Carlos Ghosn: ਪਾਰਟੀ ਵਿੱਚ ਆਏ ਸਾਜਿੰਦਿਆਂ ਨਾਲ ਪੇਟੀ ’ਚ ਬਹਿ ਕੇ ਇੰਝ ਭੱਜਿਆ ਮੁਲਜ਼ਮ ਕਾਰੋਬਾਰੀ

Thursday, Jan 02, 2020 - 02:16 PM (IST)

ਨਿਸਾਨ ਕਾਰ ਕੰਪਨੀ ਦੇ ਸਾਬਕਾ ਮੁਖੀ ਕਾਰਲੋਸ ਗੋਨ
AFP
ਨਿਸਾਨ ਕਾਰ ਕੰਪਨੀ ਦੇ ਸਾਬਕਾ ਮੁਖੀ ਕਾਰਲੋਸ ਗੋਨ ਦੇ ਘਰ ''ਤੇ ਚੱਤੋ ਪਹਿਰ ਕੈਮਰਿਆਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ

ਇਹ ਵਿਅਕਤੀ ਕਦੇ ਜਪਾਨ ਦੀ ਕਾਰ ਇੰਡਸਟਰੀ ਦੇ ਮੋਹਰੀ ਵਜੋਂ ਜਾਣਿਆ ਜਾਂਦਾ ਸੀ। ਫਿਰ ਇਹ ਮੁਲਜ਼ਮ ਬਣਿਆ ਤੇ ਹੁਣ, ਕੌਮਾਂਤਰੀ ਭਗੌੜਾ।

ਅਸੀਂ ਨਿਸਾਨ ਕਾਰ ਕੰਪਨੀ ਦੇ ਸਾਬਕਾ ਮੁਖੀ ਕਾਰਲੋਸ ਗੋਨ ਦੀ ਗੱਲ ਕਰ ਰਹੇ ਹਾਂ। ਉਹ ਪਿਛਲੇ ਕੁਝ ਮਹੀਨਿਆਂ ਤੋਂ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਆਪਣੇ ਖ਼ਿਲਾਫ ਹੋਣ ਵਾਲੀ ਸੁਣਵਾਈ ਦੀ ਤਿਆਰੀ ਕਰ ਰਹੇ ਸਨ।

ਪਿਛਲੇ ਸਾਲ ਅਪ੍ਰੈਲ ਵਿੱਚ ਉਨ੍ਹਾਂ ਨੇ 1 ਅਰਬ ਯੈਨ (ਉਸ ਸਮੇਂ ਕਰੀਬ 60 ਕਰੋੜ ਭਾਰਤੀ ਰੁਪਏ) ਦੀ ਜ਼ਮਾਨਤ ਲਈ। ਉਨ੍ਹਾਂ ਦੇ ਘਰ ''ਤੇ ਚੱਤੋ ਪਹਿਰ ਕੈਮਰਿਆਂ ਦੀ ਨਿਗਰਾਨੀ ਰੱਖੀ ਜਾ ਰਹੀ ਸੀ। ਉਨ੍ਹਾਂ ਦੇ ਤਕਨੀਕ ਵਰਤਣ ''ਤੇ ਬੰਦਿਸ਼ਾਂ ਸਨ। ਮੁਲਕ ਛੱਡਣ ’ਤੇ ਪਾਬੰਦੀ ਸੀ।

ਇਸ ਦੇ ਬਾਵਜੂਦ ਉਹ ਜਪਾਨ ਦੀਆਂ ਏਜੰਸੀਆਂ ਦੇ ਅੱਖੀਂ ਘੱਟਾ ਪਾ ਕੇ ਨਵੇਂ ਸਾਲ ਮੌਕੇ ਲਿਬਨਾਨ ’ਚ ਨਜ਼ਰ ਆਏ। ਨਮੋਸ਼ੀ ਵਿੱਚ ਜਪਾਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਬਾਰੇ ਕੀ ਕਰੇ।

ਇਹ ਕੀਤਾ ਕਿਵੇਂ?

