ਬਾਹਰੋਂ ਆਏ ਗੰਢੇ ਪਰ ਸੁਆਦ ਨਹੀਂ ਆਇਆ! ਪਿਆਜ਼ ਦੇ ਅਸਮਾਨੀ ਭਾਅ ਦੀ ਜ਼ਮੀਨੀ ਹਕੀਕਤ ਵੀ ਜਾਣੋ

Sunday, Jan 12, 2020 - 11:25 AM (IST)

ਜਦੋਂ ਲੋਕਾਂ ਵਿੱਚ ਇਹ ਮੁੱਦਾ ਬਣਿਆ ਤਾਂ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫ਼ੈਸਲਾ ਲਿਆ
Getty Images
ਜਦੋਂ ਲੋਕਾਂ ਵਿੱਚ ਇਹ ਮੁੱਦਾ ਬਣਿਆ ਤਾਂ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫ਼ੈਸਲਾ ਲਿਆ

"ਗਲੀਆਂ ਤੇ ਬਾਜ਼ਾਰਾਂ ਵਿੱਚ ਪਿਆਜ਼ ਵੇਚਣ ਵਾਲੇ ਬਹੁਤ ਸੁਆਦ ਲੈ ਰਹੇ ਨੇ... ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਗੰਢਿਆਂ ਦਾ ਅਸਲ ਭਾਅ ਹੈ ਕੀ!"

ਇਹ ਗੱਲ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਵਪਾਰੀ ਸੰਘ ਦੇ ਪ੍ਰਧਾਨ ਸੁਰਿੰਦਰ ਬੁੱਧੀਰਾਜਾ ਨੇ ਇਸ ਸਵਾਲ ਦੇ ਜਵਾਬ ''ਚ ਕਹੀ: ਅੱਜਕਲ੍ਹ 100 ਰੁਪਏ ਕਿੱਲੋ ਟੱਪਦੇ ਪਿਆਜ਼ ਕਦੋਂ ਤੱਕ ਇੰਨੇ ਮਹਿੰਗੇ ਖਰੀਦਣੇ ਪੈਣਗੇ?

ਉਨ੍ਹਾਂ ਨੇ ਥੋਕ ਦੇ ਭਾਅ ਦਾ ਜ਼ਿਕਰ ਵੀ ਕੀਤਾ, "ਦਿੱਲੀ ਦੀ ਮੰਡੀ ਵਿੱਚ ਹੀ ਪਿਆਜ਼ 15 ਰੁਪਏ (ਵਿਦੇਸ਼ੀ ਕਿਸਮ) ਤੋਂ ਲੈ ਕੇ 35 ਰੁਪਏ ਕਿੱਲੋ (ਦੇਸੀ) ਆ ਰਿਹਾ ਹੈ।"

ਇਹੀ ਪਿਆਜ਼ ਰੀਟੇਲ ਬਾਜ਼ਾਰ ਵਿੱਚ ਸ਼ਨੀਵਾਰ ਸ਼ਾਮ ਨੂੰ 80 ਰੁਪਏ ਕਿੱਲੋ ਸਨ।

ਦਿੱਲੀ ਹੀ ਨਹੀਂ, ਪੰਜਾਬ-ਹਰਿਆਣਾ ਦੇ ਖੇਤਰ ਵਿੱਚ ਵੀ ਇਹੀ ਹਾਲ ਹੈ ਅਤੇ ਉੱਤਰ ਪ੍ਰਦੇਸ਼ ਵੀ ਇਸ ਮਹਿੰਗਾਈ ਨੂੰ ਝੱਲ ਰਿਹਾ ਹੈ।

ਇਹ ਵੀ ਜ਼ਰੂਰ ਪੜ੍ਹੋ:

ਪਿਆਜ਼
BBC
ਕਿਸੇ ਫ਼ਸਲ ਦਾ ਲੰਬੇ ਸਮੇਂ ਲਈ ਕੀਮਤਾਂ ਕਾਰਨ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਰਹਿਣਾ ਚਿੰਤਾ ਦਾ ਵਿਸ਼ਾ ਹੈ

