ਨਿਰਭਿਆ ਗੈਂਗਰੇਪ: 4 ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ, 22 ਜਨਵਰੀ ਨੂੰ ਫਾਂਸੀ ਤੈਅ
Tuesday, Jan 07, 2020 - 05:31 PM (IST)
ਦੇਸ਼ ਦੀ ਰਾਜਧਾਨੀ ਦਿੱਲੀ ਚ 16 ਦਸੰਬਰ 2012 ਨੂੰ ਹੋਏ ਨਿਰਭਿਆ ਮਾਮਲੇ ਦੇ ਚਾਰੇ ਦੋਸ਼ੀਆਂ ਦੀ ਮੌਤ ਦਾ ਵਾੰਰਟ ਜਾਰੀ ਹੋ ਗਿਆ ਹੈ। ਪਟਿਆਲਾ ਹਾਊਸ ਅਦਾਲਤ ਨੇ ਫਾਂਸੀ ਲਈ 22 ਜਨਵਰੀ, 2020 ਦੀ ਤਾਰੀਕ ਤੇ ਸਮਾਂ ਸਵੇਰੇ 7 ਵਜੇ ਦਾ ਤੈਅ ਕੀਤਾ ਹੈ।
ਹਾਲਾਂਕਿ, ਉਹ 14 ਦਿਨਾਂ ਦੇ ਅੰਦਰ ਫ਼ਾਂਸੀ ਦੇ ਖ਼ਿਲਾਫ਼ ਦਯਾ ਅਰਜ਼ੀ ਅਤੇ ਕਿਊਰੇਟਿਵ ਪਟੀਸ਼ਨ ਦਾਖ਼ਲ ਕਰ ਸਕਦੇ ਹਨ।
ਨਿਰਭਿਆ ਦੀ ਮਾਂ ਨੇ ਪਟਿਆਲਾ ਹਾਊਸ ਅਦਾਲਤ ''ਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਜਲਦੀ ਤੋਂ ਜਲਦੀ ਚਾਰਾਂ ਦੋਸ਼ੀਆਂ ਦੇ ਲਈ ਡੈੱਥ ਵਾਰੰਟ ਜਾਰੀ ਕੀਤਾ ਜਾਵੇ।
ਗੈਂਗਰੇਪ ਅਤੇ ਕਤਲ ਦੇ ਮਾਮਲੇ ''ਚ ਅਦਾਲਤ ਅਕਸ਼ੈ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਮੁਕੇਸ਼ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦੇ ਚੁੱਕੀ ਸੀ।
ਇਹ ਵੀ ਪੜ੍ਹੋ :
- ਈਰਾਨ ਤੇ ਅਮਰੀਕਾ ਦੀ ਦੁਸ਼ਮਣੀ ਦਾ ਇਤਿਹਾਸ ਕੀ ਹੈ
- ਨਨਕਾਣਾ ਸਾਹਿਬ ਘਟਨਾ ''ਤੇ ਬੋਲੇ ਇਮਰਾਨ ਖ਼ਾਨ
- ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?
- ਸੁਲੇਮਾਨੀ : ਕਾਸਿਮ ਸੁਲੇਮਾਨੀ ਦੇ ਜਨਾਜ਼ੇ ਚ ਭਗਦੜ, 35 ਮੌਤਾਂ, 48 ਜਣੇ ਫੱਟੜ
ਕੋਰਟ ਰੂਮ ''ਚ ਮੌਜੂਦ ਸੀਨੀਅਰ ਪੱਤਰਕਾਰ ਸੁਚਿਤਰਾ ਮੋਹੰਤੀ ਨੇ ਦੱਸਿਆ ਕਿ ਅਦਾਲਤ ਨੇ ਵੀਡੀਓ ਕਾਨਫਰੰਸਿਗ ਦੇ ਰਾਹੀਂ ਦੋਸ਼ੀਆਂ ਦਾ ਪੱਖ ਸੁਣਿਆ।
ਇਸ ਦੌਰਾਨ ਮੀਡੀਓ ਨੂੰ ਵੀਡੀਓ ਕਾਨਫਰਿੰਸਗ ਰੂਮ ਤੋਂ ਜਾਣ ਲਈ ਕਿਹਾ ਗਿਆ ਸੀ।ਦੇਸ਼ ਦੀ ਰਾਜਧਾਨੀ ਦਿੱਲੀ ਚ 16 ਦਸੰਬਰ 2012 ਨੂੰ ਹੋਏ ਨਿਰਭਿਆ ਮਾਮਲੇ ਦੇ ਚਾਰੇ ਦੋਸ਼ੀਆਂ ਦੀ ਮੌਤ ਦਾ ਵਾੰਰਟ ਜਾਰੀ ਹੋ ਗਿਆ ਹੈ।
ਪਟਿਆਲਾ ਹਾਊਸ ਅਦਾਲਤ ਨੇ ਫਾਂਸੀ ਲਈ 22 ਜਨਵਰੀ, 2020 ਦੀ ਤਾਰੀਕ ਤੇ ਸਮਾਂ ਸਵੇਰੇ 7 ਵਜੇ ਦਾ ਤੈਅ ਕੀਤਾ ਹੈ।
ਨਿਰਭਿਆ ਬਲਾਤਕਾਰ ਮਾਮਲਾ
16 ਦਸੰਬਰ 2012 ਤੋਂ ਬਾਅਦ ਦੇਸ ''ਚ ਕਦੇ ਵੀ ਕਿਸੇ ਨੰਨੀ ਬੱਚੀ, ਕੁੜੀ ਜਾਂ ਫਿਰ ਕਿਸੇ ਮਹਿਲਾ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਤਾਂ ਹਰ ਇੱਕ ਮਾਮਲੇ ਨੂੰ ਨਿਰਭਿਆ ਗੈਂਗਰੇਪ ਮਾਮਲੇ ਨਾਲ ਤੁਲਨਾ ਕਰਕੇ ਵੇਖਿਆ ਗਿਆ।
