ਪਿਆਰਾ ਸਿੰਘ ਭਨਿਆਰਾਂਵਾਲਾ: ਚਪੜਾਸੀ ਤੋਂ ਬਾਬਾ ਬਣਨ ਤੇ ਜੇਲ੍ਹ ਜਾਣ ਦੀ ਕਹਾਣੀ

Monday, Dec 30, 2019 - 05:16 PM (IST)

ਵਿਵਾਦਤ ਧਾਰਮਿਕ ਆਗੂ ਤੇ ਆਪਣਾ ਪੰਥ ਚਲਾਉਣ ਵਾਲੇ ਪਿਆਰਾ ਸਿੰਘ ਭਨਿਆਰਾਂਵਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 61 ਸਾਲਾ ਦੇ ਸਨ।

ਪਿਆਰਾ ਸਿੰਘ ਭਨਿਆਰਾਂਵਾਲੇ ਦੇ ਪਰਿਵਾਰਕ ਸੂਤਰਾਂ ਮੁਤਾਬਕ ਸੋਮਵਾਰ ਸਵੇਰੇ ਉਸ ਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਿਆਰਾ ਸਿੰਘ ਦਾ ਜਨਮ 23 ਅਗਸਤ 1957 ਨੂੰ ਰੋਪੜ ਜਿਲ੍ਹੇ ਦੇ ਧੀਮਾਣਾ ਪਿੰਡ ਵਿਚ ਹੋਇਆ ਸੀ।

ਪਿਆਰਾ ਸਿੰਘ ਦੇ ''ਬਾਬਾ'' ਬਣਨ ਦਾ ਕਿੱਸਾ

ਪਿਆਰਾ ਸਿੰਘ ਦੇ ਯੂ-ਟਿਊਬ ਚੈੱਨਲ ਉੱਤੇ ਮਿਲਦੀ ਜਾਣਕਾਰੀ ਮੁਤਾਬਕ ਉਹ ਬਚਪਨ ਤੋਂ ਹੀ ਪਸ਼ੂ-ਪੰਛੀਆਂ ਤੇ ਗਊ ਦੀ ਦੇਖਭਾਲ ਵਿਚ ਦਿਲਚਸਪੀ ਰੱਖਦਾ ਸੀ।

ਬਚਪਨ ਵਿਚ ਇੱਕ ਵਾਰ ਉਹ ਬਿਮਾਰ ਹੋ ਗਏ ਤੇ ਉਨ੍ਹਾਂ ਦੇ ਘਰ ਵਾਲੇ ਕਈ ਥਾਂ ਇਲਾਜ ਕਰਵਾਉਣ ਲਈ ਲੈ ਕੇ ਗਏ, ਪਰ ਕਿਸੇ ਵੀ ਥਾਂ ਤੋਂ ਕੋਈ ਅਰਾਮ ਨਹੀਂ ਹੋਇਆ। ਉਸ ਦੀ ਸਿਹਤ ਦਿਨ ਪ੍ਰਤੀ ਦਿਨ ਖ਼ਰਾਬ ਹੋ ਰਹੀ ਸੀ।

ਇਹ ਵੀ ਪੜ੍ਹੋ-

ਡੇਰੇ ਵਲੋਂ ਤਿਆਰ ਦਸਤਾਵੇਜ਼ੀ ਫਿਲਮ ਦੇ ਦਾਅਵੇ ਮੁਤਾਬਕ, ''''ਇੱਕ ਦਿਨ ਉਸ ਦੀ ਸਿਹਤ ਬਹੁਤ ਖ਼ਰਾਬ ਹੋ ਜਾਣ ਉੱਤੇ ਕਿਸੇ ਚੇਲੇ ਨੂੰ ਘਰ ਵਿਚ ਬੁਲਾਇਆ ਗਿਆ। ਉਦੋਂ ਤੱਕ ਉਨ੍ਹਾਂ ਦੇ ਕਈ ਰਿਸ਼ਤੇਦਾਰ ਤੇ ਸਕੇ ਸਬੰਧੀ ਤੇ ਪਿੰਡ ਵਾਲੇ ਵੀ ਘਰ ਇਕੱਠੇ ਹੋ ਗਏ।''''

