Faiz - Pash: ਸੀਏਏ ਮਾਮਲੇ ''''ਚ ਉਰਦੂ ਕਵੀ ਫ਼ੈਜ਼ ਤੇ ਪੰਜਾਬੀ ਕਵੀ ਪਾਸ਼ ਦੀ ਚਰਚਾ

Thursday, Jan 02, 2020 - 07:31 PM (IST)

ਫ਼ੈਜ਼ ਅਹਿਮਦ ਫ਼ੈਜ਼
BBC
ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ਹਿੰਦੂ ਵਿਰੋਧੀ ਹੈ ਜਾਂ ਨਹੀਂ?

ਹਿੰਦੀ ਦੇ ਉੱਘੇ ਆਲੋਚਕ, ਲੇਖਕ ਅਤੇ ਵਿਦਵਾਨ ਡਾ. ਨਾਮਵਰ ਸਿੰਘ (1926-2019) ਨੇ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ (1950-1988) ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਾਸ਼ ''ਸਰਾਪਿਆ'' ਹੋਇਆ ਕਵੀ ਸੀ।

ਪਾਸ਼, ਇੱਕ ਅਜਿਹਾ ਇਨ਼ਕਲਾਬੀ ਪੰਜਾਬੀ ਕਵੀ ਸੀ, ਜਿਸਨੇ ''ਸਭ ਸੇ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ'' ਜਿਹੀ ਕਵਿਤਾ ਲਿਖੀ। ਅਮ੍ਰਿਤਾ ਪ੍ਰੀਤਮ ਦੇ ਨਾਲ, ਪਾਸ਼ ਦੂਜੇ ਅਜਿਹੇ ਪੰਜਾਬੀ ਕਵੀ ਸਨ, ਜਿਸ ਨੂੰ ਹਿੰਦੀ ਵਾਲੇ ਵੀ ਉਨ੍ਹਾਂ ਹੀ ਆਪਣਾ ਮੰਨਦੇ ਹਨ ਜਿੰਨ੍ਹੇ ਪੰਜਾਬੀ।

ਪਾਸ਼ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ (1984) ਤੋਂ ਬਾਅਦ ਲਿਖਿਆ ਸੀ :

"ਮੈਂ ਉਮਰ ਭਰ ਓਸਦੇ ਖਿਲਾਫ਼ ਸੋਚਿਆ ਤੇ ਲਿਖਿਆ

ਜੇ ਓਸਦੇ ਸੋਗ ਵਿੱਚ ਸਾਰਾ ਹੀ ਭਾਰਤ ਸ਼ਾਮਿਲ ਹੈ

ਤਾਂ ਮੇਰਾ ਨਾਮ ਇਸ ਮੁਲਕ ਵਿਚੋਂ ਕੱਟ ਦਿਓ,

ਜੇ ਓਸਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ,

ਤਾਂ ਮੇਰਾ ਨਾਮ ਓਸ ਵਿਚੋਂ ਹੁਣੇ ਕੱਟ ਦਿਓ "

ਪਰ ਇਹ ਵੀ ਕਿਨ੍ਹਾਂ ਅਜੀਬ ਹੈ ਕਿ ਇੰਦਰਾ ਗਾਂਧੀ ਦੇ ਬਾਰੇ ਅਜਿਹੀ ਕਵਿਤਾ ਲਿੱਖਣ ਵਾਲੇ ਪਾਸ਼ ਨੂੰ 23 ਮਾਰਚ 1988 ਨੂੰ ਕੱਟੜਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਕਵਿਤਾ ਪੜ੍ਹ ਰਹੇ ਸਨ। ਉਸ ਸਮੇਂ, ਉਨ੍ਹਾਂ ਦੀ ਉਮਰ ਸਿਰਫ਼ 38 ਸਾਲ ਸੀ। ਸ਼ਾਇਦ ਇਹੀ ਕਾਰਨ ਸੀ ਕਿ ਨਾਮਵਰ ਸਿੰਘ ਨੇ ਉਨ੍ਹਾਂ ਨੂੰ ''ਸਰਾਪਿਆ'' ਕਵੀ ਕਿਹਾ।

