ਨਵਜੋਤ ਸਿੱਧੂ ਤੇ ਭਗਵੰਤ ਮਾਨ ਸਣੇ ਪੰਜਾਬ ਦੇ 4 ਆਗੂ ਜਿਨ੍ਹਾਂ ਲਈ ਸਾਲ 2019 ਸਿਆਸੀ ਉਥਲ-ਪੁਥਲ ਵਾਲਾ ਰਿਹਾ

Wednesday, Jan 01, 2020 - 07:31 AM (IST)

ਨਵਜੋਤ ਸਿੰਘ ਸਿੱਧੂ ਦੀ ਸਿਆਸਤ ਤੋਂ ਗ਼ੈਰ-ਹਾਜ਼ਿਰੀ ਹੋਵੇ, ਭਗਵੰਤ ਮਾਨ ਦੀ ਸ਼ਰਾਬ ਦੀ ਆਦਤ ਹੋਵੇ, ਸੁਖਪਾਲ ਖਹਿਰਾ ਦਾ ਸਿਆਸਤ ਤੋਂ ਆਰਜ਼ੀ ਸੰਨਿਆਸ ਲੈਣਾ ਹੋਵੇ ਜਾਂ ਸਾਲ ਦੇ ਆਖਿਰ ਵਿੱਚ ਸੁਖਦੇਵ ਢੀਂਡਸਾ ਦੇ ਬਾਗ਼ੀ ਸੁਰ ਹੋਣ, ਇਹ ਆਗੂ ਪੰਜਾਬ ਦੀ ਸਿਆਸਤ ਵਿੱਚ ਸਮੇਂ-ਸਮੇਂ ''ਤੇ 2019 ਵਿੱਚ ਚਰਚਾ ਦਾ ਵਿਸ਼ਾ ਰਹੇ।

ਚਰਚਾ ਕਿਸੇ ਵੀ ਕਾਰਨ ਕਰਕੇ ਹੋਵੇ ਪਰ ਇਨ੍ਹਾਂ ਸਿਆਸੀ ਆਗੂਆਂ ਤੇ ਇਨ੍ਹਾਂ ਨਾਲ ਜੁੜੇ ਘਟਨਾਕ੍ਰਮਾਂ ਬਾਰੇ ਨਵਾਂ ਸਾਲ ਚੜ੍ਹਨ ਵੇਲੇ ਗੱਲ ਕਰਨੀ ਬਣਦੀ ਹੈ।

ਇਹ ਚਾਰੋ ਆਗੂ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਨਾਲ ਜੁੜੇ ਹਨ ਤੇ ਇਨ੍ਹਾਂ ਦਾ ਪੰਜਾਬ ਵਿੱਚ ਅਸਰਦਾਰ ਸਿਆਸੀ ਰਸੂਖ਼ ਹੈ।

ਇਹ ਵੀ ਪੜ੍ਹੋ:

ਨਵਜੋਤ ਸਿੱਧੂ

ਨਵਜੋਤ ਸਿੱਧੂ ਬਾਰੇ ਗੱਲ 2018 ਤੋਂ ਕਰਨੀ ਪਵੇਗੀ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਹੁੰ ਚੁੱਕ ਸਮਾਗਮ ਮੌਕੇ ਪਹੁੰਚਣ ਅਤੇ ਪਾਕਿਸਤਾਨ ਦੇ ਫੌਜ ਮੁਖੀ ਕਮਰ ਬਾਜਵਾ ਨੂੰ ਜੱਫ਼ੀ ਪਾਉਣ ਨੇ ਉਨ੍ਹਾਂ ਦੇ 2019 ਦੇ ਸਿਆਸੀ ਸਫ਼ਰ ਦੀ ਤਸਵੀਰ ਕਾਫੀ ਹੱਦ ਤੱਕ ਖਿੱਚੀ।

ਇਸ ਮੌਕੇ ਕਮਰ ਬਾਜਵਾ ਨੇ ਨਵਜੋਤ ਸਿੱਧੂ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਕਰਤਾਪੁਰ ਲਾਂਘਾ ਖੋਲ੍ਹਣ ਜਾ ਰਿਹਾ ਹੈ।

