ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ

Friday, Nov 29, 2019 - 12:16 PM (IST)

ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ
ਦੁੱਧ
Getty Images

ਸਾਰੇ ਥਣਧਾਰੀ ਜੀਵਾਂ ਦੀ ਜ਼ਿੰਦਗੀ ਵਿੱਚ ਦੁੱਧ ਜਨਮ ਤੋਂ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਕਈ ਕਹਿੰਦੇ ਹਨ ਕਿ ਦੂਜੇ ਥਣਧਾਰੀ ਦਾ ਦੁੱਧ ਪੀਣਾ ਗੈਰਜ਼ਰੂਰੀ, ਗੈਰ ਕੁਦਰਤੀ ਅਤੇ ਸਿਹਤਵਰਧਕ ਨਹੀਂ ਹੈ।

ਕਿਸੇ ਹੋਰ ਪਸ਼ੂ ਦਾ ਦੁੱਧ ਪੀਣ ਵਾਲਾ ਇੱਕੋ ਇੱਕ ਜੀਵ ਹੋਣ ਕਾਰਨ ਮਨੁੱਖ ਦਾ ਇਸ ਚਿੱਟੇ ਪਦਾਰਥ ਨਾਲ ਆਸਾਧਾਰਣ ਸਬੰਧ ਹੈ। ਬਹੁਤ ਸਾਰੇ ਹੋਰ ਪਸ਼ੂਆਂ ਨੂੰ ਜਦੋਂ ਹੋਰ ਭੋਜਨ ਦੀ ਲੋੜ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਬਚਪਨ ਵਿਚ ਹੀ ਇਸ ਤੋਂ ਛੁਟਕਾਰਾ ਪਾ ਜਾਂਦੇ ਹਨ ਪਰ ਮਨੁੱਖ ਫਿਰ ਵੀ ਇਸਨੂੰ ਕਿਉਂ ਪੀਂਦਾ ਰਹਿੰਦਾ ਹੈ?

ਉੱਤਰੀ ਯੂਰਪ ਅਤੇ ਉੱਤਰੀ ਅਮਰੀਕਾ ਸਮੇਤ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਜਿੱਥੇ ਰਹਿਣ ਵਾਲੇ ਲੋਕਾਂ ਨੇ ਗਊਆਂ ਨੂੰ ਪਾਲਤੂ ਬਣਾਇਆ ਪਰ ਤਕਰਬੀਨ 10,000 ਸਾਲ ਪਹਿਲਾਂ ਹੀ ਉਨ੍ਹਾਂ ਨੇ ਲੈਕਟੋਸ ਨੂੰ ਪਚਾਉਣਾ ਸਿੱਖਿਆ।

ਨਤੀਜੇ ਵਜੋਂ ਦੁਨੀਆਂ ਦੀ ਲਗਭਗ 30% ਆਬਾਦੀ ਨੇ ਲੈਕਟੋਸ ਦਾ ਉਤਪਾਦਨ ਜਾਰੀ ਰੱਖਿਆ। ਇਹ ਐਨਜ਼ਾਈਮ ਬਾਲਗਪਣ ਦੀ ਅਵਸਥਾ ਵਿੱਚ ਲੈਕਟੇਸ ਨੂੰ ਪਚਾਉਣ ਲਈ ਲੋੜੀਂਦਾ ਹੁੰਦਾ ਹੈ। ਜਦੋਂਕਿ ਬਾਕੀ ਜੀਵਾਂ ਵਿੱਚ ਬਚਪਨ ਦੇ ਦੁੱਧ ਚੁੰਘਣ ਦੇ ਪੜਾਅ ਤੋਂ ਬਾਅਦ ਲੈਕਟੇਸ ਬਣਨਾ ਬੰਦ ਹੋ ਜਾਂਦਾ ਹੈ।

ਇਹ ਵੀ ਪੜ੍ਹੋ:

ਇਸ ਲਈ ਉੱਤਰੀ ਯੂਰਪ ਦੇ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਨੂੰ ਲੈਕਟੋਸ ਨਹੀਂ ਪਚਦਾ। ਉੱਤਰੀ ਯੂਰੋਪ ਵਿਚ ਸਿਰਫ਼ 9% ਲੋਕ ਲੈਕਟੇਸ ਮੁਆਫ਼ਕ ਨਹੀਂ ਹਨ।

ਇਸਦੇ ਬਾਵਜੂਦ ਉੱਤਰੀ ਯੂਰਪੀਅਨ ਸਿਹਤ ਅਤੇ ਪਸ਼ੂ ਪਾਲਣ ਨਾਲ ਸਬੰਧਿਤ ਕੁਝ ਮੁਸ਼ਕਿਲਾਂ ਕਾਰਨ ਦੁੱਧ ਦਾ ਸੇਵਨ ਘਟਾਉਣਾ ਚਾਹੁੰਦੇ ਹਨ ਜੋ ਕਿ ਗਊਆਂ ਦੇ ਦੁੱਧ ਦੇ ਡੇਅਰੀ ਮੁਕਤ ਬਦਲਾਂ ਦੇ ਵਿਕਾਸ ਨੂੰ ਅੱਗੇ ਵਧਾ ਰਹੇ ਹਨ।

ਪਰ ਕੀ ਕਿਸੇ ਹੋਰ ਪਦਾਰਥ ਨੂੰ ਪੀਣ ਨਾਲ ਗਾਂ ਦੇ ਦੁੱਧ ਵਰਗਾ ਲਾਭ ਹੁੰਦਾ ਹੈ ਜਾਂ ਕੀ ਗਾਂ ਦਾ ਦੁੱਧ ਸਾਨੂੰ ਮਹੱਤਵਪੂਰਨ ਪੋਸ਼ਕ ਤੱਤ ਦਿੰਦਾ ਹੈ ਜੋ ਕਿ ਸਾਨੂੰ ਹੋਰ ਕਿਸੇ ਤੋਂ ਨਹੀਂ ਮਿਲਣਗੇ? ਅਤੇ ਕੀ ਅਸਲ ਵਿੱਚ ਦੁੱਧ ਜ਼ਿਆਦਾਤਰ ਲੋਕਾਂ ਦੀ ਲੈਕਟੋਸ ਪਚਾਉਣ ਦੀ ਸ਼ਕਤੀ ਨੂੰ ਵਧਾਉਂਦਾ ਹੈ?