ਇਹ ਵੀ ਪੜ੍ਹੋ

ਪਾਸ਼ ਅਤੇ ਫ਼ੈਜ਼

ਦਰਅਸਲ, ਆਈਆਈਟੀ ਕਾਨਪੁਰ ਨੇ ਉਰਦੂ ਦੇ ਮਹਾਨ ਕਵੀ ਫੈਜ਼ ਅਹਿਮਦ ਫੈਜ਼ (1911-1984) ਦੀ ਇੱਕ ਮਸ਼ਹੂਰ ਕਵਿਤਾ ''ਹਮ ਦੇਖੇਂਗੇ'' ''ਤੇ ਜਾਂਚ ਬਿਠਾ ਦਿੱਤੀ ਹੈ। ਜਾਂਚ ਕਮੇਟੀ ਨੇ ਇਹ ਫੈਸਲਾ ਕਰਨਾ ਹੈ ਕਿ ਉਨ੍ਹਾਂ ਦੀ ਇਹ ਕਵਿਤਾ ਹਿੰਦੂ ਵਿਰੋਧੀ ਹੈ ਜਾਂ ਨਹੀਂ।

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। 15 ਦਸੰਬਰ ਨੂੰ ਦਿੱਲੀ ਦੇ ਜਾਮੀਆ ਇਲਾਕੇ ''ਚ ਇਸ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋਇਆ ਸੀ, ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਯਾਨਿ ਜਾਮੀਆ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਵੀ ਸ਼ਾਮਲ ਸਨ।

ਇਸ ਸਮੇਂ ਦੌਰਾਨ, ਪੁਲਿਸ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਅਤੇ ਹੋਸਟਲ ਵਿੱਚ ਜਾ ਕੇ ਮਹਿਲਾ ਵਿਦਿਆਰਥੀਆਂ ਸਮੇਤ ਬਹੁਤ ਸਾਰੇ ਲੋਕਾਂ ਦੀ ਕੁੱਟਮਾਰ ਕੀਤੀ ਸੀ।

ਜਨਰਲ ਜ਼ਿਆ-ਉੱਲ-ਹਕ਼
Getty Images
ਜਨਰਲ ਜ਼ਿਆ-ਉੱਲ-ਹਕ਼

ਆਈਆਈਟੀ ਪ੍ਰਬੰਧਨ ਨੇ ਕਿਉਂ ਬਿਠਾਈ ਜਾਂਚ?

ਜਦੋਂ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਜਾਮੀਆ ਦੇ ਵਿਦਿਆਰਥੀਆਂ ਦੇ ਸਮਰਥਨ ''ਚ ਦੇਸ਼ ਦੇ ਕਈ ਸਿੱਖਿਅਕ ਸੰਸਥਾਵਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਨੇ ਵੀ 17 ਦਸੰਬਰ ਨੂੰ ਆਪਣੇ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਕੁਝ ਵਿਦਿਆਰਥੀਆਂ ਨੇ ਫੈਜ਼ ਦੀ ਨਜ਼ਮ ''ਹਮ ਦੇਖੇਂਗੇ'' ਗਾਈ।

ਹੁਣ ਆਈਆਈਟੀ ਕਾਨਪੁਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਅਗਰਵਾਲ ਦੇ ਅਨੁਸਾਰ, ਕੁਝ ਵਿਦਿਆਰਥੀਆਂ ਨੇ ਆਈਆਈਟੀ ਡਾਇਰੈਕਟਰ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਹੈ ਕਿ ਕੈਂਪਸ ਵਿੱਚ ਹਿੰਦੂ-ਵਿਰੋਧੀ ਕਵਿਤਾ ਪੜ੍ਹੀ ਗਈ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ, ਇਸ ਕਵਿਤਾ ਨੂੰ ਪੜ੍ਹਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਆਈਆਈਟੀ ਮੈਨੇਜਮੈਂਟ ਨੇ ਇਸ ''ਤੇ ਜਾਂਚ ਬਿਠਾ ਦਿੱਤੀ ਹੈ।