ਕਠੁਆ ਗੈਂਗਰੇਪ ਹੋਵੇ ਜਾਂ ਫਿਰ ਉਨਾਓ ਬਲਾਤਕਾਰ ਮਾਮਲਾ ਜਾਂ ਫਿਰ ਹਾਲ ''ਚ ਹੀ ਵਾਪਰਿਆ ਹੈਦਰਾਬਾਦ ਸਮੂਹਿਕ ਬਲਾਤਕਾਰ ਮਾਮਲਾ, ਅਜਿਹੇ ਹਰ ਗ਼ੈਰ-ਮਨੁੱਖੀ ਕਾਰੇ ਦੀ ਹੱਦ ਜਾਣਨ ਲਈ ਨਿਰਭਿਆ ਸਮੂਹਿਕ ਬਲਾਤਕਾਰ ਨਾਲ ਇਨ੍ਹਾਂ ਦੀ ਤੁਲਨਾ ਕੀਤੀ ਗਈ ਹੈ।
ਨਿਰਭਿਆ ਸਮੂਹਿਕ ਬਲਾਤਕਾਰ ਮਾਮਲਾ ਦਿੱਲੀ ''ਚ ਵਾਪਰਿਆ ਸੀ ਅਤੇ ਜਿਸ ਕਿਸੇ ਨੇ ਵੀ ਇਸ ਪੂਰੇ ਗ਼ੈਰ-ਮਨੁੱਖੀ ਕਾਰੇ ਬਾਰੇ ਜਾਣਿਆ ਉਸ ਦੇ ਰੌਂਗਟੇ ਖੜ੍ਹੇ ਹੋਏ ਹਨ।
ਜਿਸ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਖ਼ਬਰਾਂ, ਟੀ.ਵੀ. ਜਾਂ ਫਿਰ ਕਿਸੇ ਦੀ ਜ਼ੁਬਾਨੀ ਪਤਾ ਲੱਗਿਆ, ਉਸ ਹਰ ਵਿਅਕਤੀ ਨੂੰ ਇਹ ਸਮਝਣ ''ਚ ਮੁਸ਼ਕਲ ਹੋ ਰਹੀ ਸੀ ਕਿ ਕੋਈ ਇੱਕ ਮਨੁੱਖ ਦੂਜੇ ਮਨੱਖ ਨਾਲ ਅਜਿਹਾ ਹੈਵਾਨੀਅਤ ਵਾਲਾ ਕਾਰਾ ਕਿਵੇਂ ਕਰ ਸਕਦਾ ਹੈ।
ਸਾਲ 2012 ''ਚ ਵਾਪਰੀ ਇਸ ਘਟਨਾ ''ਚ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ।
ਇਨ੍ਹਾਂ ਛੇ ਦੋਸ਼ੀਆਂ ''ਚੋਂ ਇੱਕ ਨੇ ਤਾਂ ਜੇਲ੍ਹ ''ਚ ਹੀ ਖ਼ੁਦਕੁਸ਼ੀ ਕਰ ਲਈ। ਇੱਕ ਨਾਬਾਲਿਗ ਸੀ, ਜਿਸ ਕਰਕੇ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ। ਜਦਕਿ ਬਾਕੀ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ।
https://www.youtube.com/watch?v=hcyT-N7ywtM
ਰਾਮ ਸਿੰਘ
ਰਾਮ ਸਿੰਘ ਉਹ ਸ਼ਖ਼ਸ ਹੈ ਜਿਸ ਨੂੰ ਇਸ ਮਾਮਲੇ ਦਾ ਮੁੱਖ ਦੋਸ਼ੀ ਦੱਸਿਆ ਗਿਆ ਸੀ। ਮਾਰਚ 2013 ''ਚ ਤਿਹਾੜ ਜੇਲ੍ਹ ''ਚ ਸ਼ੱਕੀ ਹਾਲਾਤਾਂ ''ਚ ਉਸ ਦੀ ਲਾਸ਼ ਬਰਾਮਦ ਹੋਈ ਸੀ।
ਪੁਲਿਸ ਮੁਤਾਬਕ ਰਾਮ ਸਿੰਘ ਨੇ ਜੇਲ੍ਹ ''ਚ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ ਸੀ, ਪਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਅਤੇ ਰਾਮ ਸਿੰਘ ਦੇ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਸ ਦਾ ਯੋਜਨਾਬੱਧ ਢੰਗ ਨਾਲ ਕਤਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਮ ਸਿੰਘ ਜੋ ਕਿ ਬੱਸ ਡਰਾਇਵਰ ਸੀ, ਉਹ ਦੱਖਣੀ ਦਿੱਲੀ ਦੀ ਰਵੀਦਾਸ ਝੁੱਗੀ ਝੋਂਪੜੀ ਕਾਲੋਨੀ ''ਚ ਰਹਿੰਦਾ ਸੀ। 16 ਦਸੰਬਰ 2012 ਨੂੰ ਜਦੋਂ ਨਿਰਭਿਆ ਨਾਲ ਇਹ ਸਭ ਹੋਇਆ ਉਸ ਸਮੇਂ ਰਾਮ ਸਿੰਘ ਹੀ ਬੱਸ ਚਾਲਕ ਸੀ। ਇਸ ਗੈਂਗਰੇਪ ਤੋਂ ਬਾਅਦ ਅਤੇ ਗੰਭੀਰ ਅੰਦਰੂਨੀ ਸੱਟਾਂ ਕਾਰਨ ਕੁਝ ਦਿਨਾਂ ਬਾਅਦ ਹੀ ਨਿਰਭਿਆ ਦੀ ਮੌਤ ਹੋ ਗਈ ਸੀ।
