ਨਾਗਰਿਕਤਾ ਕਾਨੂੰਨ ਬਾਰੇ ਭਾਰਤ ਦੀ ਨਿਖੇਧੀ ਕਰਨ ਵਾਲੇ ਪਾਕਿਸਤਾਨ ’ਚ ਘੱਟ ਗਿਣਤੀਆਂ ਦਾ ਕੀ ਹਾਲ

Saturday, Jan 11, 2020 - 07:55 AM (IST)

ਜ਼ੋਹਰਾ ਨੇ ਹਿੰਸਾ ਵਿੱਚ ਆਪਣੇ ਪੁੱਤਰ ਤੇ ਪਤੀ ਨੂੰ ਗੁਆਇਆ ਹੈ
BBC
ਜ਼ੋਹਰਾ ਨੇ ਹਿੰਸਾ ਵਿੱਚ ਆਪਣੇ ਪੁੱਤਰ ਤੇ ਪਤੀ ਨੂੰ ਗੁਆਇਆ ਹੈ

ਪਾਕਿਸਤਾਨ ਦੇ ਕਵੇਟਾ ਦੇ ਮਾਰੀਆਬਾਦ ਵਿੱਚ ਰਹਿੰਦੀ ਜ਼ੋਹਰਾ ਖਾਨਮ ਇੱਕ ਛੋਟੋ ਜਿਹੇ ਵੇਹੜੇ ਵਿੱਚ ਭਾਂਡੇ ਮਾਂਜ ਰਹੀ ਸੀ। ਵੇਹੜੇ ਨੂੰ ਇਸ ਤਰੀਕੇ ਨਾਲ ਢਕਿਆ ਹੋਇਆ ਸੀ ਤਾਂ ਜੋ ਉਸ ਦੇ ਦੋ ਕਮਰਿਆਂ ਦੇ ਛੋਟੇ ਘਰ ਨੂੰ ਥੋੜ੍ਹਾ ਗਰਮ ਰੱਖਿਆ ਜਾ ਸਕੇ।

ਜ਼ੋਹਰਾ ਬੜੇ ਧਿਆਨ ਨਾਲ ਕੰਮ ਕਰ ਰਹੀ ਸੀ ਤਾਂ ਜੋ ਉਹ ਬੱਚਿਆਂ ਦੇ ਕਾਲਜ ਤੋਂ ਆਉਣ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਸਕੇ।

ਜ਼ੋਹਰਾ ਪਾਕਿਸਤਾਨ ਦੇ ਸ਼ੀਆ ਹਜ਼ਾਰਾ ਕਬੀਲੇ ਨਾਲ ਸਬੰਧ ਰੱਖਦੀ ਹੈ ਜਿਨ੍ਹਾਂ ''ਤੇ ਆਪਣੇ ਧਰਮ ਤੇ ਪਛਾਣ ਲਈ ਬੀਤੇ ਦੋ ਦਹਾਕਿਆਂ ਵਿੱਚ ਕਈ ਵਾਰ ਹਮਲੇ ਹੋ ਚੁੱਕੇ ਹਨ।

ਇਹ ਵੀ ਪੜ੍ਹੋ:

ਫੋਨ ਆਇਆ ਪਰ ਪਤੀ ਤੇ ਪੁੱਤਰ ਨਹੀਂ ਆਏ

ਪੰਜ ਸਾਲ ਪਹਿਲਾਂ ਜ਼ੋਹਰਾ ਭਾਂਡੇ ਮਾਜ ਰਹੀ ਸੀ, ਜਦੋਂ ਉਸ ਨੂੰ ਇੱਕ ਫੋਨ ਆਇਆ ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਬਦਲ ਦਿੱਤੀ।

ਜਨਵਰੀ 2014 ਨੂੰ ਉਸ ਦੇ ਪਤੀ ਤੇ 18 ਸਾਲਾ ਪੁੱਤਰ ਇਰਾਕ ਤੇ ਈਰਾਨ ਤੋਂ ਧਾਰਮਿਕ ਯਾਤਰਾ ਕਰਕੇ ਪਰਤ ਰਹੇ ਸੀ। ਉਸ ਵਕਤ ਬਲੋਚਿਸਤਾਨ ਦੇ ਮਸਤੰਗ ਜ਼ਿਲ੍ਹੇ ਤੋਂ ਲੰਘਦਿਆਂ ਉਨ੍ਹਾਂ ਦੀ ਬੱਸ ਨੂੰ ਬੰਬ ਤੋਂ ਉਡਾ ਦਿੱਤਾ ਗਿਆ ਸੀ।

