈਂਗਰੇਪ: ਵਿਨੇ, ਮੁਕੇਸ਼ ਦੀ ਕਿਊਰੇਟਿਵ ਪਟੀਸ਼ਨ ਹੋਈ ਖਾਰਜ
ਦਿੱਲੀ ਦੇ ਸ਼ਾਹੀਨ ਬਾਗ਼ ''ਚ ਪਿਛਲੇ ਕੁਝ ਹਫ਼ਤਿਆਂ ਤੋਂ ਵਿਰੋਧ ਦਾ ਪ੍ਰਤੀਕ ਹੈ। ਸੰਵਿਧਾਨ ਨੂੰ ਬਦਲਣ ਖ਼ਿਲਾਫ਼ ਇੱਥੇ ਔਰਤਾਂ ਅਤੇ ਬੱਚੇ ਹੱਢ-ਚੀਰਵੀਆਂ ਸਰਦ ਰਾਤਾਂ ਵਿੱਚ ਮੁਜ਼ਾਹਰਾ ਕਰ ਰਹੇ ਹਨ।
ਇਨ੍ਹਾਂ ਔਰਤਾਂ ਵਿੱਚ 90 ਅਤੇ 82 ਸਾਲ ਦੀਆਂ ਔਰਤਾਂ ਵੀ ਸ਼ਾਮਲ ਹਨ। ਇੱਥੇ ਇੱਕ ਅਜਿਹਾ ਪੁਰਸ਼ ਵੀ ਹੈ ਜੋ ਪਹਿਲੇ ਦਿਨ ਤੋਂ ਭੁੱਖ ਹੜਤਾਲ ’ਤੇ ਹੈ ਅਤੇ ਹੁਣ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਡ੍ਰਿਪ ਚੜ੍ਹਾਈ ਗਈ ਹੈ। ਸ਼ਾਇਦ ਕਿਸੇ ਨੂੰ ਆਸ ਨਹੀਂ ਸੀ ਕਿ ''ਨਾਜ਼ੁਕ ਔਰਤਾਂ'' ਦਾ ਮੁਜ਼ਾਹਰਾ ਨੁਮਾਇੰਦਗੀ ਕਰਨ ਲੱਗੇਗਾ।
https://www.youtube.com/watch?v=fodGBe0uc98
15 ਦਸੰਬਰ ਨੂੰ ਚਾਰ ਔਰਤਾਂ ਅਤੇ ਛੇ ਆਦਮੀ ਉਸ ਸਮੇਂ ਜਾਮੀਆ ਨਗਰ, ਬਾਟਲਾ ਹਾਊਸ ਅਤੇ ਸ਼ਾਹੀਨ ਬਾਗ ਦੇ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਤੁਰੇ, ਜਦੋਂ ਪਤਾ ਲੱਗਾ ਕਿ ਜਾਮੀਆ ਮੀਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੂੰ ਪੁਲਿਸ ਵੱਲੋਂ ਤਸ਼ਦੱਦ ਦਾ ਸ਼ਿਕਾਰ ਬਣਾਇਆ ਗਿਆ ਹੈ।
ਪਹਿਲਾਂ ਸ਼ਾਹੀਨ ਬਾਗ਼ ਨੂੰ ਇੱਕ ਅਜਿਹੀ ਥਾਂ ਵਜੋਂ ਜਾਣਿਆ ਜਾਂਦਾ ਸੀ ਜਿੱਥੇ ਗ਼ਰੀਬ ਅਤੇ ਸਸਤੀ ਰਹਿਣ ਦੀ ਥਾਂ ਦੇ ਚਾਹਵਾਨ ਪਰਵਾਸੀ ਰਹਿੰਦੇ ਸਨ। ਹਾਲ ਹੀ ਵਿੱਚ ''ਆਥੋਰਾਈਜ਼ਡ'' ਕੀਤੇ ਗਏ ਸ਼ਾਹੀਨ ਬਾਗ਼ ਦੀ ਕਈ ਲੋਕਾਂ ਲਈ ਨਕਸ਼ੇ ''ਤੇ ਕੋਈ ਥਾਂ ਨਹੀਂ ਸੀ, 25 ਸਾਲ ਪਹਿਲਾਂ ਇਹ ਜੰਗਲ ਸੀ।
ਫਿਰ ਇੱਥੇ ਲੋਕ ਆਏ, ਟੀਨ ਦੀਆਂ ਛੱਤਾਂ ਪਾ ਕੇ ਘਰ ਬਣਾ ਕੇ ਰਹਿਣ ਲੱਗੇ। ਲੰਬੇ ਸਮੇਂ ਤੱਕ ਬਿਜਲੀ-ਪਾਣੀ ਨਹੀਂ ਸੀ। ਉਹ ਦੂਰੋਂ ਤਾਰ ਖਿੱਚ ਕੇ ਲਿਆ ਕੇ ਆਪਣੇ ਘਰ ''ਚ ਬਲਬ ਜਗਾਉਣ ਦਾ ਇੰਤਜ਼ਾਮ ਕਰਦੇ।
ਬਿਲਕੀਸ ਨਾਮ ਦੀ ਇੱਕ ਬਜ਼ੁਰਗ ਔਰਤ ਟੇਢੀਆਂ-ਮੇਢੀਆਂ ਗਲੀਆਂ ’ਚੋਂ ਆਉਂਦੀ ਹੈ ਤਾਂ ਕਈ ਪੁਰਸ਼ ''ਸਲਾਮ'' ਕਰਦੇ ਹਨ। ਉਹ ਕਹਿੰਦੀ ਹੈ ਕਿ ਜਦੋਂ ਮੁਜ਼ੱਫਰਨਗਰ ਤੋਂ ਸ਼ਾਹੀਨ ਬਾਗ਼ ਆਈ ਸੀ ਤਾਂ ਨਾਲਾ ਵਗਦਾ ਸੀ। ਪਿਛਲੇ ਢਾਈ ਦਹਾਕਿਆਂ ਤੋਂ ਨੂਰ-ਉਨ-ਨਿਸਾਂ ਸ਼ਾਹੀਨ ਬਾਗ ਨੂੰ ਕਿਤੇ ਵੀ ਛੱਡ ਕੇ ਨਹੀਂ ਗਈ, ਸਿਵਾਇ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ, ਕਿਉਂਕਿ ਬਾਹਰ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ।

ਪਹਿਲਾਂ ਇੱਥੇ ਸਿਰਫ਼ ਮੰਗਲ ਬਾਜ਼ਾਰ ਲਗਦਾ ਸੀ, ਜਦੋਂ ਇੱਥੇ ਸਾਮਾਨ ਖਰੀਦਣ ਲਈ ਲੋਕ ਆਉਂਦੇ ਸਨ। ਬਿਜਲੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਦੇ ਬਾਵਜੂਦ ਪਰਵਾਸੀ ਆਉਂਦੇ ਗਏ ਕਿਉਂਕਿ ਜ਼ਮੀਨ ਸਸਤੀ ਸੀ।