ਆਪਣੇ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਸਿਆਸੀ ਅੱਤਿਆਚਾਰ ਤੋਂ ਭੱਜ ਕੇ ਆਇਆ ਹਾਂ।"

ਟੋਕੀਓ ਵਿੱਚ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਵੀ ਹੈਰਾਨ ਹੈ ਅਤੇ ਉਨ੍ਹਾਂ ਨੂੰ ਪੁੱਛਣਾ ਚਾਹੇਗਾ ਕਿ ਉਹ ਅਜਿਹਾ ਕਿਵੇਂ ਕਰ ਸਕਦੇ ਹਨ।

ਇਹ ਵੀ ਪੜ੍ਹੋ:

ਲਿਬਨਾਨ ਦੇ ਚੈਨਲ ਐੱਮਟੀਵੀ ਦੀ ਖ਼ਬਰ ਮੁਤਾਬਤਕ ਕਾਰਲੋਸ ਗੋਨ ਨੇ ਆਪਣੇ ਮੰਜੂਰੁਸ਼ਦਾ ਰਿਹਾਇਸ਼ ਤੋਂ ਭੱਜਣ ਦਾ ਇਹ ਕਾਰਨਾਮਾ ਸੰਗੀਤਕਾਰਾਂ ਦੀ ਡ੍ਰੈੱਸ ਵਿੱਚ ਪਹੁੰਚੇ ਇੱਕ ਹਥਿਆਰਬੰਦ ਦਸਤੇ ਦੀ ਮਦਦ ਨਾਲ ਅੰਜਾਮ ਦਿੱਤਾ।

ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਸੰਗੀਤਕਾਰਾਂ ਨੇ ਪੇਸ਼ਕਾਰੀ ਸਮਾਪਤ ਕੀਤੀ, 65-ਸਾਲਾ ਕਾਰਲੋਸ ਗੋਨ ਇੱਕ ਸਾਜ਼ ਦੀ ਪੇਟੀ ਵਿੱਚ ਲੁਕ ਗਏ, ਜੋ ਫੌਰੀ ਤੌਰ ਤੇ ਹਵਾਈ ਅੱਡੇ ਵੱਲ ਭੇਜ ਦਿੱਤੀ ਗਈ। ਜੇ ਵਾਕਈ ਅਜਿਹਾ ਵਾਪਰਿਆ ਸੀ ਤਾਂ 5 ਫੁੱਟ 6 ਇੰਚ ਦੇ ਕਾਰਲੋਸ ਗੋਨ ਲਈ ਇਹ ਮੁਸ਼ਕਲ ਰਿਹਾ ਹੋਵੇਗਾ।

ਐੱਮਟੀਵੀ ਮੁਤਾਬਕ ਨਿੱਜੀ ਜਹਾਜ਼ ਰਾਹੀਂ ਲਿਬਨਾਨ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਤੁਰਕੀ ਦੀ ਉਡਾਣ ਭਰੀ। ਚੈਨਲ ਨੇ ਆਪਣੀ ਇਸ ਕਹਾਣੀ ਲਈ ਕੋਈ ਸਬੂਤ ਸਾਹਮਣੇ ਨਹੀਂ ਰੱਖੇ ਪਰ ਕਹਾਣੀ ਸੋਸ਼ਲ ਮੀਡੀਆ ''ਤੇ ਤੁਰੰਤ ਹੀ ਛਾ ਗਈ।

ਕਾਰਲੋਸ ਗੋਨ
Getty Images
ਇੱਕ ਵਾਰ ਪੱਤਰਕਾਰਾਂ ਨੂੰ ਲਾਂਭੇ ਰੱਖਣ ਲਈ ਗੋਨ ਇੱਕ ਮਜ਼ਦੂਰ ਦੇ ਭੇਸ ਵਿੱਚ ਜੇਲ੍ਹ ਵਿੱਚੋਂ ਨਿਕਲੇ ਸਨ