ਜ਼ੋਹਰਾ ਉਸ ਦਿਨ ਨੂੰ ਯਾਦ ਕਰਦਿਆਂ ਦੱਸਦੀ ਹੈ, "ਮੈਂ ਸ਼ਾਨਦਾਰ ਭੋਜਨ ਅਜੇ ਬਣਾਇਆ ਹੀ ਸੀ, ਮੇਰੇ ਪਰਿਵਾਰ ਵਾਲੇ ਉੱਥੇ ਮੌਜੂਦ ਸਨ। ਮੈਨੂੰ ਮੇਰੇ ਪਤੀ ਦਾ ਫੋਨ ਆਇਆ, ਉਹ ਬਹੁਤ ਖੁਸ਼ ਸਨ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਘੰਟੇ ਤੱਕ ਸਾਡੇ ਕੋਲ ਪਹੁੰਚ ਜਾਣਗੇ।"

ਸ਼ਰਨ ਲੈਣ ਲਈ ਪਾਕਿਸਤਾਨ ਦੇ ਮੁਸਲਮਾਨਾਂ ਦੀ ਪਸੰਦ ਭਾਰਤ ਨਹੀਂ ਹੁੰਦੀ ਹੈ
BBC
ਸ਼ਰਨ ਲੈਣ ਲਈ ਪਾਕਿਸਤਾਨ ਦੇ ਮੁਸਲਮਾਨਾਂ ਦੀ ਪਸੰਦ ਭਾਰਤ ਨਹੀਂ ਹੁੰਦੀ ਹੈ

ਜ਼ੋਹਰਾ ਨੇ ਕਿਹਾ ਕਿ ਇੱਕ ਘੰਟੇ ਬਾਅਦ ਉਸਦੇ ਪਤੀ ਤੇ ਪੁੱਤਰ ਤਾਂ ਨਹੀਂ ਪਹੁੰਚੇ ਪਰ ਇੱਕ ਫੋਨ ਜ਼ਰੂਰ ਆਇਆ ਸੀ।

ਜ਼ੋਹਰਾ ਨੇ ਰੋਂਦਿਆਂ ਹੋਇਆਂ ਦੱਸਿਆ, "ਕਿਸੇ ਵਿਅਕਤੀ ਨੇ ਮੈਨੂੰ ਫੋਨ ''ਤੇ ਦੱਸਿਆ ਕਿ ਯਾਤਰੀਆਂ ਦੀ ਬੱਸ ''ਤੇ ਹਮਲਾ ਹੋਇਆ ਹੈ ਤੇ ਮੇਰੇ ਪਤੀ ਤੇ ਪੁੱਤਰ ਦੀ ਮੌਤ ਹੋ ਗਈ ਹੈ।"

ਉਸ ਹਮਲੇ ਵਿੱਚ ਹਜ਼ਾਰਾ ਭਾਈਚਾਰੇ ਦੇ 22 ਲੋਕਾਂ ਦੀ ਮੌਤ ਹੋਈ ਸੀ ਜਦਕਿ ਦਰਜਨਾਂ ਜ਼ਖ਼ਮੀ ਹੋਏ ਸਨ। ਬਾਅਦ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਝਾਂਗਵੀ ਇਸ ਦੇ ਪਿੱਛੇ ਸੀ।

ਪਾਕਿਸਤਾਨ ਦੇ ਮਨੁੱਖੀ ਹੱਕਾਂ ਦੇ ਕਮਿਸ਼ਨ ਦੀ 2017 ਦੀ ਰਿਪੋਰਟ ਅਨੁਸਾਰ ਬੀਤੇ ਦੋ ਦਹਾਕਿਆਂ ਵਿੱਚ ਕਰੀਬ ਦੋ ਹਜ਼ਾਰ ਸ਼ੀਆ ਹਜ਼ਾਰਾ ਭਾਈਚਾਰੇ ਨਾਲ ਸਬੰਧ ਰੱਖਣ ਵਾਲਿਆਂ ਦੀ ਮੌਤ ਅੱਤਵਾਦੀ ਹਮਲਿਆਂ ਵਿੱਚ ਹੋਈ ਹੈ।