ਰਾਮ ਸਿੰਘ ਦੇ ਗੁਆਂਢੀਆਂ ਦਾ ਕਹਿਣਾ ਸੀ ਕਿ ਉਹ ਇੱਕ ਸ਼ਰਾਬੀ ਸੀ ਅਤੇ ਹਰ ਕਿਸੇ ਨਾਲ ਝਗੜਾ ਕਰਨਾ ਉਸ ਦੀ ਆਮ ਆਦਤ ਸੀ। ਰਾਮ ਸਿੰਘ ਦਾ ਪਰਿਵਾਰ ਰਾਜਸਥਾਨ ਤੋਂ ਸੀ ਅਤੇ 20 ਸਾਲ ਪਹਿਲਾਂ ਦਿੱਲੀ ਆ ਕੇ ਵਸ ਗਿਆ ਸੀ। ਰਾਮ ਸਿੰਘ ਦੇ ਪੰਜ ਭਰਾ ਹਨ ਅਤੇ ਉਹ ਤੀਜੇ ਨੰਬਰ ''ਤੇ ਸੀ। ਰਾਮ ਸਿੰਘ ਸਕੂਲ ਤਾਂ ਗਿਆ ਪਰ ਉਹ ਸਿੱਖਿਆ ਹਾਸਲ ਨਾ ਕਰ ਸਕਿਆ।
ਦੱਸਣਯੋਗ ਹੈ ਕਿ ਨਿਰਭਿਆ ਸਮੂਹਿਕ ਬਲਾਤਕਾਰ ਮਾਮਲੇ ''ਚ ਰਾਮ ਸਿੰਘ ਦੀ ਗ੍ਰਿਫਤਾਰੀ ਸਭ ਤੋਂ ਪਹਿਲਾਂ ਹੋਈ ਸੀ।
ਮੁਕੇਸ਼ ਸਿੰਘ
ਮੁਕੇਸ਼ ਸਿੰਘ ਰਾਮ ਸਿੰਘ ਦਾ ਹੀ ਸਕਾ ਭਰਾ ਸੀ। ਮੁਕੇਸ਼ ਸਾਰਾ ਸਮਾਂ ਆਪਣੇ ਵੱਡੇ ਭਰਾ ਰਾਮ ਸਿੰਘ ਨਾਲ ਹੀ ਰਹਿੰਦਾ ਸੀ। ਉਹ ਕਦੇ ਬਤੌਰ ਬੱਸ ਡਰਾਇਵਰ ਅਤੇ ਕਦੇ ਕਲੀਨਰ ਦਾ ਕੰਮ ਕਰਦਾ ਸੀ।ਮੁਕੇਸ਼ ਦੇ ਸਿਰ ਨਿਰਭਿਆ ਅਤੇ ਉਸ ਦੇ ਦੋਸਤ ਨੂੰ ਲੋਹੇ ਦੀ ਰਾਡ ਨਾਲ ਕੁੱਟਣ ਦਾ ਦੋਸ਼ ਆਇਦ ਹੋਇਆ ਸੀ। ਬਲਕਿ ਮੁਕੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਸੁਣਵਾਈ ਦੌਰਾਨ ਮੁਕੇਸ਼ ਨੇ ਬਿਆਨ ਦਿੱਤਾ ਸੀ ਕਿ ਘਟਨਾ ਵਾਲੀ ਰਾਤ ਉਹ ਬੱਸ ਚਲਾ ਰਿਹਾ ਸੀ ਅਤੇ ਬੱਸ ''ਚ ਮੌਜੂਦ ਦੂਜੇ ਚਾਰਾਂ ਨੇ ਨਿਰਭਿਆ ਨਾਲ ਬਲਾਤਕਾਰ ਕੀਤਾ ਅਤੇ ਨਾਲ ਹੀ ਉਸ ਦੇ ਦੋਸਤ ਦੀ ਕੁੱਟ-ਮਾਰ ਵੀ ਕੀਤੀ। ਪਰ ਅਦਾਲਤ ਨੇ ਮੁਕੇਸ਼ ਨੂੰ ਵੀ ਇਸ ਮਾਮਲੇ ''ਚ ਦੋਸ਼ੀ ਕਰਾਰ ਦਿੱਤਾ ਅਤੇ ਮੌਤ ਦੀ ਸਜ਼ਾ ਸੁਣਾਈ।
ਵਿਨੈ ਸ਼ਰਮਾ
ਵਿਨੈ ਸ਼ਰਮਾ ਜਿਸ ਦੀ ਉਮਰ 26 ਸਾਲ ਸੀ, ਉਹ ਇੱਕ ਜਿਮ ''ਚ ਇੰਸਟਰਕਟਰ ਦੀ ਨੌਕਰੀ ਕਰਦਾ ਸੀ। ਵਿਨੈ ਰਾਮ ਸਿੰਘ ਦਾ ਹੀ ਗੁਆਂਢੀ ਸੀ। ਨਿਰਭਿਆ ਬਲਾਤਕਾਰ ਮਾਮਲੇ ''ਚ ਸਾਰੇ ਦੋਸ਼ੀਆਂ ''ਚੋਂ ਵਿਨੈ ਹੀ ਅਜਿਹਾ ਦੋਸ਼ੀ ਸੀ ਜਿਸ ਨੇ ਆਪਣੀ ਸਕੂਲੀ ਸਿੱਖਿਆ ਮੁਕੰਮਲ ਕੀਤੀ ਸੀ।
ਸਾਲ 2013 ਦੀਆਂ ਗਰਮੀਆਂ ''ਚ ਵਿਨੈ ਨੇ ਕਾਲੇਜ ਦੇ ਪਹਿਲੇ ਸਾਲ ਦੀ ਪ੍ਰੀਖਿਆ ਲਈ ਇਮਤਿਹਾਨ ਦੇਣ ਲਈ ਇੱਕ ਮਹੀਨੇ ਦੀ ਜ਼ਮਾਨਤ ਅਰਜ਼ੀ ਪੇਸ਼ ਕੀਤੀ ਸੀ, ਪਰ ਉਸ ਦੀ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ।