ਗੋਨ ਦੀ ਪਤਨੀ ਕੈਰੋਲ ਨੇ ਖ਼ਬਰ ਏਜੰਸੀ ਰਾਇਟਰਜ਼ ਕੋਲ ਇਸ ਕਹਾਣੀ ਦਾ ਖੰਡਨ ਕੀਤਾ ਤੇ “ਨਿਰੋਲ ਕਲਪਨਾ” ਦੱਸਿਆ। ਹਾਲਾਂਕਿ ਉਨ੍ਹਾਂ ਨੇ ਆਪ ਵੀ ਇਸ ਬਾਰੇ ਕੋਈ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

ਜਸੂਸੀ ਫ਼ਿਲਮਾਂ ਵਾਂਗ ਗਾਇਬ ਹੋ ਜਾਣਾ ਕਾਰਲੋਸ ਗੋਨ ਲਈ ਕੋਈ ਨਵੀਂ ਗੱਲ ਨਹੀਂ ਹੈ। ਇੱਕ ਵਾਰ ਪਹਿਲਾਂ ਵੀ ਪੱਤਰਕਾਰਾਂ ਨੂੰ ਲਾਂਭੇ ਰੱਖਣ ਲਈ ਗੋਨ ਇੱਕ ਮਜ਼ਦੂਰ ਦੇ ਭੇਸ ਵਿੱਚ ਜੇਲ੍ਹ ਵਿੱਚੋਂ ਨਿਕਲੇ ਸਨ। ਹਾਲਾਂਕਿ ਉਨ੍ਹਾਂ ਨੂੰ ਪਛਾਣ ਲਿਆ ਗਿਆ ਤੇ ਮੀਡੀਆ ਵਿੱਚ ਇਸ ਕਾਰਨ ਬਹੁਤ ਹਾਸਾ ਮੱਚਿਆ। ਉਨ੍ਹਾਂ ਦੇ ਵਕੀਲ ਨੂੰ ਇਸ "ਬਚਕਾਨੀ ਯੋਜਨਾ" ਲਈ ਮਾਫ਼ੀ ਮੰਗਣੀ ਪਈ।

ਕੈਰੋਲ ਦੀ ਭੂਮਿਕਾ

‘ਵਾਲ ਸਟਰੀਟ ਜਰਨਲ’ ਨੇ ਬਹੁਤ ਸਾਰੇ ਅਣਪਛਾਤੇ ਸਰੋਤਾਂ ਦੇ ਹਵਾਲੇ ਨਾਲ ਲਿਖਿਆ ਕਿ ਇਸ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਇੱਕ ਪੂਰੀ ਟੀਮ ਲਗਾਈ ਗਈ ਸੀ।

ਇਸ ਗਰੁੱਪ ਵਿੱਚ ਉਹ ਸਾਥੀ ਵੀ ਸਨ ਜੋ ਪਹਿਲਾਂ ਗੋਨ ਨੂੰ ਘਰੋਂ ਇਸਤੰਬੁਲ ਜਾਣ ਵਾਲੇ ਨਿੱਜੀ ਜਹਾਜ਼ ਤੱਕ ਲੈ ਕੇ ਗਏ, ਜਿੱਥੋਂ ਉਹ ਅੱਗੇ ਲਿਬਨਾਨ ਦੀ ਰਾਜਧਾਨੀ ਬੇਰੂਟ ਪਹੁੰਚੇ। ਉੱਥੇ ਉਹ 30 ਦਸੰਬਰ ਦੇ ਤੜਕੇ ਦੇਖੇ ਗਏ।