ਗਾਂ ਦੇ ਦੁੱਧ ਦੇ ਫਾਇਦੇ

ਗਾਂ ਦਾ ਦੁੱਧ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ। ਇਸ ਦੇ ਨਾਲ ਹੀ ਵਿਟਾਮਿਨ ਬੀ 12 ਅਤੇ ਆਇਓਡੀਨ ਸਮੇਤ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਇਸ ਵਿੱਚ ਮੈਗਨੀਸ਼ੀਅਮ ਵੀ ਸ਼ਾਮਲ ਹੈ ਜੋ ਹੱਡੀਆਂ ਦੇ ਵਿਕਾਸ ਅਤੇ ਮਾਸਪੇਸ਼ੀਆਂ ਲਈ ਮਹੱਤਵਪੂਰਨ ਹੈ ਅਤੇ ਨਾਲ ਹੀ ਇਸ ਵਿਚ ''ਵੇਅ'' ਅਤੇ ''ਕੈਸੀਨ'' (ਪ੍ਰੋਟੀਨ ਦੀਆਂ ਦੋ ਕਿਸਮਾਂ) ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਘਟਾਉਣ ਵਿੱਚ ਅਹਿਮਾ ਭੂਮਿਕਾ ਅਦਾ ਕਰਦਾ ਹੈ।

ਗਊ
Getty Images

ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਨੇ ਇੱਕ ਤੋਂ ਤਿੰਨ ਸਾਲ ਦੇ ਬੱਚਿਆਂ ਨੂੰ ਰੋਜ਼ਾਨਾ 350 ਮਿਲੀਗ੍ਰਾਮ ਕੈਲਸ਼ੀਅਮ ਲੈਣ ਦੀ ਸਿਫਾਰਸ਼ ਕੀਤੀ ਹੈ। ਹੱਡੀਆਂ ਦੇ ਵਿਕਾਸ ਲਈ ਇਹ ਸਿਰਫ਼ ਅੱਧਾ ਗਿਲਾਸ ਦੁੱਧ ਵਿੱਚੋਂ ਮਿਲ ਜਾਂਦਾ ਹੈ।

ਪਰ ਜਦੋਂ ਬਾਲਗਾਂ ਦੀ ਗੱਲ ਆਉਂਦੀ ਹੈ ਤਾਂ ਖੋਜਾਂ ਅਨੁਸਾਰ ਇਹ ਪਰਸਪਰ ਵਿਰੋਧੀ ਹੈ ਕਿ ਕੀ ਗਾਂ ਦਾ ਦੁੱਧ ਸਾਡੀਆਂ ਹੱਡੀਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ਜਾਂ ਨਹੀਂ।

ਹਾਲਾਂਕਿ ਤੰਦਰੁਸਤ ਹੱਡੀਆਂ ਲਈ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਪਰ ਕੈਲਸ਼ੀਅਮ ਭਰਪੂਰ ਭੋਜਨ ਦਾ ਸੇਵਨ ਕਰਨ ਨਾਲ ਹੱਡੀਆਂ ਨੂੰ ਟੁੱਟਣ ਤੋਂ ਰੋਕਣ ਦਾ ਸਪਸ਼ਟ ਪ੍ਰਮਾਣ ਨਹੀਂ ਹੈ।

ਕਈ ਅਧਿਐਨਾਂ ਵਿੱਚ ਦੁੱਧ ਪੀਣ ਨਾਲ ਹੱਡੀਆਂ ਟੁੱਟਣ ਦੇ ਖਤਰੇ ਵਿੱਚ ਕੋਈ ਕਮੀ ਨਹੀਂ ਪਾਈ ਗਈ ਜਦੋਂਕਿ ਕੁਝ ਅਧਿਐਨ ਇਹ ਵੀ ਦੱਸਦੇ ਹਨ ਕਿ ਦੁੱਧ ਕਾਰਨ ਅਸਲ ਵਿੱਚ ਹੱਡੀਆਂ ਟੁੱਟਣ ਦਾ ਖ਼ਤਰਾ ਹੋ ਸਕਦਾ ਹੈ।

ਸਵੀਡਨ ਵਿੱਚ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਜੋ ਔਰਤਾਂ ਰੋਜ਼ਾਨਾ 200 ਮਿਲੀਲੀਟਰ ਤੋਂ ਜ਼ਿਆਦਾ- ਇੱਕ ਗਿਲਾਸ ਤੋਂ ਘੱਟ ਦੁੱਧ ਪੀਂਦੀਆਂ ਹਨ, ਉਨ੍ਹਾਂ ਵਿੱਚ ਹੱਡੀਆਂ ਟੁੱਟਣ ਦਾ ਖ਼ਤਰਾ ਜ਼ਿਆਦਾ ਸੀ।

ਹਾਲਾਂਕਿ ਇਹ ਅਧਿਐਨ ਨਿਗਰਾਨੀ ਅਧੀਨ ਸੀ, ਇਸ ਲਈ ਖੋਜਕਰਤਾਵਾਂ ਨੇ ਉਨ੍ਹਾਂ ਦੀਆਂ ਖੋਜਾਂ ਦੀ ਗਲਤ ਵਿਆਖਿਆ ਵਿਰੁੱਧ ਸਾਵਧਾਨ ਕੀਤਾ ਸੀ। ਉਨ੍ਹਾਂ ਮੁਤਾਬਕ ਹੱਡੀਆਂ ਟੁੱਟਣ ਦੀ ਸੰਭਾਵਨਾ ਵਾਲੇ ਲੋਕ ਦੁੱਧ ਜ਼ਿਆਦਾ ਪੀਂਦੇ ਹੋ ਸਕਦੇ ਹਨ।