ਸੁਣਵਾਈ ਦੌਰਾਨ ਵਿਨੈ ਨੇ ਦਾਅਵਾ ਕੀਤਾ ਸੀ ਕਿ ਘਟਨਾ ਵਾਲੀ ਰਾਤ ਉਹ ਬੱਸ ''ਚ ਸਵਾਰ ਨਹੀਂ ਸੀ, ਬਲਕਿ ਉਹ ਤਾਂ ਇੱਕ ਹੋਰ ਦੋਸ਼ੀ ਪਵਨ ਗੁਪਤਾ ਨਾਲ ਇੱਕ ਸੰਗੀਤ ਪ੍ਰੋਗਰਾਮ ਵੇਖਣ ਗਿਆ ਸੀ।
ਅਕਸ਼ੇ ਕੁਮਾਰ
34 ਸਾਲਾ ਬੱਸ ਹੈਲਪਰ ਅਕਸ਼ੇ ਠਾਕੁਰ, ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ, ਉਸ ਨੂੰ ਘਟਨਾ ਤੋਂ ਪੰਜ ਦਿਨ ਬਾਅਦ ਯਾਨਿ ਕਿ 21 ਦਸੰਬਰ ਨੂੰ ਬਿਹਾਰ ਤੋਂ ਹਿਰਾਸਤ ''ਚ ਲਿਆ ਗਿਆ ਸੀ।
ਅਕਸ਼ੇ ''ਤੇ ਬਲਾਤਕਾਰ, ਕਤਲ ਅਤੇ ਅਗਵਾ ਕਰਨ ਦੇ ਨਾਲ ਹੀ ਘਟਨਾ ਤੋਂ ਬਾਅਦ ਸਬੂਤ ਰਫਾ ਦਫ਼ਾ ਕਰਨ ਦੇ ਯਤਨਾਂ ''ਚ ਦੋਸ਼ੀ ਠਹਿਰਾਇਆ ਗਿਆ ਸੀ। ਅਕਸ਼ੇ 2012 ''ਚ ਹੀ ਬਿਹਾਰ ਤੋਂ ਦਿੱਲੀ ਆਇਆ ਸੀ। ਅਕਸ਼ੇ ਨੇ ਵੀ ਘਟਨਾ ਵਾਲੀ ਰਾਤ ਉਸ ਬਸ ''ਚ ਨਾ ਹੋਣ ਦਾ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ:
- ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
- ''ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ''
- ਮਾਂ, ਇਹ ਭਾਰਤ ਦੇ ਲੋਕ ਕਿਸ ਤਰ੍ਹਾਂ ਦੇ ਲਗਦੇ ਹਨ-ਬਲਾਗ਼
ਪਵਨ ਗੁਪਤਾ
25 ਸਾਲਾ ਪਵਨ ਗੁਪਤਾ ਪੇਸ਼ੇ ਵੱਜੋਂ ਫਲਾਂ ਦੀ ਦੁਕਾਨ ਚੁਲਾਉਂਦਾ ਸੀ। ਪਵਨ ਨੇ ਵੀ ਆਪਣੇ ਦੂਜੇ ਦੋਸ਼ੀ ਸਾਥੀਆਂ ਦੀ ਤਰ੍ਹਾਂ ਹੀ ਅਦਾਲਤ ''ਚ ਦਾਅਵਾ ਕੀਤਾ ਸੀ ਕਿ ਉਹ ਇਸ ਘਟਨਾ ''ਚ ਸ਼ਾਮਲ ਨਹੀਂ ਹੈ। ਉਹ ਉਸ ਰਾਤ ਵਿਨੈ ਨਾਲ ਇੱਕ ਸੰਗੀਤ ਪ੍ਰੋਗਰਾਮ ''ਚ ਗਿਆ ਸੀ। ਦੂਜੇ ਪਾਸੇ ਅਦਾਲਤ ''ਚ ਬਤੌਰ ਗਵਾਹ ਪੇਸ਼ ਹੋਏ ਪਵਨ ਦੇ ਪਿਤਾ ਹੀਰਾ ਲਾਲ ਨੇ ਆਪਣੇ ਪੁੱਤਰ ਨੂੰ ਬੇਗ਼ੁਨਾਹ ਦੱਸਦਿਆਂ ਕਿਹਾ ਕਿ ਉਸ ਦੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ।
ਹੀਰਾ ਲਾਲ ਨੇ ਕਿਹਾ ਕਿ ਘਟਨਾ ਵਾਲੇ ਦਿਨ ਪਵਨ ਦੁਪਹਿਰ ਦੇ ਸਮੇਂ ਹੀ ਦੁਕਾਨ ਵਧਾ ਕੇ ਘਰ ਚਲਾ ਗਿਆ ਸੀ ਅਤੇ ਰਾਤ ਨੂੰ ਉਹ ਇਕ ਸੰਗੀਤ ਪ੍ਰੋਗਰਾਮ ''ਚ ਗਿਆ ਸੀ।
ਹੀਰਾ ਲਾਲ ਨੇ ਅੱਗੇ ਕਿਹਾ ਕਿ ਉਸ ਰਾਤ ਪਵਨ ਨੇ ਸ਼ਰਾਬ ਪੀਤੀ ਹੋਈ ਸੀ, ਇਸ ਲਈ ਉਹ ਆਪਣੇ ਇਕ ਰਿਸ਼ਤੇਦਾਰ ਦੇ ਨਾਲ ਜਾ ਕੇ ਪਵਨ ਨੂੰ ਘਰ ਲੈ ਆਏ ਸੀ।
ਨਾਬਾਲਗ ਦੋਸ਼ੀ
