SGPC ਵਫ਼ਦ ਦੀ ਰਾਜੋਆਣਾ ਨਾਲ ਜੇਲ੍ਹ ਵਿੱਚ ਫ਼ੋਟੋ ਬਾਰੇ ਕੀ ਬੋਲੇ ਜੇਲ੍ਹ ਮੰਤਰੀ?
Wednesday, Jan 08, 2020 - 07:46 AM (IST)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਇੱਕ ਵਾਰ ਫਿਰ ਸੁਰਖ਼ੀਆਂ ''ਚ ਹਨ। ਇਸ ਵਾਰ ਚਰਚਾ ਦਾ ਵਿਸ਼ਾ ਜੇਲ੍ਹ ਵਿੱਚ ਖਿੱਚੀ ਇੱਕ ਤਸਵੀਰ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਦੀ ਪਟਿਆਲਾ ਦੀ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੀ ਤਸਵੀਰ ਖਿਚਵਾਉਣਾ ਸੁਰਖ਼ੀਆਂ ਵਿੱਚ ਹੈ।
ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਨੇ ਵੀ ਚੁੱਕੇ ਸਵਾਲ
ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿੱਚ ਐਸਜੀਪੀਸੀ ਵਫ਼ਦ ਦੀ ਮੁਲਾਕਾਤ ਸੋਮਵਾਰ ਨੂੰ ਹੋਈ। ਮੁਲਾਕਾਤ ''ਤੇ ਸਭ ਤੋਂ ਪਹਿਲਾਂ ਸਵਾਲ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਚੁੱਕੇ।
ਇਹ ਵੀ ਪੜ੍ਹੋ:
- ''ਘੱਟ ਗਿਣਤੀਆਂ ਡਰ ''ਚ ਰਹਿੰਦੀਆਂ, ਪਹਿਲਾ ਸਿੱਖਾਂ ਨੇ ਸਾਹਮਣਾ ਕੀਤਾ ਹੁਣ ਮੁਸਲਮਾਨ ਕਰ ਰਹੇ''
- JNU: ''ਇਹ ਵਿਰੋਧੀ ਅਵਾਜ਼ਾਂ ਨੂੰ ਬੇਰਹਿਮੀ ਨਾਲ ਦਰੜਨ ਦਾ ਯੁੱਗ ਹੈ''
- ''ਸਰਕਾਰ ਨੂੰ ਮੁਸਲਮਾਨ ਔਰਤਾਂ ਤੋਂ ਰੋਸ ਮੁਜ਼ਾਹਰੇ ਦੀ ਆਸ ਨਹੀਂ ਹੋਵੇਗੀ''
ਬਿੱਟੂ ਨੇ ਰਾਜੋਆਣਾ ਦੀ ਜੇਲ੍ਹ ਦੇ ਖ਼ਾਸ ਕਮਰੇ ਵਿੱਚ ਮੁਲਾਕਾਤ ਅਤੇ ਉੱਥੇ ਫ਼ੋਟੋ ਖਿੱਚਣ ਉੱਤੇ ਸਵਾਲ ਚੁੱਕਦਿਆਂ ਇਸ ਦੀ ਜਾਂਚ ਦੀ ਮੰਗ ਜੇਲ੍ਹ ਮੰਤਰੀ ਤੋਂ ਕੀਤੀ ਸੀ। ਇਸ ਸਬੰਧ ਵਿੱਚ ਬਿੱਟੂ ਨੇ ਬਕਾਇਦਾ ਟਵੀਟ ਕਰਕੇ ਮੁਲਾਕਾਤ ਉੱਤੇ ਇਤਰਾਜ਼ ਜਤਾਇਆ ਸੀ।
https://twitter.com/RavneetBittu/status/1214232285169491968
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਜੇਲ੍ਹ ਵਿੱਚ ਫੋਟੋ ਖਿੱਚੇ ਜਾਣ ''ਤੇ ਸਵਾਲ ਚੁੱਕੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਜੇਲ੍ਹ ਵਿੱਚ ਬੰਦ ਕੈਦੀ ਨਾਲ ਮੁਲਾਕਾਤ ਲਈ ਬਕਾਇਦਾ ਨਿਯਮ ਬਣੇ ਹੋਏ ਹਨ ਪਰ ਇਨਾਂ ਨਿਯਮਾਂ ਦੀ ਉਲੰਘਣਾ ਕਿਵੇਂ ਹੋਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਅਧਿਕਾਰੀ ਨੇ ਇਸ ਦੀ ਆਗਿਆ ਦਿੱਤੀ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
SGPC ਵਫ਼ਦ ਨੇ ਰਾਜੋਆਣਾ ਨਾਲ ਮੁਲਾਕਾਤ ਕਿਉਂ ਕੀਤੀ?