ਹਜ਼ਾਰਾ ਭਾਈਚਾਰੇ ਦਾ ਕਹਿਣਾ ਹੈ ਕਿ ਤਿੰਨ ਹਜ਼ਾਰ ਲੋਕਾਂ ਦੀ ਹਮਲਿਆਂ ਵਿੱਚ ਮੌਤ ਹੋਈ ਹੈ। ਬੀਤੇ ਇੱਕ ਸਾਲ ਵਿੱਚ ਅਜਿਹੇ ਹਮਲਿਆਂ ਦੀ ਗਿਣਤੀ ਘਟੀ ਹੈ ਪਰ ਹਜ਼ਾਰਾ ਭਾਈਚਾਰੇ ਦੇ ਲੋਕ ਅਜੇ ਵੀ ਖੌਫ਼ ਵਿੱਚ ਰਹਿੰਦੇ ਹਨ। ਉਹ ਆਪਣੇ ਆਲੇ-ਦੁਆਲੇ ਦੇ ਸਖ਼ਤ ਸੁਰੱਖਿਆ ਘੇਰੇ ਤੋਂ ਬਾਹਰ ਬੇਹੱਦ ਜ਼ਰੂਰੀ ਕੰਮ ਲਈ ਹੀ ਜਾਂਦੇ ਹਨ।

ਅਹਿਮਦੀਆ ਹਨ ‘ਗ਼ੈਰ-ਮੁਸਲਮਾਨ’

ਜਿਸ ਸਾਲ ਜ਼ੋਹਰਾ ਦੇ ਪੁੱਤਰ ਤੇ ਪਤੀ ਹਮਲੇ ਵਿੱਚ ਮਾਰੇ ਗਏ ਸਨ, ਉਸੇ ਸਾਲ ਪਾਕਿਸਤਾਨ ਦੇ ਗੁੱਜਰਵਾਲਾਂ ਵਿੱਚ ਵੀ ਇੱਕ ਹੋਰ ਹਮਲਾ ਹੋਇਆ ਸੀ।

ਇੱਕ ਭੜਕੀ ਹੋਈ ਭੀੜ ਨੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਪੰਜ ਘਰਾਂ ਨੂੰ ਸਾੜ ਦਿੱਤਾ ਸੀ। ਉਨ੍ਹਾਂ ''ਤੇ ਲੋਕਾਂ ਨੇ ਈਸ਼ ਨਿੰਦਾ ਦੇ ਇਲਜ਼ਾਮ ਲਗਾਏ ਸਨ।

ਇਸ ਹਮਲੇ ਵਿੱਚ ਇੱਕ ਔਰਤ ਤੇ ਦੋ ਨਾਬਾਲਿਗਾਂ ਦੀ ਮੌਤ ਹੋਈ ਸੀ। ਇਸ ਹਮਲੇ ਦੀ ਸਭ ਤੋਂ ਛੋਟੀ ਉਮਰ ਦੀ ਸ਼ਿਕਾਰ ਅੱਠ ਮਹੀਨਿਆਂ ਦੀ ਬੱਚੀ ਸੀ।

ਸਾਇਰਾ ਬੀਬੀ (ਬਦਲਿਆ ਹੋਇਆ ਨਾਂ) ਉਸ ਹਮਲੇ ਵੇਲੇ ਗਰਭਵਤੀ ਸਨ ਤੇ ਹਮਲੇ ਤੋਂ ਬਾਅਦ ਉਨ੍ਹਾਂ ਦਾ ਗਰਭਪਾਤ ਹੋ ਗਿਆ ਸੀ।

ਉਸ ਦਿਨ ਬਾਰੇ ਦੱਸਦਿਆਂ ਸਾਇਰਾ ਨੇ ਕਿਹਾ, "ਅਸੀਂ ਚਾਰ ਔਰਤਾਂ ਤੇ ਸੱਤ ਬੱਚੇ ਪਹਿਲੀ ਮੰਜ਼ਿਲ ''ਤੇ ਸੀ ਜਿਸ ਵੇਲੇ ਉਨ੍ਹਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਸੀ। ਕਮਰਾ ਕਾਫੀ ਗਰਮ ਹੋ ਗਿਆ ਸੀ ਤੇ ਅਸੀਂ ਬਹੁਤ ਮੁਸ਼ਕਿਲ ਨਾਲ ਸਾਹ ਲੈ ਰਹੇ ਸੀ। ਹਰ ਕਿਸੇ ਦਾ ਦਮ ਘੁੱਟ ਰਿਹਾ ਸੀ ਤੇ ਪਾਣੀ ਮੰਗ ਰਿਹਾ ਸੀ।

2014 ਵਿੱਚ ਇੱਕ ਭੀੜ ਨੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਪੰਜ ਘਰਾਂ ਨੂੰ ਸਾੜ ਦਿੱਤਾ ਸੀ।
BBC
2014 ਵਿੱਚ ਇੱਕ ਭੀੜ ਨੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਪੰਜ ਘਰਾਂ ਨੂੰ ਸਾੜ ਦਿੱਤਾ ਸੀ।

