ਡੇਟਿੰਗ ਐਪ ਡਿਲੀਟ ਕਿਉਂ ਕਰਨਾ ਚਾਹੁੰਦੇ ਹਨ ਅੱਜ ਦੇ ਨੌਜਵਾਨ

Wednesday, Jan 01, 2020 - 12:46 PM (IST)

ਡੇਟਿੰਗ ਐਪ
Getty Images
ਪੂਰੀ ਦੁਨੀਆਂ ਵਿੱਚ ਡੇਟਿੰਗ ਐਪਸ ਨੇ ਲੱਖਾਂ ਲੋਕਾਂ ਨੂੰ ਮਿਲਵਾਇਆ ਤੇ ਉਨ੍ਹਾਂ ਦੀਆਂ ਜੋੜੀਆਂ ਵੀ ਬਣਵਾਈਆਂ

ਪੂਰੀ ਦੁਨੀਆਂ ਵਿੱਚ ਡੇਟਿੰਗ ਐਪਸ ਨੇ ਕਰੋੜਾਂ ਲੋਕਾਂ ਨੂੰ ਮਿਲਵਾਇਆ, ਉਨ੍ਹਾਂ ਦੀਆਂ ਜੋੜੀਆਂ ਬਣਵਾਈਆਂ, ਵਿਆਹ ਕਰਵਾਏ ਅਤੇ ਫਿਰ ਬੱਚੇ ਹੋਏ।

ਅਮਰੀਕਾ ਸਣੇ ਕਈ ਦੇਸਾਂ ਵਿੱਚ ਸਾਥੀ ਲੱਭਣ ਲਈ ਡੇਟਿੰਗ ਐਪਸ ਬਹੁਤ ਮਸ਼ਹੂਰ ਹੋਈਆਂ ਪਰ ਐਪਸ ਸਹਾਰੇ ਸੱਚਾ ਸਾਥੀ ਲੱਭਣ ਵਿੱਚ ਅਸਫ਼ਲ ਰਹੇ ਲੋਕਾਂ ਲਈ ਇਹ ਐਪਸ ਹੁਣ ਬੇਮਾਨੀ ਹੋ ਗਈਆਂ ਹਨ।

ਮੈਲਬਰਨ ਦੀ 30 ਸਾਲ ਦੀ ਲੇਖਕਾ ਮੈਡੇਲਿਨ ਡੋਰ ਨੇ ਨਿਊਯਾਰਕ ਅਤੇ ਕੋਪਨਹੇਗਨ (ਡੈਨਮਾਰਕ) ਤੱਕ ਜਾ ਕੇ ਡੇਟ ਕੀਤੀ। ਕਈ ਲੋਕਾਂ ਨਾਲ ਮਿਲੀ, ਉਨ੍ਹਾਂ ਨਾਲ ਦੋਸਤੀ ਕੀਤੀ, ਪਰ ਲੰਬੇ ਸਮੇਂ ਤੱਕ ਚੱਲਣ ਵਾਲਾ ਰਿਸ਼ਤਾ ਨਹੀਂ ਬਣ ਸਕਿਆ।

ਮੈਡੇਲਿਨ ਨੇ ਪਿਛਲੇ 5 ਸਾਲ ਵਿੱਚ ''ਟਿੰਡਰ'', ''ਬੰਬਲ'' ਅਤੇ ''ਓਕੇਕਿਊਪਿਡ'' ਵਰਗੀਆਂ ਐਪਸ ਵਰਤੀਆਂ। ਡੇਟ ''ਤੇ ਉਨ੍ਹਾਂ ਨੂੰ ਚੰਗੇ-ਮਾੜੇ ਕਈ ਤਰ੍ਹਾਂ ਦੇ ਤਜਰਬੇ ਹੋਏ ਪਰ ਮੈਡੇਲਿਨ ਨੇ ਹੁਣ ਆਪਣੇ ਐਪਸ ਕੁਝ ਮਹੀਨਿਆਂ ਲਈ ਡਿਲੀਟ ਕਰ ਦਿੱਤੇ ਹਨ।