ਜਹਾਜ਼ਾਂ ਦੀ ਆਵਾਜਾਈ ਤੇ ਨਿਗ੍ਹਾ ਰੱਖਣ ਵਾਲੀ ਵੈਬਸਾਈਟ FlightRadar24 ਨੇ ਇੱਕ ਬੌਂਬਾਰਡੀਅਰ ਚੈਲੇਂਜਰ ਪ੍ਰਾਈਵੇਟ ਜੈੱਟ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਸਥਾਨਕ ਸਮੇਂ ਮੁਤਾਬਕ ਸਵੇਰੇ ਚਾਰ ਵਜੇ ਤੋਂ ਤੁਰੰਤ ਬਾਅਦ ਬੇਰੂਟ-ਰੈਫਿਕ ਕੌਮਾਂਤਰੀ ਹਵਾਈ ਅੱਡੇ ''ਤੇ ਉਤਰਿਆ।

ਵਾਲ ਸਟਰੀਟ ਜਰਨਲ ਮੁਤਾਬਕ ਇਸ ਤੋਂ ਬਾਅਦ ਗੋਨ ਆਪਣੀ ਪਤਨੀ ਨੂੰ ਮਿਲੇ, ਜੋ ਇਸੇ ਸ਼ਹਿਰ ਦੀ ਪੈਦਾ ਹੋਈ ਸੀ ਤੇ ਇਸ ਸਮੁੱਚੀ ਕਾਰਵਾਈ ਵਿੱਚ ਪੂਰੀ ਤਰ੍ਹਾਂ ਸ਼ਾਮਲ ਸੀ।

ਕਾਰਲੋਸ ਗੋਨ ਤੇ ਕੈਰੋਲ ਗੋਨ
Getty Images
ਕਾਰਲੋਸ ਗੋਨ ਦੀ ਪਤਨੀ ਵੀ ਬੇਰੂਟ ਦੀ ਜੰਮ ਪਲ ਹੈ।

ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਕਾਰਲੋਸ ਗੋਨ ਨੂੰ ਭਜਾਉਣ ਵਿੱਚ ਕਈ ਨਿੱਜੀ ਸੁਰੱਖਿਆ ਏਜੰਸੀਆਂ ਨੇ ਮਦਦ ਕੀਤੀ।

ਉਨ੍ਹਾਂ ਨੂੰ ਭਜਾਉਣ ਵਿੱਚ ਲੱਗੀਆਂ ਟੀਮਾਂ ਕਈ ਦੇਸ਼ਾਂ ਵਿੱਚ ਵੰਡ ਕੇ ਕੰਮ ਕਰ ਰਹੀਆਂ ਸਨ। ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਗੋਨ ਇੱਕ ਨਿੱਜੀ ਜੈਟ ਰਾਹੀਂ ਓਸਾਕਾ ਹਵਾਈ ਅੱਡੇ ਤੋਂ ਜਾਪਾਨ ਤੋਂ ਬਾਹਰ ਗਏ। ਅਖ਼ਬਾਰ ਨੇ ਇਹ ਵੀ ਲਿਖਿਆ ਕਿ ਗੋਨ ’ਤੇ ਨਜ਼ਰਬੰਦੀ ਦੌਰਾਨ ਇਲੈਕਟ੍ਰਿਕ ਟੈਗ ਪਾ ਕੇ ਰੱਖਣ ਦੀ ਬੰਦਿਸ਼ ਨਹੀਂ ਸੀ। ਹਾਲਾਤ ਦੇ ਜਾਣਕਾਰਾਂ ਮੁਤਾਬਕ ਇਸ ਯੋਜਨਾ ਵਿੱਚ ਗੋਨ ਦੇ ਜਪਾਨੀ ਮਦਦਗਾਰਾਂ ਦਾ ਵੀ ਸਹਿਯੋਗ ਸੀ।

