Parvez Musharraf: ਪਰਵੇਜ਼ ਮੁਸ਼ੱਰਫ਼ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੀ ਅਦਾਲਤ ਗੈਰ-ਸੰਵਿਧਾਨਕ- ਲਾਹੌਰ ਹਾਈ ਕੋਰਟ

Monday, Jan 13, 2020 - 04:40 PM (IST)

Parvez Musharraf: ਪਰਵੇਜ਼ ਮੁਸ਼ੱਰਫ਼ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੀ ਅਦਾਲਤ ਗੈਰ-ਸੰਵਿਧਾਨਕ- ਲਾਹੌਰ ਹਾਈ ਕੋਰਟ
ਪਰਵੇਜ਼ ਮੁਸ਼ਰੱਫ਼
Getty Images

ਲਾਹੌਰ ਹਾਈ ਕੋਰਟ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ (ਰਿਟਾ.) ਪਰਵੇਜ਼ ਮੁਸ਼ੱਰਫ ਖ਼ਿਲਾਫ਼ ਫ਼ੈਸਲਾ ਦੇਣ ਵਾਲੀ ਵਿਸ਼ੇਸ਼ ਅਦਾਲਤ ਗ਼ੈਰ-ਸੰਵਿਧਾਨਕ ਸੀ। ਇਸ ਤਰ੍ਹਾਂ ਜੋ ਫ਼ੈਸਲਾ ਸੁਣਾਇਆ ਗਿਆ ਹੈ ਉਸ ਦਾ ਹੁਣ ਕੋਈ ਮਤਲਬ ਨਹੀਂ ਹੈ।

ਪਰਵੇਜ਼ ਮੁਸ਼ਰੱਫ਼ ਨੂੰ ਐਮਰਜੈਂਸੀ ਲਗਾਉਣ ਲਈ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ ਸੀ। ਫ਼ਿਲਹਾਲ ਮੁਸ਼ਰੱਫ਼ ਦੁਬਈ ਵਿੱਚ ਜ਼ੇਰੇ ਇਲਾਜ਼ ਹਨ।

ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੁਲਕ ਦੇ ਸਾਬਕਾ ਫ਼ੌਜ ਮੁਖੀ ਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੇਸਧ੍ਰੋਹ ਤੇ ਸੰਵਿਧਾਨਕ ਉਲੰਘਣਾ ਦੇ ਮਾਮਲੇ ਵਿਚ ਦਸੰਬਰ 2019 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ।

2013 ਵਿਚ ਨਵਾਜ਼ ਸਰੀਫ਼ ਦੀ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ -ਐੱਨ ਨੇ ਮੁਸ਼ੱਰਫ਼ ਉੱਤੇ 2007 ਵਿਚ ਐਮਰਜੈਂਸੀ ਲਾਉਣ ਤੇ ਦੇਸ਼ਧ੍ਰੋਹ ਦਾ ਮਾਮਲਾ ਦਾਇਰ ਕਰਵਾਇਆ ਸੀ।

ਜਸਟਿਸ ਵੱਕਾਰ ਸੇਠ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ 17 ਦਸੰਬਰ 2019 ਨੂੰ 2-1 ਦੇ ਬਹੁਮਤ ਨਾਲ ਇਹ ਫ਼ੈਸਲਾ ਸੁਣਾਇਆ ਸੀ।

ਸਾਬਕਾ ਫੌਜੀ ਸਾਸ਼ਕ 2016 ਵਿਚ ਮੈਡੀਕਲ ਕਾਰਨਾਂ ਕਰਕੇ ਵਿਦੇਸ਼ ਚਲੇ ਗਏ ਸਨ। ਖ਼ਰਾਬ ਸਿਹਤ ਕਾਰਨ ਉਨ੍ਹਾਂ ਤੋਂ ਬਾਹਰ ਜਾਣ ਦੀ ਪਾਬੰਦੀ ਹਟਾਈ ਗਈ ਸੀ।

https://www.youtube.com/watch?v=gTYH2DykzHQ

ਫੌਜ ਨੇ ਜਤਾਇਆ ਸੀ ਰੋਸ

ਪਾਕਿਸਤਾਨ ਦੀ ਫੌਜ ਨੇ ਜਨਰਲ ਪਰਵੇਜ਼ ਮੁਸ਼ਰੱਫ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ''ਤੇ ਦੁੱਖ ਪ੍ਰਗਟ ਕੀਤਾ ਸੀ। ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਸ ਪੂਰੇ ਮਾਮਲੇ ਦੌਰਾਨ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ।