ਇਸ ਮਾਮਲੇ ''ਚ ਛੇਵਾਂ ਦੋਸ਼ੀ ਘਟਨਾ ਦੇ ਸਮੇਂ ਨਾਬਾਲਗ ਯਾਨਿ ਕਿ 17 ਸਾਲ ਦਾ ਸੀ। ਇਸ ਲਈ ਉਸ ''ਤੇ ਬਤੌਰ ਨਾਬਾਲਗ ਦੋਸ਼ੀ ਮੁਕੱਦਮਾ ਚਲਾਇਆ ਗਿਆ ਸੀ। 31 ਅਗਸਤ ਨੂੰ ਉਸ ਨੂੰ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਤਿੰਨ ਸਾਲ ਦੀ ਸਜ਼ਾ ਭੁਗਤਣ ਲਈ ਉਸ ਨੂੰ ਇੱਕ ਬਾਲ ਸੁਧਾਰ ਘਰ ''ਚ ਭੇਜ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤੀ ਕਾਨੂੰਨ ਤਹਿਤ ਕਿਸੇ ਵੀ ਨਾਬਾਲਗ ਦੋਸ਼ੀ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਨਾਬਾਲਿਗ ਦੋਸ਼ੀ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਅਤੇ 11 ਸਾਲ ਦੀ ਉਮਰ ''ਚ ਉਹ ਦਿੱਲੀ ਆ ਗਿਆ ਸੀ। ਦੱਸਣਯੋਗ ਹੈ ਕਿ ਉਸ ਦਾ ਨਾਂ ਜਨਤਕ ਕੀਤੇ ਜਾਣ ''ਤੇ ਕਾਨੂੰਨੀ ਰੋਕ ਲੱਗੀ ਹੋਈ ਹੈ।
ਨਾਬਾਲਿਗ ਦੋਸ਼ੀ ਦੀ ਮਾਂ ਨੇ ਬੀਬੀਸੀ ਨਾਲ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਆਪਣੇ ਪੁੱਤਰ ਨੂੰ ਆਖਰੀ ਵਾਰ ਗੱਲ ਉਦੋਂ ਹੋਈ ਸੀ ਜਦੋਂ ਉਹ ਦਿੱਲੀ ਲਈ ਰਵਾਨਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਉਹ ਤਾਂ ਸਮਝ ਰਹੇ ਸਨ ਕਿ ਉਹ ਮਰ ਗਿਆ ਹੈ, ਪਰ ਜਦੋਂ ਦਸੰਬਰ 2012 ''ਚ ਪੁਲਿਸ ਨੇ ਉਨ੍ਹਾਂ ਦੇ ਘਰ ਆ ਕੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਜਿਉਂਦਾ ਹੈ ਅਤੇ ਇਕ ਬਲਾਤਕਾਰ ਮਾਮਲੇ ''ਚ ਲੋੜੀਂਦਾ ਹੈ। ਬਾਅਦ ''ਚ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਦੀ ਸੂਚਨਾ ਦਿੱਤੀ।
16 ਦਸੰਬਰ, 2012 ਦਾ ਖੌਫਨਾਕ ਦਿਨ
ਇਹ ਮਾਮਲਾ 16 ਦਸੰਬਰ 2012 ਦਾ ਹੈ, ਜਦੋਂ ਰਾਜਧਾਨੀ ਦਿੱਲੀ ''ਚ 23 ਸਾਲਾ ਨਿਰਭਿਆ ਅਤੇ ਉਸ ਦੇ ਇਕ ਦੋਸਤ ''ਤੇ ਚਲਦੀ ਬੱਸ ''ਚ ਹਮਲਾ ਕੀਤਾ ਗਿਆ। ਨਿਰਭਿਆ ਫਿਜ਼ੀਓਥੈਰੇਪੀ ਦੀ ਵਿਦਾਅਰਥਣ ਸੀ। ਉਸ ਰਾਤ ਨਿਰਭਿਆ ਨਾਲ 6 ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਦੇ ਦੋਸਤ ਦੀ ਕੁੱਟ-ਮਾਰ ਕਰਕੇ ਦੋਵਾਂ ਨੂੰ ਹੀ ਚਲਦੀ ਬੱਸ ''ਚੋਂ ਬਾਹਰ ਸੁੱਟ ਦਿੱਤਾ ਸੀ ।
ਇਸ ਮਾਮਲੇ ''ਚ ਪੁਲਿਸ ਨੇ ਕਾਰਵਾਈ ਕਰਦਿਆਂ ਬੱਸ ਡਰਾਇਵਰ ਸਮੇਤ ਪੰਜ ਲੋਕਾਂ ਨੂੰ ਹਿਰਾਸਤ ''ਚ ਲਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ''ਚ ਇਕ ਨਾਬਾਲਗ ਸੀ , ਜਿਸ ''ਤੇ ਸਭ ਤੋਂ ਵੱਧ ਬੇਰਹਿਮੀ ਕਰਨ ਦਾ ਦੋਸ਼ ਸੀ।