"ਜਦੋ ਅਸੀਂ ਇੱਥੇ ਆਏ, ਇਹ ਇੱਕ ਜੰਗਲ ਸੀ।" ਨੂਰ-ਉਨ-ਨਿਸਾਂ 10 ਸਾਲ ਪਹਿਲਾਂ ਆਪਣੇ ਲੜਕੇ ਨਾਲ ਮਜ਼ੁੱਫ਼ਰਨਗਰ ਤੋਂ ਆਈ ਸੀ। ਕਹਿੰਦੀ ਹੈ ਕਿ ਦੰਗੇ ਦੇਖੇ, ਸੜਕਾਂ ''ਤੇ ਖ਼ੂਨ ਦੇਖਿਆ, ਹਮੇਸ਼ਾ ਆਪਣੇ ਘਰ ਰਹੀ। “ਪਰ ਕਈ ਮਾਮਲਿਆਂ ਵਿੱਚ ਤੁਹਾਨੂੰ ਬਾਹਰ ਨਿਕਲਣਾ ਪੈਂਦਾ ਹੈ।”
ਇੱਕ ਹਨੇਰੀ ਗਲੀ ਵਿਚ ਉਹ ਪੌੜੀ ਚੜ੍ਹ ਕੇ ਦਰਵਾਜ਼ਾ ਖੋਲ੍ਹਦੀ ਹੈ। ਉਸ ਦੀ ਛੋਟੀ ਪੋਤਰੀ ਰੇਸ਼ਮਾ ਘਰ ''ਚ ਹੈ।
ਨੂਰ-ਉਨ-ਨਿਸਾਂ ਆਪਣੇ ਪਤੀ ਨਾਲ ਹੇਠਲੀ ਮਜ਼ਿਲ ''ਤੇ ਰਹਿੰਦੀ ਹੈ। ਕੁਰਸੀ ਲੈ ਕੇ ਬਾਹਰ ਆਉਂਦੀ ਹੈ ਅਤੇ ਸੜਕਾਂ ਨੂੰ ਦੇਖਦੀ ਹੈ।
ਹਰ ਘਰ ਦੀਆਂ ਕੰਧਾਂ ਗੂੜੇ ਗੁਲਾਬੀ ਰੰਗ ਤੇ ਹਰੇ ਰੰਗ ਨਾਲ ਰੰਗੀਆਂ ਹੋਈਆਂ ਹਨ। ਇੱਕ ਛੋਟਾ ਜਿਹਾ ਟੀਵੀ ਪਿਆ ਹੈ, ਸੋਫ਼ਾ ਕੰਧ ਨਾਲ ਲੱਗਾ ਪਿਆ ਹੈ ਅਤੇ ਪੂਰੇ ਕਮਰੇ ਵਿੱਚ ਗੱਦੇ ਵਿਛੇ ਹਨ।
https://www.youtube.com/watch?v=lmFlCOQYH7Y
ਮੱਧਵਰਗੀ ਪਰਿਵਾਰ ਦਾ ਇਹ ਬਣਾਵਟ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਹੈ। ਜਿਵੇਂ-ਜਿਵੇਂ ਪੈਸੇ ਆਉਂਦੇ ਹਨ, ਹੌਲੀ-ਹੌਲੀ ਬਣਦਾ ਹੈ।
ਉਸ ਨੇ ਅੱਗੇ ਕਿਹਾ ਕਿ ਸਾਡਾ ਕੰਮ ਘਰ ਦੀ ਦੇਖਰੇਖ ਤੇ ਭੋਜਨ ਦਾ ਪ੍ਰਬੰਧ ਕਰਨਾ ਹੈ। “ਪਰ ਹੁਣ ਅਸੀਂ ਵੀ ਬਾਹਰ ਨਿਕਲ ਕੇ ਆਈਆਂ ਹਾਂ। ਜਦੋਂ ਤੱਕ ਸਰਕਾਰ ਲਿਖਤੀ ਰੂਪ ''ਚ ਨਹੀਂ ਦਿੰਦੀ ਕਿ ਉਹ ਐੱਨਆਰਸੀ ਅਤੇ ਸੀਏਏ ਨੂੰ ਅਮਲ ''ਚ ਨਹੀਂ ਲਿਆਵੇਗੀ, ਉਦੋਂ ਤੱਕ ਅਸੀਂ ਧਰਨੇ ਤੋਂ ਨਹੀਂ ਉੱਠਾਗੇਂ।”
''ਮੈਂ ਸਾਰੀ ਰਾਤ ਰੋਂਦੀ ਰਹਿੰਦੀ ਸੀ''
ਨੂਰ-ਉਨ-ਨਿਸਾਂ ਨੇ ਕਦੇ ਵੀ ਸਕੂਲ ਦਾ ਮੂੰਹ ਵੀ ਨਹੀਂ ਵੇਖਿਆ ਪਰ ਉਨ੍ਹਾਂ ਨੂੰ ''ਕ੍ਰੋਨੋਲੋਜੀ'' ਸਮਝਣ ਲਈ ਰਸਮੀ ਸਿੱਖਿਆ ਦੀ ਲੋੜ ਨਹੀਂ ਹੈ।
ਕ੍ਰੋਨੋਲੋਜੀ ਭਾਵ ''ਕਿਸ ਚੀਜ਼ ਤੋਂ ਬਾਅਦ ਕੀ'' — ਇਹ ਸ਼ਬਦ ਵਰਤ ਕੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਈਏ ਤੇ ਐੱਨਆਰਸੀ ਰਾਹੀਂ ''ਘੁਸਪੈਠੀਆਂ'' ਨੂੰ ਬਾਹਰ ਕੱਢਣ ਦਾ ਫਾਰਮੂਲਾ ਦੱਸਿਆ ਸੀ।
ਨੂਰ-ਉਨ-ਨਿਸਾਂ ਕਹਿੰਦੀ ਹੈ, "ਮੇਰਾ ਦਿਲ ਬਹੁਤ ਸਖ਼ਤ ਹੋ ਗਿਆ ਹੈ... ਗੋਲੀ ਵੀ ਮਾਰ ਦੇਵੋ, ਮੈਂ ਨਹੀਂ ਘਬਰਾਵਾਂਗੀ।"
ਉਹ 1980 ''ਚ ਮੁਰਾਦਾਬਾਦ ''ਚ ਹੋਈ ਪੁਲਿਸ ਗੋਲੀਬਾਰੀ ਦੀ ਗਵਾਹ ਹੈ। 13 ਅਗਸਤ 1980 ਨੂੰ ਮੁਸਲਮਾਨਾਂ ਵੱਲੋਂ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਉਸੇ ਸਮੇਂ ਹੀ ਪੁਲਿਸ ਅਤੇ ਸੂਬਾਈ ਹਥਿਆਰਬੰਦ ਬਲਾਂ ਨੇ ਮੁਰਾਦਾਬਾਦ ਮਸਜਿਦ ''ਤੇ ਗੋਲੀਬਾਰੀ ਕੀਤੀ ਸੀ, ਜਿਸ ''ਚ 300 ਦੇ ਕਰੀਬ ਮੁਸਲਮਾਨ ਮਾਰੇ ਗਏ ਸਨ। ਇਸ ਮੌਕੇ 40 ਹਜ਼ਾਰ ਮੁਲਮਾਨ ਈਦ ਦੇ ਜਸ਼ਨਾਂ ''ਚ ਸ਼ਿਰਕਤ ਕਰਨ ਲਈ ਇੱਕਠੇ ਹੋਏ ਸਨ।
"ਮੈਂ ਸਾਰੀ ਰਾਤ ਰੋਂਦੀ ਰਹਿੰਦੀ ਸੀ। ਡਰ ਲੱਗਦਾ ਸੀ ਕਿ ਮੇਰੇ ਬੱਚੇ ਜੇਕਰ ਘਰ ਵਾਪਸ ਨਾ ਆਏ ਤਾਂ ਮੈਂ ਕੀ ਕਰਾਂਗੀ।"