ਸਾਇਰਾ ਖੁਦ ਨੂੰ ਸਾਂਭਣ ਵਾਸਤੇ ਕੁਝ ਦੇਰ ਲਈ ਰੁਕੀ ਤੇ ਫਿਰ ਉਨ੍ਹਾਂ ਨੇ ਦੱਸਣਾ ਸ਼ੁਰੂ ਕੀਤਾ।

ਉਨ੍ਹਾਂ ਦੱਸਿਆ, "ਮੇਰੇ ਪਤੀ ਦੀ ਭੈਣ ਉਨ੍ਹਾਂ ਨੂੰ ਖਿੜਕੀ ਤੋਂ ਵੇਖ ਰਹੀ ਸੀ। ਉਹ ਘਰ ''ਤੇ ਹਮਲਾ ਕਰ ਰਹੇ ਸਨ ਅਤੇ ਨਾਅਰੇ ਲਗਾ ਰਹੇ ਸਨ। ਇੱਕ ਦਮ ਨਾਲ ਅੱਗ ਕਮਰੇ ਦੇ ਚਾਰੇ ਪਾਸੇ ਫੈਲ ਗਈ ਤੇ ਅਸੀਂ ਕੁਝ ਨਹੀਂ ਕਰ ਸਕੇ।"

ਸਾਇਰਾ ਨੇ ਦੱਸਿਆ ਕਿ ਉਹ ਕੁਝ ਦੇਰ ਬਾਅਦ ਬੇਹੋਸ਼ ਹੋ ਗਈ ਸੀ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਵਿੱਚ ਸੀ। 6 ਮੁਲਜ਼ਮਾਂ ਤੇ ਸੈਂਕੜੇ ਅਣਪਛਾਤੇ ਲੋਕਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।

1974 ਵਿੱਚ ਇੱਕ ਸੰਵਿਧਾਨਕ ਸੋਧ ਤਹਿਤ ਅਹਿਮਦੀਆ ਭਾਈਚਾਰੇ ਨੂੰ ਗ਼ੈਰ-ਮੁਸਲਮਾਨ ਕਰਾਰ ਕਰ ਦਿੱਤਾ ਗਿਆ ਸੀ। ਉਸ ਵੇਲੇ ਤੋਂ ਹੁਣ ਤੱਕ ਅਹਿਮਦੀਆ ਭਾਈਚਾਰੇ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਗ਼ਲਤ ਹੈ ਕਿ ਮੁਸਲਮਾਨ ਇਸਲਾਮਿਕ ਦੇਸਾਂ ਵਿੱਚ ਸੁਰੱਖਿਅਤ ਹਨ’

ਪਾਕਿਸਤਾਨ ਦੀ ਜਮਾਤ ਅਹਿਮਦੀਆ ਵੱਲੋਂ ਜਾਰੀ ਡੇਟਾ ਅਨੁਸਾਰ ਉਸ ਸੰਵਿਧਾਨਕ ਸੋਧ ਤੋਂ ਬਾਅਦ ਹੁਣ ਤੱਕ 260 ਅਹਿਮਦੀਆ ਭਾਈਚਾਰੇ ਦੇ ਲੋਕ ਮਾਰੇ ਜਾ ਚੁੱਕੇ ਹਨ।

ਅਹਿਮਦੀਆ ਭਾਈਚਾਰੇ ਦੀਆਂ ਜੜ੍ਹਾਂ ਮੁਸਲਮਾਨ ਧਰਮ ਤੋਂ ਹਨ। ਇਸ ਭਾਈਚਾਰੇ ਨੂੰ ਪਾਕਿਸਤਾਨ ਦੀ ਸਰਕਾਰ ਵੱਲੋਂ ਗ਼ੈਰ-ਇਸਲਾਮੀ ਘੱਟ ਗਿਣਤੀ ਭਾਈਚਾਰਾ ਮੰਨਿਆ ਜਾਂਦਾ ਹੈ।

ਕਾਨੂੰਨ ਮੁਤਾਬਿਕ ਅਹਿਮਦੀਆ ਭਾਈਚਾਰਾ ਆਪਣੇ ਇਬਾਦਤ ਦੇ ਸਥਾਨ ਨੂੰ ਮਸਜਿਦ ਨਹੀਂ ਕਹਿ ਸਕਦੇ ਹਨ। ਉਹ ਕੁਰਾਨ ਨਹੀਂ ਪੜ੍ਹ ਸਕਦੇ ਹਨ ਤੇ ਜਨਤਕ ਤੌਰ ''ਤੇ ਆਪਣੇ ਧਾਰਮਿਕ ਰੀਤਾਂ ਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਹਨ।