ਲੋਕ ਮੰਨਦੇ ਹਨ ਕਿ ਇਨ੍ਹਾਂ ਐਪਸ ''ਤੇ ਕਦੇ ਪਸੰਦ ਦੇ ਸਾਥੀ ਨਹੀਂ ਮਿਲਦੇ ਅਤੇ ਕਦੇ-ਕਦੇ ਕਈ ਤਾਂ ਸਾਰੇ ਸਾਥੀ ਮਿਲ ਜਾਂਦੇ ਹਨ ਤੇ ਕਦੇ ਕੋਈ ਵੀ ਨਹੀਂ। ਉੱਥੋਂ ਦੇ ਪ੍ਰੋਫਾਈਲ ਧੋਖਾ ਦੇਣ ਵਾਲੇ ਹੁੰਦੇ ਹਨ, ਸੁਰੱਖਿਆ ਚਿੰਤਾ ਹੁੰਦੀ ਹੈ, ਨਸਲੀ ਟਿੱਪਣੀਆਂ ਹੁੰਦੀਆਂ ਹਨ ਅਤੇ ਗ਼ੈਰ-ਜ਼ਰੂਰੀ ਬਿਓਰਾ ਹੁੰਦਾ ਹੈ।

ਇਹ ਵੀ ਪੜ੍ਹੋ-

ਭਰਮਾਉਣ ਵਾਲੇ ਡਿਜੀਟਲ ਵਿਹਾਰ ਕਾਰਨ ਹੀ ਘੋਸਟਿੰਗ, ਕੈਟਫਿਸ਼ਿੰਗ, ਪਿੰਗਿੰਗ ਅਤੇ ਆਰਬਿਟਿੰਗ ਵਰਗੇ ਨਵੇਂ ਸ਼ਬਦ ਬਣੇ ਹਨ।

ਅਮਰੀਕਾ ਅਤੇ ਬਰਤਾਨੀਆ ਵਿੱਚ 35 ਸਾਲ ਤੋਂ ਘੱਟ ਉਮਰ ਦੇ ਕਰੀਬ ਅੱਧੇ ਲੋਕਾਂ ਨੇ ਡਿਜੀਟਲ ਡੇਟਿੰਗ ਦੀ ਕਿਸੇ ਨਾ ਕਿਸੇ ਰੂਪ ਦੀ ਵਰਤੋਂ ਕੀਤੀ ਹੈ।

ਅਰਬਾਂ ਡਾਲਰਾਂ ਦੀ ਇਡੰਸਟਰੀ

ਡੇਟਿੰਗ ਇਡੰਸਟਰੀ 2014 ਤੋਂ 2019 ਦੀ ਸ਼ੁਰੂਆਤ ਤੱਕ 11 ਫੀਸਦ ਵਧੀ ਅਤੇ ਹੁਣ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਕਈ ਲੋਕ ਇਸ ਨੂੰ ਪਸੰਦ ਨਹੀਂ ਕਰ ਰਹੇ ਹਨ।

ਸਾਲ 2018 ਵਿੱਚ ਬੀਬੀਸੀ ਦੇ ਇੱਕ ਸਰਵੇ ਵਿੱਚ ਦੇਖਿਆ ਗਿਆ ਸੀ ਕਿ ਬਰਤਾਨੀਆ ਵਿੱਚ 16 ਤੋਂ 34 ਸਾਲ ਦੇ ਲੋਕਾਂ ਲਈ ਡੇਟਿੰਗ ਐਪ ਆਖ਼ਰੀ ਪਸੰਦ ਹੈ।

''ਸੋਸ਼ਲ ਐਂਡ ਪਰਸਨਲ ਰਿਲੇਸ਼ਨਸ਼ਿਪਸ'' ਜਰਨਲ ਦਾ ਸਿੱਟਾ ਹੈ ਕਿ ਡਿਜੀਟਲ ਰੋਮਾਂਸ ਦੇ ਐਪ ਯੂਜ਼ਰ ਆਖ਼ਿਰ ਵਿੱਚ ਇਕੱਲਾਪਨ ਮਹਿਸੂਸ ਕਰ ਸਕਦੇ ਹਨ।

''ਮੈਨੇਜਮੈਂਟ ਸਾਇੰਸ'' ਨੇ 2017 ਵਿੱਚ ਆਨਲਾਈਨ ਡੇਟਿੰਗ ''ਤੇ ਇੱਕ ਰਿਸਰਚ ਛਾਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸੰਭਾਵਿਤ ਸਾਥੀ ਦੀ ਗਿਣਤੀ ਵਧਣ ਨਾਲ ਪਸੰਦ ''ਤੇ ਸਕਾਰਾਤਮਕ ਅਸਰ ਹੁੰਦਾ ਹੈ ਪਰ ਮੁਕਾਬਲਾ ਵਧਣ ਦਾ ਨਕਾਰਾਤਮਕ ਅਸਰ ਵੀ ਹੁੰਦਾ ਹੈ।