ਅਸਲ ਵਿੱਚ ਬਲਵੰਤ ਸਿੰਘ ਨੇ ਫਾਂਸੀ ਦੇ ਖ਼ਿਲਾਫ਼ 11 ਜਨਵਰੀ ਤੋਂ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਸੀ।
ਇਸ ਨੂੰ ਲੈ ਕੇ ਹੀ ਐਸਜੀਪੀਸੀ ਵਫ਼ਦ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਰਾਜੋਆਣਾ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਨੇ ਯੂ-ਟਰਨ ਲਿਆ ਹੈ ਅਤੇ ਕਮੇਟੀ ਇਸ ਮਾਮਲੇ ਦੀ ਪਹਿਲਾਂ ਵਾਂਗ ਪੈਰਵੀ ਕਰੇਗੀ।
ਉਨ੍ਹਾਂ ਆਖਿਆ ਕਿ ਵਫ਼ਦ ਦੀ ਅਪੀਲ ਉੱਤੇ ਰਾਜੋਆਣਾ ਨੇ ਆਪਣੀ ਪ੍ਰਸਤਾਵਿਤ ਭੁੱਖ ਹੜਤਾਲ ਵਾਪਸ ਲੈ ਲਈ ਹੈ।
ਕੀ ਕਹਿੰਦੇ ਜੇਲ੍ਹ ਮੰਤਰੀ?
ਜੇਲ੍ਹ ਦੇ ਅੰਦਰ ਫ਼ੋਟੋ ਖਿੱਚੇ ਜਾਣ ਨੂੰ ਲੈ ਕੇ ਵਿਵਾਦ ਭਖਦਾ ਵੇਖ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਜਾਂਚ ਦੇ ਆਦੇਸ਼ ਦਿੰਦਿਆਂ ਰਿਪੋਰਟ ਤਲਬ ਕਰ ਲਈ ਹੈ।
ਬਟਾਲਾ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਜੇਲ੍ਹ ਵਿੱਚ ਤਸਵੀਰ ਮਾਮਲੇ ''ਤੇ ਕਿਹਾ, ''''ਕਿਉਂਕਿ ਇਹ ਮੁਲਾਕਾਤ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਹੋਈ ਹੈ ਇਸ ਕਰ ਕੇ ਸਤਿਕਾਰ ਹੈ ਪਰ ਜੇਲ੍ਹ ਅੰਦਰ ਮੁਲਾਕਾਤ ਦੀ ਫ਼ੋਟੋ ਕਲਿੱਕ ਕੀਤੀ ਗਈ ਹੈ ਇਸ ਦੀ ਜਾਂਚ ਦੇ ਆਦੇਸ਼ ਜੇਲ੍ਹ ਅਧਿਕਾਰੀਆਂ ਨੂੰ ਦੇ ਦਿੱਤੇ ਹਨ।''''
ਉਨ੍ਹਾਂ ਅੱਗੇ ਕਿਹਾ, ''''ਜੇਲ੍ਹ ਵਿੱਚ ਮੋਬਾਇਲ ਫ਼ੋਨ ਦੀ ਮਨਾਹੀ ਹੈ ਤਾਂ ਸਵਾਲ ਇਹ ਹੈ ਕਿ ਫਿਰ ਫ਼ੋਨ ਅੰਦਰ ਕਿਵੇਂ ਗਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।''''
ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੇਂਦਰ ਸਰਕਾਰ ਨੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਗੱਲ ਕੀਤੀ ਸੀ।
ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿੱਚ ਇੱਕ ਸਿੱਖ ਕੈਦੀ ਜਿਸ ਬਾਰੇ ਆਖਿਆ ਜਾ ਰਿਹਾ ਸੀ ਕਿ ਇਹ ਨਾਮ ਬਲਵੰਤ ਸਿੰਘ ਰਾਜੋਆਣਾ ਦਾ ਹੈ, ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕਰ ਕੇ ਉਮਰ ਕੈਦ ਵਿਚ ਬਦਲਣਾ ਸ਼ਾਮਲ ਸੀ। ਪਰ ਪਿਛਲੇ ਦਿਨੀਂ ਲੋਕ ਸਭਾ ਵਿੱਚ ਐੱਮਪੀ ਰਵਨੀਤ ਸਿੰਘ ਬਿੱਟੂ ਦੇ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਆਖਿਆ ਸੀ ਕਿ ਰਾਜੋਆਣਾ ਨੂੰ ਸਜ਼ਾ ਮੁਆਫ਼ੀ ਨਹੀਂ ਦਿੱਤੀ ਗਈ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=miXd74WRlJ0
https://www.youtube.com/watch?v=ya7tnapU1No
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)