15 ਦਸੰਬਰ ਨੂੰ ਜਦੋਂ ਉਸ ਨੇ ਜਾਮੀਆ ਦੇ ਵਿਦਿਆਰਥੀਆਂ ਦੀ ਕੁੱਟਮਾਰ ਦੀ ਖ਼ਬਰ ਵੇਖੀ ਤਾਂ ਉਹ ਗੁੱਸੇ ''ਚ ਆ ਗਈ।
ਉਸ ਨੇ ਕਿਹਾ, "ਕੋਈ ਵੀ ਸਰਕਾਰ ਮੁਸਲਮਾਨਾਂ ਦੇ ਹੱਕ ''ਚ ਨਹੀਂ ਹੈ। ਹੁਣ ਇਸ ਉਮਰ ਦੇ ਪੜਾਅ ''ਤੇ ਮੈਂ ਲੜਨ ਦਾ ਫ਼ੈਸਲਾ ਕੀਤਾ ਹੈ। ਮੈਂ ਆਪਣੀ ਜ਼ਿੰਦਗੀ ''ਚ ਬਹੁਤ ਉਤਰਾਅ ਚੜਾਅ ਵੇਖੇ ਹਨ। ਅਜਿਹੇ ਹਾਲਤ ਬਣੇ ਜਿੰਨ੍ਹਾਂ ਨੇ ਲੋਕਾਂ ''ਚ ਦਰਾੜ ਪੈਦਾ ਕੀਤੀ।ਹੁਣ ਸ਼ਾਹੀਨ ਦੇ ਉੱਡਣ ਦਾ ਮੌਕਾ ਹੈ।"
ਉਸ ਦੀ ਪੋਤੀ ਰੇਸ਼ਮਾ ਦਿੱਲੀ ਯੂਨੀਵਰਸਿਟੀ ''ਚ ਹਿੰਦੀ ਸਾਹਿਤ ਦੀ ਵਿਦਿਅਰਥਣ ਹੈ। ਰੇਸ਼ਮਾ ਨੇ ਕਿਹਾ ਕਿ ਜਦੋਂ ਉਸ ਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਉਸ ਦੇ ਕਾਲਜ ਦੇ ਗ਼ੈਰ-ਮੁਸਲਿਮ ਦੋਸਤਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ''ਛੋਟੇ ਪਾਕਿਸਤਾਨ'' ''ਚ ਰਹਿੰਦੀ ਹੈ।
ਰੇਸ਼ਮਾ ਨੇ ਕਿਹਾ ਕਿ ਪਰ ਇਹ ਮੇਰਾ ਘਰ ਹੈ। ਸ਼ਾਹੀਨ ਬਾਗ ਮੇਰੇ ਲਈ ਸਭ ਕੁਝ ਹੈ। ਇਹ ਮੇਰੇ ਲਈ ਜਨਤ ਤੋਂ ਘੱਟ ਨਹੀਂ। ਇਸ ਲਈ ਮੈਂ ਵੀ ਇਸ ਧਰਨੇ ''ਚ ਹਿੱਸਾ ਲੈਂਦੀ ਹਾਂ। ਹਰ ਕੋਈ ਇਸ ਧਰਨੇ ਦਾ ਹਿੱਸਾ ਹੈ।
''ਮੈਂ ਇੱਥੇ ਪਹਿਲੇ ਦਿਨ ਤੋਂ ਮੌਜੂਦ ਹਾਂ''
ਸ਼ਾਹੀਨ ਬਾਗ਼ ਦੇ ਇਸ ਰੋਸ-ਮੁਜ਼ਾਹਰੇ ਨੇ ਪ੍ਰਧਾਨ ਸਮਾਜਿਕ ਸੋਚ ''ਤੇ ਵੀ ਸੱਟ ਮਾਰੀ। ਔਰਤਾਂ ਇੱਕ ਚਕੌਰ ਘਰ ਵਿੱਚ ਰਹਿੰਦੀਆਂ ਹਨ ਅਤੇ ਮਰਦ ਬਾਹਰ ਖੜ੍ਹੇ ਰਹਿੰਦੇ ਹਨ।
ਉਹ ਉਥੋਂ ਔਰਤਾਂ ''ਤੇ ਨਜ਼ਰ ਰੱਖਦੇ ਹਨ। ਹਰ ਦਿਨ ਅਫ਼ਵਾਹ ਫੈਲਦੀ ਹੈ ਕਿ ਪੁਲਿਸ ਆਵੇਗੀ ਅਤੇ ਉਨ੍ਹਾਂ ਨੂੰ ਥਾੰ ਖਾਲੀ ਕਰਨ ਲਈ ਕਹੇਗੀ।
https://www.youtube.com/watch?v=NbTFgzcRxfg
3 ਜਨਵਰੀ ਨੂੰ ਇਸ ਮੁਜ਼ਾਹਰੇ ਦੇ ਸਵੈ-ਐਲਾਨੇ ਗਏ ਪ੍ਰਬੰਧਕ ਸ਼ਰਜੀਲ ਇਮਾਮ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਸ਼ਾਹੀਨ ਬਾਗ ਵਿਰੋਧ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।
45 ਸਾਲਾ ਹੀਨਾ ਅਹਿਮਦ ਨੇ ਮੌਕੇ ''ਤੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੀਆਂ ਤਸਵੀਰਾਂ ਲਈਆਂ ਅਤੇ ਸੋਸ਼ਲ ਮੀਡੀਆ ''ਤੇ ਪੋਸਟ ਕੀਤੀਆਂ। ਉਸ ਨੇ ਕਿਹਾ ਕਿ ਇਹ ਬਹੁਤ ਖ਼ਾਸ ਹੈ ਕਿ ਇਸ ਰੋਸ-ਮੁਜ਼ਾਹਰੇ ਦੀ ਮਲਕੀਅਤ ਕਿਸੇ ਇਕ ਵਿਅਕਤੀ, ਸਿਆਸੀ ਪਾਰਟੀ ਜਾਂ ਦਲ ਦੇ ਹੱਥ ''ਚ ਨਹੀਂ ਹੈ।
ਹੀਨਾ ਦਾ ਕਹਿਣਾ ਹੈ, "ਮੈਂ ਇੱਥੇ ਪਹਿਲੇ ਦਿਨ ਤੋਂ ਮੌਜੂਦ ਹਾਂ।"
ਇਹ ਵੀ ਪੜ੍ਹੋ-
- ''ਸਰਕਾਰ ਨੂੰ ਮੁਸਲਮਾਨ ਔਰਤਾਂ ਤੋਂ ਰੋਸ ਮੁਜ਼ਾਹਰੇ ਦੀ ਆਸ ਨਹੀਂ ਹੋਵੇਗੀ''
- CAA ''ਤੇ ਜਸਟਿਸ ਬੋਬੜੇ ਨੇ ਕਿਹਾ- ਦੇਸ ਮੁਸ਼ਕਿਲ ਦੌਰ ''ਚ