''ਗਲੋਬਲ ਡੇਟਿੰਗ ਇਨਸਾਈਟਸ'' ਦੇ ਸੰਪਾਦਕ ਸਕੌਟ ਹਾਰਵੀ ਦਾ ਕਹਿਣਾ ਹੈ ਕਿ ਇੱਕ ਸਾਥੀ ਲੱਭਣ ਲਈ ਢੇਰਾਂ ਸਵਾਈਪ ਕਰਨੇ ਪੈਂਦੇ ਹਨ। ਨੰਬਰ ਲੱਭਣਾ, ਮੈਸਜ ਕਰਨਾ ਅਤੇ ਸਹੀ ਸਾਥੀ ਲੱਭਣਾ ਬੜੀ ਮਿਹਨਤ ਦਾ ਕੰਮ ਹੈ ਅਤੇ ਇਸ ਵਿੱਚ ਖਿੱਝ ਵੀ ਆ ਸਕਦੀ ਹੈ।

ਆਨਲਾਈਨ ਜਾਂ ਆਫਲਾਈਨ?

ਪੋਲੈਂਡ ਦੇ ਵਾਰਸਾ ਵਿੱਚ ਰਹਿਣ ਵਾਲੀ 30 ਸਾਲ ਦੀ ਡਾਕਟਰ ਕਮਿਲਾ ਸਾਰਮਕ ਨੇ ਆਨਲਾਈਨ ਦੀ ਥਾਂ ਆਫਲਾਈਨ ਡੇਟਿੰਗ ਦਾ ਫ਼ੈਸਲਾ ਕੀਤਾ ਹੈ।

ਦੋ ਸਾਲ ਦੇ ਰਿਸ਼ਤੇ ਵਿੱਚ ਰਹਿ ਕੇ ਸਾਥੀ ਤੋਂ ਵੱਖ ਹੋਣ ਤੋਂ ਬਾਅਦ ਉਹ ਹਰ ਸਵੇਰ ਟਿੰਡਰ ''ਤੇ ਪ੍ਰੋਫਾਈਲ ਚੈੱਕ ਕਰਦੀ ਅਤੇ ਨਾਸ਼ਤਾ ਕਰਦਿਆਂ ਹੋਇਆ ਡੇਟਿੰਗ ਦਾ ਫ਼ੈਸਲਾ ਕਰਦੀ।

6 ਮਹੀਨੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ''ਤੇ ਬੁਰਾ ਅਸਰ ਪੈ ਰਿਹਾ ਹੈ। ਕਈ ਸੰਭਾਵਿਤ ਸਾਥੀ ਸ਼ੁਰੂਆਤੀ ਪਛਾਣ ਤੋਂ ਬਾਅਦ ਗਾਇਬ ਹੋ ਗਏ ਅਤੇ ਸਾਰਮਕ ਇਕੱਲੀ ਰਹਿ ਗਈ।

ਜ਼ਰੂਰੀ ਨਹੀਂ ਹੈ ਕਿ ਬਾਕੀ ਲੋਕਾਂ ਨੂੰ ਵੀ ਅਜਿਹਾ ਹੀ ਦਰਦਨਾਕ ਤਜਰਬਾ ਹੋਇਆ ਹੋਵੇ। ਉਨ੍ਹਾਂ ਲਈ ਐਪਸ ਡਿਲੀਟ ਕਰਨ ਦਾ ਮਤਲਬ ਹੈ ਦੂਜੀਆਂ ਗਤੀਵਿਧੀਆਂ ਲਈ ਜ਼ਿਆਦਾ ਸਮਾਂ ਕੱਢਣਾ।

ਬਰਲਿਨ ਵਿੱਚ ਰਹਿਣ ਵਾਲੀ 28 ਸਾਲ ਦੇ ਫਰੈਂਚ ਪੱਤਰਕਾਰ ਲਿਓ ਪਿਰਾਰਡ ਡੇਟਿੰਗ ਐਪਸ ''ਤੇ ਕੋਈ ਸਾਥੀ ਨਹੀਂ ਲੱਭ ਸਕੇ। 18 ਮਹੀਨੇ ਪਹਿਲਾਂ ਪੈਰਿਸ ਯਾਤਰਾ ''ਤੇ ਉਨ੍ਹਾਂ ਦੀ ਮੁਲਾਕਾਤ ਮੌਜੂਦਾ ਪਾਰਟਨਰ ਨਾਲ ਹੋਈ।