ਖੇਤੀ ਮਾਹਿਰ ਕਹਿੰਦੇ ਹਨ ਕਿ ਇਹ ਬਾਜ਼ਾਰ ਦਾ ਟਰੈਂਡ ਹੈ ਜੋ ਹਰ ਚਾਰ ਸਾਲਾਂ ਵਿੱਚ ਇਸੇ ਤਰ੍ਹਾਂ ਨਜ਼ਰ ਆਉਂਦਾ ਹੈ। ਪਰ ਉਨ੍ਹਾਂ ਦਾ ਵੀ ਇਹ ਕਹਿਣਾ ਹੈ ਕਿ ਇੰਨੇ ਲੰਮੇ ਸਮੇਂ ਤੱਕ ਉੱਚੇ ਦਾਮ ਫ਼ਿਕਰ ਦਾ ਵਿਸ਼ਾ ਹਨ।

ਭਾਰੀ ਮੀਂਹ ਕਰਕੇ ਪਹਿਲਾਂ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਫ਼ਸਲ ਖ਼ਰਾਬ ਹੋਣ ਤੋਂ ਬਾਅਦ ਕਰੀਬ ਢਾਈ ਮਹੀਨੇ ਪਹਿਲਾਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ।

ਜਦੋਂ ਲੋਕਾਂ ਵਿੱਚ ਇਹ ਮੁੱਦਾ ਬਣਿਆ ਤਾਂ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫ਼ੈਸਲਾ ਲਿਆ।

ਵਿਦੇਸ਼ੀ ਗੰਢੇ ਤੇ ਭਾਰਤੀ ਬੰਦੇ

ਵਿਦੇਸ਼ੀ ਗੰਢੇ, ਖਾਸ ਤੌਰ ''ਤੇ ਮਿਸਰ ਅਤੇ ਕਜ਼ਾਕਿਸਤਾਨ ਵਾਲੇ, ਸੁਨਹਿਰੀ ਰੰਗ ਦੇ ਹੁੰਦੇ ਹਨ
Getty Images
ਵਿਦੇਸ਼ੀ ਗੰਢੇ, ਖਾਸ ਤੌਰ ''ਤੇ ਮਿਸਰ ਅਤੇ ਕਜ਼ਾਕਿਸਤਾਨ ਵਾਲੇ, ਸੁਨਹਿਰੀ ਰੰਗ ਦੇ ਹੁੰਦੇ ਹਨ

ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਕੰਪਨੀ ਐੱਮਐੱਮਟੀਸੀ (ਮੈਟਲਜ਼ ਐਂਡ ਮਿਨਰਲਜ਼ ਕਾਰਪੋਰੇਸ਼ਨ ਆਫ਼ ਇੰਡੀਆ) ਹੁਣ ਤੱਕ 40 ਹਜ਼ਾਰ ਟਨ ਬਾਹਰੋਂ ਮੰਗਵਾ ਚੁੱਕੀ ਹੈ।

ਮੰਡੀ ਵਿੱਚ ਬੈਠੇ ਆੜ੍ਹਤੀਏ ਕਹਿੰਦੇ ਹਨ ਕਿ ਇਸ ਨੂੰ ਤਾਂ ਸੁੱਟਣਾ ਪਵੇਗਾ। ਇਸ ਦੀ ਵੱਡੀ ਵਜ੍ਹਾ ਦੱਸਦੇ ਹਨ ਕਿ ਇਸ ਦਾ ਜ਼ਾਇਕਾ ਭਾਰਤੀ ਪਿਆਜ਼ ਦੇ ਮੁਕਾਬਲੇ ਦਾ ਨਹੀਂ।

ਭਾਰਤੀ ਪਿਆਜ਼ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇੱਕ ਦਾ ਵਜ਼ਨ 50 ਤੋਂ 100 ਗ੍ਰਾਮ ਹੁੰਦਾ ਹੈ। ਰੰਗ ਗੁਲਾਬੀ ਹੁੰਦਾ ਹੈ।

ਦੂਜੇ ਪਾਸੇ ਵਿਦੇਸ਼ੀ ਗੰਢੇ, ਖਾਸ ਤੌਰ ''ਤੇ ਮਿਸਰ ਅਤੇ ਕਜ਼ਾਕਿਸਤਾਨ ਵਾਲੇ, ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਦਾ ਆਕਾਰ ਵੀ ਜ਼ਰਾ ਮੋਟਾ ਹੁੰਦਾ ਹੈ ਤੇ ਇੱਕ ਦਾ ਵਜ਼ਨ 200 ਗ੍ਰਾਮ ਤੱਕ ਜਾ ਪਹੁੰਚਦਾ ਹੈ, ਮਤਲਬ ਭਾਰਤੀ ਪਿਆਜ਼ ਨਾਲੋਂ ਚਾਰ ਗੁਣਾ ਤੱਕ!