ਇਸ ਘਟਨਾ ਤੋਂ ਬਾਅਦ ਪੀੜ੍ਹਤਾਂ ਨੂੰ ਦਿੱਲੀ ਦੇ ਇਕ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਗੜਦੀ ਹੀ ਜਾ ਰਹੀ ਸੀ। ਇਸ ਘਟਨਾ ਦੇ ਵਿਰੋਧ ''ਚ ਦੇਸ਼ ਭਰ ''ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਇਸ ਦੌਰਾਨ ਹੀ ਪੀੜ੍ਹਤਾ ਦੀ ਵਿਗੜਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਸਿੰਗਾਪੁਰ ਦੇ ਇਕ ਹਸਪਤਾਲ ''ਚ ਜ਼ੇਰੇ ਇਲਾਜ ਭਰਤੀ ਕੀਤਾ ਗਿਆ।
ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ 29 ਦਸੰਬਰ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਫਾਸਟ ਟਰੈਕ ਅਦਾਲਤ ''ਚ ਹੋਈ ਸੁਣਵਾਈ
ਨਿਰਭਿਆ ਗੈਂਗਰੇਪ ਦੀ ਘਟਨਾ ਤੋਂ ਬਾਅਦ ਦੇਸ਼ ਭਰ ''ਚ ਰੋਸ ਭਰ ਗਿਆ ਅਤੇ ਥਾਂ-ਥਾਂ ''ਤੇ ਪ੍ਰਦਰਸ਼ਨ ਕੀਤੇ ਗਏ। ਇਸ ਦੇ ਨਾਲ ਹੀ ਦੇਸ਼ ''ਚ ਬਲਾਤਕਾਰ ਦੇ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਰੱਖੀ ਗਈ।
23 ਦਸੰਬਰ 2012 ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਅਤੇ ਜਲਦ ਤੋਂ ਜਲਦ ਨਿਪਟਾਰੇ ਲਈ ਫਾਸਟ ਟਰੈਕ ਅਦਾਲਤ ਸਥਾਪਿਤ ਕੀਤੀ ਗਈ।
3 ਜਨਵਰੀ 2013 ਨੂੰ ਪੁਲਿਸ ਨੇ ਪੰਜ ਦੋਸ਼ੀਆਂ ਦੇ ਖ਼ਿਲਾਫ 33 ਪੰਨ੍ਹਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਅਤੇ 21 ਜਨਵਰੀ 2013 ਨੂੰ ਕੈਮਰਿਆਂ ਦੀ ਨਿਗਰਾਨੀ ਹੇਠ ਪੰਜਾਂ ਦੋਸ਼ੀਆਂ ਦੇ ਖ਼ਿਲਾਫ ਸੁਣਵਾਈ ਸ਼ੁਰੂ ਕੀਤੀ ਗਈ।
ਛੇਵੇਂ ਦੋਸ਼ੀ, ਜਿਸ ਨੂੰ ਕਿ ਨਾਬਾਲਿਗ ਦੱਸਿਆ ਗਿਆ ਸੀ, ਉਸ ਦੀ ਸੁਣਵਾਈ ਕਰ ਰਹੇ ਜੁਵੇਨਾਇਲ ਜਸਟਿਸ ਬੋਰਡ ਨੇ 28 ਜਨਵਰੀ 2013 ਨੂੰ ਆਪਣੇ ਇੱਕ ਅਹਿਮ ਫ਼ੈਸਲੇ ''ਚ ਉਸ ਨੂੰ ਨਾਬਾਲਗ ਐਲਾਨਿਆ ਅਤੇ 2 ਫਰਵਰੀ 2013 ਨੂੰ ਫਾਸਟ ਟਰੈਕ ਨੇ ਪੰਜਾਂ ਦੋਸ਼ੀਆਂ ਵਿਰੁੱਧ ਦੋਸ਼ ਆਇਦ ਕਰ ਦਿੱਤੇ।
ਇਸ ਮਾਮਲੇ ਦੀ ਸੁਣਵਾਈ ਅਜੇ ਜਾਰੀ ਸੀ ਕਿ 11 ਮਾਰਚ 2013 ਨੂੰ ਰਾਮ ਸਿੰਘ ਨਾਂ ਦੇ ਦੋਸ਼ੀ ਨੇ ਤਿਹਾੜ ਜੇਲ੍ਹ ''ਚ ਖੁਦਕੁਸ਼ੀ ਕਰ ਲਈ।
31 ਅਗਸਤ, 2013 ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਨਾਬਾਲਿਗ ਦੋਸ਼ੀ ਨੂੰ ਬਲਾਤਕਾਰ ਅਤੇ ਕਤਲ ਮਾਮਲੇ ''ਚ ਦੋਸ਼ੀ ਕਰਾਰ ਦਿੰਦਿਆਂ, ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।