ਹੁਣ ਇਹ ਵੀ ਇਕ ਅਜੀਬ ਇਤਫ਼ਾਕ ਹੈ ਕਿ ਫੈਜ਼ ਇੱਕ ਘੋਸ਼ਿਤ ਕਮਿਉਨਿਸਟ ਸੀ। ਉਨ੍ਹਾਂ ਦੀ ਮਸ਼ਹੂਰ ਕਵਿਤਾ ''ਹਮ ਦੇਖੇਂਗੇ'', ਜਿਸਦਾ ਜ਼ਿਕਰ ਹੋ ਰਿਹਾ ਹੈ, ਉਹ ਉਨ੍ਹਾਂ 1979 ''ਚ ਲਿਖੀ ਸੀ। ਇਹ ਕਵਿਤਾ ਤਤਕਾਲੀ ਪਾਕਿਸਤਾਨ ਦੇ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੇ ਖਿਲਾਫ਼ ਲਿਖੀ ਗਈ ਸੀ।

1984 ''ਚ ਫੈਜ਼ ਦੀ ਮੌਤ ਹੋ ਗਈ ਅਤੇ 1986 ''ਚ ਲਾਹੌਰ ਦੇ ਅਲ-ਹਮਰਾ ਆਰਟ੍ਸ ਕਾਉਂਸਲ ਦੇ ਆਡੀਟੋਰੀਅਮ ''ਚ ਗ਼ਜ਼ਲ ਗਾਇਕ ਇਕ਼ਬਾਲ ਬਾਨੋ (1935-2009) ਨੇ ਗਾ ਕੇ ਇਸ ਨਜ਼ਮ ਨੂੰ ਅਮਰ ਕਰ ਦਿੱਤਾ।

ਗ਼ਜ਼ਲ ਗਾਇਕ ਇਕ਼ਬਾਲ ਬਾਨੋ
BBC
ਗ਼ਜ਼ਲ ਗਾਇਕ ਇਕ਼ਬਾਲ ਬਾਨੋ (1935-2009) ਨੇ ਗਾ ਕੇ ਇਸ ਨਜ਼ਮ ਨੂੰ ਅਮਰ ਕਰ ਦਿੱਤਾ।

ਫੌਜੀ ਤਾਨਾਸ਼ਾਹ ਦੇ ਵਿਰੁੱਧ ਲਿਖੀ ਗਈ ਸੀ ਇਹ ਕਵਿਤਾ

ਜ਼ਿਕਰਯੋਗ ਹੈ ਕਿ ਜ਼ਿਆ ਦੇ ਦੌਰ ''ਚ, ਪਾਕਿਸਤਾਨੀ ਔਰਤਾਂ ਲਈ ਸਾੜੀ ਪਾਉਣ ''ਤੇ ਪਾਬੰਦੀ ਸੀ ਕਿਉਂਕਿ ਇਸ ਨੂੰ ਗੈਰ-ਇਸਲਾਮੀ ਕਿਹਾ ਜਾਂਦਾ ਸੀ।

ਇਕ਼ਬਾਲ ਬਾਨੋ ਨੇ ਤਾਨਾਸ਼ਾਹੀ ਦੇ ਵਿਰੋਧ ਵਿੱਚ ਚਿੱਟੇ ਰੰਗ ਦੀ ਸਾੜੀ ਪਾ ਕੇ ਨਜ਼ਮ ਨੂੰ ਗਾਇਆ ਸੀ।

ਉਸੇ ਪ੍ਰੋਗਰਾਮ ਦੀ ਰਿਕਾਰਡਿੰਗ ਚੋਰੀ ਛਿਪੇ ਪਾਕਿਸਤਾਨ ਤੋਂ ਸੱਮਗਲ ਕੀਤੀ ਗਈ ਸੀ ਅਤੇ ਫਿਰ ਪੂਰੀ ਦੁਨੀਆ ਤੱਕ ਪਹੁੰਚਾਈ ਗਈ ਸੀ।