ਸਟਾਕਹੋਮ ਵਿੱਚ ਰਹਿਣ ਵਾਲੀ 27 ਸਾਲ ਦੀ ਜਿਮ ਇੰਸਟ੍ਰੱਕਟਰ ਲਿੰਡਾ ਜੌਨਸਨ ਮੰਨਦੀ ਹੈ ਕਿ ਲੋਕ ਇਨ੍ਹਾਂ ਐਪਸ ਤੋਂ ਅੱਕ ਗਏ ਹਨ।

ਲਿੰਡਾ ਨੇ ਦੋ ਸਾਲ ਤੱਕ ਟਿੰਡਰ ਦਾ ਇਸਤੇਮਾਲ ਕੀਤਾ ਅਤੇ ਇੱਕ ਵਿਅਕਤੀ ਨਾਲ 9 ਮਹੀਨੇ ਤੱਕ ਉਨ੍ਹਾਂ ਦੇ ਸਬੰਧ ਵੀ ਰਹੇ ਪਰ ਅੱਗੇ ਦੀ ਸੋਚ ਕੇ ਉਨ੍ਹਾਂ ਨੇ ਐਪ ਡਿਲੀਟ ਕਰ ਦਿੱਤੀ ਅਤੇ ਹੁਣ ਉਹ ਸਿੰਗਲ ਹਨ।

ਲਿੰਡਾ ਦੇ ਕਈ ਦੋਸਤਾਂ ਨੂੰ ਵੀ ਇਹ ਸਮੇਂ ਦੀ ਬਰਬਾਦੀ ਲਗਦਾ ਹੈ ਕਿਉਂਕਿ ਅਕਸਰ ਪਹਿਲੀ ਡੇਟ ਤੋਂ ਬਾਅਦ ਗੱਲ ਨਹੀਂ ਵਧਦੀ। ਹੁਣ ਉਹ ਸਾਥੀ ਲੱਭਣ ਦੇ ਪੁਰਾਣੇ ਤਰੀਕੇ ਅਜ਼ਮਾ ਰਹੀਆਂ ਹਨ।

ਡੇਟਿੰਗ ਐਪਸ ਕਦੇ ਇਸਤੇਮਾਲ ਨਹੀਂ ਕਰਨ ਵਾਲੇ ਸਿੰਗਲ ਨੌਜਵਾਨਾਂ ਨਾਲ ਮੁਲਾਕਾਤ ਕਰਨੀ ਪਰਾਲੀ ਦੇ ਢੇਰ ਵਿੱਚ ਸੂਈ ਲੱਭਣ ਵਾਂਗ ਹੈ, ਪਰ ਉਨ੍ਹਾਂ ਦੀ ਹੋਂਦ ਹੈ।

30 ਸਾਲ ਦੇ ਮੈਟ ਫਰਾਂਜ਼ੈਟੀ ਮੂਲ ਤੌਰ ''ਤੇ ਮਿਲਾਨ ਦੇ ਹਨ ਅਤੇ ਰੋਮਾਨੀਆ ਦੇ ਟਰਾਂਸਿਲਵੇਨੀਆ ਵਿੱਚ ਇੱਕ ਐੱਨਜੀਓ ਲਈ ਕੰਮ ਕਰਦੇ ਹਨ। ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਅਤੇ ਪ੍ਰੋਫਾਈਲ ਟੈਕਸਟ ਰਾਹੀਂ ਖ਼ੁਦ ਨੂੰ ਵੇਚਣ ਦਾ ਵਿਚਾਰ ਪਸੰਦ ਨਹੀਂ ਆਇਆ।

ਫਰਾਂਜ਼ੈਟੀ ਪਾਰਟੀਆਂ ਵਿੱਚ ਜਾਂ ਰੌਕ ਮਿਊਜ਼ਿਕ ਅਤੇ ਕਲਾ ਖੇਤਰ ਵਿੱਚ ਆਪਣੀ ਦਿਲਚਸਪੀ ਬਾਰੇ ਬਲਾਗਿੰਗ ਰਾਹੀਂ ਕੁਝ ਔਰਤ ਨਾਲ ਮਿਲੇ, ਉਨ੍ਹਾਂ ਨਾਲ ਗੱਲਬਾਤ ਹੋਈ ਪਰ ਡੇਟਿੰਗ ਦਾ ਉਨ੍ਹਾਂ ਦਾ ਇਤਿਹਾਸ ਸੀਮਤ ਹੈ ਅਤੇ ਉਹ ਸਿੰਗਲ ਹਨ।

ਸਭ ਕੁਝ ਦੇ ਬਾਵਜੂਦ...