''''ਚੇਲੇ ਨੇ ਕਿਹਾ ਕਿ ਉਹ ਉਸਦਾ ਇਲਾਜ ਨਹੀਂ ਕਰ ਸਕਦਾ ਇਹ ਕੋਈ ਗੈਬੀ ਸ਼ਕਤੀ ਹੈ, ਤੇ ਉਹ ਚਲਾ ਗਿਆ।''''

ਦਸਤਾਵੇਜ਼ੀ ਫਿਲਮ ਮੁਤਾਬਕ, ''''ਉਸ ਨੂੰ ਫਿਰ ਇਲਾਹੀ ਫੁਰਮਾਨ ਸੁਣਾਈ ਦਿੱਤਾ ਕਿ ਜੰਗਲ ਵਿਚ ਤੇਰਾ ਪਿਛਲੇ ਜਨਮ ਦਾ ਤਪ ਅਸਥਾਨ ਹੈ, ਤੂੰ ਉਸ ਨੂੰ ਭੁੱਲ ਚੁੱਕਿਆ ਹੈ। ਇਹ ਕਸ਼ਟ ਤੇਰੇ ਸਰੀਰ ਨੂੰ ਇਸੇ ਲਈ ਆਇਆ ਹੈ।''''

ਦਾਅਵੇ ਮੁਤਾਬਕ ਇਲਾਹੀ ਸ਼ਕਤੀ ਨੇ ਪਿਆਰਾ ਸਿੰਘ ਨੂੰ ਉਹ ਥਾਂ ਦਿਖਾਈ ਤੇ ਕਿਹਾ ਕਿ ਹੁਣੇ ਜੰਗਲ ਵਿਚ ਆਥਣ ਦੀ ਦਿਸ਼ਾ ਵੱਲ ਜਾਓ ਤੇ ਉਸ ਥਾਂ ਨੂੰ ਅਬਾਦ ਕਰੋ। ਇਸ ਤੋਂ ਬਾਅਦ ਪਿਆਰਾ ਸਿੰਘ ਮੰਜੇ ਤੋਂ ਉੱਠ ਕੇ ਜੰਗਲ ਵੱਲ ਚਲਾ ਗਿਆ।

ਉਸ ਨੇ ਇੱਕ ਥਾਂ ਜਾ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ ,ਇਸੇ ਥਾਂ ਨੂੰ ਉਸ ਨੇ 1980 ਵਿਚ ਧਰਮ ਕਲਾਂ ਅਸਥਾਨ ਭਨਿਆਰਾਂ ਦਾ ਨਾਂ ਦਿੱਤਾ। ਜਿੱਥੇ ਬਾਅਦ ਵਿਚ ਵੱਡਾ ਡੇਰਾ ਵਿਕਸਤ ਹੋਇਆ। ਇੱਥੇ ਪਹਿਲਾਂ ਕੋਈ ਧਾਰਮਿਕ ਅਸਥਾਨ ਨਹੀਂ ਸੀ।

ਜਦੋਂ 2001 ਵਿਚ ਪਿਆਰਾ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਵਿਵਾਦਾਂ ਵਿਚ ਆਇਆ ਅਤੇ ਜੇਲ੍ਹ ਵਿਚ ਗਿਆ ਤਾਂ ਉਸ ਵੱਲੋਂ ਜੰਗਲ ਦੀ ਜ਼ਮੀਨ ਛੁਡਾ ਲਈ ਗਈ ਤੇ ਉਸ ਦਾ ਡੇਰਾ ਉਸਦੀ ਕੋਠੀ ਅਤੇ ਖਰੀਦੀ ਹੋਈ ਜ਼ਮੀਨ ਤੱਕ ਸੀਮਤ ਹੋ ਗਿਆ।

ਭਨਿਆਰਾਂ ਵਿਚ ਹਰ ਮਹੀਨੇ ਦੀ 26 ਤਾਰੀਕ ਨੂੰ ਧਰਮ ਕਲਾਂ ਅਸਥਾਨ ਧੀਮਾਣਾ ਵਿਚ ਆਪਣੇ ਸ਼ਰਧਾਲੂਆਂ ਨੂੰ ਆਪਣਾ ਪ੍ਰਵਚਨ ਸੁਣਾਉਂਦਾ ਸੀ।