ਦੁੱਧ
Getty Images

ਰੀਡਿੰਗ ਯੂਨੀਵਰਸਿਟੀ ਵਿੱਚ ਫੂਡ ਚੇਨ ਨਿਊਟ੍ਰੀਸ਼ਅਨ ਦੇ ਮਾਹਿਰ ਇਆਨ ਗਿਵੇਂਸ ਕਹਿੰਦੇ ਹਨ ਕਿ ਕਿਸ਼ੋਰ ਅਵਸਥਾ ਵਿੱਚ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ।

ਗਿਵੇਂਸ ਦਾ ਕਹਿਣਾ ਹੈ, "ਜੇਕਰ ਤੁਹਾਡਾ ਕਿਸ਼ੋਰ ਅਵਸਥਾ ਦੇ ਸਾਲਾਂ ਵਿੱਚ ਹੱਡੀਆਂ ਦਾ ਵਿਕਾਸ ਸਹੀ ਨਹੀਂ ਹੁੰਦਾ ਤਾਂ ਤੁਹਾਨੂੰ ਬਾਅਦ ਦੇ ਜੀਵਨ ਵਿੱਚ ਹੱਡੀਆਂ ਦੀ ਕਮਜ਼ੋਰੀ ਦਾ ਜ਼ਿਆਦਾ ਖਤਰਾ ਰਹਿੰਦਾ ਹੈ, ਵਿਸ਼ੇਸ਼ ਕਰਕੇ ਮੈਨੋਪਾਜ਼ ਤੋਂ ਬਾਅਦ ਔਰਤਾਂ ਵਿੱਚ ਜਦੋਂ ਉਹ ਐਸਟ੍ਰੋਜਨ ਦੇ ਲਾਭ ਤੋਂ ਵੰਚਿਤ ਹੋ ਜਾਂਦੀਆਂ ਹਨ।"

ਸਿਹਤ ਸਬੰਧੀ ਸਮੱਸਿਆਵਾਂ

ਹਾਲ ਹੀ ਦੇ ਦਹਾਕਿਆਂ ਵਿੱਚ ਦੁੱਧ ਵਿੱਚ ਮੌਜੂਦ ਹਾਰਮੋਨਜ਼ ਸਬੰਧੀ ਇੱਕ ਚਿੰਤਾ ਉੱਭਰੀ ਹੈ। ਗਊਆਂ ਗਰਭਵਤੀ ਹੋਣ ਤੋਂ ਬਾਅਦ ਦੁੱਧ ਦਿੰਦੀਆਂ ਹਨ ਜਦੋਂ ਉਨ੍ਹਾਂ ਦਾ ਐਸਟ੍ਰੋਜਨ ਪੱਧਰ 20 ਗੁਣਾ ਹੋਇਆ ਹੁੰਦਾ ਹੈ। ਹਾਲਾਂਕਿ ਇੱਕ ਅਧਿਐਨ ਨੇ ਇਸ ਐਸਟ੍ਰੋਜਨ ਦੇ ਪੱਧਰ ਨੂੰ ਛਾਤੀ, ਅੰਡਕੋਸ਼ ਅਤੇ ਗਰਭਸ਼ਯ ਦੇ ਕੈਂਸਰ ਨਾਲ ਜੋੜਿਆ ਹੈ।

ਪਰ ਅਮਰੀਕਾ ਵਿੱਚ ਵਿਸਕਾਨਸਿਨ ਯੂਨੀਵਰਸਿਟੀ ਵਿੱਚ ਦੁੱਧ ਚੁੰਘਾਉਣ ਜੀਵ ਵਿਗਿਆਨ ਵਿਸ਼ੇ ਵਿੱਚ ਅਧਿਐਨ ਕਰਨ ਵਾਲੀ ਹਰਨਾਂਡੇਜ਼ ਦਾ ਕਹਿਣਾ ਹੈ ਕਿ ਗਾਂ ਦੇ ਦੁੱਧ ਰਾਹੀਂ ਹਾਰਮੋਨਜ਼ ਦਾ ਸੇਵਨ ਕਰਨਾ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ।

ਉਹ ਕਹਿੰਦੀ ਹੈ, "ਮਨੁੱਖ ਦੇ ਦੁੱਧ ਵਿੱਚ ਵੀ ਹਾਰਮੋਨਜ਼ ਹੁੰਦੇ ਹਨ-ਇਹ ਥਣਧਾਰੀ ਜੀਵਾਂ ਦਾ ਇੱਕ ਹਿੱਸਾ ਹੈ।"

ਅਧਿਐਨਾਂ ਦੀ ਇੱਕ ਤਾਜ਼ਾ ਸਮੀਖਿਆ ਵਿੱਚ ਇਹ ਦੇਖਿਆ ਗਿਆ ਕਿ ਦੁੱਧ ਰਾਹੀਂ ਖਪਤ ਕੀਤੀ ਜਾ ਰਹੀ ਐਸਟ੍ਰੋਜਨ ਦੀ ਮਾਤਰਾ ਨੁਕਸਾਨਦੇਹ ਹੈ, ਇਸ ਸਬੰਧੀ ਚਿੰਤਾ ਦਾ ਕੋਈ ਕਾਰਨ ਨਹੀਂ ਮਿਲਿਆ।

ਖੋਜਕਰਤਾਵਾਂ ਨੇ ਦੇਖਿਆ ਕਿ ਜਦੋਂ ਗਾਂ ਦੇ ਦੁੱਧ ਵਿੱਚ ਐਸਟ੍ਰੋਜਨ ਦਾ 100 ਗੁਣਾ ਪੱਧਰ ਪਾਇਆ ਜਾਂਦਾ ਹੈ ਤਾਂ ਇਹ ਚੂਹਿਆਂ ਦੀ ਪ੍ਰਜਣਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਦਾ ਹੈ।