ਇੱਕ ਘੋਸ਼ਿਤ ਕਮਿਉਨਿਸਟ ਦੀ ਇੱਕ ਫੌਜੀ ਤਾਨਾਸ਼ਾਹ ਦੇ ਵਿਰੋਧ ਵਿੱਚ ਲਿਖੀ ਗਈ ਕਵਿਤਾ ਨੂੰ ਅੱਜ ਭਾਰਤ ''ਚ ਕੁਝ ਲੋਕ ਹਿੰਦੂ ਵਿਰੋਧੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਪਤਾ ਨਹੀਂ ਹੈ ਕਿ ਕਮੇਟੀ ਦਾ ਫੈਸਲਾ ਕੀ ਆਏਗਾ, ਪਰ ਇਸ ਅਧਾਰ ''ਤੇ ਬਿਠਾਈ ਗਈ ਜਾਂਚ ਆਪਣੇ ਆਪ ਵਿੱਚ ਇਕ ਸਪਸ਼ਟ ਸੰਕੇਤ ਹੈ ਕਿ ਭਾਰਤ ਵਿੱਚ ਅੱਜ ਜਿਸ ਵਿਚਾਰਧਾਰਾ ਦੀ ਸਰਕਾਰ ਹੈ, ਉਹ ਵੀ ਉਨ੍ਹੀਂ ਹੀ ਦੱਖਣ-ਪੰਥੀ ਹੈ ਜਿੰਨੀ ਉਸ ਵੇਲੇ ਪਾਕਿਸਤਾਨ ''ਚ ਸੀ ਜਦੋਂ ਫ਼ੈਜ਼ ਨੇ ਇਹ ਕਵਿਤਾ ਲਿਖੀ ਸੀ।

ਪ੍ਰੋਫੈਸਰ ਇਰਫ਼ਾਨ ਹਬੀਬ ਦੀ ਕਿਉਂ ਹੋ ਰਹੀ ਚਰਚਾ?

ਸਿਰਫ ਫੈਜ਼ ਹੀ ਨਹੀਂ, ਵਿਸ਼ਵ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਇਰਫ਼ਾਨ ਹਬੀਬ ਵੀ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ।

ਜੋ ਕੱਲ੍ਹ ਤੱਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਹ ਵੀ ਪ੍ਰੋਫੈਸਰ ਇਰਫ਼ਾਨ ਹਬੀਬ ਦੇ ਪ੍ਰਸ਼ੰਸਕਾਂ ਵਿੱਚ ਸ਼ਾਮਲ ਹੋ ਗਏ ਹਨ।

ਮਾਮਲਾ ਇਹ ਹੈ ਕਿ ਇੰਡੀਅਨ ਹਿਸਟਰੀ ਕਾਂਗਰਸ ਦਾ ਸਾਲਾਨਾ ਸੈਸ਼ਨ ਕੇਰਲ ਦੀ ਕਨੂਰ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਸੀ। ਮਹਿਮਾਨਾਂ ਵਿੱਚ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਵੀ ਸ਼ਾਮਲ ਹੋਏ।

ਆਰਿਫ਼ ਮੁਹੰਮਦ ਖ਼ਾਨ
BBC
ਆਰਿਫ਼ ਮੁਹੰਮਦ ਖ਼ਾਨ

ਆਰਿਫ਼ ਮੁਹੰਮਦ ਖ਼ਾਨ ਅਤੇ ਇਰਫ਼ਾਨ ਹਬੀਬ ਵਿਚਕਾਰ ਕੀ ਹੋਇਆ ਸੀ?