ਇਸੇ ਵਾਅਦੇ ਤੋਂ ਬਾਅਦ ਹੀ ਨਵਜੋਤ ਸਿੱਧੂ ਨੇ ਕਮਰ ਬਾਜਵਾ ਨੂੰ ਜੱਫ਼ੀ ਪਾ ਲਈ ਸੀ ਜੋ ਉਨ੍ਹਾਂ ਦੇ ਵਿਰੋਧੀਆਂ ਲਈ ਨਿਸ਼ਾਨਾ ਬਣਾਉਣ ਦਾ ਮੌਕਾ ਬਣੀ।

ਲੋਕ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ

ਮਈ 2019 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਨਵਜੋਤ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ ਸੀ। ਨਵਜੋਤ ਸਿੱਧੂ ਨੇ ਦੇਸ ਦੇ ਕਈ ਹਿੱਸਿਆਂ ਵਿੱਚ ਜਾ ਕੇ ਕਾਂਗਰਸ ਲਈ ਰੈਲੀਆਂ ਕੀਤੀਆਂ ਸਨ।

ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਨਵਜੋਤ ਸਿੱਧੂ ਨੇ ਦੂਰੀ ਬਣਾ ਲਈ ਸੀ। ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੀਆਂ 13 ਸੀਟਾਂ ਨੂੰ ਜਿਤਾਉਣ ਦਾ ਮਾਦਾ ਕੈਪਟਨ ਅਮਰਿੰਦਰ ਸਿੰਘ ਵਿੱਚ ਹੈ।

ਨਵਜੋਤ ਸਿੰਘ ਸਿੱਧੂ
BBC
ਨਵਜੋਤ ਸਿੱਧੂ ਹੁਣ ਕਾਫੀ ਮਹੀਨਿਆਂ ਤੋਂ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੋਂ ਦੂਰ ਹਨ

ਭਾਵੇਂ ਬਾਅਦ ਵਿੱਚ ਨਵਜੋਤ ਸਿੱਧੂ ਪੰਜਾਬ ਵਿੱਚ ਪ੍ਰਿਅੰਕਾ ਗਾਂਧੀ ਨਾਲ ਪ੍ਰਚਾਰ ਕਰਦੇ ਨਜ਼ਰ ਆਏ। ਉਸੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਕੁਝ ਅਕਾਲੀ ਤੇ ਕਾਂਗਰਸੀ ਆਗੂ ''ਫਰੈਂਡਲੀ ਮੈਚ'' ਖੇਡ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ।

ਲੋਕ ਸਭਾ ਚੋਣਾਂ ਦੇ ਨਤੀਜੇ ਆਏ। ਪੂਰੇ ਦੇਸ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਪੰਜਾਬ ਵਿੱਚ ਕਾਂਗਰਸ ਨੂੰ 13 ਵਿੱਚੋਂ 8 ਸੀਟਾਂ ਮਿਲੀਆਂ।

ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਕਾਂਗਰਸ ਦਾ ਲੋਕ ਸਭਾ ਚੋਣਾਂ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਹੋਣਾ ਸੀ ਜੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਕੰਮ ਕੀਤਾ ਜਾਂਦਾ।"

ਇਸ ''ਤੇ ਇਸੇ ਮੰਤਰਾਲੇ ਨੂੰ ਸਾਂਭਣ ਵਾਲੇ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਜੋ ਸੀਟਾਂ ਕਾਂਗਰਸ ਨੇ ਜਿੱਤੀਆਂ ਨੇ, ਕਿ ਉਨ੍ਹਾਂ ਵਿੱਚ ਸ਼ਹਿਰ ਨਹੀਂ ਆਉਂਦੇ।

ਇਸ ਤੋਂ ਬਾਅਦ ਇਹ ਚਰਚਾ ਹੋਈ ਕਿ ਨਵਜੋਤ ਸਿੱਧੂ ਦਾ ਮੰਤਰਾਲਾ ਬਦਲਿਆ ਜਾ ਸਕਦਾ ਹੈ। ਹੋਇਆ ਵੀ ਅਜਿਹਾ ਹੀ, ਤੇ ਨਵਜੋਤ ਸਿੱਧੂ ਦਾ ਮੰਤਰਾਲਾ ਬਦਲ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾ ਦੇ ਦਿੱਤਾ।

ਇਹ ਵੀ ਪੜ੍ਹੋ:

ਨਵਜੋਤ ਸਿੱਧੂ ਨੇ ਰਸਮੀ ਤੌਰ ''ਤੇ ਬਿਜਲੀ ਮਹਿਕਮਾ ਕਦੇ ਨਹੀਂ ਸਾਂਭਿਆ ਤੇ ਜੁਲਾਈ ਵਿੱਚ ਉਨ੍ਹਾਂ ਨੇ ਟਵਿੱਟਰ ''ਤੇ ਇੱਕ ਚਿੱਠੀ ਨਸ਼ਰ ਕੀਤੀ ਜਿਸ ਦੇ ਵਿੱਚ ਉਨ੍ਹਾਂ ਨੇ ਆਪਣਾ ਅਸਤੀਫਾ ਤਤਕਾਲੀ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ।

ਉਸ ਤੋਂ ਬਾਅਦ ਨਵਜੋਤ ਸਿੱਧੂ ਗਾਇਬ ਜਿਹੇ ਹੋ ਗਏ । ਉਹ ਕੇਵਲ ਉਸ ਵੇਲੇ ਸੁਰਖ਼ੀਆਂ ਵਿੱਚ ਆਏ ਜਦੋਂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਵੇਲੇ ਉਨ੍ਹਾਂ ਨੂੰ ਇਮਰਾਨ ਖ਼ਾਨ ਨੇ ਸੱਦਾ ਦਿੱਤਾ ਤੇ ਉਹ ਇਸ ਸੱਦੇ ਨੂੰ ਕਬੂਲ ਕਰਕੇ ਉੱਥੇ ਪਹੁੰਚੇ ਵੀ।

2020 ਚੜ੍ਹਨ ਵੇਲੇ ਵੀ ਨਵਜੋਤ ਸਿੱਧੂ ਦੀ ਸਿਆਸਤ ਤੋਂ ਗ਼ੈਰ-ਮੌਜੂਦਗੀ ਤੇ ਖਾਸਕਰ ਮੀਡੀਆ ਤੋਂ ਦੂਰੀ ਬਰਕਰਾਰ ਹੈ।

ਭਗਵੰਤ ਮਾਨ

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਅਹਿਮ ਚਿਹਰਾ ਸਨ। ਪਰ ਉਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਉਮੀਦ ਅਨੁਸਾਰ ਕਾਮਯਾਬੀ ਨਹੀਂ ਮਿਲੀ ਸੀ।

ਫਿਰ ਵੀ ਪੰਜਾਬ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਪਹੁੰਚੀ ਸੀ।

ਇੱਕ ਆਗੂ ਵਜੋਂ ਭਗਮੰਤ ਮਾਨ ਦੀਆਂ ਤਕਰੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਵੇਂ ਉਹ ਲੋਕ ਸਭਾ ਹੋਵੇ ਜਾਂ ਪੰਜਾਬ ਦੀ ਕੋਈ ਰੈਲੀ, ਉਨ੍ਹਾਂ ਦੇ ਭਾਸ਼ਣ ਬੜੇ ਚਾਅ ਨਾਲ ਸੁਣੇ ਜਾਂਦੇ ਹਨ ਤੇ ਸੋਸ਼ਲ ਮੀਡੀਆ ਦੇ ਵੀ ਕਾਫੀ ਹੁੰਗਾਰਾ ਮਿਲਦਾ ਹੈ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਇੱਕੋ-ਇੱਕ ਸੀਟ ਭਗਵੰਤ ਮਾਨ ਨੇ ਹੀ ਸੰਗਰੂਰ ਤੋਂ ਜਿੱਤੀ ਸੀ।

ਭਗਵੰਤ ਮਾਨ
Getty Images
ਭਗਵੰਤ ਮਾਨ ਦੀ ਸ਼ਰਾਬ ਦੀ ਆਦਤ ਕਈ ਵਾਰ ਉਨ੍ਹਾਂ ਲਈ ਵਿਵਾਦ ਦਾ ਵਿਸ਼ਾ ਬਣੀ ਹੈ

ਪਰ ਭਗਵੰਤ ਮਾਨ ਦੀ ਸ਼ਰਾਬ ਪੀਣ ਦੀ ਆਦਤ ਕਈ ਵਾਰ ਉਨ੍ਹਾਂ ਲਈ ਵਿਵਾਦ ਦਾ ਕਾਰਨ ਬਣਦੀ ਰਹੀ ਹੈ। 2019 ਦੀਆਂ ਲੋਕ ਸਭ ਚੋਣਾਂ ਤੋਂ ਠੀਕ ਪਹਿਲਾਂ ਭਗਵੰਤ ਮਾਨ ਨੇ ਇੱਕ ਰੈਲਾ ਦੌਰਾਨ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਸ਼ਰਾਬ ਛੱਡ ਦਿੱਤੀ ਹੈ।

