YouTuber ਗੌਰਵ ਤਨੇਜਾ ਤੋਂ ਜਾਣੋ YouTube ਤੋਂ ਕਮਾਈ ਦੀਆਂ ਬੁਨੀਆਦੀ ਗੱਲ੍ਹਾਂ

Saturday, Jan 11, 2020 - 10:10 PM (IST)

"ਮੈਂ ਬੜਾ ਸ਼ਰਮੀਲਾ ਸੀ। ਸਕੂਲ ਵਿਚ ਵੀ ਜੇ ਅਧਿਆਪਕ ਕੋਈ ਸਵਾਲ ਕਰਦੇ ਸੀ ਤਾਂ ਮੇਰਾ ਮੂੰਹ ਤੇ ਕੰਨ ਲਾਲ ਹੋ ਜਾਂਦੇ ਸਨ।"

ਇਹ ਕਹਿਣਾ ਹੈ ਗੌਰਵ ਤਨੇਜਾ ਦਾ ਜੋ ਕਿ ਪੇਸ਼ੇ ਤੋਂ ਤਾਂ ਕਮਰਸ਼ੀਅਲ ਪਾਇਲਟ ਹਨ ਪਰ ਹੁਣ ਯੂਟਿਊਬਰ ਵਜੋਂ ਜਾਣੇ ਜਾਂਦੇ ਹਨ। ਫਿਟਨੈਸ ਨਾਲ ਸਬੰਧਤ ਵੀਡੀਓਜ਼ ਬਣਾਉਣ ਵਾਲੇ ਗੌਰਵ ਤਨੇਜਾ ਯੂਟਿਊਬ ਵੀਡੀਓਜ਼ ਤੋਂ ਕਮਾਈ ਵੀ ਕਰ ਰਹੇ ਹਨ।

ਉਨ੍ਹਾਂ ਇਸ ਸਫ਼ਰ ਦੀ ਸ਼ੁਰੂਆਤ ਹੋਈ ਇੱਕ ਫੇਸਬੁੱਕ ਵੀਡੀਓ ਦੇ ਨਾਲ।

ਗੌਰਵ ਮੁਤਾਬਕ, "ਮੈਂ ਜਿਮ ਵਿਚ ਟਰਾਈਸੈਪ ਐਕਸਰਸਾਈਜ਼ ਕਰ ਰਿਹਾ ਸੀ ਤੇ ਕਿਸੇ ਨੂੰ ਸਮਝਾ ਰਿਹਾ ਸੀ। ਮੇਰੇ ਇੱਕ ਦੋਸਤ ਨੇ ਮੈਨੂੰ ਬਿਨਾਂ ਦੱਸੇ ਫੇਸਬੁੱਕ ਲਾਈਵ ਕਰ ਦਿੱਤਾ। ਉਸ ਵੀਡੀਓ ਨੂੰ ਮੇਰੇ ਫੇਸਬੁੱਕ ਦੋਸਤਾਂ ਨੇ ਬਹੁਤ ਪਸੰਦ ਕੀਤਾ ਤੇ ਫੋਨ ਕਰਕੇ ਪੁੱਛਦੇ ਸੀ ਕਿ ਅਗਲਾ ਵੀਡੀਓ ਕਦੋਂ ਬਣਾਏਂਗਾ।"

ਫਿਰ ਫੇਸਬੁੱਕ ਲਈ ਜੋ ਵੀਡੀਓਜ਼ ਬਣਾਏ ਸੀ ਉਹੀ ਯੂਟਿਊਬ ''ਤੇ ਪਾਉਣੇ ਸ਼ੁਰੂ ਕਰ ਦਿੱਤੇ। ਗੌਰਵ ਨੂੰ ਨਹੀਂ ਪਤਾ ਸੀ ਕਿ ਯੂਟਿਊਬ ਤੋਂ ਪੈਸੇ ਵੀ ਮਿਲਦੇ ਹਨ।

"ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਯੂਟਿਊਬ ''ਤੇ ਕੀ ਹੋ ਰਿਹਾ। ਇੱਕ ਦਿਨ ਮੈਂ ਯੂਟਿਊਬ ਦੇਖਿਆ 500-600 ਸਬਸਕਰਾਈਬਰ ਹੋ ਗਏ ਸੀ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇਸ ਪਲੈਟਫਾਰਮ ''ਤੇ ਵੀ ਦਰਸ਼ਕ ਹਨ।"

