ਤਹਿਰਾਨ ਜਹਾਜ਼ ਹਾਦਸਾ: ਕੈਨੇਡਾ ਜਾ ਰਹੇ ਉਹ ਲੋਕ ਜਿਨ੍ਹਾਂ ਦੀਆਂ ਖੁਸ਼ੀਆਂ ਈਰਾਨ ਦੀ ਇੱਕ ‘ਗਲਤੀ’ ਦੀ ਭੇਂਟ ਚੜ੍ਹ ਗਈਆਂ

Saturday, Jan 11, 2020 - 08:25 PM (IST)

ਯੂਕਰੇਨ ਦਾ ਬੋਇੰਗ 737-800 ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ ''ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ।

ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ "ਗੈਰ-ਇਰਾਦਤਨ" ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ।

ਸ਼ਨਿੱਚਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ "ਮਨੁੱਖੀ ਭੁੱਲ" ਕਾਰਨ ਵਾਪਰੀ।

ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮਿਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਫਲਾਈਟ ਰਿਕਾਰਡਰ ਨੂੰ ਡੀਕੋਡ ਕਰਨ ਵਿਚ ਫਰਾਂਸ ਮਦਦ ਕਰੇਗਾ।

ਯੂਕਰੇਨ ਅਤੇ ਕੈਨੇਡਾ ਦੋਹਾਂ ਦੇਸਾਂ ਨੇ ਹੀ ਜਹਾਜ਼ ਨੂੰ ਡੇਗਣ ਲਈ ਜਵਾਬਦੇਹੀ ਅਤੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ ਹੈ।

ਯੂਕਰੇਨ ਦੇ ਵਿਦੇਸ਼ ਮੰਤਰੀ ਵਾਦਿਮ ਪ੍ਰੀਸਟਿਆਕੋ ਮੁਤਾਬਕ ਕੁੱਲ ਮਿਲਾ ਕੇ 82 ਈਰਾਨੀ, 63 ਕਨੇਡੀਅਨ ਮੁਸਾਫ਼ਰ ਸਵਾਰ ਸਨ।

ਇਹ ਵੀ ਪੜ੍ਹੋ:

ਕੁੱਲ ਸੱਤ ਦੇਸਾਂ ਦੇ ਨਾਗਰਿਕ ਜਹਾਜ਼ ''ਤੇ ਸਵਾਰ ਸਨ ਜਿਸ ਵਿਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ ਨਾਗਰਿਕ ਸਨ।

ਇਨ੍ਹਾਂ ਵਿਚੋਂ ਨੌ ਕਰੂ ਮੈਂਬਰ ਯੂਕਰੇਨ ਦੇ ਸਨ, ਚਾਰ ਅਫ਼ਗਾਨਿਸਤਾਨ, ਚਾਰ ਯੂਕੇ ਤੇ ਤਿੰਨ ਜਰਮਨੀ ਦੇ ਸਨ।

https://www.youtube.com/watch?v=ya7tnapU1No

ਨਵੇਂ-ਵਿਆਹੇ ਜੋੜਿਆਂ ਦੀ ਮੌਤ

ਦੋ ਜੋੜੇ ਵਿਆਹ ਕਰਵਾ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਸਨ ਜਿਨ੍ਹਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ।

ਇੰਜੀਨੀਅਰ ਸਿਆਵਸ਼ ਘਾਫ਼ੌਰੀ-ਅਜ਼ਰ ਵਿਆਹ ਕਰਵਾ ਕੇ ਪਤਨੀ ਸਾਰਾ ਮਮਾਨੀ ਨਾਲ ਘਰ ਵਾਪਸ ਜਾ ਰਹੇ ਸਨ।

ਕੌਂਕੋਰਡੀਆ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਲੀ ਦੌਲਤਾਬਾਦੀ ਜੋ ਕਿ ਸ਼ਿਆਵਸ਼ ਦੇ ਸੁਪਰਵਾਈਜ਼ਰ ਰਹੇ ਹਨ, ਨੇ ਦੱਸਿਆ ਕਿ ਦੋਹਾਂ ਨੇ ਕੈਨੇਡਾ ਦੇ ਮੌਂਟਰੀਅਲ ਵਿਚ ਹੁਣੇ ਹੀ ਘਰ ਖਰੀਦਿਆ ਸੀ ਤੇ ਆਪਣੇ ਘਰ ਪਾਰਟੀ ਦੇਣ ਵਾਲੇ ਸਨ।

ਜਸਟਿਨ ਟਰੂਡੋ
Reuters
ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ "ਦਿਲ ਨੂੰ ਟੁੰਬਣ ਵਾਲੀ ਤ੍ਰਾਸਦੀ" ਹੈ