- CAA Protest: ਰੰਗੋਲੀ ਬਣਾਉਣ ਵਾਲੀ ਕੁੜੀਆਂ ਨੂੰ ਕੱਟਣੀ ਪਈ ਹਿਰਾਸਤ
ਉਹ ਸ਼ਾਹੀਨ ਬਾਗ ''ਚ ਹੀ ਰਹਿੰਦੀ ਹੈ ਅਤੇ ਰਾਤ ਦੇ ਸਮੇਂ ਧਰਨੇ ''ਤੇ ਬੈਠਦੀ ਹੈ। ਉਸ ਦੀ ਧੀ ਜਾਮੀਆ ਮਾਲੀਆ ਇਸਲਾਮੀਆ ਯੂਨੀਵਰਸਿਟੀ ''ਚ ਪੜ੍ਹਾਈ ਕਰ ਰਹੀ ਹੈ।
ਹੀਨਾ ਨੇ ਦੱਸਿਆ ਕਿ ਉਹ ਬਹੁਤ ਗੁੱਸੇ ''ਚ ਹੈ, ਕਿਉਂਕਿ ਪੁਲਿਸ ਵੱਲੋਂ ਕੀਤੇ ਲਾਠੀਚਾਰਜ ''ਚ ਉਸ ਦੀ ਧੀ ਵੀ ਜ਼ਖਮੀ ਹੋਈ ਸੀ। ਇੱਥੇ ਮੁਜ਼ਹਾਰਾ ਕਰਨ ਦਾ ਖਿਆਲ ਜਾਟ ਅਤੇ ਗੁੱਜਰ ਭਾਈਚਾਰੇ ਵੱਲੋਂ ਰਾਖਵੇਂਕਰਨ ਦੇ ਮੁੱਦੇ ''ਤੇ ਕੀਤੇ ਮੁਜ਼ਾਹਰੇ ਤੋਂ ਆਇਆ ਸੀ।
ਹੀਨਾ ਨੇ ਕਿਹਾ ਕਿ ਜੇਕਰ ਕਿਤੇ ਹੋਰ ਧਰਨਾ ਦਿੱਤਾ ਜਾਂਦਾ ਤਾਂ ਸ਼ਾਇਦ ਕੋਈ ਵੀ ਇਸ ਨੂੰ ਇੰਨ੍ਹੀ ਅਹਿਮੀਅਤ ਨਾ ਦਿੰਦਾ। ਇਹ ਇੱਕ ਰਾਜਮਾਰਗ ਹੈ ਅਤੇ ਇੱਥੇ ਰੁਕਾਵਟ ਪੈਦਾ ਕਰਨ ਨਾਲ ਪ੍ਰਭਾਵ ਜਿਆਦਾ ਪੈਂਦਾ ਹੈ।

ਜਾਮੀਆ ਦੇ ਨਜ਼ਦੀਕ ਹੋਣ ਕਰਕੇ ਸ਼ਾਹੀਨ ਬਾਗ ''ਚ ਵਿਕਾਸ ਦੀ ਗਤੀ ਤੇਜ਼ ਹੋਈ ਹੈ। ਕਈ ਵਿਦਿਆਰਥੀ ਵੀ ਕੋਲ ਦੇ ਸ਼ਾਹੀਨ ਬਾਗ਼ ਜਾਂ ਬਟਲਾ ਹਾਊਸ ਦੇ ਰਹਿਣ ਵਾਲੇ ਹਨ।
ਸ਼ਾਹੀਨ ਬਾਗ ਆਪਣੇ ਕਫਾਇਤੀ ਭੋਜਨ, ਕਬਾਬ, ਪਰਾਂਠੇ, ਸਸਤੇ ਫੋਨ, ਸਸਤੇ ਕਪੜੇ ਅਤੇ ਹੋਰ ਜ਼ਰੂਰੀ ਵਸਤਾਂ ਕਾਰਨ ਮਸ਼ਹੂਰ ਹੈ ਪਰ ਪਿਛਲੇ ਇੱਕ ਮਹੀਨੇ ਤੋਂ ਸਭਿਆਚਾਰਕ ਸਾਂਝ, ਇੱਕਜੁੱਟਤਾ ਦੇ ਪ੍ਰਤੀਕ ਵੱਜੋਂ ਵੀ ਸਾਹਮਣੇ ਆਇਆ ਹੈ।
''ਆਕਿਊਪਾਈ ਮੂਵਮੈਂਟ''
ਇਹ ਇਕ ਤਰ੍ਹਾਂ ਨਾਲ ਭਾਰਤੀ ਰਾਜਨੀਤੀ ''ਚ ਮੁਸਲਿਮ ਔਰਤਾਂ ਦੀ ਸ਼ਮੂਲੀਅਤ ਲਈ ਰਾਹ ਪੱਧਰਾ ਕਰਨ ਵਾਲਾ ਮਾਧਿਅਮ ਵੀ ਬਣ ਗਿਆ ਹੈ।
ਇਸ ਧਰਨੇ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਇਹ ਹਿੰਮਤੀ ਔਰਤਾਂ ਆਪਣੇ ਇਰਾਦੇ ਦੀਆਂ ਪੱਕੀਆਂ ਹਨ।
ਸ਼ਾਇਦ ਆਧੁਨਿਕ ਭਾਰਤ ਦੇ ਇਤਿਹਾਸ ''ਚ ਵਿਰੋਧ ਕਰਨ ਦੀ ਰੀਤ ਸੁਤੰਤਰਤਾ ਅੰਦੋਨ ਨਾਲ ਸ਼ੁਰੂ ਹੋਈ ਸੀ, ਜਦੋਂ 1857 ''ਚ ਪਹਿਲੀ ਵਾਰ ਕ੍ਰਾਂਤੀ ਦਾ ਬਿਗੁਲ ਵੱਜਿਆ ਸੀ। ਉਸ ਸਮੇਂ ਕਈ ਅੰਦੋਲਨ ਹੋਏ।
ਸ਼ਾਹੀਨ ਬਾਗ਼ ਮੁਜ਼ਾਹਰਾ ਕਈ ਮਾਅਨੇ ''ਚ 2011 ''ਚ ਅਮਰੀਕੀ ''ਤੋ ਹਏ ''ਆਕਿਊਪਾਈ ਮੂਵਮੈਂਟ'' ਦੀ ਯਾਦ ਦਿਵਾਉਂਦਾ ਹੈ। ਜਿਸ ''ਚ ਰਾਸ਼ਟਰੀ ਚੇਤਨਾ ਉਜਾਗਰ ਕਰਨ ਵਜੋਂ ''ਚ ਵਰਗ ਸੰਘਰਸ਼ ਅਤੇ ਲੋਕਤੰਤਰ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ''ਤੇ ਜ਼ੋਰ ਦਿੱਤਾ ਗਿਆ ਸੀ।
ਲੋਕਾਂ ਨੇ ਪੂਰੇ ਦੇਸ ਵਿੱਚ ਪਾਰਕਾਂ ਅਤੇ ਬਾਜ਼ਾਰਾਂ ਨੂੰ ਕਬਜ਼ੇ ''ਚ ਲੈ ਲਿਆ ਸੀ ਅਤੇ ਗ਼ੈਰ-ਬਰਾਬਰੀ ਦੇ ਮੁੱਦੇ ਨੂੰ ਸਾਹਮਣੇ ਲਿਆਂਦੀ ਸੀ।
ਸੋਸ਼ਲ ਮੀਡੀਆ ਕਵਰੇਜ ਕਾਰਨ ਇੱਕ ਅੰਦੋਲਨ ਹਰ ਥਾਂ ਦੂਜਾ ਅੰਦੋਲਨ ਖੜ੍ਹਾ ਕਰਨ ਦੀ ਪ੍ਰੇਰਣਾ ਦਿੰਦਾ ਸੀ।
ਸਟੇਜ ''ਤੇ ਅਸਥਾਈ ਤੌਰ ''ਤੇ ਬਣਾਈ ਗਈ ਦੀਵਾਰ ਦੇ ਸਾਹਮਣੇ 29 ਸਾਲਾ ਜ਼ੈਨੁਅਲ ਆਬੇਦੀਨ ਲੰਮੇ ਪਿਆ ਹੋਇਆ ਸੀ।