ਇਹ ਵੀ ਪੜ੍ਹੋ-

ਭਨਿਆਰਾਂਵਾਲੇ ਨਾਲ ਜੁੜੇ ਵਿਵਾਦ

ਪਿਆਰਾ ਸਿੰਘ ਭਨਿਆਰਾਂਵਾਲਾ ਦੇ ਖੁਦ ਨੂੰ ''ਬਾਬਾ'' ਐਲਾਨਣ ਤੋਂ ਪਹਿਲਾਂ ਉਹ ਬਾਗਬਾਨੀ ਵਿਭਾਗ ਵਿਚ ਬਤੌਰ ਚਪੜਾਸੀ ਦੀ ਨੌਕਰੀ ਕਰਦਾ ਸੀ। ਜਦੋਂ ਉਹ ਆਪਣੇ ਕਥਿਤ ਕੌਤਕਾਂ ਕਾਰਨ ਚਰਚਾ ਵਿਚ ਆਇਆ ਤਾਂ ਵੱਡੇ ਵੱਡੇ ਸਿਆਸਤਦਾਨ, ਅਫ਼ਸਰਸ਼ਾਹ ਅਤੇ ਜੱਜ ਤੱਕ ਉਸ ਦੇ ਡੇਰੇ ਹਾਜ਼ਰੀ ਭਰਨ ਲੱਗ ਪਏ ਸਨ।

ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਉਨ੍ਹਾਂ ਵਿਚੋਂ ਇੱਕ ਸਨ। ਕਾਂਗਰਸ, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਕਈ ਵੱਡੇ ਲੀਡਰਾਂ ਦੇ ਪਿਆਰਾ ਸਿੰਘ ਭਨਿਆਰਾਂਵਾਲੇ ਦੇ ਡੇਰੇ ਪਹੁੰਚਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ।

ਇਸੇ ਦੌਰਾਨ ਪਿਆਰਾ ਸਿੰਘ ਭਨਿਆਰਾਂਵਾਲੇ ਉੱਤੇ ਸਿੱਖ ਧਰਮ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗੇ। 1998 ਵਿਚ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਰਣਜੀਤ ਸਿੰਘ ਨੇ ਪਿਆਰਾ ਸਿੰਘ ਨੂੰ ਸਿੱਖ ਧਰਮ ਵਿਚੋਂ ਛੇਕ ਦਿੱਤਾ।

ਉਹ ਆਪਣਾ ਜਨਮ ਦਿਨ ਧੂਮ-ਧਾਮ ਨਾਲ ਮਨਾਉਣ ਲੱਗਾ, ਹਾਥੀ ਉੱਤੇ ਚੜ੍ਹਕੇ ਪੈਰੋਕਾਰਾਂ ਨੂੰ ਸੰਬੋਧਨ ਕਰਨ ਲੱਗਦਾ ਅਤੇ ਡੇਰੇ ਦਾ ਨਾਲ ਲੱਗਦੀ ਕਈ ਸੌ ਏਕੜ ਜ਼ਮੀਨ ਉੱਤੇ ਵੀ ਉਸ ਨੇ ਕਬਜ਼ਾ ਕਰ ਲਿਆ ਸੀ।

ਕਈ ਬੈਰੀਗੇਟ ਲੰਘ ਕੇ ਉਸ ਤੱਕ ਪਹੁੰਚਣਾ ਪੈਂਦਾ ਸੀ ਅਤੇ ਉਹ ਡੇਰੇ ਵਿਚੋਂ ਬਾਹਰ ਇਸ ਤਰ੍ਹਾਂ ਨਿਕਲਦਾ ਸੀ ਜਿਵੇਂ ਸੂਬੇ ਦੇ ਮੁੱਖ ਮੰਤਰੀ ਜਾਂ ਰਾਜਪਾਲ ਜਾਂਦਾ ਹੋਵੇ।

ਉਸਦੇ ਕਾਫ਼ਲੇ ਅੱਗੇ ਆਉਣ ਕਾਰਨ ਕਈ ਵਿਅਕਤੀਆਂ ਨੂੰ ਚੁੱਕ ਕੇ ਉਸ ਦੇ ਪੈਰੋਕਾਰਾਂ ਵਲੋਂ ਡੇਰੇ ਲੈ ਕੇ ਜਾਣ ਜਾਂ ਕੁੱਟ ਮਾਰ ਕਰਨ ਦੇ ਇਲਜ਼ਾਮ ਲੱਗੇ।