ਖ਼ਬਰ ਏਜੰਸੀ ਰਾਇਟਰਜ਼ ਨੇ ਗੋਨ ਦੇ ਨਜ਼ਦੀਕੀ ਦੋ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜੈਟ ਦੇ ਪਾਇਲਟਾਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ ਕਿ ਜਹਾਜ਼ ਕਿਸ ਨੂੰ ਲੈ ਕੇ ਜਾ ਰਿਹਾ ਹੈ।

ਕਈ ਰਿਪੋਰਟਾਂ ਮੁਤਾਬਕ ਕੈਰੋਲ ਹੀ ਗੋਨ ਨੂੰ ਜਪਾਨ ਤੋਂ ਭਜਾਉਣ ਦੀ ਇਸ ਯੋਜਨਾ ਦੀ ਰੀੜ੍ਹ ਦੀ ਹੱਡੀ ਸੀ।

ਗੋਨ ਦੇ ਵਕੀਲ ਨੇ ਟੋਕੀਓ ਵਿੱਚ ਦੱਸਿਆ ਕਿ ਕੈਰੋਲ ਨੇ 24 ਦਸੰਬਰ ਨੂੰ ਗੋਨ ਨਾਲ 24 ਘੰਟੇ ਫੋਨ ''ਤੇ ਗੱਲ ਕੀਤੀ। ਗੋਨ ਦੀ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਸ਼ਾਮਲ ਸੀ ਕਿ ਜੋੜਾ ਆਪਸ ਵਿੱਚ ਕਿਸੇ ਕਿਸਮ ਦਾ ਰਾਬਤਾ ਨਹੀਂ ਰੱਖੇਗਾ।

ਆਪਣੇ ਪਤੀ ਨਾਲ ਲਿਬਨਾਨ ਵਿੱਚ ਮਿਲਣ ਮਗਰੋਂ ਕੈਰੋਲ ਨੇ ਵਾਲ ਸਟਰੀਟ ਜਰਨਲ ਨੂੰ ਦੱਸਿਆ ਕਿ ਆਪਣੇ ਪਤੀ ਨੂੰ ਮਿਲ ਸਕਣਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਤੋਹਫ਼ਾ ਸੀ। ਆਪਣੀ ‘ਸ਼ਮੂਲੀਅਤ’ ਬਾਰੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ।

ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ, "ਮੈਂ ਆਪਣਾ ਪਤੀ ਵਾਪਸ ਚਾਹੁੰਦੀ ਹਾਂ, ਮੈਂ ਉਸ ਨੂੰ ਆਪਣੇ ਕੋਲ ਚਾਹੁੰਦੀ ਹਾਂ, ਮੈਂ ਜਾਣਦੀ ਹਾਂ ਉਹ ਬੇਕਸੂਰ ਹੈ।"

ਤਿੰਨ ਪਾਸਪੋਰਟ

ਸਵਾਲ ਗੋਨ ਵੱਲੋਂ ਲਿਬਨਾਨ ਵਿੱਚ ਦਾਖ਼ਲ ਹੋਣ ਲਈ ਵਰਤੇ ਗਏ ਦਸਤਵੇਜ਼ਾਂ ''ਤੇ ਵੀ ਉੱਠ ਰਹੇ ਹਨ।

ਉਨ੍ਹਾਂ ਕੋਲ ਬ੍ਰਾਜ਼ੀਲ, ਫਰਾਂਸ ਤੇ ਲਿਬਨਾਨ ਦੇ ਤਿੰਨ ਪਾਸਪੋਰਟ ਹਨ। ਹਾਲਾਂਕਿ ਉਨ੍ਹਾਂ ਦੇ ਕਾਨੂੰਨੀ ਸਲਾਹਕਾਰਾਂ ਦੀ ਟੀਮ ਦਾ ਕਹਿਣਾ ਹੈ ਕਿ ਇਹ ਤਿੰਨੇਂ ਪਾਸਪੋਰਟ ਉਨ੍ਹਾਂ ਕੋਲ ਸਨ।

ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਗੋਨ ਕੋਲ ਕੋਈ ਡੁਪਲੀਕੇਟ ਪਾਸਪੋਰਟ ਵੀ ਸਨ, ਕਿਉਂਕਿ ਕਾਰੋਬਾਰੀਆਂ ਨੂੰ ਅਕਸਰ ਡੁਪਲੀਕੇਟ ਰੱਖਣ ਦੀ ਆਗਿਆ ਹੁੰਦੀ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਗੋਨ ਕੋਲ ਲਿਬਨਾਨ ਦਾ ਡਿਪਲੋਮੈਟਿਕ ਪਾਸਪੋਰਟ ਵੀ ਹੋਵੇ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ।

ਕਾਰਲੋਸ ਗੋਨ
AFP
ਕਾਰਲੋਸ ਗੋਨ ਦੇ ਨਾਂ ਤੇ ਲਿਬਨਾਨ ਇੱਕ ਡਾਕ ਟਿਕਟ ''ਤੇ ਉਹ ਉੱਥੇ ਇੱਕ ਘਰੇਲੂ ਨਾਮ ਹਨ।

ਫਰਾਂਸ ਦੇ ਅਖ਼ਬਰ ‘ਲੀ ਮੋਂਡ’ ਮੁਤਾਬਕ ਉਨ੍ਹਾਂ ਨੇ ਇੱਕ ਪਛਾਣ ਪੱਤਰ ''ਤੇ ਸਫ਼ਰ ਕੀਤਾ। ਦੂਜੇ ਅਖ਼ਬਾਰਾਂ ਮੁਤਾਬਕ ਗੋਨ ਨੇ ਫਰੈਂਚ ਪਾਸਪੋਰਟ ਵੀ ਵਰਤਿਆ ਹੋ ਸਕਦਾ ਹੈ।

ਕਾਰਲੋਸ ਗੋਨ ਦੇ ਇੱਕ ਬੁਲਾਰੇ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਲਿਬਨਾਨ ਵਿੱਚ ਦਾਖ਼ਲ ਹੋਣ ਲਈ ਫਰੈਂਚ ਪਾਸਪੋਰਟ ਦੀ ਵਰਤੋਂ ਕੀਤੀ ਪਰ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਜਪਾਨ ਕਿਵੇਂ ਛੱਡਿਆ।

ਲੀ ਮੋਂਡ ਨੇ ਲਿਬਨਾਨ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਲਿਖਿਆ ਕਿ ਗੋਨ ਫਰਾਂਸ ਦੇ ਪਾਸਪੋਰਟ ਅਤੇ ਲਿਬਨਾਨ ਦੇ ਪਛਾਣ-ਪੱਤਰ ਨਾਲ ਦੇਸ਼ ਵਿੱਚ ਦਾਖ਼ਲ ਹੋਏ।

ਕਾਰਲੋਸ ਗੋਨ ਦੀ ਉਡਾਣ ਨਾਲ ਨਮੋਸ਼ ਹੋਏ ਜਪਾਨ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਇੱਕ ਸਿਆਸਤਦਾਨ ਨੇ ਸਵਾਲ ਚੁੱਕਿਆ, "ਕੀ ਉਨ੍ਹਾਂ ਨੂੰ ਕਿਸੇ ਦੇਸ਼ ਦੀ ਮਦਦ ਵੀ ਹਾਸਲ ਸੀ?"