3 ਸਤੰਬਰ 2013 ਨੂੰ ਫਾਸਟ ਟਰੈਕ ''ਚ ਬਾਕੀ ਚਾਰ ਦੋਸ਼ੀਆਂ ਦੇ ਖ਼ਿਲਾਫ ਸੁਣਵਾਈ ਮੁਕੰਮਲ ਹੋ ਗਈ। ਦੱਸਣਯੋਗ ਹੈ ਕਿ ਇਸ ਸੁਣਵਾਈ ਦੌਰਾਨ 130 ਬੈਠਕਾਂ ਹੋਈਆਂ ਅਤੇ 100 ਤੋਂ ਵੀ ਵੱਧ ਗਵਾਹੀਆਂ ਦਰਜ ਕੀਤੀਆਂ ਗਈਆਂ ਸਨ।
ਘਟਨਾ ਦੇ ਚਸ਼ਮਦੀਦ ਗਵਾਹ ਵੱਜੋਂ ਮ੍ਰਿਤਕਾਂ ਦੇ ਦੋਸਤ ਨੂੰ ਅਦਾਲਤ ''ਚ ਪੇਸ਼ ਕੀਤਾ ਗਿਆ ਸੀ। ਉਹ ਇਸ ਪੂਰੀ ਘਟਨਾ ਦਾ ਚਸ਼ਮਦੀਦ ਗਵਾਹ ਸੀ ਅਤੇ ਉਸ ਨੇ ਸਭ ਕੁਝ ਆਪਣੀ ਅੱਖੀ ਵੇਖਿਆ ਸੀ।
ਭਾਰਤੀ ਦੰਡ ਸਹਿਤਾ ਤਹਿਤ ਦੋਸ਼ੀਆਂ ਵਿਰੁੱਧ ਕਤਲ, ਸਮੂਹਿਕ ਬਲਾਤਕਾਰ, ਕਤਲ ਦੀ ਕੋਸ਼ਿਸ਼, ਅਗਵਾ, ਗ਼ੈਰ ਕੁਦਰਤੀ ਅਪਰਾਧ, ਡਕੈਤੀ, ਡਕੈਤੀ ਦੌਰਾਨ ਹਿੰਸਾ, ਸਬੂਤ ਮਿਟਾਉਣ ਅਤੇ ਅਪਰਾਧਿਕ ਸਾਜਿਸ਼ ਵਰਗੀਆਂ ਧਾਰਾਵਾਂ ਲਗਾਈਆਂ ਗਈਆਂ ।
ਇਹ ਵੀ ਪੜ੍ਹੋ:
- ਨਿਰਭਿਆ ਦੇ ਨਾਂ ''ਤੇ ਮਦਦ ਦੇਣ ਵਾਲੇ ਖ਼ੁਦ ਮੋਹਤਾਜ
- ਨਿਰਭਿਆ ਕੇਸ꞉ 3 ਦੀ ਮੌਤ ਦੀ ਸਜ਼ਾ ਬਰਕਰਾਰ
- ''ਨਿਰਭਿਆ'' ਤੋਂ ਬਾਅਦ ਉਸ ਦਾ ਬਲਾਤਕਾਰ
ਇਸ ਮਾਮਲੇ ਨਾਲ ਜੁੜੀਆਂ ਅਹਿਮ ਤਰੀਕਾਂ ਅਤੇ ਫ਼ੈਸਲੇ
16 ਦਸੰਬਰ, 2012: 23 ਸਾਲਾ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨਾਲ ਚਲਦੀ ਬੱਸ ''ਚ ਛੇ ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਅਤੇ ਉਸ ਦੇ ਦੋਸਤ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ ਗਈ।ਬਾਅਦ ''ਚ ਦੋਵਾਂ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ।
17 ਦਸੰਬਰ, 2012: ਮੁੱਖ ਦੋਸ਼ੀ ਰਾਮ ਸਿੰਘ, ਜੋ ਕਿ ਬੱਸ ਡਰਾਇਵਰ ਵੀ ਸੀ, ਉਸ ਨੂੰ ਹਿਰਾਸਤ ''ਚ ਲਿਆ ਗਿਆ। ਅਗਲੇ ਕੁਝ ਦਿਨਾਂ ''ਚ ਰਾਮ ਸਿੰਘ ਦੇ ਭਰਾ ਮੁਕੇਸ਼ ਸਿੰਘ, ਜਿਮ ਇੰਸਟਰਕਟਰ ਵਿਨੈ ਸ਼ਰਮਾ, ਬੱਸ ਹੈਲਪਰ ਅਕਸ਼ੇ ਕੁਮਾਰ ਸਿੰਘ, ਫਲ ਵੇਚਣ ਵਾਲਾ ਪਵਨ ਗੁਪਤਾ ਅਤੇ ਇੱਕ 17 ਸਾਲਾ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ ਗਿਆ।
29 ਦਸੰਬਰ, 2012: ਸਿੰਗਾਪੁਰ ਦੇ ਇੱਕ ਹਸਪਤਾਲ ''ਚ ਪੀੜ੍ਹਤਾ ਦੀ ਮੌਤ ਅਤੇ ਉਸ ਦੀ ਲਾਸ਼ ਨੂੰ ਦਿੱਲੀ ਲਿਆਂਦਾ ਗਿਆ।
11 ਮਾਰਚ, 2013: ਦੋਸ਼ੀ ਰਾਮ ਸਿੰਘ ਦੀ ਤਿਹਾੜ ਜੇਲ੍ਹ ''ਚ ਸ਼ੱਕੀ ਹਾਲਾਤ ''ਚ ਮੌਤ ਅਤੇ ਪੁਲਿਸ ਵੱਲੋਂ ਇਸ ਨੂੰ ਖੁਦਕੁਸ਼ੀ ਦਾ ਨਾਂ ਦਿੱਤਾ ਜਾਣਾ। ਪਰ ਬਚਾਅ ਪੱਖ ਦੇ ਵਕੀਲ ਅਤੇ ਰਿਸ਼ਤੇਦਾਰਾਂ ਵੱਲੋਂ ਇਸ ਨੂੰ ਯੋਜਨਾਬੱਧ ਕਤਲ ਦੱਸਿਆ ਗਿਆ।