ਆਰਿਫ਼ ਮੁਹੰਮਦ ਖ਼ਾਨ ਨੇ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ, "ਦੇਸ਼ ਦੀ ਵੰਡ ਗੰਦਗੀ ਵਹਾ ਲੈ ਗਈ ਪਰ ਕੁਝ ਟੋਏ ਬੱਚ ਗਏ ਹਨ, ਜਿਸ ਵਿੱਚ ਪਾਣੀ ਬੱਚ ਗਿਆ ਹੈ ਅਤੇ ਹੁਣ ਉਸ ਪਾਣੀ ''ਚੋਂ ਬਦਬੂ ਆ ਰਹੀ ਹੈ।"

ਮੰਚ ''ਤੇ ਬੈਠੇ ਇਰਫ਼ਾਨ ਹਬੀਬ ਨੇ ਰਾਜਪਾਲ ਖ਼ਾਨ ਦੇ ਇਸ ਬਿਆਨ ਦਾ ਵਿਰੋਧ ਕੀਤਾ। ਰਾਜਪਾਲ ਨੇ ਇਰਫ਼ਾਨ ਹਬੀਬ ''ਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ। ਇਰਫ਼ਾਨ ਹਬੀਬ ਨੇ ਰਾਜਪਾਲ ''ਤੇ ਮੌਲਾਨਾ ਦਾ ਗਲ਼ਤ ਹਵਾਲਾ ਦੇਣ ਅਤੇ ਭਾਰਤੀ ਮੁਸਲਮਾਨਾਂ ਲਈ ਅਸ਼ਲੀਲ ਭਾਸ਼ਾਵਾਂ ਵਰਤਣ ਦਾ ਇਲਜ਼ਾਮ ਲਗਾਇਆ।

ਪਰ ਇੱਥੇ ਮੁੱਦਾ ਇਹ ਨਹੀਂ ਹੈ ਕਿ ਰਾਜਪਾਲ ਨੇ ਗਲਤ ਹਵਾਲਾ ਦਿੱਤਾ ਜਾਂ ਪ੍ਰੋਫੈਸਰ ਇਰਫ਼ਾਨ ਹਬੀਬ ਨੇ ਰਾਜਪਾਲ ਨੂੰ ਰੋਕ ਕੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ।

ਅਸਲ ਮੁੱਦਾ ਇਹ ਹੈ ਕਿ ਪ੍ਰੋਫੈਸਰ ਇਰਫ਼ਾਨ ਹਬੀਬ ਇੱਕ ਘੋਸ਼ਿਤ ਕਮਿਉਨਿਸਟ ਹਨ, ਇੱਥੋਂ ਤੱਕ ਕਿ ਇੱਕ ਕਾਰਡ ਧਾਰਕ ਕਾਮਰੇਡ ਹਨ। ਅਲੀਗੜ੍ਹ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਜ਼ਿੰਦਗੀ ਭਰ ਇਹ ਕਹਿੰਦੇ ਹੋਏ ਉਨ੍ਹਾਂ ਦਾ ਵਿਰੋਧ ਕੀਤਾ ਕਿ ਉਹ ਇਕ ਪੱਕੇ ਕਮਿਉਨਿਸਟ ਹਨ, ਜਿਸਦਾ ਉਨ੍ਹਾਂ ਮੁਤਾਬ਼ਕ ਅਰਥ ਸੀ ਕਿ ਉਹ ਇਸਲਾਮ ਵਿਰੋਧੀ ਹਨ।

ਪਰ ਅੱਜ ਪ੍ਰੋਫੈਸਰ ਹਬੀਬ ਦੇ ਸਮਰਥਕਾਂ ''ਚ ਅਚਾਨਕ ਉਹ ਲੋਕ ਵੀ ਸ਼ਾਮਲ ਹੋ ਗਏ ਹਨ ਜੋ ਉਨ੍ਹਾਂ ਨੂੰ ਕੱਲ੍ਹ ਤੱਕ ਇਸਲਾਮ ਵਿਰੋਧੀ ਕਹਿ ਰਹੇ ਸਨ।

ਪ੍ਰੋਫ਼ੈਸਰ ਇਰਫ਼ਾਨ ਹਬੀਬ
BBC
ਪ੍ਰੋਫ਼ੈਸਰ ਇਰਫ਼ਾਨ ਹਬੀਬ

ਤਾਂ ਕੀ ਸੱਤਾ ਦਾ ਵਿਰੋਧ ਕਰਨ ਵਾਲਾ ''ਸਰਾਪਿਆ'' ਹੁੰਦਾ ਹੈ?