ਪਿਆਜ਼
Getty Images
ਮਿਸਰ ਤੋਂ ਆਉਣ ਵਾਲਾ ਪਿਆਜ਼ ਵਜ਼ਨ ਤੇ ਅਕਾਰ ਵਿੱਚ ਭਾਰਤੀ ਪਿਆਜ਼ ਨਾਲੋਂ ਚੌਗੁਣਾ ਹੁੰਦਾ ਹੈ।

ਈਰਾਨ ਰੇ ਤੁਰਕੀ ਵਾਲਾ ਪਿਆਜ਼ ਜ਼ਿਆਦਾ ਤਿੱਖਾ ਹੁੰਦਾ ਹੈ ਅਤੇ ਉਸ ਵਿੱਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਲੋਕ ਭਾਰਤੀ ਪਕਵਾਨਾਂ ਲਈ ਇਸ ਨੂੰ ਵਰਤੇ ਕੇ ਖ਼ੁਸ਼ ਨਹੀਂ।

ਪਰ ਬਾਜ਼ਾਰੀ ਕੀਮਤਾਂ ਪਿੱਛੇ ਖੁਦਰਾ ਬਾਜ਼ਾਰ ਦੀਆਂ ਕੀਮਤਾਂ ਅਤੇ ਕਿਸਾਨਾਂ ਦੀ ਕੀ ਹਾਲ ਹੈ, ਇਹ ਜਾਣਨ ਲਈ ਅਸੀਂ ਜਾਣਕਾਰਾਂ ਅਤੇ ਮਾਹਿਰਾਂ ਨਾਲ ਗੱਲ ਕੀਤੀ।

''ਡੇਢ ਮਹੀਨਾ ਹੋਰ...''

ਮਹਾਰਾਸ਼ਟਰ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਹੈ: ਲਾਸਲਗਾਓਂ।

ਇੱਥੇ ਕਿਸਾਨੀ ਪੈਦਾਵਾਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਨਾਫ਼ੇਡ (NAFED) ਦੇ ਡਾਇਰੈਕਟਰ ਨਾਨਾਸਾਹਿਬ ਪਾਟਿਲ ਦਾ ਕਹਿਣਾ ਹੈ ਕਿ ਲੰਬੇ ਚੱਲੇ ਮਾਨਸੂਨ ਕਰਕੇ ਡਿਮਾਂਡ-ਸਪਲਾਈ ਦਾ ਜਿਹੜਾ ਚੱਕਰ ਪ੍ਰਭਾਵਿਤ ਹੋਇਆ ਹੈ, ਉਸ ਨੂੰ ਠੀਕ ਹੋਣ ਵਿੱਚ ਅਜੇ ਡੇਢ ਮਹੀਨਾ ਹੋਰ ਲੱਗੇਗਾ।

ਸਬਜ਼ੀ ਮੰਡੀ
BBC
ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ, ਲਾਸਲਗਾਓਂ (ਮਹਾਰਾਸ਼ਟਰ)

ਬੀਤੇ ਸ਼ੁੱਕਰਵਾਰ ਇੱਥੇ ਥੋਕ ਭਾਅ 20 ਰੁਪਏ ਕਿੱਲੋ ਸੀ ਪਰ ਇਹ ਕੁਝ ਦਿਨ ਪਹਿਲਾਂ 50 ਰੁਪਏ ਪਹੁੰਚਿਆ ਸੀ। ਉਸ ਵੇਲੇ ਹੀ ਬਾਜ਼ਾਰ ਵਿੱਚ ਭਾਅ ਅਸਮਾਨੀਂ ਚੜ੍ਹੇ ਸਨ।

ਪਾਟਿਲ ਚੱਕਰ ਸਮਝਾਉਂਦੇ ਹਨ, "ਭਾਰਤ ਵਿੱਚ ਪਿਆਜ਼ 12 ਮਹੀਨੇ ਖਾਧਾ ਜਾਂਦਾ ਹੈ। ਇਸ ਦੀ ਸਪਲਾਈ ਦਾ ਪੂਰਾ ਸਰਕਲ ਹੈ — ਜੂਨ ਤੋਂ ਸਤੰਬਰ ਤੱਕ ਕਰਨਾਟਕ ਤੇ ਆਂਧਰਾ ਪ੍ਰਦੇਸ਼ ਤੋਂ ਆਉਂਦਾ ਹੈ, ਫਿਰ ਅਕਤੂਬਰ ਤੋਂ ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਫ਼ਸਲ ਆਉਂਦੀ ਹੈ।