ਐਨਾਲਾਗ ਦੁਨੀਆਂ ਵਿੱਚ ਜੀਵਨਸਾਥੀ ਲੱਭਣ ਦੀ ਸੰਭਾਵਨਾ ਕਿੰਨੀ ਹੈ, ਖ਼ਾਸ ਕਰਕੇ ਉਨ੍ਹਾਂ ਨੌਜਵਾਨਾਂ ਲਈ ਜੋ ਸਮਾਰਟਫੋਨ ਨਾਲ ਚਿਪਕੇ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਅਜਨਬੀਆਂ ਨਾਲ ਘੱਟ ਮੁਲਾਕਾਤਾਂ ਹੁੰਦੀਆਂ ਹਨ?

ਅਸੀਂ ਖਰੀਦਦਾਰੀ ਆਨਲਾਈਨ ਕਰਦੇ ਹਾਂ, ਕਿਤੇ ਆਉਣ-ਜਾਣ ਲਈ ਟਿਕਟ ਆਨਲਾਈਨ ਖਰੀਦਦੇ ਹਾਂ, ਖਾਣਾ ਆਨਲਾਈਨ ਖਰੀਦਦੇ ਹਾਂ ਅਤੇ ਦੋਸਤਾਂ ਨਾਲ ਵੀ ਆਨਲਾਈਨ ਚੈਟ ਕਰਦੇ ਹਾਂ।

ਇਹ ਵੀ ਪੜ੍ਹੋ-

ਮਟ ਫਰਾਂਜ਼ੈਟੀ
Matt Franzetti
30 ਸਾਲ ਦੇ ਮੈਟ ਫਰਾਂਜ਼ੈਟੀ ਮੂਲ ਤੌਰ ''ਤੇ ਮਿਲਾਨ ਤੋਂ ਹਨ ਅਤੇ ਰੋਮਾਨੀਆ ਦੇ ਟਰਾਂਸਲਿਵੇਨੀਆ ਵਿੱਚ ਇੱਕ ਐੱਨਜੀਓ ਲਈ ਕੰਮ ਕਰਦੇ ਹਨ

ਕੀ ਸਾਡੇ ਵਿਚੋਂ ਜ਼ਿਆਦਾਤਰ ਲੋਕ ਜਾਣਦੇ ਵੀ ਹਨ ਕਿ ਅਸੀਂ ਜਿਸ ਪਾਰਟਨਰ ਦਾ ਸੁਪਨਾ ਦੇਖਦੇ ਹਾਂ, ਉਨ੍ਹਾਂ ਨੂੰ ਕਿਵੇਂ ਮਿਲਿਆ ਜਾਵੇ?

ਨਿਊਯਾਰਕ ਦੇ ਰਿਲੇਸ਼ਨਸ਼ਿਪ ਥੈਰੇਪਿਸਟ ਮੈਟ ਲੁੰਡਕਵਿਸਟ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਸਿੰਗਲ ਮਰੀਜ਼ ਆਨਲਾਈਨ ਦੋਸਤ ਲੱਭਣ ਦੇ ਇੰਨਾ ਆਦੀ ਹੋ ਗਏ ਹਨ ਕਿ ਉਹ ਦੂਜੀਆਂ ਥਾਵਾਂ ''ਤੇ ਸੰਭਾਵਿਤ ਸਾਥੀਆਂ ਦੀ ਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਲੋਕ ਜਦੋਂ ਬਾਹਰ ਪਾਰਟੀ ਜਾਂ ਬਾਰ ਵਿੱਚ ਜਾਂਦੇ ਹਨ ਤਾਂ ਵੀ ਅਸਲ ਵਿੱਚ ਉਹ ਡੇਟਿੰਗ ਬਾਰੇ ਨਹੀਂ ਸੋਚ ਰਹੇ ਹੁੰਦੇ।

ਜੇਕਰ ਉੱਥੇ ਕਿਸੇ ਨਾਲ ਦਿਲਚਸਪ ਮੁਲਾਕਾਤ ਹੁੰਦੀ ਹੈ ਤਾਂ ਜਿਨ੍ਹਾਂ ਦੇ ਪ੍ਰੋਫਾਈਲ ਨੂੰ ਉਨ੍ਹਾਂ ਰਾਈਟ ਸਵਾਈਪ ਕੀਤਾ ਹੁੰਦਾ ਹੈ ਤਾਂ ਵੀ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਦੇ ਦਿਮਾਗ਼ ਵਿੱਚ ਡੇਟਿੰਗ ਦਾ ਖਿਆਲ ਚੱਲ ਰਿਹਾ ਹੋਵੇ।

ਰਿਸ਼ਤੇ ਬਣਨ ਤਾਂ ਕਿਵੇਂ?