31 ਅਗਸਤ, 2013: ਜੁਵੇਨਾਇਲ ਜਸਟਿਸ ਬੋਰਡ ਵੱਲੋਂ ਨਾਬਾਲਿਗ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਨਾਬਾਲਿਗ ਦੋਸ਼ੀ ਨੂੰ ਸਜ਼ਾ ਭੁਗਤਣ ਲਈ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ।
13 ਸਤੰਬਰ, 2013: ਹੇਠਲੀ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਦੋਸ਼ੀਆਂ ਕਰਾਰ ਦਿੱਤਾ ਅਤੇ ਫਾਂਸੀ ਦੀ ਸਜ਼ਾ ਸੁਣਾਈ।
13 ਮਾਰਚ, 2014: ਦਿੱਲੀ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਮਾਰਚ-ਜੂਨ 2014: ਦੋਸ਼ੀਆਂ ਨੇ ਸੁਪਰੀਮ ਕੋਰਟ ''ਚ ਆਪਣੀ ਸਜ਼ਾ ''ਤੇ ਮੁੜ ਵਿਚਾਰ ਕਰਨ ਲਈ ਪਟੀਸ਼ਨ ਦਾਇਰ ਕੀਤੀ ਅਤੇ ਸੁਪਰੀਮ ਕੋਰਟ ਨੇ ਫ਼ੈਸਲਾ ਆਉਣ ਤੱਕ ਉਨ੍ਹਾਂ ਦੀ ਫਾਂਸੀ ਦੀ ਸਜ਼ਾ ''ਤੇ ਰੋਕ ਲਗਾ ਦਿੱਤੀ।
ਮਈ 2014: ਸੁਪਰੀਮ ਕੋਰਟ ਨੇ ਹਾਈ ਕੋਰਟ ਅਤੇ ਟਰਾਇਲ ਕੋਰਟ ਵੱਲੋਂ ਦਿੱਤੀ ਗਈ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਜੁਲਾਈ 2018: ਸੁਪਰੀਮ ਕੋਰਟ ਨੇ ਤਿੰਨ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨ ਨੂੰ ਰੱਦ ਕਰ ਦਿੱਤਾ।
6 ਦਸੰਬਰ 2019: ਕੇਂਦਰ ਸਰਕਾਰ ਨੇ ਇੱਕ ਦੋਸ਼ੀ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਅੱਗੇ ਪੇਸ਼ ਕੀਤੀ ਅਤੇ ਨਾਲ ਹੀ ਇਸ ਨੂੰ ਨਾਮਨਜ਼ੂਰ ਕਰਨ ਦੀ ਸਿਫਾਰਿਸ਼ ਵੀ ਕੀਤੀ।
12 ਦਸੰਬਰ, 2019: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਜੇਲ੍ਹ ਪ੍ਰਸ਼ਾਸਨ ਨੂੰ ਜੱਲਾਦ ਮੁੱਹਈਆ ਕਰਵਾਉਣ ਲਈ ਗੁਜ਼ਾਰਿਸ਼ ਕੀਤੀ।
13 ਦਸੰਬਰ, 2019: ਨਿਰਭਿਆ ਦੀ ਮਾਂ ਵੱਲੋਂ ਪਟਿਆਲਾ ਹਾਊਸ ਕੋਰਟ ''ਚ ਦੋਸ਼ੀਆਂ ਦੀ ਫਾਂਸੀ ਦੀ ਮਿਤੀ ਤੈਅ ਕਰਨ ਸੰਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ। ਜਿਸ ''ਚ ਚਾਰੇ ਦੋਸ਼ੀ ਵੀਡੀਓ ਕਾਨਫਰੰਸ ਰਾਹੀਂ ਪਟਿਆਲਾ ਹਾਊਸ ਕੋਰਟ ''ਚ ਪੇਸ਼ ਹੋਏ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=K6dqIIDF8y0
https://www.youtube.com/watch?v=0X7dajB9uSg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)