ਇਹ ਵੀ ਪੜ੍ਹੋ:

https://www.youtube.com/watch?v=4zTAXp3ZZwE

"ਫੇਸਬੁੱਕ ਤੇ ਯੂਟਿਊਬ ਵਿਚ ਫਰਕ ਇਹ ਹੈ ਕਿ ਫੇਸਬੁੱਕ ''ਤੇ ਅੱਜ ਵਾਲਾ ਵੀਡੀਓ ਤੁਹਾਡੀ ਟਾਈਮਲਾਈਨ ''ਤੇ ਆਉਂਦਾ ਹੈ ਅਗਲੇ ਦਿਨ ਉਹ ਹੇਠਾਂ ਹੋ ਜਾਵੇਗਾ। ਪਰ ਯੂਟਿਊਬ ''ਤੇ ਕੋਈ ਵੀ ਵੀਡੀਓ ਕਦੇ ਵੀ ਦੇਖਿਆ ਜਾ ਸਕਦਾ ਹੈ। ਉਹ ਸਰਚ ਇੰਜਨ ਹੈ ਜਿੱਥੇ ਲੋਕ ਕੋਈ ਚੀਜ਼ ਲੱਭਣ ਲਈ ਆਉਂਦੇ ਹਨ।"

"ਜਦੋਂ ਪਹਿਲੀ ਵਾਰੀ ਮੈਨੂੰ ਯੂਟਿਊਬ ਤੋਂ ਇੱਕ ਡਾਲਰ ਮਿਲਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਆਪਣੇ ਪਾਪਾ ਨੂੰ ਫੋਨ ਕਰਕੇ ਦੱਸਿਆ। ਕਿਉਂਕਿ ਮੈਂ ਆਪਣੇ ਪੈਸ਼ਨ ਤੋਂ ਇਹ ਕਮਾਈ ਕੀਤੀ ਸੀ।"

ਯੂਟਿਊਬਰ ਬਣਨ ਲਈ ਪਹਿਲਾ ਕਦਮ

ਗੌਰਵ ਤਨੇਜਾ ਨੇ ਕਾਮਯਾਬ ਯੂਟਿਊਬਰ ਬਣਨ ਲਈ ਕੁਝ ਟਿਪਸ ਦਿੱਤੇ ਹਨ-

ਮੈਂ ਤਾਂ ਸਭ ਨੂੰ ਇਹੀ ਸੁਝਾਅ ਦਿੰਦਾ ਹਾਂ ਕਿ ਕਦੇ ਨਾ ਸੋਚੋ ਕਿ ਤੁਸੀਂ ਪੈਸਿਆਂ ਲਈ ਵੀਡੀਓ ਬਣਾ ਰਹੇ ਹੋ। ਬਸ ਫੋਨ ਚੁੱਕੋ ਤੇ ਸ਼ੁਰੂ ਹੋ ਜਾਓ।

ਜੋ ਤੁਹਾਡੀ ਖਾਸੀਅਤ ਜਾਂ ਟੈਲੰਟ ਹੈ ਉਹੀ ਵੀਡੀਓ ਸ਼ੁਰੂ ਕਰੋ।

ਕਦੇ ਇਹ ਨਾ ਸੋਚੋ ਕਿ ਕੀ ਹੋਵੇਗਾ, ਕਿਹੜਾ ਕੈਮਰਾ ਚਾਹੀਦਾ ਹੈ ਜਾਂ ਸਹੀ ਸਮੇਂ ''ਤੇ ਹੀ ਵੀਡੀਓ ਬਣਾਵਾਂਗੇ।

ਪਹਿਲਾ ਵੀਡੀਓ ਕਦੇ ਵੀ ਚੰਗੀ ਕਵਾਲਿਟੀ ਦਾ ਨਹੀਂ ਹੋ ਸਕਦਾ। ਪਰ ਉਹ ਪਹਿਲਾ ਵੀਡੀਓ ਬਹੁਤ ਜ਼ਰੂਰੀ ਹੈ। ਹੋ ਸਕਦਾ ਹੈ ਕਿ ਲੋਕ ਭੱਦੇ ਕਮੈਂਟ ਵੀ ਕਰਨ, ਆਲੋਚਨਾ ਦਾ ਸਾਹਮਣਾ ਕਰਨਾ ਪਏ ਪਰ ਉਸ ਤੋਂ ਬਾਅਦ ਹੀ ਤੁਹਾਨੂੰ ਕਮੀਆਂ ਪਤਾ ਲੱਗਣਗੀਆਂ ਤੇ ਫਿਰ ਉਸ ਵਿਚ ਸੁਧਾਰ ਹੋਵੇਗਾ।