ਉਨ੍ਹਾਂ ''ਤੇ ਅਕਸਰ ਹਮਲੇ ਹੁੰਦੇ ਹਨ ਤੇ ਪਾਕਿਸਤਾਨ ਦੇ ਸਖ਼ਤ ਈਸ਼ ਨਿੰਦਾ ਦੇ ਕਾਨੂੰਨ ਤਹਿਤ ਵੀ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਕੁਝ ਮਹੀਨਿਆਂ ਪਹਿਲਾਂ ਮਨੁੱਖੀ ਅਧਿਕਾਰ ਦੇ ਮੰਤਰੀ ਸ਼ੀਰੀਨ ਮਾਜ਼ਰੀ ਨੇ ਕਿਹਾ ਸੀ, "ਅਹਿਮਦੀਆ ਭਾਈਚਾਰੇ ਦੇ ਲੋਕਾਂ ਦੇ ਸਿਆਸੀ ਹੱਕ ਨਹੀਂ ਖੋਹੇ ਗਏ ਹਨ। ਪਰ ਜੇ ਉਹ ਇਹ ਮੰਨਦੇ ਹਨ ਕਿ ਸਾਡੇ ਦੇਸ ਦਾ ਸੰਵਿਧਾਨ ਗ਼ਲਤ ਹੈ ਤੇ ਉਹ ਉਸ ਨੂੰ ਬਦਲਣਾ ਚਾਹੁੰਦੇ ਹਨ ਤਾਂ ਸਮੱਸਿਆ ਖੜ੍ਹੀ ਹੋ ਸਕਦੀ ਹੈ।"

ਜਲੀਲਾ ਹੈਦਰ ਪਾਕਿਸਤਾਨ ਦੀ ਮੰਨੀ-ਪਰਮੰਨੀ ਮਨੁੱਖੀ ਹੱਕਾਂ ਦੀ ਕਾਰਕੁਨ ਹੈ। ਉਹ ਹਜ਼ਾਰਾ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਅਤੇ ਕਈ ਵਾਰ ਉਸ ਨੇ ਆਪਣੇ ਭਾਈਚਰੇ ਦੀ ਸੁਰੱਖਿਆ ਲਈ ਆਵਾਜ਼ ਚੁੱਕੀ ਹੈ।

ਹਜ਼ਾਰਾ ਭਾਈਚਾਰੇ ਦੀ ਵੱਡੀ ਗਿਣਤੀ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਰਹਿੰਦੀ ਹੈ। ਉਹ ਸ਼ਹਿਰ ਦੇ ਦੋ ਹਿੱਸਿਆਂ ਵਿੱਚ ਬਣੇ ਆਪਣੇ ਇਲਾਕੇ ਵਿੱਚ ਹੀ ਰਹਿੰਦੇ ਹਨ।

ਜਲੀਲਾ ਉਨ੍ਹਾਂ ਲੋਕਾਂ ਦੀ ਬਹਾਦੁਰੀ ਤੋਂ ਕਾਫੀ ਪ੍ਰਭਾਵਿਤ ਹੋਈ ਹੈ ਜੋ ਭਾਰਤ ਵਿੱਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਪਰ ਉਨ੍ਹਾਂ ਨੇ ਭਾਰਤ ਸਰਕਾਰ ਦੇ ਨਾਗਰਿਕਤਾ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਬਾਹਰ ਰੱਖੇ ਜਾਣ ''ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਉਨ੍ਹਾਂ ਕਿਹਾ, "ਇਸ ਸਮਝਣਾ ਗ਼ਲਤ ਹੈ ਕਿ ਮੁਸਲਮਾਨ ਇਸਲਾਮਿਕ ਦੇਸਾਂ ਵਿੱਚ ਸੁਰੱਖਿਅਤ ਹਨ।"