ਇਸ ਐਲਾਨ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕੁਰਬਾਨੀ ਤੱਕ ਕਹਿ ਦਿੱਤਾ ਸੀ ਜਦਕਿ ਭਗਵੰਤ ਮਾਨ ਨੇ ਉਸ ਨੂੰ ਪੰਜਾਬ ਲਈ ਆਪਣਾ ਫਰਜ਼ ਕਰਾਰ ਦਿੱਤਾ ਸੀ।

ਪਰ ਫਿਰ ਵੀ ਸ਼ਰਾਬ ਨਾਲ ਜੁੜਿਆ ਕੋਈ ਨਾ ਕੋਈ ਵਿਵਦ ਭਗਵੰਤ ਮਾਨ ਲਈ ਸਿਰਦਰਦ ਬਣਦਾ ਰਿਹਾ। ਇੱਕ ਵਾਰ ਲੋਕ ਸਭਾ ਵਿੱਚ ਭਾਸ਼ਣ ਦਿੰਦਿਆਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਜਭੂਸ਼ਣ ਸ਼ਰਣ ਸਿੰਘ ਨੇ ਭਗਵੰਤ ਮਾਨ ਨੂੰ ਆ ਕੇ ਸੁੰਘਿਆ ਸੀ।

ਭਗਵੰਤ ਮਾਨ
BBC

ਜਦੋਂ ਅਗਲੀ ਵਾਰ ਭਗਵੰਤ ਮਾਨ ਲੋਕ ਸਭਾ ਵਿੱਚ ਭਾਸ਼ਣ ਦੇਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਕਿਹਾ, "ਮੈਂ ਬੋਲਣ ਜਾ ਰਿਹਾ ਹਾਂ, ਜੇ ਕਿਸੇ ਨੇ ਆ ਕੇ ਸੁੰਘਣਾ ਹੈ ਤਾਂ ਪਹਿਲਾਂ ਹੀ ਸੁੰਘ ਲਓ।"

ਸਾਲ ਦੇ ਆਖਰੀ ਮਹੀਨੇ ਵਿੱਚ ਭਗਵੰਤ ਮਾਨ ਇੱਕ ਪੱਤਰਕਾਰ ਦੇ ਸਵਾਲ ''ਤੇ ਭੜਕ ਗਏ ਸੀ। ਪੱਤਰਕਾਰ ਨੇ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਵਜੋਂ ਭੂਮਿਕਾ ''ਤੇ ਸਵਾਲ ਚੁੱਕੇ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਉਸ ਪੱਤਰਕਾਰ ਨਾਲ ਕਾਫੀ ਬਹਿਸ ਹੋਈ ਸੀ।

ਭਾਵੇਂ ਬਾਅਦ ਵਿੱਚ ਭਗਵੰਤ ਮਾਨ ਉਸ ਪੱਤਰਕਾਰ ਨਾਲ ਜੱਫ਼ੀਆਂ ਪਾਉਂਦੇ ਵੀ ਨਜ਼ਰ ਆਏ ਸੀ।

ਕੁੱਲ ਮਿਲਾ ਕੇ ਭਗਵੰਤ ਮਾਨ ਇੱਕ ਵੱਡਾ ਚਿਹਰਾ ਹਨ ਪਰ ਕਈ ਵਾਰ ਉਨ੍ਹਾਂ ਨੂੰ ਨਾਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨਾਲ ਜੂਝਣਾ ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨਾ, ਉਨ੍ਹਾਂ ਲਈ 2020 ਵਿੱਚ ਵੱਡੀਆਂ ਚੁਣੌਤੀਆਂ ਹੋਣਗੀਆਂ।

https://www.youtube.com/watch?v=yWKtBVsGiLk

ਸੁਖਪਾਲ ਖਹਿਰਾ

ਕਦੇ ਕਾਂਗਰਸ ਵਿੱਚ ਰਹੇ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ''ਤੇ ਪੰਜਾਬ ਵਿਧਾਨ ਸਭਾ ਪਹੁੰਚੇ ਸੁਖਪਾਲ ਖਹਿਰਾ ਵੀ 2019 ਵਿੱਚ ਚਰਚਾ ਵਿੱਚ ਰਹੇ ਹਨ।