ਦਰਅਸਲ ਜ਼ੈਨੁਅਲ ਵਿਰੋਧ ਵੱਜੋਂ ਭੁੱਖ ਹੜਤਾਲ ''ਤੇ ਬੈਠਾ ਹੋਇਆ ਹੈ। ਉਹ ਉਨ੍ਹਾਂ ਦਸਾਂ ਦੇ ਸਮੂਹ ''ਚੋਂ ਇੱਕ ਹੈ, ਜਿੰਨ੍ਹਾਂ ਨੇ ਇੰਨ੍ਹੀ ਠੰਢ ਦੇ ਮੌਸਮ ''ਚ ਮੌਕੇ ''ਤੇ ਪਹੁੰਚ ਕੇ ਧਰਨੇ ਦਾ ਆਗਾਜ਼ ਕੀਤਾ ਹੈ।
ਜ਼ੈਨੁਅਲ਼ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਵਿਰੋਧ ''ਚ ਅੱਗੇ ਵੱਧ ਰਹੇ ਹਾਂ ਤਾਂ ਹੋਰ ਕਈ ਲੋਕ ਸਾਡੇ ਨਾਲ ਜੁੜ ਰਹੇ ਹਨ ਅਤੇ ਇਹ ਸਭ ਯੋਜਨਾਬੱਧ ਨਹੀਂ ਹੈ।
https://www.youtube.com/watch?v=fhFhwwyUY-E
ਭੁੱਖ ਹੜਤਾਲ ਦੀ ਪਹਿਲੀ ਰਾਤ ਸਾਰੇ ਹੀ ਪ੍ਰਦਰਸ਼ਨਕਾਰੀਆਂ ਨੇ ਖੁੱਲ੍ਹੇ ਆਸਮਾਨ ਹੇਠ ਰਾਤ ਗੁਜ਼ਾਰੀ ਸੀ। ਠੰਢ ਵੀ ਪੂਰੇ ਜ਼ੋਰ ''ਤੇ ਸੀ। ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਇਸੇ ਤਰ੍ਹਾਂ ਅਗਲੇ ਦੋ ਦਿਨ ਵੀ ਖੁੱਲੇ ਆਸਮਾਨ ਹੇਠ ਨਿਕਲੇ।
ਤੀਜੇ ਦਿਨ ਕਿਸੇ ਨੇ ਸਿਰ ਢੱਕਣ ਲਈ ਤਿਰਪਾਲ (ਪਲਾਸਟਿਕ ਦੀ ਚਾਦਰ) ਦਿੱਤੀ। ਲਗਾਤਾਰ ਵੱਧਦੀ ਭੀੜ ਨੂੰ ਧਿਆਨ ''ਚ ਰੱਖਦਿਆਂ ਸਟੇਜ ਖੁੱਲੀ ਥਾਂ ਵੱਲ ਬਦਲ ਦਿੱਤੀ ਗਈ। ਇਸ ਵਿਰੋਧ ''ਚ ਹਰ ਕਿਸੇ ਦਾ ਸਵਾਗਤ ਕੀਤਾ ਗਿਆ।
ਸ਼ੁੱਕਰਵਾਰ ਦੀ ਰਾਤ ਨੂੰ ਇੱਕ ਵਿਅਕਤੀ ਸਟੇਜ ''ਤੇ ਗਿਆ ਅਤੇ ਡਾ.ਅੰਬੇਦਕਰ ਬਾਰੇ ਭਾਸ਼ਣ ਦੇਣ ਲੱਗਾ। ਉਸ ਨੇ ਔਰਤਾਂ ਦੀ ਸਮਾਨਤਾ ਦੀ ਮੰਗ ਕੀਤੀ।
ਉਸ ਵਿਅਕਤੀ ਨੇ ਆਪਣੇ ਭਾਸ਼ਣ ''ਚ ਦਲਿਤਾਂ ''ਤੇ ਹੋਣ ਵਾਲੇ ਤਸ਼ੱਦਦ ਅਤੇ ਮੁਸਲਿਮ ਭੈਣ-ਭਰਾਵਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਕਿਵੇਂ ਦਲਿਤ ਭਾਈਚਾਰਾ ਖੜ੍ਹਾ ਹੈ ਇਸ ਸਬੰਧੀ ਆਪਣੇ ਵਿਚਾਰ ਰੱਖੇ। ਭੀਮ ਫੌਜ ਦੇ ਮੈਂਬਰ ਇਕ ਦਿਨ ਪਹਿਲਾਂ ਹੀ ਆਏ ਸਨ।

ਸਿੱਖ ਕੌਮ ਨਾਲ ਸਬੰਧ ਰੱਖਦੇ ਇੱਕ ਵਿਅਕਤੀ ਨੇ ਜਾਮੀਆ ਮਿਲੀਆ ''ਤੇ ਹੋਏ ਹਮਲੇ ਦੀ ਤੁਲਮਾ ਜਲ੍ਹਿਆਂਵਾਲਾ ਬਾਗ ਕਤਲੇਆਮ ਨਾਲ ਕੀਤੀ। ਬਾਅਦ ''ਚ ਇੱਕ ਛੋਟੀ ਜਿਹੀ ਕੁੜੀ ਨੇ ਮਾਈਕ ਆਪਣੇ ਹੱਥਾਂ ''ਚ ਲਿਆ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਅਹਿਮਦ ਨੇ ਅੱਗੇ ਕਿਹਾ, "ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਪਰ ਫਿਰ ਵੀ ਸਟੇਜ ''ਤੇ ਕਿਸੇ ਨੂੰ ਵੀ ਆਪਣੇ ਵਿਚਾਰ ਰੱਖਣ ਦੀ ਖੁੱਲੀ ਛੋਟ ਸੀ।"
ਕਈਆਂ ਲਈ ਇਹ ਸਥਿਤੀ ਬਹੁਤ ਹੀ ਵੱਖਰੀ ਸੀ। ਭਾਵੇਂ ਅਸੀਂ ਮੁਜ਼ਾਹਰੇ ਕਰ ਰਹੇ ਸੀ ਪਰ ਚਾਹ-ਪਾਣੀ ਬਰਾਬਰ ਸਾਰਿਆਂ ਤੱਕ ਪਹੁੰਚ ਰਿਹਾ ਸੀ।
ਠੰਢ ਦੇ ਕਾਰਨ ਕੰਬਲ, ਚਾਦਰਾਂ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਜਾ ਰਿਹਾ ਹੈ। ਸਭ ਕੁਝ ਬਹੁਤ ਹੀ ਸਹਿਜ ਰੂਪ ਨਾ ਚੱਲ ਰਿਹਾ ਹੈ।