ਖੋਜਕਰਤਾਵਾਂ ਨੇ ਖੁਰਾਕ ਦੇ 1,000 ਗੁਣਾ ਆਮ ਪੱਧਰ ''ਤੇ ਪਹੁੰਚਣ ''ਤੇ ਪਤਾ ਲਗਾਇਆ ਕਿ ਨਰ ਚੂਹਿਆਂ ਦੇ ਐਸਟ੍ਰੋਜਨ ਪੱਧਰ ਵਿੱਚ ਵਾਧਾ ਹੋਇਆ ਅਤੇ ਮਾਦਾ ਚੂਹਿਆਂ ਵਿੱਚ ਟੈਸਟੋਸਟੇਰੋਨ ਦੇ ਪੱਧਰ ਵਿੱਚ ਕਮੀ ਆਈ ਹੈ।

ਇਸ ਅਧਿਐਨ ਦੇ ਲੇਖਕ ਗ੍ਰੇਗੋਰ ਮਾਜਿਕ ਜੋ ਸੋਲਵੇਨੀਆ ਵਿੱਚ ਲਜੁਬਲਜਾਨਾ ਦੇ ਸੈਂਟਰ ਫਾਰ ਐਨੀਮਲ ਜੀਨੋਮਿਕਸ ਦੇ ਖੋਜਾਰਥੀ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਭਾਵਨਾ ਬਹੁਤ ਘੱਟ ਹੈ ਕਿ ਮਨੁੱਖ ਚੂਹਿਆਂ ਦੀ ਤੁਲਨਾ ਵਿੱਚ ਦੁੱਧ ਵਿੱਚ ਐਸਟ੍ਰੋਜਨ ਦੇ ਪੱਧਰ ਪ੍ਰਤੀ ਇੱਕ ਹਜ਼ਾਰ ਗੁਣਾ ਵਧੇਰੇ ਸੰਵੇਦਨਸ਼ੀਲ ਹੈ।

ਅਧਿਐਨਾਂ ਵਿੱਚ ਦੁੱਧ ਵਿੱਚ ਸੰਤ੍ਰਿਪਤ ਚਰਬੀ (ਸੈਚੂਰੇਟਡ ਫੈਟ) ਦੀ ਮਾਤਰਾ ਕਾਰਨ ਦੁੱਧ ਦੇ ਸੇਵਨ ਅਤੇ ਦਿਲ ਦੇ ਰੋਗਾਂ ਵਿਚਕਾਰ ਇੱਕ ਸਬੰਧ ਦੇਖਿਆ ਗਿਆ ਹੈ।

ਪਰ ਸ਼ੁੱਧ ਦੁੱਧ ਵਿੱਚ ਲਗਭਗ 3.5 % ਚਰਬੀ, ਸੈਮੀ ਸਕਿਮਡ ਵਿੱਚ 1.5% ਅਤੇ ਸਕਿਮਡ ਵਿੱਚ 0. 3% ਹੁੰਦੀ ਹੈ ਜਦੋਂਕਿ ਬਿਨਾਂ ਮਿੱਠੇ ਵਾਲੇ ਸੋਇਆ, ਬਦਾਮ, ਭੰਗ, ਜਵ੍ਹੀ, ਨਾਰੀਅਲ ਅਤੇ ਚਾਵਲਾਂ ਦੇ ਪੀਣ ਵਾਲੇ ਪਦਾਰਥ ਵਿੱਚ ਸ਼ੁੱਧ ਦੁੱਧ ਦੀ ਤੁਲਨਾ ਵਿੱਚ ਚਰਬੀ ਦਾ ਪੱਧਰ ਘੱਟ ਹੁੰਦਾ ਹੈ।

ਇੱਕ ਅਧਿਐਨ ਵਿੱਚ ਖੋਜਕਰਤਾਵਾਂ ਨੇ ਪ੍ਰਤੀਭਾਗੀਆਂ ਨੂੰ ਦੁੱਧ ਪੀਣ ਦੀ ਮਾਤਰਾ ਦੇ ਆਧਾਰ ''ਤੇ ਚਾਰ ਸਮੂਹਾਂ ਵਿੱਚ ਵੰਡਿਆ। ਉਨ੍ਹਾਂ ਨੇ ਦੇਖਿਆ ਕਿ ਜਿਹੜੇ ਰੋਜ਼ਾਨਾ ਸਭ ਤੋਂ ਵੱਧ-ਲਗਭਗ ਇੱਕ ਲੀਟਰ ਦੁੱਧ ਪੀਂਦੇ ਸਨ ਉਨ੍ਹਾਂ ਵਿੱਚ ਦਿਲ ਦੇ ਰੋਗਾਂ ਦਾ ਖਤਰਾ ਵਧ ਗਿਆ ਸੀ।

ਦੁੱਧ
Getty Images

ਈਸਟਰਨ ਫਿਨਲੈਂਡ ਯੂਨੀਵਰਸਿਟੀ ਵਿੱਚ ਪੋਸ਼ਣ ਮਹਾਮਾਰੀ ਮਾਹਿਰ ਯਰਕਿਆ ਵੀਰਟਾਨੇਨ ਦਾ ਕਹਿਣਾ ਹੈ ਕਿ ਇਸਦਾ ਸਬੰਧ ਇਸ ਨਾਲ ਹੋ ਸਕਦਾ ਹੈ ਕਿ ਜੋ ਲੋਕ ਇੰਨਾ ਦੁੱਧ ਪੀਂਦੇ ਹਨ, ਉਨ੍ਹਾਂ ਕੋਲ ਸਿਹਤਵਰਧਕ ਭੋਜਨ ਨਹੀਂ ਹੈ।