ਜਦੋਂ ਐੱਚ ਐੱਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦਿੱਤਾ ਤਾਂ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ।

ਸੁਖਪਾਲ ਖਹਿਰਾ
Getty Images
ਸੁਖਪਾਲ ਖਹਿਰਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਰ ਸੁਖਪਾਲ ਖਹਿਰਾ ਆਪਣੀ ਬਿਆਨਬਾਜ਼ੀ ਕਾਰਨ ਕਈ ਵਾਰ ਪਾਰਟੀ ਲਈ ਸਿਰਦਰਦ ਬਣੇ ਸਨ ਜਿਸ ਤੋਂ ਪਾਰਟੀ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ ਹੋਈ। ਕੰਵਰ ਸੰਧੂ ਸਣੇ 7 ਵਿਧਾਇਕ ਸੁਖਪਾਲ ਖਹਿਰਾ ਨਾਲ ਖੜ੍ਹੇ ਨਜ਼ਰ ਆਏ ਸਨ। ਸੁਖਪਾਲ ਖਹਿਰਾ ਨੇ ਕਈ ਥਾਵਾਂ ''ਤੇ ਰੈਲੀਆਂ ਵੀ ਕੀਤੀਆਂ ਸਨ।

ਪਰ ਵਕਤ ਜਿਵੇਂ ਲੰਘਿਆ ਸੁਖਪਾਲ ਖਹਿਰਾ ਨਾਲ ਜੁੜੇ ਵਿਧਾਇਕ ਉਨ੍ਹਾਂ ਦਾ ਸਾਥ ਛੱਡਦੇ ਨਜ਼ਰ ਆਏ।

2019 ਦੀ ਸ਼ੁਰੂਆਤ ਵਿੱਚ ਹੀ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਸੁਖਪਾਲ ਖਹਿਰਾ ਨੇ ''ਪੰਜਾਬ ਏਕਤਾ ਪਾਰਟੀ'' ਵੀ ਬਣਾਈ ਸੀ। ਉਸ ਤੋਂ ਬਾਅਦ ਅਪ੍ਰੈਲ 2019 ਨੂੰ ਸੁਖਪਾਲ ਖਹਿਰਾ ਨੇ ਭੁਲੱਥ ਹਲਕੇ ਤੋਂ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਸੁਖਪਾਲ ਖਹਿਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਚੋਣ ਲੜੀ ਸੀ। ਪਰ ਚੋਣਾਂ ਵਿੱਚ ਬਹੁਤ ਘੱਟ ਵੋਟਾਂ ਮਿਲਣ ''ਤੇ ਉਹ ਇੰਨੇ ਨਾਮੋਸ਼ੀ ਵਿੱਚ ਆ ਗਏ ਸੀ ਕਿ ਉਨ੍ਹਾਂ ਨੇ ਆਰਜ਼ੀ ਤੌਰ ''ਤੇ ਵੋਟਾਂ ਦੀ ਸਿਆਸਤ ਤੋਂ ਪਰੇ ਹੋਣ ਦਾ ਐਲਾਨ ਕਰ ਦਿੱਤੀ ਸੀ।

ਕੁਝ ਵਕਤ ਪਹਿਲਾਂ ਹੀ ਉਨ੍ਹਾਂ ਨੇ ਸਪੀਕਰ ਨੂੰ ਦਿੱਤਾ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਜਿਸ ਨੂੰ ਆਮ ਆਦਮੀ ਪਾਰਟੀ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹਿ ਰਹੀ ਹੈ।

ਨਵੇਂ ਸਾਲ ਵਿੱਚ ਦਾਖਿਲ ਹੋਣ ਵੇਲੇ ਸੁਖਪਾਲ ਖਹਿਰਾ ਕੋਲ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਹੈ, ਉਨ੍ਹਾਂ ਨਾਲ ਆਏ ਬਾਗੀ ਵੀ ਹੁਣ ਉਨ੍ਹਾਂ ਨਾਲ ਨਹੀਂ ਹਨ ਤੇ ਉਨ੍ਹਾਂ ਦਾ ਸਿਆਸੀ ਭਵਿੱਖ ਇਸ ਵੇਲੇ ਧੁੰਦਲਾ ਨਜ਼ਰ ਆ ਰਿਹਾ ਹੈ।