ਬਿਆਨ ਵਿੱਚ ਕਿਹਾ ਗਿਆ ਸੀ ਕਿ ਇੱਕ ਸਾਬਕਾ ਫੌਜ ਮੁਖੀ, ਚੇਅਰਮੈਨ ਆਫ ਜੁਆਈਂਟ ਚੀਫ ਆਫ਼ ਸਟਾਫ ਕਮੇਟੀ ਅਤੇ ਸਾਬਕਾ ਰਾਸ਼ਟਰਪਤੀ ਜਿਸ ਨੇ ਦੇਸ ਦੀ 40 ਸਾਲ ਤੱਕ ਸੇਵਾ ਕੀਤੀ ਉਹ ਕਿਵੇਂ ਦੇਸਧ੍ਰੋਹੀ ਹੋ ਸਕਦਾ ਹੈ।

https://twitter.com/OfficialDGISPR/status/1206924551394930688

ਇਹ ਵੀ ਪੜ੍ਹੋ :

ਕੁਝ ਸਮਾਂ ਪਹਿਲਾਂ ਪਰਵੇਜ਼ ਮੁਸ਼ਰੱਫ਼ ਨੇ ਇੱਕ ਵੀਡੀਓ ਜਾਰੀ ਕਰ ਕੇ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਜਾਂਚ ਕਮਿਸ਼ਨ ਉਨ੍ਹਾਂ ਦੇ ਕੋਲ ਆਏ ਅਤੇ ਦੇਖੇ ਕਿ ਉਹ ਅਜੇ ਕਿਸ ਹਾਲ ਵਿੱਚ ਹਨ।

ਸੰਵਿਧਾਨ ਦੀ ਉਲੰਘਣਾ ਅਤੇ ਗੰਭੀਰ ਦੇਸ਼ਧ੍ਰੋਹ ਦੇ ਮੁਕੱਦਮੇ ''ਤੇ ਉਨ੍ਹਾਂ ਨੇ ਕਿਹਾ ਸੀ, ''''ਇਹ ਮਾਮਲਾ ਮੇਰੇ ਵਿਚਾਰ ''ਚ ਪੂਰੀ ਤਰ੍ਹਾਂ ਨਿਰਾਧਾਰ ਹੈ। ਦੇਸ਼ਧ੍ਰੋਹ ਦੀ ਗੱਲ ਛੱਡੋ, ਮੈਂ ਤਾਂ ਇਸ ਦੇਸ਼ ਦੀ ਬਹੁਤ ਸੇਵਾ ਕੀਤੀ, ਯੁੱਧ ਲੜੇ ਅਤੇ 10 ਸਾਲ ਤੱਕ ਦੇਸ਼ ਦੀ ਸੇਵਾ ਕੀਤੀ।''''

ਪਰਵੇਜ਼ ਮੁਸ਼ਰੱਫ਼
Getty Images
ਪਰਵੇਜ਼ ਮੁਸ਼ਰੱਫ਼

ਕੀ ਸੀ ਮਾਮਲਾ?

ਇਸਲਾਮਾਬਾਦ ਦੀ ਵਿਸ਼ੇਸ਼ ਕੋਰਟ ਨੇ 31 ਮਾਰਚ, 2014 ਨੂੰ ਦੇਸ਼ਧ੍ਰੋਹ ਦੇ ਇੱਕ ਮਾਮਲੇ ''ਚ ਪਾਕਿਸਤਾਨ ਦੇ ਸਾਬਕਾ ਫ਼ੌਜੀ ਜਰਨੈਲ ਰਾਸ਼ਟਰਪਤੀ ਜਨਰਲ (ਰਿਟਾਇਰਡ) ਪਰਵੇਜ਼ ਮੁਸ਼ੱਰਫ਼ ਨੂੰ ਦੋਸ਼ੀ ਬਣਾਇਆ ਸੀ।

ਉਹ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਵਿਅਕਤੀ ਸਨ, ਜਿਨ੍ਹਾਂ ਦੇ ਵਿਰੁੱਧ ਸੰਵਿਧਾਨ ਦੀ ਉਲੰਘਣਾ ਦਾ ਮੁਕੱਦਮਾ ਚੱਲਿਆ।

ਦਰਅਸਲ, ਸਾਲ 2013 ਦੀਆਂ ਚੋਣਾਂ ਵਿੱਚ ਜਿੱਤ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਸਰਕਾਰ ਵਿੱਚ ਆਈ। ਸਰਕਾਰ ਆਉਣ ਤੋਂ ਬਾਅਦ ਸਾਬਕਾ ਫ਼ੌਜੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਖ਼ਿਲਾਫ਼ ਸੰਵਿਧਾਨ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਮੁਸ਼ੱਰਫ਼ ਦੇ ਖ਼ਿਲਾਫ਼ ਇੱਕ ਗੰਭੀਰ ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਦੇ ਚਾਰ ਮੁਖੀ ਬਦਲੇ ਗਏ ਸਨ।