ਉਹ ਕਹਿੰਦੇ ਹਨ, "ਸਿਰਫ਼ ਦੁੱਧ ਦਾ ਜ਼ਿਆਦਾ ਸੇਵਨ ਬੁਰਾ ਹੋ ਸਕਦਾ ਹੈ, ਪਰ ਕੋਈ ਵੀ ਖੋਜ ਇਹ ਸੁਝਾਅ ਨਹੀਂ ਦਿੰਦੀ ਕਿ ਦੁੱਧ ਦੀ ਦਰਮਿਆਨੀ ਮਾਤਰਾ ਦਾ ਸੇਵਨ ਖਤਰਨਾਕ ਹੈ।"

ਇਹ ਵੀ ਸੰਭਵ ਹੈ ਕਿ ਲੈਕਟੋਸ ਮੁਆਫਕ ਨਾ ਹੋਣ ਵਾਲੇ ਵਿਅਕਤੀ ਗਾਂ ਦਾ ਥੋੜ੍ਹਾ ਜਿਹਾ ਦੁੱਧ ਪੀਣ ਦੇ ਯੋਗ ਹੋਣ। ਕੁਝ ਮਾਹਿਰ ਇਹ ਦਲੀਲ ਦਿੰਦੇ ਹਨ ਕਿ ਮਾੜੇ ਲੱਛਣ ਜਿਵੇਂ ਕਿ ਅਫਾਰਾ ਅਤੇ ਢਿੱਡ ਦੇ ਕੜਵੱਲ ਸਰੀਰ ਵਿੱਚ ਲੈਕਟੋਸ ਪੈਦਾ ਕਰਨ ਦਾ ਪ੍ਰਤੀਕਰਮ ਹੁੰਦੇ ਹਨ। ਹਰੇਕ ਵਿਅਕਤੀ ਦੇ ਵਿੱਚ ਲੱਛਣ ਵੱਖਰੇ ਹੁੰਦੇ ਹਨ।

ਕੈਲੀਫੋਰਨੀਆ ਵਿਖੇ ਸਟੈਨਫੋਰਡ ਪ੍ਰੀਵੈਨਸ਼ਨ ਰਿਸਰਚ ਸੈਂਟਰ ਵਿੱਚ ਪੋਸ਼ਣ ਵਿਗਿਆਨੀ ਕ੍ਰਿਸਟੋਫਰ ਗਾਰਡਨਰ ਨੇ ਇੱਕ ਅਧਿਐਨ ਕੀਤਾ ਜਿਸ ਵਿੱਚ ਲੈਕਟੋਸ ਨਾ ਮੁਆਫਕ ਹੋਣ ਵਾਲੇ ਲੋਕਾਂ ਦੇ ਲੱਛਣਾਂ ਦੀ ਤੁਲਨਾ ਕੀਤੀ ਗਈ।

ਜਦੋਂ ਉਹ ਰੋਜ਼ਾਨਾ ਦੋ ਕੱਪ ਸੋਇਆ ਦੁੱਧ, ਕੱਚਾ ਦੁੱਧ ਅਤੇ ਨਿਯਮਤ ਦੁੱਧ ਪੀਂਦੇ ਸਨ, ਉਨ੍ਹਾਂ ਨੇ ਦੇਖਿਆ ਕਿ ਜ਼ਿਆਦਾਤਰ ਨੂੰ ਕੋਈ ਗੰਭੀਰ ਲੱਛਣ ਸਾਹਮਣੇ ਨਹੀਂ ਆਏ।

ਉਨ੍ਹਾਂ ਕਿਹਾ, "ਲੈਕਟੋਸ ਨਾ ਮੁਆਫਕ ਹੋਣਾ ਨਿਰੰਤਰਤਾ ਦੀ ਤੁਲਨਾ ਵਿੱਚ ਵਿਰੋਧਾਭਾਸ ਘੱਟ ਹੈ ਅਤੇ ਬਹੁਤੇ ਲੋਕ ਮਾਮੂਲੀ ਮਾਤਰਾ ਵਿੱਚ ਡੇਅਰੀ ਉਤਪਾਦਾਂ ਨੂੰ ਸਹਿ ਸਕਦੇ ਹਨ।"

ਵਿਕਲਪਾਂ ਦੀ ਵੱਧ ਰਹੀ ਮੰਗ

ਗਾਂ ਦੇ ਦੁੱਧ ਦੇ ਸਾਡੀ ਸਿਹਤ ''ਤੇ ਪ੍ਰਭਾਵਾਂ ਨੂੰ ਦੇਖਦੇ ਹੋਏ ਇਸ ''ਤੇ ਬਹੁਤ ਸਾਰੀ ਖੋਜ ਹੋਈ ਹੈ ਜਦੋਂਕਿ ਡੇਅਰੀ ਮੁਕਤ ਵਿਕਲਪਾਂ ''ਤੇ ਘੱਟ ਖੋਜ ਹੋਈ ਹੈ।

ਕਿਸੇ ਵੀ ਸੁਪਰ ਮਾਰਕੀਟ ਵਿੱਚ ਦੁੱਧ ਵਾਲੇ ਖਾਨੇ ਵੱਲ ਨਜ਼ਰ ਮਾਰੋ ਤਾਂ ਸੋਇਆ, ਬਦਾਮ, ਕਾਜੂ, ਹੇਜ਼ਲਨਟ, ਨਾਰੀਅਲ, ਮਾਕਾਡੈਮੀਆ ਗਿਰੀ, ਚਾਵਲ, ਅਲਸੀ, ਓਟਸ (ਜਵ੍ਹੀ) ਜਾਂ ਭੰਗ ਨਾਲ ਬਣੇ ਪਦਾਰਥਾਂ ਦੇ ਵਿਕਲਪਾਂ ਦੀ ਵਧਦੀ ਹੋਈ ਮੰਗ ਨੂੰ ਦਰਸਾਉਂਦੇ ਹਨ।