ਪਿਆਜ਼
BBC
ਭਾਰਤ ਦਾ ਜ਼ਿਆਦਤਰ ਪਿਆਜ਼ ਮਹਾਂਰਾਸ਼ਟਰ ਦੇ ਨਾਸਿਕ ਵਿੱਚ ਉਗਾਇਆ ਜਾਂਦਾ ਹੈ।

ਜਨਵਰੀ ਆਉਂਦਿਆਂ ਰਾਜਸਥਾਨ ਤੋਂ ਵੀ ਪਿਆਜ਼ ਆਉਣ ਲਗਦਾ ਹੈ ਅਤੇ ਫਿਰ ਕੁਝ ਦਿਨ ਯੂਪੀ-ਬਿਹਾਰ ਦੀ ਫ਼ਸਲ ਮੌਕਾ ਸਾਂਭਦੀ ਹੈ। ਅਪ੍ਰੈਲ-ਮਈ ਤੱਕ ਇਹ ਪਿਆਜ਼ ਰਹਿੰਦਾ ਹੈ ਤੇ ਜੂਨ ਵਿੱਚ ਚੱਕਰ ਮੁੜ ਸ਼ੁਰੂ ਹੁੰਦਾ ਹੈ।"

ਜੇ ਮੀਂਹ ਦੀ ਮਾਰ ਪਵੇ ਤਾਂ ਚੱਕਰ ਉੱਤੇ ਅਸਰ ਤਾਂ ਪੈਣਾ ਹੀ ਹੈ।

ਪਿਆਜ਼
BBC
ਫਿਲਹਾਲ ਰਾਜਸਥਾਨ ਦੇ ਪਿਆਜ਼ ਨੇ ਦਿੱਲੀ-ਪੰਜਾਬ-ਹਰਿਆਣਾ ਦੇ ਖੇਤਰ ''ਚ ਸਪਲਾਈ ਪੂਰੀ ਕੀਤੀ ਹੋਈ ਹੈ।

ਕੰਮ ਚੱਲਿਆ ਐਵੇਂ...

ਸਾਲ 2019 ਵਿੱਚ ਨਵੰਬਰ ਤੱਕ ਤਾਂ ਦੱਖਣੀ ਭਾਰਤ ਤੋਂ ਪਰਤਦੇ ਮਾਨਸੂਨ ਦੀਆਂ ਬਾਰਿਸ਼ਾਂ ਹੀ ਹੁੰਦੀਆਂ ਰਹੀਆਂ। ਇਸ ਨੇ ਫ਼ਸਲੀ ਚੱਕਰ ਨੂੰ ਹਿਲਾ ਕੇ ਰੱਖ ਦਿੱਤਾ। ਖੜ੍ਹੀ ਫ਼ਸਲ ਦਾ ਨੁਕਸਾਨ ਹੋਇਆ ਤੇ ਕਈ ਜਗ੍ਹਾ ਬਿਜਾਈ ਵੀ ਦੇਰੀ ਨਾਲ ਹੋਈ।

ਫ਼ਿਲਹਾਲ ਤਾਂ ਗੁਜਰਾਤ ਦੀ ਫ਼ਸਲ ਨੇ ਮੁੰਬਈ ਨੂੰ ਸਾਂਭਿਆ ਹੋਇਆ ਹੈ ਅਤੇ ਰਾਜਸਥਾਨ ਦੇ ਪਿਆਜ਼ ਨੇ ਦਿੱਲੀ-ਪੰਜਾਬ-ਹਰਿਆਣਾ ਦੇ ਖੇਤਰ ''ਚ ਸਪਲਾਈ ਪੂਰੀ ਕੀਤੀ ਹੋਈ ਹੈ।

ਪਿਆਜ਼
Getty Images

ਇਸ ਦੇ ਨਾਲ ਹੀ ਸਰਕਾਰ ਨੇ ਤੁਰਕੀ, ਮਿਸਰ, ਈਰਾਨ ਤੇ ਕਜ਼ਾਕਿਸਤਾਨ ਤੋਂ ਪਿਆਜ਼ ਦੇ ਦਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਕੁਝ ਕਿਸਾਨ ਇਸ ਦੇ ਖ਼ਿਲਾਫ਼ ਸਨ, ਆੜ੍ਹਤੀਆਂ ਨੇ ਕਿਹਾ ਹੈ ਕਿ ਸਰਕਾਰ ਨੇ ਸਗੋਂ ਦੇਰੀ ਕੀਤੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=miXd74WRlJ0

https://www.youtube.com/watch?v=SGU_54V2WG0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News