ਟੋਕੀਓ ਦੇ ਗਵਰਨਰ ਨੇ ਸਿੱਧਾ ਹੀ ਲਿਬਨਾਨ ''ਤੇ ਇਲਜ਼ਾਮ ਧਰ ਦਿੱਤਾ। ਕਾਰਲੋਸ ਗੋਨ ਲਿਬਨਾਨ ਵਿੱਚ ਹੀ ਪਲੇ ਹਨ। ਉਨ੍ਹਾਂ ਦੀ ਉੱਥੇ ਜਾਇਦਾਦ ਹੈ ਤੇ ਉਹ ਇੱਕ ਜਾਣਿਆ-ਪਛਾਣਿਆ ਚਿਹਰਾ ਹਨ। ਉਨ੍ਹਾਂ ਦੀ ਤਸਵੀਰ ਲਿਬਨਾਨ ਦੀ ਇੱਕ ਡਾਕ ਟਿਕਟ ''ਤੇ ਵੀ ਹੈ।

ਖ਼ਬਰ ਏਜੰਸੀ ਰਾਇਟਰਜ਼ ਦੇ ਦੋ ਸੂਤਰਾਂ ਮੁਤਾਬਕ ਲਿਬਨਾਨ ਦੇ ਟੋਕੀਓ ਵਿੱਚ ਰਾਜਦੂਤ ਨਜ਼ਰਬੰਦੀ ਦੌਰਾਨ ਹਰ ਰੋਜ਼ ਗੋਨ ਨੂੰ ਉਨ੍ਹਾਂ ਦੇ ਘਰ ਮਿਲਣ ਜਾਂਦੇ ਸਨ। ਰਾਜਦੂਤ ਨੇ ਇਸ ਦਾਅਵੇ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਲਿਬਨਾਨ ਦੀ ਸਰਕਾਰ ਨੇ ਗੋਨ ਦੇ ਭੱਜਣ ਦੀ ਯੋਜਨਾ ਵਿੱਚ ਕਿਸੇ ਵੀ ਕਿਸਮ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਲਿਬਨਾਨ ਦੇ ਮੰਤਰੀ ਸਲੀਮ ਜਰੀਏਸਿਟੀ ਦੇ ਹਵਾਲੇ ਨਾਲ ਨਿਊ ਯਾਰਕ ਟਾਈਮਜ਼ ਨੇ ਛਾਪਿਆ, “ਸਰਕਾਰ ਦਾ ਉਨ੍ਹਾਂ ਦੇ ਇੱਥੇ ਆਉਣ ਦੇ ਫ਼ੈਸਲੇ ਨਾਲ ਕੋਈ ਸੰਬੰਧ ਨਹੀਂ ਹੈ... ਸਾਨੂੰ ਉਨ੍ਹਾਂ ਦੇ ਇੱਥੇ ਆਉਣ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ।"

ਫਰਾਂਸ ਤੇ ਤੁਰਕੀ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਗੋਨ ਦੀ ਯੋਜਨਾ ਦੀ ਕੋਈ ਜਾਣਕਾਰੀ ਨਹੀਂ ਸੀ।

ਜਪਾਨ ਤੇ ਲਿਬਨਾਨ ਵਿੱਚ ਕੋਈ ਹਵਾਲਗੀ ਸਮਝੌਤਾ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਫ਼ਿਲਹਾਲ ਗੋਨ ਦੇ ਕੇਸ ਦੀ ਸੁਣਵਾਈ ਧੁੰਦਲਕੇ ਵਿੱਚ ਹੀ ਚਲੀ ਗਈ ਹੈ।

ਜਪਾਨ ਲਿਬਨਾਨ ਨੂੰ ਲੱਖਾਂ ਡਾਲਰ ਦੀ ਮਦਦ ਦਿੰਦਾ ਹੈ। ਬਦਲੇ ਵਿੱਚ ਉਹ ਗੋਨ ਦੀ ਮੰਗ ਕਰ ਸਕਦਾ ਹੈ। ਫਿਰ ਵੀ ਜਪਾਨ ਨੂੰ ਇਹ ਤਾਂ ਦੱਸਣਾ ਹੀ ਪਵੇਗਾ ਕਿ ਇੰਨਾ ਵੱਡਾ ਸ਼ੱਕੀ ਉਸ ਤੋਂ ਫਰਾਰ ਕਿਵੇਂ ਹੋਇਆ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News