ਸੁਖਦੇਵ ਢੀਂਡਸਾ

2018 ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਇਸ ਕਦਮ ਦੇ ਕਈ ਸਿਆਸੀ ਮਤਲਬ ਕੱਢੇ ਜਾ ਰਹੇ ਸਨ।

ਪਰ ਉਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਆਗੂ ਪਰਮਿੰਦਰ ਸਿੰਘ ਨੇ ਸਾਰੀਆਂ ਕਿਆਸਰਾਈਆਂ ਨੂੰ ਇਹ ਕਹਿ ਕੇ ਠੱਲ੍ਹ ਪਾ ਦਿੱਤੀ ਸੀ ਕਿ ਉਹ ਤੇ ਉਨ੍ਹਾਂ ਦੇ ਪਿਤਾ ਸੁਖਦੇਵ ਢੀਂਡਸਾ ਪਾਰਟੀ ਦੇ ਨਾਲ ਹਨ।

ਸੁਖਦੇਵ ਸਿੰਘ ਢੀਂਡਸਾ
Getty Images

ਪਰ 2019 ਖ਼ਤਮ ਹੁੰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵਾਰ ਮੁੜ ਤੋਂ ਬਗਾਵਤ ਦਾ ਝੰਡਾ ਚੁੱਕ ਲਿਆ।

14 ਦਸੰਬਰ ਨੂੰ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਕੇ ਅਕਾਲੀ ਦਲ ਟਕਸਾਲੀ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਸਨ।

ਉੱਥੇ ਉਨ੍ਹਾਂ ਨੇ ਅਕਾਲੀ ਦਲ ਤੇ ਖ਼ਾਸਕਰ ਸੁਖਬੀਰ ਬਾਦਲ ''ਤੇ ਸਵਾਲ ਚੁੱਕੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਆਪਣੀ ਜੱਦੀ ਜਾਇਦਾਦ ਸਮਝ ਲਿਆ ਹੈ।

ਉਸ ਵੇਲੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ ਵੀ ਉਨ੍ਹਾਂ ਦੇ ਨਾਲ ਹਨ।

ਸੁਖਦੇਵ ਢੀਂਡਸਾ ਨੇ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ ਪਰ ਪਾਰਟੀ ਵਿੱਚ ਚੱਲ ਰਹੇ ਮੌਜੂਦਾ ਸਿਸਟਮ ਖਿਲਾਫ਼ ਲੋਕਾਂ ਨੂੰ ਇਕੱਠਾ ਜ਼ਰੂਰ ਕਰਨਗੇ।

https://www.youtube.com/watch?v=SM_bs9Bis50

ਫਿਲਹਾਲ ਸੁਖਦੇਵ ਢੀਂਡਸਾ ਅਕਾਲੀ ਦਲ ਵਿੱਚ ਹਨ, ਰਾਜ ਸਭਾ ਮੈਂਬਰ ਵੀ ਹਨ ਤੇ ਉਨ੍ਹਾਂ ਨੇ ਕੋਈ ਪਾਰਟੀ ਵੀ ਨਹੀਂ ਬਣਾਈ ਹੈ। ਉਹ ਅਕਾਲੀ ਦਲ ਦੇ ਸਾਬਕਾ ਆਗੂ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਨਾਲ ਵੀ ਖੜ੍ਹੇ ਨਜ਼ਰ ਆ ਰਹੇ ਹਨ।

2020 ਹੁਣ ਚੜ੍ਹ ਗਿਆ ਹੈ ਤੇ ਨਵੇਂ ਸਾਲ ਵਿੱਚ ਸੁਖਦੇਵ ਢੀਂਡਸਾ ਬਗਾਵਤ ਦਾ ਝੰਡਾ ਕਿੰਨਾ ਬੁਲੰਡ ਚੁੱਕਦੇ ਹਨ, ਇਹ ਸਿਆਸੀ ਗਲਿਆਰਿਆਂ ਲਈ ਦਿਲਚਸਪੀ ਦਾ ਵਿਸ਼ਾ ਹੋਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=fodGBe0uc98

https://www.youtube.com/watch?v=lH5ndoCBj-0

https://www.youtube.com/watch?v=i-liuka3jO4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News