ਉਨ੍ਹਾਂ ਦੱਸਿਆ, "ਜੇ ਤੁਸੀਂ ਲੋਕਾਂ ਨੂੰ ਧਰਮ ਜਾਂ ਵਿਚਾਰਧਾਰਾ ਦੇ ਆਧਾਰ ''ਤੇ ਵੱਖ-ਵੱਖ ਕਰੋਗੇ ਤੇ ਇੱਕੋ ਧਰਮ ਵਾਲੇ ਲੋਕਾਂ ਨੂੰ ਕਿਸੇ ਖਾਸ ਦੇਸ ਵੱਲ ਭੇਜੋਗੇ ਤਾਂ ਇਹ ਸਹੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਰਕ ਕਾਫ਼ੀ ਨਕਾਰਤਮਕ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਸਾਊਦੀ ਅਰਬ ਨੂੰ ਵੇਖੋ, ਉਸ ਦਾ ਅਰਥਚਾਰਾ ਕਿੰਨਾ ਮਜ਼ਬੂਤ ਹੈ ਪਰ ਉੱਥੇ ਮੁਸਲਮਾਨ ਮਜ਼ਦੂਰਾਂ ਨਾਲ ਸਹੀ ਸਲੂਕ ਨਹੀਂ ਕੀਤਾ ਜਾਂਦਾ ਹੈ। ਮੈਂ ਅਫਗਾਨ ਰਿਫਿਊਜੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਰਾਨ ਵਿੱਚ ਪਨਾਹ ਲਈ ਹੈ।"

"ਉਨਾਂ ਨੇ ਮੈਨੂੰ ਦੱਸਿਆ ਕਿ, ਕਿਵੇਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬੰਗਲਾਦੇਸ਼ ਦੀ ਸਰਹੱਦ ''ਤੇ ਰੋਹਿੰਗਿਆ ਨਾਲ ਕੀ ਹੋਇਆ ਸੀ।"

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਵੀ ਅਜਿਹਾ ਹਾਲ ਹੀ ਹੈ ਤੇ ਮੁਸਲਮਾਨਾਂ ਦੇ ਵੱਖ-ਵੱਖ ਫਿਰਕਿਆਂ ਨੇ ਇੱਕ-ਦੂਜੇ ਨੂੰ ਕਾਫਿਰ ਐਲਾਨਿਆ ਹੈ। ਉਹ ਇੱਕ-ਦੂਜੇ ਨੂੰ ਧਰਮ ਦੇ ਆਧਾਰ ''ਤੇ ਨਫ਼ਰਤ ਕਰਦੇ ਹਨ ਤੇ ਮਾਰਨ ਤੱਕ ਨੂੰ ਤਿਆਰ ਰਹਿੰਦੇ ਹਨ।

ਭਾਵੇਂ ਜਲੀਲਾ ਦਾ ਮੰਨਣਾ ਹੈ ਕਿ ਭਾਰਤ ਉਹ ਦੇਸ ਨਹੀਂ ਹੈ ਜਿੱਥੇ ਪਾਕਿਸਤਾਨੀ ਲੋਕ ਸ਼ਰਨ ਲੈਣਾ ਚਾਹੁੰਦੇ ਹਨ।

ਇਮਰਾਨ ਖ਼ਾਨ
Getty Images
ਇਮਰਾਨ ਖ਼ਾਨ ਨੂੰ ਆਪਣੇ ਦੇਸ ਵਿੱਚ ਘੱਟ ਗਿਣਤੀਆਂ ਦੇ ਹਾਲ ਕਾਰਨ ਨਿਖੇਧੀ ਦਾ ਸਾਹਮਣਾ ਕਰਨਾ ਪੈਂਦਾ ਹੈ

ਉਨ੍ਹਾਂ ਕਿਹਾ, "ਭਾਰਤ ਵਿੱਚ ਅਫਗਾਨ ਮੁਸਲਮਾਨਾਂ ਵੱਲੋਂ ਸ਼ਰਨ ਲਈ ਅਰਜ਼ੀ ਪਾਈ ਜਾਂਦੀ ਹੈ। ਜੇ ਅਸੀਂ ਪਾਕਿਸਤਾਨੀਆਂ ਨੂੰ ਧਾਰਮਿਕ ਆਧਾਰ ''ਤੇ ਹੁੰਦੀ ਤਸ਼ੱਦਦ ਤੋਂ ਬਚਣ ਲਈ ਸ਼ਰਨ ਲੈਣੀ ਹੋਵੇ ਤਾਂ ਅਸੀਂ ਅਮਰੀਕਾ, ਕੈਨੇਡਾ ਤੇ ਯੂਰਪ ਜਾਵਾਂਗੇ।"

ਜਲੀਲਾ ਨੇ ਅੱਗੇ ਕਿਹਾ, "ਲੋਕ ਆਪਣਾ ਘਰ ਸੁਰੱਖਿਆ, ਆਜ਼ਾਦੀ ਤੇ ਮੌਕਿਆਂ ਲਈ ਛੱਡਦੇ ਹਨ ਤੇ ਇਸ ਲਈ ਪੱਛਮ ਦੇ ਦੇਸ ਹੀ ਹਨ ਜਿੱਥੇ ਮੌਕੇ ਜ਼ਿਆਦਾ ਹਨ।"