ਇਨ੍ਹਾਂ ਦਿਨੀ ਨਾ ਸਿਰਫ ਫੈਜ਼ ਬਲਕਿ ਪਾਕਿਸਤਾਨ ਦੇ ਇਕ ਹੋਰ ਵੱਡੇ ਕਵੀ ਹਬੀਬ ਜਾਲਿਬ (1928-1993) ਵੀ ਚਰਚਾ ਵਿੱਚ ਹਨ। ਹਬੀਬ ਜਾਲਿਬ ਦੀ ਇੱਕ ਨਜ਼ਮ ''ਦਸਤੂਰ'' ਇਨ੍ਹੀਂ ਦਿਨੀਂ ਭਾਰਤ ਵਿੱਚ ਖੂਬ਼ ਗਾਈ ਜਾ ਰਹੀ ਹੈ।

1962 ''ਚ ਪਾਕਿਸਤਾਨ ਦੇ ਤਤਕਾਲੀ ਤਾਨਾਸ਼ਾਹ ਜਨਰਲ ਅਯੂਬ ਖ਼ਾਨ ਨੇ ਇਕ ਨਵਾਂ ਸੰਵਿਧਾਨ ਲਾਗੂ ਕੀਤਾ ਸੀ। ਇਸਦੇ ਵਿਰੋਧ ਵਿੱਚ, ਹਬੀਬ ਜਾਲਿਬ ਨੇ ਇਹ ਨਜ਼ਮ ਲਿਖੀ ਸੀ। ਇਸ ਲਈ ਅਤੇ ਹੋਰ ਕਈ ਕਵਿਤਾਵਾਂ ਲਈ ਉਹ ਕਈ ਵਾਰ ਜੇਲ੍ਹ ਵੀ ਗਏ।

ਸਰਕਾਰ ਦੇ ਖਿਲਾਫ਼ ਇਨ੍ਹੀਂ ਦਿਨੀਂ ਭਾਰਤ ਵਿੱਚ ਜਿਨ੍ਹੇਂ ਵੀ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ ਵਿੱਚ ਕੁਝ ਲੋਕ ਇਸ ਕਵਿਤਾ ਨੂੰ ਪੜ੍ਹ ਰਹੇ ਹਨ। ਜਾਂ ਇਸ ਕਵਿਤਾ ਦੀਆਂ ਕੁਝ ਸਤਰਾਂ ਪੋਸਟਰਾਂ ਅਤੇ ਬੈਨਰਾਂ ''ਤੇ ਵੇਖੀਆਂ ਜਾ ਸਕਦੀਆਂ ਹਨ।

ਹਬੀਬ ਜਾਲਿਬ ਕਹਿੰਦੇ ਸਨ ਕਿ ਇੱਥੇ ਸਿਰਫ਼ ਦੋ ਹੀ ਦਰਬਾਰ ਹੁੰਦੇ ਹਨ, ਇਕ ਸੱਤਾ ਦਾ ਦਰਬਾਰ ਅਤੇ ਦੂਜਾ ਜਨਤਾ ਦਾ ਦਰਬਾਰ। ਉਹ ਆਪਣੇ ਆਪ ਨੂੰ ''ਅਵਾਮੀ ਸ਼ਾਇਰ'' ਯਾਨਿ ''ਲੋਕਾਂ ਦਾ ਕਵੀ'' ਕਹਿੰਦੇ ਸਨ ਅਤੇ ਇਹ ਕਹਿ ਕੇ ਮਾਣ ਵੀ ਮਹਿਸੂਸ ਕਰਦਾ ਸਨ।