1960 ਅਤੇ 70 ਦੇ ਦਹਾਕੇ ''ਚ ਨਾਰੀਵਾਦੀ ਅੰਦੋਲਨਾਂ ''ਚ ਹਰ ਕੋਈ ਆਪਣੇ ਆਪ ਨੂੰ ਅਹਿਮ ਆਗੂ ਮੰਨਦਾ ਸੀ। ਇੰਨ੍ਹਾਂ ਅੰਦੋਲਨਾਂ ਦਾ ਮਕਸਦ ਔਰਤਾਂ ਨਾਲ ਹੋਣ ਵਾਲੇ ਜ਼ੁਲਮਾਂ ਦਾ ਸਿਆਸੀਕਰਨ ਕਰਨਾ ਸੀ।
ਉਸ ਵੇਲੇ ਜੋ ਨਿੱਜੀ ਸਮਾਂ ਸੀ ਉਹ ਵੀ ਰਾਜਨੀਤਕ ਬਣ ਗਿਆ ਸੀ। ਪਰ ਹੁਣ ਦੇ ਸਮੇਂ ''ਚ ਔਰਤਾਂ ਤੁਹਾਨੂੰ ਦੱਸਣਗੀਆਂ ਕਿ ਉਹ ਫੁੱਟ ਪਾਉਣ ਵਾਲੀ ਸਿਆਸਤ ਤੋਂ ਅਨਜਾਣ ਨਹੀਂ ਹਨ।
ਬਾਬਰੀ ਮਸਜਿਦ ਅਤੇ ਤਿੰਨ ਤਲਾਕ ਨਾਲ ਸਬੰਧਿਤ ਮਸਲਿਆਂ ''ਚ ਆਏ ਫ਼ੈਸਲੇ ਤੋਂ ਅਣਜਾਣ ਨਹੀਂ ਹਨ। ਪਰ ਜਦੋਂ ਜਾਮੀਆ ਦੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਤਾਂ ਉਹ ਸਭ ਇਸ ਘਟਨਾ ਦੇ ਵਿਰੋਧ ''ਚ ਸੜਕਾਂ ''ਤੇ ਉਤਰ ਆਏ ਤਾਂ ਜੋ ਉਨ੍ਹਾਂ ਨਾਲ ਜੋ ਵਾਪਰਿਆ ਉਸ ਬਾਰੇ ਹੋਰਨਾਂ ਨੂੰ ਵੀ ਪਤਾ ਲੱਗੇ।
ਅਹਿਮਦ ਨੇ ਕਿਹਾ ਕਿ "ਇਹ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ ਵਿਰੋਧ ਕਿਸੇ ਇੱਕ ਵਰਗ ਲਈ ਨਹੀਂ ਹੈ। ਮੁਜ਼ਾਹਰਾਕਾਰੀਆਂ ''ਚ ਕੋਈ ਨੇਤਾ ਨਹੀਂ ਹੈ, ਬਹੁਤ ਸਾਰੀਆਂ ਔਰਤਾਂ ਉਹ ਹਨ ਜੋ ਕਿ ਘਰ-ਪਰਿਵਾਰ ਸਾਂਭਦੀਆਂ ਹਨ ਅਤੇ ਉਹ ਐਨਆਰਸੀ ਅਤੇ ਸੀਏਏ ਦਾ ਵਿਰੋਧ ਕਰ ਰਹੀਆਂ ਹਨ।"

ਚੌਥੇ ਦਿਨ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਧਰਨੇ ਦੇ ਹੱਕ ''ਚ ਅੱਗੇ ਆਏ। ਇੱਕ ਮਹਿਲਾ ਨੇ 9 ਗੱਦੇ ਦਾਨ ਕੀਤੇ। ਇਸ ਤੋਂ ਇਲਾਵਾ ਤਿਰਪਾਲਾਂ ,ਮਾਈਕ ਅਤੇ ਹੈਲੋਜਨ ਬਲਬ ਵੀ ਇੱਥੇ ਪਹੁੰਚਾਏ ਗਏ ਤਾਂ ਜੋ ਇਸ ਮੌਸਮ ''ਚ ਹਰ ਸਥਿਤੀ ਨਾਲ ਕਿਸੇ ਹੱਦ ਤੱਕ ਨਜਿੱਠਿਆ ਜਾ ਸਕੇ।
ਇੱਥੇ ਮੌਜੂਦ ਮਿਰਾਜ ਖ਼ਾਨ ਨਾਂਅ ਦੇ ਇੱਕ ਵਲੰਟੀਅਰ ਨੇ ਕਿਹਾ ਕਿ ਉਹ ਸ਼ਾਹੀਨ ਬਾਗ਼ (ਨੇਬਰਹੁੱਡ) ਨਾਲ ਤਾਲੁੱਕ ਰੱਖਦਾ ਹੈ ਅਤੇ ਉਹ ਪ੍ਰਦਰਸ਼ਨ ਨਾਲ ਸੰਬੰਧਤ ਫੈਲੀਆਂ ਅਫ਼ਵਾਹਾਂ ਸੁਣ ਕੇ ਪ੍ਰੇਸ਼ਾਨ ਸੀ।
ਉਸ ਨੇ ਅੱਗੇ ਕਿਹਾ, "ਕਿਵੇਂ ਕੋਈ ਇਸ ਰੋਸ-ਮੁਜ਼ਾਹਰੇ ਦੀ ਮਾਲਕੀ ਦਾ ਦਾਅਵਾ ਠੋਕ ਸਕਦਾ ਹੈ? ਇਹ ਸਭ ਇੱਥੇ ਮੌਜੂਦ ਔਰਤਾਂ ਦਾ ਹੈ ਅਤੇ ਅਸੀਂ ਤਾਂ ਸਿਰਫ ਇੰਨ੍ਹਾਂ ਦੀ ਮਦਦ ਲਈ ਆਉਂਦੇ ਹਾਂ।"
ਸ਼ਾਹੀਨ ਕੌਸਰ ਸਟੇਜ ਦੀ ਮੇਜ਼ਬਾਨੀ ਕਰ ਰਹੀਆਂ ਔਰਤਾਂ ''ਚੋਂ ਇੱਕ ਹੈ। ਉਹ ਨਿਊ ਵਿਜ਼ਨ ਪਬਲਿਕ ਸਕੂਲ ਦੀ ਡਾਇਰੈਕਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਨੇਤਾ ਨਹੀਂ ਹੈ। ਇੱਥੇ ਸਾਰੇ ਲੋਕ ਇੱਕ ਸਿਧਾਂਤ ''ਤੇ ਕੰਮ ਕਰ ਰਹੇ ਹਨ ਤੇ ਉਹ ਹੈ ਏਕਤਾ ਦਾ ਸਿਧਾਂਤ।
ਕੌਸਰ ਅੱਗੇ ਕਹਿੰਦੀ ਹੈ, "ਪੁਲਿਸ ਦਾ ਡਰ ਰਹਿੰਦਾ ਹੈ ਪਰ ਅਸੀਂ ਡੀਸੀਪੀ ਦੇ ਸੰਪਰਕ ''ਚ ਹਾਂ। ਜੇਕਰ ਪੁਲਿਸ ਸਾਡੇ ਧਰਨੇ ਨੂੰ ਖ਼ਤਮ ਕਰਨ ਲਈ ਕਾਰਵਾਈ ਕਰਨ ਲਈ ਆਉਂਦੀ ਹੈ ਤਾਂ ਅਸੀਂ ਉਸ ਸਥਿਤੀ ਲਈ ਵੀ ਤਿਆਰ ਹਾਂ। ਅਸੀਂ ਸੋਚ ਰੱਖਿਆ ਹੈ ਕਿ ਅਜਿਹੇ ''ਚ ਸਭ ਇਕੱਠੇ ਹੋ ਕੇ ਗ੍ਰਿਫ਼ਤਾਰੀ ਦੇਣਗੇ ਅਤੇ ਜੇਲ੍ਹ ਜਾਣਗੇ।"