ਇਨ੍ਹਾਂ ਵਿੱਚ ਮੁੱਖ ਹਿੱਸਾ ਪਾਣੀ ਅਤੇ ਹੋਰ ਸਮੱਗਰੀ ਨਾਲ ਪ੍ਰੋਸੈੱਸ ਕਰਕੇ ਇਸਨੂੰ ਪਤਲਾ ਕੀਤਾ ਹੁੰਦਾ ਹੈ ਜਿਸ ਵਿੱਚ ਗੈਲਨ ਗਮ (ਇੱਕ ਪੌਦੇ ਦੇ ਟੀਸ਼ੂ ਤੋਂ ਗਾਡ਼੍ਹਾ ਕਰਨ ਲਈ ਬਣਾਇਆ ਗਿਆ ਪਦਾਰਥ) ਅਤੇ ਲੋਕਸਟ ਬੀਨ ਗਮ ਸ਼ਾਮਲ ਹੁੰਦਾ ਹੈ।

ਗਿਵੇਂਸ ਕਹਿੰਦੇ ਹਨ, "ਪ੍ਰੋਟੀਨ ਪੱਖੋਂ ਸੋਇਆ ਦੁੱਧ ਗਾਂ ਦੇ ਦੁੱਧ ਦਾ ਬਿਹਤਰੀਨ ਵਿਕਲਪ ਹੈ ਕਿਉਂਕਿ ਤੁਲਨਾਤਮਕ ਪੱਧਰ ''ਤੇ ਸਿਰਫ਼ ਇਸ ਵਿੱਚ ਹੀ ਸਹੀ ਮਾਤਰਾ ਵਿੱਚ ਪ੍ਰੋਟੀਨ ਹੁੰਦੀ ਹੈ, ਪਰ ਵਿਕਲਪਿਕ ਪੀਣ ਵਾਲੇ ਪਦਾਰਥਾਂ ਵਿੱਚ ਪ੍ਰੋਟੀਨ ''ਅਸਲ'' ਪ੍ਰੋਟੀਨ ਨਹੀਂ ਹੋ ਸਕਦਾ।"

ਉਨ੍ਹਾਂ ਦਾ ਕਹਿਣਾ ਹੈ, "ਇਹ ਦੁੱਧ ਦੀ ਤੁਲਨਾ ਵਿੱਚ ਕਾਫ਼ੀ ਘੱਟ ਗੁਣਵੱਤਾ ਵਾਲਾ ਪ੍ਰੋਟੀਨ ਹੋ ਸਕਦਾ ਹੈ ਜੋ ਵਿਸ਼ੇਸ਼ ਰੂਪ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦੀਆਂ ਹੱਡੀਆਂ ਦੇ ਵਿਕਾਸ ਲਈ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਦੀ ਸੰਪੂਰਨ ਲੋੜ ਹੁੰਦੀ ਹੈ।"

ਵਰਜੀਨੀਆ, ਅਮਰੀਕਾ ਦੀ ਜੌਰਜ ਮੇਸਨ ਯੂਨੀਵਰਸਿਟੀ ਦੇ ਪੋਸ਼ਣ ਅਤੇ ਭੋਜਨ ਅਧਿਐਨ ਵਿਭਾਗ ਦੀ ਸੀਨਾ ਗੈਲੋ ਦਾ ਕਹਿਣਾ ਹੈ ਇਹ ਸੁਝਾਅ ਦੇਣ ਲਈ ਕੋਈ ਖੋਜ ਨਹੀਂ ਹੈ ਕਿ ਅਸੀਂ ਇਨ੍ਹਾਂ ਪੀਣ ਵਾਲੇ ਪਦਾਰਥਾਂ ਵਿੱਚੋਂ ਮੁੱਖ ਸਮੱਗਰੀ ਵਿੱਚੋਂ ਕਿੰਨਾ ਪੋਸ਼ਣ ਪ੍ਰਾਪਤ ਕਰ ਸਕਦੇ ਹਾਂ।

ਉਨ੍ਹਾਂ ਦਾ ਅੱਗੇ ਕਹਿਣਾ ਹੈ ਕਿ ਇਨ੍ਹਾਂ ਵਿੱਚ ਹੋਰ ਸੂਖਮ ਪੌਸ਼ਕ ਤੱਤ ਸ਼ਾਮਲ ਹੋ ਸਕਦੇ ਹਨ, ਪਰ ਤੁਹਾਨੂੰ ਬਦਾਮ ਡ੍ਰਿੰਕ ਪੀਣ ਨਾਲ ਓਨਾ ਲਾਭ ਨਹੀਂ ਮਿਲੇਗਾ ਜਿੰਨਾ ਤੁਹਾਨੂੰ ਬਦਾਮ ਖਾਣ ਨਾਲ ਮਿਲੇਗਾ।

ਦੁੱਧ
Getty Images

ਆਮਤੌਰ ''ਤੇ ਦੁੱਧ ਦੇ ਵਿਕਲਪ ਗਾਂ ਦੇ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਜਿਵੇਂ ਕਿ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਪਰ ਵਿਗਿਆਨੀਆਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿੱਚ ਪਾਏ ਗਏ ਵਿਟਾਮਿਨ ਅਤੇ ਖਣਿਜ ਸਾਨੂੰ ਗਾਂ ਦੇ ਦੁੱਧ ਵਿੱਚ ਕੁਦਰਤੀ ਰੂਪ ਨਾਲ ਮੌਜੂਦ ਹੋਣ ਵਾਲੇ ਸਿਹਤ ਲਾਭ ਪ੍ਰਦਾਨ ਕਰਦੇ ਹਨ ਜਾਂ ਨਹੀਂ।

ਵਿਗਿਆਨੀ ਕਹਿੰਦੇ ਹਨ ਕਿ ਮਨੁੱਖੀ ਸਰੀਰ ਨੂੰ ਇਸ ਤਰ੍ਹਾਂ ਦਿੱਤੇ ਗਏ ਕੈਲਸ਼ੀਅਮ ਦੇ ਨਤੀਜਿਆਂ ਨੂੰ ਸਥਾਪਿਤ ਕਰਨ ਲਈ ਹੋਰ ਜ਼ਿਆਦਾ ਖੋਜ ਦੀ ਲੋੜ ਹੈ।