ਤੁਹਾਨੂੰ ਵਧੇਰੇ ਤਕਨੀਕੀ ਜਾਣਕਾਰੀ ਦੀ ਲੋੜ ਨਹੀਂ ਹੈ। ਤੁਸੀਂ ਟਰੇਨਿੰਗ ਨਾ ਵੀ ਲਓ ਸ਼ੁਰੂਆਤ ਵਿਚ ਪਰ ਬਾਅਦ ਵਿਚ ਹੌਲੀ-ਹੌਲੀ ਯੂਟਿਊਬ ਤੋਂ ਹੀ ਐਡੀਟਿੰਗ ਵੀ ਸਿੱਖ ਸਕਦੇ ਹੋ।

ਯੂਟਿਊਬ ਤੋਂ ਕਿਵੇਂ ਪੈਸੇ ਕਮਾਏ ਜਾ ਸਕਦੇ ਹਨ

ਗੌਰਵ ਤਨੇਜਾ ਮੁਤਾਬਕ, ਮੁੱਖ ਕੰਪਨੀ ਗੂਗਲ ਹੈ, ਗੂਗਲ ਐਡਸੈਂਸ ਤੋਂ ਪੈਸੇ ਮਿਲਦੇ ਹਨ। ਇਹ ਕੋਈ ਤੈਅ ਨਿਯਮ ਨਹੀਂ ਹੈ ਕਿ ਕਿੰਨੇ ਸਬਸਕਰਾਈਬਰ ਜਾਂ ਵਿਊਅਰਜ਼ ਹੋਣ ''ਤੇ ਕਿੰਨੇ ਪੈਸੇ ਮਿਲਣਗੇ।

ਅਮਰੀਕਾ ਜਾਂ ਆਸਟਰੇਲੀਆ ਵਿਚ ਯੂਟਿਊਬਰਜ਼ ਵੱਧ ਕਮਾਉਂਦੇ ਹਨ ਪਰ ਭਾਰਤ ਵਿਚ ਸੀਪੀਐਮ (ਇੱਕ ਮਸ਼ਹੂਰੀ ਲਈ ਤੈਅ ਪੈਸਾ) ਘੱਟ ਹੈ। ਵੱਖੋ-ਵੱਖਰੇ ਦੇਸ ਵਿਚ ਵੱਖੋ-ਵੱਖਰੇ ਨਿਯਮ ਤੈਅ ਹਨ।

ਇੱਕ ਐਡ ਕੰਪਨੀ ਅਮਰੀਕਾ ਵਿਚ ਵੱਧ ਪੈਸਾ ਦੇਵੇਗੀ ਜਦੋਂਕਿ ਉਹੀ ਭਾਰਤ ਵਿਚ ਘੱਟ ਵੀ ਦੇ ਸਕਦੀ ਹੈ।

ਹਰੇਕ ਕਲਿੱਕ ਦੇ ਪੈਸੇ ਮਿਲਦੇ ਹਨ ਜਾਂ ਨਹੀਂ

ਇਹ ਬਹੁਤ ਵੱਡਾ ਭੁਲੇਖਾ ਹੈ ਕਿ ਹਰੇਕ ਕਲਿੱਕ ਕਰਨ ''ਤੇ ਪੈਸੇ ਮਿਲਦੇ ਹਨ। ਕਾਮੇਡੀ, ਗਾਇਕੀ, ਬਲਾਗਿੰਗ, ਫਿਟਨੈਸ ਸਭ ਦੇ ਪੈਸੇ ਵੱਖੋ-ਵੱਖਰੇ ਮਿਲਦੇ ਹਨ। ਸਭ ਦਾ ਰੇਟ ਵੱਖਰਾ ਹੁੰਦਾ ਹੈ।

ਯੂਟਿਊਬ ਵਲੋਂ ਕਮਾਈ ਤੋਂ ਇਲਾਵਾ ਵੀ ਤੁਸੀਂ ਹੋਰ ਪੈਸੇ ਕਮਾ ਸਕਦੇ ਹੋ। ਤੁਸੀਂ ਵੱਖੋ-ਵੱਖਰੇ ਬਰੈਂਡ ਪ੍ਰਮੋਟ ਕਰਕੇ ਪੈਸੇ ਕਮਾ ਸਕਦੇ ਹੋ। ਆਪਣੇ ਯੂਟਿਊਬ ਚੈਨਲ ਤੋਂ ਬ੍ਰੈਂਡ ਪ੍ਰਮੋਟ ਕਰੋ ਤੇ ਉਹ ਬ੍ਰੈਂਡ ਤੁਹਾਨੂੰ ਪੈਸੇ ਦੇਵੇਗਾ।