ਅਫ਼ਸਰੀ ਖਾਤੂਨ ਰੋਜ਼ਾਨਾ ਆਪਣੇ ਘਰੋਂ ਇਸ ਧਰਨੇ ''ਚ ਸ਼ਿਰਕਤ ਕਰਨ ਆਉਂਦੀ ਹੈ। ਇੰਨ੍ਹਾਂ ਸਾਰੀਆਂ ਔਰਤਾਂ ਨੇ ਆਪੋ-ਆਪਣੇ ਕੰਮਕਾਜ ਦੇ ਹਿਸਾਬ ਨਾਲ ਧਰਨੇ ''ਤੇ ਆਉਣ ਦਾ ਸਮਾਂ ਮਿੱਥਿਆ ਹੋਇਆ ਹੈ।

ਕੁਝ ਸਵੇਰ ਦਾ ਆਪਣੇ ਘਰਾਂ ਦਾ ਕੰਮ ਨਿਪਟਾ ਕੇ ਆ ਜਾਂਦੀਆਂ ਹਨ ਅਤੇ ਸ਼ਾਮ ਨੂੰ ਵਾਪਸ ਚਲੀਆਂ ਜਾਂਦੀਆਂ ਹਨ ਅਤੇ ਕੁਝ ਔਰਤਾਂ ਇੱਥੇ ਹੀ ਰਾਤ ਗੁਜਾਰਦੀਆਂ ਹਨ।
ਅਫ਼ਸਰੀ ਖਾਤੂਨ ਨੇ ਕਿਹਾ ਕਿ "ਰੋਸ ਪ੍ਰਦਰਸ਼ਨ ਲਈ ਇਹ ਬਹੁਤ ਹੀ ਸਹੀ ਸਥਾਨ ਹੈ।"
ਇੱਥੇ ਮੌਜੂਦ ਹਰ ਗਲੀ ਦਾ ਨਿਕਾਸੀ ਪੁਆਇੰਟ ਹੈ ਅਤੇ ਸਥਾਨਕ ਲੋਕਾਂ ਨੂੰ ਇਨ੍ਹਾਂ ਰਸਤਿਆਂ ਦਾ ਸਹੀ ਢੰਗ ਨਾਲ ਇਲਮ ਹੈ। ਇਨ੍ਹਾਂ ਛੋਟੇ-ਛੋਟੇ ਰਾਹਾਂ ਦੇ ਕੋਈ ਨਕਸ਼ੇ ਨਹੀਂ ਹਨ।
ਖਾਤੂਨ ਨੇ ਦੱਸਿਆ ਕਿ "ਬਹੁਤ ਸਮਾਂ ਪਹਿਲਾਂ ਜਦੋਂ ਉਹ ਇਸ ਇਲਾਕੇ ''ਚ ਰਹਿਣ ਲਈ ਆਈ ਸੀ ਤਾਂ ਨਾ ਇੱਥੇ ਸੀਵਰੇਜ ਲਾਈਨ ਸੀ ਅਤੇ ਨਾ ਹੀ ਕੂੜਾ-ਕਰਕਟ ਸੁੱਟਣ ਦਾ ਸਥਾਨ ਸੀ। ਇਸ ਖੇਤਰ ''ਚ ਗੋਡੇ-ਗੋਡੇ ਪਾਣੀ ਅਤੇ ਘਾਹ ਹੁੰਦਾ ਸੀ, ਪਰ ਫਿਰ ਵੀ ਇੱਥੋਂ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ।"
ਉਸ ਸਮੇਂ ਖਾਤੂਨ ਨੇ 7 ਲੱਖ ਰੁਪਏ ''ਚ 50 ਗਜ਼ ਦਾ ਪਲਾਟ ਖ੍ਰੀਦਿਆ ਸੀ। ਖਾਤੂਨ ਦਾ ਖਾਵੰਦ ਇਥੋਂ ਦੇ ਦੂਜੇ ਮਰਦਾਂ ਵਾਂਗ ਲਕੜੀ ਦਾ ਹੀ ਵਪਾਰ ਕਰਦਾ ਹੈ। ਕੁਝ ਲੋਕ ਕਬਾੜ ਦਾ ਵੀ ਕੰਮ ਕਰਦੇ ਹਨ।
ਖਾਤੂਨ ਨੇ ਕਿਹਾ , "ਉਹ ਆਪਣਾ ਘਰ ਚਾਹੁੰਦੇ ਸਨ।" ਫਿਰ ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਘਰ ਦਾ ਨਿਰਮਾਣ ਕੀਤਾ।
ਖਾਤੂਨ ਦੱਸਦੀ ਹੈ ਕਿ ਉਸ ਸਮੇਂ ਲੂਣ ਲੈਣ ਲਈ ਵੀ ਨੇੜਲੀਆਂ ਕਾਲੌਨੀਆਂ ''ਚ ਜਾਣਾ ਪੈਂਦਾ ਸੀ। ਬੁਨਿਆਦੀ ਲੋੜਾਂ ਦੀ ਪੂਰਤੀ ਲਈ ਇਸ ਇਲਾਕੇ ''ਚ ਨਾਮਾਤਰ ਸਰੋਤ ਸਨ।
ਪਰ ਬਾਅਦ ''ਚ ਸੜਕਾਂ ਦਾ ਨਿਰਮਾਣ ਹੋਇਆ। ਇਹ ਬਹੁਤ ਹੀ ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਦਾ ਮੁਹੱਲਾ ਬਣਿਆ ਜਿੱਥੇ ਔਰਤਾਂ ਨੂੰ ਹਿਜਾਬ ਪਹਿਣਨਾ ਪੈਂਦਾ ਸੀ, ਪਰ ਸਮੇਂ ਦੇ ਨਾਲ-ਨਾਲ ਸੋਚ, ਹਾਲਾਤਾਂ ''ਚ ਤਬਦੀਲੀ ਆਈ ਅਤੇ ਮਾਨਸਿਕਤਾ ਵੀ ਬਦਲੀ।
ਇੱਥੇ ਇੱਕ ਗਲੀ ''ਚ ਅਲਟਰਨੇਟ ਪ੍ਰੈਸ ਨਾਂਅ ਦੀ ਕਿਤਾਬਾਂ ਦੀ ਦੁਕਾਨ ਵੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਟਰੈਲਵ ਏਜੰਟ ਵੀ ਇੱਥੇ ਮੌਜੂਦ ਹਨ। ਕਈ ਅਜਿਹੀਆਂ ਦੁਕਾਨਾਂ ਹਨ, ਜਿੰਨ੍ਹਾਂ ''ਤੇ ਆਧੁਨਿਕ ਫੈਸ਼ਨ ਦੀਆਂ ਵਸਤਾਂ ਮਿਲ ਜਾਂਦੀਆਂ ਹਨ।
ਰੋਸ-ਮੁਜ਼ਾਹਰੇ ਦਾ ਸਥਾਨ
ਖਾਤੂਨ ਨੇ ਅੱਗੇ ਕਿਹਾ, "ਹੁਣ ਉੱਥੇ ਵਿਰੋਧ ਸੈਰ- ਸਪਾਟੇ ਦੀ ਤਰ੍ਹਾਂ ਹੈ। ਜਦੋਂ ਸਾਰੇ ਉੱਥੇ ਆਉਂਦੇ ਹਨ ਤਾਂ ਸਾਨੂੰ ਵਧੀਆ ਲੱਗਦਾ ਹੈ। ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਇੱਕਲੇ ਨਹੀਂ ਹਾਂ ਪਰ ਇੱਥੇ ਸਵਾਲ ਇਹ ਹੈ ਕਿ ਮੋਦੀ ਜੀ ਉਨ੍ਹਾਂ ਦੀ ਆਵਾਜ਼ ਕਿਉਂ ਨਹੀਂ ਸੁਣ ਰਹੇ ਹਨ।"