ਗੈਲੋ ਦਾ ਕਹਿਣਾ ਹੈ, "ਜਦੋਂ ਕੈਲਸ਼ੀਅਮ ਦੀ ਤੁਲਨਾ ਇਸਨੂੰ ਕੁਦਰਤੀ ਤੌਰ ''ਤੇ ਪਾਏ ਜਾਣ ਵਾਲੇ ਪਦਾਰਥ ਅਤੇ ਗੈਰ ਕੁਦਰਤੀ ਢੰਗ ਨਾਲ ਦੇਣ ਦੀ ਕੀਤੀ ਜਾਂਦੀ ਹੈ ਤਾਂ ਕੈਲਸ਼ੀਅਮ ਦੀ ਜੈਵਿਕ ਉਪਲੱਬਧਾ ਅਲੱਗ ਅਲੱਗ ਹੋ ਸਕਦੀ ਹੈ।"

"ਇਨ੍ਹਾਂ ਉਤਪਾਦਾਂ ਵਿੱਚੋਂ ਕੁਝ ਨਾਲ ਇਹ ਇੱਕ ਵੱਡਾ ਮੁੱਦਾ ਹੈ। ਗਾਂ ਦੇ ਦੁੱਧ ਵਿੱਚ ਚਰਬੀ ਸਮੇਤ ਹੋਰ ਚੀਜ਼ਾਂ ਹੁੰਦੀਆਂ ਹਨ ਜੋ ਪੋਸ਼ਕ ਤੱਤਾਂ ਦੀ ਜੈਵਿਕ ਉਪਲੱਬਧਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।"

ਅਮਰੀਕਾ ਵਿੱਚ ਗਾਂ ਦੇ ਦੁੱਧ ਵਿੱਚ ਵਿਟਾਮਿਨ ਡੀ ਮਿਲਾਇਆ ਜਾਂਦਾ ਹੈ ਅਤੇ ਖੋਜ ਤੋਂ ਪਤਾ ਲੱਗਿਆ ਹੈ ਕਿ ਇਹ ਸੂਰਜ ਦੇ ਸੰਪਰਕ ਵਿੱਚ ਕੁਦਰਤੀ ਰੂਪ ਨਾਲ ਵਿਟਾਮਿਨ ਡੀ ਪ੍ਰਾਪਤ ਕਰਨ ਦੇ ਸਮਾਨ ਹੀ ਲਾਭਕਾਰੀ ਤੌਰ ''ਤੇ ਪ੍ਰਭਾਵੀ ਹੋ ਸਕਦਾ ਹੈ।

ਪੋਸ਼ਣ ਮਾਹਿਰ ਸ਼ਾਰਲੇਟ ਸਟਰਲਿੰਗ ਰੀਡ ਦਾ ਕਹਿਣਾ ਹੈ ਕਿ ਇਸਦੇ ਬਾਵਜੂਦ ਮਾਹਿਰ ਸਲਾਹ ਦੇ ਰਹੇ ਹਨ ਕਿ ਇਹ ਵਿਕਲਪ ਬੱਚਿਆਂ ਲਈ ਸਹੀ ਹਨ।

ਉਨ੍ਹਾਂ ਦਾ ਕਹਿਣਾ ਹੈ, "ਗਾਂ ਦਾ ਦੁੱਧ ਪੋਸ਼ਣ ਭਰਪੂਰ ਖਾਧ ਪਦਾਰਥ ਹੈ ਅਤੇ ਦੁੱਧ ਦਾ ਵਿਕਲਪ ਰੂਪ ਇਸਦੇ ਸਾਰੇ ਪੌਸ਼ਟਿਕ ਤੱਤਾਂ ਨੂੰ ਕਵਰ ਨਹੀਂ ਕਰ ਸਕਦਾ।"

ਸਟਰਲਿੰਗ ਰੀਡ ਦਾ ਤਰਕ ਹੈ ਕਿ ਸਾਨੂੰ ਜਨਤਕ ਰੂਪ ਵਿੱਚ ਸਿਹਤ ਸੇਧ ਦੇਣ ਦੀ ਲੋੜ ਹੈ ਕਿ ਕੀ ਵਿਕਲਪਿਕ ਪੀਣ ਦੇ ਪਦਾਰਥਾਂ ਦਾ ਉਪਯੋਗ ਬੱਚਿਆਂ ਅਤੇ ਬਜ਼ੁਰਗਾਂ ਲਈ ਗਾਂ ਦੇ ਦੁੱਧ ਦੇ ਵਿਕਲਪ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।

"ਬੱਚਿਆਂ ਨੂੰ ਗਾਂ ਦੇ ਦੁੱਧ ਤੋਂ ਪੀਣ ਵਾਲੇ ਹੋਰ ਪਦਾਰਥਾਂ ਨਾਲ ਜੋੜਨਾ ਇੱਕ ਜਨਤਕ ਸਿਹਤ ਮੁੱਦਾ ਹੋ ਸਕਦਾ ਹੈ, ਪਰ ਸਾਡੇ ਕੋਲ ਅਜੇ ਇਸ ਸਬੰਧੀ ਕੋਈ ਜ਼ਿਆਦਾ ਖੋਜਾਂ ਨਹੀਂ ਹਨ।"