ਲੁੰਡਕਵਿਸਟ ਮੰਨਦੇ ਹਨ ਕਿ ਐਪ-ਆਧਾਰਿਤ ਡੇਟਿੰਗ ਵਧਣ ਨਾਲ ਸੰਭਾਵਿਤ ਸਾਥੀਆਂ ਨਾਲ ਮੁਲਾਕਾਤ ਦੀ ਥਾਂ ਘੱਟ ਹੋ ਗਈ ਹੈ।

ਲੰਡਨ, ਸਟਾਕਹੋਮ ਅਤੇ ਅਮਰੀਕੀ ਸ਼ਹਿਰਾਂ ਸਣੇ ਪੂਰੀ ਦੁਨੀਆਂ ਦੇ ਗੇ ਬਾਰ ਤੇਜ਼ੀ ਨਾਲ ਬੰਦ ਹੋ ਰਹੇ ਹਨ।

ਬੀਬੀਸੀ ਨਿਊਜ਼ਬੀਟ ਪ੍ਰੋਗਰਾਮ ਦੀ ਰਿਸਰਚ ਮੁਤਾਬਕ 2005 ਤੋਂ 2015 ਵਿਚਾਲੇ ਬਰਤਾਨੀਆ ਦੇ ਅੱਧੇ ਨਾਈਟਕਲੱਬ ਬੰਦ ਹੋ ਗਏ ਹਨ।

ਦਫ਼ਤਰਾਂ ''ਚ ਜਿਣਸੀ ਸ਼ੋਸ਼ਣ ਅਤੇ #MeToo ਅੰਦੋਲਨਾਂ ਤੋਂ ਬਾਅਦ ਸਹਿਕਰਮੀਆਂ ਵਿਚਾਲੇ ਆਫਿਸ ਰੋਮਾਂਸ ਦੀ ਸੰਭਾਵਨਾ ਨਹੀਂ ਬਚਦੀ। 10 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਬਹੁਤ ਘੱਟ ਸਹਿਕਰਮੀ ਇੱਕ-ਦੂਜੇ ਨਾਲ ਡੇਟ ਕਰਦੇ ਹਨ।

ਆਨਲਾਈਨ ਪਲੇਟਫਾਰਮ ਬਾਜ਼ਾਰ ਵਿੱਚ ਆਏ ਹੀ ਇਸ ਲਈ ਹਨ ਕਿ ਲੋਕਾਂ ਦੀ ਮਦਦ ਹੋ ਸਕੇ।

ਲੁੰਡਕਵਿਸਟ ਨੂੰ ਡੇਟਿੰਗ ਐਪਸ ਬੰਦ ਕਰਨ, ਅਸਫ਼ਲਤਾ ਲਈ ਦੋਸ਼ ਦੇਣ ਜਾਂ ਇਸ ਦੇ ਉਲਟ ਬਹੁਤ ਜ਼ਿਆਦਾ ਇਸਤੇਮਾਲ ਕਰਨ ਵਿੱਚ ਮਨੁੱਖੀ ਵਿਹਾਰ ਅਤੇ ਭਾਵਨਾਵਾਂ ''ਤੇ ਆਧਾਰਿਤ ਰਿਸ਼ਤੇ ਨੂੰ ਲੈ ਕੇ ਵਹਿਮ ਦਿਖਦਾ ਹੈ।

ਉਹ ਡੇਟਿੰਗ ਐਪਸ ਨੂੰ ਵਧੇਰੇ ਸਮਾਜਿਕ ਤਰੀਕੇ ਨਾਲ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਲੁੰਡਕਵਿਸਟ ਨੂੰ ਲਗਦਾ ਹੈ ਕਿ ਲੋਕ ਸਭ ਤੋਂ ਵੱਖਰੇ ਹੋ ਇਸ ਰਸਤੇ ''ਤੇ ਤੁਰਦੇ ਹਨ ਇਸ ਲਈ ਭਟਕ ਜਾਂਦੇ ਹਨ।

ਲਾਸ ਐਂਜਲਸ ਦੀ ਡੇਟਿੰਗ ਕੋਚ ਅਤੇ ''ਦਿ ਡੇਟਸ ਐਂਡ ਮੇਟਸ'' ਪੌਡਕਾਸਟ ਦੀ ਹੋਸਟ ਡੇਮੋਨਾ ਹਾਫਮੈਨ ਮੰਨਦੀ ਹੈ ਕਿ ਡੇਟਿੰਗ ਐਪਸ ਤੁਹਾਡੇ ਡੇਟਿੰਗ ਟੂਲਬਾਕਸ ਦੇ ਸਭ ਤੋਂ ਤਾਕਤਵਰ ਟੂਲ ਹਨ।