ਦੋਸ਼ੀ ਪਰਵੇਜ਼ ਮੁਸ਼ੱਰਫ਼ ਸਿਰਫ਼ ਇੱਕ ਵਾਰ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਹੋਏ ਜਦੋਂ ਉਨ੍ਹਾਂ ''ਤੇ ਇਲਜ਼ਾਮ ਲਗਾਇਆ ਗਿਆ ਸੀ। ਉਸ ਤੋਂ ਬਾਅਦ ਉਹ ਕਦੇ ਕੋਰਟ ਵਿੱਚ ਪੇਸ਼ ਨਹੀਂ ਹੋਏ।

ਇਸ ਵਿਚਾਲੇ ਮਾਰਚ 2016 ''ਚ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਮੁਸ਼ੱਰਫ਼ ਵਿਦੇਸ਼ ਚਲੇ ਗਏ। ਤਤਕਾਲੀ ਸੱਤਧਾਰੀ ਪਾਰਟੀ ਮੁਸਲਿਮ ਲੀਗ (ਨੂਨ) ਨੇ ਐਗਜ਼ਿਟ ਕੰਟਰੋਲ ਲਿਸਟ ਵਿੱਚੋਂ ਉਨ੍ਹਾਂ ਦਾ ਨਾਮ ਹਟਾ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਛੱਡ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਕੌਣ ਹਨ ਮੁਸ਼ੱਰਫ਼?

  • ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ਦੇ ਸਾਬਕਾ ਮੁਖੀ ਹਨ, ਜਿੰਨ੍ਹਾਂ ਨੇ ਮੁਲਕ ਦੀ ਜਮਹੂਰੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਸੀ।
  • ਪਰਵੇਜ਼ ਦਾ ਜਨਮ ਪੁਰਾਣੀ ਦਿੱਲੀ ਵਿਚ 11 ਅਗਸਤ 1943 ਨੂੰ ਹੋਇਆ ਅਤੇ 1947 ਵਿਚ ਦੇਸ ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਕਰਾਚੀ ਜਾ ਵੱਸਿਆ।
  • 1961 ਵਿਚ ਪਾਕਿਸਤਾਨ ਮਿਲਟਰੀ ਅਕੈਡਮੀ ਵਿਚ ਦਾਖਲ ਹੋਣ ਵਾਲੇ ਮੁਸ਼ਰੱਫ਼ ਨੂੰ 1964 ਵਿਚ ਕਮਿਸ਼ਨ ਮਿਲਿਆ।
  • ਮੁਸ਼ਰੱਫ਼ ਜਦੋਂ ਫ਼ੌਜ ਮੁਖੀ ਬਣੇ ਤਾਂ ਉਨ੍ਹਾਂ ਕਾਰਗਿਲ ਜੰਗ ਦੇ ਨਾਂ ਨਾਲ ਜਾਣੀ ਜਾਂਦੀ ਭਾਰਤ-ਪਾਕਿਸਤਾਨ ਜੰਗ ਵਿਚ ਮੁਲਕ ਦੀ ਅਗਵਾਈ ਕੀਤੀ।
  • ਅਫ਼ਗਾਨ ਸਿਵਲ ਵਾਰ ਅਤੇ ਪਾਕਿਸਤਾਨ ਦੇ ਆਰਟਿਲਟਰੀ ਸੇਵਾ ਲਈ ਮੁਸ਼ਰੱਫ਼ ਦਾ ਅਹਿਮ ਰੋਲ ਰਿਹਾ ।
  • 1999 ਵਿਚ ਇਸ ਜੰਗ ਤੋਂ ਬਾਅਦ ਮੁਸ਼ੱਰਫ਼ ਨੇ ਜਮਹੂਰੀ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦਾ ਤਖਤਾ ਪਲਟ ਦਿੱਤਾ ਅਤੇ ਸੱਤਾ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ ।
  • 2001 ਤੋਂ ਲੈਕੇ 2008 ਵਿਚ ਬਤੌਰ ਰਾਸ਼ਟਰਪਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੱਕ ਉਹ ਮੁਲਕ ਉੱਤੇ ਰਾਜ ਕਰਦੇ ਰਹੇ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=Ui8nZOggd4U

https://www.youtube.com/watch?v=tuVCTcjcX8w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News