ਦੂਧ
Getty Images

ਇਸ ਗੱਲ ਦੀ ਵੀ ਚਿੰਤਾ ਹੈ ਕਿ ਦੁੱਧ ਦੇ ਵਿਕਲਪਾਂ ਵਿੱਚ ਕੀ ਹੈ ਅਤੇ ਇਨ੍ਹਾਂ ਵਿੱਚ ਕੀ ਘਾਟ ਹੈ। ਜਦੋਂਕਿ ਗਾਂ ਦੇ ਦੁੱਧ ਵਿੱਚ ਲੈਕਟੋਸ, ਕੁਦਰਤੀ ਮਿੱਠਾ ਹੁੰਦਾ ਹੈ, ਪਰ ਵਿਕਲਪਾਂ ਵਿੱਚ ਚੀਨੀ ਮਿਲਾਈ ਹੁੰਦੀ ਹੈ ਜੋ ਸਾਡੀ ਸਿਹਤ ਲਈ ਜ਼ਿਆਦਾ ਖਤਰਨਾਕ ਹੈ।

ਇਹ ਤੈਅ ਕਰਨਾ ਕਿ ਗਾਂ ਦਾ ਦੁੱਧ ਪੀਣਾ ਹੈ ਜਾਂ ਕਈ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ, ਇਹ ਬਹੁਤ ਉਲਝਣ ਭਰਿਆ ਕਾਰਜ ਹੋ ਸਕਦਾ ਹੈ ਕਿਉਂਕਿ ਇਸਦੇ ਵਿਕਲਪਾਂ ਦੀ ਭਰਮਾਰ ਹੈ।

ਹਰਨਾਂਡੇਜ਼ ਦਾ ਕਹਿਣਾ ਹੈ ਕਿ ਦੁੱਧ ਜਾਂ ਦੁੱਧ ਦੇ ਵਿਕਲਪ ਦੀ ਚੋਣ ਸਿਹਤਵਰਧਕ ਹੋਣ ਜਾਂ ਸਿਹਤਵਰਧਕ ਨਾ ਹੋਣ ਦਾ ਸੁਆਲ ਹੈ। ਪਰ ਹਰੇਕ ਦੀ ਪੋਸ਼ਣ ਸਬੰਧੀ ਜਾਣਕਾਰੀ ਨੂੰ ਦੇਖਣਾ ਅਤੇ ਇਹ ਤੈਅ ਕਰਨਾ ਕਿ ਕਿਹੜਾ ਪੀਣ ਵਾਲਾ ਪਦਾਰਥ ਤੁਹਾਡੇ ਲਈ ਸਭ ਤੋਂ ਵਧੀਆ ਹੈ, ਸਹੀ ਹੈ।

ਇਹ ਵੀ ਪੜ੍ਹੋ:

ਉਦਾਹਰਨ ਵਜੋਂ ਜਿਹੜੇ ਲੋਕਾਂ ਨੂੰ ਲੈਕਟੋਸ ਮੁਆਫਕ ਹੋਵੇ, ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਜਾਂ ਦਿਲ ਦੀ ਬੀਮਾਰੀ ਦਾ ਖਤਰਾ ਹੋਵੇ ਉਹ ਘੱਟ ਚਰਬੀ ਵਾਲੇ ਗਾਂ ਦੇ ਦੁੱਧ ਦੀ ਚੋਣ ਕਰ ਸਕਦੇ ਹਨ, ਜਦੋਂਕਿ ਜਿਹੜਾ ਵਾਤਾਵਰਨ ਪ੍ਰਤੀ ਚਿੰਤਤ ਹੈ, ਉਹ ਸਭ ਤੋਂ ਘੱਟ ਵਾਤਾਵਰਨ ਲਾਗਤ ਨਾਲ ਕਿਸੇ ਵਿਕਲਪ ਨੂੰ ਚੁਣ ਸਕਦਾ ਹੈ।

ਗਾਰਡਨਰ ਦਾ ਕਹਿਣਾ ਹੈ, "ਤੁਸੀਂ ਇਹ ਫੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਕੀ ਫਿੱਟ ਬੈਠਦਾ ਹੈ ਅਤੇ ਤੁਸੀਂ ਆਪਣੇ ਭੋਜਨ ਵਿੱਚ ਸੁਧਾਰ ਕਰਨ ਅਤੇ ਆਪਣੇ ਲਈ ਸਹੀ ਫੈਸਲੇ ਲੈਣੇ ਜਾਰੀ ਰੱਖੋ।"

ਤੁਸੀਂ ਜੋ ਵੀ ਤੈਅ ਕਰਦੇ ਹੋ, ਜੇਕਰ ਤੁਸੀਂ ਸੰਤੁਲਿਤ ਭੋਜਨ ਲੈਂਦੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਹਾਡੇ ਵਿੱਚ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਘਾਟ ਹੋਵੇ।

ਜ਼ਿਆਦਾਤਰ ਮਾਮਲਿਆਂ ਵਿੱਚ ਦੁੱਧ ਦੇ ਸਥਾਨ ''ਤੇ ਇੱਕ ਵਿਕਲਪ ਜਾਂ ਵਿਕਲਪਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ।

ਵੀਰਟਨੇਨ ਦਾ ਕਹਿਣਾ ਹੈ, "ਦੁੱਧ ਤੋਂ ਪਰਹੇਜ਼ ਕਰਨਾ ਜ਼ਰੂਰੀ ਨਹੀਂ ਹੈ, ਇਹ ਵੀ ਜ਼ਰੂਰੀ ਨਹੀਂ ਹੈ ਕਿ ਅਸੀਂ ਦੁੱਧ ਪੀਏ। ਇਸਨੂੰ ਹੋਰ ਪਦਾਰਥਾਂ ਵਿੱਚ ਬਦਲਿਆ ਜਾ ਸਕਦਾ ਹੈ, ਅਜਿਹਾ ਕੋਈ ਵੀ ਭੋਜਨ ਜਾਂ ਉਸਦਾ ਕੋਈ ਹਿੱਸਾ ਨਹੀਂ ਹੈ ਜੋ ਸਾਡੀ ਸਿਹਤ ਲਈ ਜ਼ਰੂਰੀ ਹੋਵੇ।"

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=jAbPlJKfFvs

https://www.youtube.com/watch?v=R0-hUo5ofIs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)



Related News