ਰਾਤ ਸਮੇਂ ਇੱਥੋਂ ਦੀਆਂ ਗਲੀਆਂ ''ਚ ਰੌਣਕ ਲੱਗੀ ਰਹਿੰਦੀ ਹੈ। ਸਾਰੇ ਘੁੰਮ ਰਹੇ ਹੁੰਦੇ ਹਨ। ਚਾਹ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹੁੰਦੀਆਂ ਹਨ।
ਜੋ ਅਪਾਰਟਮੈਂਟ ਇਸ ਦੇ ਸਾਹਮਣੇ ਆਏ ਹਨ ਉਹ ਸਭ ਬਹੁਤ ਹੀ ਭੀੜੇ-ਭੀੜਏ ਹਨ। ਇਹ ਸਭ ਇਮਾਰਤਾਂ ਦੂਜੇ ਇਲਾਕਿਆਂ ''ਚ ਮੌਜੂਦ ਆਧੁਨਿਕ ਅਪਾਰਟਮੈਂਟ ਵਾਂਗ ਹੀ ਹਨ।
ਇੱਥੇ ਇਕ ਮਸਜਿਦ ਦਾ ਵੀ ਨਿਰਮਾਣ ਕਾਰਜ ਚੱਲ ਰਿਹਾ ਹੈ। ਇੱਥੋਂ ਦੀਆਂ ਤੰਗ ਗਲੀਆਂ ''ਚ ਤੁਸੀਂ ਖਿੜਕੀਆਂ ਦੇ ਅੰਦਰ ਝਾਕ ਸਕਦੇ ਹੋ ਅਤੇ ਕਿਸੇ ਗੁਆਂਢ ''ਚ ਕੀ ਚੱਲ ਰਿਹਾ ਹੈ ਇਸ ਬਾਰੇ ਵੀ ਸਭਨਾਂ ਨੂੰ ਪਤਾ ਹੁੰਦਾ ਹੈ। ਇੱਥੇ ਸਭ ਘੱਟ ਆਮਦਨੀ ਵਾਲੇ ਪਰਿਵਾਰ ਰਹਿੰਦੇ ਹਨ ਪਰ ਘਰਾਂ ਦੀਆਂ ਦੀਵਾਰਾਂ ''ਤੇ ਲੱਗੀਆਂ ਟਾਈਲਾਂ ਅਤੇ ਰੰਗ ਰੋਗਣ ਅੱਗੇ ਵੱਧਣ ਦੀ ਲਾਲਸਾ ਦਾ ਸੂਚਕ ਹੈ।
ਪਰ ਤੁਹਾਨੂੰ ਜੋ ਯਾਦ ਹੈ, ਉਹ ਹੈ ਕੈਫੇ ਟੈਂਪਟੇਸ਼ਨ ਜਿੱਥੇ ਦੇਰ ਰਾਤ ਤੱਕ ਘੱਟ ਰੌਸ਼ਨੀ ਰਹਿੰਦੀ ਹੈ ਅਤੇ ਉਹ ਅੱਧੀ ਰਾਤ ਤੱਕ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ।
ਹੁਣ ਇਸ ਸਥਾਨ ਨੂੰ ਹਰ ਕੋਈ ਜਾਣਦਾ ਹੈ। ਸ਼ਾਹੀਨ ਬਾਗ ਦੀ ਪਛਾਣ ਹੁਣ ਇੱਕ ਰੋਸ-ਮੁਜ਼ਾਹਰੇ ਦੇ ਸਥਾਨ ਵੱਜੋਂ ਹੋਣ ਲੱਗ ਪਈ ਹੈ ਅਤੇ ਕਿਸੇ ਨਾ ਕਿਸੇ ਖ਼ਬਰ ਕਾਰਨ ਇਹ ਸੁਰਖੀਆਂ ''ਚ ਰਹਿੰਦਾ ਹੈ। ਇਹ ਹਿੰਮਤੀ ਅਤੇ ਅਗਾਂਹਵਧੂ ਔਰਤਾਂ ਦੀ ਜਗ੍ਹਾ ਹੈ, ਇਹ ਸਥਾਨ ਉਮੀਦਾਂ ਦੀ ਰਹਿਨੁਮਾਈ ਕਰਦਾ ਹੈ।
ਐਤਵਾਰ ਦੇ ਦਿਨ ਹੀਨਾ ਨੇ ਇੱਕ ਲਿਖਤੀ ਸੁਨੇਹਾ ਭੇਜਿਆ, ਜਿਸ ''ਚ ਲਿਖਿਆ ਸੀ, " ਅਸੀਂ ਸਾਰੇ ਅਜੇ ਵੀ ਇੱਥੇ ਹੀ ਹਾਂ। ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਹਨ ਉਦੋਂ ਤੱਕ ਅਸੀਂ ਡਟੇ ਰਹਾਂਗੇ।"
ਇਹ ਵੀ ਪੜ੍ਹੋ-
- ਜਦੋਂ ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ ਅੱਧੇ ਘੰਟੇ ਤੱਕ ਵਿਦਿਆਰਥੀਆਂ ਕਰਦੇ ਰਹੇ ਸਵਾਲ-ਜਵਾਬ
- ਮੁਸ਼ੱਰਫ਼ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੀ ਅਦਾਲਤ ਗੈਰ-ਸੰਵਿਧਾਨਕ- ਲਾਹੌਰ ਹਾਈ ਕੋਰਟ
- CAA ਦੇ ਵਿਰੋਧ ਦੌਰਾਨ ਮੇਰਠ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਦਰਦ: ''ਛਾਤੀ ''ਚ ਗੋਲੀ ਕਿਉਂ ਮਾਰੀ...ਇਹ ਕਿੱਥੋਂ ਦਾ ਇਨਸਾਫ਼ ਹੈ''
ਇਹ ਵੀ ਦੇਖੋ
https://www.youtube.com/watch?v=bdRCIpNpsjQ
https://www.youtube.com/watch?v=adGUv5Yu6Qc
https://www.youtube.com/watch?v=POYgYaQH74s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)