ਕਿਸ ਤਰ੍ਹਾਂ ਦਾ ਕੰਟੈਂਟ ਯੂਟਿਊਬ ''ਤੇ ਚੱਲਦਾ ਹੈ

ਜੇ ਤੁਸੀਂ ਇਹ ਸੋਚੋ ਕਿ ਕਿਹੜਾ ਚੈਨਲ ਚਲਾਵਾਂ ਜਿਸ ਨਾਲ ਕਮਾਈ ਹੋਵੇਗੀ। ਕਾਮੇਡੀ, ਕਵਿਤਾ, ਫਿਟਨੈਸ ਜਾਂ ਕੋਈ ਹੋਰ ਵੱਖਰਾ ਕੰਟੈਂਟ ਜਿਸ ਨਾਲ ਸਬਸਕਰਾਈਬਰ ਵਧਣ ਤੇ ਪੈਸੇ ਆਉਣ।

ਪਰ ਉਸ ਦੀ ਥਾਂ ''ਤੇ ਜੋ ਤੁਹਾਡਾ ਟੈਲੰਟ ਹੈ ਉਸ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਯੂਟਿਊਬ ''ਤੇ ਪਾਓ। ਤੁਹਾਡੀ ਅਸਲ ਖਾਸੀਅਤ ਹੀ ਲੋਕ ਪਸੰਦ ਕਰਨਗੇ। ਜੇ ਟੈਲੰਟ ਹੈ ਤਾਂ ਹੀ ਵੀਡੀਓ ਬਣਾਓ।

ਜੋ ਕੰਟੈਂਟ ਅੱਜ ਤੋਂ ਦੋ ਸਾਲ ਪਹਿਲਾਂ ਚੱਲ ਰਿਹਾ ਸੀ ਉਹ ਹੁਣ ਉਹ ਨਹੀਂ ਚੱਲ ਰਿਹਾ। ਸਮੇਂ ਦੇ ਨਾਲ ਰੁਝਾਣ ਵਿਚ ਬਦਲਾਅ ਆਉਂਦਾ ਹੈ ਤੇ ਲੋਕਾਂ ਦੀ ਪਸੰਦ ਬਦਲਦੀ ਹੈ। ਇਹੀ ਯੂਟਿਊਬਰਜ਼ ਲਈ ਚੁਣੌਤੀ ਵੀ ਹੈ।

ਯੂਟਿਊਬ ਪਾਰਟਨਰ ਪ੍ਰੋਗਰਾਮ ਕੀ ਹੈ

ਇਸ ਲਈ ਘੱਟੋ-ਘੱਟ 1000 ਸਬਸਕਰਾਈਬਰ ਹੋਣੇ ਚਾਹੀਦੇ ਹਨ ਅਤੇ ਇੱਕ ਸਾਲ ਵਿਚ 4000 ਪਬਲਿਕ ''ਵਾਚ ਆਵਰਜ਼'' ਚਾਹੀਦੇ ਹਨ।

ਵਾਚ ਆਵਰਜ਼ ਦਾ ਮਤਲਬ ਹੈ ਕਿ ਤੁਹਾਡਾ ਵੀਡੀਓ ਕਿੰਨੀ ਦੇਰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਹੀ ਤੁਸੀਂ ਯੂਟਿਊਬ ਪਾਰਟਨਰ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ।

ਇਹ ਵੀ ਪੜ੍ਹੋ:

ਯੂਟਿਊਬ ਦੇ ਤੈਅ ਮਾਪਦੰਡਾਂ ਨੂੰ ਪੂਰਾ ਕਰਕੇ ਹੀ ਯੂਟਿਊਬ ਦੇ ਪਾਰਟਨਰ ਪ੍ਰੋਗਰਾਮ ਦਾ ਹਿੱਸਾ ਬਣਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਵੀਡੀਓਜ਼ ਤੇ ਐਡਜ਼ ਮਿਲਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਤੁਸੀਂ ਆਪਣੇ ਚੈਨਲ ਦੇ ਵੀਡੀਓਜ਼ ਤੋਂ ਐਡਜ਼ ਰਾਹੀਂ ਪੈਸਾ ਕਮਾ ਸਕਦੇ ਹੋ।

ਜੇ ਤੁਸੀਂ ਯੂ-ਟਿਊਬ ਪਾਰਟਨਰ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕਦੇ ਤਾਂ ਤੁਸੀਂ ਇੱਕ ਮਹੀਨੇ ਬਾਅਦ ਫਿਰ ਅਪਲਾਈ ਕਰ ਸਕਦੇ ਹੋ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=Np5-A-e1JLE

https://www.youtube.com/watch?v=4Ki_3TetUUM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News