ਜਲੀਲਾ ਨੇ ਕਿਹਾ, "ਪੂਰੀ ਦੁਨੀਆਂ ਫਾਸੀਵਾਦ ਵੱਲ ਵਧ ਰਹੀ ਹੈ। ਹਾਲ ਵਿੱਚ ਜੋ ਹੋ ਰਿਹਾ ਹੈ ਉਸ ਨੇ ਭਾਰਤ ਦੇ ਲੋਕਤੰਤਰਿਕ ਤੇ ਧਰਮ-ਨਿਰਪੱਖ ਚਿਹਰੇ ''ਤੇ ਦਾਗ਼ ਲਗਾਏ ਹਨ।"

"ਹੋ ਸਕਦਾ ਹੈ ਕਿ ਭਾਜਪਾ ਨੂੰ ਸੱਤਾ ਗੁਆਉਣੀ ਪਵੇ ਪਰ ਅਜੇ ਇਹ ਲਗ ਰਿਹਾ ਹੈ ਕਿ ਨਾਜ਼ੀਵਾਦ ਦੇ ਦਿਨ ਮੁੜ ਪਰਤ ਰਹੇ ਹਨ ਜਿੱਥੇ ਇੱਕ ਖ਼ਾਸ ਫਿਰਕੇ ਨੂੰ ਵੱਖ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ।"

ਪਾਕਿਸਤਾਨ ਦਾ ਪ੍ਰਤੀਕਰਮ

ਪਾਕਿਸਤਾਨ ਦੀ ਸਰਕਾਰ ਨੇ ਜਿਵੇਂ ਨਾਗਰਿਕਤਾ ਕਾਨੂੰਨ ਬਾਰੇ ਪ੍ਰਤੀਕਰਮ ਦਿੱਤਾ ਹੈ ਉਸ ਲਈ, ਉਸ ਦੀ ਕਾਫੀ ਨਿੰਦਾ ਹੋ ਰਹੀ ਹੈ।

ਕਾਫੀ ਲੋਕ ਘੱਟ ਗਿਣਤੀਆਂ ਬਾਰੇ ਪਾਕਿਸਤਾਨ ਦੇ ਟਰੈਕ ਰਿਕਾਰਡ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਮਨੁੱਖੀ ਅਧਿਕਾਰਾਂ ਤੇ ਘੱਟ ਗਿਣਤੀਆਂ ਬਾਰੇ ਲੈਕਚਰ ਦੇਣ ਦੀ ਲੋੜ ਨਹੀਂ ਹੈ।

ਇਮਰਾਨ ਖ਼ਾਨ ਨੇ ਟਵਿੱਟਰ ''ਤੇ ਨਾਗਰਿਕਤਾ ਕਾਨੂੰਨ ਦੀ ਨਿਖੇਧੀ ਕਰਦਿਆਂ ਕਿਹਾ, "ਮੋਦੀ ਦੀ ਅਗਵਾਈ ਵਿੱਚ ਭਾਰਤ ਹਿੰਦੂਵਾਦੀ ਏਜੰਡੇ ਨਾਲ ਅੱਗੇ ਵਧ ਰਿਹਾ ਹੈ। ਨਾਗਰਿਕਤਾ ਕਾਨੂੰਨ ਕਾਰਨ ਕਾਫੀ ਖੂਨ ਵਹਿਗਾ ਅਤੇ ਦੁਨੀਆਂ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ।"

https://twitter.com/ImranKhanPTI/status/1205046711334449152

ਇੱਕ ਦਿਨ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ''ਤੇ ਆਇਆ ਜਿਸ ਵਿੱਚ ਇੱਕ ਮਹਿਲਾ ਅਸਿਸਟੈਂਟ ਕਮਿਸ਼ਨਰ ਦੋ ਵਿਦਿਆਰਥੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਮਹਿਲਾ ਨੇ ਦੇਸ ਦੀ ਏਕਤਾ ਦੀ ਗੱਲ ਕਰਨ ਵੇਲੇ ਅਹਿਮਦੀਆ ਭਾਈਚਾਰੇ ਨੂੰ ਪਾਕਿਸਤਾਨੀ ਕਹਿ ਦਿੱਤਾ ਸੀ।