ਉਹ ਕਹਿੰਦੀ ਹੈ, "ਮੈਂ ਇਹ ਬਿਲਕੁਲ ਨਹੀਂ ਮੰਨਦੀ ਕਿ ਜੇਕਰ ਤੁਸੀਂ ਆਨਲਾਈਨ ਨਹੀਂ ਹੋ ਤਾਂ ਤੁਹਾਡੀ ਕਿਸੇ ਨਾਲ ਮੁਲਾਕਾਤ ਨਹੀਂ ਹੋ ਸਕਦੀ। ਪਰ ਡੇਟਿੰਗ ਦੀ ਚਾਹਤ ਦਾ ਇੱਕ ਪੱਧਰ ਹੋਣਾ ਚਾਹੀਦਾ ਜੋ ਬਹੁਤ ਸਾਰੇ ਨੌਜਵਾਨਾਂ ਵਿੱਚ ਨਹੀਂ ਦਿਖਦਾ।"

ਉਨ੍ਹਾਂ ਦੀ ਸਲਾਹ ਵਿੱਚ ਸ਼ਾਮਿਲ ਹੈ, ਹਫ਼ਤੇ ਵਿੱਚ ਕਰੀਬ 5 ਘੰਟੇ ਤੱਕ ਸੰਭਾਵਿਤ ਸਾਥੀਆਂ ਨਾਲ ਗੱਲ ਕਰਨਾ ਜਾਂ ਅਸਲ ਜ਼ਿੰਦਗੀ ਦੇ ਲੋਕਾਂ ਨਾਲ ਮਿਲਣਾ। ਸੰਭਾਵਿਤ ਸਾਥੀ ਕਿਵੇਂ ਦਾ ਹੋਵੇ, ਇਸ ਬਾਰੇ ਸੁਚੇਤ ਰਹਿਣਾ ਅਤੇ ਉਨ੍ਹਾਂ ਥਾਵਾਂ ਨੂੰ ਸਰਗਰਮੀ ਨਾਲ ਭਾਲਣਾ ਜਿੱਥੇ ਤੁਸੀਂ ਸੰਭਾਵਿਤ ਸਾਥੀ ਨਾਲ ਸਿੱਧੇ ਮਿਲ ਸਕੋ।

ਜੇਕਰ ਤੁਸੀਂ ਪੇਸ਼ਵਰ ਕਰੀਅਰ ਵਾਲੇ ਸਾਥੀ ਦੀ ਭਾਲ ਵਿੱਚ ਹੋ ਤਾਂ ਤੁਸੀਂ ਕਿਸੇ ਆਫਿਸ ਦੀ ਬਿਲਡਿੰਗ ਦੇ ਲੋਕਾਂ ਨਾਲ ਗੱਲਾਂ ਕਰ ਸਕਦੇ ਹੋ।

ਜੇਕਰ ਵੱਡੇ ਦਿਲ ਵਾਲੇ ਦੀ ਭਾਲ ਵਿੱਚ ਹੋ ਤਾਂ ਕਿਸੇ ਚੈਰਿਟੀ ਪ੍ਰੋਗਰਾਮ ਵਿੱਚ ਜਾਓ।

ਡੇਟਿੰਗ ਦਾ ਭਵਿੱਖ ਕੀ?

ਗਲੋਬਲ ਡੇਟਿੰਗ ਇਨਸਾਈਟਸ ਦੇ ਐਡੀਟਰ ਸਕੌਟ ਹਾਰਵੀ ਦਾ ਕਹਿਣਾ ਹੈ ਕਿ ਫਿਲਹਾਲ ਇਡੰਸਟਰੀ ਵਿੱਚ ਸਭ ਤੋਂ ਵੱਧ ਚਰਚਾ ਬਣਾਵਟੀ ਬੁੱਧੀ ਅਤੇ ਵੀਡੀਓ ਦੀ ਹੈ।

ਫੇਸਬੁੱਕ ਦਾ ਨਵਾਂ ਡੇਟਿੰਗ ਪ੍ਰੋਡਕਟ ਅਮਰੀਕਾ ਅਤੇ 20 ਹੋਰਨਾਂ ਦੇਸਾਂ ਵਿੱਚ ਲਾਂਚ ਹੋ ਗਿਆ ਹੈ ਅਤੇ 2020 ਵਿੱਚ ਯੂਰਪ ਵਿੱਚ ਵੀ ਸ਼ੁਰੂ ਹੋ ਜਾਵੇਗਾ।