ਦੌਲਤਾਬਾਦੀ ਨੇ ਕਿਹਾ, "ਦੋਵੇਂ ਕੌਂਕੋਰਡੀਆ ਵਿਚ ਮਿਲੇ ਸਨ ਤੇ ਮੌਂਟਰੀਅਲ ਵਿਚ ਇੱਕ ਵਧੀਆ ਕੰਪਨੀ ਵਿਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਈਰਾਨ ਵਿਚ ਵਿਆਹ ਕਰਵਾਉਣ ਬਾਰੇ ਸੋਚਿਆ ਕਿਉਂਕਿ ਉਹ ਪਰਿਵਾਰ ਨਾਲ ਵਿਆਹ ਸਮਾਗਮ ਦੀਆਂ ਖੁਸ਼ੀਆਂ ਵੰਡਣਾ ਚਾਹੁੰਦੇ ਸਨ।"

ਇਸੇ ਤਰ੍ਹਾਂ 26 ਸਾਲਾ ਅਰਸ਼ ਪੌਰਜ਼ਰਾਬੀ ਤੇ 25 ਸਾਲਾ ਪੌਨੇਹ ਗੌਰਜੀ ਨਾਲ ਵਿਆਹ ਕਰਵਾ ਕੇ ਕੈਨੇਡਾ ਪਰਤ ਰਹੇ ਸਨ। ਦੋਹਾਂ ਨੇ ਕੰਪਿਊਟਰ ਸਾਈਂਸ ਵਿਚ ਗਰੈਜੁਏਸ਼ਨ ਕੀਤੀ ਸੀ।

ਪਰਿਵਾਰ ਖ਼ਤਮ

ਵੈਨਕੁਵਰ ਦੇ ਰਹਿਣ ਵਾਲੇ ਅਰਦਲਾਨ ਐਬਨੋਦੀਨ ਹਮਾਦੀ, ਪਤਨੀ ਨੀਲੋਫ਼ਰ ਰਾਜ਼ਾਘੀ ਤੇ ਉਨ੍ਹਾਂ ਦਾ ਪੁੱਤਰ ਕਮਯਾਰ ਈਰਾਨ ਵਿਚ ਛੁੱਟੀਆਂ ਮਨਾ ਕੇ ਪਰਤ ਰਹੇ ਸਨ।

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੌਲੰਬੀਆ ਨੇ ਪੀਐਡ ਰਿਸਰਚ ਫੈਲੋ ਮਹਿਰਾਨ ਅਬਹਾਤੀ ਤੇ ਉਸ ਦੇ ਭੈਣ-ਭਰਾਵਾਂ ਜ਼ੈਨਬ ਅਸਦੀ ਲਾਰੀ ਤੇ ਮੁਹੰਮਦ ਅਸਦੀ ਲਾਰੀ ਦੀ ਮੌਤ ''ਤੇ ਦੁੱਖ ਜ਼ਾਹਿਰ ਕੀਤਾ ਹੈ।

ਪੇਦਰਾਮ ਮੌਸਵੀ ਤੇ ਮੌਜਗਨ ਦੇਸ਼ਮੰਡ ਦੀਆਂ ਦੋ ਧੀਆਂ ਨਾਲ

ਪੇਦਰਾਮ ਮੌਸਵੀ ਤੇ ਮੌਜਗਨ ਦੇਸ਼ਮੰਡ ਆਪਣੀਆਂ ਦੋ ਧੀਆਂ ਨਾਲ
Reuters
ਪੇਦਰਾਮ ਮੌਸਵੀ ਤੇ ਮੌਜਗਨ ਦੇਸ਼ਮੰਡ ਆਪਣੀਆਂ ਦੋ ਧੀਆਂ ਨਾਲ

ਸਿਹਤ ਵਿਗਿਆਨ ਦੀ ਪੜ੍ਹਾਈ ਕਰਨ ਵਾਲੀ ਜ਼ੈਨਬ ਦੀ ਦੋਸਤ ਐਲਨਾਜ਼ ਮੌਰਸ਼ੇਦੀ ਨੇ ਬੀਬੀਸੀ ਨੂੰ ਦੱਸਿਆ, "ਉਹ ਬਹੁਤ ਸੁਪਨੇ ਦੇਖਦੀ ਸੀ ਪਰ ਹੁਣ ਉਹ ਨਹੀਂ ਰਹੀ।"