ਵਿਆਹਿਆ ਹੋਣ ਦੇ ਬਾਵਜੂਦ ਭਨਿਆਰਾਂਵਾਲੇ ਦੇ ਇੱਕ ਹੋਰ ਵਿਆਹ ਕਰਵਾਉਣ ਦੀ ਚਰਚਾ ਖੂਬ ਚੱਲੀ।

ਆਪਣੇ ਪੈਰੋਕਾਰਾਂ ਦੀ ਵਧਦੀ ਗਿਣਤੀ ਕਾਰਨ ਪਿਆਰਾ ਸਿੰਘ ਨੇ ਆਪਣੇ ਕਥਿਤ ਕੌਤਕਾਂ ਬਾਰੇ 2001 ਵਿਚ ਭਵ-ਸਾਗਰ ਸਮੁੰਦਰ ਗ੍ਰੰਥ ਲਿਖਵਾਇਆ।

ਜਿਸ ਵਿਚ ਬਹੁਤ ਸਾਰੇ ਸਿਆਸੀ ਆਗੂਆਂ ਤੇ ਅਫਸਰਾਂ ਦੀਆਂ ਤਸਵੀਰਾਂ ਪਿਆਰਾ ਸਿੰਘ ਨਾਲ ਛਪੀਆਂ ਸਨ। ਵਿਵਾਦ ਹੋਣ ਤੋਂ ਬਾਅਦ ਕਈ ਪੰਥਕ ਆਗੂਆਂ ਨੂੰ ਅਕਾਲ ਤਖ਼ਤ ਜਾ ਕੇ ਤਨਖ਼ਾਹ ਲਗਵਾਉਣੀ ਪਈ।

9 ਮਹੀਨੇ ਕੱਟੀ ਜੇਲ੍ਹ ਤੇ ਕਈ ਜਾਨਲੇਵਾ ਹਮਲੇ

ਪਿਆਰਾ ਸਿੰਘ ਦੇ ਗ੍ਰੰਥ ਉੱਤੇ ਵਿਵਾਦ ਹੋਣ ਤੇ ਪਾਬੰਦੀ ਦੀ ਮੰਗ ਉੱਠਣ ਤੋਂ ਬਾਅਦ ਉਸਦੇ ਪੈਰੋਕਾਰਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜਨ ਤੇ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ। ਇਨ੍ਹਾਂ ਘਟਨਾਵਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਖੜ੍ਹਾ ਕਰ ਦਿੱਤਾ।

ਇਸੇ ਦੌਰਾਨ ਪਿਆਰਾ ਸਿੰਘ ਨੂੰ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਿਤੰਬਰ 2001 ਨੂੰ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਉਹ 9 ਮਹੀਨੇ ਜੇਲ੍ਹ ਵਿਚ ਰਿਹਾ ।

ਉਸ ਉੱਤੇ ਕਈ ਜਾਨਲੇਵਾ ਹਮਲੇ ਵੀ ਕੀਤੇ ਗਏ ਪਰ ਸੀਆਰਪੀਐੱਫ ਦੀ ਸਖ਼ਤ ਸੁਰੱਖਿਆ ਤੇ ਡੇਰਾ ਪੈਰੋਕਾਰਾਂ ਦੇ ਸੁਰੱਖਿਆ ਘੇਰੇ ਕਾਰਨ ਉਹ ਬਚ ਗਿਆ।

ਭਨਿਆਰਾਂਵਾਲਾ ਨੇ ਆਪਣੇ ਭਵ ਸਾਗਰ ਸਮੁੰਦਰ ਗ੍ਰੰਥ ਤੋਂ ਪਾਬੰਦੀ ਹਟਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਕੇ ਲੰਬੀ ਕਾਨੂੰਨੀ ਲੜਾਈ ਵੀ ਲੜੀ ਪਰ ਅਦਾਲਤ ਨੇ ਇਸ ਦੀ ਆਗਿਆ ਨਹੀਂ ਦਿੱਤੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

https://www.youtube.com/watch?v=lH5ndoCBj-0

https://www.youtube.com/watch?v=KIuRLxUr9Z8

https://www.youtube.com/watch?v=JTbaBffiLPE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਇਹ ਵੀ ਪੜ੍ਹੋ-

ਇਹ ਵੀ ਦੇਖੋ-

https://www.youtube.com/watch?v=lH5ndoCBj-0

https://www.youtube.com/watch?v=KIuRLxUr9Z8

https://www.youtube.com/watch?v=JTbaBffiLPE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News