ਇਸ ਵਿੱਚ ਯੂਜ਼ਰਜ਼ ਆਪਣੇ ਸੰਭਾਵਿਤ ਸਾਥੀ ਨੂੰ ਵੀਡੀਓ ਜਾਂ ਫੋਟੋ ਆਧਾਰਿਤ ਕਹਾਣੀਆਂ ਭੇਜ ਸਕਦੇ ਹਨ। ਇਹ ਡੇਟਿੰਗ ਪਲੇਟਫਾਰਮ ''ਤੇ ਵੱਖਰੇ ਕੰਟੇਟ ਲਿਖਣ ਵਿੱਚ ਲੱਗਣ ਵਾਲਾ ਸਮਾਂ ਬਚਾਉਂਦਾ ਹੈ।

ਕਿਉਂਕਿ ਫੇਸਬੁੱਕ ਪਹਿਲਾਂ ਤੋਂ ਹੀ ਤੁਹਾਡੇ ਬਾਰੇ ਬਹੁਤ ਕੁਝ ਜਾਣਦਾ ਹੈ, ਇਸ ਲਈ ਹਾਰਵੇ ਦਾ ਮੰਨਣਾ ਹੈ ਕਿ ਉਹ ਤੁਹਾਡੇ ਲਈ ਸਹੀ ਸਾਥੀ ਦੀ ਚੋਣ ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਉਸ ਦੀਆਂ ਜਾਣਕਾਰੀਆਂ ਦਾ ਇਸਤੇਮਾਲ ਭਵਿੱਖ ਦੇ ਮੈਚਿੰਗ ਐਲਗੋਰਿਦਮ ਵਿੱਚ ਵੀ ਹੋ ਸਕਦਾ ਹੈ।

ਚੈਟਿੰਗ ਐਪ ਕੰਪਨੀਆਂ ਇਹ ਵੀ ਪਰੀਖਣ ਕਰ ਰਹੀਆਂ ਹਨ ਕਿ ਕੀ ਅਸਲ ਜ਼ਿੰਦਗੀ ਦੀ ਮੁਲਾਕਾਤ ਤੋਂ ਪਹਿਲਾਂ ਯੂਜ਼ਰਜ਼ ਨੂੰ ਇੱਕ-ਦੂਜੇ ਨਾਲ ਵੀਡੀਓ ਚੈਟ ਕਰਨ ਦੀ ਸੁਵਿਧਾ ਦਿੱਤੀ ਜਾਵੇ। ਕਿਤੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਲੋਕ ਛੋਟਾ ਵੀਡੀਓ ਚੈਟ ਕਰਕੇ ਅਸਲ ਮੁਲਾਕਾਤ ਤੋਂ ਕੰਨੀ ਕਟ ਲੈਣ?

ਸਕੌਟ ਹਾਰਵੀ ਅਤੇ ਡੇਮੋਨਾ ਹਾਫਮੈਨ ਸਣੇ ਇਡੰਸਟਰੀ ਵਿਸ਼ਲੇਸ਼ਕ ਅਤੇ ਡੇਟਿੰਗ ਕੋਚ ਮੇਲ-ਮੁਲਾਕਾਤਾਂ ਦੇ ਪ੍ਰੋਗਰਾਮ ਵਧਣ ''ਤੇ ਧਿਆਨ ਦੇ ਰਹੇ ਹਨ।

ਵੱਡੀ ਆਨਲਾਈਨ ਡੇਟਿੰਗ ਕੰਪਨੀਆਂ ਵੀ ਸਵਾਈਪ ਨਾਲ ਅੱਕ ਗਏ ਲੋਕਾਂ ਨੂੰ ਮਿਲਣ ਦੇ ਨਵੇਂ ਰਸਤੇ ਦੇਣ ਲਈ ਇਨ੍ਹਾਂ ਦਾ ਪ੍ਰਬੰਧਨ ਕਰਦੀ ਹੈ।

ਕੁਝ ਨਵੀਆਂ ਕੰਪਨੀਆਂ ਵੀ ਇਸ ਵਿੱਚ ਸ਼ਾਮਲ ਹੈ ਜੋ ਡਿਜੀਟਲ ਯੁੱਗ ਵਿੱਚ ਡੇਟਿੰਗ ''ਤੇ ਚੱਲ ਰਹੀ ਬਹਿਸ ਨੂੰ ਗਰਮਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

https://www.youtube.com/watch?v=lH5ndoCBj-0

https://www.youtube.com/watch?v=KIuRLxUr9Z8

https://www.youtube.com/watch?v=JTbaBffiLPE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News