ਉਸ ਦਾ ਭਰਾ ਮੁਹੰਮਦ ਸਟੈਮ (STEM) ਫੈਲੋਸ਼ਿਪ ਦਾ ਸਹਿ-ਸੰਸਥਾਪਕ ਸੀ। ਇਹ ਸੰਸਥਾ ਗਣਿਤ ਤੇ ਵਿਗਿਆਨ ਦੇ ਵਿਦਿਆਰਥੀਆਂ ਦੀ ਮਦਦ ਕਰਦੀ ਹੈ।

ਹਾਦਸੇ ਵਿਚ ਪੇਦਰਾਮ ਮੌਸਵੀ ਤੇ ਮੌਜਗਨ ਦੇਸ਼ਮੰਡ ਦੀਆਂ ਦੋ ਜਵਾਨ ਧੀਆਂ ਦੀ ਵੀ ਮੌਤ ਹੋ ਗਈ। ਇਹ ਜੋੜਾ ਯੂਨਿਵਰਸਿਟੀ ਆਫ਼ ਐਲਬਰਟਾ ਵਿਚ ਇੰਜੀਨੀਅਰਿੰਗ ਪੜ੍ਹਾਉਂਦਾ ਸੀ।

ਵੀਨੀਪੈਗ ਦੀ ਫੋਰੋਹ ਖਾਦੀਮ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ। ਉਸ ਦੀ ਸਹਿਯੋਗੀ ਈ ਇਫ਼ਤੇਖਰਪੌਰ ਦਾ ਕਹਿਣਾ ਹੈ, "ਉਹ ਭਵਿੱਖ ਦੀ ਇੱਕ ਕਾਮਯਾਬ ਵਿਗਿਆਨੀ ਸੀ ਤੇ ਮੇਰੀ ਚੰਗੀ ਦੋਸਤ।"

ਅਮੀਰਹੌਸੈਨ ਬਾਇਓਮੈਡੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।

ਉਸ ਦੇ ਦੋਸਤ ਆਮੀਰ ਸ਼ੀਰਜ਼ਾਦੀ ਨੇ ਸੀਟੀਵੀ ਨੂੰ ਦੱਸਿਆ, "ਮੈਂ ਉਸ ਲਈ ਭੂਤਕਾਲ ਦੀ ਵਰਤੋਂ ਵੀ ਨਹੀਂ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਉਹ ਵਾਪਸ ਆ ਰਿਹਾ ਹੈ। ਅਸੀਂ ਫਿਰ ਖੇਡਾਂਗੇ, ਫਿਰ ਗੱਲ ਕਰਾਂਗੇ। ਮੇਰੇ ਲਈ ਭੂਤਕਾਲ ਦੀ ਵਰਤੋਂ ਕਰਨਾ ਬਹੁਤ ਔਖਾ ਹੈ। ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ।"

ਸਵੀਡਿਸ਼ ਬੱਚਿਆਂ ਦੀ ਮੌਤ ਦਾ ਖ਼ਦਸ਼ਾ

ਹਾਦਸੇ ਵਿੱਚ 10 ਸਵੀਡਿਸ਼ ਨਾਗਰਿਕਾਂ ਦੀ ਮੌਤ ਹੋ ਗਈ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿਚੋਂ ਬਹੁਤਿਆਂ ਕੋਲ ਈਰਾਨੀ ਨਾਗਰਿਕਤਾ ਵੀ ਸੀ।

ਸਵੀਡਿਸ਼ ਮੀਡੀਆ ਦੀ ਰਿਪੋਰਟ ਮੁਤਾਬਕ ਮਾਰੇ ਗਏ ਲੋਕਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।

ਸਵੀਡਨ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਲੋਕਾਂ ਵਿਚ ਸਵੀਡਨਜ਼ ਵੀ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।

ਈਰਾਨ ਦੇ ਪੀੜਤ

ਮਰਨ ਵਾਲੇ 82 ਈਰਾਨੀ ਨਾਗਰਿਕਾਂ ਬਾਰੇ ਹਾਲੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਯੂਕ੍ਰੇਨੀਆਈ ਏਅਰਲਾਈਨ ਕਰੂ

ਮਾਰੇ ਗਏ 11 ਯੂਕਰੇਨੇ ਨਾਗਰਿਕਾਂ ਵਿਚੋਂ 9 ਯੂਕਰੇਨ ਇੰਟਰਨੈਸ਼ਨਲ ਏਅਰ ਲਾਈਨਜ਼ (ਯੂਆਈਏ) ਦੇ ਸਟਾਫ਼ ਮੈਂਬਰ ਸਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=pOe3O3nL8lo

https://www.youtube.com/watch?v=OkDzst4Ur0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News