https://twitter.com/Amraja75/status/1205189771477303297

https://twitter.com/Amraja75/status/1204902989057708032

ਇਸ ਗੱਲ ਤੋਂ ਖਫ਼ਾ ਰਾਜਾ ਅਤਾ-ਉਲ ਮਨਨ ਨੇ ਟਵਿੱਟਰ ''ਤੇ ਇਮਰਾਨ ਖ਼ਾਨ ਨੂੰ ਨਾਗਰਿਕਤਾ ਕਾਨੂੰਨ ਬਾਰੇ ਜਵਾਬ ਦਿੰਦਿਆਂ ਕਿਹਾ, "ਤੁਹਾਡੇ ਰਾਜ ਵਿੱਚ ਪਾਕਿਸਤਾਨ ਕਿੱਥੇ ਜਾ ਰਿਹਾ ਹੈ। ਤੁਹਾਡੀ ਸਰਕਾਰ ਵਿੱਚ ਇੱਕ ਮਹਿਲਾ ਅਸਿਸਟੈਂਟ ਕਮਿਸ਼ਨਰ ਨੂੰ ਸਕੂਲੀ ਬੱਚਿਆਂ ਵੱਲੋਂ ਪੁਲਿਸ ਦੇ ਸਾਹਮਣੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹ ਵੀ ਇਸ ਲਈ ਕਿਉਂਕਿ ਉਸ ਨੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੂੰ ਪਾਕਿਸਤਾਨੀ ਕਹਿ ਦਿੱਤਾ ਸੀ। ਤੁਹਾਨੂੰ ਕੋਈ ਫ਼ਿਕਰ ਹੈ?"

https://twitter.com/Amraja75/status/1205049204936265728

ਮਹਿਲਾ ਅਸਿਸਟੈਂਟ ਕਮਿਸ਼ਨਰ ਦੀ ਉਹ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਉਹ ਲੋਕਾਂ ਤੋਂ ਮਾਫੀ ਮੰਗ ਰਹੀ ਹੈ।

https://twitter.com/bilalfqi/status/1205430410320187394

ਲੋਕਾਂ ਨੇ ਇਮਰਾਨ ਖ਼ਾਨ ਨੂੰ ਦੂਜਿਆਂ ਦੀ ਨਿੰਦਾ ਕਰਨ ਤੋਂ ਪਹਿਲਾਂ ਆਪਣਾ ਘਰ ਸਾਂਭਣ ਨੂੰ ਕਿਹਾ ਹੈ।

ਟੀਵੀ ਐਂਕਰ ਮੋਈਦ ਪੀਰਜ਼ਾਦਾ ਨੇ ਟਵੀਟ ਕਰਕੇ ਕਿਹਾ, "ਅਹਿਮਦੀਆ ਬੇਸ਼ਕ ਗ਼ੈਰ-ਮੁਸਲਮਾਨ ਹਨ ਪਰ ਜਿਸ ਤਰੀਕੇ ਨਾਲ ਉਹ ਖੌਫ਼ ਵਿੱਚ ਰਹਿ ਰਹੇ ਹਨ ਪੂਰੀ ਦੁਨੀਆਂ ਵਿੱਚ ਸਾਡੇ ਲਈ ਸ਼ਰਮ ਦੀ ਗੱਲ ਹੈ। ਇਸ ਨਾਲ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਭਾਰਤ ਵਿੱਚ ਮੁਸਲਮਾਨਾਂ ''ਤੇ ਹੁੰਦੇ ਤਸ਼ੱਦਦ ਬਾਰੇ ਆਵਾਜ਼ ਚੁੱਕੀਏ।"

https://twitter.com/MoeedNj/status/1205399618634297349

ਜੇਮਸਬੌਂਡਮੌਮ ਨੇ ਕਿਹਾ, "ਅਸੀਂ ਭਾਰਤ ਵਿੱਚ ਮੁਸਲਮਾਨਾਂ ''ਤੇ ਹੁੰਦੇ ਤਸ਼ੱਦਦ ਬਾਰੇ ਤਾਂ ਕਾਫੀ ਬੋਲਦੇ ਹਾਂ ਪਰ ਇੱਥੇ ਗ਼ੈਰ ਮੁਸਲਮਾਨਾਂ ਬਾਰੇ ਸਾਡੀ ਨੀਤੀ ਕੁਝ ਹੋਰ ਹੈ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ।"

https://twitter.com/Jamesbondmom/status/1205400421268967424

ਇਹ ਵੀ ਪੜ੍ਹੋ:

https://www.youtube.com/watch?v=kGySOpqzR68

https://www.youtube.com/watch?v=jjAn7UR21R8

https://www.youtube.com/watch?v=dGdDivfO4R0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News