ਨਾਮਵਰ ਸਿੰਘ ਨੇ ਪਾਸ਼ ਨੂੰ ''ਸਰਾਪਿਆ ਕਵੀ'' ਬਿਲਕੁਲ ਸਹੀ ਕਿਹਾ ਹੈ, ਕਿਉਂਕਿ ਸੱਤਾ ਦਾ ਵਿਰੋਧ ਕਰਨ ਵਾਲਾ ਹਰ ਕਵੀ, ਲੇਖਕ ਅਤੇ ਕਲਾਕਾਰ ਅਸਲ ਵਿੱਚ ''ਸਰਾਪਿਆ'' ਹੁੰਦਾ ਹੈ।

ਆਓ ਅਸੀਂ ਤੁਹਾਨੂੰ ਪੜ੍ਹਾਉਂਦੇ ਹਾਂ ਫੈਜ਼ ਦੀ ਉਹ ਕਵਿਤਾ ਜਿਸ ਨੂੰ ਹਿੰਦੂ ਵਿਰੋਧੀ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ। ਤੁਸੀਂ ਇਹ ਕਵਿਤਾ ਪੜ੍ਹੋ ਕੇ ਦੇਖੋ ਕਿ ਇਸ ਦੇ ਕਿਹੜੇ ਸ਼ਬਦ ਅਜਿਹੇ ਹਨ, ਜਿੰਨ੍ਹਾਂ ਉੱਤੇ ਕਿਸੇ ਨੂੰ ਇਤਰਾਜ਼ ਹੋ ਸਕਦਾ ਹੈ।

ਹਮ ਦੇਖੇਂਗੇ,

ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,

ਵੋ ਦਿਨ ਕਿ ਜਿਸ ਕਾ ਵਾਅਦਾ ਹੈ,

ਜੋ ਲੌਹ-ਏ-ਅਜ਼ਲ ਮੇਂ ਲਿੱਖਾ ਹੈ

ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ

ਰੁਈ ਕੀ ਤਰ੍ਹਾ ਉੜ ਜਾਏਂਗੇ,

ਹਮ ਮਹਿਕੂਮੋਂ ਕੇ ਪਾਂਓ ਤਲੇ

ਜਬ ਧਰਤੀ ਧੜ-ਧੜ ਧੜਕੇਗੀ,

ਔਰ ਅਹਿਲ-ਏ-ਹੁਕਮ ਕੇ ਸਰ ਊਪਰ

ਜਬ ਬਿਜਲੀ ਕੜ-ਕੜ ਕੜਕੇਗੀ,

ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ

ਸਬ ਬੁਤ ਉਠਵਾਏ ਜਾਏਂਗੇ,

ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ

ਮਸਨਦ ਪੇ ਬਿਠਾਏ ਜਾਏਂਗੇ,

ਸਬ ਤਾਜ ਉਛਾਲੇ ਜਾਏਂਗੇ,

ਸਬ ਤਖ਼ਤ ਗਿਰਾਏ ਜਾਏਂਗੇ,

ਬਸ ਨਾਮ ਰਹੇਗਾ ਅੱਲ੍ਹਾ ਕਾ,

ਜੋ ਗ਼ਾਇਬ ਭੀ ਹੈ ਹਾਜ਼ਿਰ ਭੀ,

ਜੋ ਮੰਜ਼ਰ ਭੀ ਹੈ ਨਾਜ਼ਿਰ ਭੀ

ਉੱਠੇਗਾ ਅਨਲ-ਹਕ ਕਾ ਨਾਰਾ,

ਜੋ ਮੈਂ ਭੀ ਹੂੰ ਔਰ ਤੁਮ ਭੀ ਹੋ

ਔਰ ਰਾਜ ਕਰੇਗੀ ਖ਼ਲਕ-ਏ-ਖ਼ੁਦਾ,

ਜੋ ਮੈਂ ਭੀ ਹੂੰ ਔਰ ਤੁਮ ਭੀ ਹੋ ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=1uV3NA3yAso

https://www.youtube.com/watch?v=lmFlCOQYH7Y

https://www.youtube.com/watch?v=OB6o_ejWCeg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News